ਜਿਨਸੀ ਸੰਤੁਸ਼ਟੀ ਲਈ ਅੰਗਾਂ ਦੀ ਸਰਜਰੀ ਦਾ ਇਸ ਔਰਤ ਨੇ 16 ਸਾਲ ਸੰਤਾਪ ਝੱਲਿਆ

    • ਲੇਖਕ, ਵਲੈਂਟੀਨਾਸ ਓਰਪੇਜ਼ਾ ਕੋਲਮੇਨਾਰਿਜ਼
    • ਰੋਲ, ਬੀਬੀਸੀ ਨਿਊਜ਼ ਵਰਲਡ

ਇੱਕ ਮਾੜੇ ਫੈਸਲੇ ਤੋਂ ਬਾਅਦ ਯਦੀਰਾ ਪੇਰੇਜ਼ ਨੂੰ ਆਪਣੇ ਚਿੱਤੜ (ਬਟਕਸ) ਬਿਲਕੁਲ ਖ਼ਤਮ ਕਰਵਾਉਣੇ ਪਏ।

43 ਸਾਲਾ ਯਦੀਰਾ ਪੇਰੇਜ਼ ਦੇ ਚਿੱਤੜਾਂ ਵਿੱਚੋਂ ਚਾਰ ਮਹੀਨੇ ਪਹਿਲਾਂ ਅਪ੍ਰੇਸ਼ਨ ਕਰਕੇ ਸਾਰੇ ਟਿਸ਼ੂ ਕੱਢ ਦਿੱਤੇ ਗਏ ਹਨ।

ਉਹ ਟਿਸ਼ੂ ਅਤੇ ਸੁੱਕੇ ਖ਼ੂਨ ਦੀ ਤਸਵੀਰ ਦਿਖਾ ਕੇ ਦੱਸਦੇ ਹਨ, “ਇਹ ਛੋਟੀਆਂ ਗੇਂਦਾਂ ਜਿਹੀਆਂ ਬਾਇਓਪੌਲੀਮਰਜ਼ ਹਨ। ਇਨ੍ਹਾਂ ਵਿੱਚੋਂ ਕੁਝ ਗੇਂਦਾਂ ਮੇਰੇ ਚਿੱਤੜਾਂ ਦੀਆਂ ਮਾਸ ਪੇਸ਼ੀਆਂ ਵਿੱਚ ਧਸ ਗਈਆਂ ਅਤੇ ਬੇਇੰਤਹਾ ਦਰਦ ਦਾ ਕਾਰਨ ਬਣੀਆਂ।”

ਯਦੀਰਾ ਪੇਰੇਜ਼ ਨੇ 26 ਸਾਲ ਦੀ ਉਮਰ ਵਿੱਚ ਪੈਸੇ ਖਰਚ ਕੇ ਆਪਣੇ ਚਿੱਤੜਾਂ ਵਿੱਚ ਇਹ ਬਾਇਓਪੌਲੀਮਰ ਰਖਵਾਏ ਸਨ।

ਇੰਝ ਲਗਦਾ ਹੈ ਜਿਵੇਂ ਉਹ ਆਪਣੀ ਨਹੀਂ ਸਗੋਂ ਕਿਸੇ ਹੋਰ ਦੀ ਗੱਲ ਕਰ ਰਹੇ ਹੋਣ।

ਹਾਲਾਂਕਿ ਯਦੀਰਾ ਪੇਰੇਜ਼ ਆਪਣੇ ਆਪ ਨੂੰ ਇੱਕ ਸੁਨੱਖੀ ਮੁਟਿਆਰ ਸਮਝਦੇ ਸਨ ਪਰ ਉਨ੍ਹਾਂ ਦੇ ਤਤਕਾਲੀ ਪ੍ਰੇਮੀ ਦੇ ਦਿਮਾਗ਼ 'ਤੇ ਮੋਟੇ ਚਿੱਤੜਾਂ ਦਾ ਭੂਤ ਸਵਾਰ ਸੀ।

ਯਦੀਰਾ ਪੇਰੇਜ਼ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਸਨ।

ਉਸ ਤੋਂ ਬਾਅਦ ਜਦੋਂ ਵੀ ਉਨ੍ਹਾਂ ਨੂੰ ਮਾਹਵਾਰੀ ਆਉਂਦੀ ਤਾਂ ਉਨ੍ਹਾਂ ਦੇ ਕੁਲ੍ਹੇ ਲਾਲ, ਸਖ਼ਤ ਹੋ ਜਾਂਦੇ ਅਤੇ ਸੇਕ ਮਾਰਨ ਲੱਗਦੇ।

ਦਰਦ ਇੰਨਾ ਵਧ ਜਾਂਦਾ ਕਿ ਉਨ੍ਹਾਂ ਤੋਂ ਬੈਠਣਾ-ਪੈਣਾ ਵੀ ਮੁਸ਼ਕਲ ਵੀ ਹੋ ਜਾਂਦਾ।

ਬਾਇਓਪੌਲੀਮਰ

ਬੁੱਲ੍ਹ, ਛਾਤੀਆਂ ਅਤੇ ਚਿੱਤੜਾਂ ਦਾ ਅਕਾਰ ਵਧਾਉਣ ਲਈ ਚਰਬੀ ਦੀ ਤਹਿ ਦੇ ਥੱਲੇ ਭਰਿਆ ਜਾਣ ਵਾਲਾ (ਇੰਪਲਾਂਟ) ਇੱਕ ਸਿੰਥੈਟਿਕ ਪਦਾਰਥ ਹੈ।

ਸਾਲ 2021 ਵਿੱਚ 14 ਸਾਲ ਦਰਦ ਝੱਲਣ ਮਗਰੋਂ ਜਦੋਂ ਯਦੀਰਾ ਨੇ ਬਾਇਓਪੌਲੀਮਰ ਆਪਣੇ ਚਿੱਤੜਾਂ ਵਿੱਚੋਂ ਕਢਵਾਏ ਤਾਂ ਵੈਨੇਜ਼ੁਏਲਾ ਪ੍ਰਸ਼ਾਸਨ ਨੇ ਕਾਸਮੈਟਿਕ ਸਰਜਰੀਆਂ ਰਾਹੀਂ ਸਰੀਰ ਵਿੱਚ ਭਰੇ ਜਾਣ ਵਾਲੇ ਪਦਾਰਥਾਂ ਉੱਪਰ ਪਾਬੰਦੀ ਲਗਾ ਦਿੱਤੀ।

ਵੈਨੇਜ਼ੁਏਲਾ ਤੋਂ ਇਲਾਵਾ ਨਾਲ ਲਗਦੇ ਹੋਰ ਦੇਸਾਂ, ਕੋਲੰਬੀਆਂ, ਬ੍ਰਾਜ਼ੀਲ ਅਤੇ ਮੈਕਸੀਕੋ ਨੇ ਵੀ ਅਜਿਹੀ ਪਾਬੰਦੀ ਲਗਾਈ ਹੈ।

ਅਜਿਹੇ ਅਪਰੇਸ਼ਨ ਕਿਉਂਕਿ ਗੁਪਤ ਅਤੇ ਲੁਕੇ-ਛਿਪੇ ਤਰੀਕੇ ਨਾਲ ਕੀਤੇ ਜਾਂਦੇ ਹਨ। ਇਸ ਲਈ ਵਿਸ਼ਵ ਪੱਧਰ ਉੱਤੇ ਹੋਏ ਅਪਰੇਸ਼ਨਾਂ ਦਾ ਕੋਈ ਅੰਕੜਾ ਸਾਨੂੰ ਨਹੀਂ ਮਿਲਦਾ ਹੈ।

ਬੀਬੀਸੀ ਮੁੰਡੋ ਨੇ ਯਦੀਰਾ ਦਾ ਅਪਰੇਸ਼ਨ ਕਰਨ ਵਾਲੇ ਕਲੀਨਿਕ ਤੱਕ ਪਹੁੰਚ ਕੀਤੀ ਪਰ ਉੱਧਰੋਂ ਕੋਈ ਜਵਾਬ ਨਹੀਂ ਆਇਆ।

ਇੰਪਲਾਂਟ ਤੋਂ ਛੁਟਕਾਰਾ ਪਾਉਣ ਲਈ 16 ਸਾਲਾਂ ਦੌਰਾਨ ਯਦੀਰਾ ਦੇ ਦੋ ਲਿਪੋਸਕਸ਼ਨ ਅਤੇ ਅਪਰੇਸ਼ਨ ਕਰਵਾਏ।

ਆਖ਼ਰੀ ਅਪਰੇਸ਼ਨ ਦੌਰਾਨ ਉਨ੍ਹਾਂ ਨੇ ਆਪਣੇ ਇਲਾਜ ਅਤੇ ਸਿਹਤਯਾਬ ਹੋਣ ਨੂੰ ਸੰਭਾਲਣ ਲਈ ਫੋਟੋਆਂ ਖਿਚਵਾਉਣ ਦਾ ਫ਼ੈਸਲਾ ਲਿਆ।

ਯਦੀਰਾ ਪਿਛਲੇ ਦੋ ਸਾਲਾਂ ਤੋਂ ਫਲੋਰਿਡਾ ਸ਼ਹਿਰ ਵਿੱਚ ਰਹਿ ਰਹੇ ਹਨ। ਇੱਥੇ ਹੀ ਉਨ੍ਹਾਂ ਨੂੰ ਆਪਣੇ ਇਲਾਜ ਲਈ ਕਰਜ਼ ਵੀ ਲੈਣਾ ਪਿਆ।

ਯਦੀਰਾ ਤੋਂ ਇਲਾਵਾ 44 ਹੋਰ ਔਰਤਾਂ ਵੀ ਕਿਊਬਾ, ਕੋਲੰਬੀਆ ਅਤੇ ਵੈਨੇਜ਼ੁਏਲਾ ਤੋਂ ਅਮਰੀਕਾ ਆ ਕੇ ਰਹਿ ਰਹੀਆਂ ਹਨ, ਤਾਂ ਜੋ ਸਰਜਰੀ ਰਾਹੀਂ ਆਪਣੇ ਇੰਪਲਾਂਟਸ ਕਢਵਾ ਸਕਣ।

