ਮੋਦੀ ਮੁਤਾਬਕ 'ਗਾਂਧੀ' ਫਿਲਮ ਤੋਂ ਦੁਨੀਆਂ ਨੂੰ ਗਾਂਧੀ ਬਾਰੇ ਪਤਾ ਲੱਗਿਆ, ਵਿਰੋਧੀ ਧਿਰ ਨੇ ਖੋਲ੍ਹਿਆ ਮੋਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਰਿਚਰਡ ਐਟਨਬਰੋ ਦੀ ਫਿਲਮ 'ਗਾਂਧੀ' ਬਣਨ ਤੋਂ ਬਾਅਦ ਦੁਨੀਆ ਨੂੰ ਉਨ੍ਹਾਂ ਵਿੱਚ ਦਿਲਚਸਪੀ ਹੋਈ।

ਨਿਊਜ਼ ਚੈਨਲ 'ਏਬੀਪੀ ਨਿਊਜ਼' ਨੂੰ ਦਿੱਤੇ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 'ਗਾਂਧੀ ਦੇ ਪ੍ਰਚਾਰ' ਵਿੱਚ ਪਿਛਲੀਆਂ ਸਰਕਾਰਾਂ ਦੀ ਅਸਫਲਤਾ ਦਾ ਜ਼ਿਕਰ ਕਰਦੇ ਹੋਏ ਸਵਾਲ ਚੁੱਕਿਆ, 'ਕੀ ਇਨ੍ਹਾਂ 75 ਸਾਲਾਂ ਵਿੱਚ ਸਾਡੀ ਜ਼ਿੰਮੇਵਾਰੀ ਨਹੀਂ ਸੀ ਕਿ ਪੂਰੀ ਦੁਨੀਆ ਮਹਾਤਮਾ ਗਾਂਧੀ ਨੂੰ ਜਾਣਦੀ? ਪਰ "ਅਸੀਂ ਅਜਿਹਾ ਨਹੀਂ ਕੀਤਾ।"

ਵਿਰੋਧੀ ਧਿਰ ਦੀ ਭਾਰਤੀ ਸਮਾਜ ਅਤੇ ਸੱਭਿਆਚਾਰ ਦੀ ਸਮਝ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਉਨ੍ਹਾਂ (ਵਿਰੋਧੀ ਧਿਰਾਂ) ਨੇ ਰਾਜਨੀਤੀ ਵਿੱਚ ਸ਼ਾਰਟਕੱਟ ਲੱਭੇ ਹਨ। ਇਸ ਲਈ ਉਹ ਵੋਟ ਬੈਂਕ ਦੀ ਰਾਜਨੀਤੀ ਵਿੱਚ ਫਸ ਗਏ ਹਨ ਅਤੇ ਵੋਟ ਬੈਂਕ ਵਿੱਚ ਫਸੇ ਹੋਣ ਕਾਰਨ ਉਹ ਲੋਕ ਬੇਹੱਦ ਸੰਪਰਦਾਇਕ, ਅਤਿ ਜਾਤੀਵਾਦੀ, ਅਤਿ ਪਰਿਵਾਰਵਾਦੀ ਹੋ ਗਏ ਹਨ।"

ਵਿਰੋਧੀ ਧਿਰ ਉੱਤੇ ਗੁਲਾਮੀ ਦੀ ਮਾਨਸਿਕਤਾ ਤੋਂ ਪੀੜਤ ਹੋਣ ਦਾ ਇਲਜ਼ਾਮ ਲਾਉਂਦੇ ਹੋਏ ਪੀਐੱਮ ਮੋਦੀ ਨੇ ਕਿਹਾ, '(ਵਿਰੋਧੀ) ਗੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਨਹੀਂ ਆਏ, ਨਹੀਂ ਤਾਂ ਕੀ ਕਾਰਨ ਹੈ ਕਿ 19ਵੀਂ ਸਦੀ ਦੇ ਕਾਨੂੰਨ ਅਜੇ ਤੱਕ ਚੱਲ ਰਹੇ ਸਨ ਜੋ 21ਵੀਂ ਸਦੀ ਵਿੱਚ ਬਦਲਣ ਦੀ ਲੋੜ ਪਈ, ਇਹ ਸਭ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਸੀ।"

ਮੋਦੀ ਨੇ ਅਸਲ ਵਿੱਚ ਗਾਂਧੀ ਬਾਰੇ ਕੀ ਕਿਹਾ?

ਇਸੇ ਸਵਾਲ ਦਾ ਜਵਾਬ ਦਿੰਦੇ ਹੋਏ ਪੀਐੱਮ ਮੋਦੀ ਨੇ ਗਾਂਧੀ ਦਾ ਜ਼ਿਕਰ ਕੀਤਾ ਅਤੇ ਕਿਹਾ, "ਮਹਾਤਮਾ ਗਾਂਧੀ ਦੁਨੀਆ ਦੀ ਬਹੁਤ ਵੱਡੀ ਮਹਾਨ ਆਤਮਾ ਸਨ। ਕੀ ਇਨ੍ਹਾਂ 75 ਸਾਲਾਂ ਵਿੱਚ ਸਾਡੀ ਜ਼ਿੰਮੇਵਾਰੀ ਨਹੀਂ ਸੀ ਕਿ ਪੂਰੀ ਦੁਨੀਆ ਮਹਾਤਮਾ ਗਾਂਧੀ ਨੂੰ ਜਾਣੇ।"

"ਕੋਈ ਨਹੀਂ ਜਾਣਦਾ, ਮੈਨੂੰ ਮਾਫ ਕਰਨਾ। ਪਹਿਲੀ ਵਾਰ ਜਦੋਂ ਗਾਂਧੀ ਫਿਲਮ ਬਣੀ ਤਾਂ ਦੁਨੀਆ ਨੂੰ ਉਤਸੁਕਤਾ ਪੈਦਾ ਹੋਈ ਸੀ ਕਿ ਅੱਛਾ ਇਹ ਕੌਣ ਹੈ? ਅਸੀਂ ਨਹੀਂ ਕੀਤਾ ਜੀ। ਇਸ ਦੇਸ ਦਾ ਕੰਮ ਸੀ ..."

"ਜੇਕਰ ਦੁਨੀਆ ਮਾਰਟਿਨ ਲੂਥਰ ਕਿੰਗ ਨੂੰ ਜਾਣਦੀ ਹੈ, ਜੇਕਰ ਦੁਨੀਆ ਸਾਡੇ ਦੱਖਣੀ ਅਫ਼ਰੀਕਾ ਦੇ ਨੈਲਸਨ ਮੰਡੇਲਾ ਨੂੰ ਜਾਣਦੀ ਹੈ ਤਾਂ ਗਾਂਧੀ ਜੀ ਕਿਸੇ ਤੋਂ ਘੱਟ ਨਹੀਂ ਸਨ। ਇਹ ਮੰਨਣਾ ਪਵੇਗਾ। ਦੁਨੀਆ ਘੁੰਮਣ ਤੋਂ ਬਾਅਦ ਮੈਂ ਕਹਿ ਰਿਹਾ ਹਾਂ ਕਿ ਗਾਂਧੀ ਨੂੰ ਅਤੇ ਗਾਂਧੀ ਰਾਹੀਂ ਭਾਰਤ ਨੂੰ ਧਿਆਨ ਮਿਲਣਾ ