You’re viewing a text-only version of this website that uses less data. View the main version of the website including all images and videos.
ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਅਕਾਲੀ ਆਗੂ ਦੀ ਧੀ ਕੰਚਨਪ੍ਰੀਤ ਕੌਰ ਨੂੰ ਅਦਾਲਤ ਨੇ ਕੀਤਾ ਰਿਹਾਅ, ਉਨ੍ਹਾਂ ਉੱਤੇ ਕਿਹੜੇ-ਕਿਹੜੇ ਮਾਮਲੇ ਦਰਜ ਹਨ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੀ ਧੀ ਕੰਚਨਪ੍ਰੀਤ ਕੌਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ।
ਕੰਚਨਪ੍ਰੀਤ ਨੂੰ ਪੁਲਿਸ ਨੇ ਲੰਘੇ ਸ਼ੁੱਕਰਵਾਰ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ 'ਤੇ ਤਰਨ ਤਾਰਨ ਜ਼ਿਮਨੀ ਚੋਣਾਂ ਦੌਰਾਨ ਵੋਟਰਾਂ ਨੂੰ ਡਰਾਉਣ/ਧਮਕਾਉਣ ਦੇ ਇਲਜ਼ਾਮ ਲੱਗੇ ਹਨ।
ਹਾਲਾਂਕਿ, ਪੁਲਿਸ ਸੁਪਰਡੈਂਟ (ਐੱਸਪੀ) ਜਾਂਚ ਤਰਨਤਾਰਨ ਰਿਪੁਤਪਨ ਸਿੰਘ ਨੇ ਕਿਹਾ ਕਿ ਪੁਲਿਸ ਤਰਨਤਾਰਨ ਦੇ ਥਾਣਾ ਝਬਾਲ ਵਿਖੇ ਦਰਜ ਐਫਆਈਆਰ ਨੰਬਰ 208/25 ਮਾਮਲੇ ਵਿੱਚ ਕਾਨੂੰਨ ਅਨੁਸਾਰ ਅੱਗੇ ਦੀ ਜਾਂਚ ਕਰੇਗੀ।
ਉਨ੍ਹਾਂ ਨੇ ਅੱਗੇ ਕਿਹਾ, "ਪੁਲਿਸ ਕੋਲ ਕਾਨੂੰਨ ਅਨੁਸਾਰ ਅਪੀਲ ਲਈ ਜਾਂਚ ਵਿੱਚ ਕਾਫ਼ੀ ਸਬੂਤ ਹਨ। ਅਦਾਲਤ ਦੇ ਹੁਕਮ ਦੀ ਕਾਨੂੰਨੀ ਜਾਂਚ ਤੋਂ ਬਾਅਦ, ਕੇਸ ਨੂੰ ਮਾਣਯੋਗ ਅਦਾਲਤ ਵਿੱਚ ਅੱਗੇ ਵਧਾਇਆ ਜਾਵੇਗਾ।"
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਕੰਚਨਪ੍ਰੀਤ ਦੀ ਗ੍ਰਿਫ਼ਤਾਰੀ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਇਸ ਨੂੰ ਗੈਰ-ਕਾਨੂੰਨੀ ਦੱਸਿਆ ਸੀ।
ਦੇਰ ਰਾਤ ਤੱਕ ਚੱਲੀ ਸੁਣਵਾਈ 'ਚ ਅਦਾਲਤ ਨੇ ਕਿਹਾ ਕਿ ਕੰਚਨਪ੍ਰੀਤ ਦੀ ਪੁਲਿਸ ਗ੍ਰਿਫ਼ਤਾਰੀ ਜਾਇਜ਼ ਨਹੀਂ ਸੀ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ।
