ਭਾਰਤੀ ਪੁਲਾੜ ਯਾਤਰੀ ਖੇਤੀ ਬਾਰੇ ਪੁਲਾੜ ਵਿੱਚ ਕਿਹੜਾ ਵੱਡਾ ਪ੍ਰਯੋਗ ਕਰਨ ਜਾ ਰਹੇ ਹਨ, ਕਿਵੇਂ ਇਹ ਖੇਤੀ ਨੂੰ ਬਦਲ ਸਕਦਾ ਹੈ

    • ਲੇਖਕ, ਟੀਵੀ ਵੈਂਕਟੇਸ਼ਵਰਨ
    • ਰੋਲ, ਪ੍ਰੋਫੈਸਰ ਆਈਆਈਐੱਸਈਆਰ ਮੋਹਾਲੀ

ਮੌਸਮ ਖ਼ਰਾਬ ਹੋਣ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਐਕਸੀਓਮ-4 ਮਿਸ਼ਨ ਨੂੰ ਇੱਕ ਵਾਰ ਫਿਰ ਮੁਲਤਵੀ ਕਰ ਦਿੱਤਾ ਗਿਆ ਹੈ।

ਸਪੇਸਐਕਸ ਦਾ ਡ੍ਰੈਗਨ ਪੁਲਾੜ ਯਾਨ, ਜਿਸ ਵਿੱਚ ਭਾਰਤ ਦੇ ਸ਼ੁਭਾਂਸ਼ੂ ਸ਼ੁਕਲਾ ਸਮੇਤ ਚਾਰ ਪੁਲਾੜ ਯਾਤਰੀ ਸ਼ਾਮਲ ਹਨ। ਇਹ ਮਿਸ਼ਨ ਚੌਥੀ ਵਾਰ ਮੁਲਤਵੀ ਹੋਇਆ ਹੈ। ਜੇ ਇਹ ਮਿਸ਼ਨ ਪੂਰਾ ਹੁੰਦਾ ਹੈ ਤਾਂ ਨਵੀਆਂ ਖੋਜਾਂ ਸਾਹਮਣੇ ਆ ਸਕਦੀਆਂ ਹਨ।

ਇਹ 40 ਸਾਲਾਂ ਵਿੱਚ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਨਾਗਰਿਕ ਪੁਲਾੜ ਵੱਲ ਜਾ ਰਿਹਾ ਹੈ। ਉਨ੍ਹਾਂ ਦੀ ਯਾਤਰਾ ਪੁਲਾੜ ਜੀਵ ਵਿਗਿਆਨ ਅਤੇ ਪੁਲਾੜ ਖੇਤੀਬਾੜੀ ਵਿੱਚ ਇਸਰੋ ਦੀ ਖੋਜ ਲਈ ਇੱਕ ਮੋੜ ਬਣ ਸਕਦੀ ਹੈ।

ਕਰੀਬ 8000 ਸਾਲ ਪਹਿਲਾਂ ਵਿਸ਼ਵ ਦੇ ਅਨੇਕ ਤਟੀ ਖੇਤਰਾਂ, ਜਿਵੇਂ ਕਿ ਸਿੰਧੂ ਨਦੀ ਬੇਸਿਨ ਵਿੱਚ ਖੇਤੀ ਦੀ ਸ਼ੁਰੂਆਤ ਮਨੁੱਖਤਾ ਦੀ ਪਹਿਲੀ ਮਹਾਨ ਕ੍ਰਾਂਤੀ ਸੀ।

ਸ਼ਿਕਾਰ ਉੱਤੇ ਖੇਤੀ ਦੀ ਖੋਜ ਨੇ ਪਿੰਡਾਂ ਦੇ ਗਠਨ, ਭੋਜਨ ਉਤਪਾਦਨ ਵਿੱਚ ਵਾਧਾ ਅਤੇ ਸੱਭਿਅਤਾਵਾਂ ਦੇ ਉਭਾਰ ਵੱਲ ਅਗਵਾਈ ਕੀਤੀ।