ਕਿੰਨੀ ਦੇਰ ਤੱਕ ਯਦੀਰਾ ਨੇ ਕਈ ਹਸਪਤਾਲ, ਕਲੀਨਿਕ ਅਤੇ ਮਾਹਰ ਡਾਕਟਰਾਂ ਦੇ ਚੱਕਰ ਕੱਟੇ, ਜੋ ਨਾ ਤਾਂ ਦਰਦ ਦਾ ਕਾਰਨ ਲੱਭ ਸਕੇ ਅਤੇ ਨਾ ਹੀ ਦਰਦ ਦਾ ਕੋਈ ਇਲਾਜ ਕਰ ਸਕੇ।

'ਤੇਰੇ ਕੁਲ੍ਹੇ ਵੱਡੇ ਕਰਵਾਈਏ'

ਸਾਲ 2007 ਦੌਰਾਨ ਕਰਾਕਸ ਵਿੱਚ ਕਾਸਮੈਟਿਕ ਸਰਜਰੀਆਂ ਬਹੁਤ ਜ਼ੋਰਸ਼ੋਰ ਨਾਲ ਵਧਫੁਲ ਰਹੀਆਂ ਸਨ।

ਉਸ ਸਮੇਂ ਮੈਂ ਹੈਨਰੀ ਨਾਲ ਰਹਿ ਰਹੀ ਸੀ। ਉਹੀ ਮੇਰੇ ਪੁੱਤਰ ਲੀਓ ਦਾ ਪਿਤਾ ਵੀ ਹੈ।

ਹੈਨਰੀ ਹਮੇਸ਼ਾ ਅਖ਼ਬਾਰ ਲੈ ਕੇ ਆਉਂਦਾ, ਜਿਸ ਵਿੱਚ ਸਰਜਰੀ ਦੀਆਂ ਮਸ਼ਹੂਰੀਆਂ ਹੁੰਦੀਆਂ ਸਨ।

ਇੱਕ ਦਿਨ ਉਸ ਨੇ ਕਿਹਾ, “ਦੇਖ ਉਹ ਚਿੱਤੜਾਂ ਦੀ ਸਰਜਰੀ ਕਰ ਰਹੇ ਹਨ। ਆਪਾਂ ਵੀ ਤੇਰੇ ਚਿੱਤੜਾਂ ਦੀ ਕਰਾਵਾਂਗੇ। ਕਲਪਨਾ ਕਰੋ ਤੇਰੇ ਮੋਟੇ-ਮੋਟੇ ਚਿੱਤੜਾਂ ਹੋਣ।”

ਪਹਿਲਾਂ ਤਾਂ ਮੈਂ ਮਨ੍ਹਾਂ ਕਰ ਦਿੱਤਾ ਪਰ ਫਿਰ ਲੱਗਿਆ ਕਿ ਮੈਨੂੰ ਗੱਲ ਮੰਨ ਲੈਣੀ ਚਾਹੀਦੀ ਹੈ।

ਅਸੀਂ ਕਾਰਕਸ ਦੇ ਮੋਂਟੇ ਵਿੱਚ ਇੱਕ ਦਫ਼ਤਰ ਵਿੱਚ ਗਏ। ਉਹ ਪੂਰਾ ਕਲੀਨਿਕ ਵੀ ਨਹੀਂ ਸੀ। ਹਾਂ, ਉੱਥੇ ਇੱਕ ਆਪਰੇਸ਼ਨ ਥਿਏਟਰ ਸੀ, ਜਿੱਥੇ ਉਹ ਲਿਪੋਸਕਸ਼ਨ ਅਤੇ ਛਾਤੀਆਂ ਵਿੱਚ ਇੰਪਲਾਂਟ ਕਰਦੇ ਸਨ।

ਅਸੀਂ ਮਸ਼ਹੂਰੀ ਦੇਖ ਕੇ ਗਏ ਸੀ। ਸਾਡੇ ਕੋਲ ਕਿਸੇ ਦੀ ਸਿਫ਼ਾਰਿਸ਼ ਨਹੀਂ ਸੀ। ਮੈਗਜ਼ੀਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮਟੀਰੀਅਲ ਦੀ ਵਰਤੋਂ ਅਮਰੀਕਾ ਅਤੇ ਯੂਰਪ ਵਿੱਚ ਸਰਜਨਾਂ ਵੱਲੋਂ ਕੀਤੀ ਗਈ ਹੈ।

ਮੈਂ ਕਦੇ ਇੰਪਲਾਂਟ ਬਾਰੇ ਨਹੀਂ ਸੋਚਿਆ ਕਿਉਂਕਿ ਮੇਰਾ ਸਰੀਰ ਸੋਹਣਾ ਸੀ। ਮੇਰੇ ਚਿੱਤੜ ਵੱਡੇ ਜਾਂ ਛੋਟੇ ਨਹੀਂ ਸਨ ਸਗੋਂ ਮੇਰੇ ਕੱਦ ਅਤੇ ਸਰੀਰ ਮੁਤਾਬਕ ਅਨੁਪਾਤ ਵਿੱਚ ਸਨ।

ਪਰ ਉਸੇ ਨੂੰ ਹੀ ਮੋਟੇ ਚਿੱਤੜਾਂ ਦਾ ਭੂਤ ਸਵਾਰ ਸੀ। ਸਾਡੇ ਰਿਸ਼ਤੇ ਨੂੰ ਅਜੇ ਮਸਾਂ ਸਾਲ ਕੁ ਹੀ ਹੋਇਆ ਸੀ।

ਮੇਰੇ ਪਹਿਲਾਂ ਵੀ ਇੰਪਲਾਂਟ ਹੋਏ ਸਨ। ਮੇਰੀ ਛਾਤੀ ਵਿੱਚ ਗੰਢਾਂ ਸਨ ਤੇ 21 ਸਾਲ ਦੀ ਉਮਰ ਵਿੱਚ ਬਾਇਓਪਸੀ ਹੋਈ ਸੀ।

ਮੇਰੀ ਛਾਤੀ ਵਿੱਚ ਬੇਕਾਰ ਸੈੱਲ ਸਨ। ਇਸ ਲਈ ਅੰਸ਼ਿਕ ਰੂਪ ਵਿੱਚ ਮੇਰੀਆਂ ਛਾਤੀਆਂ ਹਟਾਈਆਂ ਗਈਆਂ ਸਨ ਤੇ ਇੰਪਲਾਂਟ ਲਗਾਏ ਗਏ ਸਨ।

ਜਿਸ ਡਾਕਟਰ ਨੇ ਸਾਡਾ ਇਲਾਜ ਕੀਤਾ ਉਸ ਨੇ ਕਿਹਾ ਕਿ ਉਹ ਇੱਕ ਸਰਜਨ ਹੈ। ਉਸ ਨੇ ਸਾਨੂੰ ਇੱਕ ਬੋਤਲ ਦਿਖਾਈ ਜਿਸ ਵਿੱਚ ਕੋਈ ਤਰਲ ਸੀ ਅਤੇ ਉਸ ਨੇ ਦੱਸਿਆ ਕਿ ਇਹੀ ਤਰਲ ਉਹ ਮੇਰੇ ਚਿੱਤੜਾਂ ਵਿੱਚ ਭਰਨਗੇ।

ਉਨ੍ਹਾਂ ਨੇ ਨਹੀਂ ਕਿਹਾ ਕਿ ਇਹ ਬਾਇਓਪੌਲੀਮਰ ਹਨ। ਉਨ੍ਹਾਂ ਕਿਹਾ ਕਿ ਇਹ ਮਹਿੰਗੇ ਸੈੱਲ ਹਨ ਜੋ ਅਕਾਰ ਵਧਾਉਣ ਲਈ ਵਰਤੇ ਜਾਂਦੇ ਹਨ।

ਡਾਕਟਰ ਨੇ ਸਾਨੂੰ ਆਪਣੀ ਪਤਨੀ ਨਾਲ ਮਿਲਵਾਇਆ। ਉਹ ਵੀ ਉਸੇ ਵਾਂਗ ਇੱਕ ਬੁੱਢੀ ਔਰਤ ਸੀ।

ਡਾਕਟਰ ਨੇ ਕਿਹਾ ਕਿ ਪਤਨੀ ਦੇ ਵੀ ਪਿਛਲੇ 15 ਸਾਲਾਂ ਤੋਂ ਚਿੱਤੜਾਂ ਵਿੱਚ ਇਹੀ ਪਦਾਰਥ ਹੈ। ਇਸ ਵਜ੍ਹਾ ਕਾਰਨ ਉਸ ਨੂੰ ਕਦੇ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਈ ਹੈ।

ਉਸ ਨੇ ਕਸਵੀਆਂ ਲਾਈਕਰਾ ਦੀਆਂ ਪੈਂਟਾਂ ਪਾਈਆਂ ਹੋਈਆਂ ਸਨ ਤੇ ਉਹ ਸਹੀ ਲੱਗ ਰਹੀ ਸੀ।

ਹਾਲਾਂਕਿ ਮੈਨੂੰ ਕਰਵਾਉਣ ਦੀ ਕੋਈ ਲੋੜ ਨਹੀਂ ਸੀ ਪਰ ਮੈਂ ਜਾਣਦੀ ਸੀ ਕਿ ਜਦੋਂ ਤੱਕ ਕਰਵਾ ਨਹੀਂ ਲੈਂਦੀ ਹੈਨਰੀ ਜ਼ਿੱਦ ਕਰਦਾ ਰਹੇਗਾ। ਇਸ ਲਈ ਮੈਂ ਸਹਿਮਤ ਹੋ ਗਈ।

ਮੈਨੂੰ ਪੂਰਾ ਵਿਸ਼ਵਾਸ ਸੀ। ਮੈਂ ਕੁਝ ਨਹੀਂ ਪੜ੍ਹਿਆ ਕੋਈ ਖੋਜ ਨਹੀਂ ਕੀਤੀ ਕਿ ਮੈਂ ਕੀ ਕਰਵਾਉਣ ਜਾ ਰਹੀ ਹਾਂ।

