You’re viewing a text-only version of this website that uses less data. View the main version of the website including all images and videos.
ਚੰਡੀਗੜ੍ਹ: ਐੱਮਬੀਏ ਵਿਦਿਆਰਥਣ ਦੇ 15 ਸਾਲ ਪੁਰਾਣੇ ਬਲਾਤਕਾਰ ਤੇ ਕਤਲ ਕੇਸ 'ਚ ਦੋਸ਼ੀ ਨੂੰ ਉਮਰ ਕੈਦ, ਕਿਵੇਂ ਸਾਲਾਂ ਤੱਕ ਬੰਦ ਪਿਆ ਕੇਸ ਸੁਲਝਿਆ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਚੰਡੀਗੜ੍ਹ ਵਿੱਚ 15 ਸਾਲ ਪੁਰਾਣੇ ਇੱਕ ਐੱਮ.ਬੀ.ਏ. ਵਿਦਿਆਰਥਣ ਦੇ ਬਲਾਤਕਾਰ ਤੋਂ ਬਾਅਦ ਕਤਲ ਕੇਸ ਵਿੱਚ ਅਦਾਲਤ ਨੇ ਦੋਸ਼ੀ ਮੋਨੂੰ ਕੁਮਾਰ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਵੀਰਵਾਰ ਨੂੰ ਮੋਨੂੰ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ।
ਇਹ ਮਾਮਲਾ ਸਾਲ 2010 ਦਾ ਹੈ, ਜਦੋਂ ਕੋਚਿੰਗ ਲਈ ਘਰੋਂ ਨਿਕਲੀ ਕੁੜੀ ਵਾਪਸ ਨਹੀਂ ਪਰਤੀ ਤੇ ਬਾਅਦ ਵਿੱਚ ਪੁਲਿਸ ਨੂੰ ਉਸ ਦੀ ਲਾਸ਼ ਮਿਲੀ ਸੀ। ਪੁਲਿਸ ਇਸ ਮਾਮਲੇ ਨੂੰ 12 ਸਾਲਾਂ ਤੱਕ ਹੱਲ ਨਾ ਕਰ ਸਕੀ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਅਣਟਰੇਸਡ ਕੇਸ ਦੀ ਰਿਪੋਰਟ ਵੀ ਦਾਖ਼ਲ ਕਰ ਦਿੱਤੀ ਸੀ ਅਤੇ ਪਰਿਵਾਰ ਨੇ ਵੀ ਇਨਸਾਫ਼ ਦੀ ਉਮੀਦ ਛੱਡ ਦਿੱਤੀ ਸੀ।
ਚੰਡੀਗੜ੍ਹ ਪੁਲਿਸ ਨੂੰ ਇਸ ਮਾਮਲੇ ਵਿੱਚ ਪਹਿਲਾ ਸੁਰਾਗ 2022 ਵਿੱਚ ਹੱਥ ਲੱਗਿਆ। ਜਦੋਂ ਪੁਲਿਸ ਚੰਡੀਗੜ੍ਹ ਵਿੱਚ ਹੀ ਹੋਏ ਇੱਕ ਹੋਰ ਔਰਤ ਦੇ ਕਤਲ ਦੀ ਜਾਂਚ ਕਰ ਰਹੀ ਸੀ।
ਕੀ ਸੀ ਪੂਰਾ ਮਾਮਲਾ
ਚੰਡੀਗੜ੍ਹ ਦੇ ਸੈਕਟਰ-38 ਦੀ ਰਹਿਣ ਵਾਲੀ 21 ਸਾਲਾ ਐੱਮ.ਬੀ.ਏ. ਵਿਦਿਆਰਥਣ 30 ਜੁਲਾਈ 2010 ਦੀ ਸ਼ਾਮ ਨੂੰ ਘਰੋਂ ਕੋਚਿੰਗ ਲਈ ਨਿਕਲੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਆਮ ਤੌਰ 'ਤੇ ਉਹ ਰਾਤ 9 ਵਜੇ ਤੱਕ ਘਰ ਵਾਪਸ ਆ ਜਾਂਦੀ ਸੀ, ਪਰ ਉਸ ਦਿਨ ਨਾ ਆਈ ਅਤੇ ਨਾ ਹੀ ਉਸ ਦਾ ਫ਼ੋਨ ਮਿਲ ਰਿਹਾ ਸੀ।