ਅੱਜ, ਅਸੀਂ ਇੱਕ ਹੋਰ ਕ੍ਰਾਂਤੀ ਦੀ ਸ਼ੁਰੂਆਤ 'ਤੇ ਖੜ੍ਹੇ ਹਾਂ, ਜੋ ਹੈ ਪੁਲਾੜ ਖੇਤੀਬਾੜੀ। ਸ਼ੁਭਾਂਸ਼ੂ ਸ਼ੁਕਲਾ ਸਮੇਤ ਐਕਸੀਓਮ-4 ਚਾਲਕ ਦਲ ਬੀਜਾਂ ਦੇ ਪੁਗਰਨ ਹਨ ਅਤੇ ਪੁਲਾੜ ਵਿੱਚ ਪੌਦੇ ਕਿਵੇਂ ਉੱਗਦੇ ਹਨ, ਇਸ ʼਤੇ ਅਧਿਐਨ ਕਰਨਗੇ।

ਉਨ੍ਹਾਂ ਦਾ ਉਦੇਸ਼ ਅਜਿਹੇ ਸਵਾਲਾਂ ਦੇ ਜਵਾਬ ਦੇਣਾ ਹੈ ਜਿਵੇਂ ਕਿ, ਸੂਖ਼ਮ ਗੁਰੂਤਾ ਵਿੱਚ ਬੀਜ ਕਿਵੇਂ ਪੁੰਗਰਦੇ ਹਨ? ਪੁਲਾੜ ਵਿੱਚ ਉਗਾਉਣ 'ਤੇ ਪੌਦੇ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਹੋਣਗੀਆਂ?

ਪੁਲਾੜ ਵਿੱਚ ਫ਼ਸਲਾਂ ਕਿਉਂ ਉਗਾਈਆਂ ਜਾਣ?

ਚੰਦਰਮਾ ਜਾਂ ਮੰਗਲ ਗ੍ਰਹਿ 'ਤੇ ਲੰਬੇ ਸਮੇਂ ਦੇ ਮਿਸ਼ਨਾਂ ਲਈ, ਫਲ ਅਤੇ ਸਬਜ਼ੀਆਂ ਵਰਗੀਆਂ ਤਾਜ਼ੀ ਉਪਜ ਜ਼ਰੂਰੀ ਹਨ।

ਪੁਲਾੜ ਸਟੇਸ਼ਨਾਂ 'ਤੇ ਛੋਟੇ ਬਾਗ਼ ਨਾ ਸਿਰਫ਼ ਭੋਜਨ ਪ੍ਰਦਾਨ ਕਰਦੇ ਹਨ ਸਗੋਂ ਮਾਨਸਿਕ ਆਰਾਮ ਵੀ ਦਿੰਦੇ ਹਨ। ਧਰਤੀ ਤੋਂ ਸੈਂਕੜੇ ਕਿਲੋਮੀਟਰ ਦੂਰ ਹਰੇ ਪੌਦੇ ਨੂੰ ਦੇਖਣਾ ਆਰਾਮਦਾਇਕ ਹੋ ਸਕਦਾ ਹੈ।

ਪੁਲਾੜ ਵਿੱਚ ਜੀਵਨ ਨੂੰ ਕਾਇਮ ਰੱਖਣ ਲਈ ਪੁਲਾੜ ਖੇਤੀ ਬਹੁਤ ਜ਼ਰੂਰੀ ਹੈ। ਪੁਲਾੜ ਯਾਤਰੀ ਵਿਸਤ੍ਰਿਤ ਮਿਸ਼ਨਾਂ ਲਈ ਸਿਰਫ਼ ਪੈਕ ਕੀਤੇ ਜਾਂ ਸੁੱਕੇ ਫ੍ਰੀਜ਼ ਕੀਤੇ ਭੋਜਨ 'ਤੇ ਨਿਰਭਰ ਨਹੀਂ ਰਹਿ ਸਕਦੇ।

ਇਤਿਹਾਸ ਸਾਨੂੰ ਸਬਕ ਸਿਖਾਉਂਦਾ ਹੈ। ਸਦੀਆਂ ਪਹਿਲਾਂ, ਲੰਬੀਆਂ ਯਾਤਰਾਵਾਂ 'ਤੇ ਮਲਾਹ ਤਾਜ਼ੀ ਉਪਜ ਦੀ ਘਾਟ ਕਾਰਨ ਹੋਣ ਵਾਲੀ ਵਿਟਾਮਿਨ ਸੀ ਦੀ ਕਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਸਨ।

