'ਘਰ ਔਰਤਾਂ ਲਈ ਸਭ ਤੋਂ ਖ਼ਤਰਨਾਕ ਥਾਂ, ਹਰ 10 ਮਿੰਟਾਂ ਵਿੱਚ ਇੱਕ ਔਰਤ ਜਾਂ ਕੁੜੀ ਦਾ ਉਸ ਦੇ ਹੀ ਪਰਿਵਾਰ ਵੱਲੋਂ ਹੁੰਦਾ ਹੈ ਕਤਲ' - ਸੰਯੁਕਤ ਰਾਸ਼ਟਰ

ਯੁਨਾਈਟਡ ਨੇਸ਼ਨਜ਼ ਆਫਿਸ ਔਨ ਡਰੱਗਜ਼ ਐਂਡ ਕ੍ਰਾਈਮ (ਯੂਐੱਨਓਡੀਸੀ) ਅਤੇ ਯੂਐੱਨ ਵੀਮੈਨ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਹਰ 10 ਮਿੰਟਾਂ ਵਿੱਚ ਦੁਨੀਆ ਵਿੱਚ ਕਿਤੇ ਨਾ ਕਿਤੇ, ਇੱਕ ਔਰਤ ਜਾਂ ਕੁੜੀ ਨੂੰ ਉਸ ਦੇ ਕਿਸੇ ਜਾਣਕਾਰ ਸਾਥੀ, ਪਤੀ ਜਾਂ ਪਰਿਵਾਰਕ ਮੈਂਬਰ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ।

ਰਿਪੋਰਟ ਕਹਿੰਦੀ ਹੈ ਕਿ ਹਰ ਰੋਜ਼ 137 ਜਾਨਾਂ ਜਾਂਦੀਆਂ ਹਨ ਅਤੇ ਅਜਿਹਾ ਦੁਨੀਆਂ ਦੇ ਸਾਰੇ ਹਿੱਸਿਆਂ ਵਿੱਚ ਹੁੰਦਾ ਹੈ।

ਰਿਪੋਰਟ ਮੁਤਾਬਕ ਸਾਲ 2024 ਵਿੱਚ ਲਗਭਗ 50,000 ਔਰਤਾਂ ਅਤੇ ਕੁੜੀਆਂ ਨੂੰ ਨਜ਼ਦੀਕੀ ਸਾਥੀਆਂ ਜਾਂ ਪਰਿਵਾਰਕ ਮੈਂਬਰਾਂ ਦੁਆਰਾ ਮਾਰਿਆ ਗਿਆ ਸੀ। ਇਹ ਕਤਲ ਦੁਨੀਆ ਭਰ ਵਿੱਚ ਔਰਤਾਂ ਅਤੇ ਕੁੜੀਆਂ ਦੇ ਸਾਰੇ ਜਾਣਬੁੱਝ ਕੇ ਕੀਤੇ ਗਏ ਕਤਲਾਂ ਦਾ 60 ਫੀਸਦ ਹੈ।

25 ਨਵੰਬਰ ਨੂੰ ਔਰਤਾਂ ਵਿਰੁੱਧ ਹਿੰਸਾ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਖ਼ਤਰਨਾਕ ਸੱਚਾਈ ਸਾਹਮਣੇ ਆਈ ਹੈ, ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਘਰ ਔਰਤਾਂ ਲਈ ਸਭ ਤੋਂ ਖ਼ਤਰਨਾਕ ਥਾਂ ਬਣ ਗਈ ਹੈ।

ਰਿਪੋਰਟ ਮੁਤਾਬਕ, ਔਰਤਾਂ ਦੇ ਕਤਲ ਘਰੋਂ ਬਾਹਰ ਵੀ ਹੁੰਦੇ ਹਨ, ਪਰ ਉਨ੍ਹਾਂ ਬਾਰੇ ਡੇਟਾ ਦੀ ਮਾਤਰਾ ਸੀਮਤ ਰਹਿੰਦਾ ਹੈ।

