ਐਕਸਿਓਮ-4 ਮਿਸ਼ਨ ਕੀ ਹੈ ਅਤੇ ਕੌਣ ਹਨ ਭਾਰਤੀ ਪਾਇਲਟ ਸ਼ੁਭਾਂਸ਼ੂ ਸ਼ੁਕਲਾ ਜਿਨ੍ਹਾਂ ਨੇ ਇਸ ਇਤਿਹਾਸਕ ਪੁਲਾੜ ਯਾਤਰਾ 'ਤੇ ਓਡਾਣ ਭਰੀ

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਨਿਊਜ਼, ਦਿੱਲੀ

ਭਾਰਤ ਦੇ ਸ਼ੁਭਾਂਸ਼ੂ ਸ਼ੁਕਲਾ ਸਮੇਤ ਚਾਰ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਲੈ ਜਾਣ ਵਾਲਾ ਐਕਸਿਓਮ-4 ਮਿਸ਼ਨ 25 ਜੂਨ ਨੂੰ ਲਾਂਚ ਹੋ ਗਿਆ ਹੈ।

ਇਸ ਮਿਸ਼ਨ ਵਿੱਚ ਪਹਿਲਾਂ ਕਈ ਵਾਰ ਰੁਕਾਵਟਾਂ ਆ ਚੁੱਕੀਆਂ ਹਨ। ਰਾਕੇਟ ਵਿੱਚ ਮਿਲੀਆਂ ਤਕਨੀਕੀ ਖਾਮੀਆਂ ਅਤੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿੱਚ ਆਏ ਰਿਸਾਅ ਵਰਗੀਆਂ ਸਮੱਸਿਆਵਾਂ ਕਰਕੇ ਇਹ ਲਾਂਚ ਰੁਕਦੀ ਰਹੀ। ਪੁਲਾੜ ਯਾਤਰੀ ਉੱਥੇ ਲਗਭਗ ਦੋ ਹਫ਼ਤੇ ਰਹਿਣਗੇ।

ਇਸ ਤੋਂ ਪਹਿਲਾਂ ਰਾਕੇਸ਼ ਸ਼ਰਮਾ ਪਹਿਲੇ ਭਾਰਤੀ ਸਨ ਜੋ 1984 ਵਿੱਚ ਰੂਸੀ ਮਿਸ਼ਨ ਤਹਿਤ ਪੁਲਾੜ ਗਏ ਸਨ।

ਦਿਲਚਸਪ ਗੱਲ ਇਹ ਹੈ ਕਿ ਉਸ ਵੇਲੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਜਨਮ ਵੀ ਨਹੀਂ ਹੋਇਆ ਸੀ।

ਹਾਲਾਂਕਿ ਇਹ ਮਿਸ਼ਨ ਪਹਿਲਾਂ ਮਈ ਦੇ ਆਖ਼ਰੀ ਹਫ਼ਤੇ ਵਿੱਚ ਜਾਣਾ ਸੀ, ਫਿਰ ਇਸਨੂੰ 8 ਜੂਨ ਨੂੰ ਲਾਂਚ ਕਰਨਾ ਸੀ, ਪਰ ਖ਼ਰਾਬ ਮੌਸਮ ਕਰਕੇ ਇਹ ਮਿਸ਼ਨ 11 ਜੂਨ ਨੂੰ ਹੋ ਸਕਣ ਦੀ ਉਮੀਦ ਸੀ। ਪਰ ਤਕਨੀਕੀ ਕਾਰਨਾਂ ਕਰਕੇ ਇਸਨੂੰ ਮੁੜ ਅੱਗੇ ਮੁਲਤਵੀ ਕਰ ਦਿੱਤਾ ਗਿਆ।

ਫਿਰ 19 ਅਤੇ 20 ਜੂਨ ਨੂੰ ਵੀ ਇਸ ਮਿਸ਼ਨ ਨੂੰ ਲਾਂਚ ਕਰਨ ਦੀ ਕੋਸ਼ਿਸ਼ ਹੋਈ ਪਰ ਤਕਨੀਕੀ ਖਾਮੀਆਂ ਕਰਕੇ ਦੋਵੇਂ ਦਿਨ ਇਹ ਲਾਂਚਿੰਗ ਰੱਦ ਕਰਨੀ ਪਈ।

ਇਹ ਇੱਕ ਵਪਾਰਕ ਮਿਸ਼ਨ ਹੈ ਜੋ ਅਮਰੀਕੀ ਕੰਪਨੀ ਏਕਸਿਓਮ ਸਪੇਸ, ਨਾਸਾ ਅਤੇ ਸਪੇਸ ਐਕਸ ਦੇ ਸਾਂਝੇ ਯਤਨਾਂ ਨਾਲ ਚਲਾਇਆ ਜਾ ਰਿਹਾ ਹੈ। ਇਹ ਕੰਪਨੀ ਦਾ ਚੌਥਾ ਮਿਸ਼ਨ ਹੈ ਅਤੇ ਇਸ ਵਿੱਚ ਪਹਿਲੀ ਵਾਰੀ ਕੋਈ ਭਾਰਤੀ ਪੁਲਾੜ ਯਾਤਰੀ ਹਿੱਸਾ ਲੈ ਰਿਹਾ ਹੈ।

ਚਲੋ ਜਾਣਦੇ ਹਾਂ ਕਿ ਏਕਸਿਓਮ-4 ਮਿਸ਼ਨ ਕੀ ਹੈ ਅਤੇ ਭਾਰਤ ਲਈ ਇਹ ਕਿਉਂ ਮਹੱਤਵਪੂਰਨ ਹੈ?