ਡਾਕਟਰ ਨੇ ਮੈਨੂੰ ਪੋਵੀਡੀਨ ਨਾਲ ਸਾਫ਼ ਕੀਤਾ, ਸੁੰਨ ਕਰਨ ਦਾ ਟੀਕਾ ਲਾਇਆ। ਮੂਧੀ ਪਈ ਹੋਣ ਕਾਰਨ ਮੈਂ ਕੁਝ ਦੇਖ ਨਹੀਂ ਸਕੀ।

ਮੈਂ ਨਹੀਂ ਦੇਖਿਆ ਕਿਸ ਉਪਕਰਣ ਨਾਲ ਉਸ ਨੇ ਮੇਰੇ ਟੀਕਾ ਲਾਇਆ ਜਾਂ ਉਸ ਕਿਹੜਾ ਟੀਕਾ ਲਾਇਆ। ਮੈਨੂੰ ਕੋਈ ਦਰਦ ਵੀ ਮਹਿਸੂਸ ਨਹੀਂ ਹੋਇਆ।

ਜਿੱਥੋਂ ਵੀ ਉਸ ਨੇ ਟੀਕੇ ਲਗਾਏ, ਹਰ ਥਾਂ ਉਸ ਨੇ ਗੋਲ-ਗੋਲ ਬੈਂਡੇਜਾਂ ਚਿਪਕਾ ਦਿੱਤੀਆਂ ਅਤੇ ਮੈਂ ਘਰ ਆ ਗਈ।

ਜਦੋਂ ਮੈਂ ਸ਼ੀਸ਼ਾ ਦੇਖਕੇ ਮੈਂ ਹੈਰਾਨ ਰਹਿ ਗਈ ਪਰ ਹੈਨਰੀ ਨੇ ਕਿਹਾ ਕਿ ਇਹ ਬਹੁਤ ਵਧੀਆ ਲੱਗ ਰਹੇ ਹਨ।

ਪਹਿਲਾਂ ਤਾਂ ਮੈਨੂੰ ਲੱਗਿਆ ਕਿ ਗਰਮਾਇਸ਼ ਸੀ। ਮੈਨੂੰ ਸੈਕਸ ਦੌਰਾਨ ਜ਼ਿਆਦਾ ਸਵੈ-ਭਰੋਸਾ ਮਹਿਸੂਸ ਹੋਇਆ।

ਇਸ ਦਾ ਮੇਰੇ ਵਿਸ਼ਵਾਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਸਗੋਂ ਇਹ ਤਾਂ ਉਸ ਸੰਤੁਸ਼ਟੀ ਬਾਰੇ ਸੀ, ਜੋ ਸੈਕਸ ਦੌਰਾਨ ਸਾਨੂੰ ਦੋਵਾਂ ਨੂੰ ਹਾਸਲ ਹੋਈ।

ਆਉਣ ਵਾਲੇ ਦਿਨਾਂ ਵਿੱਚ ਸਥਿਤੀ ਵਿਗੜਨ ਲੱਗੀ। ਤਰਲ ਵਹਿਣ ਲੱਗਿਆ ਤੇ ਮੇਰੀ ਪੈਂਟ ਗਿੱਲੀ ਹੋਣ ਲੱਗ ਪਈ। ਡਾਕਟਰ ਮੈਨੂੰ ਕਹਿੰਦਾ ਹੈ ਕਿ ਟੇਪ ਲਗਾ ਲਓ, ਉਸ ਨਾਲ ਤਰਲ ਵਹਿਣੋਂ ਰੁਕ ਜਾਵੇਗਾ।

ਲਾਲ, ਸਖ਼ਤ ਅਤੇ ਗਰਮ ਚਿੱਤੜ

ਮੇਰੇ ਇੱਕ ਛੋਟਾ ਜਿਹਾ ਜ਼ਖਮ ਬਣ ਗਿਆ ਸੀ। ਹੈਨਰੀ ਨੇ ਡਾਕਟਰ ਕੋਲ ਜਾ ਕੇ ਸਹੀ ਕਰਵਾਉਣ ਨੂੰ ਕਿਹਾ।

ਡਾਕਟਰ ਨੇ ਉੱਥੇ ਹੋਰ ਤਰਲ ਭਰ ਦਿੱਤਾ ਪਰ ਉਹ ਸੁਰਾਖ਼ ਕਦੇ ਭਰਿਆ ਨਹੀਂ।

ਉਸ ਦੂਜੇ ਟੀਕੇ ਤੋਂ ਬਾਅਦ ਮੇਰੇ ਚਿੱਤੜ ਸੁੱਜ ਗਏ। ਉਹ ਲਾਲ, ਸਖ਼ਤ ਅਤੇ ਗਰਮ ਹੋ ਗਏ।

ਫਿਰ ਅਜਿਹਾ ਮੇਰੀ ਪੂਰੀ ਪਿੱਠ ਤੇ ਹੋਣ ਲੱਗਿਆ। ਇਹ ਦੱਸਦਿਆਂ ਯਦੀਰਾ ਨੇ ਆਪਣੇ ਮੋਢਿਆਂ ਵੱਲ ਇਸ਼ਾਰਾ ਕੀਤਾ।

ਮੈਥੋਂ ਪਿਆ ਵੀ ਨਹੀਂ ਜਾਂਦਾ ਸੀ। ਹੁਣ ਮੈਥੋਂ ਛਾਤੀਆਂ ਦੇ ਇੰਪਲਾਂਟ ਕਾਰਨ ਢਿੱਡ ਭਰਨੇ ਵੀ ਨਹੀਂ ਪਿਆ ਜਾਂਦਾ ਸੀ ਅਤੇ ਚਿੱਤੜ ਦੇ ਬਾਇਓਪੌਲਾਈਮਰਾਂ ਕਾਰਨ ਸਿੱਧੇ ਪੈਣਾ ਵੀ ਮੁਹਾਲ ਹੋ ਗਿਆ ਸੀ।

ਪਿੱਠ ਭਾਰ ਬੈਠਣਾ ਤਾਂ ਬਸ ਇੱਕ ਯੁੱਧ ਹੋ ਜਾਂਦਾ ਸੀ। ਚਿੱਤੜ ਚੋਂ ਚੀਸ ਉੱਠ ਕੇ ਹੇਠਾਂ ਲੱਤਾਂ ਵੱਲ ਜਾਂਦੀ। ਜਦੋਂ ਮੈਂ ਛੂਹ ਕੇ ਦੇਖਦੀ ਤਾਂ ਇੰਝ ਲਗਦਾ ਜਿਵੇਂ ਬਲ ਰਹੀ ਹੋਵਾਂ।

ਜਦੋਂ ਮੈਨੂੰ ਇਹ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋਈਆਂ ਤਾਂ ਹੈਨਰੀ ਦਾ ਸੁਭਾਅ ਵੀ ਬਦਲ ਗਿਆ।

ਅਸੀਂ ਆਮ ਵਾਂਗ ਸੈਕਸ ਵੀ ਨਹੀਂ ਕਰਦੇ ਸੀ। ਮੈਥੋਂ ਦਰਦ ਸਹਾਰਿਆ ਹੀ ਨਹੀਂ ਜਾਂਦਾ ਸੀ।

ਉਸ ਨੇ ਮੈਨੂੰ ਇਹ ਕਰਨ ਲਈ ਕਿਹਾ ਸੀ। ਉਸ ਕੋਲ ਕੋਈ ਠਰੰਮਾ ਨਹੀਂ ਸੀ। ਕੁਝ ਵੀ ਹੋਵੇ ਉਹ ਬਸ ਆਪਣੀ ਜਿਣਸੀ ਭੁੱਖ ਮਿਟਾਉਣੀ ਚਾਹੁੰਦਾ ਸੀ।

ਉਹ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕਰਦਾ ਸੀ ਕਿ ਮੇਰੇ ਦਰਦ ਹੋ ਰਿਹਾ ਹੈ ਜਾਂ ਮੈਂ ਅਰਾਮ ਕਰ ਰਹੀ ਹਾਂ।

'ਤੁਸੀਂ ਸਾਨੂੰ ਦੱਸਿਆ ਸੀ ਕਿ ਇਹ ਸੁਰੱਖਿਅਤ ਹਨ'

ਡਾਕਟਰ ਨੇ ਮੇਰੀ ਸੋਜ ਅਤੇ ਦਰਦ ਘਟਾਉਣ ਲਈ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ।

ਹਰ ਮਹੀਨੇ ਮਹਾਮਾਰੀ ਆਉਣ 'ਤੇ ਹਰ ਵਾਰ ਮੇਰੀ ਉਹੀ ਪ੍ਰਤੀਕਿਰਿਆ ਹੁੰਦੀ। ਮੇਰੇ ਚਿੱਤੜ, ਪਿੱਠ ਸੁੱਜ ਜਾਂਦੇ। ਇਹ ਲਾਲ ਹੋ ਜਾਂਦੇ ਦਰਦ ਕਰਦੇ ਅਤੇ ਬਹੁਤ ਸਖ਼ਤ ਵੀ ਹੋ ਜਾਂਦੇ।

ਹੈਨਰੀ ਨੇ ਡਾਕਟਰ ਕੋਲ ਜਾ ਕੇ ਕਹਿਣਾ, “ਤੁਸੀਂ ਸਾਨੂੰ ਕਿਹਾ ਸੀ ਇਹ ਸੁਰੱਖਿਅਤ ਹਨ ਅਤੇ ਕੋਈ ਰਿਏਕਸ਼ਨ ਨਹੀਂ ਹੋਵੇਗਾ।”

ਇਸ 'ਤੇ ਡਾਕਟਰ ਕਹਿੰਦਾ, “ਘਬਰਾਓ ਨਾ, ਕਦੇ-ਕਦਾਈਂ ਅਜਿਹਾ ਹੋ ਜਾਂਦਾ ਹੈ। ਅਸੀਂ ਇਸ ਨੂੰ ਸੁਲਝਾ ਲਵਾਂਗੇ।”

ਡਾਕਟਰ ਇੱਕ ਸਾਲ ਤੱਕ ਮੇਰੇ ਟੀਕੇ ਲਗਾਉਂਦਾ ਰਿਹਾ। ਆਖ਼ਰ ਇੱਕ ਦਿਨ ਉਸ ਨੇ ਮੈਨੂੰ ਕਿਹਾ ਕਿ ਉਹ ਮੈਥੋਂ ਕੋਈ ਪੈਸੇ ਨਹੀਂ ਲੈ ਰਿਹਾ ਸੀ, ਇਸ ਲਈ ਇਹ ਉਸ ਨੂੰ ਬਹੁਤ ਮਹਿੰਗਾ ਪੈ ਰਿਹਾ ਸੀ।

ਜਿਵੇਂ ਹੀ ਯਦੀਰਾ ਨੂੰ ਮਾਹਵਾਰੀ ਪੈਂਦੀ ਸੋਜਿਸ਼, ਦਰਦ, ਸਖ਼ਤੀ ਅਤੇ ਲਾਲੀ ਵਾਪਸ ਆ ਜਾਂਦੀ। ਮੈਥੋਂ ਨਾ ਬੈਠਿਆ ਜਾਂਦਾ ਸੀ ਅਤੇ ਨਾ ਹੀ ਕੰਮ ਤੇ ਜਾਇਆ ਜਾਂਦਾ ਸੀ। ਮੈਨੂੰ ਬਹੁਤ ਬੁਰਾ ਲਗਦਾ ਸੀ।

ਮੈਂ ਇੱਕ ਤੋਂ ਬਾਅਦ ਇੱਕ ਡਾਕਟਰ ਕੋਲ ਜਾਣਾ ਸ਼ੁਰੂ ਕੀਤਾ। ਉਨ੍ਹਾਂ ਨੇ ਮੈਨੂੰ ਐਂਟੀਬਾਇਓਟਿਕ ਅਤੇ ਅਲਰਜੀ ਵਿਰੋਧੀ ਦਵਾਈਆਂ ਦਿੱਤੀਆਂ ਪਰ ਮੈਨੂੰ ਭੋਰਾ ਫਰਕ ਨਹੀਂ ਪਿਆ।

ਅਖ਼ੀਰ ਵਿੱਚ ਕੋਈ ਵੀ ਡਾਕਟਰ ਮੇਰਾ ਇਲਾਜ ਕਰਨ ਨੂੰ ਤਿਆਰ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਮੇਰਾ ਰੋਗ ਹੀ ਸਮਝ ਨਹੀਂ ਆ ਰਿਹਾ ਸੀ।

ਫਿਰ ਮੇਰੀ ਮੁਲਾਕਾਤ ਇੱਕ ਡਾਕਟਰ ਨਾਲ ਹੋਈ ਜੋ ਬਾਇਓਪੌਲੀਮਰਾਂ ਉੱਪਰ ਖੋਜ ਕਰ ਰਹੇ ਸਨ। ਉਨ੍ਹਾਂ ਨੇ ਮੈਨੂੰ ਜੋੜਾਂ ਦੇ ਗਠੀਏ ਦੇ ਡਾਕਟਰ ਨੂੰ ਮਿਲਣ ਦੀ ਸਿਫ਼ਾਰਿਸ਼ ਕੀਤੀ।

ਡਾਕਟਰ ਨੇ ਮੈਨੂੰ ਕੁਝ ਟੈਸਟ ਕਰਵਾਉਣ ਨੂੰ ਕਿਹਾ ਤੇ ਮੇਰੇ ਚਿੱਤੜਾਂ ਵਿੱਚ ਗਠੀਆ ਮਿਲਿਆ।

ਉਸ ਸਮੇਂ ਮੈਂ ਮੁਸ਼ਕਲ ਨਾਲ 27 ਜਾਂ 28 ਸਾਲ ਦੀ ਹੋਵਾਂਗੀ।

ਡਾਕਟਰ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਬਾਇਓਪੌਲੀਮਰਾਂ ਕਰਕੇ ਸੀ, ਜਾਂ ਨਹੀਂ। ਹਾਲਾਂਕਿ ਉਨ੍ਹਾਂ ਨੇ ਸੋਜ ਰੋਕਣ ਦੀ ਦਵਾਈ ਦੇ ਦਿੱਤੀ।

ਕੁਝ ਸਮੇਂ ਤੱਕ ਮੈਂ ਕਰਾਕਸ ਦੇ ਸਮਾਜਿਕ ਭਲਾਈ ਵਿਭਾਗ ਤੋਂ ਵੀ ਦਵਾਈ ਲੈਂਦੀ ਰਹੀ।

ਫਿਰ ਚਿੱਤੜਾਂ ਦੀ ਸੋਜ ਚਲੀ ਗਈ ਪਰ ਕੁਝ ਸਮੇਂ ਬਾਅਦ ਦਵਾਈ ਨੇ ਆਪਣਾ ਅਸਰ ਗੁਆ ਦਿੱਤਾ।

ਮੈਂ ਲਗਭਗ ਇੱਕ ਸਾਲ ਤੱਕ ਬਾਇਓਪੌਲੀਮਰਾਂ ’ਤੇ ਖੋਜ ਕਰ ਰਹੇ ਡਾਕਟਰ ਨੂੰ ਮਿਲਦੀ ਰਹੀ।

ਉਨ੍ਹਾਂ ਨੂੰ ਸਾਫ਼-ਸਾਫ਼ ਸਮਝ ਨਹੀਂ ਆ ਰਹੀ ਕਿ ਕੀਤਾ ਜਾਵੇ। ਹਾਂ, ਉਨ੍ਹਾਂ ਨੇ ਮੇਰਾ ਮਾਮਲਾ ਹੋਰ ਸਰਜਨਾਂ ਨਾਲ ਜ਼ਰੂਰ ਵਿਚਾਰਿਆ। ਫਿਰ ਲੇਜ਼ਰ ਲਿਪੋਸਕਸ਼ਨ ਦੀ ਸਲਾਹ ਦਿੱਤੀ ਗਈ।

ਉਨ੍ਹਾਂ ਨੇ ਆਪ ਮੰਨਿਆ ਕਿ ਉਹ ਖ਼ੁਦ ਵੱਡੇ-ਖੁੱਲ੍ਹੇ ਅਪਰੇਸ਼ਨ ਦੇ ਹੱਕ ਵਿੱਚ ਨਹੀਂ ਸੀ। ਉਸ ਸਮੇਂ ਸਹੀ ਕੰਮ ਇਹੀ ਸੀ ਕਿ ਨਲਕੀ ਪਾ ਕੇ ਜਿੰਨਾ ਹੋ ਸਕੇ, ਪਦਾਰਥ ਨੂੰ ਬਾਹਰ ਕੱਢਿਆ ਜਾਵੇ।

ਡਾਕਟਰ ਕੋਲ ਸਿਰਫ਼ ਦੋ ਬਾਇਓਪੌਲੀਮਰ ਮਰੀਜ਼ ਸਨ। ਮੈਂ ਅਤੇ ਇੱਕ ਹੋਰ ਔਰਤ। ਇਸ ਲਈ ਅਸੀਂ ਉਸਦੀ ਬਲੀ ਦੇ ਬੱਕਰਿਆਂ ਵਰਗੇ ਸੀ।

ਮੈਂ ਇੰਨੀ ਉਤਾਵਲੀ ਸੀ ਕਿ ਮੈਂ ਉਸ ਨੂੰ ਕਿਹਾ ਕਿ ਮੈਂ ਆਪਣੇ ਅੰਦਰੋਂ ਸਾਰਾ ਕੁਝ ਕਢਵਾਉਣਾ ਚਾਹੁੰਦੀ ਹਾਂ।

ਮੈਨੂੰ ਤੁਰਨ ਵਿੱਚ ਤਾਂ ਕੋਈ ਮੁਸ਼ਕਲ ਨਹੀਂ ਸੀ ਪਰ ਮੇਰੇ ਚਿੱਤੜ ਅਤੇ ਰੀੜ੍ਹ ਦੀ ਹੱਡੀ ਦਰਦ ਕਰਦੀ ਰਹਿੰਦੀ ਸੀ।

ਹੈਨਰੀ ਤੇ ਮੈਂ ਵਾਪਸ ਉਸੇ ਡਾਕਟਰ ਕੋਲ ਜਿਸ ਨੇ ਬਾਇਓਪੌਲੀਮਰ ਪਾਏ ਗਏ ਸਨ, ਤਾਂ ਜੋ ਦੱਸ ਸਕੀਏ ਕਿ ਕੀ ਹੋ ਰਿਹਾ ਹੈ।

ਉਸ ਦੇ ਕਲੀਨਿਕ ਵਿੱਚ ਇੰਪਲਾਂਟ ਕਰਵਾਉਣ ਆਈਆਂ ਔਰਤਾਂ ਕਤਾਰਾਂ ਬੰਨ੍ਹ ਕੇ ਖਲੋਤੀਆਂ ਸਨ।

ਇੱਕ ਦਿਨ ਮੈਂ ਮੁਸੀਬਤ ਵਿੱਚ ਪੈ ਗਈ। ਮੈਂ ਆਪਣੀ ਪੈਂਟ ਲਾਹ ਕੇ ਉੱਥੇ ਉਡੀਕ ਕਰ ਰਹੀਆਂ ਔਰਤਾਂ ਨੂੰ ਆਪਣੇ ਚਿੱਤੜਾਂ ਦੇ ਜ਼ਖ਼ਮ ਦਿਖਾਏ, ਜੋ ਲਾਲ ਅਤੇ ਗਰਮ ਹੋ ਰੱਖੇ ਸਨ।

ਮੈਂ ਉਨ੍ਹਾਂ ਨੂੰ ਝੁੰਝਲਾਹਟ ਵਿੱਚ ਕਿਹਾ, ਟੀਕੇ ਨਾ ਲਵਾਓ, ਨਾ ਲਵਾਓ! ਦੇਖੋ ਤੁਹਾਡੇ ਨਾਲ ਕੀ ਹੋਣ ਜਾ ਰਿਹਾ ਹੈ।

ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ਇਹ ਤਾਂ ਜੂਆ ਹੈ, ਹਰ ਕਿਸੇ ਨਾਲ ਇਹ ਥੋੜ੍ਹੀ ਹੋਣ ਜਾ ਰਿਹਾ ਹੈ।

ਡਾਕਟਰ ਨੇ ਮੈਨੂੰ ਕਿਹਾ ਕਿ ਉਹ ਹੋਰ ਮੇਰੀ ਮਦਦ ਨਹੀਂ ਕਰੇਗਾ।

ਮੈਂ ਕਿਹਾ, “ਜਾਂ ਤਾਂ ਇਸ ਨੂੰ ਠੀਕ ਕਰੋ, ਨਹੀਂ ਤਾਂ ਮੈਂ ਰੋਜ਼ ਦਫ਼ਤਰ ਆਵਾਂਗੀ ਤੇ ਮਰੀਜ਼ਾਂ ਨੂੰ ਆਪਣੇ ਚਿੱਤੜ ਦਿਖਾ ਕੇ ਡਰਾ ਕੇ ਭਜਾ ਦੇਵਾਂਗੀ।”

ਫਿਰ ਉਸ ਨੇ ਸਾਲ 2011 ਵਿੱਚ ਦੂਜੇ ਡਾਕਟਰ (ਖੋਜੀ) ਵੱਲੋਂ ਕੀਤੀ ਜਾਣ ਵਾਲੀ ਪਹਿਲੀ ਲਿਪੋਸਕਸ਼ਨ ਦੇ ਪੈਸੇ ਭਰੇ। ਉਸ ਤੋਂ ਪਹਿਲਾਂ ਇੱਕ ਐੱਮਆਰਆਈ ਕਰਕੇ ਦੇਖਿਆ ਗਿਆ ਕਿ ਮੇਰੇ ਚਿੱਤੜਾਂ ਵਿੱਚ ਕਿੰਨੀ ਕੁ ਸਮੱਗਰੀ ਪਈ ਹੈ।

ਡਾਕਟਰ ਨੇ ਮੇਏਓਨੀਜ਼ ਦੇ ਡੱਬੇ ਜਿੰਨੀਆਂ ਗੇਂਦਾਂ ਕੱਢੀਆਂ।

ਜੋ ਨੁਕਸਾਨ ਹੋਇਆ

ਲਗਭਗ ਇੱਕ ਸਾਲ ਤੱਕ ਮੈਂ ਠੀਕ ਰਹੀ ਪਰ ਸਾਲ 2022 ਵਿੱਚ ਮੇਰੀ ਮਾਹਵਾਰੀ ਸਮੇਂ ਲੱਛਣ ਮੁੜ ਤੋਂ ਪ੍ਰਗਟ ਹੋਣ ਲੱਗੇ। ਮੇਰੇ ਪਿੱਠ ਤਾਂ ਨਹੀਂ ਸੁੱਜੀ ਸੀ ਪਰ ਮੇਰੇ ਚਿੱਤੜ ਸਿੱਲੀਆਂ ਵਰਗੇ ਸਖ਼ਤ ਸਨ।

ਡਾਕਟਰ ਨੇ ਮੈਨੂੰ ਇੱਕ ਹੋਰ ਐੱਮਆਰਆਈ ਕਰਵਾਉਣ ਲਈ ਕਿਹਾ। ਰਿਪੋਰਟ ਦੇਖ ਕੇ ਉਸ ਨੇ ਕਿਹਾ ਕਿ ਅਜੇ ਵੀ 15 ਫ਼ੀਸਦੀ ਬਾਇਓਪੌਲੀਮਰ ਸਰੀਰ ਵਿੱਚ ਬਕਾਇਆ ਹਨ।

ਉਸ ਨੇ ਦੂਜੀ ਵਾਰ ਲਿਪੋਸਕਸ਼ਨ ਕੀਤੀ। ਇਸ ਵਾਰ ਪੈਸੇ ਮੈਂ ਦਿੱਤੇ ਸਨ। ਮੈਂ ਤਿੰਨ ਮਹੀਨੇ ਪ੍ਰਹੇਜ਼ ਰੱਖਿਆ।

ਜਲਦੀ ਹੈ ਮੈਂ ਫਿਰ ਗਰਭਵਤੀ ਹੋ ਗਈ।

ਮੇਰੀ ਪਹਿਲੀ ਧੀ ਦਾ ਜਨਮ 17 ਸਾਲਾਂ ਦੀ ਉਮਰ ਵਿੱਚ ਹੋਇਆ ਸੀ ਅਤੇ ਮੈਨੂੰ ਗਰਭ ਧਾਰਨ ਦਾ ਕੋਈ ਮਸਲਾ ਨਹੀਂ ਸੀ। ਹਾਲਾਂਕਿ ਇਸ ਵਾਰ 32 ਸਾਲ ਦੀ ਉਮਰ ਵਿੱਚ ਗਰਭ ਜ਼ਿਆਦਾ ਦੇਰ ਨਹੀਂ ਟਿਕ ਸਕਿਆ।

ਹਾਸ਼ਿਮੋਟੋ ਥਾਇਰੋਡਿਟਿਸ ਲਈ ਮੇਰੀ ਜਾਂਚ ਕੀਤੀ ਗਈ। ਇਹ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਨਾਲ ਜੁੜੀ ਬੀਮਾਰੀ ਜੋ ਥਾਇਰਾਇਡ ਤੇ ਹਮਲਾ ਕਰ ਦਿੰਦੀ ਹੈ।

ਮੈਨੂੰ ਦੱਸਿਆ ਗਿਆ ਕਿ ਬੱਚੇ ਦਾ ਨੁਕਸਾਨ ਥਾਇਰਾਇਡ ਦੀ ਅਨਿਯਮਿਤ ਸਰਗਰਮੀ ਕਾਰਨ ਹੋਇਆ ਸੀ। ਜਿਸ ਦਾ ਕਾਰਨ ਸ਼ਾਇਦ ਮੇਰੇ ਬਾਇਓਪੌਲੀਮਰ ਸਨ।

ਡਾਕਟਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੀ ਥਾਇਰਾਇਡ ਨੇ ਮੇਰੇ ਬਾਇਓਪੌਲੀਮਰਾਂ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਸੀ ਜਾਂ ਫਿਰ ਮੇਰੀ ਰੋਗ ਨਾਲ ਲੜਨ ਦੀ ਸ਼ਕਤੀ ਇੰਨੀ ਬਾਗ਼ੀ ਹੋ ਗਈ ਸੀ ਕਿ ਉਸ ਨੇ ਮੇਰੀ ਥਾਇਰਾਇਡ ਨੂੰ ਹੀ ਨੁਕਸਾਨ ਦਿੱਤਾ ਸੀ।

ਯਦੀਰਾ ਹੈਰਾਨ ਸਨ ਕਿ ਇਸ ਸ਼ਕਤੀ ਨੇ ਮੇਰੀ ਛਾਤੀ ਦੇ ਇੰਪਲਾਂਟਸ ਨੂੰ ਤਾਂ ਸਹਿਣ ਕਰ ਲਿਆ ਸੀ ਪਰ ਉਹ ਬਾਇਓਪੌਲੀਮਰਾਂ ਨਾਲ ਕਿਉਂ ਲੜ ਰਹੀ ਸੀ।

ਮੈਂ ਹੈਰਾਨ ਸੀ ਕਿ ਇਹ ਇੰਪਲਾਂਟਸ ਲਗਾਉਣ ਤੋਂ ਬਾਅਦ ਮੈਨੂੰ ਕਿੰਨੀਆਂ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਸਨ।

ਫਿਰ ਜੁਲਾਈ 2014 ਵਿੱਚ ਮੈਂ ਮੁੜ ਗਰਭਵਤੀ ਹੋ ਗਈ। ਇਸ ਬਾਰੇ ਬਿਨਾਂ ਕਿਸੇ ਸਮੱਸਿਆ ਦੇ ਮੇਰੇ ਬੇਟੇ ਲੀਓ ਦਾ ਜਨਮ ਹੋਇਆ।

ਦਰਦ ਦਾ ਵਾਪਸ ਆਉਣਾ

ਦੂਜੇ ਅਪਰੇਸ਼ਨ ਤੋਂ ਬਾਅਦ, ਮੇਰੀ ਜ਼ਿੰਦਗੀ ਬਦਲ ਗਈ। ਦਸ ਸਾਲਾਂ ਤੱਕ ਮੈਨੂੰ ਕਦੇ ਦਰਦ ਨਹੀਂ ਹੋਇਆ। ਫਿਰ ਪਿਛਲੇ ਸਾਲ ਅਕਤੂਬਰ ਵਿੱਚ ਅਚਾਨਕ ਸਭ ਕੁਝ ਮੁੜ ਤੋਂ ਸ਼ੁਰੂ ਹੋ ਗਿਆ।

ਇਸ ਵਾਰ ਸਿਰਫ਼ ਚਿੱਤੜਾਂ ਤੇ ਪਿੱਠ ਹੀ ਨਹੀਂ ਸੀ ਸਗੋਂ ਮੂੰਹ ਅਤੇ ਹੱਥ ਵੀ ਸੁੱਜ ਰਹੇ ਸਨ। ਪਹਿਲੀ ਵਾਰ ਮੇਰੇ ਜੋੜਾਂ ਵਿੱਚ ਵੀ ਦਰਦ ਹੋ ਰਿਹਾ ਸੀ।

ਮੈਨੂੰ ਬੁਖ਼ਾਰ ਚੜ੍ਹਿਆ ਅਤੇ ਮੇਰਾ ਪਿੰਡਾਂ ਦੁੱਖ ਰਿਹਾ ਸੀ। ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਮੇਰਾ ਸਿਰ ਫਟ ਜਾਵੇਗਾ।