ਕੰਚਨਪ੍ਰੀਤ ਦੇ ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਅਦਾਲਤ ਨੇ ਕੰਚਨਪ੍ਰੀਤ ਨੂੰ ਰਿਹਾਅ ਕਰ ਦਿੱਤਾ ਹੈ ਤੇ ਮਾਮਲੇ ਨੂੰ ਖਤਮ ਕਰ ਦਿੱਤਾ ਹੈ।
ਰਿਹਾਈ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਕੰਚਨਪ੍ਰੀਤ ਨੇ ਦੱਸਿਆ ਕਿ ''ਮੇਰੀ ਇਨਵੈਸਟੀਗੇਸ਼ਨ ਸੀ ਕਿਸੇ ਕੇਸ 'ਚ ਮਜੀਠੇ ਥਾਣੇ 'ਚ, ਉਥੋਂ ਸ਼ਾਮ ਨੂੰ ਇਨ੍ਹਾਂ ਨੇ ਬਸ ਪੇਪਰ ਦਿਖਾਇਆ ਮੈਨੂੰ ਕਿ ਇਹ ਤੁਹਾਡੇ 'ਤੇ ਧਾਰਾਵਾਂ ਲੱਗੀਆਂ ਤੇ ਤੁਹਾਨੂੰ ਅਰੈਸਟ ਕਰ ਲਿਆ, ਅਤੇ ਮੈਨੂੰ ਲੈ ਕੇ ਚਲੇ ਗਏ।''
ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਕੰਚਨਪ੍ਰੀਤ ਨੂੰ ਤਰਨ ਤਾਰਨ ਹਲਕੇ ਦੇ ਕਸੇਲ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦੀ ਉਮੀਦਵਾਰ ਐਲਾਨ ਦਿੱਤਾ।
ਕੰਚਨਪ੍ਰੀਤ ਉੱਤੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਚਾਰ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ। ਹਾਲਾਂਕਿ ਚਾਰਾਂ ਮਾਮਲਿਆਂ ਵਿੱਚ ਉਨ੍ਹਾਂ ਨੂੰ ਕੋਰਟ ਵੱਲੋਂ ਅਗਾਊਂ ਜ਼ਮਾਨਤ ਮਿਲੀ ਹੋਈ ਹੈ।
ਸ਼ੁੱਕਰਵਾਰ ਨੂੰ ਜਦੋਂ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਮਜੀਠਾ ਬੁਲਾਇਆ ਗਿਆ ਤਾਂ ਤਰਨਤਾਰਨ ਪੁਲਿਸ ਨੇ ਉੱਥੇ ਆ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਕੰਚਨਪ੍ਰੀਤ ਕੌਰ ਨੇ ਤਰਨ ਤਾਰਨ ਹਲਕੇ ਵਿੱਚ ਆਪਣੀ ਮਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ ਸੀ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਜੇਤੂ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਗ੍ਰਿਫ਼ਤਾਰੀ 'ਤੇ ਸਖ਼ਤ ਵਿਰੋਧ ਪ੍ਰਗਟਾਇਆ ਸੀ ਤੇ ਕਿਹਾ ਸੀ ਕਿ ''ਅਸੀਂ ਪੁਲਿਸ ਦੇ ਇਸ ਜਬਰ ਦਾ ਡਟ ਕੇ ਮੁਕਾਬਲਾ ਕਰਾਂਗੇ।''
ਸ਼੍ਰੋਮਣੀ ਅਕਾਲੀ ਦਲ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਕੰਚਨਪ੍ਰੀਤ ਦੀ ਗ੍ਰਿਫ਼ਤਾਰੀ 'ਤੇ ਨਾਰਾਜ਼ਗੀ ਪ੍ਰਗਟਾਈ ਸੀ।