ਐਕਸਿਓਮ-4 ਮਿਸ਼ਨ ਕੀ ਹੈ

ਇੱਕ ਵਪਾਰਕ ਸਪੇਸ ਫਲਾਈਟ ਹੈ। ਇਸ ਮਿਸ਼ਨ ਨੂੰ ਹਿਊਸਟਨ ਸ਼ਹਿਰ ਦੀ ਕੰਪਨੀ ਐਕਸਿਓਮ ਸਪੇਸ ਚਲਾ ਰਹੀ ਹੈ।

ਇਸ ਐਕਸਿਓਮ-4 ਮਿਸ਼ਨ ਵਿੱਚ ਇੱਕ ਸੀਟ ਭਾਰਤ ਨੇ ਖਰੀਦੀ ਹੈ, ਜਿਸ ਲਈ ਲਗਭਗ 550 ਕਰੋੜ ਰੁਪਏ ਦੀ ਰਕਮ ਅਦਾ ਕੀਤੀ ਗਈ ਹੈ।

ਉਸ ਪੁਲਾੜ ਯਾਤਰੀ ਸੀਟ ਉੱਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਪੁਲਾੜ 'ਤੇ ਜਾਣਗੇ ਅਤੇ 14 ਦਿਨਾਂ ਲਈ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿੱਚ ਰਹਿਣਗੇ।

ਇਹ ਪੁਲਾੜ ਯਾਨ ਸਪੇਸਐਕਸ ਰਾਕੇਟ ਰਾਹੀਂ ਫਲੋਰੀਡਾ ਦੇ ਨਾਸਾ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ।

ਨਾਸਾ ਦੀ ਵੈਬਸਾਈਟ ਦੇ ਅਨੁਸਾਰ, "ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵੱਲ ਜਾਣ ਵਾਲੇ ਇਸ ਪੁਲਾੜ ਯਾਨ ਵਿੱਚ ਗਰੁੱਪ ਕੈਪਟਨ ਸ਼ੁਕਲਾ ਦੇ ਨਾਲ ਪੋਲੈਂਡ ਦੇ ਸਲਾਵੋਜ਼ ਅਜ਼ਨਾਨਸਕੀ ਵਿਜ਼ਨਊਸਕੀ, ਹੰਗਰੀ ਦੇ ਟੀਬੋਰ ਕਾਪੂ, ਅਤੇ ਅਮਰੀਕਾ ਦੀ ਪੈਗੀ ਵਿਟਸਨ ਵੀ ਹੋਣਗੇ।"

ਐਕਸਿਓਮ ਸਪੇਸ ਵਿੱਚ ਹਿਊਮਨ ਸਪੇਸਫਲਾਈਟ ਦੀ ਡਾਇਰੈਕਟਰ ਪੇਗੀ ਵਿਟਸਨ ਇਸ ਵਪਾਰਕ ਮਿਸ਼ਨ ਦੀ ਅਗਵਾਈ ਕਰ ਰਹੀ ਹਨ। ਸ਼ੁਭਾਂਸ਼ੂ ਸ਼ੁਕਲਾ ਇਸ ਮਿਸ਼ਨ ਦੇ ਪਾਇਲਟ ਹੋਣਗੇ, ਜਦਕਿ ਹੋਰ ਦੋ ਪੁਲਾੜ ਯਾਤਰੀ ਮਿਸ਼ਨ ਸਪੈਸ਼ਲਿਸਟ ਵਜੋਂ ਭੇਜੇ ਜਾ ਰਹੇ ਹਨ।

ਇਸ ਟੀਮ ਵਿੱਚ ਹੋਰ ਕੌਣ-ਕੌਣ ਸ਼ਾਮਲ

ਏਐਕਸ-4 ਦੀ ਅਗਵਾਈ ਨਾਸਾ ਦੇ ਸਾਬਕਾ ਪੁਲਾੜ ਯਾਤਰੀ ਪੈਗੀ ਵਿਟਸਨ ਕਰ ਰਹੇ ਹਨ। ਉਹ ਇੱਕ ਪੁਲਾੜ ਅਨੁਭਵੀ ਹਨ ਜੋ ਦੋ ਵਾਰ ਆਈਐੱਸਐੱਸ ਦੇ ਕਮਾਂਡਰ ਰਹਿ ਚੁੱਕੇ ਹਨ। ਉਨ੍ਹਾਂ ਨੇ ਸੈਂਕੜੇ ਦਿਨ ਪੁਲਾੜ ਵਿੱਚ ਬਿਤਾਏ ਹਨ ਅਤੇ 10 ਵਾਰ ਪੁਲਾੜ ਦੀ ਸੈਰ ਕੀਤੀ ਹੈ।