ਮੈਂ ਹਸਪਤਾਲ ਗਈ ਅਤੇ ਜਦੋਂ ਮੈਂ ਐਮਰਜੈਂਸੀ ਕਮਰੇ ਵਿੱਚ ਬੈਠੀ ਉਡੀਕ ਰਹੀ ਸੀ ਤਾਂ ਮੈਨੂੰ ਅਚਾਨਕ ਕੰਬਣੀ ਛਿੜਨ ਲੱਗੀ ਜਦੋਂ ਤੱਕ ਕਿ ਮੈਂ ਬੇਹੋਸ਼ ਨਹੀਂ ਹੋ ਗਈ।

ਮੈਂ ਡਾਕਟਰ ਨੂੰ ਦੱਸਿਆ ਕਿ ਇਹ ਜ਼ਰੂਰ ਬਾਇਓਪੌਲੀਮਰਾਂ ਕਾਰਨ ਹੋਇਆ ਰਿਐਕਸ਼ਨ ਹੋਵੇਗਾ।

ਡਾਕਟਰ ਨੇ ਕਿਹਾ ਕਿ ਉਸਦੇ ਨਹੀਂ ਸਮਝ ਆਇਆ ਕਿ ਮੈਂ ਕੀ ਬੋਲ ਰਹੀ ਹਾਂ।

ਮੇਰਾ ਇਲੈਕਟਰੋਡਾਇਗ੍ਰਾਮ ਕਰਵਾਇਆ ਗਿਆ ਜੋ ਕਿ ਸਹੀ ਸੀ। ਡਾਕਟਰ ਨੇ ਮੈਨੂੰ ਕੋਵਿਡ ਅਤੇ ਫਲੂ ਦਾ ਟੈਸਟ ਕਰਵਾਉਣ ਨੂੰ ਕਿਹਾ। ਇਹ ਦੋਵੇਂ ਵੀ ਨੈਗਿਟਿਵ ਆਏ।

ਮੈਂ ਕਹਿੰਦੀ ਰਹੀ ਕਿ ਇਹ ਬਾਇਓਪੌਲੀਮਰਾਂ ਕਰਕੇ ਸੀ ਪਰ ਮੈਨੂੰ ਤਿੰਨ ਦਿਨਾਂ ਤੱਕ ਹਸਪਤਾਲ ਰੱਖ ਕੇ ਜਾਂਚ ਕੀਤੀ ਗਈ ਕਿ ਕਿਸੇ ਮੈਂ ਨਸ਼ੇ ਦਾ ਲਾਗ ਤਾਂ ਨਹੀਂ ਸੀ। ਹਾਲਾਂਕਿ ਮੇਰੇ ਲੈਬ ਟੈਸਟਾਂ ਵਿੱਚ ਅਜਿਹਾ ਕੋਈ ਸੰਕੇਤ ਨਹੀਂ ਸੀ।

ਮੈਂ ਡਾਕਟਰਾਂ ਨੂੰ ਸਮਝਾਇਆ ਕਿ ਮੇਰੇ ਕੁਲ੍ਹੇ ਵਿੱਚ ਇੰਪਲਾਂਟਸ ਹਨ ਤੇ ਕਿਹਾ, “ਮੈਨੂੰ ਇਹ ਕਢਵਾਉਣ ਦੀ ਲੋੜ ਹੈ ਅਤੇ ਇਹੀ ਹੈ ਜੋ ਮੈਨੂੰ ਤੰਗ ਕਰ ਰਿਹਾ ਹੈ।”

ਜਦਕਿ ਉਨ੍ਹਾਂ ਨੇ ਕਿਹਾ ਕਿ ਉਹ ਮੇਰਾ ਅਪਰੇਸ਼ਨ ਨਹੀਂ ਕਰ ਸਕਦੇ ਅਤੇ ਇਸ ਲਈ ਮੈਨੂੰ ਪ੍ਰਾਈਵੇਟ ਸਰਜਨ ਕੋਲ ਜਾਣਾ ਪਵੇਗਾ।

ਉਨ੍ਹਾਂ ਦਾ ਕਹਿਣਾ ਸੀ ਕਿ ਇਹ ਇੱਕ ਹਸਪਤਾਲ ਐਮਰਜੈਂਸੀ ਸੀ ਅਤੇ ਇਹ ਇੱਕ ਕਾਸਮੈਟਿਕ ਸਰਜਰੀ ਹੈ ਜੇ ਮੇਰੇ ਚਿੱਤੜ ਮੁੜ ਰਿਸਣੇ ਸ਼ੁਰੂ ਨਾ ਹੋ ਜਾਣ। ਫਿਰ ਮੇਰੀ ਸਰਜਰੀ ਹੋ ਸਕਦੀ ਸੀ।

ਮੈਨੂੰ ਦਸ ਦਿਨਾਂ ਤੱਕ ਐਂਟੀਬਾਇਓਟਿਕ ਦਵਾਈਆਂ 'ਤੇ ਰੱਖਿਆ ਗਿਆ। ਹਰ ਅੱਠ ਘੰਟੇ ਬਾਅਦ ਮੈਨੂੰ ਦਵਾਈ ਦਿੱਤੀ ਜਾਂਦੀ ਤੇ ਮੇਰੀ ਹਾਲਤ ਵਿੱਚ ਸੁਧਾਰ ਆਉਣ ਲੱਗ ਪਿਆ।

ਤਣਾਅ ਦਾ ਸ਼ਿਕਾਰ

ਮੈਂ ਇੱਕ ਪ੍ਰਾਈਮਰੀ ਕੇਅਰ ਫਿਜ਼ੀਸ਼ੀਅਨ ਕੋਲ ਗਈ ਅਤੇ ਆਪਣੀ ਸਥਿਤੀ ਬਾਰੇ ਪੁੱਛਿਆ।

ਡਾਕਟਰ ਨੇ ਮੈਨੂੰ ਦੱਸਿਆ ਕਿ ਜਾਂ ਤਾਂ ਮੇਰੇ ਇੰਪਲਾਂਟਸ ਦੀ ਰਹਿੰਦ-ਖੂਹੰਦ ਮੈਨੂੰ ਪ੍ਰੇਸ਼ਾਨ ਕਰ ਰਹੀ ਹੈ ਜਾਂ ਮੇਰੀ ਛਾਤੀ ਦੇ ਇੰਪਲਾਂਟਸ ਇਸ ਦੀ ਵਜ੍ਹਾ ਹਨ।

ਉਸ ਨੇ ਮੈਨੂੰ ਛਾਤੀ ਦੇ ਪ੍ਰੋਸਥੀਸੈਸ ਵੀ ਕਢਵਾਉਣ ਦੀ ਸਲਾਹ ਦਿੱਤੀ।

ਮੈਨੂੰ ਮਿਆਮੀ ਵਿੱਚ ਰਹਿੰਦੀ ਨੂੰ ਪਹਿਲਾਂ ਹੀ ਡੇਢ ਸਾਲ ਤੋਂ ਉੱਪਰ ਸਮਾਂ ਹੋ ਗਿਆ ਸੀ। ਮੈਨੂੰ ਬਹੁਤ ਚਿੰਤਾ ਰਹਿਣ ਲੱਗ ਪਈ ਸੀ। ਮੈਂ ਵੈਨੇਜ਼ੁਏਲਾ ਜਾ ਕੇ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦੀ ਸੀ।

ਆਪਣੀ ਮਾਂ ਅਤੇ ਭੈਣ-ਭਰਾਵਾਂ ਦੀ ਮਦਦ ਤੋਂ ਬਿਨਾਂ ਹਸਪਤਾਲ ਵਿੱਚ ਰਹਿਣ ਦਾ ਮੇਰੇ ’ਤੇ ਬਹੁਤ ਬੁਰਾ ਅਸਰ ਪਿਆ ਕਿਉਂਕਿ ਅਸੀਂ ਕਾਫ਼ੀ ਜੁੜੇ ਹੋਏ ਹਾਂ।

ਡਾਕਟਰ ਨੇ ਮੈਨੂੰ ਤਣਾਅ ਵਿਰੋਧੀ ਦਵਾਈਆਂ ਲੈਣ ਨੂੰ ਕਿਹਾ। ਉਸ ਨੇ ਕਿਹਾ ਕਿ ਮੇਰਾ ਸਰੀਰ ਤਣਾਅ ਕਾਰਨ ਪ੍ਰਤੀਕਿਰਿਆ ਦੇ ਰਿਹਾ ਹੈ।

ਡਾਕਟਰ ਨੇ ਕਿਹਾ, “ਇਹ ਨਿੱਕੀ ਜਿਹੀ ਗੋਲੀ ਲੈ ਲਵੋ, ਇਸ ਨਾਲ ਤੁਹਾਨੂੰ ਰਾਹਤ ਮਿਲੇਗੀ ਅਤੇ ਤੁਹਾਨੂੰ ਵਧੀਆ ਲੱਗੇਗਾ।”

ਮੈਂ ਆਪਣੇ ਮਨੋਵਿਗਿਆਨੀ ਨਾਲ ਸਲਾਹ ਕੀਤੀ ਅਤੇ ਉਸ ਨੇ ਮੈਨੂੰ ਕਿਹਾ, “ਇਹ ਦਵਾਈਆਂ ਮੈਨੂੰ ਸੁਸਤ ਕਰ ਦੇਣਗੀਆਂ। ਤੁਹਾਡਾ ਲੀਓ ਨਾਲ ਰਿਸ਼ਤਾ ਕਮਜ਼ੋਰ ਹੋ ਜਾਵੇਗਾ। ਚੋਣ ਤੁਹਾਡੀ ਹੈ।”

ਹੁਣ ਮੈਂ ਤਣਾਅ ਵਿਰੋਧੀ ਦਵਾਈਆਂ ਨਾ ਲੈਣ ਦਾ ਫੈਸਲਾ ਕੀਤਾ ਅਤੇ ਬਾਇਓਪੌਲੀਮਰਾਂ ਦੇ ਕਿਸੇ ਮਾਹਰ ਸਰਜਨ ਦੀ ਭਾਲ ਸ਼ੁਰੂ ਕੀਤੀ। ਜੋ ਬਚੇ ਖੁਚੇ ਬਾਇਓਪੌਲੀਮਰਾਂ ਨੂੰ ਵੀ ਮੇਰੇ ਸਰੀਰ ਵਿੱਚੋਂ ਕੱਢ ਸਕੇ।

