ਭਾਰਤ ਦੀ ਇੱਕ ਭਾਸ਼ਾ ਦੀ ਕਹਾਣੀ ਜੋ ਹੌਲੀ - ਹੌਲੀ ਖ਼ਤਮ ਹੋ ਗਈ

ਜਦੋਂ ਬੋਆ ਸੀਨੀਅਰ ਦੀ ਮੌਤ ਹੋਈ ਉਸ ਸਮੇਂ ਪ੍ਰੋਫ਼ੈਸਰ ਅਨਵਿਤਾ ਅੱਬੀ ਜਾਣਦੇ ਸਨ ਕਿ ਇਸਦਾ ਅਰਥ ਹੈ ਇੱਕ ਪੂਰੀ ਪ੍ਰਾਚੀਨ ਭਾਸ਼ਾ ਦੀ ਮੌਤ ਵੀ ਨਾਲ ਹੀ ਹੋ ਜਾਣਾ। ਅਜਿਹੀ ਭਾਸ਼ਾ ਜੋ ਕਿ ਕਿਸੇ ਜ਼ਮਾਨੇ ਵਿੱਚ ਭਾਰਤ ਦੀ ਵਿਰਾਸਤ ਦਾ ਇੱਕ ਅਟੱਲ ਹਿੱਸਾ ਰਹੀ ਸੀ।
ਬੋਆ ਸੀਨੀਅਰ ਭਾਰਤ ਦੇ ਅੰਡੇਮਾਨ ਟਾਪੂਆਂ ਵਿੱਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਦੇ ਆਖਰੀ ਬੁਲਾਰੇ ਸਨ।
ਬੋ ਵਜੋਂ ਜਾਣੀ ਜਾਂਦੀ ਇਸ ਭਾਸ਼ਾ ਦੇ ਹਜ਼ਾਰਾਂ ਸਾਲ ਪੁਰਾਣੀ ਹੋਣ ਦੀ ਸੰਭਾਵਨਾ ਹੈ।
ਇਹ ਟਾਪੂਆਂ 'ਤੇ ਰਹਿਣ ਵਾਲੇ ਆਦਿਵਾਸੀ ਕਬੀਲਿਆਂ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਮਹਾਨ ਅੰਡੇਮਾਨੀ ਭਾਸ਼ਾ ਸੰਸਾਰ ਦਾ ਹਿੱਸਾ ਸੀ।

ਪੁਰਾਤਣ ਭਾਸ਼ਾਵਾਂ ਵਿੱਚੋਂ ਇੱਕ ਹੋਣ ਦੀ ਸੰਭਾਵਨਾ
ਇੱਕ ਭਾਸ਼ਾ ਵਿਗਿਆਨੀ ਹੋਣ ਦੇ ਨਾਤੇ, ਪ੍ਰੋਫ਼ੈਸਰ ਅੱਬੀ ਨੇ 2010 ਵਿੱਚ 85 ਸਾਲ ਦੀ ਉਮਰ ਵਿੱਚ ਬੋਆ ਸੀਨੀਅਰ ਦੀ ਮੌਤ ਤੋਂ ਪਹਿਲਾਂ ਭਾਸ਼ਾ ਸਿੱਖਣ ਦੀ ਕੋਸ਼ਿਸ਼ ਵਿੱਚ ਕਈ ਸਾਲ ਬਿਤਾਏ ਸਨ।
ਬੀਬੀਸੀ ਵਰਲਡ ਸਰਵਿਸ ਦੇ ਵਿਟਨੈੱਸ ਹਿਸਟਰੀ ਨਾਲ ਗੱਲ ਕਰਦੇ ਹੋਏ, ਪ੍ਰੋਫ਼ੈਸਰ ਅੱਬੀ ਨੇ ਉਸ ਦਿਨ ਨੂੰ ਯਾਦ ਕੀਤਾ ਜਦੋਂ ਉਸਨੇ ਸੁਣਿਆ ਕਿ ਬੋਆ ਸੀਨੀਅਰ ਦੀ ਮੌਤ ਹੋ ਗਈ ਹੈ ਅਤੇ ਉਹ ਆਪਣੇ ਨਾਲ ਕੁਝ ਅਣਮੋਲ ਲੈ ਗਈ ਸੀ।
