ਜਗਜੀਤ ਸਿੰਘ ਨੇ ਜਦੋਂ ਗਾਇਆ ‘ਦਰਦ ਸੇ ਮੇਰਾ ਦਾਮਨ ਭਰ ਦੇ...’ ਤੇ ਫਿਰ ਕਿਹਾ, ‘ਲੱਗਦਾ ਮੇਰੀ ਦੁਆ ਕਬੂਲ ਹੋ ਗਈ’

ਜਗਜੀਤ ਸਿੰਘ

ਤਸਵੀਰ ਸਰੋਤ, Getty Images

    • ਲੇਖਕ, ਤਨੀਸ਼ਾ ਚੌਹਾਨ
    • ਰੋਲ, ਬੀਬੀਸੀ ਪੱਤਰਕਾਰ

27 ਜੁਲਾਈ 1990...

ਮੁੰਬਈ ਦੇ ਬਾਂਦਰਾ ’ਚ ਅਬਦੁਲ ਰਹਿਮਾਨ ਨਾਮ ਦੇ ਸ਼ਾਰਜਹਾਂ ਦੇ ਇੱਕ ਸ਼ੇਖ ਦੇ ਘਰ ਮਹਿਫ਼ਿਲ ਲੱਗੀ ਹੋਈ ਸੀ। ਜਗਜੀਤ ਸਿੰਘ ਨੂੰ ਫਰਮਾਇਸ਼ ਕੀਤੀ ਗਈ ‘ਦਰਦ ਸੇ ਮੇਰਾ ਦਾਮਨ ਭਰ ਦੇ...’ ਗਜ਼ਲ ਦੀ।

ਜਗਜੀਤ ਸਿੰਘ ਨੇ ਕਿਹਾ, “ਅੱਜ ਮੇਰਾ ਇਹ ਗਾਉਣ ਦਾ ਮੂਡ ਨਹੀਂ ਹੈ।” ਪਰ ਸਾਰਿਆਂ ਨੇ ਵਾਰ-ਵਾਰ ਕਿਹਾ ਤਾਂ ਉਨ੍ਹਾਂ ਨੇ ਗਾਣਾ ਸ਼ੁਰੂ ਕਰ ਦਿੱਤਾ। ਗਜ਼ਲ ਗਾਉਂਦੇ-ਗਾਉਂਦੇ ਉਹ ਜ਼ਾਰ-ਜ਼ਾਰ ਰੋਣ ਲੱਗ ਪਏ।

ਹਰ ਕੋਈ ਹੈਰਾਨ ਸੀ ਕਿ ਉਹ ਕਿਉਂ ਰੋ ਰਹੇ ਹਨ। ਉਨ੍ਹਾਂ ਕਿਹਾ, “ਮੇਰਾ ਦਿਲ ਘਬਰਾ ਰਿਹਾ ਹੈ ਤੇ ਮੈਨੁੰ ਕੁਝ ਚੰਗਾ ਨਹੀਂ ਲੱਗ ਰਿਹਾ।”

ਫਿਰ ਰਾਤ 2-3 ਵਜੇ ਫੋਨ ਆਉਂਦਾ ਹੈ ਕਿ ਉਨ੍ਹਾਂ ਦੇ ਪੁੱਤਰ ਵਿਵੇਕ ਸਿੰਘ ਜਿਸ ਨੂੰ ਸਾਰੇ ਪਿਆਰ ਨਾਲ ‘ਬਾਬੂ’ ਕਹਿੰਦੇ ਸਨ, ਦਾ ਐਕਸੀਡੈਂਟ ਹੋ ਗਿਆ ਹੈ।

ਪਤਾ ਲੱਗਦਾ ਹੈ ਕਿ ਵਿਵੇਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਹਫੜਾ-ਦਫ਼ੜੀ ਮੱਚ ਜਾਂਦੀ ਹੈ ਅਤੇ ਜਗਜੀਤ ਕਹਿੰਦੇ ਹਨ, “ਲੱਗਦਾ ਮੇਰੀ ਦੁਆ ਕਬੂਲ ਹੋ ਗਈ।”

ਇਹ ਉਸ ਗਜ਼ਲ (ਦਰਦ ਸੇ ਮੇਰਾ ਦਾਮਨ ਭਰ ਦੇ...) ਬਾਰੇ ਕਹਿੰਦੇ ਹਨ ਜਿਸ ਨੂੰ ਉਹ ਗਾ ਰਹੇ ਸੀ ਅਤੇ ਜ਼ਾਰ-ਜ਼ਾਰ ਰੋ ਰਹੇ ਸੀ। ਇਹ ਤੋੜ ਦੇਣਾ ਵਾਲਾ ਪਲ ਸੀ।

ਵਿਵੇਕ ਦੀ ਉਮਰ ਉਸ ਵੇਲੇ ਮਹਿਜ਼ 20 ਸਾਲ ਸੀ।

ਜਗਜੀਤ ਸਿੰਘ

ਤਸਵੀਰ ਸਰੋਤ, kaagaz ki kashti

ਤਸਵੀਰ ਕੈਪਸ਼ਨ, ਜਗਜੀਤ ਸਿੰਘ ਦੇ ਪੁੱਤਰ ਵਿਵੇਕ ਸਿੰਘ ਦਾ 20 ਸਾਲਾਂ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ

ਸਾਲ 2017 ’ਚ ਮਕਬੂਲ ਗਜ਼ਲ ਗਾਇਕ ਜਗਜੀਤ ਸਿੰਘ ਦੀ ਜ਼ਿੰਦਗੀ ’ਤੇ ਇੱਕ ਦਸਤਾਵੇਜ਼ੀ ਫ਼ਿਲਮ ‘ਕਾਗਜ਼ ਕੀ ਕਸ਼ਤੀ’ ਰਿਲੀਜ਼ ਹੋਈ।

ਇਸ ਵਿੱਚ ਆਪਣੇ ਪੁੱਤਰ ਦੀ ਮੌਤ ਬਾਰੇ ਜਗਜੀਤ ਸਿੰਘ ਦੀ ਪਤਨੀ ਚਿਤਰਾ ਸਿੰਘ ਕਹਿੰਦੇ ਹਨ, “ਜਗਜੀਤ ਦੀ ਸਭ ਤੋਂ ਵੱਡੀ ਕ੍ਰਿਏਸ਼ਨ ਉਨ੍ਹਾਂ ਦਾ ਪੁੱਤ ਸੀ। ਵਿਵੇਕ ਦੇ ਜਾਣ ਤੋਂ ਬਾਅਦ ਜਿਵੇਂ ਉਨ੍ਹਾਂ ਨੇ ਆਪਣੀ ਦੁਨੀਆਂ ਹੀ ਗੁਆ ਦਿੱਤੀ ਸੀ।”

