ਕਾਸ਼ਵੀ ਗੌਤਮ : ਗਲ਼ੀ ਕ੍ਰਿਕਟ ਤੋਂ ਭਾਰਤੀ ਟੀਮ ਲਈ ਚੁਣੀ ਜਾਣ ਵਾਲੀ ਜ਼ੀਰਕਪੁਰ ਦੀ ਕੁੜੀ ਦੀ ਕਹਾਣੀ

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
'ਲੋਕ ਮੈਨੂੰ ਸੁਣਾਉਂਦੇ ਸਨ ਕਿ ਤੇਰੇ ਦੋ ਧੀਆਂ ਹੀ ਹਨ!'
ਪਰ ਅੱਜ ਮੈਂ ਉਨ੍ਹਾਂ ਲੋਕਾਂ ਨੂੰ ਜਵਾਬ ਦੇ ਦਿੱਤਾ ਹੈ ਕਿ ਹਾਂ, ਮੇਰੇ ਦੋ ਧੀਆਂ ਹਨ ਤੇ ਜਿਨ੍ਹਾਂ ਵਿੱਚੋਂ ਇੱਕ ਅੱਜ ਪੂਰੇ ਦੇਸ ਵਿੱਚ ਮੇਰਾ ਨਾਮ ਰੌਸ਼ਨ ਕਰ ਰਹੀ ਹੈ।
ਇਹ ਸ਼ਬਦ ਪੰਜਾਬ ਦੇ ਜ਼ੀਰਕਪੁਰ ਰਹਿੰਦੇ ਸੀਮਾ ਸ਼ਰਮਾ ਦੇ ਹਨ। ਸੀਮਾ ਸ਼ਰਮਾ ਖੁਸ਼ੀ 'ਚ ਸਭ ਦਾ ਮੂੰਹ ਮਿੱਠਾ ਕਰਵਾ ਰਹੇ ਸਨ।
ਖੁਸ਼ ਹੋਣ ਵੀ ਕਿਉਂ ਨਾ ਉਨ੍ਹਾਂ ਦੀ ਵੱਡੀ ਧੀ ਕਾਸ਼ਵੀ ਗੌਤਮ ਦੀ ਚੋਣ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਹੋ ਗਈ ਹੈ।
ਬੀਸੀਸੀਆਈ ਨੇ ਸ਼੍ਰੀਲੰਕਾ ਵਿੱਚ ਤਿੰਨ ਦੇਸ਼ਾਂ ਵਿਚਾਲੇ ਖੇਡੀ ਜਾਣ ਵਾਲੀ ਵੰਨਡੇ ਸੀਰੀਜ਼ ਲਈ ਜਿਹੜੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ ਉਸ ਵਿੱਚ ਕਾਸ਼ਵੀ ਦਾ ਵੀ ਨਾਮ ਸ਼ਾਮਲ ਹੈ।
ਇਹ ਤਿਕੋਣੀ ਲੜੀ ਭਾਰਤ, ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੀ ਜਾਣੀ ਹੈ। ਇਹ ਮੈਚ ਲੜੀ 27 ਅਪ੍ਰੈਲ ਤੋਂ 7 ਮਈ ਤੱਕ ਖੇਡੀ ਜਾਣੀ ਹੈ।
ਕਾਸ਼ਵੀ ਕਹਿੰਦੇ ਹਨ ਕਿ ਮੇਰਾ ਸੁਪਨਾ ਇਹੀ ਹੈ ਕਿ ਮੈਂ ਭਾਰਤ ਨੂੰ ਹਰ ਮੈਚ ਜਿਤਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾ ਸਕਾਂ।

ਕਾਸ਼ਵੀ ਗੌਤਮ ਸੱਜੇ ਹੱਥ ਦੀ ਤੇਜ਼ ਗੇਂਦਬਾਜ਼ ਅਤੇ ਬੱਲੇਬਾਜ਼ ਹੈ। ਉਹ ਆਪਣੀ ਸਵਿੰਗ ਗੇਂਦਬਾਜ਼ੀ ਲਈ ਜਾਣੀ ਜਾਂਦੀ ਹੈ।