ਪ੍ਰੋਫ਼ੈਸਰ ਅੱਬੀ ਨੇ ਕਿਹਾ, "ਇਹ ਭਾਸ਼ਾ ਇੱਕ ਖਿੱਤੇ ਵਲੋਂ ਬੋਲੀ ਜਾਂਦੀ ਸੀ ਅਤੇ ਦੂਜੀਆਂ ਭਾਸ਼ਾਵਾਂ ਦੇ ਸੰਪਰਕ ਵਿੱਚ ਨਹੀਂ ਆਈ ਸੀ।"
"ਇਹ ਮੇਰੇ ਲਈ ਸੋਨੇ ਦੀ ਖ਼ਾਨ ਵਰਗੀ ਸੀ, ਕਿਉਂਕਿ ਸ਼ਾਇਦ ਇਹ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਸੀ।"

ਪ੍ਰੋਫੈਸਰ ਅੱਬੀ ਕਹਿੰਦੇ ਹਨ ਕਿ ਉਹ ਬੋਆ ਸੀਨੀਅਰ ਦੀ ਆਵਾਜ਼ ਰਿਕਾਰਡ ਕਰਨ ਵਾਲੀ ਪਹਿਲੀ ਅਤੇ ਆਖਰੀ ਵਿਅਕਤੀ ਸੀ।
ਆਪਣੀਆਂ ਰਿਕਾਰਡਿੰਗਜ਼ ਵਿੱਚ, ਬੋਆ ਸੀਨੀਅਰ ਨੂੰ ਹਿੰਦੀ ਵਿੱਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਸਾਡੀ ਭਾਸ਼ਾ ਨਾ ਭੁੱਲੋ"।
ਬੋਆ ਸੀਨੀਅਰ ਦੀ ਮੌਤ ਤੋਂ ਪਹਿਲਾਂ ਦੇ ਪਿਛਲੇ ਸਾਲਾਂ ਵਿੱਚ, ਪ੍ਰੋਫ਼ੈਸਰ ਅੱਬੀ ਦੁਨੀਆ ਦੀਆਂ ਕੁਝ ਸਭ ਤੋਂ ਪੁਰਾਣੀਆਂ ਭਾਸ਼ਾਵਾਂ, ਜਿਨ੍ਹਾਂ ਵਿੱਚ ਬੋ ਵੀ ਸ਼ਾਮਲ ਹੈ, ਨੂੰ ਦਸਤਾਵੇਜ਼ੀ ਰੂਪ ਦੇਣ ਲਈ ਅੰਡੇਮਾਨ ਟਾਪੂਆਂ ਦੀ ਯਾਤਰਾ ਕਰ ਰਹੇ ਸਨ।
ਉਨ੍ਹਾਂ ਨੇ ਆਖ਼ਰਕਾਰ ਆਪਣਾ ਕੰਮ ਇੱਕ ਡਿਕਸ਼ਨਰੀ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜੋ ਬੋਆ ਸੀਨੀਅਰ ਦੀ ਮੌਤ ਤੋਂ ਇੱਕ ਸਾਲ ਬਾਅਦ ਸੰਭਵ ਹੋ ਸਕਿਆ। ਪਰ ਇਹ ਸਫ਼ਰ ਸੌਖਾ ਨਹੀਂ ਸੀ।
ਬੋਆ ਭਾਈਚਾਰੇ ਅਤੇ ਉਨ੍ਹਾਂ ਦੀ ਭਾਸ਼ਾ ਬਾਰੇ ਜਾਣਕਾਰੀ ਹਾਸਿਲ ਕਰਨਾ ਔਖਾ

ਸ਼ੁਰੂ ਵਿੱਚ, ਬੋਆ ਸੀਨੀਅਰ ਪ੍ਰੋਫ਼ੈਸਰ ਅੱਬੀ ਨਾਲ ਸਮਾਂ ਨਹੀਂ ਸਨ ਬਿਤਾਉਣਾ ਚਾਹੁੰਦੇ।
ਜਦੋਂ 2004 ਦੇ ਹਿੰਦ ਮਹਾਸਾਗਰ ਭੂਚਾਲ ਤੋਂ ਬਾਅਦ ਬੋਆ ਸੀਨੀਅਰ ਦੇ ਭਾਈਚਾਰੇ 'ਤੇ ਵਿਨਾਸ਼ਕਾਰੀ ਸੁਨਾਮੀ ਆਈ, ਤਾਂ ਉਹ ਸਾਰੇ ਇੱਕ ਰਾਹਤ ਕੈਂਪ ਵਿੱਚ ਚਲੇ ਗਏ।