ਅਜਿਹਾ ਇੱਕ ਸਰਜਨ ਮੈਨੂੰ ਕੋਲੋਂਬੀਆ ਵਿੱਚ ਮਿਲਿਆ। ਆਪਣੇ ਪ੍ਰਵਾਸੀ ਦਰਜੇ ਕਾਰਨ ਉਸ ਸਮੇਂ ਮੈਂ ਅਮਰੀਕਾ ਛੱਡ ਕੇ ਨਹੀਂ ਜਾ ਸਕਦੀ ਸੀ।

ਮੈਂ ਇਲਾਜ ਲਈ ਵਿਸ਼ੇਸ਼ ਪਰਮਿਟ ਚਾਹੁੰਦੀ ਸੀ ਤਾਂ ਜੋ ਮੈਂ ਸਫ਼ਰ ਕਰ ਸਕਾਂ ਅਤੇ ਅਪਰੇਸ਼ਨ ਕਰਵਾ ਸਕਾਂ।

ਦਰਦ ਇੰਨਾ ਜ਼ਿਆਦਾ ਸੀ ਕਿ ਮੈਂ ਉਸ ਵਿੱਚੋਂ ਨਿਕਲਣ ਲਈ ਆਪਣਾ ਪ੍ਰਵਾਸੀ ਦਰਜਾ ਵੀ ਖ਼ਤਰੇ ਵਿੱਚ ਪਾ ਸਕਦੀ ਸੀ।

ਇੰਨੇ ਵਿੱਚ ਮੇਰੀ ਹਾਲਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਤੇ ਮੈਂ ਕੁਝ ਸਮੇਂ ਲਈ ਇਸ ਨੂੰ ਟਾਲਣਾ ਬਿਹਤਰ ਸਮਝਿਆ।

ਅਪਰੇਸ਼ਨ ਅਤੇ ਦਾਗ਼ ਪੈਣਾ

ਮੈਂ ਇੱਕ ਦੋਸਤ ਨਾਲ ਸੜਕ ਰਾਹੀਂ ਓਹਾਈਓ ਗਈ। ਕਈ ਘੰਟੇ ਬੈਠੇ ਰਹਿਣ ਕਾਰਨ ਮੇਰੇ ਚਿੱਤੜ ਫਿਰ ਸੁੱਜ ਕੇ ਪੱਥਰਾਂ ਵਰਗੇ ਸਖ਼ਤ ਹੋ ਗਏ।

ਮੈਨੂੰ ਫਿਰ ਬੁਖ਼ਾਰ ਅਤੇ ਥਕਾਣੇੇ ਮਹਿਸੂਸ ਹੋਣ ਲੱਗੀ ਜਿਵੇਂ ਮੈਨੂੰ ਕੋਵਿਡ ਹੋਵੇ। ਮੈਨੂੰ ਲੱਗਿਆ ਮੈਂ ਤਾਂ ਬੈੱਡ ਤੋਂ ਵੀ ਉੱਠ ਨਹੀਂ ਸਕਦੀ।

ਜਦੋਂ ਮੈਂ ਓਹਾਈਓ ਵਿੱਚ ਸੀ ਤਾਂ, ਹੈਨਰੀ ਨੇ ਵੈਨੇਜ਼ੁਏਲਾ ਤੋਂ ਲੀਓ ਨੂੰ ਰੋਜ਼ਾਨਾ ਫੋਨ ਕਰਨਾ। ਮੇਰੇ ਫੋਨ ਸੁਣਨ ਨੂੰ ਮਨ ਨਹੀਂ ਕਰਦਾ ਸੀ।

ਆਖ਼ਰ ਮੈਂ ਉਸ ਨੂੰ ਕਹਿ ਹੀ ਦਿੱਤਾ ਕਿ ਮੈਂ ਇਸ ਸਥਿਤੀ ਵਿੱਚੋਂ ਉਸੇ ਦੀ ਗ਼ਲਤੀ ਕਾਰਨ ਗੁਜ਼ਰ ਰਹੀ ਹਾਂ।

ਉਸ ਨੇ ਕਿਹਾ, “ਮੈਨੂੰ ਲੱਗਦਾ ਹੈ ਇਹ ਫ਼ੈਸਲਾ ਆਪਾਂ ਦੋਵਾਂ ਨੇ ਕੀਤਾ ਸੀ।”

ਮੈਨੂੰ ਲੀਓ ਦੇ ਪਿਤਾ ਤੋਂ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ, ਮੈਂ ਬਹੁਤ ਕੁਝ ਸਿੱਖੀ ਪਰ ਇਸ ਦੌਰਾਨ ਮੇਰੀ ਪਛਾਣ ਖ਼ਤਮ ਹੋ ਗਈ।

ਮੈਂ ਵਾਪਸ ਮਿਆਮੀ ਆ ਗਈ ਕਿਉਂਕਿ ਮੈਂ ਜ਼ਿਆਦਾ ਦੇਰ ਬੈਠ ਨਹੀਂ ਸਕਦੀ ਸੀ।

ਮੇਰੇ ਵਾਪਸ ਆਉਣ ਤੋਂ ਪਹਿਲਾਂ ਮੈਨੂੰ ਇੱਕ ਦੋਸਤ ਨੇ ਡਾ. ਨਾਇਰ ਨਾਰਾਇਣਨ ਦਾ ਨੰਬਰ ਦਿੱਤਾ ਤੇ ਕਿਹਾ ਕਿ ਉਹ ਬਾਇਓਪੌਲੀਮਰਾਂ ਦੇ ਮਾਹਰ ਹਨ।

ਮੈਂ ਮਿਆਮੀ ਵਿੱਚ ਹੀ ਰਹਿ ਰਹੀ ਸੀ ਅਤੇ ਮੈਂ ਇਹੀ ਲੱਭ ਰਹੀ ਸੀ।

ਮੈਂ ਉਨ੍ਹਾਂ ਨੂੰ ਮਿਲਣ ਗਈ ਤੇ ਉਨ੍ਹਾਂ ਨੇ ਮੈਨੂੰ ਕੁਝ ਟੈਸਟ ਦੱਸੇ। ਅਪਰੇਸ਼ਨ ਤੋਂ ਪਹਿਲਾਂ ਮੈਨੂੰ ਆਪਣੇ ਪੁੱਤਰ ਲੀਓ ਕਾਰਨ ਮਰਨ ਤੋਂ ਡਰ ਲੱਗ ਰਿਹਾ ਸੀ।

ਮੈਨੂੰ ਆਪਣੇ ਇਲਾਜ ਲਈ ਬਹੁਤ ਜ਼ਿਆਦਾ ਕਰਜ਼ਾ ਚੁੱਕਣਾ ਪਿਆ ਕਿਉਂਕਿ ਬੀਮੇ ਨੇ ਅਪਰੇਸ਼ਨ ਵਿੱਚ ਕੁਝ ਵੀ ਕਵਰ ਨਹੀਂ ਕੀਤਾ।

ਆਖ਼ਰ ਡਾਕਟਰ ਨੇ ਇੱਕ ਖੁੱਲ੍ਹਾ ਅਪਰੇਸ਼ਨ ਕੀਤਾ। ਮਾਸ ਨੂੰ ਚੀਰਿਆ ਅਤੇ ਸਭ ਕੁਝ ਬਾਹਰ ਕੱਢ ਦਿੱਤਾ।

ਉਨ੍ਹਾਂ ਨੂੰ ਮਾਸ ਪੇਸ਼ੀਆਂ ਨਾਲ ਜੁੜੀਆਂ ਨਿੱਕੀਆਂ-ਨਿੱਕੀਆਂ ਗੇਂਦਾਂ ਮਿਲੀਆਂ।

ਅਪਰੇਸ਼ਨ ਤੋਂ ਬਾਅਦ ਮੁੜ ਠੀਕ ਹੋਣਾ ਇੱਕ ਲੰਬੀ ਅਤੇ ਦਰਦਪੂਰਨ ਪ੍ਰਕਿਰਿਆ ਸੀ। ਪਹਿਲੀ ਵਾਰ ਤਿੰਨ ਮਹੀਨਿਆਂ ਤੱਕ ਮੈਂ ਉੱਠ ਨਹੀਂ ਸਕੀ। ਮੈਨੂੰ ਪਿਸ਼ਾਬ ਵੀ ਖੜ੍ਹ ਕੇ ਕਰਨਾ ਪੈਂਦਾ ਸੀ।

ਮੈਨੂੰ ਸੌਣ ਵਿੱਚ ਬੜੀ ਮੁਸ਼ਕਲ ਹੁੰਦੀ ਸੀ। ਮੈਨੂੰ ਆਪਣਾ ਢਿੱਡ ਸਿਰ੍ਹਾਣੇ ਤੇ ਰੱਖ ਕੇ ਸੌਣਾ ਪੈਂਦਾ ਸੀ। ਪੇਟ ਵਿੱਚ ਨਲਕੀਆਂ ਲੱਗੀਆਂ ਹੋਣ ਕਾਰਨ ਮੈਂ ਪਾਸੇ ਭਰਨੇ ਵੀ ਨਹੀਂ ਪੈ ਸਕਦੀ ਸੀ।

