ਛੋਟੀ ਉਮਰੇ ਚਿੱਟੇ ਵਾਲ ਆਉਣ ਦਾ ਕੀ ਕਾਰਨ ਹੈ ਤੇ ਕੀ ਕੁਦਰਤੀ ਤੌਰ 'ਤੇ ਵਾਲਾਂ ਦਾ ਰੰਗ ਮੁੜ ਵਾਪਸ ਲਿਆਂਦਾ ਜਾ ਸਕਦਾ ਹੈ

ਐਸ਼ਲੇ ਸ਼ੁਕਰੂ

ਤਸਵੀਰ ਸਰੋਤ, Ashley Sukru

ਤਸਵੀਰ ਕੈਪਸ਼ਨ, ਐਸ਼ਲੇ ਦਾ ਕਹਿਣਾ ਹੈ ਕਿ 14 ਸਾਲ ਦੀਲ ਉਮਰ ਵਿੱਚ ਵਾਲ ਚਿੱਟੇ ਹੋਣ ਕਾਰਨ ਉਹ ਚਿੰਤਾ ਕਰਦੇ ਸਨ
    • ਲੇਖਕ, ਐਸਥਰ ਕਾਹੁੰਬੀ
    • ਰੋਲ, ਗਲੋਬਲ ਹੈਲਥ

ਐਸ਼ਲੇ ਸ਼ੁਕਰੂ ਸਿਰਫ਼ 14 ਸਾਲ ਦੀ ਸੀ ਜਦੋਂ ਹਾਈ ਸਕੂਲ ਵਿੱਚ ਇੱਕ ਦੋਸਤ ਨੇ ਪਹਿਲੀ ਵਾਰ ਉਨ੍ਹਾਂ ਦੇ ਚਿੱਟੇ ਵਾਲ ਦੇਖੇ। ਉਸ ਪਲ਼ ਨੇ ਉਨ੍ਹਾਂ ਦੇ ਨਜ਼ਰੀਏ ਨੂੰ ਬਦਲ ਦਿੱਤਾ।

"ਮੈਂ ਤੁਰੰਤ ਸੋਚਿਆ, 'ਨਹੀਂ, ਮੇਰੇ ਵਾਲ ਚਿੱਟੇ ਨਹੀਂ ਹੋ ਸਕਦੇ, ਮੈਂ ਤਾਂ ਸਿਰਫ਼ 14 ਸਾਲ ਦੀ ਹਾਂ। ਮੈਨੂੰ ਯਾਦ ਹੈ ਕਿ ਮੈਂ ਦੁਪਹਿਰ ਨੂੰ ਘਰ ਗਈ ਅਤੇ ਆਪਣੇ ਵਾਲਾਂ ਨੂੰ ਧਿਆਨ ਨਾਲ ਵੇਖਿਆ ਅਤੇ ਮੈਨੂੰ ਹੋਰ ਵੀ ਬਹੁਤ ਚਿੱਟੇ ਵਾਲ ਨਜ਼ਰ ਆਏ। ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ।"

ਕੈਨੇਡਾ ਦੀ 28 ਸਾਲਾ ਐਸ਼ਲੇ ਨੇ ਆਪਣੇ ਮਾਪਿਆਂ ਨੂੰ ਆਪਣੇ ਵਾਲ ਰੰਗਣ ਦੀ ਇਜਾਜ਼ਤ ਦੇਣ ਲਈ ਮਨਾਇਆ। "ਜਦੋਂ ਤੁਸੀਂ ਸਭ ਨਾਲ ਘੁਲਣ-ਮਿਲਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤਾਂ ਅਜਿਹੇ ਵਿੱਚ ਚਿੱਟੇ ਵਾਲਾਂ ਦਾ ਆਉਣਾ ਸਵੀਕਾਰਨਯੋਗ ਨਹੀਂ ਹੁੰਦਾ ਅਤੇ ਮੈਂ ਉਸੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ।"

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਲਾਂ ਦਾ ਰੰਗ ਮੇਲਾਨੋਸਾਈਟਸ ਨਾਮ ਦੇ ਸੈੱਲ ਦੇ ਤੈਅ ਕਰਦੇ ਹਨ

ਕੀ ਲੋਕਾਂ ਦੇ ਵਾਲ ਜਲਦੀ ਚਿੱਟੇ ਹੋ ਰਹੇ ਹਨ?

ਮਾਹਰਾਂ ਦਾ ਕਹਿਣਾ ਹੈ ਕਿ ਜੈਨੇਟਿਕ ਉਹ ਸਭ ਤੋਂ ਵੱਡਾ ਕਾਰਕ ਹੈ ਜੋ ਇਹ ਤੈਅ ਕਰਦਾ ਹੈ ਕਿ ਕਿਸ ਉਮਰ ਵਿੱਚ ਕਿਸ ਨੂੰ ਚਿੱਟੇ ਵਾਲ ਆਉਣੇ ਸ਼ੁਰੂ ਹੁੰਦੇ ਹਨ। ਟੈਸਟਾਂ ਤੋਂ ਪਤਾ ਲੱਗਿਆ ਕਿ ਐਸ਼ਲੇ ਦੇ ਨਾਲ ਵੀ ਅਜਿਹਾ ਹੀ ਕੁਝ ਸੀ। ਉਨ੍ਹਾਂ ਦੀ ਮਾਂ ਨੂੰ ਵੀ 14 ਸਾਲ ਦੀ ਉਮਰ ਵਿੱਚ ਚਿੱਟੇ ਵਾਲ ਆ ਗਏ ਸਨ ਅਤੇ ਉਨ੍ਹਾਂ ਦੀ ਦਾਦੀ ਨੂੰ ਵੀ ਲਗਭਗ 17 ਸਾਲ ਦੀ ਉਮਰ ਵਿੱਚ ਚਿੱਟੇ ਵਾਲ ਆ ਗਏ।