ਸੰਯੁਕਤ ਰਾਸ਼ਟਰ ਮਹਿਲਾ ਨੀਤੀ ਵਿਭਾਗ ਦੀ ਡਾਇਰੈਕਟਰ ਸਾਰਾਹ ਹੈਂਡਰਿਕਸ ਦਾ ਕਹਿਣਾ ਹੈ, "ਫੈਮੀਸਾਈਡ ਭਾਵ ਔਰਤਾਂ ਦਾ ਕਤਲ ਇਕੱਲਿਆਂ ਨਹੀਂ ਹੁੰਦਾ। ਇਹ ਅਕਸਰ ਹਿੰਸਾ ਦਾ ਇੱਕ ਸਿਲਸਿਲਾ ਹੁੰਦੇ ਹਨ, ਜੋ ਕੰਟ੍ਰੋਲ ਕਰਨ ਵਾਲੇ ਵਤੀਰੇ, ਧਮਕੀਆਂ ਅਤੇ ਔਨਲਾਈਨ ਸ਼ੋਸ਼ਣ ਨਾਲ ਸ਼ੁਰੂ ਹੋ ਸਕਦੇ ਹਨ।"

ਇੱਕ ਵਿਸ਼ਵਵਿਆਪੀ ਸੰਕਟ

ਅਫਰੀਕਾ ਵਿੱਚ ਨਜ਼ਦੀਕੀ ਸਾਥੀਆਂ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਔਰਤਾਂ ਦੇ ਕਤਲ ਦੀ ਸਭ ਤੋਂ ਵੱਧ ਦਰ ਦਰਜ ਕੀਤੀ ਗਈ, ਇੱਥੇ ਇੱਕ ਲੱਖ ਔਰਤਾਂ ਅਤੇ ਕੁੜੀਆਂ ਵਿੱਚ ਤਿੰਨ ਪੀੜਤ ਸਨ, ਇਸ ਤੋਂ ਬਾਅਦ ਅਮਰੀਕਾ (1.5), ਓਸ਼ੀਨੀਆ (1.4), ਏਸ਼ੀਆ (0.7) ਅਤੇ ਯੂਰਪ (0.5) ਆਉਂਦੇ ਹਨ।

ਯੂਐੱਨਓਡੀਸੀ ਦੇ ਐਕਟਿੰਗ ਐਗਜ਼ੀਕਿਊਟਿਵ ਡਾਇਰੈਕਟ ਜੌਨ ਬ੍ਰੈਂਡੋਲੀਨੋ ਨੇ ਕਿਹਾ, "ਘਰ ਦੁਨੀਆ ਭਰ ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਕੁੜੀਆਂ ਲਈ ਇੱਕ ਖ਼ਤਰਨਾਕ ਅਤੇ ਕਈ ਵਾਰ ਜਾਨਲੇਵਾ ਥਾਂ ਬਣਿਆ ਹੈ।"

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂਰਪ ਅਤੇ ਅਮਰੀਕਾ ਵਿੱਚ 2024 ਵਿੱਚ ਜ਼ਿਆਦਾਤਰ ਔਰਤਾਂ ਦੇ ਕਤਲ ਨਜ਼ਦੀਕੀ ਸਾਥੀਆਂ (ਪਰਿਵਾਰ ਦੇ ਮੈਂਬਰਾਂ ਦੀ ਬਜਾਇ) ਵੱਲੋਂ ਕੀਤੇ ਗਏ ਸਨ, ਇਨ੍ਹਾਂ ਵਿੱਚ ਯੂਰਪ ਵਿੱਚ 64 ਫੀਸਦ ਅਤੇ ਅਮਰੀਕਾ ਵਿੱਚ 69 ਫੀਸਦ ਦਾ ਅੰਕੜਾ ਹੈ।