ਉਹ ਯਾਦ ਕਰਦੇ ਹਨ ਕਿ ਪ੍ਰੋਫੈਸਰ ਅੱਬੀ ਲਈ ਕੋਈ ਵੀ ਡਾਟਾ ਇਕੱਠਾ ਕਰਨਾ ਮੁਸ਼ਕਲ ਸੀ ਕਿਉਂਕਿ ਭਾਈਚਾਰੇ ਨੇ ਆਪਣੇ ਘਰ ਗੁਆ ਦਿੱਤੇ ਸਨ।
ਉਹ ਕਹਿੰਦੇ ਹਨ, "ਇਸ ਸਥਿਤੀ ਵਿੱਚ, ਮੈਂ ਉੱਥੇ ਜਾ ਕੇ ਉਨ੍ਹਾਂ ਨੂੰ ਕਈ ਗੱਲਾਂ ਬੋ ਭਾਸ਼ਾ ਵਿੱਚ ਕਰਨ ਨੂੰ ਕਹਿੰਦੀ ਉਨ੍ਹਾਂ ਨੂੰ ਕਹਿੰਦੀ ਕਿ ਸਾਡੇ ਲਈ ਇੱਕ ਗੀਤ ਗਾ ਸਕਦੇ ਹੋ? ਇਹ ਬਹੁਤ ਹੀ ਵਿਰੋਧਾਭਾਸ ਸੀ।"
ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਬੋਆ ਸੀਨੀਅਰ ਹੌਲੀ-ਹੌਲੀ ਉਸ ਲਈ ਖੁੱਲ੍ਹ ਗਈ।
ਪ੍ਰੋਫ਼ੈਸਰ ਅੱਬੀ ਯਾਦ ਕਰਦੇ ਹਨ, "ਮੈਂ ਉਸ ਨਾਲ ਸਟ੍ਰੇਟ ਆਈਲੈਂਡ ਦੇ ਜੰਗਲਾਂ ਵਿੱਚ ਦਿਨ, ਹਫ਼ਤੇ ਅਤੇ ਮਹੀਨੇ ਬਿਤਾਏ ਸਨ, ਜਿੱਥੇ ਇਹ ਭਾਈਚਾਰੇ ਵਸੇ ਹੋਏ ਹਨ।"
ਪ੍ਰੋਫ਼ੈਸਰ ਅੱਬੀ ਕਹਿੰਦੇ ਹਨ ਕਿ ਆਪਣੇ ਮਾਪਿਆਂ ਅਤੇ ਆਪਣੇ ਪਤੀ ਦੀ ਮੌਤ ਤੋਂ ਬਾਅਦ, ਬੋਆ ਸੀਨੀਅਰ 40 ਸਾਲਾਂ ਲਈ ਆਖਰੀ ਬੋ ਸਪੀਕਰ ਵਜੋਂ ਰਹਿ ਗਈ ਸੀ।
"ਉਸਦਾ ਕੋਈ ਪਰਿਵਾਰ ਨਹੀਂ ਸੀ, ਉਸਨੇ ਆਪਣੇ ਪਤੀ ਨੂੰ ਬਹੁਤ ਸਮਾਂ ਪਹਿਲਾਂ ਗੁਆ ਦਿੱਤਾ ਸੀ ਅਤੇ ਉਸਦੇ ਕਦੇ ਕੋਈ ਬੱਚਾ ਨਹੀਂ ਹੋਇਆ।"
"ਉਹ ਅਕਸਰ ਬਹੁਤ ਇਕੱਲੀ ਰਹਿੰਦੀ ਸੀ ਅਤੇ ਲੋਕਾਂ ਨਾਲ ਗੱਲਬਾਤ ਕਰਨ ਲਈ ਉਸਨੂੰ ਹਿੰਦੀ ਭਾਸ਼ਾ ਜਿਸ ਤਰ੍ਹਾਂ ਅੰਡੇਮਾਨ ਵਿੱਚ ਬੋਲੀ ਜਾਂਦੀ ਹੈ,ਸਿੱਖਣੀ ਪੈਂਦੀ ਸੀ।"
ਪੰਛੀਆਂ ਨਾਲ ਗੱਲਾਂ ਕਰਦੀ ਬੋਆ ਸੀਨੀਅਰ

ਆਪਣੀ ਇਕੱਲਤਾ ਨੂੰ ਘਟਾਉਣ ਲਈ, ਬੋਆ ਸੀਨੀਅਰ ਅਕਸਰ ਗਾਉਂਦੀ ਸੀ ਅਤੇ ਆਪਣੇ ਆਪ ਨਾਲ ਅਤੇ ਪੰਛੀਆਂ ਨਾਲ ਗੱਲਾਂ ਕਰ ਰਹੀ ਸੀ।