ਡਾਕਟਰਾਂ ਦਾ ਕਹਿਣਾ ਹੈ ਕਿ ਉਹ ਦੇਖ ਰਹੇ ਹਨ ਕਿ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋਣ ਦੀ ਚਿੰਤਾ ਕਰਨ ਵਾਲੇ ਨੌਜਵਾਨ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਜਿਨ੍ਹਾਂ ਵਿੱਚ ਜ਼ਿਆਦਤਰ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ।

ਸਿਹਤਮੰਦ ਜੀਵਨਸ਼ੈਲੀ ਜਿਉਣ ਵਾਲੇ ਲੋਕਾਂ ਵਿੱਚ ਗੋਰੇ (ਕੌਕੇਜ਼ੀਅਨ) ਲੋਕਾਂ 'ਚ ਵਾਲ ਚਿੱਟੇ ਹੋਣ ਦੀ ਸ਼ੁਰੂਆਤ 35 ਸਾਲ ਦੀ ਉਮਰ ਵਿੱਚ ਹੁੰਦੀ ਹੈ। ਏਸ਼ੀਆ ਅਤੇ ਅਫ਼ਰੀਕੀ ਲੋਕਾਂ 'ਚ ਇਹ ਇਸ ਤੋਂ 10 ਸਾਲ ਬਾਅਦ ਹੁੰਦੀ ਹੈ।

ਇਸ ਉਮਰ ਤੋਂ ਪਹਿਲਾਂ, ਦੇਖਿਆ ਗਿਆ ਕੋਈ ਵੀ ਚਿੱਟਾ ਵਾਲ ਸਮੇਂ ਤੋਂ ਪਹਿਲਾਂ ਆਇਆ ਮੰਨਿਆ ਜਾਂਦਾ ਹੈ।

ਇਹ ਉਮਰ ਸੀਮਾਵਾਂ ਇਸ ਲਈ ਤੈਅ ਕੀਤੀਆਂ ਗਈਆਂ ਹਨ ਕਿਉਂਕਿ ਕੁਝ ਪ੍ਰਜਾਤੀਆਂ ਵਿੱਚ ਵਾਲਾਂ ਦੇ ਰੋਮਾਂ ਨੂੰ ਜੀਨਾਂ ਦੁਆਰਾ ਰੰਗ ਦੇਣ ਦਾ ਤਰੀਕਾ ਵੱਖਰਾ ਹੁੰਦਾ ਹੈ ਅਤੇ ਕੁਝ ਪ੍ਰਜਾਤੀਆਂ ਵਿੱਚ ਇਹ ਪ੍ਰਕਿਰਿਆ ਬਾਅਦ ਵਿੱਚ ਖ਼ਤਮ ਹੋ ਜਾਂਦੀ ਹੈ।

ਯੂਕੇ ਦੇ ਡਾਕਟਰ ਸਰਮੇਦ ਮੇਜ਼ਹਰ ਕਹਿੰਦੇ ਹਨ, "ਇਸ ਤਰੀਕੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਦੋਂ ਹੋਰ ਕਾਰਨਾਂ ਦੀ ਜਾਂਚ ਕਰਵਾਉਣ ਦੀ ਲੋੜ ਹੈ ਅਤੇ ਕਦੋਂ ਇਹ ਆਮ ਪ੍ਰਕਿਰਿਆ ਦਾ ਹਿੱਸਾ ਹੁੰਦਾ ਹੈ।"

ਚਿੱਟੇ ਵਾਲ

ਵਾਲ ਚਿੱਟੇ ਕਿਉਂ ਹੁੰਦੇ ਹਨ?

ਨਵੇਂ ਵਾਲ ਚਮੜੀ ਵਿੱਚ ਮੌਜੂਦ ਵਾਲਾਂ ਦੇ ਰੋਮਾਂ ਵਿੱਚੋਂ ਉੱਗਦੇ ਹਨ, ਜਿੱਥੇ ਰੰਗ ਪੈਦਾ ਕਰਨ ਵਾਲੇ ਸੈੱਲ, ਜਿਨ੍ਹਾਂ ਨੂੰ ਮੇਲਾਨੋਸਾਈਟਸ ਕਹਿੰਦੇ ਹਨ, ਵੀ ਮੌਜੂਦ ਹੁੰਦੇ ਹਨ।