ਇਹ ਕਤਲ ਸਾਲਾਂ ਦੇ ਸ਼ੋਸ਼ਣ ਦਾ ਸਿੱਟਾ ਹੋ ਸਕਦੇ ਹਨ।

ਅਲਬਾਨੀਆ ਵਿੱਚ 90 ਫੀਸਦ ਕਤਲ ਪੀੜਤਾਂ ਨੇ ਪਹਿਲਾਂ ਅਪਰਾਧੀਆਂ ਦੀ ਹਿੰਸਾ ਸਹੀ ਅਤੇ ਕੁਝ ਨੂੰ ਅਪਰਾਧੀਆਂ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਮਾਰ ਦਿੱਤਾ ਗਿਆ ਸੀ, ਜਦਕਿ ਪ੍ਰੋਟੈਕਸ਼ਨ ਆਰਡਰ ਵਰਗੇ ਉਪਾਅ ਸੁਰੱਖਿਆ ਵੀ ਸਨ।

ਬਹੁਤ ਸਾਰੇ ਮਾਮਲਿਆਂ ਵਿੱਚ ਤਿੱਖੇ ਜਾਂ ਨੁਕੀਲੇ ਹਥਿਆਰ ਜਾਂ ਸਰੀਰਕ ਤਾਕਤ ਦੀ ਵਰਤੋਂ ਕੀਤੀ ਗਈ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਈਰਖਾ, ਵੱਖ ਹੋਣ ਤੋਂ ਇਨਕਾਰ, ਪੁਲਿਸ ਨੂੰ ਰਿਪੋਰਟ ਕਰਨ ਲਈ ਬਦਲਾ ਲੈਣਾ ਜਾਂ ਵੱਖ ਹੋਣ ਤੋਂ ਬਾਅਦ ਨਵੇਂ ਸਬੰਧਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨਾ ਕਤਲਾਂ ਦੇ ਮੁੱਖ ਉਦੇਸ਼ ਸਨ। ਇਸ ਤੋਂ ਇਲਾਵਾ, 35 ਫੀਸਦ ਬੱਚੇ ਪ੍ਰਭਾਵਿਤ ਹੋਏ ਜਿਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਇਸ ਦੌਰਾਨ ਗਵਾ ਦਿੱਤਾ।

ਰਿਪੋਰਟ ਵਿੱਚ ਦੱਸੇ ਗਏ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਲੇਸੋਥੋ ਵਿੱਚ ਨਜ਼ਦੀਕੀ ਸਾਥੀ ਵੱਲੋਂ ਕੀਤੀ ਜਾਣ ਵਾਲੀ ਹਿੰਸਾ ਦੀ ਦਰ ਵੱਧ ਹੈ, 15 ਤੋਂ 49 ਸਾਲ ਦੀ ਉਮਰ ਦੀਆਂ 44 ਫੀਸਦ ਔਰਤਾਂ ਆਪਣੇ ਸਾਥੀਆਂ ਵੱਲੋਂ ਸਰੀਰਕ ਜਾਂ ਜਿਨਸੀ ਹਿੰਸਾ ਦੀ ਰਿਪੋਰਟ ਕਰਦੀਆਂ ਹਨ।

ਹਾਲਾਂਕਿ, ਭਰੋਸੇਯੋਗ ਡੇਟਾ ਅਜੇ ਵੀ ਬਹੁਤ ਘੱਟ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਔਰਤਾਂ ਦੇ ਕਤਲ ਦੀਆਂ ਘਟਨਾਵਾਂ ਵਿੱਚ ਨਜ਼ਦੀਕੀ ਸਾਥੀ ਜਾਂ ਪਰਿਵਾਰਕ ਮੈਂਬਰ ਸ਼ਾਮਲ ਹੁੰਦੇ ਹਨ, ਘਰੇਲੂ ਹਿੰਸਾ, ਸ਼ਰਾਬ ਦੀ ਵਰਤੋਂ ਅਤੇ ਟਕਰਾਅ ਨੂੰ ਆਮ ਕਾਰਨਾਂ ਵਜੋਂ ਸਾਹਮਣੇ ਆਏ ਹਨ।