"ਮੈਂ ਜਦੋਂ ਉਸਨੂੰ ਪੁੱਛਿਆ ਕਿ ਉਹ ਪੰਛੀਆਂ ਨਾਲ ਕਿਉਂ ਗੱਲ ਕਰਦੀ ਹੈ ਤਾਂ ਉਸ ਦਾ ਜਵਾਬ ਸੀ ਕਿ ਪੰਛੀ ਉਨ੍ਹਾਂ ਦੇ ਪੂਰਵਜ ਹਨ।"
ਬੋਆ ਸੀਨੀਅਰ ਪੰਛੀਆਂ ਬਾਰੇ ਕਹਿੰਦੀ, "ਇਸ ਦੁਨੀਆਂ ਵਿੱਚ ਸਿਰਫ਼ ਉਹੀ ਜੀਵ ਹਨ ਜੋ ਮੈਨੂੰ ਸਮਝਦੇ ਹਨ।"
ਅੰਡੇਮਾਨ ਦੇ ਲੋਕ ਨਾ ਤਾਂ ਪੰਛੀਆਂ ਦਾ ਸ਼ਿਕਾਰ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਖਾਂਦੇ ਹਨ ਕਿਉਂਕਿ ਉਹ ਉਨ੍ਹਾਂ ਨੂੰ ਆਪਣੇ ਪੂਰਵਜ ਮੰਨਦੇ ਹਨ।
ਸਾਲਾਂ ਬਾਅਦ ਪ੍ਰਫ਼ੈਸਰ ਅੱਬੀ ਅਤੇ ਬੋਆ ਸੀਨੀਅਰ ਦਾ ਰਿਸ਼ਤਾ ਦੋਸਤੀ ਵਿੱਚ ਬਦਲ ਗਿਆ।
ਅੱਬੀ ਦਾ ਸਹਾਰਾ ਲੋਚਦੀ ਬੋਆ

ਪ੍ਰੋਫ਼ੈਸਰ ਅੱਬੀ ਸਟ੍ਰੇਟ ਆਈਲੈਂਡ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿਚਕਾਰ ਯਾਤਰਾ ਕਰਦੇ ਸਨ, ਜਿੱਥੇ ਉਹ ਰਹਿੰਦੀ ਸੀ।
ਪ੍ਰੋਫ਼ੈਸਰ ਅੱਬੀ ਨੇ ਕਿਹਾ, "ਉਸਨੂੰ ਅਹਿਸਾਸ ਹੋਇਆ ਕਿ ਮੈਂ ਇੱਕ ਗੰਭੀਰ ਇਨਸਾਨ ਹਾਂ।"
"ਜਦੋਂ ਮੈਂ ਸਟ੍ਰੇਟ ਆਈਲੈਂਡ ਜਾਂ ਤਾਂ ਉਹ ਬਹੁਤ ਖੁਸ਼ ਹੁੰਦੀ ਸੀ। ਉਹ ਮੇਰਾ ਹੱਥ ਫੜ ਲੈਂਦੀ ਸੀ ਅਤੇ ਕਹਿੰਦੀ ਸੀ ਕਿ ਵਾਪਸ ਨਾ ਜਾਵਾਂ।"
ਪ੍ਰੋਫ਼ੈਸਰ ਅੱਬੀ ਦੱਸਦੇ ਹਨ, "ਬੋਆ ਸੀਨੀਅਰ ਸੋਚਦੀ ਸੀ ਕਿ ਜਦੋਂ ਮੈਂ ਟਾਪੂ 'ਤੇ ਸੀ, ਤਾਂ ਹਰ ਕੋਈ ਦਿਖਾਵਾ ਕਰਨ ਲਈ ਜਾਂ ਇਹ ਦਿਖਾਉਣ ਲਈ ਕਿ ਉਹ ਭਾਸ਼ਾ ਜਾਣਦੇ ਹਨ, ਗ੍ਰੇਟ ਅੰਡੇਮਾਨੀਜ਼ ਬੋਲਣ ਦੀ ਕੋਸ਼ਿਸ਼ ਕਰਦਾ ਸੀ। ਅਤੇ ਜਦੋਂ ਮੈਂ ਵਾਪਸ ਦਿੱਲੀ ਚਲੀ ਜਾਂਦੀ ਸੀ ਤਾਂ ਉਹ ਲੋਕ ਫ਼ਿਰ ਤੋਂ ਹਿੰਦੀ ਬੋਲਣਾ ਸ਼ੁਰੂ ਕਰ ਦਿੰਦੇ ਸਨ।"