ਮੇਲਾਨੋਸਾਈਟਸ ਦੋ ਕਿਸਮ ਦੇ ਮੇਲਾਨਿਨ ਪਿਗਮੈਂਟ (ਰੰਗਦਾਰ ਪਦਾਰਥ) ਪੈਦਾ ਕਰਦੇ ਹਨ, ਯੂਮੇਲਾਨਿਨ, ਜੋ ਇਹ ਤੈਅ ਕਰਦਾ ਹੈ ਕਿ ਵਾਲ ਕਿੰਨੇ ਕਾਲੇ ਹਨ ਅਤੇ ਫੀਓਮੇਲਾਨਿਨ, ਜੋ ਇਹ ਤੈਅ ਕਰਦਾ ਹੈ ਕਿ ਇਹ ਕਿੰਨੇ ਲਾਲ ਜਾਂ ਪੀਲੇ ਹਨ। ਇਹ ਪਿਗਮੈਂਟ ਚਮੜੀ ਅਤੇ ਅੱਖਾਂ ਦਾ ਰੰਗ ਵੀ ਤੈਅ ਕਰਦੇ ਹਨ।

ਨਿਊਯਾਰਕ ਯੂਨੀਵਰਸਿਟੀ ਦੀ ਇੱਕ ਟੀਮ ਵੱਲੋਂ ਸੈੱਲਾਂ ਦੀ ਬੁਢਾਪੇ (ਸੈੱਲ ਏਜਿੰਗ) ਦੀ ਪ੍ਰਕਿਰਿਆ ਬਾਰੇ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਕਿ ਜਿਵੇਂ-ਜਿਵੇਂ ਵਾਲ ਬੁੱਢੇ ਹੁੰਦੇ ਹਨ, ਇਹ ਝੜਦੇ ਹਨ ਅਤੇ ਫਿਰ ਵਾਰ-ਵਾਰ ਵੱਧਦੇ ਹਨ, ਮੇਲਾਨੋਸਾਈਟਸ ਸਟੈਮ ਸੈੱਲਾਂ ਦੀ ਵਧਦੀ ਗਿਣਤੀ ਆਪਣੇ ਕੰਮ ਵਿੱਚ ਸੁਸਤ ਹੋ ਜਾਂਦੀ ਹੈ।

ਇਹ ਸਟੈਮ ਸੈੱਲ, ਰੋਮਾਂ ਦੇ ਚਾਰੇ ਪਾਸੇ ਘੁੰਮਣਾ ਬੰਦ ਕਰ ਦਿੰਦੇ ਹਨ ਅਤੇ ਸਥਿਰ ਹੋ ਜਾਂਦੇ ਹਨ। ਜਿਸ ਕਾਰਨ ਉਹ ਮੁਕੰਮਲ ਮੇਲਾਨੋਸਾਈਟਸ ਨਹੀਂ ਬਣਾ ਪਾਉਂਦੇ। ਜਦੋਂ ਇਹ ਰੰਗਦਾਰ ਪਦਾਰਥ (ਪਿਗਮੈਂਟ) ਬਣਾਉਣਾ ਬੰਦ ਕਰ ਦਿੰਦੇ ਹਨ ਤਾਂ ਵਾਲਾਂ ਦਾ ਰੰਗ ਗਾਇਬ ਹੋ ਜਾਂਦਾ ਹੈ ਅਤੇ ਉਹ ਸਲੇਟੀ (ਗ੍ਰੇਅ), ਚਿੱਟੇ ਜਾਂ ਚਾਂਦੀ ਵਰਗੇ ਹੋ ਜਾਂਦੇ ਹਨ।

ਮਾਰੀਆ

ਤਸਵੀਰ ਸਰੋਤ, Maria Marlowe

ਤਸਵੀਰ ਕੈਪਸ਼ਨ, ਪੋਸ਼ਣ ਵਿਗਿਆਨੀ ਮਾਰੀਆ ਮਾਰਲੋ ਬਿਨਾਂ ਜਾਂਚ ਕੀਤੇ ਪੋਸ਼ਣ ਸੰਬੰਧੀ ਸਪਲੀਮੈਂਟ ਰੁਟੀਨ ਲਾਗੂ ਕਰਨ ਬਾਰੇ ਚੇਤਾਵਨੀ ਦਿੰਦੀ ਹੈ
ਇਹ ਵੀ ਪੜ੍ਹੋ-

ਕੀ ਪੋਸ਼ਣ ਦੀ ਘਾਟ ਵਾਲਾਂ ਦੇ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਦਾ ਕਾਰਨ ਬਣ ਸਕਦੀ?

ਅਮਰੀਕਾ ਅਤੇ ਬ੍ਰਾਜ਼ੀਲ ਦੇ ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਚਮੜੀ ਅਤੇ ਵਾਲਾਂ ਦਾ ਰੰਗ ਕੰਟ੍ਰੋਲ ਕਰਨ ਵਾਲੇ ਸਟੈਮ ਸੈੱਲਜ਼ ਗੰਭੀਰ ਤਣਾਅ ਤੋਂ ਬਾਅਦ ਨੁਕਸਾਨ ਦਾ ਸ਼ਿਕਾਰ ਹੋ ਜਾਂਦੇ ਹਨ।