ਜਗਜੀਤ ਸਿੰਘ ਦੀ ਕਾਲਜ ਸਾਥਣ, ਜੋ ਉਨ੍ਹਾਂ ਨੂੰ ਰੱਖੜੀ ਬੰਨਦੇ ਸਨ, ਗੀਤਾ ਪ੍ਰੇਮ ਦੱਸਦੇ ਹਨ ਕਿ ਵਿਵੇਕ ਦੀ ਮੌਤ ਪਰਿਵਾਰ ਲਈ ਇੱਕ ਵੱਡਾ ਝਟਕਾ ਸੀ। ਚਿਤਰਾ ਨੂੰ ਤਾਂ ਹੋਸ਼-ਓ-ਹਵਾਸ ਵੀ ਨਹੀਂ ਰਹੇ। ਉਹ ਬਿਸਤਰ ’ਤੇ ਸਨ। ਜਗਜੀਤ ਸਿੰਘ ਸਭ ਸੰਭਾਲ ਰਹੇ ਸਨ।

ਉਨ੍ਹਾਂ ਦੇ ਦੋਸਤ ਅਤੇ ਬਿਜ਼ਨੇਸਮੈਨ ਓਮ ਗੋਇੰਕਾ ਦੱਸਦੇ ਹਨ ਕਿ ਜਦੋਂ ਤੱਕ ਸਾਰੇ ਸੀ ਤਾਂ ਉਹ ਚੱਟਾਣ ਵਾਂਗ ਖੜ੍ਹੇ ਰਹੇ। ਹਰ ਚੀਜ਼ ਦਾ ਧਿਆਨ ਰੱਖ ਰਹੇ ਸੀ ਜਿਵੇਂ ਕੁੱਝ ਹੋਇਆ ਹੀ ਨਹੀਂ। ਪਰ ਜਦੋਂ ਸਭ ਚਲੇ ਗਏ ਤਾਂ ਉਹ ਉਨ੍ਹਾਂ ਦੀ ਗੋਦ ‘ਚ ਸਿਰ ਰੱਖ ਕੇ ਇੱਕ ਬੱਚੇ ਵਾਂਗ ਰੋਂਦੇ ਰਹੇ।

ਮੰਚ ’ਤੇ ਫਿਰ ਚਿਤਰਾ ਤੇ ਜਗਜੀਤ ਦੀ ਜੋੜੀ ਨਜ਼ਰ ਨਹੀਂ ਆਈ

ਜਗਜੀਤ ਸਿੰਘ ਅਤੇ ਚਿਤਰਾ ਸਿੰਘ

ਤਸਵੀਰ ਸਰੋਤ, chitra singh

ਤਸਵੀਰ ਕੈਪਸ਼ਨ, ਮੰਚ ‘ਤੇ ਇਕੱਠਿਆ ਪਰਫਾਰਮ ਕਰਦੇ ਜਗਜੀਤ ਸਿੰਘ ਅਤੇ ਚਿਤਰਾ ਸਿੰਘ

ਵਿਵੇਕ ਦੀ ਮੌਤ ਤੋਂ ਬਾਅਦ ਚਿਤਰਾ ਬੁਰੀ ਤਰ੍ਹਾਂ ਟੁੱਟ ਗਏ। ਚਿਤਰਾ ਨੇ ਗਾਉਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ।

ਜਗਜੀਤ ਪਰਿਵਾਰ ਦੇ ਨਜ਼ਦੀਕੀ ਦੋਸਤ ਅਤੇ ਮਕਬੂਲ ਫਿਲਮ ਨਿਰਦੇਸ਼ਕ ਸੁਭਾਸ਼ ਘਈ ਡਾਕੂਮੈਂਟਰੀ ’ਚ ਦੱਸਦੇ ਹਨ, “ਚਿਤਰਾ ਵੀ ਨਹੀਂ ਸੀ, ਪੁੱਤਰ ਵੀ ਚਲਾ ਗਿਆ ਤੇ ਹੁਣ ਬੱਸ ਜਗਜੀਤ ਕੋਲ ਉਨ੍ਹਾਂ ਦੇ ਸਰੋਤੇ ਹੀ ਸਨ । ਸਭ ਨੇ ਕਿਹਾ ਕਿ ਹੁਣ ਉਹ ਇਸ ਦਰਦ ਨੂੰ ਸੰਗੀਤ ਰਾਹੀਂ ਹੀ ਚੈਨੇਲਾਇਜ਼ ਕਰ ਸਕਦੇ ਹਨ। ਇਸ ਹਾਲਾਤ ’ਚ ਸੋਚੋ ਜ਼ਰਾ ਉਨ੍ਹਾਂ ਲਈ ਗਾਉਣਾ ਕਿੰਨਾ ਵੱਡਾ ਬੋਝ ਹੋਵੇਗਾ।”

ਦਸਤਾਵੇਜ਼ੀ ਫ਼ਿਲਮ ’ਚ ਸੁਫ਼ੀ ਗਾਇਕ ਹੰਸ ਰਾਜ ਹੰਸ ਕਹਿੰਦੇ ਹਨ, “ਮੁਸਲਸਲ ਜ਼ਿੰਦਗੀ ਨੇ ਜਿਸ ਨੂੰ ਤੋੜ ਕੇ ਰੱਖ ਦਿੱਤਾ ਹੋਵੇ, ਉਹ ਆਪਣੇ ਦਰਦ ਨੂੰ ਫ਼ਨ ’ਚ ਢਾਲ ਲੈਂਦਾ ਹੈ ਅਤੇ ਤਮਾਮ ਉਮਰ ਸੰਗੀਤ ਦੀ ਖ਼ਿਦਮਤ ਕਰਦਾ ਹੈ।”