ਉਨ੍ਹਾਂ ਤੋਂ ਇਲਾਵਾ ਇਸ ਟੀਮ ਵਿੱਚ ਪੋਲੈਂਡ ਤੋਂ ਸਲਾਓਸ ਉਜ਼ਨਾਂਸਕੀ-ਵਿਸਨੀਵਸਕੀ ਅਤੇ ਹੰਗਰੀ ਤੋਂ ਟਿਬੋਰ ਕਾਪੂ ਵੀ ਸ਼ਾਮਲ ਹਨ। ਭਾਰਤੀ ਪੁਲਾੜ ਯਾਤਰੀ ਸ਼ੁਕਲਾ ਵਾਂਗ, ਉਹ ਦੋਵੇਂ ਵੀ ਚਾਰ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਆਪਣੇ ਦੇਸ਼ਾਂ ਨੂੰ ਪੁਲਾੜ ਵਿੱਚ ਵਾਪਸ ਲੈ ਜਾ ਰਹੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਯਾਤਰਾ ਵਿੱਚ ਪਾਇਲਟ ਦੀ ਭੂਮਿਕਾ ਮਹੱਤਵਪੂਰਨ ਹੈ, ਕਿਉਂਕਿ ਉਹ ਮਿਸ਼ਨ ਕਮਾਂਡਰ ਦੇ ਦੂਜੇ-ਇਨ-ਕਮਾਂਡ ਵਜੋਂ ਕੰਮ ਕਰਨਗੇ ਅਤੇ ਲਾਂਚ, ਡੌਕਿੰਗ, ਅਨਡੌਕਿੰਗ ਅਤੇ ਧਰਤੀ 'ਤੇ ਵਾਪਸੀ ਦੌਰਾਨ ਪੁਲਾੜ ਯਾਨ ਦੇ ਕਾਰਜਾਂ ਵਿੱਚ ਸਹਾਇਤਾ ਕਰਨਗੇ।

ਇਹ ਸਾਰੇ ਪੁਲਾੜ ਯਾਤਰੀ, ਯਾਤਰਾ ਦੀ ਤਿਆਰੀ ਲਈ 25 ਮਈ ਤੋਂ ਕੁਆਰੰਟੀਨ ਵਿੱਚ ਹਨ। ਮੰਗਲਵਾਰ ਰਾਤ ਨੂੰ ਇਨ੍ਹਾਂ ਯਾਤਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਜੋਏ - ਇੱਕ ਛੋਟਾ, ਚਿੱਟਾ ਖਿਡੌਣਾ - ਵੀ ਪੇਸ਼ ਕੀਤਾ, ਜਿਸ ਬਾਰੇ ਉਨ੍ਹਾਂ ਦੱਸਿਆ ਕਿ ਏਐਕਸ-4 'ਤੇ ਉਹ "ਚਾਲਕ ਦਲ ਦਾ ਪੰਜਵਾਂ ਮੈਂਬਰ" ਹੋਵੇਗਾ।

ਇਸ ਦੌਰਾਨ ਕਮਾਂਡਰ ਵਿਟਸਨ ਨੇ ਕਿਹਾ, "ਅਸੀਂ ਲਾਂਚ ਲਈ ਤਿਆਰ ਹਾਂ, ਅਸੀਂ ਸਾਰੀ ਟ੍ਰੇਨਿੰਗ ਪੂਰੀ ਕਰ ਲਈ ਹੈ ਅਤੇ ਟੀਮ ਵਿੱਚ ਚੰਗੇ ਸਬੰਧ ਬਣ ਗਏ ਹਨ।''

'ਮੈਂ ਅਰਬਾਂ ਦਿਲਾਂ ਦੀਆਂ ਉਮੀਦਾਂ ਅਤੇ ਸੁਪਨੇ ਨਾਲ ਲੈ ਕੇ ਜਾਵਾਂਗਾ'

ਗਰੁੱਪ ਕੈਪਟਨ ਸ਼ੁਕਲਾ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਆਪਣੇ ਉਤਸ਼ਾਹ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ।

ਉਨ੍ਹਾਂ ਕਿਹਾ, "ਇਹ ਹੁਣ ਤੱਕ ਦਾ ਇੱਕ ਸ਼ਾਨਦਾਰ ਸਫ਼ਰ ਰਿਹਾ ਹੈ, ਪਰ ਸਭ ਤੋਂ ਵਧੀਆ ਸਮਾਂ ਅਜੇ ਆਉਣਾ ਬਾਕੀ ਹੈ।''

