ਦਿੱਲੀ ਦੀ ਮੇਅਰ ਸਾਹਮਣੇ ਕਿਵੇਂ ‘ਆਪ’ ਤੇ ਭਾਜਪਾ ਆਗੂ ਦੇਰ ਰਾਤ ਤੱਕ ਭਿੜੇ, ਕੌਣ ਹਨ ਇਹ ਨਵੀਂ ਮੇਅਰ

ਸ਼ੈਲੀ ਓਬਰਾਏ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸ਼ੈਲੀ ਓਬਰਾਏ ਬਣੇ ਦਿੱਲੀ ਦੇ ਮੇਅਰ

ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਦਰਮਿਆਨ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣਾਂ ਨੂੰ ਲੈ ਕੇ ਬੁੱਧਵਾਰ ਰਾਤ ਤੱਕ ਸਦਨ ਵਿੱਚ ਗੰਭੀਰ ਝੜਪਾਂ ਹੋਈਆਂ।

ਕੌਂਸਲਰਾਂ ਵਿਚਾਲੇ ਹੱਥੋਪਾਈ ਹੋਈ ਤੇ ਇੱਕ ਦੂਜੇ ਉੱਤੇ ਬੋਤਲਾਂ ਦੇ ਹੋਰ ਚੀਜ਼ਾਂ ਵੀ ਸੁੱਟੀਆਂ ਗਈਆਂ।

ਇਸ ਤੋਂ ਬਾਅਦ ਮੈਂਬਰਾਂ ਦੀ ਚੋਣ ਤੋਂ ਬਗ਼ੈਰ ਹੀ ਸਦਨ ਨੂੰ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਇਹ ਸਭ ਆਮ ਆਦਮੀ ਪਾਰਟੀ ਦੇ ਸ਼ੈਲੀ ਓਬਰਾਏ ਨੂੰ ਨਗਰ ਨਿਗਮ ਦੇ ਨਵੇਂ ਮੇਅਰ ਚੁਣੇ ਜਾਣ ਤੋਂ ਕੁਝ ਘੰਟੇ ਬਾਅਦ ਹੋਇਆ ਹੈ।

ਸ਼ੈਲੀ ਓਬਰਾਏ ਵਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਭਾਜਪਾ ਦੇ ਕੁਝ ਮੈਂਬਰਾਂ ਨੇ ਕਥਿਤ ਤੌਰ ਉੱਤੇ ਉਨ੍ਹਾਂ ’ਤੇ ਹਮਲਾ ਕੀਤਾ ਸੀ।

ਹਾਲਾਂਕਿ ਭਾਜਪਾ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਕੌਂਸਲਰ ਆਪਸ ਵਿੱਚ ਹੱਥੋਪਾਈ ਕਰਦੇ ਹੋਏ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕੌਂਸਲਰ ਆਪਸ ਵਿੱਚ ਹੱਥੋਪਾਈ ਕਰਦੇ ਹੋਏ

ਦੇਰ ਰਾਤ ਤੱਕ ਚਲਿਆ ਹੰਗਾਮਾ

ਬੁੱਧਵਾਰ ਦੇਰ ਰਾਤ ਤੱਕ ਸਟੈਂਡਿੰਗ ਕਮੇਟੀ ਦੀ ਚੋਣ ਨੂੰ ਲੈ ਕੇ ਭਾਜਪਾ ਤੇ ਆਪ ਦੇ ਮੈਂਬਰਾਂ ਦਰਮਿਆਨ ਬਹਿੱਸ ਜਾਰੀ ਰਹੀ।

ਇਸ ਦੌਰਾਨ ਦੋਵਾਂ ਪਾਰਟੀਆਂ ਦੇ ਮੈਂਬਰਾਂ ਦਰਮਿਆਨ ਹਿੰਸਾ ਵੀ ਹੋਈ ਅਤੇ ਇੱਕ-ਦੂਜੇ ਉੱਤੇ ਪਲਾਸਟਿਕ ਦੀਆਂ ਬੋਤਲਾਂ ਤੇ ਹੋਰ ਸਮਾਨ ਵੀ ਸੁੱਟਿਆ ਗਿਆ।