ਪਰਿਵਾਰ ਨੇ ਕੋਚਿੰਗ ਇੰਸਟੀਚਿਊਟ ਫ਼ੋਨ ਕੀਤਾ ਪਰ ਕੋਈ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੈਕਟਰ-39 ਥਾਣੇ ਵਿੱਚ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
ਇਸ ਦੌਰਾਨ ਪੁਲਿਸ ਨੇ ਸੈਕਟਰ-38 ਦੇ ਇੱਕ ਟੈਕਸੀ ਸਟੈਂਡ ਕੋਲ ਲਾਪਤਾ ਕੁੜੀ ਦੀ ਸਕੂਟੀ ਬਰਾਮਦ ਕੀਤੀ, ਜਿਸ ਉੱਤੇ ਖ਼ੂਨ ਦੇ ਨਿਸ਼ਾਨ ਸਨ।
ਪਰਿਵਾਰਕ ਮੈਂਬਰਾਂ ਅਤੇ ਪੁਲਿਸ ਨੇ ਆਲੇ-ਦੁਆਲੇ ਦੇ ਇਲਾਕੇ ਦੀ ਭਾਲ ਕੀਤੀ ਤਾਂ ਟੈਕਸੀ ਸਟੈਂਡ ਤੋਂ ਥੋੜ੍ਹੀ ਦੂਰ ਉੱਤੇ ਝਾੜੀਆਂ ਵਿੱਚੋਂ ਵਿਦਿਆਰਥਣ ਬੇਹੋਸ਼ੀ ਦੀ ਹਾਲਾਤ ਵਿੱਚ ਮਿਲੀ, ਜਿਸ ਤੋਂ ਬਾਅਦ ਉਸ ਨੂੰ ਚੰਡੀਗੜ ਦੇ ਪੀ.ਜੀ.ਆਈ. ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਵਿਦਿਆਰਥਣ ਨਾਲ ਪਹਿਲਾਂ ਰੇਪ ਕੀਤਾ ਗਿਆ ਅਤੇ ਫਿਰ ਉਸ ਦੇ ਸਿਰ 'ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ।
ਦਿਨ, ਮਹੀਨੇ, ਸਾਲ ਲੰਘਦੇ ਰਹੇ ਪਰ ਕਤਲ ਦੀ ਇਹ ਵਾਰਦਾਤ ਹੱਲ ਨਹੀਂ ਹੋ ਸਕੀ।
ਦਸ ਸਾਲਾਂ ਬਾਅਦ ਪੁਲਿਸ ਨੇ ਅਦਾਲਤ ਵਿੱਚ ਇਸ ਕੇਸ ਨੂੰ ਲੈ ਕੇ ਅਣਟਰੇਸਡ ਰਿਪੋਰਟ ਦਾਖ਼ਲ ਕਰ ਦਿੱਤੀ ਸੀ।
ਪੁਲਿਸ ਨੇ ਕਿਵੇਂ ਕੀਤੀ ਮੁਲਜ਼ਮ ਦੀ ਭਾਲ
ਪਰ ਸਾਲ 2022 ਵਿੱਚ ਚੰਡੀਗੜ੍ਹ ਵਿੱਚ ਹੀ ਇੱਕ ਹੋਰ ਔਰਤ ਦੇ ਕਤਲ ਦੀ ਜਾਂਚ ਦੌਰਾਨ ਪੁਲਿਸ ਨੂੰ ਵਿਦਿਆਰਥਣ ਵਾਲੇ ਕੇਸ ਦਾ ਪਹਿਲਾ ਸੁਰਾਗ਼ ਮਿਲਿਆ।