ਸ਼ੁਕਲਾ ਨੇ ਅੱਗੇ ਕਿਹਾ, "ਪੁਲਾੜ ਵਿੱਚ ਮੈਂ ਆਪਣੇ ਨਾਲ ਸਿਰਫ਼ ਯੰਤਰ ਅਤੇ ਉਪਕਰਣ ਹੀ ਨਹੀਂ ਲੈ ਕੇ ਜਾਵਾਂਗਾ ਸਗੋਂ ਅਰਬਾਂ ਦਿਲਾਂ ਦੀਆਂ ਉਮੀਦਾਂ ਅਤੇ ਸੁਪਨੇ ਵੀ ਲੈ ਕੇ ਜਾਵਾਂਗਾ।''

"ਮੈਂ ਸਾਰੇ ਭਾਰਤੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਡੇ ਮਿਸ਼ਨ ਦੀ ਸਫਲਤਾ ਲਈ ਪ੍ਰਾਰਥਨਾ ਕਰਨ।''

39 ਸਾਲਾ ਸ਼ੁਕਲਾ ਉਨ੍ਹਾਂ ਚਾਰ ਭਾਰਤੀ ਹਵਾਈ ਸੈਨਾ ਅਧਿਕਾਰੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਪਿਛਲੇ ਭਾਰਤ ਸੀ ਪਹਿਲੀ ਮਨੁੱਖੀ ਪੁਲਾੜ ਉਡਾਣ 'ਤੇ ਯਾਤਰਾ ਕਰਨ ਲਈ ਚੁਣਿਆ ਗਿਆ ਸੀ, ਜੋ ਕਿ 2027 ਲਈ ਨਿਰਧਾਰਿਤ ਹੈ।

ਗਗਨਯਾਨ ਮਿਸ਼ਨ ਦਾ ਉਦੇਸ਼ ਤਿੰਨ ਪੁਲਾੜ ਯਾਤਰੀਆਂ ਨੂੰ 400 ਕਿਲੋਮੀਟਰ ਦੇ ਓਰਬਿਟ ਵਿੱਚ ਭੇਜਣਾ ਅਤੇ ਤਿੰਨ ਦਿਨਾਂ ਬਾਅਦ ਉਨ੍ਹਾਂ ਨੂੰ ਵਾਪਸ ਲਿਆਉਣਾ ਹੈ।

ਭਾਰਤ ਨੇ 2035 ਤੱਕ ਇੱਕ ਪੁਲਾੜ ਸਟੇਸ਼ਨ ਸਥਾਪਤ ਕਰਨ ਅਤੇ 2040 ਤੱਕ ਚੰਦਰਮਾ 'ਤੇ ਇੱਕ ਪੁਲਾੜ ਯਾਤਰੀ ਭੇਜਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਹੈ।

ਭਾਰਤ ਦੀ ਪੁਲਾੜ ਏਜੰਸੀ ਇਸਰੋ ਗਗਨਯਾਨ ਦੀ ਤਿਆਰੀ ਲਈ ਕਈ ਟੈਸਟ ਕਰ ਰਹੀ ਹੈ। ਦਸੰਬਰ ਵਿੱਚ, ਇਨ੍ਹਾਂ ਟੈਸਟਾਂ ਦੇ ਹਿੱਸੇ ਵਜੋਂ ਇੱਕ ਮਹਿਲਾ ਹਿਊਮਨਾਈਡ ਰੋਬੋਟ ਨੂੰ ਪੁਲਾੜ ਵਿੱਚ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਇਸ ਲਈ, ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤਾਜ਼ਾ ਮਿਸ਼ਨ ਇਸਰੋ ਲਈ ਇੱਕ "ਵਿਲੱਖਣ ਦਿਲਚਸਪ ਮੌਕਾ'' ਹੈ ਅਤੇ ਇਸ ਲਈ ਭਾਰਤ ਵਿੱਚ ਵੀ ਇਸ ਨੂੰ ਲੈ ਕੇ ਬਹੁਤ ਦਿਲਚਸਪੀ ਬਣੀ ਹੋਈ ਹੈ।

ਏਐਕਸ-4 'ਤੇ ਆਈਐੱਸਐੱਸ ਦੀ ਯਾਤਰਾ - ਹਿਊਸਟਨ-ਅਧਾਰਤ ਨਿੱਜੀ ਕੰਪਨੀ ਐਕਸਿਓਮ-4 ਸਪੇਸ ਦੁਆਰਾ ਸੰਚਾਲਿਤ ਇੱਕ ਵਪਾਰਕ ਉਡਾਣ ਹੈ, ਜੋ ਕਿ ਨਾਸਾ, ਇਸਰੋ ਅਤੇ ਯੂਰਪੀਅਨ ਸਪੇਸ ਏਜੰਸੀ (ਈਐਸਏ) ਵਿਚਕਾਰ ਸਹਿਯੋਗੀ ਯਤਨਾਂ ਨਾਲ ਕੀਤੀ ਜਾ ਰਹੀ ਹੈ।