ਦੋਵਾਂ ਪਾਰਟੀਆਂ ਦਰਮਿਆਨ ਇਹ ਹੰਗਾਮਾ ਵੀਰਵਾਰ ਸਵੇਰੇ 4 ਵਜੇ ਤੱਕ ਚੱਲਦਾ ਰਿਹਾ।

ਹੰਗਾਮੇ ਨੂੰ ਦੇਖਦਿਆਂ ਹੀ ਦਿੱਲੀ ਦੀ ਨਵੀਂ ਬਣੀ ਮੇਅਰ ਸ਼ੈਲੀ ਓਬਰਾਏ ਨੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਸੀ।

ਸ਼ੈਲੀ ਓਬਰਾਏ

ਤਸਵੀਰ ਸਰੋਤ, Dr Shelly Oberoi/FB

ਤਸਵੀਰ ਕੈਪਸ਼ਨ, ਸ਼ੈਲੀ 2014 ਤੋਂ ਆਮ ਆਦਮੀ ਪਾਰਟੀ ਨਾਲ ਹਨ

ਸਿਆਸੀ ਪ੍ਰਤੀਕ੍ਰਮ

ਇਸ ਪੂਰੇ ਘਟਨਾਕ੍ਰਾਮ ਬਾਰੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਆਪਣਾ ਆਪਣਾ ਪ੍ਰਤੀਕ੍ਰਮ ਦਿੱਤਾ ਹੈ।

ਅਰਜੁਨ ਪਾਲ ਸਿੰਘ, ਭਾਜਪਾ ਆਗੂ ਨੇ ਕਿਹਾ,“ਆਮ ਆਦਮੀ ਪਾਰਟੀ ਵਲੋਂ ਪਹਿਲਾਂ ਕਿਹਾ ਗਿਆ ਕਿ ਫ਼ੋਨ ਲੈ ਜਾਣ ਦੀ ਇਜਾਜਤ ਨਹੀਂ ਹੈ ਤੇ ਫ਼ਿਰ ਪੈਨ ਲੈ ਜਾਣ ਤੋਂ ਵੀ ਮਨਾਂ ਕੀਤਾ ਗਿਆ।”

“ਮੇਅਰ ਤੇ ਡਿਪਟੀ ਮੇਅਰ ਦੀ ਚੋਣ ਤੋਂ ਇੱਕ ਦਮ ਬਾਅਦ ਫ਼ੋਨ ਦੀ ਆਗਿਆ ਦੇ ਦਿੱਤੀ ਗਈ ਸੀ। ਪਰ ਪੰਜਾਹ ਵੋਟਾਂ ਪੈਣ ਤੋਂ ਬਾਅਦ ਇਹ ਫ਼ੈਸਲਾ ਵਾਪਸ ਲੈ ਲਿਆ ਜਾਂਦਾ ਹੈ।”

ਉਨ੍ਹਾਂ ਇਲਜ਼ਾਮ ਲਗਾਇਆ ਕਿ ਇਸ ਦਾ ਵਿਰੋਧ ਕੀਤਾ ਜਾਣ ਤੇ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਜਬਰਦਸਤੀ ਵੋਟਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।

ਨਗਰ ਨਿਗਮ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਜਪਾ ਆਗੂ ਅਰਜੁਨ ਪਾਲ ਸਿੰਘ

ਇਸ ਬਾਰੇ ਆਮ ਆਦਮੀ ਪਾਰਟੀ ਦੀ ਮੇਅਰ ਸ਼ੈਲੀ ਓਬਰਾਏ ਨੇ ਵੀ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ,“ਵੋਟਿੰਗ ਦੌਰਾਨ ਮੋਬਾਇਲ ਫ਼ੋਨ ਦੀ ਵਰਤੋਂ ਉੱਤੇ ਕੋਈ ਰੋਕ ਨਹੀਂ ਲਗਾਈ ਗਈ।”