ਪਰ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸਮੇਂ ਤੋਂ ਪਹਿਲਾਂ ਵਾਲਾ ਦਾ ਚਿੱਟੇ ਹੋਣਾ ਪੋਸ਼ਣ ਸਬੰਧੀ ਅਸੰਤੁਲਨ ਅਤੇ ਕਮੀਆਂ ਦਾ ਸੰਕੇਤ ਵੀ ਹੋ ਸਕਦਾ ਹੈ, ਜਿਸ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਵਿਟਾਮਿਨ ਡੀ ਅਤੇ ਬੀ12, ਕਾਪਰ, ਆਇਰਨ, ਜ਼ਿੰਕ ਅਤੇ ਘੱਟ ਫੋਲੇਟ ਦੀ ਘਾਟ ਨੂੰ ਵਾਲਾਂ ਦੇ ਜਲਦ ਚਿੱਟੇ ਹੋਣ ਨਾਲ ਜੋੜਿਆ ਗਿਆ ਹੈ। ਇਨ੍ਹਾਂ ਵਿੱਚੋਂ ਵਿਟਾਮਿਨ ਬੀ12 ਦੀ ਘਾਟ ਸਭ ਤੋਂ ਆਮ ਕਾਰਨਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।

ਕੋਬਾਲਾਮਿਨ ਦੇ ਨਾਮ ਤੋਂ ਵੀ ਜਾਣੇ ਜਾਂਦੇ ਵਿਟਾਮਿਨ ਬੀ12 ਤੰਦਰੁਸਤ ਲਾਲ ਖੂਨ ਦੇ ਸੈੱਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਜੋ ਪੂਰੇ ਸਰੀਰ 'ਚ ਵਾਲਾਂ ਦੇ ਰੋਮਾਂ ਤੱਕ ਆਕਸੀਜਨ ਪਹੁੰਚਾਉਂਦਾ ਹੈ। ਚੰਗੀ ਤਰ੍ਹਾਂ ਆਕਸੀਜਨ ਵਾਲੇ ਰੋਮ ਪਿਗਮੈਂਟ ਬਣਾਉਣ ਲਈ ਬਹੁਤ ਜ਼ਰੂਰੀ ਹੁੰਦੇ ਹਨ।

ਡਾਕਟਰ ਮੇਜ਼ਹਰ ਕਹਿੰਦੇ ਹਨ, "ਬੀ12 ਮੁੱਖ ਤੌਰ 'ਤੇ ਜਾਨਵਰਾਂ ਦੇ ਉਤਪਾਦਾਂ ਤੋਂ ਮਿਲਦਾ ਹੈ। ਇਸ ਕਰ ਕੇ ਜੇ ਕੋਈ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ ਅਤੇ ਕੋਈ ਸਪਲੀਮੈਂਟ ਨਹੀਂ ਲੈਂਦਾ ਤਾਂ ਉਨ੍ਹਾਂ ਮਾਮਲਿਆਂ ਵਿੱਚ ਇਹ ਮੇਰੀ ਸੂਚੀ ਵਿੱਚ ਸਭ ਤੋਂ ਉੱਪਰ ਹੋਵੇਗਾ।"

ਇਸ ਵਿਚਾਲੇ ਕਾਪਰ ਦੀ ਵੀ ਮਹੱਤਵਪੂਰਨ ਭੂਮਿਕਾ ਹੈ ਕਿਉਂਕਿ ਇਹ ਟਾਇਰੋਜਆਈਨੇਜ਼ ਨਾਂ ਦੇ ਐਨਜ਼ਾਈਮ ਨੂੰ ਸਰਗਰਮ ਕਰਦਾ ਹੈ, ਜੋ ਮੇਲਾਨਿਨ ਬਣਾਉਣ ਵਿੱਚ ਮਦਦ ਕਰਦਾ ਹੈ। ਝੀਂਗੇ (ਸੈੱਲਫਿਸ਼), ਤਿਲ, ਗੂੜੇ ਰੰਗ ਦੀ ਪੱਤੇਦਾਰ ਸਬਜ਼ੀਆਂ ਅਤੇ ਗਾਊ ਮਾਸ ਜਾਂ ਭੇਡ ਦਾ ਜਿਗਰ ਵਰਗੀਆਂ ਚੀਜ਼ਾਂ ਕਾਪਰ ਦੇ ਚੰਗੇ ਸਰੋਤ ਹਨ।

ਹਾਲਾਂਕਿ ਮਾਹਰ ਚੇਤਾਵਨੀ ਦਿੰਦੇ ਹਨ ਕਿ ਕੁਝ ਖਣਿਜਾਂ ਦਾ ਵਾਧੂ ਸੇਵਨ, ਜਿਵੇਂ ਕਿ ਜ਼ਿੰਕ ਅਤੇ ਵਿਟਾਮਿਨ ਸੀ, ਸਰੀਰ ਵਿੱਚ ਕਾਪਰ ਦੇ ਸੋਖਣ ਵਿੱਚ ਰੁਕਾਵਟ ਪਾ ਸਕਦਾ ਹੈ, ਜਿਸ ਨਾਲ ਘਾਟ ਪੈਦਾ ਹੋ ਸਕਦੀ ਹੈ।

ਮਾਰੀਆ

ਤਸਵੀਰ ਸਰੋਤ, Maria Marlowe

ਤਸਵੀਰ ਕੈਪਸ਼ਨ, ਮਾਰੀਆ ਮਾਰਲੋ ਦਾ ਕਹਿਣਾ ਹੈ ਕਿ ਖਣਿਜਾਂ ਦੀ ਘਾਟ ਵਾਲੇ ਸਪਲੀਮੈਂਟ ਲੈਣ ਤੋਂ ਬਾਅਦ ਉਨ੍ਹਾਂ ਦੇ ਨਵੇਂ ਵਾਲਾਂ ਵਿੱਚ ਫਰਕ ਨਜ਼ਰ ਆਇਆ