ਹਥਿਆਰ ਅਤੇ ਤਕਨਾਲੋਜੀ

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਥਿਆਰ ਅਤੇ ਤਕਨਾਲੋਜੀ ਔਰਤਾਂ ਦੇ ਕਤਲਾਂ ਨੂੰ ਉਤਸ਼ਾਹਤ ਕਰਨ ਵਾਲੇ ਬਣ ਰਹੇ ਹਨ।

"ਇਸ ਖੇਤਰ ਵਿੱਚ ਸਬੂਤ ਸੁਝਾਅ ਦਿੰਦੇ ਹਨ ਕਿ ਹਿੰਸਾ ਕਰਨ ਵਾਲੇ ਨਜ਼ਦੀਕੀ ਸਾਥੀ ਕੋਲ ਹਥਿਆਰ ਹੋਣ ਨਾਲ ਕਤਲ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ ਅਤੇ ਨਿੱਜੀ ਥਾਵਾਂ 'ਤੇ ਕੀਤੇ ਗਏ ਕਤਲਾਂ ਵਿੱਚ ਕਈ ਪੀੜਤਾਂ ਦੇ ਜੋਖ਼ਮ ਨੂੰ 70 ਫੀਸਦ ਤੱਕ ਵਧਾ ਦਿੰਦਾ ਹੈ।"

ਇਹ ਦੱਸਦਾ ਹੈ ਕਿ ਤਕਨਾਲੋਜੀ ਨੂੰ ਕੰਟ੍ਰੋਲ ਦੇ ਹਥਿਆਰ ਵਜੋਂ ਵੀ ਦੇਖਿਆ ਜਾਂਦਾ ਹੈ।

ਰਿਪੋਰਟ ਨਵੇਂ ਖ਼ਤਰਿਆਂ ਦੀ ਚੇਤਾਵਨੀ ਦਿੰਦੀ ਹੈ, ਜਿਸ ਵਿੱਚ ਤਕਨਾਲੋਜੀ ਨਾਲ ਹੋਣ ਵਾਲੀ ਹਿੰਸਾ ਜਿਵੇਂ ਕਿ ਔਨਲਾਈਨ ਸਟੌਕਿੰਗ, ਡੌਕਸਿੰਗ (ਕਿਸੇ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਇੰਟਰਨੈਟ 'ਤੇ ਉਸ ਦੀ ਨਿੱਜੀ ਜਾਣਕਾਰੀ, ਪਛਾਣ ਵਾਲੀ ਜਾਣਕਾਰੀ ਪਬਲਿਸ਼ ਕਰਨਾ) ਅਤੇ ਇਮੇਜ ਦੇ ਆਧਾਰ 'ਤੇ ਗ਼ਲਤ ਇਸਤੇਮਾਲ ਕਰਨਾ ਸ਼ਾਮਲ ਹੈ।

"ਯੂਨਾਈਟਿਡ ਕਿੰਗਡਮ ਵਿੱਚ 2011 ਅਤੇ 2014 ਦੇ ਵਿਚਕਾਰ ਪਬਲਿਸ਼ ਹੋਏ 41 ਘਰੇਲੂ-ਕਤਲੇਆਮ ਸਮੀਖਿਆਵਾਂ ਦੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਹੈ ਕਿ 58.5 ਫੀਸਦ ਮਾਮਲਿਆਂ ਵਿੱਚ, ਕਤਲ ਤੋਂ ਪਹਿਲਾਂ ਪੀੜਤ ਨੂੰ ਜ਼ਬਰਦਸਤੀ ਕੰਟ੍ਰੋਲ ਅਤੇ ਨਿਗਰਾਨੀ ਕਰਨ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ।"