“ਮੈਂ ਵੀ ਇਹ ਹੀ ਕਿਹਾ ਸੀ ਕਿ ਆਪਣੇ ਵਿਵੇਕ ਦੇ ਹਿਸਾਬ ਨਾਲ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਮੋਬਾਇਲ ਫ਼ੋਨ ਲੈ ਜਾਣਾ ਚੁਹੰਦੇ ਹੋ ਜਾਂ ਨਹੀਂ।”

ਸ਼ੈਲੀ ਓਬਰਾਏ ਦੀ ਜਿੱਤ

ਬੁੱਧਵਾਰ ਨੂੰ ਦਿੱਲੀ ਦੇ ਮੇਅਰ ਚੁਣੇ ਗਏ ਸ਼ੈਲੀ ਓਬਰਾਏ ਨੇ 34 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਉਨ੍ਹਾਂ ਨੂੰ 150 ਵੋਟਾਂ ਮਿਲੀਆਂ ਸਨ ਅਤੇ ਭਾਜਪਾ ਦੀ ਰੇਖਾ ਗੁਪਤਾ ਨੂੰ 116 ਵੋਟਾਂ।

ਇਸ ਮਗਰੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਹੰਮਦ ਇਕਬਾਲ ਦਿੱਲੀ ਨੇ ਡਿਪਟੀ ਮੇਅਰ ਚੁਣੇ ਗਏ, ਜਿਨ੍ਹਾਂ ਨੂੰ 147 ਵੋਟਾਂ ਹਾਸਿਲ ਹੋਈਆਂ ਤੇ ਭਾਜਪਾ ਦੇ ਕਮਲ ਬਾਗੜੀ 116 ਵੋਟਾਂ ਹੀ ਹਾਸਿਲ ਕਰ ਸਕੇ।

ਚੋਣ ਜਿੱਤਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੈਲੀ ਨੂੰ ਵਧਾਈ ਦਿੰਦਿਆਂ ਇੱਕ ਟਵੀਟ ਕੀਤਾ ਸੀ।

ਉਨ੍ਹਾਂ ਨੇ ਲਿਖਿਆ, "ਗੁੰਡੇ ਹਾਰ ਗਏ, ਜਨਤਾ ਜਿੱਤ ਗਈ। ਦਿੱਲੀ ਨਗਰ ਨਿਗਮ ਵਿੱਚ ਅੱਜ ਦਿੱਲੀ ਦੀ ਜਨਤਾ ਦੀ ਜਿੱਤ ਹੋਈ ਅਤੇ ਗੁੰਡਾਗਰਦੀ ਹਾਰ ਹਈ।"

ਟਵੀਟ

ਤਸਵੀਰ ਸਰੋਤ, Twitter

ਇਸ ਤੋਂ ਇਲਾਵਾ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਸ਼ੈਲੀ ਨੂੰ ਜਿੱਤ ਦੀ ਵਧਾਈ ਦਿੰਦਿਆਂ ਟਵੀਟ ਕੀਤਾ।

ਉਨ੍ਹਾਂ ਨੇ ਲਿਖਿਆ, "ਗੁੰਡੇ ਹਾਰ ਗਏ, ਜਨਤਾ ਜਿੱਤ ਗਈ। ਦਿੱਲੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਨ 'ਤੇ ਸਾਰੇ ਵਰਕਰਾਂ ਨੂੰ ਬਹੁਤ ਵਧਾਈ ਅਤੇ ਦਿੱਲੀ ਦੀ ਜਨਤਾ ਦਾ ਤਹਿ ਦਿਲੋਂ ਇੱਕ ਵਾਰ ਫ਼ਿਰ ਧੰਨਵਾਦ। ਆਮ ਆਦਮੀ ਪਾਰਟੀ ਦੀ ਪਹਿਲੀ ਮੇਅਰ ਸ਼ੈਲੀ ਓਬਰਾਏ ਨੂੰ ਵੀ ਬਹੁਤ-ਬਹੁਤ ਵਧਾਈ।"

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮੌਕੇ ਵਧਾਈ ਦਿੰਦਿਆਂ ਟਵੀਟ ਕੀਤਾ।