ਅਦਾਲਤ ਨੇ ਕੀ ਕਿਹਾ
ਇਸ ਮਾਮਲੇ ਵਿੱਚ ਤਰਨ ਤਾਰਨ ਦੀ ਜ਼ਿਲ੍ਹਾ ਅਦਾਲਤ ਨੇ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਦੇ ਕਾਨੂੰਨੀ ਤੌਰ 'ਤੇ ਜਾਇਜ਼ ਹੋਣ ਸਬੰਧੀ ਦੇਰ ਰਾਤ ਤੱਕ ਦਲੀਲਾਂ ਸੁਣੀਆਂ।
ਕੰਚਨਪ੍ਰੀਤ ਦੇ ਵਕੀਲ ਨੇ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ ਕਿ ਇਹ ਗ੍ਰਿਫ਼ਤਾਰੀ ਗੈਰ-ਕਾਨੂੰਨੀ ਸੀ ਅਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਹੁਕਮ ਦਿੱਤਾ ਕਿ ਕਾਨੂੰਨੀ ਕਾਰਵਾਈ ਜਾਰੀ ਰਹਿਣ ਤੱਕ ਕੰਚਨਪ੍ਰੀਤ ਨੂੰ ਅਦਾਲਤੀ ਹਿਰਾਸਤ ਵਿੱਚ ਰੱਖਿਆ ਜਾਵੇ।
ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਸਬੰਧੀ ਇਹ ਸੁਣਵਾਈ ਐਤਵਾਰ ਨੂੰ ਸਵੇਰੇ 2 ਵਜੇ ਦੇ ਕਰੀਬ ਸਮਾਪਤ ਹੋਈ, ਅਦਾਲਤ ਦਾ ਫੈਸਲਾ ਲਗਭਗ ਤਿੰਨ ਘੰਟੇ ਬਾਅਦ ਸਵੇਰੇ 4 ਵਜੇ ਸੁਣਾਇਆ ਗਿਆ।
ਅਦਾਲਤ ਨੇ ਆਪਣੇ ਫੈਸਲੇ ਵਿੱਚ ਕੰਚਨਪ੍ਰੀਤ ਦੀ ਰਿਹਾਈ ਦੇ ਆਦੇਸ਼ ਦਿੱਤੇ, ਜਿਸ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਪੁਲਿਸ ਨੇ ਕੀ ਦੱਸਿਆ ਸੀ
ਤਰਨ ਤਾਰਨ ਸਿਟੀ ਡੀਐੱਸਪੀ ਨੇ ਦੱਸਿਆ ਕਿ ''ਕੰਚਨਪ੍ਰੀਤ ਕੌਰ ਨੂੰ ਮੁਕੱਦਮਾ ਨੰਬਰ 208 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।''
ਡੀਐੱਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ''ਕੰਚਨਪ੍ਰੀਤ ਕੌਰ, ਅੰਮ੍ਰਿਤਪਾਲ ਸਿੰਘ ਬਾਠ (ਕੰਚਨਪ੍ਰੀਤ ਦੇ ਪਤੀ) ਦੇ ਅਪਰਾਧਿਕ ਗੈਂਗ ਦੀ ਐਸੋਸੀਏਟ ਹੈ। ਜਿਨ੍ਹਾਂ ਉੱਤੇ ਕਈ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਕਤਲ ਦਾ ਇਰਾਦਾ, ਯੂਏਪੀਏ ਅਤੇ ਆਰਮਜ਼ ਐਕਟ ਆਦਿ ਸ਼ਾਮਲ ਹਨ।''
ਉਨ੍ਹਾਂ ਦੱਸਿਆ ਕਿ ''ਅੱਜ ਉਨ੍ਹਾਂ ਨੂੰ (ਕੰਚਨਪ੍ਰੀਤ ਨੂੰ) ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਅਪਰਾਧਿਕ ਗੈਂਗ ਨੂੰ ਖਤਮ ਕਰਨਾ, ਉਨ੍ਹਾਂ ਦੇ ਸਾਥੀਆਂ ਦਾ ਪਤਾ ਲਗਾਉਣਾ ਹੀ ਤਫਤੀਸ਼ ਦਾ ਮਕਸਦ ਹੈ।''