ਹਾਲ ਹੀ ਦੇ ਸਾਲਾਂ ਵਿੱਚ ਲੋਕਾਂ ਨੇ ਆਪਣੇ ਇਮਿਊਨ ਸਿਸਟਮ ਨੂੰ ਵਧਾਉਣ ਦੇ ਲਈ ਜ਼ਿੰਕ ਦੀ ਖੁਰਾਕ ਲਈ ਹੈ, ਵਿਸ਼ੇਸ਼ ਤੌਰ 'ਤੇ ਕੋਵਿਡ ਮਹਾਮਾਰੀ ਦੌਰਾਨ। ਇਹ ਦਾਅਵਾ ਮਾਰੀਆ ਮਾਰਲੋ ਨੇ ਕੀਤਾ ਹੈ ਜੋ ਇੱਕ ਪੋਸ਼ਣ ਵਿਗਿਆਨੀ ਅਤੇ ਲੇਖਿਕਾ ਹਨ ਅਤੇ ਉਨ੍ਹਾਂ ਦੇ ਵਾਲ ਵੀ 20 ਸਾਲ ਦੀ ਉਮਰ 'ਚ ਚਿੱਟੇ ਹੋਣ ਲੱਗੇ ਸਨ।

ਉਹ ਕਹਿੰਦੇ ਹਨ, "ਜੇਕਰ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਹੋ ਸਕਦਾ ਹੈ ਕਿ ਤੁਹਾਡੇ ਸਰੀਰ 'ਚ ਕਾਪਰ ਦੀ ਕਮੀ ਹੋਣੀ ਸ਼ੁਰੂ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿੰਕ ਸਪਲੀਮੈਂਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਮੇਸ਼ਾ ਜ਼ਿੰਕ ਅਤੇ ਕਾਪਰ ਦੋਵਾਂ ਨੂੰ ਇਕੱਠੇ ਲੈਣਾ ਚਾਹੀਦਾ ਹੈ।"

ਉਨ੍ਹਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਆਇਰਨ ਅਤੇ ਇੱਥੋਂ ਤੱਕ ਕਿ ਬਹੁਤ ਜ਼ਿਆਦਾ ਵਿਟਾਮਿਨ ਸੀ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ 'ਚ ਕਾਪਰ ਦਾ ਪੱਧਰ ਘੱਟ ਹੋ ਸਕਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਵਾਲਾਂ ਦਾ ਚਿੱਟੇ ਹੋਣਾ ਖਣਿਜਾਂ ਦੀ ਕਮੀ ਦੇ ਕਾਰਨ ਹੁੰਦਾ ਹੈ ਤਾਂ ਇਸ ਦੇ ਨਾਲ ਹੋਰ ਵੀ ਲੱਛਣ ਦਿਖਾਈ ਦੇਣਗੇ।

ਡਾ. ਮੇਜ਼ਹਰ ਕਹਿੰਦੇ ਹਨ, "ਜਿਵੇਂ ਕਿ ਕਾਪਰ ਦੀ ਘਾਟ ਹੋਵੇ, ਤਾਂ ਭਾਰ ਦਾ ਜ਼ਿਆਦਾ ਵੱਧਣਾ, ਵਾਲਾਂ ਦਾ ਪਤਲਾ ਹੋਣਾ ਅਤੇ ਚਮੜੀ 'ਤੇ ਦਾਣੇ ਆਉਣੇ ਸ਼ੁਰੂ ਹੋ ਸਕਦੇ ਹਨ। ਇਸ ਤੋਂ ਇਲਾਵਾ, ਬਹੁਤ ਜ਼ਿਆਦਾ ਥਕਾਵਟ ਅਤੇ ਠੰਢ ਬਰਦਾਸ਼ਤ ਨਾ ਕਰ ਸਕਣ ਦੀ ਸਮੱਸਿਆ ਵੀ ਹੋ ਸਕਦੀ ਹੈ।"

ਮਾਰੀਆ ਮਾਰਲੋ ਨੇ ਟੈਸਟ ਕਰਵਾਉਣ ਤੋਂ ਬਾਅਦ ਆਪਣੇ ਸਰੀਰ ਵਿੱਚ ਕਾਪਰ, ਆਇਰਨ ਅਤੇ ਆਇਓਡੀਨ ਦੀ ਘਾਟ ਪਾਈ।

ਉਨ੍ਹਾਂ ਨੇ ਭਾਰੀ ਧਾਤਾਂ (ਹੈਵੀ ਮੈਟਲ) ਦੀ ਵੀ ਜਾਂਚ ਕਰਵਾਈ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਖਣਿਜ ਪਦਾਰਥਾਂ ਦੇ ਸੋਖਣ ਵਿੱਚ ਰੁਕਾਵਟ ਪਾ ਕੇ ਚਿੱਟੇ ਵਾਲਾਂ ਦਾ ਕਾਰਣ ਬਣ ਸਕਦੇ ਹਨ।

ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸਦੇ ਸਰੀਰ ਵਿੱਚ ਲੈੱਡ, ਅਤੇ ਕੈਡਮਿਅਮ ਦੇ ਪੱਧਰ ਵੱਧੇ ਹੋਏ ਸਨ।