ਇਸ ਗੱਲ ਦੇ ਸਬੂਤ ਵਧ ਰਹੇ ਹਨ, ਜੋ ਦਿਖਾਉਂਦੇ ਹਨ ਕਿ ਔਨਲਾਈਨ ਹਿੰਸਾ, ਜਿਵੇਂ ਕਿ ਜ਼ਬਰਦਸਤੀ ਕੰਟ੍ਰੋਲ, ਨਿਗਰਾਨੀ ਅਤੇ ਸਟੌਕਿੰਗ, ਔਫਲਾਈਨ ਕਈ ਤਰੀਕਿਆਂ ਨਾਲ ਨਜ਼ਰ ਆ ਸਕਦੀ ਹੈ, ਜਿਸ ਵਿੱਚ ਸਰੀਰਕ ਵੀ ਸ਼ਾਮਲ ਹੈ।

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੱਤਰਕਾਰ, ਕਾਰਕੁਨ ਅਤੇ ਸਿਆਸਤਦਾਨ ਵਰਗੀਆਂ ਜਨਤਕ ਤੌਰ 'ਤੇ ਦਿਖਾਈ ਦੇਣ ਵਾਲੀਆਂ ਔਰਤਾਂ ਨੂੰ ਤਕਨਾਲੋਜੀ ਨਾਲ ਜੁੜੀ ਹਿੰਸਾ ਦਾ ਜੋਖ਼ਮ ਜ਼ਿਆਦਾ ਰਹਿੰਦਾ ਹੈ।

ਨਤੀਜਾ ਇਹ ਹੈ ਕਿ "ਸਮੇਂ ਸਿਰ ਅਤੇ ਢੁਕਵੀਂ ਦਖਲਅੰਦਾਜ਼ੀ", ਜਿਸ ਵਿੱਚ ਨਿਸ਼ਾਨਾਬੱਧ ਨੀਤੀਆਂ ਸ਼ਾਮਲ ਹਨ, ਔਰਤਾਂ ਦੇ ਕਤਲ ਨੂੰ ਰੋਕ ਸਕਦੀਆਂ ਹਨ।

ਜੋਖ਼ਮ ਦੇ ਕਾਰਕਾਂ ਵਿੱਚ ਹਥਿਆਰਾਂ ਤੱਕ ਪਹੁੰਚ, ਪਿੱਛਾ ਕਰਨਾ, ਰਿਸ਼ਤਾ ਟੁੱਟਣਾ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸ਼ਾਮਲ ਹੈ।

ਰਿਪੋਰਟ ਵਿੱਚ ਇਨ੍ਹਾਂ ਕਤਲਾਂ ਨੂੰ ਰੋਕਣ ਲਈ ਮਜ਼ਬੂਤ ਕਾਨੂੰਨਾਂ, ਸੁਰੱਖਿਆ ਆਦੇਸ਼ਾਂ ਨੂੰ ਲਾਗੂ ਕਰਨ ਅਤੇ ਬਿਹਤਰ ਡੇਟਾ ਸੰਗ੍ਰਹਿ ਦੀ ਮੰਗ ਕੀਤੀ ਗਈ ਹੈ।