ਕਾਸ਼ਵੀ ਗੌਤਮ ਦੀ ਚੋਣ ਨਾਲ ਚੰਡੀਗੜ੍ਹ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਕਾਸ਼ਵੀ ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਵੱਲੋਂ ਖੇਡਣ ਵਾਲੀ ਪਹਿਲੀ ਕੁੜੀ ਹੈ, ਜੋ ਹੁਣ ਭਾਰਤੀ ਟੀਮ ਵਿੱਚ ਚੁਣੀ ਗਈ ਹੈ।
ਕਾਸ਼ਵੀ ਗੌਤਮ ਮੁੱਖ ਤੌਰ 'ਤੇ ਘਰੇਲੂ ਪੱਧਰ ਦੀ ਕ੍ਰਿਕਟ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਸਨ। ਉਹ ਮਹਿਲਾ ਪ੍ਰੀਮੀਅਰ ਲੀਗ (WPL) ਵਿੱਚ ਗੁਜਰਾਤ ਜਾਇੰਟਸ ਲਈ ਵੀ ਖੇਡਦੇ ਹਨ।
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬ ਦੀ ਟੀਮ ਨਾਲ ਕੀਤੀ ਸੀ, ਪਰ ਸਾਲ 2019 ਵਿੱਚ ਜਦੋਂ ਬੀਸੀਸੀਆਈ ਨੇ ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਨੂੰ ਮਾਨਤਾ ਦਿੱਤੀ ਤਾਂ ਕਾਸ਼ਵੀ ਚੰਡੀਗੜ੍ਹ ਟੀਮ ਵਿੱਚ ਚਲੇ ਗਏ।
ਭਾਰਤੀ ਟੀਮ ਵਿੱਚ ਚੁਣੇ ਜਾਣ ਮਗਰੋਂ ਬੀਬੀਸੀ ਨੇ ਕਾਸ਼ਵੀ ਗੌਤਮ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ।
ਕਾਸ਼ਵੀ ਗੌਤਮ ਦਾ ਪਿਛੋਕੜ

ਕਾਸ਼ਵੀ ਦਾ ਜਨਮ 2003 ਵਿੱਚ ਚੰਡੀਗੜ੍ਹ ਵਿੱਚ ਹੋਇਆ। ਉਨ੍ਹਾਂ ਦੇ ਮਾਪਿਆਂ ਦਾ ਪਿਛੋਕੜ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਨਾਲ ਹੈ।
ਪਰ ਕਾਸ਼ਵੀ ਜਨਮ ਤੋਂ ਹੀ ਚੰਡੀਗੜ੍ਹ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਰੀਅਲ ਅਸਟੇਟ ਦਾ ਕਾਰੋਬਾਰ ਕਰਦੇ ਹਨ।
ਕਾਸ਼ਵੀ ਦੇ ਪਿਤਾ ਸੁਦੇਸ਼ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ, ''ਘਰ ਵਿੱਚ ਕ੍ਰਿਕਟ ਪ੍ਰਤੀ ਸਭ ਤੋਂ ਪਹਿਲਾਂ ਪਿਆਰ ਉਨ੍ਹਾਂ ਦਾ ਸੀ ਪਰ ਰੋਜ਼ੀ ਰੋਟੀ ਕਮਾਉਣ ਲਈ ਉਹ ਕ੍ਰਿਕਟ ਨੂੰ ਅੱਗੇ ਜਾਰੀ ਨਹੀਂ ਕਰ ਸਕੇ। ਪਰ ਕ੍ਰਿਕਟ ਖੇਡਣ ਦਾ ਮੇਰਾ ਸ਼ੌਕ ਪ੍ਰਮਾਤਮਾ ਨੇ ਮੇਰੀ ਧੀ ਦੇ ਅੰਦਰ ਭਰ ਕੇ ਭੇਜਿਆ ਸੀ।"