ਉਨ੍ਹਾਂ ਕਿਹਾ ਕਿ ''ਇਸ ਤੋਂ ਇਲਾਵਾ ਹੋਰ ਕੋਈ ਸਿਆਸੀ ਮਕਸਦ ਨਹੀਂ ਹੈ।''
ਤਰਨ ਤਾਰਨ ਦੇ ਐੱਸਐੱਸਪੀ ਸੁਰਿੰਦਰ ਲਾਬਾ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਅੰਮ੍ਰਿਤਪਾਲ ਬਾਠ ਦੇ ਸੰਗਠਿਤ ਅਪਰਾਧਿਕ ਗੈਂਗ ਨੈਟਵਰਕ ਨਾਲ ਕੰਚਨਪ੍ਰੀਤ ਕੌਰ ਦੇ ਗਠਜੋੜ ਦੀ ਜਾਂਚ ਪੜਤਾਲ ਕਰ ਰਹੀ ਹੈ। ਕੈਨੇਡਾ ਬੇਸਡ ਕੰਚਨਪ੍ਰੀਤ ਕੌਰ ਦੇ ਪਤੀ ਅੰਮ੍ਰਿਤਪਾਲ ਸਿੰਘ ਬਾਠ ਉੱਤੇ 23 ਗੰਭੀਰ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਯੂਏਪੀਏ, ਕਤਲ , ਇਰਾਦਾ-ਏ-ਕਤਲ, ਡਰਾਉਣ ਧਮਕਾਉਣ ਦੇ ਮਾਮਲਿਆਂ ਸਣੇ ਕੁਝ ਹੋਰ ਮਾਮਲੇ ਸ਼ਾਮਿਲ ਹਨ।
ਐੱਫਆਈਆਰ ਵਿੱਚ ਕੀ ਜਾਣਕਾਰੀ
ਮਾਮਲੇ 'ਚ ਦਰਜ ਐੱਫਆਈਆਰ ਦੀ ਕਾਪੀ 'ਚ ਲਿਖੇ ਮੁਤਾਬਕ - ਕੰਚਨਪ੍ਰੀਤ ਕੌਰ ਨੇ ਕੈਨੇਡਾ ਅਧਾਰਿਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਸੰਗਠਿਤ ਅਪਰਾਧ ਨੂੰ ਅੰਜਾਮ ਦਿੱਤਾ ਅਤੇ ਵਿਧਾਨ ਸਭਾ ਹਲਕੇ ਤਰਨ ਤਾਰਨ ਦੀ ਚੋਣ ਦੌਰਾਨ ਆਪਣੇ ਸਾਥੀਆਂ ਨਾਲ ਮਿਲ ਕੇ ਵੋਟਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਡਰਾਇਆ/ਧਮਕਾਇਆ।
ਇਸ ਤੋਂ ਇਲਾਵਾ ਐਫਆਈਆਰ ਵਿੱਚ ਹੋਰ ਗਵਾਹਾਂ ਨੂੰ ਡਰਾਉਣ/ਧਮਾਉਣ ਦੇ ਇਲਜ਼ਾਮਾਂ ਦੀ ਵੀ ਗੱਲ ਦਰਜ ਹੈ।
ਕਾਪੀ ਵਿੱਚ ਲਿਖਿਆ ਗਿਆ ਹੈ ਕਿ ਕੰਚਨਪ੍ਰੀਤ ਗੈਰ-ਕਾਨੂੰਨੀ ਢੰਗ ਨਾਲ ਬਿਨ੍ਹਾਂ ਇਮੀਗ੍ਰੇਸ਼ਨ ਚੈੱਕ ਦੇ ਭਾਰਤ 'ਚ ਦਾਖਲ ਹੋਏ।
ਐਫਆਈਆਰ ਮੁਤਾਬਕ, ਉਨ੍ਹਾਂ ਖਿਲਾਫ ਭਾਰਤੀ ਨਿਆਂ ਸਹਿੰਤਾ ਦੀ ਧਾਰਾ 174, 351(2), 351(3) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਦਾ ਜਬਰ ਅਜੇ ਵੀ ਜਾਰੀ - ਸੁਖਬੀਰ ਬਾਦਲ
ਇਸ ਸਾਰੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ, ''ਪੁਲਿਸ ਦਾ ਜਬਰ ਅਜੇ ਵੀ ਜਾਰੀ!!''