ਬੋਆ ਸੀਨੀਅਰ ਆਪਣੇ ਆਖਰੀ ਸਾਲਾਂ ਵਿੱਚ ਬਹੁਤ ਬੁਰਾ ਮਹਿਸੂਸ ਕਰਦੀ ਸੀ।
ਪ੍ਰੋਫ਼ੈਸਰ ਅੱਬੀ ਨੂੰ ਪਤਾ ਸੀ ਕਿ ਉਹ ਆਪਣੇ ਦੋਸਤ ਅਤੇ ਬੋ ਦੇ ਆਖਰੀ ਬੁਲਾਰੇ ਨੂੰ ਗੁਆਉਣ ਵਾਲੀ ਹੈ।
"ਉਹ ਬਿਮਾਰ ਸੀ, ਮੈਂ ਉਸ ਨਾਲ ਫ਼ੋਨ 'ਤੇ ਗੱਲ ਕਰਨਾ ਚਾਹੁੰਦੀ ਸੀ, ਪਰ ਉਹ ਗੱਲ ਨਹੀਂ ਕਰ ਸਕਦੀ ਸੀ।"
"ਉਹ ਬਹੁਤ ਜ਼ਿਆਦਾ ਖੰਘ ਰਹੀ ਸੀ।"
ਫਿਰ ਭਾਈਚਾਰੇ ਦੇ ਇੱਕ ਮੈਂਬਰ ਨੇ ਬੋਆ ਸੀਨੀਅਰ ਦੀ ਮੌਤ ਦੀ ਭਿਆਨਕ ਖ਼ਬਰ ਪ੍ਰੋਫ਼ੈਸਰ ਅੱਬੀ ਨਾਲ ਸਾਂਝੀ ਕੀਤੀ।
ਉਨ੍ਹਾਂ ਕਿਹਾ, "ਮੈਨੂੰ ਇਸਦੀ ਥੋੜੀ-ਬਹੁਤ ਉਮੀਦ ਸੀ, ਪਰ ਜਦੋਂ ਇਹ ਹੋਇਆ ਤਾਂ ਇਸਨੇ ਮੈਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ।"
ਪ੍ਰੋਫ਼ੈਸਰ ਅੱਬੀ ਮਰ ਰਹੀ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਦੇ ਆਪਣੇ ਯਤਨਾਂ ਵਿੱਚ 'ਬੇਵੱਸ' ਮਹਿਸੂਸ ਕਰ ਰਹੀ ਸੀ।
ਛੇ ਸਾਲਾਂ ਦੀ ਖੋਜ ਤੋਂ ਬਾਅਦ, ਉਨ੍ਹਾਂ ਨੇ ਅੰਡੇਮਾਨ ਟਾਪੂਆਂ ਵਿੱਚ ਵਰਤੀਆਂ ਜਾਣ ਵਾਲੀਆਂ ਬੋ ਸਣੇ ਚਾਰ ਖ਼ਤਮ ਹੋਣ ਕਿਨਾਰੇ ਪਹੁੰਚੀਆਂ ਕਬਾਇਲੀ ਭਾਸ਼ਾਵਾਂ ਦਾ ਆਪਣਾ ਪਹਿਲਾ ਸ਼ਬਦਕੋਸ਼ ਤਿਆਰ ਕੀਤਾ। ਇਹ 2011 ਵਿੱਚ ਪ੍ਰਕਾਸ਼ਿਤ ਹੋਇਆ ਸੀ।
ਪ੍ਰੋਫ਼ੈਸਰ ਅੱਬੀ ਕਹਿੰਦੇ ਹਨ, "ਮੈਂ ਭਾਸ਼ਾਵਾਂ ਦੇ ਅੰਤ ਦੀ ਮੂਕ ਦਰਸ਼ਕ ਸੀ, ਇੱਕ ਤੋਂ ਬਾਅਦ ਇੱਕ ਭਾਸ਼ਾ ਮੇਰੀਆਂ ਅੱਖਾਂ ਦੇ ਸਾਹਮਣੇ ਖ਼ਤਮ ਹੋ ਰਹੀ ਸੀ। ਮੈਂ ਕੁਝ ਨਹੀਂ ਕਰ ਸਕੀ।"