ਉਨ੍ਹਾਂ ਨੇ ਲਿਖਿਆ, "ਲੋਕਤੰਤਰ ਦੀ ਜਿੱਤ...ਦਿੱਲੀ ਦੇ ਲੋਕਾਂ ਨੂੰ ਮੁਬਾਰਕਾਂ...ਅਰਵਿੰਦ ਕੇਜਰੀਵਾਲ ਜੀ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਣ ਦੇ ਜਜ਼ਬੇ ਨੂੰ ਸਲਾਮ..।"

ਟਵੀਟ

ਤਸਵੀਰ ਸਰੋਤ, bhagwant Mann/Twitter

ਬੀਬੀਸੀ

ਸ਼ੈਲੀ ਓਬਰਾਏ ਬਾਰੇ ਖ਼ਾਸ ਗੱਲਾਂ

  • 39 ਸਾਲਾ ਸ਼ੈਲੀ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਅਸਿਸਟੈਂਟ ਪ੍ਰੋਫੈਸਰ ਹਨ।
  • ਇਸ ਤੋਂ ਇਲਾਵਾ ਨਰਸੀ ਮੁਨਜੀ ਯੂਨੀਵਰਸਿਟੀ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵਿੱਚ ਪੜ੍ਹਾਇਆ ਹੈ।
  • ਸ਼ੈਲੀ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਜਰਨਲਾਂ ਵਿੱਚ ਪ੍ਰਕਾਸ਼ਿਤ ਲਗਭਗ 35 ਖੋਜ ਪੱਤਰ ਲਿਖੇ ਹਨ।
  • ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿੱਚ ਵੀ ਕਈ ਖੋਜ ਪੱਤਰ ਪੇਸ਼ ਕਰ ਚੁੱਕੇ ਹਨ।
  • ਉਨ੍ਹਾਂ ਨੇ ਉਹ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਸਰਵੋਤਮ ਪੇਪਰ ਐਵਾਰਡ ਵੀ ਹਾਸਿਲ ਕੀਤੇ ਹਨ।
ਬੀਬੀਸੀ

ਚੌਥੀ ਵਾਰ ਨੇਪਰੇ ਚੜੀ ਚੋਣ

ਇਲੈਕਟੋਰਲ ਕਾਲਜ ਵਿੱਚ ਚੁਣੇ ਗਏ ਕੌਂਸਲਰਾਂ ਦੀਆਂ 250 ਵੋਟਾਂ, 7 ਭਾਜਪਾ ਲੋਕ ਸਭਾ ਮੈਂਬਰ ਅਤੇ ਦਿੱਲੀ ਆਮ ਆਦਮੀ ਪਾਰਟੀ ਦੇ ਤਿੰਨ ਮੈਂਬਰ ਅਤੇ 14 ਵਿਧਾਇਕਾਂ, ਜਿਨ੍ਹਾਂ ਵਿੱਚ 13 ਆਮ ਆਦਮੀ ਪਾਰਟੀ ਦੇ ਅਤੇ ਭਾਜਪਾ ਦਾ ਇੱਕ ਵਿਧਾਇਕ ਸ਼ਾਮਿਲ ਹੈ।

ਐਮਸੀਡੀ ਹਾਊਸ ਵਿੱਚ ਕਾਂਗਰਸ ਦੇ 9 ਕੌਂਸਲਰ ਹਨ।

ਦਸੰਬਰ ਵਿੱਚ ਨਗਰ ਨਿਗਮ ਦੀਆਂ ਚੋਣਾਂ ਤੋਂ ਕਰੀਬ ਢਾਈ ਮਹੀਨੇ ਬਾਅਦ ਚੌਥੀ ਵਾਰ ਦਿੱਲੀ ਨਗਰ ਨਿਗਮ ਲਈ ਮੇਅਰ ਦੀ ਚੋਣ ਹੋਈ ਹੈ ਅਤੇ ਨੇਪਰੇ ਚੜ੍ਹੀ।