ਪੁੱਤਰ ਦੀ ਮੌਤ ਦੇ ਕਰੀਬ ਇੱਕ ਸਾਲ ਬਾਅਦ ਜਗਜੀਤ ਸਿੰਘ ਨੇ ਮੁੜ ਗਾਉਣਾ ਸ਼ੁਰੂ ਕੀਤਾ। ਪਰ ਉਨ੍ਹਾਂ ਨੇ ਕਦੇ ਆਪਣਾ ‘ਸੈਂਸ ਆਫ਼ ਹਿਊਮਰ’ ਨਹੀਂ ਛੱਡਿਆ ਜੋ ਅਕਸਰ ਮੰਚ ’ਤੇ ਉਨ੍ਹਾਂ ਦਾ ਨਜ਼ਰ ਆਉਂਦਾ ਸੀ।

ਉਨ੍ਹਾਂ ਦੇ ਸਾਥੀ ਅਤੇ ਸਾਉਂਡ ਇੰਜੀਨਿਅਰ ਰਾਜਾ ਸਹਿਗਲ ਕਹਿੰਦੇ ਹਨ ਕਿ ਉਨ੍ਹਾਂ ਨੇ ਹਮੇਸ਼ਾ ਆਪਣੇ ਸਰੋਤਿਆਂ ਦੇ ਮਨੋਰੰਜਨ ਦਾ ਧਿਆਨ ਰੱਖਿਆ ਅਤੇ ਆਪਣਾ ਮਜ਼ਾਕਿਆ ਅੰਦਾਜ਼ ਜਾਰੀ ਰੱਖਿਆ।

ਉਨ੍ਹਾਂ ਦੇ ਸਰੋਤਿਆਂ ਨੇ ਵੀ ਕਦੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਉਨ੍ਹਾਂ ਦਾ ਹਰ ਸ਼ੋਅ ਹਮੇਸ਼ਾ ‘ਹਾਉਸ ਫੁੱਲ’ ਰਹਿੰਦਾ।

ਸਰੋਤਿਆਂ ਨੇ ਹਮੇਸ਼ਾ ਜਗਜੀਤ ਸਿੰਘ ਨਾਲ ਇੱਕ ਕਨੈਕਸ਼ਨ ਮਹਿਸੂਸ ਕੀਤਾ, ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕੀਤਾ।

ਜਦੋਂ ਜਗਜੀਤ ਸਟੇਜ ‘ਤੇ ‘ਦਰਦ ਸੇ ਮੇਰਾ ਦਾਮਨ ਭਰ ਦੇ’ ਜਾਂ ‘ਕਹਾਂ ਤੁਮ ਚਲੇ ਗਏ’ ਗਾਉਂਦੇ ਸੀ, ਤਾਂ ਉਨ੍ਹਾਂ ਦੇ ਸਰੋਤੇ ਵੀ ਨਾਲ ਜ਼ਾਰ-ਜ਼ਾਰ ਰੋਂਦੇ ਸੀ।

ਪਰ ਫਿਰ ਉਹ ਅਚਾਨਕ ਹੀ ਮਾਹੌਲ ਬਦਲ ਦਿੰਦੇ ਸੀ ਅਤੇ ਆਪਣੇ ਸਰੋਤਿਆਂ ਨੂੰ ਥਿਰਕਣ ਲਈ ਮਜਬੂਰ ਕਰ ਦਿੰਦੇ ਸਨ।

ਪੁੱਤਰ ਦੀ ਮੌਤ ਤੋਂ ਬਾਅਦ ਅਧਿਆਤਮਿਕਤਾ ਵੱਲ ਰੁਝਾਨ

ਜਗਜੀਤ ਸਿੰਘ ਦੇ ਛੋਟੇ ਭਰਾ ਕਰਤਾਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਗਜੀਤ ਸਿੰਘ ਦੇ ਛੋਟੇ ਭਰਾ ਕਰਤਾਰ ਸਿੰਘ

ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਦੇ ਛੋਟੇ ਭਰਾ ਕਰਤਾਰ ਸਿੰਘ ਦੱਸਦੇ ਹਨ, “ਜਗਜੀਤ ਸਿੰਘ ਦੀ ਗਾਇਕੀ ’ਚ ਹਮੇਸ਼ਾ ਤੋਂ ਹੀ ਇੱਕ ਠਹਿਰਾਵ, ਇੱਕ ਸਮਝ ਅਤੇ ਜ਼ਿੰਦਗੀ ਦੇ ਸਾਰੇ ਰੰਗ, ਫਿਰ ਭਾਵੇਂ ਉਹ ਖੁਸ਼ੀ ਹੋਵੇ ਜਾਂ ਗਮ, ਮਿਲਣ ਹੋਵੇ ਜਾਂ ਵਿਛੋੜਾ, ਸਭ ਸੀ।”

“ਪਰ ਪੁੱਤਰ ਦੀ ਮੌਤ ਤੋਂ ਬਾਅਦ ਉਹ ਅਧਿਆਤਮਕਿਤਾ ਵੱਲ ਵੱਧ ਗਏ। ਗਾਇਕੀ ’ਚ ਵੀ ਇੱਕ ਬਦਲਾਅ ਵੇਖਣ ਨੂੰ ਮਿਲਿਆ। ਇਕੱਲੇ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਜ਼ਾਹਿਰ ਜਿਹੀ ਗੱਲ ਹੈ ਕਿ ਇਸ ਨਾਲ ਉਨ੍ਹਾਂ ਦੇ ਅੰਦਾਜ਼ ’ਚ ਵੀ ਬਦਲਾਅ ਆਇਆ।”

ਉਹ ਕਹਿੰਦੇ ਹਨ, “ਉਨ੍ਹਾਂ ਦੀ ਗਾਇਕੀ ਦੀ ਖ਼ਾਸੀਅਤ ਹਮੇਸ਼ਾ ਇਹ ਰਹੀ ਕਿ ਉਨ੍ਹਾਂ ਦੀ ਗਾਇਕੀ ’ਚ ਸੰਗੀਤ ਅਤੇ ਸ਼ਾਇਰੀ ਦਾ ਬਹੁਤ ਸਟੀਕ ਮਿਸ਼ਰਨ ਰਿਹਾ। ਅਜਿਹਾ ਬੈਲੇਂਸ ਬਹੁਤ ਘੱਟ ਮਿਲਦਾ ਹੈ।”

‘ਰਿਆਜ਼ ਕਰਨਾ ਕਦੇ ਨਾ ਛੱਡਿਆ’

ਜਗਜੀਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਗਜੀਤ ਸਿੰਘ

ਜਗਜੀਤ ਸਿੰਘ ਰਿਆਜ਼ ਨੂੰ ਲੈਕੇ ਬਹੁਤ ਸਜਗ ਰਹਿੰਦੇ ਸਨ। ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਅਕਸਰ ਕਹਿੰਦੇ ਸਨ ਕਿ ਹੁਣ ਤੁਹਾਨੂੰ ਰਿਆਜ਼ ਦੀ ਕੀ ਲੋੜ ਹੈ, ਤਾਂ ਉਹ ਕਹਿੰਦੇ ਸਨ...