ਉਹ ਦੱਸਦੇ ਹਨ, "ਕਾਸ਼ਵੀ ਬਚਪਨ ਤੋਂ ਕ੍ਰਿਕਟ ਖੇਡਣ ਦੀ ਸ਼ੌਕੀਨ ਸੀ। ਉਹ ਗਲੀ ਵਿੱਚ ਮੁੰਡਿਆਂ ਨਾਲ ਕ੍ਰਿਕਟ ਖੇਡਦੀ ਰਹਿੰਦੀ ਸੀ ਪਰ ਉਸਦੇ ਸ਼ੌਂਕ ਨੂੰ ਦੇਖਦਿਆਂ ਹੋਇਆਂ ਫੇਰ ਅਸੀਂ ਉਸ ਨੂੰ ਚੰਡੀਗੜ੍ਹ ਸੈਕਟਰ 32 ਵਿੱਚ ਕ੍ਰਿਕਟ ਦੀ ਟ੍ਰੇਨਿੰਗ ਲਈ ਭੇਜਿਆ ਫਿਰ ਬਾਅਦ ਵਿੱਚ ਉਹ ਸੈਕਟਰ 26 ਵਿੱਚ ਕ੍ਰਿਕਟ ਦੀ ਟਰੇਨਿੰਗ ਲੈਣ ਲੱਗੀ।''
ਕਾਸ਼ਵੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਸਕੂਲੀ ਪੜ੍ਹਾਈ ਚੰਡੀਗੜ੍ਹ ਦੇ ਸੈਕਟਰ 37 ਤੋਂ ਹੋਈ, ਫੇਰ ਬਾਹਰਵੀਂ ਦੀ ਪੜ੍ਹਾਈ ਸਰਕਾਰੀ ਸਕੂਲ 26 ਤੋਂ ਕੀਤੀ ਅਤੇ ਬੀਏ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚੰਡੀਗੜ੍ਹ, 26 ਸੈਕਟਰ ਤੋਂ ਪੂਰੀ ਕੀਤੀ।
ਆਪਣੇ ਆਪ ਨੂੰ ਕੁੜੀ ਕਹਿਣ ਉੱਤੇ ਹੁੰਦੀ ਸੀ ਨਾਰਾਜ਼

ਕਾਸ਼ਵੀ ਦੇ ਵਾਲਾਂ ਦਾ ਸਟਾਈਲ ਮੁੰਡਿਆਂ ਦੀ ਤਰ੍ਹਾਂ ਹੈ। ਇਸਦੇ ਪਿੱਛੇ ਦਾ ਕਾਰਨ ਉਨ੍ਹਾਂ ਦੇ ਮਾਤਾ ਸੀਮਾ ਸ਼ਰਮਾ ਦੱਸਦੇ ਹਨ।
ਉਹ ਕਹਿੰਦੇ ਹਨ, "ਇਹ ਬਚਪਨ ਤੋਂ ਹੀ ਆਪਣੇ ਆਪ ਨੂੰ ਮੁੰਡਾ ਦੱਸਦੀ ਸੀ, ਜਦੋਂ ਕਿਸੇ ਨੇ ਇਸ ਨੂੰ ਕੁੜੀ ਕਹਿ ਦੇਣਾ ਤਾਂ ਇਸ ਨੇ ਨਾਰਾਜ਼ ਹੋ ਜਾਣਾ। ਉਨ੍ਹਾਂ ਰਿਸ਼ਤੇਦਾਰਾਂ ਨੂੰ ਬੁਲਾਉਣ ਤੋਂ ਗੁਰੇਜ਼ ਕਰਨਾ ਜੋ ਇਸ ਨੂੰ ਕੁੜੀਆਂ ਵਾਂਗੂ ਬਣਨ ਲਈ ਕਹਿੰਦੇ ਸਨ।''
ਸੀਮਾ ਸ਼ਰਮਾ ਕਹਿੰਦੇ ਹਨ , '' ਅਸੀਂ ਕਦੇ ਕਾਸ਼ਵੀ ਨੂੰ ਜ਼ੋਰ ਨਹੀਂ ਪਾਇਆ ਕਿ ਉਹ ਆਪਣੇ ਆਪ ਨੂੰ ਬਦਲੇ। ਹੌਲੀ ਹੌਲੀ ਜਿਵੇਂ ਉਸ ਨੇ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਤਾਂ ਉਸ ਨੇ ਆਪਣੇ ਆਪ ਨੂੰ ਖੁਦ ਬਦਲ ਲਿਆ ਪਰ ਵਾਲਾਂ ਦਾ ਸਟਾਈਲ ਇਹੀ ਰੱਖਿਆ।
ਕਾਸ਼ਵੀ ਨੇ 13 ਸਾਲ ਦੀ ਉਮਰ 'ਚ ਹੀ ਕ੍ਰਿਕਟ ਨੂੰ ਕਰੀਅਰ ਵੱਜੋਂ ਚੁਣ ਲਿਆ ਸੀ।