10 ਤਰੀਕ ਦੀ ਉਡਾਣ ਸਪੇਸਐਕਸ ਕਰੂ ਡਰੈਗਨ ਕੈਪਸੂਲ ਦੀ ਵਰਤੋਂ ਕਰਕੇ ਫਾਲਕਨ 9 ਰਾਕੇਟ 'ਤੇ ਲਾਂਚ ਕੀਤੀ ਜਾਵੇਗੀ।

ਇਸਰੋ, ਜਿਸਨੇ ਗਰੁੱਪ ਕੈਪਟਨ ਸ਼ੁਕਲਾ ਅਤੇ ਉਨ੍ਹਾਂ ਦੀ ਸਿਖਲਾਈ ਲਈ ਸੀਟ ਸੁਰੱਖਿਅਤ ਕਰਨ ਲਈ 5 ਬਿਲੀਅਨ ਰੁਪਏ ਦਾ ਭੁਗਤਾਨ ਕੀਤਾ ਹੈ, ਦਾ ਕਹਿਣਾ ਹੈ ਕਿ ਆਈਐੱਸਐੱਸ ਦੀ ਇਸ ਯਾਤਰਾ ਦੌਰਾਨ ਸ਼ੁਕਲਾ ਨੂੰ ਮਿਲਣ ਵਾਲਾ ਤਜਰਬਾ ਭਾਰਤ ਦੀ ਬਹੁਤ ਮਦਦ ਕਰੇਗਾ।

ਇਸਰੋ ਦੇ ਚੇਅਰਮੈਨ ਵੀ ਨਾਰਾਇਣਨ ਨੇ ਹਾਲ ਹੀ ਵਿੱਚ ਕਿਹਾ, "ਇਸ ਮਿਸ਼ਨ ਤੋਂ ਸਾਨੂੰ ਜੋ ਲਾਭ ਮਿਲੇਗਾ ਉਹ ਸਿਖਲਾਈ, ਸੁਵਿਧਾਵਾਂ ਦੀ ਪਛਾਣ ਕਰਨ ਅਤੇ ਪੁਲਾੜ ਵਿੱਚ ਸਾਂਝੇ ਤੌਰ 'ਤੇ ਪ੍ਰਯੋਗ ਕਰਨ ਦੇ ਅਨੁਭਵ ਦੇ ਮਾਮਲੇ ਵਿੱਚ ਸ਼ਾਨਦਾਰ ਹੈ।''

ਇਸਰੋ ਪ੍ਰੋਜੈਕਟ ਡਾਇਰੈਕਟਰ ਸੁਦੀਸ਼ ਬਾਲਨ ਨੇ ਕਿਹਾ ਕਿ ਗਰੁੱਪ ਕੈਪਟਨ ਸ਼ੁਕਲਾ ਪਿਛਲੇ ਸਾਲ ਅਗਸਤ ਤੋਂ ਸਿਖਲਾਈ ਲੈ ਰਹੇ ਸਨ।

ਉਨ੍ਹਾਂ ਕਿਹਾ, "ਯਾਤਰਾ ਦੀ ਤਿਆਰੀ ਲਈ ਉਨ੍ਹਾਂ ਨੇ ਸਖ਼ਤ ਸਿਖਲਾਈ ਲਈ ਹੈ, ਜਿਸ ਵਿੱਚ ਸਰੀਰਕ ਅਤੇ ਮਨੋਵਿਗਿਆਨਕ ਮੁਲਾਂਕਣ ਵੀ ਸ਼ਾਮਲ ਹਨ।"

ਕੌਣ ਹਨ ਕੈਪਟਨ ਸ਼ੁਭਾਂਸ਼ੂ ਸ਼ੁਕਲਾ

10 ਅਕਤੂਬਰ 1985 ਨੂੰ ਜਨਮੇ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਹਨ।

ਸ਼ੁਕਲਾ ਨੇ ਸਾਲ 2006 ਵਿੱਚ ਭਾਰਤੀ ਹਵਾਈ ਫ਼ੌਜ ਵਿੱਚ ਫਾਈਟਰ ਪਾਇਲਟ ਵਜੋਂ ਸੇਵਾ ਸ਼ੁਰੂ ਕੀਤੀ ਸੀ।

ਐਕਸਿਓਮ-4 ਸਪੇਸ ਮੁਤਾਬਕ, ਉਨ੍ਹਾਂ ਕੋਲ 2000 ਘੰਟਿਆਂ ਦੀ ਉਡਾਣ ਦਾ ਤਜਰਬਾ ਹੈ।

ਉਹ ਭਾਰਤੀ ਹਵਾਈ ਫ਼ੌਜ ਦੇ ਸੁਖੋਈ-30 ਐਮਕੇਆਈ, ਮਿੱਗ-21ਐੱਸ, ਮਿੱਗ-29ਐੱਸ, ਜੈਗੁਆਰ, ਹਾਕਸ ਡੋਨੀਅਰਜ਼ ਅਤੇ ਐੱਨ-32 ਵਰਗੇ ਲੜਾਕੂ ਜਹਾਜ਼ ਉਡਾ ਚੁੱਕੇ ਹਨ।