ਅਜਿਹੀਆਂ ਪਰੇਸ਼ਾਨੀਆਂ ਤੋਂ ਬਚਣ ਲਈ, ਵਿਗਿਆਨੀ ਤਾਜ਼ੇ, ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪੁਲਾੜ ਵਿੱਚ ਪੌਦਿਆਂ ਦੀ ਕਾਸ਼ਤ ਦੀ ਪੜਚੋਲ ਕਰ ਰਹੇ ਹਨ।

ਕੁਝ ਪੌਦੇ ਪੁਲਾੜ ਫਾਰਮੇਸੀਆਂ ਵਜੋਂ ਵੀ ਕੰਮ ਕਰ ਸਕਦੇ ਹਨ। ਉਦਾਹਰਣ ਵਜੋਂ, ਲੈਟਿਊਸ ਵਿੱਚ ਇੱਕ ਪ੍ਰੋਟੀਨ ਹੁੰਦਾ ਹੈ ਜੋ ਹੱਡੀਆਂ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਹੱਡੀਆਂ ਨੂੰ ਨੁਕਸਾਨ ਲੰਬੇ ਸਮੇਂ ਦੀ ਪੁਲਾੜ ਯਾਤਰਾ ਵਿੱਚ ਇੱਕ ਆਮ ਮੁੱਦਾ। ਇਸ ਪੌਦੇ ਨੂੰ ਪਹਿਲਾਂ ਹੀ ਪੁਲਾੜ ਵਿੱਚ ਉਗਾਇਆ ਅਤੇ ਟੈਸਟ ਕੀਤਾ ਜਾ ਚੁੱਕਾ ਹੈ।

ਭਵਿੱਖ ਵਿੱਚ, ਪੁਲਾੜ ਯਾਤਰੀ ਆਪਣੇ ਨਾਲ ਪੋਸ਼ਕ ਤੱਤਾਂ ਦੀ ਖੁਰਾਕ ਲੈ ਕੇ ਜਾਣ ਦੀ ਬਜਾਏ ਖੁਦ ਪੌਸ਼ਟਿਕ ਤੱਤਾਂ ਨਾਲ ਭਰਪੂਰ ਪੌਦੇ ਉਗਾ ਸਕਣਗੇ।

ਬਨਸਪਤੀ ਵਿਗਿਆਨ ਦੀ ਬੁਝਾਰਤ

ਪੌਦੇ ਗੁਰੂਤਾ ਤੋਂ ਬਿਨਾਂ ਕਿਵੇਂ ਵਧਦੇ ਹਨ?

ਹਜ਼ਾਰਾਂ ਸਾਲਾਂ ਤੋਂ, ਕਿਸਾਨ ਇੱਕ ਸਧਾਰਨ ਸੱਚਾਈ ਜਾਣਦੇ ਹਨ। ਭਾਵੇਂ ਕਿਵੇਂ ਹੇਠਾਂ ਬੀਜ ਡਿੱਗਦਾ ਹੈ, ਜੜ੍ਹਾਂ ਹੇਠਾਂ ਵੱਲ ਕਿਵੇਂ ਵਧਦੀਆਂ ਹਨ ਅਤੇ ਟਹਿਣੀਆਂ ਉੱਪਰ ਵੱਲ ਕਿਵੇਂ ਵਧਦੀਆਂ ਹਨ। ਪਰ ਪੌਦੇ ਕਿਵੇਂ ਜਾਣਦੇ ਹਨ ਕਿ ਕਿਹੜਾ ਰਸਤਾ "ਉੱਪਰ" ਵੱਲ ਹੈ?