ਮੇਰੇ ਪੁੱਤਰ ਲੀਓ ਨੇ ਠੀਕ ਹੋਣ ਵਿੱਚ ਮੇਰੀ ਮਦਦ ਕੀਤੀ। ਉਸ ਨੇ ਮੇਰੀ ਸਭ ਕਾਸੇ ਵਿੱਚ ਮਦਦ ਕੀਤੀ।

ਦੋ ਮਹੀਨਿਆਂ ਤੱਕ ਮੈਂ ਗੱਡੀ ਨਹੀਂ ਚਲਾ ਸਕੀ ਅਤੇ ਨਾ ਹੀ ਉਸ ਨੂੰ ਕਿਤੇ ਬਾਹਰ ਲਾ ਕੇ ਜਾ ਸਕੀ।

ਜਿੰਨੀ ਦੇਰ ਵੀ ਖੜ੍ਹੀ ਹੋ ਸਕਦੀ ਮੈਂ ਕੰਪਿਊਟਰ ਸਾਹਮਣੇ ਖੜ੍ਹੀ ਹੋ ਕੇ ਘਰੋਂ ਕੰਮ ਕੀਤਾ।

ਮੇਰੇ ਵੱਡੇ-ਵੱਡੇ ਦਾਗ਼ ਪੈ ਗਏ ਪਰ ਹੁਣ ਮੈਨੂੰ ਦਰਦ ਨਹੀਂ ਹੁੰਦਾ ਸੀ। ਇਹ ਦਾਗ਼ ਮੈਨੂੰ ਚੇਤਾ ਦਿਵਾਉਂਦੇ ਹਨ ਕਿ ਮੈਂ ਕਿੱਥੋਂ ਗੁਜ਼ਰੀ ਹਾਂ।

ਹੁਣ ਮੈਂ ਬਾਇਓਪੌਲੀਮਰਾਂ ਦੇ ਸਿੱਟਿਆਂ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੀ ਹਾਂ।

ਉਨ੍ਹਾਂ ਲੋਕਾਂ ਨੂੰ ਜੋ ਇਹ ਪਵਾਉਣਾ ਚਾਹੁੰਦੇ ਹਨ। ਮੈਂ ਕਹਿੰਦੀ ਹਾਂ, “ਨਾ ਕਰੋ ਅਜਿਹਾ, ਆਪਣੇ-ਆਪ ਨੂੰ ਇਸ ਤਰ੍ਹਾਂ ਦੁੱਖ ਨਾ ਪਹੁੰਚਾਓ!”

ਇਸੇ ਤਰ੍ਹਾਂ ਜੋ ਦਰਦ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਉਮੀਦ ਨਾ ਛੱਡੋ।

ਬਾਇਓਪੌਲੀਮਰ ਕੀ ਹਨ ਤੇ ਇਸ ਦੇ ਕੀ ਲੱਛਣ ਹੋ ਸਕਦੇ ਹਨ?

ਨਾਇਰ ਨਾਰਾਇਣਨ, ਉਹ ਪਲਾਸਟਿਕ ਸਰਜਨ ਜਿਨ੍ਹਾਂ ਨੇ ਯਦੀਰਾ ਦੇ ਇੰਪਲਾਂਟਸ ਹਟਾਏ। ਉਨ੍ਹਾਂ ਦਾ ਕਹਿਣਾ ਹੈ ਕਿ ਬਾਇਓਪੌਲੀਮਰ ਕਿਸੇ ਵੀ ਸਮੱਗਰੀ ਦੇ ਬਣਾਏ ਜਾ ਸਕਦੇ ਹਨ।

ਉਹ ਦੱਸਦੇ ਹਨ, “ਜ਼ਿਆਦਾਤਰ ਔਰਤਾਂ ਨੂੰ ਸਿਲੀਕਾਨ ਦੇ ਲਾਏ ਜਾਂਦੇ ਹਨ। ਪਰ ਉਹ ਹੱਡੀਆਂ ਦੇ ਸੀਮੈਂਟ ਦੇ ਵੀ ਬਣਾਏ ਜਾ ਸਕਦੇ ਹਨ। ਜਿਸ ਦੀ ਵਰਤੋਂ ਹੱਡੀਆਂ ਮੁੜ ਬਣਾਉਣ ਅਤੇ ਖੋਪੜੀ ਜੋੜਨ ਲਈ ਕੀਤੀ ਜਾਂਦੀ ਹੈ।”

ਹਾਲ ਹੀ ਵਿੱਚ, ਨਾਰਾਇਣਨ ਨੇ ਆਪਣੇ ਮਿਆਮੀ ਦਫ਼ਤਰ ਵਿੱਚ ਪੇਰੂ ਤੋਂ ਇੱਕ ਮਰੀਜ਼ ਦੇਖਿਆ। ਉਸਦੇ ਚਿੱਤੜਾਂ ਵਿੱਚ ਮੋਟਰ-ਓਇਲ ਦੇ ਟੀਕੇ ਇੰਪਲਾਂਟ ਕਹਿ ਕੇ ਲਾਏ ਗਏ ਸਨ।

ਸਰਜਨ ਨੇ ਕੁਝ ਲੱਛਣ ਦੱਸੇ ਜੋ ਬਾਇਓਪੌਲੀਮਰਾਂ ਦੇ ਦੁਸ਼-ਪ੍ਰਭਾਵਾਂ ਦਾ ਸੰਕੇਤ ਹੋ ਸਕਦੇ ਹਨ:

  • ਸੁੰਨ
  • ਮਾਸ ਪੇਸ਼ੀਆਂ ਜਾਂ ਜੋੜਾਂ ਦਾ ਦਰਦ
  • ਲੰਬੇ ਸਮੇਂ ਤੱਕ ਖੜ੍ਹਨ-ਬੈਠਣ ਵਿੱਚ ਮੁਸ਼ਕਲ
  • ਦਿਮਾਗ਼ੀ ਅਸਪਸ਼ਟਤਾ
  • ਚਮੜੀ ਦੇ ਰੰਗ ਅਤੇ ਬਣਾਵਟ ਵਿੱਚ ਅੰਤਰ। ਮਗਰਮੱਛ ਵਰਗੀ ਚਮੜੀ ਹੋ ਜਾਣਾ

ਸਰਜਨ ਨੇ ਦੱਸਿਆ ਕਿ ਯਦੀਰਾ ਨੂੰ ਅਡਜੂਵੈਂਟ-ਇੰਡਿਊਸਡ ਇਨਫਲਾਮੇਟਰੀ ਆਟੋਇਮੀਊਨ ਸਿੰਡਰੋਮ ਹੋਇਆ ਸੀ।

ਇਸ ਨੂੰ ਏਸ਼ੀਆ ਸਿੰਡਰੋਮ ਵੀ ਕਿਹਾ ਜਾਂਦਾ ਹੈ। ਇਸ ਵਿੱਚ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਬਾਹਰੀ ਚੀਜ਼ਾਂ ਪ੍ਰਤੀ ਬਹੁਤ ਤੀਬਰ ਪ੍ਰਤੀਕਿਰਿਆ ਦਿੰਦੀ ਹੈ।

ਮੇਰੀ ਰਾਇ ਹੈ ਕਿ ਸਰੀਰ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਬੇਹੱਦ ਸਰਗਰਮ ਹੋ ਜਾਣ ਦਾ ਹੁਕਮ ਦਿੰਦੀ ਹੈ। ਇਸ ਕਾਰਨ ਜਿੱਥੇ ਇੰਪਲਾਂਟ ਨਹੀਂ ਹੈ ਉੱਥੇ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।"

ਡਾਕਟਰ ਨੇ ਸਪੱਸ਼ਟ ਕੀਤਾ ਕਿ ਇਹ ਉਨ੍ਹਾਂ ਦੀ ਰਾਇ ਹੈ ਕਿਉਂਕਿ ਇਸ ਬਾਰੇ ਕੋਈ ਵਿਗਿਆਨਕ ਅਧਿਐਨਾਂ ਦੀ ਕਮੀ ਜਿਨ੍ਹਾਂ ਵਿੱਚ ਬਾਇਓਪੌਲੀਮਰਾਂ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਹੋਵੇ।

ਇਸ ਦੀ ਵਜ੍ਹਾ ਇਹ ਵੀ ਹੈ ਕਿ ਅਜਿਹੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਨਹੀਂ ਆਉਂਦੇ ਹਨ।

"ਸਿਲੀਕਾਨ ਸਰੀਰ ’ਤੇ ਕੀ ਅਸਰ ਪਾਉਂਦੀ ਹੈ ਇਸ ਬਾਰੇ ਕੋਈ ਅਧਿਐਨ ਨਹੀਂ ਹੋਏ ਹਨ।"

ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬਾਇਓਪੌਲੀਮਰ ਕਾਰਨ ਯਦੀਰਾ ਨੂੰ ਜਾਨ ਤੋਂ ਵੀ ਹੱਥ ਧੋਣੇ ਪੈ ਸਕਦੇ ਸਨ।

“ਯਦੀਰਾ ਦੇ ਮਾਮਲੇ ਵਿੱਚ, ਇੱਕ ਸੁਨੱਖੀ ਔਰਤ ਜਿਸ ਨੂੰ ਕਾਸਮੈਟਿਕ ਸਰਜਰੀ ਦੀ ਲੋੜ ਨਹੀਂ ਸੀ। ਹੋਰ ਵਧੀਆ ਲੱਗਣ ਲਈ ਸਰਜਰੀ ਕਰਵਾਈ।”

ਨਾਰਾਇਣਨ ਨੇ ਅਮਰੀਕਾ ਦੇ ਪਲਾਸਟਿਕ ਸਰਜਨਾਂ ਦੀ ਸੁਸਾਈਟੀ ਨੂੰ ਸਿਲੀਕਾਨ ਇੰਪਲਾਂਟ ਹਟਾਉਣ ਅਤੇ ਮੁੜ ਬਣਾਉਣ ਲਈ ਮਾਹਰਾਂ ਦਾ ਸਮੂਹ ਬਣਾਉਣ ਦੀ ਤਜਵੀਜ਼ ਕੀਤੀ ਹੈ।

ਮੈਨੂੰ ਉਮੀਦ ਹੈ ਕਿ ਜਦੋਂ ਇਹ ਪਾਸ ਹੋ ਗਿਆ ਤਾਂ ਅਸੀਂ ਬਾਇਓਪੌਲੀਮਰਾਂ ਦੇ ਖੇਤਰ ਵਿੱਚ ਖੋਜ ਦੀ ਸਾਂਝੇਦਾਰੀ ਕਰਨ ਲਈ ਲਾਤੀਨੀ ਅਮਰੀਕੀ ਦੇਸਾਂ ਤੋਂ ਸਰਜਨਾਂ ਨੂੰ ਅਮਰੀਕਾ ਸੱਦ ਸਕਾਂਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)