ਹਾਲਾਂਕਿ, ਉਨ੍ਹਾਂ ਦੀ ਭੈਣ ਸ਼ੁਚੀ ਮਿਸ਼ਰਾ ਨੇ ਬੀਬੀਸੀ ਨੂੰ ਦੱਸਿਆ ਕਿ ਹਵਾਈ ਫੌਜ ਵਿੱਚ ਉਨ੍ਹਾਂ ਦਾ ਦਾਖਲਾ "ਐਕਸੀਡੈਂਟਲ" ਸੀ।

ਉਨ੍ਹਾਂ ਦੱਸਿਆ, "ਜਦੋਂ ਉਹ 17 ਸਾਲ ਦੇ ਸਨ ਅਤੇ ਹਾਈ ਸਕੂਲ ਵਿੱਚ ਸਨ ਤਾਂ ਉਨ੍ਹਾਂ ਦੇ ਦੋਸਤ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਅਰਜ਼ੀ ਦੇਣ ਲਈ ਇੱਕ ਫਾਰਮ ਮਿਲਿਆ। ਪਰ ਇਹ ਦੋਸਤ ਥੋੜ੍ਹਾ ਵੱਡਾ ਸੀ ਇਸ ਲਈ ਉਹ ਯੋਗ ਨਹੀਂ ਸੀ। ਫਾਰਮ ਬਰਬਾਦ ਨਾ ਹੋਵੇ ਇਸ ਲਈ ਸ਼ੁਭਾਂਸ਼ੂ ਨੇ ਹੀ ਉਸ ਨੂੰ ਭਰ ਦਿੱਤਾ।

"ਉਨ੍ਹਾਂ ਦੀ ਚੋਣ ਹੋ ਗਈ ਅਤੇ ਫਿਰ ਕਦੇ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।"

ਸ਼ੁਚੀ ਕਹਿੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ "ਬਹੁਤ ਖੁਸ਼ ਹੈ ਕਿਉਂਕਿ ਸਾਡੇ ਪਰਿਵਾਰ ਵਿੱਚੋਂ ਇੱਕ ਨੂੰ ਇਸ ਮਿਸ਼ਨ ਲਈ ਭਾਰਤ ਦੇ 1.4 ਅਰਬ ਲੋਕਾਂ ਵਿੱਚੋਂ ਚੁਣਿਆ ਗਿਆ ਹੈ"।

"ਅਸੀਂ ਸਾਰੇ ਬਹੁਤ ਖੁਸ਼ਕਿਸਮਤ ਅਤੇ ਮਾਣ ਮਹਿਸੂਸ ਕਰਦੇ ਹਾਂ ਕਿ ਉਹ ਸਾਡੇ ਪਰਿਵਾਰ ਦਾ ਹਿੱਸਾ ਹਨ ਅਤੇ ਅਸੀਂ ਉਨ੍ਹਾਂ ਦੀ ਯਾਤਰਾ ਦਾ ਹਿੱਸਾ ਰਹੇ ਹਾਂ।"

ਸ਼ੁਚੀ ਕਹਿੰਦੇ ਹਨ ਕਿ ਉਨ੍ਹਾਂ ਦਾ ਭਰਾ ਇਹ ਯਾਤਰਾ ਆਪਣੇ ਦੇਸ਼ ਲਈ - ਅਗਲੀ ਪੀੜ੍ਹੀ ਲਈ ਕਰ ਰਿਹਾ ਹੈ।

"ਉਹ ਹਮੇਸ਼ਾ ਲੋਕਾਂ ਨੂੰ ਵੱਡੇ ਸੁਪਨੇ ਦੇਖਣ ਲਈ, ਦੇਸ਼ ਲਈ ਕੁਝ ਕਰਨ ਲਈ ਕਹਿੰਦੇ। ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੀ ਯਾਤਰਾ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ।"

ਏਐਕਸ-4 'ਤੇ ਸ਼ੁਕਲਾ ਕਿਹੜੀ ਜ਼ਿੰਮੇਵਾਰੀ ਸੰਭਾਲਣਗੇ

ਇਸ ਮਿਸ਼ਨ ਨੂੰ ਪਾਇਲਟ ਕਰਨ ਤੋਂ ਇਲਾਵਾ, ਭਾਰਤੀ ਪੁਲਾੜ ਯਾਤਰੀ ਆਈਐੱਸਐੱਸ 'ਤੇ ਆਪਣੇ ਸਮੇਂ ਦੌਰਾਨ ਕਾਫੀ ਵਿਅਸਤ ਰਹਿਣਗੇ।