1880 ਵਿੱਚ ਚਾਰਲਸ ਡਾਰਵਿਨ ਨੇ ਇੱਕ ਅਜਿਬੋ-ਗਰੀਬ ਚੀਜ਼ ਦੇਖੀ। ਜਦੋਂ ਪੌਦੇ ਢਲਾਣ 'ਤੇ ਉੱਗਦੇ ਸਨ, ਤਾਂ ਉਨ੍ਹਾਂ ਦੀਆਂ ਜੜ੍ਹਾਂ ਨਾ ਸਿਰਫ਼ ਸਿੱਧੀਆਂ ਹੇਠਾਂ ਜਾਂਦੀਆਂ ਸਨ ਬਲਕਿ ਉਹ ਥੋੜ੍ਹੀਆਂ ਮੁੜੀਆਂ ਵੀ ਹੁੰਦੀਆਂ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਗੁਰੂਤਾ ਅਤੇ ਸਤਹ ਸੰਪਰਕ ਇਸ ਲਈ ਜ਼ਿੰਮੇਵਾਰ ਸਨ।

ਉਨ੍ਹਾਂ ਨੇ ਇਸ ਵਰਤਾਰੇ ਨੂੰ "ਰੂਟ ਸਕੀਇੰਗ" ਕਿਹਾ। ਇੱਕ ਸਦੀ ਤੋਂ ਵੱਧ ਸਮੇਂ ਲਈ, ਵਿਗਿਆਨੀਆਂ ਨੇ ਬਿਨਾਂ ਕਿਸੇ ਸਵਾਲ ਦੇ ਇਸ ਵਿਆਖਿਆ ਨੂੰ ਸਵੀਕਾਰ ਕਰ ਲਿਆ। ਪਰ 2010 ਵਿੱਚ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਇੱਕ ਪ੍ਰਯੋਗ ਨੇ ਸਭ ਕੁਝ ਉਲਟਾ ਦਿੱਤਾ।

ਬੀਜਾਂ ਨੂੰ ਪੌਸ਼ਟਿਕ ਤੱਤ ਦਿੱਤੇ ਗਏ ਅਤੇ ਸਪੇਸ ਵਿੱਚ ਉਗਣ ਦੀ ਇਜਾਜ਼ਤ ਦਿੱਤੀ ਗਈ, ਜਿੱਥੇ ਕੋਈ ਸਪੱਸ਼ਟ "ਉੱਪਰ" ਜਾਂ "ਹੇਠਾਂ" ਨਹੀਂ ਹੈ। ਵਿਗਿਆਨੀਆਂ ਨੇ ਜੜ੍ਹ ਅਤੇ ਟਹਿਣੀਆਂ ਦੇ ਵਾਧੇ ਦੀ ਦਿਸ਼ਾ ਨੂੰ ਧਿਆਨ ਨਾਲ ਦੇਖਿਆ।

ਹੈਰਾਨੀ ਦੀ ਗੱਲ ਹੈ ਕਿ ਸੂਖ਼ਮ ਗੁਰੂਤਾ ਵਿੱਚ ਵੀ, ਜੜ੍ਹਾਂ ਇੱਕੋ ਮੁੜੇ ਹੋਏ ਪੈਟਰਨ ਵਿੱਚ ਵਧੀਆਂ। ਇਹ ਸੁਝਾਉਂਦਾ ਹੈ ਕਿ ਸਿਰਫ਼ ਗੁਰੂਤਾ ਹੀ ਪੌਦਿਆਂ ਦੇ ਵਾਧੇ ਦੀ ਦਿਸ਼ਾ ਨਿਰਧਾਰਤ ਨਹੀਂ ਕਰਦੀ। ਤਾਂ ਫਿਰ ਇਹ ਕੀ ਕਰਦਾ ਹੈ?

ਪੌਦਿਆਂ ਦੇ ਵਾਧੇ ਦੇ ਰਾਜ਼

ਧਰਤੀ 'ਤੇ ਜੀਵਨ ਗੁਰੂਤਾ ਦੇ ਪ੍ਰਭਾਵ ਹੇਠ ਵਿਕਸਤ ਹੋਇਆ। ਜੜ੍ਹਾਂ ਪਾਣੀ ਅਤੇ ਪੌਸ਼ਟਿਕ ਤੱਤਾਂ ਦੀ ਭਾਲ ਵਿੱਚ ਹੇਠਾਂ ਵੱਲ ਵਧੀਆਂ, ਜਦਕਿ ਤਣੇ ਸੂਰਜ ਦੀ ਰੌਸ਼ਨੀ ਲਈ ਉੱਪਰ ਵੱਲ ਵਧੇ ਪਰ ਪੁਲਾੜ ਵਿੱਚ, ਪੌਦੇ ਵੱਖਰੇ ਢੰਗ ਨਾਲ ਵਿਹਾਰ ਕਰਦੇ ਹਨ।