ਕਾਸ਼ਵੀ ਗੌਤਮ ਦੇ ਪਿਤਾ ਸੁਦੇਸ਼ ਸ਼ਰਮਾ ਨੇ ਦੱਸਿਆ ਕਿ ਕਾਸ਼ਵੀ ਦੀ ਦਾਦੀ ਨੇ ਸਭ ਤੋਂ ਪਹਿਲਾਂ ਉਸ ਦੇ ਹੁਨਰ ਨੂੰ ਪਛਾਣਿਆ ਸੀ। ਉਨ੍ਹਾਂ ਦੇ ਕਹਿਣ ਉੱਤੇ ਅਸੀਂ ਕਾਸ਼ਵੀ ਨੂੰ ਕ੍ਰਿਕਟ ਦੀ ਸਿਖਲਾਈ ਲੈਣ ਲਈ ਭੇਜਣਾ ਸ਼ੁਰੂ ਕੀਤਾ।
ਧੀ ਦੀ ਕ੍ਰਿਕਟ ਲਈ ਬਦਲਿਆ ਸ਼ਹਿਰ

ਕਾਸ਼ਵੀ ਗੌਤਮ ਦੱਸਦੇ ਹਨ ਕਿ ਉਨ੍ਹਾਂ ਦੇ ਕੋਚ ਨਾਗੇਸ਼ ਗੁਪਤਾ ਨੇ ਜਦੋਂ ਆਪਣੀ ਐਕਡਮੀ ਪੰਚਕੂਲਾ ਵਿੱਚ ਖੋਲ੍ਹੀ ਤਾਂ ਕਾਸ਼ਵੀ ਦੇ ਪਰਿਵਾਰ ਨੇ ਵੀ ਚੰਡੀਗੜ੍ਹ ਛੱਡ ਜ਼ੀਰਕਪੁਰ ਰਹਿਣ ਦਾ ਫੈਸਲਾ ਲਿਆ।
ਕਾਸ਼ਵੀ ਦੀ ਟ੍ਰੇਨਿੰਗ ਲੰਬੇ ਸਮੇਂ ਤੋਂ ਕੋਚ ਨਾਗੇਸ਼ ਗੁਪਤਾ ਦੇ ਅਧੀਨ ਹੀ ਚੱਲ ਰਹੀ ਹੈ। ਉਹ ਭਾਰਤੀ ਟੀਮ ਵਿੱਚ ਹੋਈ ਆਪਣੀ ਚੋਣ ਦਾ ਸਿਹਰਾ ਵੀ ਆਪਣੇ ਕੋਚ ਨਾਗੇਸ਼ ਗੁਪਤਾ ਨੂੰ ਹੀ ਦਿੰਦੇ ਹਨ।
ਕਾਸ਼ਵੀ ਕਹਿੰਦੇ ਹਨ, "ਜਦੋਂ ਤੁਹਾਡੇ ਕੋਲ ਇੱਕ ਅਜਿਹਾ ਗੁਰੂ ਹੋਵੇ ਜੋ ਹਰ ਪਲ ਤੁਹਾਡੇ ਅੰਦਰ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੇ ਤਾਂ ਕੋਈ ਵੀ ਵਿਦਿਆਰਥੀ ਸਫ਼ਲਤਾ ਤੋਂ ਵਾਂਝਾ ਨਹੀਂ ਰਹਿ ਸਕਦਾ।"
ਲੀਗ ਵਿੱਚ ਸਭ ਤੋਂ ਮਹਿੰਗੀ ਖਿਡਾਰਨ

ਵੂਮੈਨ ਪ੍ਰੀਮੀਅਰ ਲੀਗ ਨਿਲਾਮੀ 2024 ਦੌਰਾਨ ਕਾਸ਼ਵੀ ਗੌਤਮ ਨੂੰ ਗੁਜਰਾਤ ਜਾਇੰਟਸ ਨੇ ਸਭ ਤੋਂ ਮਹਿੰਗੀ ਰਕਮ 2 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਇਸ ਰਕਮ ਨਾਲ ਉਹ ਮਹਿਲਾ ਪ੍ਰੀਮੀਅਰ ਲੀਗ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੀ ਵਿਕਣ ਵਾਲੀ ਅਨਕੈਪਡ ਖਿਡਾਰਨ ਬਣ ਗਈ ਸੀ। ਕਾਸ਼ਵੀ ਦੀ ਉਮਰ ਉਸ ਵੇਲੇ ਮਹਿਜ਼ 20 ਸਾਲ ਸੀ।
ਹਾਲਾਂਕਿ ਕਾਸ਼ਵੀ ਗੌਤਮ ਪੈਰ ਦੀ ਸੱਟ ਕਾਰਨ ਮਹਿਲਾ ਪ੍ਰੀਮੀਅਰ ਲੀਗ ਦੇ ਦੂਜੇ ਸੀਜ਼ਨ (WPL) ਤੋਂ ਬਾਹਰ ਹੋ ਗਈ ਸੀ। ਜਿਸ ਤੋਂ ਠੀਕ ਹੋਣ ਵਿੱਚ ਕਾਸ਼ਵੀ ਨੂੰ ਲਗਭਗ 8 ਮਹੀਨਿਆਂ ਦਾ ਇੰਤਜ਼ਾਰ ਕਰਨਾ ਪਿਆ ਸੀ।