ਉਨ੍ਹਾਂ ਨੇ ਕਿਹਾ, "ਉਦਯੋਗੀਕਰਨ ਕਾਰਨ ਅੱਜਕੱਲ੍ਹ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਹੱਦ ਤੱਕ ਭਾਰੀ ਧਾਤਾਂ ਦੇ ਸੰਪਰਕ ਵਿੱਚ ਆ ਰਹੇ ਹਨ, ਇਹ ਸਾਡੇ ਸਾਹ ਲੈਣ ਵਾਲੀ ਹਵਾ ਵਿੱਚ ਵੀ ਹੋ ਸਕਦੇ ਹਨ ਤੇ ਸਾਡੇ ਭੋਜਨ ਵਿੱਚ ਵੀ।"

ਮਾਰਲੋ ਉਦਾਹਰਨ ਦਿੰਦੇ ਹੋਏ ਦੱਸਦੇ ਹਨ, "ਕੁੱਝ ਮੱਛੀਆਂ 'ਚ ਪਾਰੇ (ਮਰਕਰੀ) ਦੀ ਮਾਤਰਾ ਬਾਕੀਆਂ ਨਾਲੋਂ ਜ਼ਿਆਦਾ ਹੁੰਦੀ ਹੈ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਇੱਕ ਵਾਰ ਵਿੱਚ ਉਨ੍ਹਾਂ ਚੀਜ਼ਾਂ ਦਾ ਸੇਵਨ ਕਰ ਲੈਂਦੇ ਹਾਂ ਜੋ ਸਾਡੇ ਸਰੀਰ ਨੂੰ ਸੰਭਾਲਣੀਆਂ ਔਖੀਆਂ ਹੋ ਜਾਂਦੀਆਂ ਹਨ।"

ਐਸ਼ਲੇ ਸ਼ੁਕਰੂ

ਤਸਵੀਰ ਸਰੋਤ, Ashley Sukur

ਤਸਵੀਰ ਕੈਪਸ਼ਨ, 2020 ਵਿੱਚ, 23 ਸਾਲ ਦੀ ਉਮਰ ਵਿੱਚ ਐਸ਼ਲੇ ਨੇ ਆਪਣੇ ਵਾਲਾਂ ਨੂੰ ਰੰਗਣਾ ਬੰਦ ਕਰਨ ਦਾ ਫ਼ੈਸਲਾ ਕੀਤਾ

ਕੀ ਚੰਗੀ ਖੁਰਾਕ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋਣ ਤੋਂ ਰੋਕ ਸਕਦੀ?

ਕੋਲੰਬੀਆ ਯੂਨੀਵਰਸਿਟੀ ਦੀ ਇੱਕ ਖੋਜ ਵਿੱਚ ਪਤਾ ਲੱਗਿਆ ਹੈ ਕਿ ਜਦੋਂ ਤਣਾਅ ਘੱਟ ਜਾਂਦਾ ਹੈ, ਤਾਂ ਨਵੇਂ ਵਾਲ ਆਪਣੇ ਕੁਦਰਤੀ ਰੰਗ ਵਿੱਚ ਮੁੜ ਉੱਗ ਸਕਦੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਜੇ ਵਾਲਾਂ ਦਾ ਚਿੱਟਾ ਹੋਣਾ ਪੋਸ਼ਣ ਦੀ ਘਾਟ ਕਾਰਨ ਹੈ, ਤਾਂ ਇਸਨੂੰ ਵੀ ਵਾਪਸ ਠੀਕ ਕੀਤਾ ਜਾ ਸਕਦਾ ਹੈ।

ਡਾ. ਮੇਜ਼ਹਰ ਕਹਿੰਦੇ ਹਨ, "ਜ਼ਿਆਦਾਤਰ ਮਾਮਲਿਆਂ ਵਿੱਚ ਜੇ ਇਹ ਜੈਨੇਟਿਕਸ ਕਾਰਨ ਹੈ, ਤਾਂ ਇਹ ਮੁੜ ਠੀਕ ਨਹੀਂ ਹੁੰਦਾ।"

ਮਾਹਰ ਸਲਾਹ ਦਿੰਦੇ ਹਨ ਕਿ ਖਣਿਜਾਂ ਨੂੰ ਪੋਸ਼ਣ-ਭਰਪੂਰ ਭੋਜਨ ਰਾਹੀਂ ਮੁੜ ਹਾਸਲ ਕਰਨਾ ਸਭ ਤੋਂ ਵਧੀਆ ਤਰੀਕਾ ਹੈ, ਪਰ ਜਿੱਥੇ ਕੁਝ ਖਾਣੇ ਸੰਭਵ ਨਹੀਂ ਹੁੰਦੇ, ਉੱਥੇ ਸਪਲੀਮੈਂਟਸ ਦੀ ਮਦਦ ਵੀ ਲਈ ਜਾ ਸਕਦੀ ਹੈ।

ਹਾਲਾਂਕਿ, ਡਾਕਟਰ ਇਹ ਵੀ ਚੇਤਾਵਨੀ ਦਿੰਦੇ ਹਨ ਕਿ ਖੁਰਾਕ ਬਦਲਣ ਜਾਂ ਸਪਲੀਮੈਂਟ ਲੈਣ ਤੋਂ ਪਹਿਲਾਂ, ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਅਸਲ ਵਿੱਚ ਸਰੀਰ 'ਚ ਹੋ ਕੀ ਰਿਹਾ ਹੈ।