“ਇੱਕ ਮਹੀਨਾ ਰਿਆਜ਼ ਨਾ ਕਰਾਂ ਤਾਂ ਸਰੋਤਿਆਂ ਨੂੰ ਪਤਾ ਲੱਗ ਜਾਵੇਗਾ ਕਿ ਮੇਰੇ ’ਚ ਉਹ ਗੱਲ ਨਹੀਂ ਰਹੀ,

ਇੱਕ ਹਫ਼ਤਾ ਰਿਆਜ਼ ਨਾ ਕਰਾਂ ਤਾਂ ਮੇਰੀ ਪਤਨੀ ਨੂੰ ਪਤਾ ਲੱਗ ਜਾਵੇਗਾ ਕਿ ਮੇਰੇ ’ਚ ਉਹ ਗੱਲ ਨਹੀਂ ਰਹੀ,

ਇੱਕ ਦਿਨ ਰਿਆਜ਼ ਨਾ ਕਰਾਂ ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਮੇਰੇ ‘ਚ ਉਹ ਗੱਲ ਨਹੀਂ ਰਹੀ।”

‘ਜਦੋਂ ਮੇਰਾ ਕੁਝ ਹੈ ਹੀ ਨਹੀਂ ਤਾਂ ਫੇਰ ਸੋਚਣਾ ਕਿਉਂ’

ਜਗਜੀਤ ਸਿੰਘ ਬੱਚਿਆਂ ਦੇ ਨਾਲ

ਤਸਵੀਰ ਸਰੋਤ, Chitra Singh

ਤਸਵੀਰ ਕੈਪਸ਼ਨ, ਜਗਜੀਤ ਸਿੰਘ ਬੱਚਿਆਂ ਦੇ ਨਾਲ

ਜਗਜੀਤ ਸਿੰਘ ਆਪਣੇ ਸਾਥੀਆਂ ਲਈ, ਪੂਰੀ ਟੀਮ ਲਈ, ਬਲਕਿ ਅਨਜਾਨ ਲੋਕਾਂ ਲਈ ਵੀ ਮਸੀਹਾ ਵਾਂਗ ਸੀ।

ਜਦੋਂ ਵੀ ਪਤਾ ਲੱਗਦਾ ਕਿ ਕਿਸੇ ਨੂੰ ਇਲਾਜ ਲਈ ਜਾਂ ਘਰ ਬਣਾਉਣ ਲਈ ਪੈਸਿਆਂ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨੇ ਕਦੇ ਕਿਸੇ ਨੂੰ ਨਾ ਨਹੀਂ ਕੀਤੀ ਸੀ।

ਉਨ੍ਹਾਂ ਦੇ ਦੋਸਤ ਘਮਸ਼ਾਮ ਵਾਸਵਾਨੀ ਇਸ ਦਸਤਾਵੇਜ਼ੀ ਫ਼ਿਲਮ ’ਚ ਦੱਸਦੇ ਹਨ ਕਿ ਪਹਿਲਾਂ ਹਰ ਦੁਪਹਿਰ ਮਿਡ ਡੇਅ ਅਖ਼ਬਾਰ ਆਉਂਦਾ ਸੀ।

“ਇੱਕ ਵਾਰ ਉੱਥੇ ਇਸ਼ਤਿਹਾਰ ਆਇਆ ਕਿ ਇੱਕ ਬੱਚੀ ਨੂੰ ਦਿਲ ਦੇ ਇਲਾਜ ਲਈ ਪੈਸੇ ਦੀ ਜ਼ਰੂਰਤ ਹੈ, ਉਨ੍ਹਾਂ ਨੇ ਨਾਲ ਹੀ 2 ਲੱਖ ਰੁਪਏ ਦਾ ਚੈੱਕ ਕੱਟਿਆ ਤੇ ਕਿਹਾ ਕਿ ਉਹ ਚੈੱਕ ਉਨ੍ਹਾਂ ਨੂੰ ਪੋਸਟ ਕਰ ਦੇਵੋ।”

ਉਨ੍ਹਾਂ ਦੇ ਸਾਥੀ ਜਸਬੀਰ ਸਿੰਘ ਧਾਮ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਡਰਾਇਵਰ ਨੂੰ ਘਰ ਲੈ ਕੇ ਦਿੱਤਾ। ਹਾਲਾਂਕਿ ਉਨ੍ਹਾਂ ਦੇ ਡਰਾਇਵਰ ਨੇ ਕੁਝ ਦਿਨਾਂ ਬਾਅਦ ਹੀ ਕੰਮ ’ਤੇ ਆਉਣਾ ਬੰਦ ਕਰ ਦਿੱਤਾ। ਪਰ ਜਗਜੀਤ ਸਿੰਘ ਨੇ ਫਿਰ ਵੀ ਕਦੇ ਉਸ ਲਈ ਬੁਰਾ ਨਹੀਂ ਸੋਚਿਆ, ਕੋਈ ਰੰਜਿਸ਼ ਨਹੀਂ ਰੱਖੀ।

ਚਿਤਰਾ ਦੱਸਦੇ ਹਨ ਕਿ ਉਹ ਹਮੇਸ਼ਾ ਕਹਿੰਦੇ ਸਨ, “ਮੇਰਾ ਕੁਝ ਹੈ ਹੀ ਨਹੀਂ, ਤਾਂ ਉਸ ਨੂੰ ਦੇਣ ’ਚ ਕੀ ਹਰਜ਼ ਹੈ।”