ਹੁਣ ਤੱਕ ਪ੍ਰੀਮੀਅਰ ਲੀਗ ਵਿੱਚ ਕਾਸ਼ਵੀ ਨੇ ਨੌ ਮੈਚਾਂ ਵਿੱਚ 11 ਵਿਕਟਾਂ ਲਈਆਂ ਹਨ, ਜਿਸ ਨਾਲ ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਭਾਰਤੀ ਵਿਕਟਾਂ ਲੈਣ ਵਾਲੀਆਂ ਗੇਂਦਬਾਜ਼ਾਂ ਵਿੱਚੋਂ ਇੱਕ ਬਣ ਗਈ ਹੈ।
10 ਵਿਕਟਾਂ ਲੈਣ ਕਰਕੇ ਸੁਰਖੀਆਂ 'ਚ ਆਈ ਕਾਸ਼ਵੀ

ਕਾਸ਼ਵੀ ਗੌਤਮ ਦਾ ਨਾਮ ਸਾਲ 2020 'ਚ ਸੁਰਖੀਆਂ ਵਿੱਚ ਉਦੋਂ ਆਇਆ ਜਦੋਂ ਉਨ੍ਹਾਂ ਨੇ ਘਰੇਲੂ ਅੰਡਰ-19 ਮਹਿਲਾ ਵੰਨਡੇ ਟੂਰਨਾਮੈਂਟ ਦੇ ਇੱਕ ਮੈਚ ਵਿੱਚ ਹੈਟ੍ਰਿਕ ਦੇ ਨਾਲ ਸਾਰੀਆਂ 10 ਵਿਕਟਾਂ ਲਈਆਂ ਸਨ।
ਇਹ ਮੈਚ ਆਂਧਰਾ ਪ੍ਰਦੇਸ਼ ਦੇ ਕਡਾਪਾ ਵਿੱਚ ਅਰੁਣਾਚਲ ਪ੍ਰਦੇਸ਼ ਵਿਰੁੱਧ ਖੇਡਿਆ ਗਿਆ ਸੀ।
ਉਨ੍ਹਾਂ ਦੀਆਂ 10 ਵਿਕਟਾਂ ਅਤੇ 68 ਗੇਂਦਾਂ 'ਤੇ ਬਣਾਈਆਂ ਗਈਆਂ ਸਨ। ਉਨ੍ਹਾਂ ਨੇ ਚੰਡੀਗੜ੍ਹ ਲਈ 49 ਦੌੜਾਂ ਵੀ ਬਣਾਈਆਂ ਸਨ ਅਤੇ ਟੀਮ ਦੀ 161 ਦੌੜਾਂ ਨਾਲ ਮੈਚ ਜਿੱਤਣ ਵਿੱਚ ਮਦਦ ਕੀਤੀ ਸੀ, ਜਦਕਿ ਅਰੁਣਾਚਲ ਪ੍ਰਦੇਸ਼ ਦੀ ਟੀਮ ਸਿਰਫ਼ 25 ਦੌੜਾਂ 'ਤੇ ਹੀ ਢੇਰ ਹੋ ਗਈ ਸੀ।
ਕਾਸ਼ਵੀ ਦੱਸਦੇ ਹਨ ਕਿ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਉਨ੍ਹਾਂ ਦੀ ਤਰ੍ਹਾਂ ਖੇਡਣਾ ਪਸੰਦ ਕਰਦੇ ਹਨ।
ਸ਼੍ਰੀਲੰਕਾ ਵਿੱਚ ਖੇਡੀ ਜਾਣ ਵਾਲੀ ਤਿਕੋਣੀ ਇੱਕਰੋਜ਼ਾ ਲੜੀ 27 ਅਪ੍ਰੈਲ ਨੂੰ ਸ਼ੁਰੂ ਹੋਵੇਗੀ ਅਤੇ ਫਾਈਨਲ ਮੈਚ 11 ਮਈ ਨੂੰ ਖੇਡਿਆ ਜਾਵੇਗਾ। ਇਸ ਲੜੀ ਵਿੱਚ ਕਾਸ਼ਵੀ ਗੌਤਮ ਤੋਂ ਇਲਾਵਾ ਪੰਜਾਬ ਦੀ ਅਮਨਜੋਤ ਕੌਰ, ਕਪਤਾਨ ਹਰਮਨਪ੍ਰੀਤ ਕੌਰ ਅਤੇ ਹਰਲੀਨ ਦਿਓਲ ਖੇਡ ਰਹੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