ਇਸ ਤੋਂ ਪਹਿਲਾਂ ਰਾਜਪਾਲ ਵੱਲੋਂ ਨਿਯੁਕਤ ਮਨੋਨੀਤ ਮੈਂਬਰਾਂ ਨੂੰ ਮਤਦਾਨ ਦਾ ਅਧਿਕਾਰ ਦਿੱਤੇ ਜਾਣ ਨੂੰ ਲੈ ਕੇ ਹੋਏ ਹੰਗਾਮੇ ਵਿਚਾਲੇ ਦਿੱਲੀ ਨੂੰ ਆਪਣਾ ਮੇਅਰ ਚੌਥੀ ਕੋਸ਼ਿਸ਼ ਵਿੱਚ ਮਿਲ ਗਿਆ।

ਪਿਛਲੇ ਹਫ਼ਤੇ, ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੇਨਾ ਨੇ ਸੁਪਰੀਮ ਕੋਰਟ ਦੇ ਆਦੇਸ਼ ਮਗਰੋਂ ਮੇਅਰ ਦੀਆਂ ਚੋਣਾਂ ਕਰਵਾਉਣ ਲਈ ਨਗਰ ਪਾਲਿਕਾ ਦੇ ਸੈਸ਼ਨ ਬੁਲਾਉਣ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਸੀ।

ਅਦਾਲਤ ਨੇ 17 ਫਰਵਰੀ ਨੂੰ ਮੇਅਰ, ਡਿਪਟੀ ਮੇਅਰ ਅਤੇ ਸਿਵਿਲ ਬਾਡੀ ਦੀ ਸਥਾਈ ਕਮੇਟੀ ਦੇ ਮੈਂਬਰਾਂ ਦੀਆਂ ਚੋਣ ਦੀ ਤਰੀਕ ਤੈਅ ਕਰਨ ਲਈ ਦਿੱਲੀ ਨਗਰ ਨਿਗਮ ਦੀ ਪਹਿਲੀ ਬੈਠਕ ਬੁਲਾਉਣ ਲਈ 24 ਘੰਟੇ ਅੰਦਰ ਨੋਟਿਸ ਜਾਰੀ ਕਰਨ ਦੀ ਆਦੇਸ਼ ਦਿੱਤਾ ਸੀ।

ਅਦਾਲਤ ਨੇ ਇਹ ਕਿਹਾ ਸੀ ਕਿ ਉਪ-ਰਾਜਪਾਲ ਵੱਲੋਂ ਨਗਰ ਨਿਗਮ ਵਿੱਚ ਮਨੋਨੀਤ ਮੈਂਬਰ ਵੋਟ ਨਹੀਂ ਦੇ ਸਕਦੇ।

ਹਾਲਾਂਕਿ ਕਾਂਗਰਸ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਕੌਂਸਲਰ ਚੋਣ ਤੋਂ ਦੂਰ ਰਹਿਣਗੇ।

ਵੀਡੀਓ ਕੈਪਸ਼ਨ, ਬੁੱਧਵਾਰ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਤੋਂ ਬਾਅਦ ਭਾਜਪਾ ਤੇ ਆਪ ਦੇ ਮੈਂਬਰ ਆਪਸ ਵਿੱਚ ਹੱਥੋ ਪਾਈ ਹੋਏ

ਕੌਣ ਹਨ ਸ਼ੈਲੀ ਓਬਰਾਏ

ਦਿੱਲੀ ਵਿੱਚ ਜੰਮੀ-ਪਲੀ ਸ਼ੈਲੀ ਸਾਲ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸੀ। ਉਨ੍ਹਾਂ ਨੂੰ 2020 ਵਿੱਚ ਪਾਰਟੀ ਦੀ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਵਜੋਂ ਥਾਪਿਆ ਗਿਆ ਸੀ।

ਸ਼ੈਲੀ ਓਬਰਾਏ ਦਿੱਲੀ ਦੇ ਪਟੇਲ ਨਗਰ ਵਿਧਾਨ ਸਭਾ ਹਲਕੇ ਤੋਂ ਵਾਰਡ ਨੰਬਰ 86 ਤੋਂ ਪਹਿਲੀ ਵਾਰ ਕੌਂਸਲਰ ਚੁਣੇ ਗਏ ਸਨ।