ਪੀੜਤ

  • ਰੇਬੇਕਾ ਚੇਪਟਗੇਈ- 33 ਸਾਲਾ ਯੂਗਾਂਡਾ ਓਲੰਪਿਕ ਦੌੜਾਕ 'ਤੇ ਪੱਛਮੀ ਕੀਨੀਆ ਦੇ ਟ੍ਰਾਂਸ ਨਜ਼ੋਈਆ ਕਾਉਂਟੀ ਵਿੱਚ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੇ ਪੁਰਾਣੇ ਸਾਥੀ, ਡਿਕਸਨ ਨਾਦਿਮਾ ਨੇ ਹਮਲਾ ਕੀਤਾ। ਉਨ੍ਹਾਂ ਨੇ ਉਸ 'ਤੇ ਪੈਟ੍ਰੋਲ ਛਿੜਕ ਕੇ ਅੱਗ ਲਗਾ ਦਿੱਤੀ। ਕੁਝ ਦਿਨਾਂ ਬਾਅਦ ਸੱਟਾਂ ਕਾਰਨ ਉਨ੍ਹਾਂ ਦੀ ਮੌਤ ਹੋ ਗਈ, ਜਦੋਂ ਕਿ ਨਾਦਿਮਾ ਦੀ ਮੌਤ ਚੇਪਟਗੇਈ ਤੋਂ ਕੁਝ ਦਿਨਾਂ ਬਾਅਦ ਹਮਲੇ ਵਿੱਚ ਗੰਭੀਰ ਸੜਨ ਕਾਰਨ ਹੋ ਗਈ। ਕਿਹਾ ਜਾਂਦਾ ਹੈ ਕਿ ਉਹ ਜ਼ਮੀਨ ਦੇ ਇੱਕ ਟੁਕੜੇ ਨੂੰ ਲੈ ਕੇ ਲੜ ਕਰ ਰਹੇ ਸਨ।
  • ਲੁਈਸ ਹੰਟ- 25 ਸਾਲਾ ਲੁਈਸ ਅਤੇ ਉਨ੍ਹਾਂ ਦੀ ਭੈਣ 28 ਸਾਲਾ ਹੰਨਾਹ ਨੂੰ ਲੁਈਸ ਦੇ ਸਾਬਕਾ ਸਾਥੀ ਕਾਇਲ ਕਲਿਫੋਰਡ ਨੇ ਮਾਰ ਦਿੱਤਾ। ਇਨ੍ਹਾਂ ਹੀ ਨਹੀਂ ਉਸ ਨੇ ਉਨ੍ਹਾਂ ਦੀ ਮਾਂ, 61 ਸਾਲਾ ਕੈਰੋਲ ਨੂੰ ਯੂਕੇ ਦੇ ਹਰਟਫੋਰਡਸ਼ਾਇਰ ਦੇ ਬੁਸ਼ੇ ਵਿੱਚ ਪਰਿਵਾਰਕ ਘਰ ਵਿੱਚ ਚਾਕੂ ਮਾਰ ਕੇ ਮਾਰ ਦਿੱਤਾ ਸੀ। ਜੁਲਾਈ 2024 ਵਿੱਚ, ਲੁਈਸ ਦੇ ਕਲਿਫੋਰਡ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ, ਕਲਿਫੋਰਡ ਨੇ ਲੁਈਸ ਹੰਟ ਨਾਲ ਬਲਾਤਕਾਰ ਕੀਤਾ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਭੈਣ ਨੂੰ ਕਰਾਸਬੋ ਨਾਲ ਗੋਲੀ ਮਾਰ ਦਿੱਤੀ। ਉਸ ਨੂੰ ਤਿੰਨ ਉਮਰ ਕੈਦ ਦਿੱਤੇ ਜਾਣ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਨੂੰ ਕਦੇ ਵੀ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾਵੇਗਾ। ਇਹ ਔਰਤਾਂ ਬੀਬੀਸੀ ਘੋੜ ਦੌੜ ਕਮੈਂਟੇਟਰ ਜੌਨ ਹੰਟ ਦੀ ਪਤਨੀ ਅਤੇ ਧੀਆਂ ਸਨ।
  • ਕ੍ਰਿਸਟੀਨਾ ਜੋਕਸਿਮੋਵਿਕ- ਇੱਕ 38 ਸਾਲਾ ਮਾਡਲ ਅਤੇ ਮਿਸ ਸਵਿਟਜ਼ਰਲੈਂਡ ਫਾਈਨਲਿਸਟ, ਦਾ ਫਰਵਰੀ 2024 ਵਿੱਚ ਬਾਸੇਲ ਨੇੜੇ ਉਨ੍ਹਾਂ ਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਪਤੀ, ਉਨ੍ਹਾਂ ਦੇ ਦੋ ਬੱਚਿਆਂ ਦੇ ਪਿਤਾ, ਨੇ ਹੀ ਉਨ੍ਹਾਂ ਦਾ ਕਤਲ ਕੀਤਾ ਸੀ। ਸਵਿਸ ਮੀਡੀਆ ਰਿਪੋਰਟਾਂ ਦੇ ਅਨੁਸਾਰ, ਕੁੱਟਮਾਰ ਦੀਆਂ ਖ਼ਬਰਾਂ ਕਾਰਨ ਪੁਲਿਸ ਪਹਿਲਾਂ ਵੀ ਉਨ੍ਹਾਂ ਦੇ ਘਰ ਗਈ ਸੀ।
  • ਨੋਰਮਾ ਐਂਡਰੇਡ ਦੀ ਧੀ ਨੂੰ ਸਿਉਦਾਦ ਜੁਆਰੇਜ਼, ਮੈਕਸੀਕੋ ਵਿੱਚ ਫੇਮੀਸਾਈਡ ਵਿੱਚ ਮਾਰੀ ਗਈ। ਲਿਲੀਆ ਅਲੇਜੈਂਡਰਾ ਨੂੰ ਅਗਵਾ ਕਰਨ, ਤਸੀਹੇ ਦੇਣ ਅਤੇ ਕਤਲ ਕਰਨ ਤੋਂ ਬਾਅਦ, ਐਂਡਰੇਡ ਨੇ ਮੈਕਸੀਕੋ ਵਿੱਚ ਨੂਏਸਟ੍ਰਾਸ ਹਿਜਾਸ ਡੀ ਰੇਗ੍ਰੇਸੋ ਏ ਕਾਸਾ ਐਨਜੀਓ ("ਸਾਡੀਆਂ ਧੀਆਂ ਘਰ ਵਾਪਸੀ, ਸਿਵਲ ਐਸੋਸੀਏਸ਼ਨ") ਸ਼ੁਰੂ ਕੀਤੀ ਸੀ।