ਉਨ੍ਹਾਂ ਕਿਹਾ, ''ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬੌਖਲਾਈ ਹੋਈ ਤਰਨਤਾਰਨ ਪੁਲਿਸ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਇੱਕ ਵਾਰ ਮੁੜ ਤੋਂ ਕੰਚਨਪ੍ਰੀਤ ਕੌਰ ਨੂੰ ਇੱਕ ਪੁਰਾਣੇ ਅਤੇ ਝੂਠੇ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ।''
''ਅਦਾਲਤੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਪਿਛਲੇ ਸਾਰੇ ਮਾਮਲਿਆਂ ਵਿੱਚ ਜ਼ਮਾਨਤ ਲੈਣ ਤੋਂ ਬਾਅਦ, ਕੰਚਨਪ੍ਰੀਤ ਕੌਰ ਅੱਜ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲੀ ਨਾਗਰਿਕ ਵਜੋਂ ਜਾਂਚ ਵਿੱਚ ਸ਼ਾਮਲ ਹੋਣ ਲਈ ਗਈ ਸੀ।''
''ਅਸੀਂ ਪੁਲਿਸ ਦੇ ਇਸ ਜਬਰ ਦਾ ਡਟ ਕੇ ਮੁਕਾਬਲਾ ਕਰਾਂਗੇ।''
ਸੁਖਬੀਰ ਬਾਦਲ ਨੇ ਲਿਖਿਆ, ''ਇਹ ਸਰਾਸਰ ਗ਼ੈਰਕਾਨੂੰਨੀ ਕਾਰਵਾਈ ਹੈ ਅਤੇ ਮੈਂ ਸਭ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਿਹੜੇ ਅਧਿਕਾਰੀ ਇਸ ਗ਼ੈਰਕਾਨੂੰਨੀ ਕਾਰਵਾਈ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ।''
ਇਹ ਸਰਾਸਰ ਧੱਕਾ ਹੈ - ਵਿਰਸਾ ਸਿੰਘ ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਕੰਚਨਪ੍ਰੀਤ ਦੀ ਗ੍ਰਿਫ਼ਤਾਰੀ 'ਤੇ ਨਾਰਾਜ਼ਗੀ ਪ੍ਰਗਟਾਈ ਹੈ।
ਆਪਣੀ ਸੋਸ਼ਲ ਮੀਡੀਆ ਪੋਸਟ 'ਚ ਉਨ੍ਹਾਂ ਲਿਖਿਆ ਕਿ 'ਸਰਕਾਰ 'ਤੇ ਲਾਹਨਤ ਹੈ।'
ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, ''ਇੱਕ ਨੌਜਵਾਨ ਬੱਚੀ ,ਢਾਈ ਸਾਲ ਦੇ ਬੱਚੇ ਦੀ ਮਾਂ ਤੇ ਧਰਮੀ ਫੌਜੀ ਦੀ ਧੀ ਨੂੰ ਪਹਿਲਾਂ ਦਰਜ ਕੇਸ ਦੀ ਤਫਤੀਸ਼ ਵਿੱਚ ਸ਼ਾਮਲ ਹੋਣ ਤੋਂ ਬਾਅਦ, ਪੰਜ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਤੇ ਅੱਜ ਦਿਨ ਡੁੱਬਣ ਮਗਰੋਂ ਇਸ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ, ਜੋ ਕਿ ਸਰਾਸਰ ਧੱਕਾ ਹੈ।''