ਅਧਿਐਨ ਦਰਸਾਉਂਦੇ ਹਨ ਕਿ ਪੌਦੇ ਸੂਖ਼ਮ ਗੁਰੂਤਾ ਦੇ ਜਵਾਬ ਵਿੱਚ ਆਪਣੇ ਜੀਨ ਪ੍ਰਗਟਾਵੇ ਨੂੰ ਬਦਲਦੇ ਹਨ।

ਉਦਾਹਰਣ ਵਜੋਂ, ਪੁਲਾੜ ਵਿੱਚ, ਜੜ੍ਹਾਂ ਪੱਤਿਆਂ ਵਾਂਗ ਵਿਹਾਰ ਕਰਦੀਆਂ ਹਨ। ਧਰਤੀ 'ਤੇ, ਜੜ੍ਹਾਂ ਦੇ ਸੈੱਲ ਪ੍ਰਕਾਸ਼-ਸੰਵੇਦਨਸ਼ੀਲ ਜੀਨਾਂ ਨੂੰ ਸਰਗਰਮ ਨਹੀਂ ਕਰਦੇ ਕਿਉਂਕਿ ਉਹ ਭੂਮੀਗਤ ਹੁੰਦੀਆਂ ਹਨ। ਪਰ ਪੁਲਾੜ ਵਿੱਚ, ਇਹ ਜੀਨ ਜੜ੍ਹਾਂ ਵਿੱਚ ਵੀ ਚਾਲੂ ਹੁੰਦੇ ਹਨ।

ਇਸ ਦੌਰਾਨ, ਪੱਤੇ ਵਧੇਰੇ ਕੀਟ-ਰੋਧਕ ਰਸਾਇਣ ਪੈਦਾ ਕਰਦੇ ਹਨ। ਭਾਵੇਂ ਪੁਲਾੜ ਵਿੱਚ ਕੋਈ ਕੀਟ ਨਹੀਂ ਹੁੰਦਾ ਹੈ।

ਇਹ ਬਦਲਾਅ ਸੁਝਾਅ ਦਿੰਦੇ ਹਨ ਕਿ ਪੌਦੇ ਪੁਲਾੜ ਵਾਤਾਵਰਣ ਦੇ ਅਨੁਕੂਲ ਵਿਲੱਖਣ ਗੁਣ ਵਿਕਸਤ ਕਰ ਸਕਦੇ ਹਨ। ਕੁਝ ਵਧੇਰੇ ਲਚਕੀਲੇ ਜਾਂ ਵਧੇਰੇ ਪੌਸ਼ਟਿਕ ਬਣ ਸਕਦੇ ਹਨ।

ਭਾਰਤ ਦਾ ਪੁਲਾੜ ਖੇਤੀ ਪ੍ਰਯੋਗ

ਐਕਸੀਓਮ-4 ਮਿਸ਼ਨ ਦੌਰਾਨ, ਭਾਰਤ ਦੋ ਦਿਲਚਸਪ ਬਨਸਪਤੀ ਪ੍ਰਯੋਗ ਕਰੇਗਾ।

ਭਾਰਤੀ ਤਕਨਾਲੋਜੀ ਸੰਸਥਾਨ ਧਾਰਵਾੜ ਅਤੇ ਖੇਤੀਬਾੜੀ ਵਿਗਿਆਨ ਯੂਨੀਵਰਸਿਟੀ, ਧਾਰਵਾੜ, ਪੁਲਾੜ ਵਿੱਚ ਮੇਥੀ ਅਤੇ ਮੂੰਗੀ ਵਰਗੇ ਬੀਜਾਂ ਦੇ ਪੁੰਗਰਣ ਦਾ ਅਧਿਐਨ ਕਰਨਗੇ। ਉਹ ਸੁਰੱਖਿਆ, ਜ਼ਹਿਰੀਲੇਪਣ ਅਤੇ ਸੂਖ਼ਮ ਜੀਵਾਣੂ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਇਨ੍ਹਾਂ ਦੀ ਤੁਲਨਾ ਧਰਤੀ 'ਤੇ ਉਗਾਏ ਗਏ ਬੀਜਾਂ ਨਾਲ ਕਰਨਗੇ।