ਡਾ. ਮੇਜ਼ਹਰ ਸਮਝਾਉਂਦੇ ਹਨ, "ਜੇ ਅਸੀਂ ਵੇਖੀਏ ਕਿ ਵਿਟਾਮਿਨ ਬੀ12 ਦੀ ਘਾਟ ਹੈ ਅਤੇ ਅਸੀਂ ਉਸ ਦਾ ਇਲਾਜ ਕਰੀਏ ਤਾਂ ਬਿਲਕੁਲ ਪਿਗਮੈਂਟ (ਰੰਗ) ਵਾਪਸ ਆ ਸਕਦਾ ਹੈ। ਇਹੀ ਇਲਾਜ ਕਾਪਰ, ਵਿਟਾਮਿਨ ਡੀ ਜਾਂ ਥਾਇਰਾਇਡ ਹਾਰਮੋਨ ਦੀ ਸਮੱਸਿਆ ਨਾਲ ਵੀ ਹੋ ਸਕਦਾ ਹੈ।"

ਉਨ੍ਹਾਂ ਨੇ ਕਿਹਾ, "ਭਾਵੇਂ ਵਾਲ ਪੂਰੀ ਤਰ੍ਹਾਂ ਪਹਿਲਾਂ ਵਰਗੇ ਨਾ ਹੋਣ, ਪਰ ਜੇ ਅਸੀਂ ਆਕਸੀਡੇਟਿਵ ਤਣਾਅ ਵਰਗੀਆਂ ਚੀਜ਼ਾਂ ਨੂੰ ਸੰਭਾਲ ਲਈਏ ਤਾਂ ਇਹ ਚਿੱਟਾਪਣ ਘਟ ਸਕਦਾ ਹੈ ਜਾਂ ਉਸ ਦੀ ਅਗਾਂਹ ਵਧਣ ਦੀ ਪ੍ਰਕਿਰਿਆ ਰੋਕੀ ਜਾ ਸਕਦੀ ਹੈ।"

ਹਾਲਾਂਕਿ, ਮਾਹਰ ਚੇਤਾਵਨੀ ਦਿੰਦੇ ਹਨ ਕਿ ਚਿੱਟੇ ਵਾਲਾਂ ਨੂੰ ਵਾਪਸ ਕਾਲਾ ਕਰਨ ਲਈ ਕੋਈ ਸਾਬਤ ਹੋਇਆ ਸਰਵ ਵਿਆਪਕ ਇਲਾਜ ਮੌਜੂਦ ਨਹੀਂ ਹੈ।

ਮਾਰੀਆ ਮਾਰਲੋ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਆਪਣੀ ਖੁਰਾਕ ਬਦਲੀ ਅਤੇ ਉਹ ਖਾਣੇ ਘਟਾਏ ਜਿਨ੍ਹਾਂ ਵਿੱਚ ਹੈਵੀ ਮੈਟਲਜ਼ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਚਿੱਟੇ ਵਾਲਾਂ ਵਿੱਚ ਕੁਝ ਬਦਲਾਅ ਨਜ਼ਰ ਆਇਆ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਬਦੀਲੀ ਵੇਖਣ ਲਈ ਘੱਟੋ-ਘੱਟ ਤਿੰਨ ਮਹੀਨੇ ਲੱਗੇ, ਹਾਲਾਂਕਿ ਉਨ੍ਹਾਂ ਦੇ ਸਾਰੇ ਚਿੱਟੇ ਵਾਲ ਮੁੜ ਕਾਲੇ ਨਹੀਂ ਹੋਏ।

ਚਿੱਟੇ ਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰਾਂ ਦਾ ਕਹਿਣਾ ਹੈ ਕਿ ਜੇ ਵਾਲਾਂ ਦਾ ਚਿੱਟਾ ਹੋਣਾ ਪੋਸ਼ਣ ਦੀ ਘਾਟ ਕਾਰਨ ਹੈ, ਤਾਂ ਇਸਨੂੰ ਵੀ ਵਾਪਸ ਠੀਕ ਕੀਤਾ ਜਾ ਸਕਦਾ ਹੈ

ਫਲਾਂ ਅਤੇ ਸਬਜ਼ੀਆਂ ਵਿੱਚ ਮੌਜੂਦ ਐਂਟੀਆਕਸੀਡੈਂਟ ਵੀ ਸਿਫ਼ਾਰਸ਼ ਕੀਤੇ ਜਾਂਦੇ ਹਨ ਕਿਉਂਕਿ ਇਹ ਸਰੀਰ ਵਿੱਚ ਫ਼੍ਰੀ ਰੈਡੀਕਲਜ਼ ਨੂੰ ਅਕਿਰਿਆਸ਼ੀਲ ਕਰਨ ਵਿੱਚ ਮਦਦ ਕਰਦੇ ਹਨ।

ਇਹ ਅਣੂ ਆਕਸੀਡੇਟਿਵ ਤਣਾਅ ਪੈਦਾ ਕਰਦੇ ਹਨ, ਜੋ ਡੀਐੱਨਏ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਵਾਲਾਂ ਦੇ ਝੜਨ ਜਾਂ ਛੋਟੀ ਉਮਰ ਵਿੱਚ ਚਿੱਟੇ ਹੋਣ ਦਾ ਕਾਰਨ ਬਣ ਸਕਦੇ ਹਨ।