ਭਾਰਤ ਵਿੱਚ ਇਸ ਉਡਾਣ ਪ੍ਰਤੀ ਭਾਰੀ ਦਿਲਚਸਪੀ ਨੂੰ ਦੇਖਦੇ ਹੋਏ, ਇਸਰੋ ਨੇ ਕਿਹਾ ਹੈ ਕਿ ਉਹ ਸ਼ੁਕਲਾ ਲਈ ਈਵੈਂਟ ਦੀ ਤਿਆਰੀ ਕਰ ਰਹੇ ਹਨ ਤਾਂ ਜੋ ਉਹ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਅਤੇ ਪੁਲਾੜ ਵਿੱਚ ਤੈਰਦੇ ਹੋਏ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ।

ਬਾਲਨ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਇਹ ਸਾਡੇ ਨੌਜਵਾਨ ਬੱਚਿਆਂ ਨੂੰ ਪੁਲਾੜ ਤਕਨੀਕ ਪ੍ਰਤੀ ਭਾਵੁਕ ਬਣਨ ਲਈ ਪ੍ਰੇਰਿਤ ਕਰੇਗਾ।''

ਪਰ ਇਸ ਦੌਰਾਨ ਇਹ ਚਾਰ ਮੈਂਬਰੀ ਚਾਲਕ ਦਲ ਜ਼ਿਆਦਾਤਰ ਸਮਾਂ 60 ਵਿਗਿਆਨਕ ਪ੍ਰਯੋਗਾਂ ਵਿੱਚ ਬਿਤਾਏਗਾ, ਜਿਨ੍ਹਾਂ ਵਿੱਚੋਂ ਸੱਤ ਭਾਰਤ ਦੇ ਹਨ।

ਨਾਸਾ ਦੇ ਸਾਬਕਾ ਵਿਗਿਆਨੀ ਮਿਲਾ ਮਿੱਤਰਾ ਕਹਿੰਦੇ ਹਨ ਕਿ ਇਸਰੋ ਦੇ ਪ੍ਰਯੋਗ ਪੁਲਾੜ ਬਾਰੇ ਸਾਡੀ ਸਮਝ ਅਤੇ ਜੀਵ ਵਿਗਿਆਨ ਅਤੇ ਸੂਖਮ-ਗਰੈਵਿਟੀ 'ਤੇ ਇਸਦੇ ਪ੍ਰਭਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ।

ਉਹ ਦੱਸਦੇ ਹਨ ਕਿ ਮੁੱਖ ਪ੍ਰਯੋਗਾਂ ਵਿੱਚੋਂ ਇੱਕ - ਛੇ ਕਿਸਮਾਂ ਦੀਆਂ ਫਸਲਾਂ ਦੇ ਬੀਜਾਂ 'ਤੇ ਪੁਲਾੜ ਉਡਾਣ ਦੇ ਪ੍ਰਭਾਵ ਦੀ ਜਾਂਚ ਕਰੇਗਾ।

ਉਨ੍ਹਾਂ ਦੱਸਿਆ, "ਇਸ ਪ੍ਰੋਜੈਕਟ ਦਾ ਉਦੇਸ਼ ਇਹ ਸਮਝਣ ਵਿੱਚ ਮਦਦ ਕਰਨਾ ਹੈ ਕਿ ਭਵਿੱਖ ਦੇ ਖੋਜ ਮਿਸ਼ਨਾਂ ਲਈ ਪੁਲਾੜ ਵਿੱਚ ਫਸਲਾਂ ਕਿਵੇਂ ਉਗਾਈਆਂ ਜਾ ਸਕਦੀਆਂ ਹਨ। ਮਿਸ਼ਨ ਤੋਂ ਬਾਅਦ, ਕਈ ਪੀੜ੍ਹੀਆਂ ਲਈ ਬੀਜ ਉਗਾਏ ਜਾਣਗੇ ਅਤੇ ਸਹੀ ਨਤੀਜੇ ਦਿਖਾਉਣ ਵਾਲੇ ਪੌਦਿਆਂ ਨੂੰ ਜੈਨੇਟਿਕ ਵਿਸ਼ਲੇਸ਼ਣ ਲਈ ਚੁਣਿਆ ਜਾਵੇਗਾ।"

ਇਸਰੋ ਦੇ ਇੱਕ ਹੋਰ ਪ੍ਰਯੋਗ ਵਿੱਚ ਸੂਖਮ-ਐਲਗੀ ਦੀਆਂ ਤਿੰਨ ਕਿਸਮਾਂ ਨੂੰ ਉਗਾਉਣਾ ਸ਼ਾਮਲ ਹੈ ਜਿਨ੍ਹਾਂ ਨੂੰ ਭੋਜਨ, ਬਾਲਣ ਜਾਂ ਜੀਵਨ ਸਹਾਇਤਾ ਪ੍ਰਣਾਲੀਆਂ ਵਿੱਚ ਵੀ ਵਰਤਿਆ ਜਾ ਸਕਦਾ ਹੈ ਅਤੇ ਨਾਲ ਹੀ ਇਹ ਸੂਖਮ-ਗਰੈਵਿਟੀ ਵਿੱਚ ਵਧਣ ਲਈ ਸਭ ਤੋਂ ਢੁਕਵੇਂ ਲੋਕਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ।