ਭਾਰਤੀ ਪੁਲਾੜ ਵਿਗਿਆਨ ਸੰਸਥਾਨ (ਆਈਆਈਐੱਸਟੀ) ਅਤੇ ਕੇਰਲ ਖੇਤੀਬਾੜੀ ਯੂਨੀਵਰਸਿਟੀ ਭੋਜਨ ਫ਼ਸਲਾਂ ਦੇ ਬੀਜਾਂ 'ਤੇ ਸੂਖ਼ਮ ਗੂਰੁਤਾ ਦੇ ਪ੍ਰਭਾਵਾਂ ਦਾ ਅਧਿਐਨ ਕਰਨਗੇ। ਛੇ ਫਸਲਾਂ ਦੀਆਂ ਕਿਸਮਾਂ ਦੇ ਬੀਜਾਂ ਨੂੰ ਪੁਲਾੜ ਦੀਆਂ ਸਥਿਤੀਆਂ ਦੇ ਸੰਪਰਕ ਵਿੱਚ ਲਿਆਂਦਾ ਜਾਵੇਗਾ ਅਤੇ ਫਿਰ ਉਨ੍ਹਾਂ ਨੂੰ ਧਰਤੀ 'ਤੇ ਵਾਪਸ ਲਿਆਂਦਾ ਜਾਵੇਗਾ।

ਇਨ੍ਹਾਂ ਬੀਜਾਂ ਤੋਂ ਉਗਾਏ ਗਏ ਪਹਿਲੀ ਪੀੜ੍ਹੀ ਦੇ ਪੌਦਿਆਂ ਦੀ ਵਰਤੋਂ ਦੂਜੀ ਪੀੜ੍ਹੀ ਦੇ ਬੀਜ ਪੈਦਾ ਕਰਨ ਲਈ ਕੀਤੀ ਜਾਵੇਗੀ।

ਇਹ ਪ੍ਰਕਿਰਿਆ ਕਈ ਪੀੜ੍ਹੀਆਂ ਤੱਕ ਇਹ ਅਧਿਐਨ ਕਰਨ ਲਈ ਜਾਰੀ ਰਹੇਗੀ ਕਿ ਕੀ ਸਪੇਸ ਐਕਸਪੋਜਰ ਉਪਜ ਜਾਂ ਪੌਦਿਆਂ ਦੀਆਂ ਵਿਸ਼ੇਸ਼ਤਾਵਾਂ ਵਿੱਚ ਬਦਲਾਅ ਲਿਆਉਂਦਾ ਹੈ।

ਭਵਿੱਖ ਵਿੱਚ ਮੰਗਲ ਗ੍ਰਹਿ ʼਤੇ ਖੇਤੀ

ਜਦੋਂ ਅਸੀਂ ਧਰਤੀ 'ਤੇ ਪੌਦਿਆਂ ਦਾ ਅਧਿਐਨ ਕਰਦੇ ਹਾਂ, ਤਾਂ ਅਸੀਂ ਸਿਰਫ਼ ਇਹ ਦੇਖਦੇ ਹਾਂ ਕਿ ਉਹ ਗੁਰੂਤਾਕਰਸ਼ਣ ਅਧੀਨ ਕਿਵੇਂ ਵਧਦੇ ਹਨ ਨਾ ਕਿ ਇਹ ਨਹੀਂ ਕਿ ਉਹ ਵੱਖਰੇ ਢੰਗ ਨਾਲ ਕਿਵੇਂ ਵਧ ਸਕਦੇ ਹਨ।