ਡਾ. ਮੇਜ਼ਹਰ ਕਹਿੰਦੇ ਹਨ, "ਸਿਗਰਟ ਦਾ ਧੂੰਆਂ, ਮਾਨਸਿਕ ਤਣਾਅ, ਬਹੁਤ ਜ਼ਿਆਦਾ ਸ਼ਰਾਬ ਪੀਣਾ ਜਾਂ ਪ੍ਰਦੂਸ਼ਣ ਵਾਲੇ ਇਲਾਕੇ ਵਿੱਚ ਰਹਿਣਾ, ਇਹ ਸਭ ਕੁਝ ਆਕਸੀਡੇਟਿਵ ਤਣਾਅ ਵਧਾ ਸਕਦੇ ਹਨ।"

ਐਸ਼ਲੇ ਸ਼ੁਕਰੂ ਲਈ ਖੁਰਾਕ ਉਨ੍ਹਾਂ ਦੀ ਜੈਨੇਟਿਕ ਕੋਡ ਨੂੰ ਬਦਲਣ ਵਾਲੀ ਨਹੀਂ ਸੀ, ਪਰ ਉਨ੍ਹਾਂ ਦਾ ਨਜ਼ਰਈਆ ਜ਼ਰੂਰ ਬਦਲ ਗਿਆ।

ਹੁਣ ਉਨ੍ਹਾਂ ਦੇ ਚਾਂਦੀ ਵਰਗੇ ਵਾਲ ਉਨ੍ਹਾਂ ਦੀ ਪਛਾਣ ਦਾ ਹਿੱਸਾ ਬਣ ਗਏ ਹਨ ਅਤੇ ਉਨ੍ਹਾਂ ਨੇ ਨੌਜਵਾਨਾਂ ਦਾ ਇੱਕ ਆਨਲਾਈਨ ਗਰੁੱਪ ਬਣਾਇਆ ਹੈ ਜੋ ਸੁੰਦਰਤਾ ਅਤੇ ਵੱਧਦੀ ਉਮਰ ਬਾਰੇ ਚੱਲ ਰਹੀਆਂ ਪੁਰਾਣੀਆਂ ਧਾਰਨਾਂ ਨੂੰ ਚੁਣੌਤੀ ਦਿੱਤੀ ਹੈ।

ਐਸ਼ਲੇ ਦਾ ਕਹਿਣਾ ਹੈ, "ਜਦੋਂ ਮੈਂ ਟਿਕਟੌਕ ਅਤੇ ਇੰਸਟਾਗ੍ਰਾਮ 'ਤੇ ਪੋਸਟਾਂ ਪਾਉਣੀਆਂ ਸ਼ੁਰੂ ਕੀਤੀਆਂ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੀ ਉਮਰ ਦੀਆਂ ਕਈ ਔਰਤਾਂ ਆਪਣੇ ਚਿੱਟੇ ਵਾਲ ਵਧਾ ਰਹੀਆਂ ਹਨ।"

"ਮੇਰੀ ਕੋਸ਼ਿਸ਼ ਸੀ ਕਿ ਮੈਂ ਹੋਰ ਔਰਤਾਂ ਨੂੰ ਵੀ ਪ੍ਰੇਰਿਤ ਕਰ ਸਕਾਂ ਕਿ ਉਹ ਆਪਣੇ ਚਿੱਟੇ ਵਾਲਾਂ ਨੂੰ ਅਪਣਾਉਣ। 'ਚਿੱਟੇ ਵਾਲ ਬਦਸੂਰਤ ਹਨ, ਚਿੱਟੇ ਵਾਲ ਬੁੱਢਾਪੇ ਦੀ ਨਿਸ਼ਾਨੀ ਹਨ' ਕਹਿਣ ਦੀ ਥਾਂ, ਅਸੀਂ ਕਹੀਏ, 'ਨਹੀਂ, ਚਿੱਟੇ ਵਾਲ ਤਾਕਤ ਦਾ ਸੰਕੇਤ ਹਨ, ਇਹ ਇੱਕ ਬਿਆਨ ਹਨ। ਇਹ ਤੁਹਾਡਾ ਅਸਲੀ ਰੂਪ ਹੈ'।"

"ਮੈਨੂੰ ਉਮੀਦ ਹੈ ਕਿ ਮੈਂ ਹੋਰ ਜ਼ਿਆਦਾ ਮਹਿਲਾਵਾਂ ਨੂੰ ਆਪਣੇ ਚਿੱਟੇ ਵਾਲਾਂ ਨੂੰ ਅਪਨਾਉਣ ਲਈ ਪ੍ਰੇਰਿਤ ਕਰ ਸਕਾਂਗੀ। ਇਹ ਕਹਿਣ ਦੀ ਬਜਾਏ ਕਿ ਚਿੱਟੇ ਵਾਲ ਬਦਸੂਰਤ ਹਨ, ਚਿੱਟੇ ਵਾਲ ਬੁੱਢੇ ਹਨ, ਅਸੀਂ ਕਹਿ ਸਕਦੇ ਹਾਂ ਕਿ ਨਹੀਂ, ਚਿੱਟੇ ਵਾਲ ਸ਼ਕਤੀ ਹੈ। ਇਹ ਤੁਹਾਡਾ ਅਸਲੀ ਰੂਪ ਹੈ'।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)