ਸ਼ੈਲੀ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਸਾਲ 2021 ਵਿੱਚ ਮੈਨੇਜਮੈਂਟ ਸਟੱਡੀਜ਼ ਵਿੱਚ ਪੀਐੱਚਡੀ ਕੀਤੀ ਹੋਈ ਹੈ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ, ਐੱਮ.ਕਾਮ, ਪੀਜੀਡੀਬੀਐੱਮ, ਐੱਮ. ਫਿਲ ਕੀਤੀ ਅਤੇ ਯੂਜੀਸੀ ਨੈੱਟ ਕੁਆਲੀਫਾਈਡ ਹਨ।

39 ਸਾਲਾ ਸ਼ੈਲੀ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਅਸਿਸਟੈਂਟ ਪ੍ਰੋਫੈਸਰ ਹਨ।

ਦਿੱਲੀ ਯੂਨੀਵਰਸਿਟੀ ਤੋਂ ਇਲਾਵਾ ਉਨ੍ਹਾਂ ਨੇ ਨਰਸੀ ਮੁਨਜੀ ਯੂਨੀਵਰਸਿਟੀ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵਿੱਚ ਪੜ੍ਹਾਇਆ ਹੈ।

ਇਸ ਤੋਂ ਇਲਾਵਾ ਸ਼ੈਲੀ ਜ਼ਿੰਦਗੀ ਭਰ ਲਈ ਇੰਡੀਅਨ ਕਾਮਰਸ ਐਸੋਸੀਏਸ਼ਨ ਦੇ ਮੈਂਬਰ ਵੀ ਹਨ।

ਸ਼ੈਲੀ ਓਬਰਾਏ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਚੌਥੀ ਵਾਰ ਹੋਈ ਮੇਅਰ ਦੀ ਚੋਣ ਨੇਪਰੇ ਚੜੀ ਹੈ

ਸ਼ੈਲੀ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਜਰਨਲਾਂ ਵਿੱਚ ਪ੍ਰਕਾਸ਼ਿਤ ਲਗਭਗ 35 ਖੋਜ ਪੱਤਰ ਲਿਖੇ ਹਨ। ਇਸ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿੱਚ ਵੀ ਕਈ ਖੋਜ ਪੱਤਰ ਪੇਸ਼ ਕਰ ਚੁੱਕੇ ਹਨ।

ਉਨ੍ਹਾਂ ਦੀ ਲਿੰਕਡਇਨ ਪ੍ਰੋਫਾਇਲ ਮੁਤਾਬਕ ਸ਼ੈਲੀ ਨੇ ਵੱਖ-ਵੱਖ ਕਾਨਫਰੰਸਾਂ ਵਿੱਚ ਐਵਾਰਡ ਵੀ ਜਿੱਤੇ ਹਨ। ਉਨ੍ਹਾਂ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਸਰਵੋਤਮ ਪੇਪਰ ਐਵਾਰਡ ਵੀ ਹਾਸਿਲ ਕੀਤੇ ਹਨ ਅਤੇ ਆਈਸੀਏ ਕਾਨਫਰੰਸ ਵਿੱਚ ਗੋਲਡ ਮੈਡਲ (ਪ੍ਰੋ. ਮਨੂਭਾਈ ਸ਼ਾਹ ਅਵਾਰਡ) ਜਿੱਤਿਆ ਹੈ।

ਉਨ੍ਹਾਂ ਨੂੰ "ਮਿਸ ਕਮਲਾ ਰਾਣੀ ਇਨਾਮ" ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ਅਤੇ ਗ੍ਰੈਜੂਏਸ਼ਨ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਸਕਾਲਰਸ਼ਿਪ ਧਾਰਕ ਸੀ।

ਉਨ੍ਹਾਂ ਦੇ ਪਿਤਾ ਸਤੀਸ਼ ਕੁਮਾਰ ਵਿੱਚ ਇੱਕ ਕਾਰੋਬਾਰੀ ਹਨ ਅਤੇ ਮਾਤਾ ਸਰੋਜ ਘਰ ਸੰਭਾਲਦੇ ਹਨ। ਉਨ੍ਹਾਂ ਦਾ ਇੱਕ ਭਰਾ ਅਤੇ ਇੱਕ ਭੈਣ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)