ਮਸ਼ਹੂਰ ਸ਼ਾਇਰ ਅਤੇ ਲੇਖਕ ਗੁਲਜ਼ਾਰ ਜਗਜੀਤ ਸਿੰਘ ਬਾਰੇ ਫ਼ਿਲਮ ’ਚ ਗੱਲਾਂ ਸਾਂਝੀਆਂ ਕਰਦਿਆਂ ਦੱਸਦੇ ਹਨ, “ਮਹਿੰਦੀ ਹਸਨ ਬਹੁਤ ਬਿਮਾਰ ਪੈ ਗਏ ਸੀ। ਹਾਲਾਂਕਿ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਦੇ ਇਲਾਜ ਦੀ ਪੂਰੀ ਜ਼ਿੰਮੇਵਾਰੀ ਲਈ ਹੋਈ ਸੀ। ਪਰ ਜਗਜੀਤ ਸਿੰਘ ਨੇ ਕਿਹਾ ਕਿ ਕੁਝ ਵੀ ਹੋਵੇ, ਜੇਕਰ ਉਨ੍ਹਾਂ ਨੂੰ ਕੋਈ ਵੀ ਜ਼ਰੂਰਤ ਹੋਵੇ ਤਾਂ ਉਹ ਕਸਰ ਨਹੀਂ ਛੱਡਣਗੇ।”

ਜਗਜੀਤ ਦੇ ਦੋਸਤ ਅਤੇ ਸੰਗੀਤਕਾਰ ਤਲਤ ਅਜ਼ੀਜ਼ ਦੱਸਦੇ ਹਨ ਕਿ ਜਗਜੀਤ ਖ਼ਾਸ ਤੌਰ ’ਤੇ ਕਰਾਚੀ ਗਏ ਅਤੇ ਪ੍ਰੋਗਰਾਮ ਕਰਕੇ ਹਸਨ ਸਾਹਿਬ ਲਈ ਫੰਡ ਇਕੱਠਾ ਕੀਤਾ।

ਧੀ ਮੋਨਿਕਾ ਦਾ ਜਾਣਾ

ਚਿਤਰਾ ਸਿੰਘ ਦੀ ਧੀ ਮੋਨਿਕਾ

ਤਸਵੀਰ ਸਰੋਤ, baat niklegi to phir (book)

ਮੋਨਿਕਾ, ਉਨ੍ਹਾਂ ਦੀ ਪਤਨੀ ਚਿਤਰਾ ਦੇ ਪਹਿਲੇ ਵਿਆਹ ਤੋਂ ਹੋਈ ਧੀ ਸੀ ਪਰ ਜਗਜੀਤ ਸਿੰਘ ਨੇ ਕਦੇ ਵੀ ਕੋਈ ਫਰਕ ਨਹੀਂ ਰੱਖਿਆ। ਮੋਨਿਕਾ ਇੱਕ ਨਾਮਵਰ ਮਾਡਲ ਸੀ।

ਇਸ ਦਸਤਾਵੇਜ਼ੀ ਫ਼ਿਲਮ ’ਚ ਉਨ੍ਹਾਂ ਦੀ ਮੌਤ ਦਾ ਵੀ ਜ਼ਿਕਰ ਹੈ।

ਇੱਕ ਦਿਨ ਜਗਜੀਤ ਵਾਸ਼ਿੰਗਟਨ ਡੀਸੀ ‘ਚ ਇੱਕ ਸ਼ੋਅ ਲਈ ਗਏ ਹੋਏ ਸੀ। ਸ਼ੋਅ ਤੋਂ ਬਾਅਦ ਪਾਰਟੀ ਚੱਲ ਰਹੀ ਸੀ। ਅਚਾਨਕ ਚਿਤਰਾ ਦਾ ਫੋਨ ਆਇਆ ਕਿ ਮੋਨਿਕਾ ਨਹੀਂ ਰਹੀ। ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਹੈ।

ਉਨ੍ਹਾਂ ਦੀ ਟੀਮ ਦੇ ਸਾਥੀ ਦੱਸਦੇ ਹਨ ਕਿ ਮੋਨਿਕਾ ਜਗਜੀਤ ਲਈ ਬਹੁਤ ਅਜ਼ੀਜ਼ ਸੀ। ਉਹ ਇਹ ਸੁਣ ਕੇ ਚੁੱਪ ਹੋ ਗਏ ਅਤੇ ਨਾਲ ਹੀ ਇੰਡੀਆ ਲਈ ਨਿਕਲ ਪਏ। ਇੰਨਾਂ ਵੱਡਾ ਸਫ਼ਰ ਸੀ।

ਉਨ੍ਹਾਂ ਦੀ ਟੀਮ ਨੇ ਕਿਹਾ ਕਿ ਇਸ ਹਾਲਤ ’ਚ ਉਨ੍ਹਾਂ ਵੱਡਾ ਸਫ਼ਰ ਇਕੱਲੇ ਕਿਵੇਂ ਤੈਅ ਕਰਨਗੇ। ਉਹ ਵੀ ਨਾਲ ਚੱਲਦੇ ਹਨ।

ਤਾਂ ਜਗਜੀਤ ਨੇ ਕਿਹਾ, ‘ਕੁੱਝ ਸਫ਼ਰ ਇਕੱਲੇ ਹੀ ਤੈਅ ਕਰਨੇ ਪੈਂਦੇ ਹਨ।’

ਚਿਤਰਾ ਕਹਿੰਦੇ ਹਨ ਕਿ ਜਗਜੀਤ ਕੋਲ ਹੁੰਦੇ ਤਾਂ ਮੋਨਿਕਾ ਸ਼ਾਇਦ ਕਦੇ ਅਜਿਹਾ ਨਾ ਕਰਦੇ। ਉਹ ਜਗਜੀਤ ਨੂੰ ਬਹੁਤ ਆਪਣਾ ਮੰਨਦੀ ਸੀ।