ਪੁਲਿਸ ਵੱਲੋਂ ਕਰਵਾਏ ਗਏ 100 ਤੋਂ ਵੱਧ ਡੀ.ਐੱਨ.ਏ. ਟੈਸਟ ਅਤੇ 800 ਤੋਂ ਵੱਧ ਲੋਕਾਂ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਮੋਨੂੰ ਕੁਮਾਰ, ਸ਼ਾਹਪੁਰ ਕਾਲੋਨੀ, ਚੰਡੀਗੜ੍ਹ ਦਾ ਨਾਂ ਸਾਹਮਣੇ ਆਇਆ।
ਚੰਡੀਗੜ ਪੁਲਿਸ ਮੁਤਾਬਕ ਮੋਨੂੰ ਕੁਮਾਰ ਕਤਲ ਦੀ ਵਾਰਦਾਤ ਤੋਂ ਬਾਅਦ ਚੰਡੀਗੜ ਛੱਡ ਕੇ ਬਿਹਾਰ ਚਲਾ ਗਿਆ ਸੀ ਅਤੇ ਇਸ ਦੌਰਾਨ ਉਸ ਨੇ ਨਾ ਤਾਂ ਕਦੇ ਮੋਬਾਈਲ ਫੋਨ ਵਰਤਿਆ ਅਤੇ ਨਾ ਹੀ ਉਸ ਨੇ ਆਪਣਾ ਕੋਈ ਪਛਾਣ ਪੱਤਰ ਜਿਵੇਂ ਆਧਾਰ ਕਾਰਡ ਬਣਵਾਇਆ ਅਤੇ ਨਾ ਹੀ ਬੈਂਕ ਖਾਤਾ ਖੁੱਲ੍ਹਵਾਇਆ ਸੀ।
ਚੰਡੀਗੜ ਪੁਲਿਸ ਮੁਤਾਬਕ ਸਾਲ 2024 ਵਿੱਚ ਮੋਨੂੰ ਚੰਡੀਗੜ੍ਹ ਵਾਪਸ ਆਉਣ ਤੋਂ ਬਾਅਦ ਹੀ ਪੁਲਿਸ ਦੇ ਹੱਥ ਲੱਗਿਆ।
ਪੁੱਛਗਿੱਛ ਦੌਰਾਨ ਉਸ ਨੇ ਦੋਵੇਂ ਔਰਤਾਂ ਦੇ ਕਤਲ ਕਬੂਲ ਲਏ।
ਚੰਡੀਗੜ੍ਹ ਪੁਲਿਸ ਨੇ ਕੀ ਦੱਸਿਆ
ਇਸ ਮਾਮਲੇ ਦੀ ਜਾਂਚ ਕਰਨ ਵਾਲੇ ਅਤੇ ਕੇਸ ਨੂੰ ਅਦਾਲਤ ਤੱਕ ਲੈ ਜਾਣ ਵਾਲੇ ਚੰਡੀਗੜ੍ਹ ਪੁਲਿਸ ਦੇ ਸਾਬਕਾ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਮੌਜੂਦਾ ਐਸਐਸਪੀ ਨੇ ਚਾਰਜ ਸੰਭਾਲਿਆ ਤਾਂ ਥਾਣੇ ਦੇ ਪੁਰਾਣੇ ਮਾਮਲੇ ਮੁੜ ਜਾਂਚ ਲਈ ਖੋਲ੍ਹਣ ਲਈ ਹੁਕਮ ਦਿੱਤੇ ਸਨ।
ਜਸਪਾਲ ਸਿੰਘ ਕਹਿੰਦੇ, “ਵਿਦਿਆਰਥਣ ਦੇ ਕਤਲ ਦਾ ਮਾਮਲਾ ਵੀ ਕਾਫ਼ੀ ਪੁਰਾਣਾ ਸੀ ਜਿਸ ਨੂੰ ਹੱਲ ਕਰਨ ਲਈ ਕਾਫ਼ੀ ਮਿਹਨਤ ਕੀਤੀ ਗਈ ਸੀ।”
“ਅਸੀਂ ਇਸ ਮਾਮਲੇ ਵਿੱਚ ਦੁਬਾਰਾ ਕੰਮ ਕਰਨ ਲੱਗੇ। ਕੋਰਟ ਦੇ ਹੁਕਮਾਂ ਮੁਤਾਬਕ ਅਸੀਂ ਸ਼ੱਕੀ ਬੰਦਿਆਂ ਦੇ ਸੈਂਪਲ ਡੀਐਨਏ ਜਾਂਚ ਲਈ ਭੇਜਦੇ ਸੀ। ਮੋਨੂੰ ਦਾ ਡੀਐਨਏ 2022 ਦੇ ਇੱਕ ਔਰਤ ਦੇ ਕਤਲ ਦੇ ਮਾਮਲੇ ਵਿੱਚ ਮੈਚ ਹੋਇਆ।”
“2022 ਵਿੱਚ ਔਰਤ ਦਾ ਜਿਸ ਤਰੀਕੇ ਨਾਲ ਕਤਲ ਕਰਕੇ ਲਾਸ਼ ਨੂੰ ਝਾੜੀਆਂ ਵਿੱਚ ਸੁੱਟਿਆ ਗਿਆ ਸੀ ਇਹ ਬਿਲਕੁਲ ਉਸ ਤਰ੍ਹਾਂ ਹੀ ਸੀ ਜਿਸ ਤਰ੍ਹਾਂ 2010 ਵਿੱਚ ਐਮਬੀਏ ਦੀ ਵਿਦਿਆਰਥਣ ਨਾਲ ਹੋਇਆ ਸੀ।”