ਸੂਖ਼ਮ ਗੁਰੂਤਾਕਰਸ਼ਣ ਅਤੇ ਧਰਤੀ ਦੀ ਗੁਰੂਤਾਕਰਸ਼ਣ ਵਿੱਚ ਵਾਧੇ ਦੀ ਤੁਲਨਾ ਕਰਕੇ, ਅਸੀਂ ਬੁਨਿਆਦੀ ਜੈਵਿਕ ਸੱਚਾਈਆਂ ਨੂੰ ਉਜਾਗਰ ਕਰ ਸਕਦੇ ਹਾਂ।

ਪੌਦਿਆਂ, ਸੈੱਲਾਂ ਅਤੇ ਰੋਗਾਣੂਆਂ 'ਤੇ ਅਜਿਹੀ ਖੋਜ ਜੀਵਨ ਦੇ ਪਿੱਛੇ ਅਸਲ ਸਰੀਰਕ ਸਿਧਾਂਤਾਂ ਨੂੰ ਪ੍ਰਗਟ ਕਰਦੀ ਹੈ।

ਇਹ ਪੌਦਿਆਂ ਦੇ ਜੀਵ ਵਿਗਿਆਨ ਵਿੱਚ ਬੇਮਿਸਾਲ ਸੂਝ ਪ੍ਰਦਾਨ ਕਰਦਾ ਹੈ। ਉਹ ਸੂਝ ਜੋ ਸਿਰਫ਼ ਧਰਤੀ-ਅਧਾਰਤ ਅਧਿਐਨ ਹੀ ਪ੍ਰਦਾਨ ਨਹੀਂ ਕਰ ਸਕਦੇ।

ਇਹ ਸਮਝਣਾ ਕਿ ਪੌਦੇ ਪੁਲਾੜ ਵਿੱਚ ਕਿਵੇਂ ਵਧਦੇ ਹਨ ਚੰਦਰਮਾ ਜਾਂ ਮੰਗਲ 'ਤੇ ਭਵਿੱਖ ਦੀਆਂ ਬਸਤੀਆਂ ਲਈ ਬਹੁਤ ਮਹੱਤਵਪੂਰਨ ਹੈ।

ਜੇਕਰ ਅਸੀਂ ਧਰਤੀ ਤੋਂ ਪਰੇ ਕੁਸ਼ਲਤਾ ਨਾਲ ਖੇਤੀ ਕਰ ਸਕਦੇ ਹਾਂ, ਤਾਂ ਪੁਲਾੜ ਯਾਤਰੀ ਸਾਈਟ 'ਤੇ ਉਗਾਏ ਗਏ ਤਾਜ਼ੇ, ਪੌਸ਼ਟਿਕ ਭੋਜਨ ਦਾ ਆਨੰਦ ਮਾਣ ਸਕਦੇ ਹਨ।

ਜਿਵੇਂ ਸਿੰਧੂ ਘਾਟੀ ਦੇ ਕਿਸਾਨਾਂ ਨੇ ਸਦੀਆਂ ਪਹਿਲਾਂ ਇੱਕ ਖੇਤੀਬਾੜੀ ਕ੍ਰਾਂਤੀ ਸ਼ੁਰੂ ਕੀਤੀ ਸੀ, ਉਸੇ ਤਰ੍ਹਾਂ ਅੱਜ ਦੇ ਵਿਗਿਆਨੀ ਅਗਲੀ ਮਹਾਨ ਕ੍ਰਾਂਤੀ ਲਈ ਰਾਹ ਪੱਧਰਾ ਕਰ ਰਹੇ ਹਨ ਜੋ ਗ੍ਰਹਾਂ ਵਿੱਚ ਮਨੁੱਖਤਾ ਦੀ ਯਾਤਰਾ ਲਈ ਜ਼ਰੂਰੀ ਵੀ ਹੈ।

ਖੇਤੀਬਾੜੀ ਦੀ ਕਹਾਣੀ ਅਜੇ ਵੀ ਲਿਖੀ ਜਾ ਰਹੀ ਹੈ। ਇਸਦਾ ਅਗਲਾ ਅਧਿਆਇ ਧਰਤੀ 'ਤੇ ਨਹੀਂ ਹੋ ਸਕਦਾ ਪਰ ਪੁਲਾੜ ਵਿੱਚ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)