ਚਿਤਰਾ ਨਾਲ ਵਿਆਹ ਕਰਨ ਵਾਸਤੇ ਮੋਨਿਕਾ ਤੋਂ ਲਈ ਸੀ ਇਜਾਜ਼ਤ

ਜਗਜੀਤ ਸਿੰਘ ਦੀ ਜੀਵਨੀ ’ਤੇ ਲਿਖੀ ਕਿਤਾਬ

ਤਸਵੀਰ ਸਰੋਤ, harper collins

ਤਸਵੀਰ ਕੈਪਸ਼ਨ, ਜਗਜੀਤ ਸਿੰਘ ਦੀ ਜੀਵਨੀ ’ਤੇ ਲਿਖੀ ਕਿਤਾਬ

ਸਥਿਆ ਸਰਨ ਆਪਣੀ ਕਿਤਾਬ ‘ਬਾਤ ਨਿਕਲੇਗੀ ਤੋਂ ਫ਼ਿਰ’ ’ਚ ਦੱਸਦੇ ਹਨ ਕਿ ਚਿਤਰਾ ਦਾ ਵਿਆਹ 16 ਸਾਲ ਦੀ ਉਮਰ ’ਚ ਉਸ ਵੇਲੇ ਦੀ ਮਕਬੂਲ ਐਡਵਰਟਾਇਜ਼ਿੰਗ ਏਜੰਸੀ ਦੇ ਐਗਜ਼ੈਕਟਿਵ ਦੇਬੋ ਪ੍ਰਸਾਦ ਦੱਤਾ ਨਾਲ ਹੋਇਆ ਸੀ।

ਦੱਤਾ ਨੇ ਚਿਤਰਾ ਨੂੰ ਮੰਚ ’ਤੇ ਪੇਸ਼ਕਾਰੀ ਕਰਦਿਆਂ ਦੇਖਿਆ ਸੀ। ਉਸ ਵੇਲੇ ਚਿਤਰਾ ਮਹਿਜ਼ 14 ਸਾਲਾਂ ਦੇ ਸਨ। ਦੇਬੋ ਨੇ ਉਸ ਵੇਲੇ ਹੀ ਚਿਤਰਾ ਨੂੰ ਪਸੰਦ ਕਰ ਲਿਆ ਸੀ। ਚਿਤਰਾ ਦੇ ਮਾਪੇ ਵੀ ਇੰਨੇ ਵੱਡੇ ਬੰਦੇ ਦੇ ਰਿਸ਼ਤੇ ਨੂੰ ਮਨਾ ਨਹੀਂ ਕਰ ਸਕੇ ਪਰ ਕੁਝ ਸਮਾਂ ਮੰਗਿਆਂ।

ਪਰ ਦੱਤਾ ਕਾਫੀ ਕਾਹਲੇ ਸੀ ਅਤੇ 2 ਸਾਲ ਤੋਂ ਵੱਧ ਨਾ ਰੁਕੇ। ਉਨ੍ਹਾਂ ਨੇ ਚਿਤਰਾ ਦੇ 16 ਸਾਲਾਂ ਦੇ ਹੁੰਦਿਆਂ ਹੀ ਵਿਆਹ ਕਰ ਲਿਆ।

ਦੱਤਾ ਅਤੇ ਚਿਤਰਾ ਦੀ ਧੀ ਹੋਈ ਜਿਸ ਦਾ ਨਾਮ ਮੋਨਿਕਾ ਰੱਖਿਆ ਗਿਆ।

ਪਰ ਫਿਰ ਦੱਤਾ ਚਿਤਰਾ ਤੋਂ ਦੂਰ ਹੁੰਦੇ ਗਏ ਅਤੇ ਉਨ੍ਹਾਂ ਨੂੰ ਕੋਈ ਹੋਰ ਕੁੜੀ ਪਸੰਦ ਆ ਗਈ। ਉਨ੍ਹਾਂ ਨੇ ਇੱਕ ਦਿਨ ਚਿਤਰਾ ਨੂੰ ਦੱਸਿਆ ਕਿ ਉਹ ਉਸ ਕੁੜੀ ਨਾਲ ਵਿਆਹ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਤੋਂ ਤਲਾਕ ਚਾਹੁੰਦੇ ਹਨ।

ਚਿਤਰਾ ਅੰਦਰੋਂ ਟੁੱਟ ਗਏ ਪਰ ਉਨ੍ਹਾਂ ਨੇ ਆਪਣੇ ਅਹਿਮ ਨਾਲ ਸਮਝੌਤਾ ਨਹੀਂ ਕੀਤਾ। ਦੱਤਾ ਨੇ ਉਨ੍ਹਾਂ ਨੂੰ ਰਹਿਣ ਲਈ ਇੱਕ ਵੱਖਰਾ ਘਰ ਕਿਰਾਏ ’ਤੇ ਲੈ ਕੇ ਦਿੱਤਾ। ਉਸ ਵੇਲੇ ਜਗਜੀਤ ਸਿੰਘ ਨੇ ਚਿਤਰਾ ਦਾ ਬਹੁਤ ਸਾਥ ਨਿਭਾਇਆ।

ਕਿਤਾਬ ’ਚ ਉਹ ਲਿੱਖਦੇ ਹਨ, ਇੱਕ ਦਿਨ ਜਗਜੀਤ ਬਹੁਤ ਬਿਮਾਰ ਸਨ ਅਤੇ ਸਿੱਧਾ ਚਿਤਰਾ ਕੋਲ ਚਲੇ ਗਏ। ਚਿਤਰਾ ਰਸੋਈ ‘ਚ ਪਾਣੀ ਗਰਮ ਕਰਨ ਗਏ ਤਾਂ ਜਗਜੀਤ ਨੇ ਬੜੀ ਮੱਧਮ ਜਿਹੀ ਆਵਾਜ਼ ‘ਚ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ।

ਜਗਜੀਤ ਸਿੰਘ ਅਤੇ ਚਿਤਰਾ ਸਿੰਘ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, manjul publication

ਤਸਵੀਰ ਕੈਪਸ਼ਨ, ਜਗਜੀਤ ਸਿੰਘ ਅਤੇ ਚਿਤਰਾ ਸਿੰਘ ਦੀ ਪੁਰਾਣੀ ਤਸਵੀਰ

ਚਿਤਰਾ ਨੇ ਕਿਹਾ ਮੈਂ ਹਾਲੇ ਵੀ ਸ਼ਾਦੀਸ਼ੁਦਾ ਹਾਂ ਅਤੇ ਮੇਰਾ ਤਲਾਕ ਨਹੀਂ ਹੋਇਆ। ਜਗਜੀਤ ਚੁੱਪ ਕਰ ਗਏ। ਉਨ੍ਹਾਂ ਚਿਤਰਾ ਨੂੰ ਕੁਝ ਨਹੀਂ ਕਿਹਾ।