"ਇੱਕ ਦਿਨ... ਮੇਰੀ ਧੀ, ਲਿਲੀਆ ਅਲੇਜੈਂਡਰਾ ਗਾਰਸੀਆ ਐਂਡਰੇਡ ਘਰ ਨਹੀਂ ਆਈ। ਉਹ ਉਸ ਦਿਨ ਵਾਪਸ ਨਹੀਂ ਆਈ ਅਤੇ ਮੈਂ ਉਸ ਨੂੰ ਦੁਬਾਰਾ ਕਦੇ ਨਹੀਂ ਦੇਖਿਆ। ਉਸ ਸਮੇਂ ਮੇਰੀ ਦੁਨੀਆ ਹਿੱਲ ਗਈ। ਲਿਲੀਆ ਅਲੇਜੈਂਡਰਾ ਨੂੰ ਅਗਵਾ ਕੀਤਾ ਗਿਆ ਸੀ, ਤਸੀਹੇ ਦਿੱਤੇ ਗਏ ਸਨ ਅਤੇ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਕਤਲ ਤੋਂ ਬਾਅਦ, ਅਸੀਂ ਦੇਖਿਆ ਕਿ ਉਸਦਾ ਮਾਮਲਾ ਸਿਉਦਾਦ ਜੁਆਰੇਜ਼ ਵਿੱਚ ਇੱਕਲਾ ਨਹੀਂ ਸੀ। ਅਸੀਂ ਇੱਕਜੁੱਟ ਹੋਏ ਅਤੇ ਆਪਣੇ ਦੁੱਖ ਨੂੰ, ਨਿਆਂ ਲਈ ਲੜਨ ਅਤੇ ਔਰਤਾਂ ਦੇ ਕਤਲ ਦੀ ਹਿੰਸਾ ਦੇ ਅੰਤ ਦੀ ਮੰਗ ਕਰਨ ਦੇ ਦ੍ਰਿੜ ਇਰਾਦੇ ਵਿੱਚ ਬਦਲ ਦਿੱਤਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)