“ਇਸ ਲਈ ਅਸੀਂ ਮੋਨੂੰ ਕੁਮਾਰ ਦਾ ਡੀਐੱਨਏ ਵਿਦਿਆਰਥਣ ਦੇ ਕਤਲ ਦੇ ਮਾਮਲੇ ਵਿੱਚ ਵੀ ਜਾਂਚ ਲਈ ਭੇਜਿਆ ਜੋ ਕੇ ਮੈਚ ਹੋ ਗਿਆ।”
ਜਸਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਸੌ ਤੋਂ ਵੱਧ ਡੀਐਨਏ ਟੈਸਟ ਕਰਵਾਏ ਜਾ ਚੁੱਕੇ ਸਨ ਜੋ ਕਿ ਮੈਚ ਨਹੀਂ ਸਨ ਹੋਏ। ਮੋਨੂੰ ਕੁਮਾਰ ਦਾ ਡੀਐਨਏ ਵੀ ਸ਼ੱਕ ਦੇ ਆਧਾਰ ਉੱਤੇ ਹੀ ਜਾਂਚ ਲਈ ਭੇਜਿਆ ਸੀ।
ਉਨ੍ਹਾਂ ਦੱਸਿਆ ਕਿ ਮੋਨੂੰ ਕੁਮਾਰ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਸੀ ਸਿਵਾਇ ਡੀਐਨਏ ਦੇ। ਉਸ ਨੇ ਦੋ ਫ਼ੋਨ ਚੋਰੀ ਕੀਤੇ ਸਨ ਜੋ ਕਿ ਬਾਅਦ ਵਿੱਚ ਸ਼ਹਿਰ ਦੇ ਡਸਟਬੀਨਾਂ ਵਿੱਚੋਂ ਪੁਲਿਸ ਨੇ ਬਾਰਮਦ ਕੀਤੇ ਸਨ।
ਵਿਦਿਆਰਥਣ ਦੇ ਪਰਿਵਾਰ ਨੇ ਕੀ ਕਿਹਾ
ਵਿਦਿਆਰਥਣ ਦੇ ਪਿਤਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਅਦਲਾਤ ਦੇ ਫ਼ੈਸਲੇ ਤੋਂ ਸੰਤੁਸ਼ਟ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਯਕੀਨ ਸੀ ਕਿ ਮੁਲਜ਼ਮ ਫੜਿਆ ਜਾਵੇਗਾ।
ਆਪਣੀ ਧੀ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ ਐਮਬੀਏ ਦੇ ਆਖ਼ਰੀ ਸਾਲ ਦੀ ਵਿਦਿਆਰਥਣ ਸੀ।
ਉਨ੍ਹਾਂ ਕਿਹਾ, "ਉਸ ਦਿਨ ਉਹ ਘਰ ਵਾਪਸ ਆਉਣ ਵਿੱਚ ਲੇਟ ਹੋ ਗਈ ਸੀ। ਰਾਤ ਨੂੰ ਕਰੀਬ ਅੱਠ ਵਜੇ ਤੋਂ ਸਾਢੇ ਗਿਆਰਾਂ ਵਿੱਚ ਅਸੀਂ ਉਸ ਦੀ ਭਾਲ ਕੀਤੀ।"
"ਵਿਦਿਆਰਥਣ ਦੀ ਇੱਕ ਸਹੇਲੀ ਨੇ ਉਸ ਦੀ ਸਕੂਟੀ ਬਾਰੇ ਦੱਸਿਆ ਤਾਂ ਪਰਿਵਾਰ ਉਸ ਤੱਕ ਪਹੁੰਚ ਸਕਿਆ।"
ਉਨ੍ਹਾਂ ਕਿਹਾ, "ਸਾਨੂੰ ਪਰਮਾਤਮਾ ਉੱਤੇ ਭਰੋਸਾ ਸੀ ਕਿ ਇੱਕ ਦਿਨ ਇਨਸਾਫ਼ ਜ਼ਰੂਰ ਹੋਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