ਫਿਰ ਜਦੋਂ 2 ਸਾਲਾਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ ਤਾਂ ਜਗਜੀਤ ਨੇ ਫਿਰ ਚਿਤਰਾ ਨੂੰ ਵਿਆਹ ਲਈ ਪੁੱਛਿਆ। ਪਰ ਇਸ ਵਾਰ ਚਿਤਰਾ ਨੇ ਇਨਕਾਰ ਨਹੀਂ ਕੀਤਾ।

ਫਿਰ ਜਗਜੀਤ ਨੂੰ ਚਿਤਰਾ ਦੀ ਧੀ ਮੋਨਿਕਾ ਦਾ ਖ਼ਿਆਲ ਆਇਆ। ਮੋਨਿਕਾ ਦੀ ਜਗਜੀਤ ਨਾਲ ਬਹੁਤ ਪਿਆਰੀ ਦੋਸਤੀ ਸੀ।

ਜਗਜੀਤ ਮੋਨਿਕਾ ਨੂੰ ਲੈਣ ਸਕੂਲ ਗਏ ਅਤੇ ਫਿਰ ਚਿਤਰਾ ਨਾਲ ਮੋਨਿਕਾ ਨੂੰ ਕੁਆਲਿਟੀ ਰੈਸਟੋਰੈਂਟ ਲੈ ਕੇ ਗਏ। ਮੋਨਿਕਾ ਮਜ਼ੇ ਨਾਲ ਆਈਸਕ੍ਰੀਮ ਖਾ ਰਹੇ ਸਨ ਅਤੇ ਜਗਜੀਤ ਨੇ ਅਚਾਨਕ ਕਿਹਾ, “ਮੈਂ ਤੁਹਾਡੀ ਮਾਂ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ।”

ਮੋਨਿਕਾ ਥੋੜੀ ਦੇਰ ਲਈ ਚੁੱਪ ਕਰ ਗਏ ਕਿਉਂਕਿ ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੇ ਸਨ ਪਰ ਫਿਰ ਉਨ੍ਹਾਂ ਨੇ ਹਾਮੀ ਭਰ ਦਿੱਤੀ।

ਉਨ੍ਹਾਂ ਨੇ ਵੀ ਤਾਉਮਰ ਮੋਨਿਕਾ ਨੂੰ ਆਪਣੀ ਧੀ ਬਣਾ ਕੇ ਰੱਖਿਆ।

70ਵੇਂ ਜਨਮਦਿਨ ’ਤੇ 70 ਕਾਨਸਰਟ ਕਰਨ ਦੀ ‘ਜ਼ਿੱਦ’

ਚਿਤਰਾ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਗਜੀਤ ਸਿੰਘ ਦੇ ਅੰਤਿਮ ਸਸਕਾਰ ਵੇਲੇ ਉਨ੍ਹਾਂ ਦੀ ਪਤਨੀ ਚਿਤਰਾ ਸਿੰਘ

ਇੱਕ ਦਿਨ ਰਿਕਾਰਡਿੰਗ ਕਰਦੇ ਹੋਏ ਜਗਜੀਤ ਨੇ ਕਿਹਾ ਕਿ ਉਨ੍ਹਾਂ ਦੀ ਉਮਰ 69 ਸਾਲ ਹੀ ਹੈ, ਫਿਰ ਉਨ੍ਹਾਂ ਨੇ ਨਹੀਂ ਰਹਿਣਾ।

ਫਿਰ ਟੀਮ ਦੇ ਸਭ ਸਾਥੀਆਂ ਨੇ ਤੈਅ ਕੀਤਾ ਕਿ ਉਨ੍ਹਾਂ ਦਾ 70ਵਾਂ ਜਨਮਦਿਨ ਵੱਡੇ ਪੱਧਰ ਨੇ ਮਨਾਉਣਗੇ।

ਤਾਂ ਜਗਜੀਤ ’ਚ ਵੀ ਜੋਸ਼ ਆਇਆ ਤਾਂ ਉਨ੍ਹਾਂ ਕਿਹਾ ਕਿ ਮੈਂ 70ਵੇਂ ਜਨਮਦਿਨ ‘ਤੇ 70 ਕੌਨਸਰਟ ਕਰਾਂਗਾ।

ਗੁਲਜ਼ਾਰ ਦਸਤਾਵੇਜ਼ੀ ਫ਼ਿਲਮ ’ਚ ਦੱਸਦੇ ਹਨ, “ਉਨ੍ਹਾਂ ਨੇ ਬਸ ਫੇਰ ਆਪਣੀ ਪੂਰੀ ਵਾਹ ਲਾ ਦਿੱਤੀ। ਬਹੁਤ ਟਰੈਵਲਿੰਗ ਕੀਤੀ। ਸਭ ਨੇ ਮਨਾ ਕੀਤਾ। ਚਿਤਰਾ ਨੇ ਵੀ ਕਿਹਾ। ਪਰ ਉਨ੍ਹਾਂ ’ਚ ਬਹੁਤ ਐਨਰਜੀ ਸੀ ਅਤੇ ਕੰਮ ਦਾ ਸ਼ੌਂਕ ਬਹੁਤ ਸੀ।”

ਕਦੇ ਟੋਰੰਟੋ, ਕਦੇ ਵੈਨਕੁਵਰ, ਕਦੇ ਨਿਊਯਾਰਕ ਤੇ ਕਦੇ ਕਿਧਰੇ...