ਇਸਰੋ ਪ੍ਰੋਜੈਕਟ ਇਹ ਵੀ ਜਾਂਚ ਕਰਨਗੇ ਕਿ ਟਾਰਡੀਗ੍ਰੇਡ - ਧਰਤੀ 'ਤੇ ਉਹ ਸੂਖਮ-ਜਾਨਵਰ ਜੋ ਗੰਭੀਰ ਵਾਤਾਵਰਣਾਂ 'ਚ ਵੀ ਜਿਉਂਦੇ ਰਹਿ ਸਕਦੇ ਹਨ - ਪੁਲਾੜ ਵਿੱਚ ਕਿਵੇਂ ਕੰਮ ਰਹਿਣਗੇ।

ਮਿੱਤਰਾ ਕਹਿੰਦੇ ਹਨ, "ਇਹ ਪ੍ਰੋਜੈਕਟ ਸੁਸਤ ਟਾਰਡੀਗ੍ਰੇਡਾਂ (ਧਰਤੀ 'ਤੇ ਵੱਖ-ਵੱਖ ਹਾਲਾਤਾਂ 'ਚ ਰਹਿਣ ਵਾਲਾ ਪ੍ਰਾਣੀ) ਦੇ ਪੁਨਰ ਸੁਰਜੀਤ ਹੋਣ ਸਬੰਧੀ ਜਾਂਚ ਕਰੇਗਾ, ਇੱਕ ਮਿਸ਼ਨ ਦੌਰਾਨ ਇਸ ਦੇ ਦਿੱਤੇ ਅਤੇ ਨਿਕਲੇ ਅੰਡਿਆਂ ਦੀ ਗਿਣਤੀ ਕਰੇਗਾ, ਅਤੇ ਪੁਲਾੜ-ਉਡਾਣ ਬਨਾਮ ਜ਼ਮੀਨੀ ਨਿਯੰਤਰਣ ਵਿੱਚ ਉਨ੍ਹਾਂ ਦੀ ਆਬਾਦੀ ਦੀ ਤੁਲਨਾ ਕਰੇਗਾ।''

ਦੂਜੇ ਪ੍ਰਯੋਗਾਂ ਦਾ ਉਦੇਸ਼ ਇਹ ਪਛਾਣਨਾ ਹੈ ਕਿ ਪੁਲਾੜ ਵਿੱਚ ਮਾਸਪੇਸ਼ੀਆਂ ਨੂੰ ਕਿਵੇਂ ਨੁਕਸਾਨ ਹੁੰਦਾ ਹੈ ਅਤੇ ਇਸਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ; ਅਤੇ ਮਾਈਕ੍ਰੋਗ੍ਰੈਵਿਟੀ ਵਿੱਚ ਕੰਪਿਊਟਰ ਸਕ੍ਰੀਨਾਂ ਦੀ ਵਰਤੋਂ ਦੇ ਸਰੀਰਕ ਅਤੇ ਬੋਧਾਤਮਕ ਪ੍ਰਭਾਵ ਕੀ ਹੁੰਦੇ ਹਨ।

ਉਨ੍ਹਾਂ ਦੱਸਿਆ, "ਇਹ ਖੋਜ ਇਸ ਗੱਲ ਦਾ ਵੀ ਅਧਿਐਨ ਕਰੇਗੀ ਕਿ ਪੁਲਾੜ ਵਿੱਚ ਹੋਣ ਨਾਲ ਨਜ਼ਰ ਦੀ ਸਥਿਰਤਾ ਅਤੇ ਅੱਖਾਂ ਦੀਆਂ ਤੇਜ਼ ਹਰਕਤਾਂ ਕਿਵੇਂ ਪ੍ਰਭਾਵਿਤ ਹੁੰਦੀਆਂ ਹਨ, ਅਤੇ ਇਹ ਇੱਕ ਪੁਲਾੜ ਯਾਤਰੀ ਦੇ ਤਣਾਅ ਅਤੇ ਤੰਦਰੁਸਤੀ ਨੂੰ ਕਿਵੇਂ ਪ੍ਰਭਾਵਤ ਕਰ ਸਕਦਾ ਹੈ। ਇਹ ਨਤੀਜੇ, ਭਵਿੱਖ ਦੇ ਪੁਲਾੜ ਯਾਨ ਕੰਪਿਊਟਰ ਡਿਜ਼ਾਈਨ ਅਤੇ ਪਰਸਪਰ ਪ੍ਰਭਾਵ ਨੂੰ ਪ੍ਰਭਾਵਿਤ ਕਰ ਸਕਦੇ ਹਨ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)