ਉਨ੍ਹਾਂ ਲਿਖਿਆ ਕਿ ''ਸੁਪਰੀਮ ਕੋਰਟ ਦੀ ਰੂਲਿੰਗ ਮੁਤਾਬਕ, ਜਿਨ੍ਹਾਂ ਧਾਰਾਵਾਂ ਵਿੱਚ ਇਹ ਮੁੱਕਦਮਾ ਦਰਜ ਹੋਇਆ ਹੈ, ਉਨ੍ਹਾਂ ਵਿੱਚ ਇੱਕ ਹਫਤੇ ਦਾ ਨੋਟਿਸ ਦੇਣਾ ਲਾਜ਼ਮੀ ਹੁੰਦਾ ਹੈ ਪਰ ਇਸ ਦੇ ਬਾਵਜੂਦ ਵੀ ਇੱਕ ਨੌਜਵਾਨ ਬੱਚੀ ਨੂੰ ਦਿਨ ਡੁੱਬਣ ਤੋਂ ਬਾਅਦ ਗ੍ਰਿਫ਼ਤਾਰ ਕਰਨਾ ਕਾਨੂੰਨ ਦੀ ਉਲਘੰਣਾ ਹੈ।''
ਵਲਟੋਹਾ ਦੀ ਪੋਸਟ ਮੁਤਾਬਕ, ਇਸ ਐਫਆਈਆਰ ਵਿੱਚ ਕਿਸੇ ਮਹਿਲਾ ਦੇ ਸ਼ਾਮਲ ਹੋਣ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਵੀ ਕੋਈ ਜ਼ਿਕਰ ਨਹੀਂ ਹੈ।
ਉਨ੍ਹਾਂ ਨੇ ਇਸ ਦੇ ਲਈ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਇਹ ਕੋਈ ਨਵਾਂ ਝਬਾਲ ਦਾ ਮਾਮਲਾ ਹੈ ਤੇ ਇਸ 'ਚ ਕੋਈ ਮੁਕੱਦਮਾ ਹੈ ਹੀ ਨਹੀਂ।
ਕੰਚਨਪ੍ਰੀਤ ਦੇ ਵਕੀਲ ਅਤੇ ਅਕਾਲੀ ਦਲ ਦੇ ਬੁਲਾਰੇ ਨੇ ਕੀ ਕਿਹਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਕੰਚਨਪ੍ਰੀਤ ਕੌਰ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦਾਅਵਾ ਕੀਤਾ ਕਿ ਕੰਚਨਪ੍ਰੀਤ ਖ਼ਿਲਾਫ਼ 4 ਪਰਚੇ ਦਰਜ ਕੀਤੇ ਗਏ ਸਨ। ਜਿਨ੍ਹਾਂ ਵਿੱਚੋਂ ਕੋਈ ਵੀ ਅਪਰਾਧਿਕ ਮਾਮਲਾ ਨਹੀਂ ਹੈ।
ਉਨ੍ਹਾਂ ਕਿਹਾ, "ਅਸੀਂ ਇਨ੍ਹਾਂ ਮਾਮਲਿਆਂ ਵਿੱਚ ਤਿੰਨ ਅੰਤਰਿਮ ਜ਼ਮਾਨਤ ਲਈ ਅਰਜ਼ੀਆਂ ਦਾਖਲ ਕੀਤੀਆਂ ਸਨ। ਜਿਨ੍ਹਾਂ ਵਿੱਚੋਂ ਤਿੰਨ ਤਰਨਤਾਰਨ ਅਤੇ ਇੱਕ ਮਜੀਠਾ ਵਿੱਚ ਦਾਖਲ ਕੀਤੀ ਗਈ। ਅਦਾਲਤਾਂ ਨੇ ਕੰਚਨਪ੍ਰੀਤ ਕੌਰ ਦੀ ਚਾਰਾਂ ਮਾਮਲਿਆਂ ਵਿੱਚ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਅਤੇ ਜਾਂਚ ਵਿੱਚ ਸਹਿਯੋਗ ਦੀ ਤਾਕੀਦ ਕੀਤੀ।"
ਉਨ੍ਹਾਂ ਕਿਹਾ, "ਹੁਣ ਗ੍ਰਿਫ਼ਤਾਰੀ ਇੱਕ ਪੰਜਵੇਂ ਮਾਮਲੇ ਵਿੱਚ ਕੀਤੀ ਗਈ ਹੈ। ਜਿਸ ਤੋਂ ਬਾਅਦ ਅਸੀਂ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ।"
"ਕੰਚਨਪ੍ਰੀਤ ਨੂੰ ਹਾਈ ਕੋਰਟ ਦੇ ਹੁਕਮਾਂ ਉੱਤੇ ਮਜਿਸਟਰੇਟ ਕਸਟਡੀ ਵਿੱਚ ਰੱਖਿਆ ਗਿਆ ਹੈ ਅਤੇ ਹਾਲੇ ਤੱਕ ਪੁਲਿਸ ਕਸਟਿਡੀ ਵਿੱਚ ਨਹੀਂ ਭੇਜਿਆ ਗਿਆ।"
"ਅੱਜ ਰਾਤ ਨੂੰ 8 ਵਜੇ ਕੰਚਨਪ੍ਰੀਤ ਦੇ ਵਕੀਲਾਂ ਦੀ ਹਾਜ਼ਰੀ ਵਿੱਚ ਟ੍ਰਾਇਲ ਕੋਰਟ ਇਸ ਮਾਮਲੇ ਦੀ ਸੁਣਵਾਈ ਕਰੇਗੀ।"