ਬੈਕ ਟੂ ਬੈਕ ਸ਼ੋਅ ਹੋ ਰਹੇ ਸਨ। ਭਾਰਤ ‘ਚ ਵੀ ਸ਼ੋਅ ਹੋ ਰਹੇ ਸੀ।

ਸਭ ਨੇ ਕਿਹਾ ਕਿ 70 ਸ਼ੋਅ ਕਰਨ ਦੀ ਕੀ ਲੋੜ ਹੈ। ਤਾਂ ਉਨ੍ਹਾਂ ਨੇ ਕਹਿਣਾ ਇਹ 70ਵੇਂ ਜਨਮਦਿਨ ਦੀ ਐਕਸਾਈਟਮੈਂਟ ਹੈ।

23 ਸਤੰਬਰ 2011 ਨੂੰ ਉਹ ਇੱਕ ਇੰਟਰਵਿਊ ਲਈ ਸਟੂਡੀਓ ਆਏ।

ਉਨ੍ਹਾਂ ਦੇ ਅਜ਼ੀਜ਼ ਦੋਸਤ ਦੇ ਪੁੱਤਰ ਅਤੇ ਸੰਗੀਤਕਾਰ ਸਮੀਰ ਟੰਡਨ ਨਾਲ ਉਨ੍ਹਾਂ ਦਾ ਇੰਟਰਵਿਊ ਸੀ ਜਿਸ ਵਿੱਚ ਉਨ੍ਹਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ।

ਇੰਟਰਵਿਊ ਦੇ ਅੰਤ ’ਚ ਉਨ੍ਹਾਂ ਨੇ ਕਿਹਾ, “ਜੇਕਰ ਤੁਹਾਨੂੰ ਲੱਗੇ ਕਿ ਇਹ ਗੱਲਬਾਤ ਅਧੂਰੀ ਰਹਿ ਗਈ ਹੈ ਤਾਂ ਮੈਂ ਫਿਰ ਆ ਜਾਵਾਂਗਾ ਅਤੇ ਗੱਲਬਾਤ ਪੂਰੀ ਕਰਾਂਗੇ।”

ਕਿਸੇ ਨੂੰ ਕੀ ਪਤਾ ਸੀ ਕਿ ਇਹ ਉਨ੍ਹਾਂ ਦਾ ਆਖ਼ਿਰੀ ਇੰਟਰਵਿਊ ਹੋਵੇਗਾ।

ਅਗਲੇ ਦਿਨ ਖਬਰਾਂ ਆ ਰਹੀਆਂ ਸੀ ਕਿ ਜਗਜੀਤ ਸਿੰਘ ਹਸਪਤਾਲ ’ਚ ਹਨ।

ਚਿਤਰਾ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2019 ’ਚ ਜਗਜੀਤ ਸਿੰਘ ਦੀ ਬਰਸੀ ’ਤੇ ਆਯੋਜਿਤ ਸਮਾਗਮ ’ਚ ਚਿਤਰਾ ਸਿੰਘ

ਚਿਤਰਾ ਦੱਸਦੇ ਹਨ ਕਿ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ, ਡਾਕਟਰ ਕਹਿੰਦੇ ਰਹੇ ਕਿ ਉਹ ਉਨ੍ਹਾਂ ਨੂੰ ਬਚਾ ਲੈਣਗੇ।

ਪਰ 19 ਦਿਨ ਹਸਪਤਾਲ ਰਹਿਣ ਤੋਂ ਬਾਅਦ 10 ਅਕਤੂਬਰ 2011 ਨੂੰ ਉਨ੍ਹਾਂ ਦੀ ਮੌਤ ਹੋ ਗਈ

ਹਰ ਕੋਈ ਦੰਗ ਸੀ, ਹਰ ਕੋਈ ਦੁਖੀ ਸੀ ਜਿਵੇਂ ਕਿਸੇ ਦਾ ਕੋਈ ਆਪਣਾ ਚਲਾ ਗਿਆ ਹੋਵੇ।

ਚਿਤਰਾ ਆਪਣਾ ਸਭ ਕੁਝ ਖੋਹ ਚੁੱਕੇ ਸੀ। ਪਹਿਲਾਂ ਪੁੱਤਰ, ਫੇਰ ਧੀ ਅਤੇ ਹੁਣ ਜਗਜੀਤ ... ਜੋ ਹਰ ਕਦਮ ‘ਤੇ ਉਨ੍ਹਾਂ ਨਾਲ ਰਹੇ ਸਨ।

ਚਿਤਰਾ ਸਿੰਘ

‘ਕਾਗਜ਼ ਕੀ ਕਸ਼ਤੀ’ ਡਾਕਿਊਮੈਂਟਰੀ ’ਚ ਚਿਤਰਾ ਕਹਿੰਦੇ ਹਨ, “ਜਦੋਂ ਬਾਬੂ (ਪੁੱਤਰ ਵਿਵੇਕ) ਗਿਆ ਤਾਂ ਅਸੀਂ ਸੋਚਦੇ ਸੀ ਕਿ ਕਦੇ ਦੁਸਰੀ ਦੁਨੀਆਂ ‘ਚ ਸਾਡੀ ਮੁਲਾਕਾਤ ਉਸ ਨਾਲ ਹੋਵੇਗੀ। ਫੇਰ ਮੀਨੀ (ਧੀ ਮੋਨਿਕਾ) ਗਈ ਤਾਂ ਫਿਰ ਸਾਨੂੰ ਲੱਗਿਆ ਮੋਨਿਕਾ, ਬਾਬੂ ਕੋਲ ਚਲੀ ਗਈ ਹੈ ਅਤੇ ਸਾਰੇ ਉਸ ਦੁਨੀਆਂ ‘ਚ ਮਿਲਾਂਗੇ... ਹੁਣ ਤਾਂ ਲੱਗਦਾ ਹੈ ਕਿ ਪਤਾ ਨਹੀਂ, ਕੌਣ ਕਿਸ ਨੂੰ ਮਿਲ ਪਾਉਂਦਾ ਹੈ... ਮੇਰੀ ਅਜਿਹੀ ਕਿਸਮਤ ਹੈ ਕਿ ਸ਼ਾਇਦ ਮੈਂ ਹੁਣ ਕਿਸੇ ਨੂੰ ਮਿਲ ਨਹੀਂ ਪਾਵਾਂਗੀ।”

ਤੇ ਫਿਰ ਜਗਜੀਤ ਸਿੰਘ ਦੀ ਆਵਾਜ਼ ਸੁਣਾਈ ਦਿੰਦੀ ਹੈ,....

ਫਿਰ ਉਸੀ ਰਹਿਗੁਜ਼ਰ ਪਰ ਸ਼ਾਇਦ

ਹਮ ਕਭੀ ਮਿਲ ਸਕੇਂ ਮਗਰ ਸ਼ਾਇਦ

ਜੋ ਭੀ ਬਿਛੜੇ ਹੈਂ ਕਬ ਮਿਲੇ ਹੈ ਫਰਾਜ਼

ਫਿਰ ਭੀ ਤੋਂ ਇੰਤਜ਼ਾਰ ਕਰੇਂ ਸ਼ਾਇਦ

ਅਹਿਮਦ ਫਰਾਜ਼