ਕਲੇਰ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਸਾਜਿਸ਼ ਦੱਸਿਆ।
ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਵਿੱਚੋਂ ਕੀਤੀ ਗਈ ਕਾਰਵਾਈ ਹੈ।
ਕੁਲਦੀਪ ਧਾਲੀਵਾਲ ਨੇ ਲਾਏ ਇਲਜ਼ਾਮ
ਆਮ ਆਦਮੀ ਪਾਰਟੀ ਦੇ ਬੁਲਾਰੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਹੈ।
ਉਨ੍ਹਾਂ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕੰਚਨਪ੍ਰੀਤ ਕੌਰ ਇੱਕ ਗੈਂਗਸਟਰ ਦੇ ਪਤਨੀ ਹਨ ਅਤੇ ਅਕਾਲੀ ਦਲ ਗੈਂਗਸਟਰਾਂ ਦੇ ਦਮ ਉੱਤੇ ਪੰਜਾਬ ਵਿੱਚ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈ। ਪੰਜਾਬ ਸਰਕਾਰ ਸੂਬੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਲਈ ਅਜਿਹਾ ਨਹੀਂ ਹੋਣ ਦੇਵੇਗੀ।
ਕੌਣ ਹਨ ਕੰਚਨਪ੍ਰੀਤ ਕੌਰ
32 ਸਾਲਾ ਕੰਚਨਪ੍ਰੀਤ ਕੌਰ ਪੰਜਾਬ ਦੇ ਤਰਨ ਤਾਰਨ ਤੋਂ ਇੱਕ ਸਿਆਸੀ ਕਾਰਕੁਨ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਵੱਡਾ) ਦੇ ਉਮੀਦਵਾਰ ਲਈ ਕਵਰਿੰਗ ਉਮੀਦਵਾਰ ਵਜੋਂ ਪ੍ਰਚਾਰ ਕੀਤਾ ਸੀ। ਇਸ ਦੌਰਾਨ ਉਨ੍ਹਾਂ 'ਤੇ ਵੋਟਰਾਂ ਨੂੰ ਡਰਾਉਣ-ਧਮਕਾਉਣ, ਫਰਜ਼ੀ ਕੇਸਾਂ ਅਤੇ ਪੁਲਿਸ ਡਿਊਟੀ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਵੀ ਲੱਗੇ।
ਉਨ੍ਹਾਂ ਦੇ ਮਾਤਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਮਨੀ-ਚੋਣ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ, ਇੱਕ ਸੇਵਾਮੁਕਤ ਸਰਕਾਰੀ ਸਕੂਲ ਪ੍ਰਿੰਸੀਪਲ ਹਨ ਅਤੇ ਪਿਤਾ ਜਸਵੰਤ ਸਿੰਘ ਇੱਕ 'ਧਰਮੀ ਫੌਜੀ' ਹਨ, ਜਿਨ੍ਹਾਂ ਨੇ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਫੌਜ ਛੱਡ ਦਿੱਤੀ ਸੀ।
ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 12 ਨਵੰਬਰ, 2025 ਨੂੰ ਖਾਰਜ ਕਰ ਦਿੱਤਾ ਸੀ, ਕਿਉਂਕਿ ਇਸ ਵਿੱਚ ਪੂਰੀ ਸੁਰੱਖਿਆ ਦੀ ਮੰਗ ਕੀਤੀ ਗਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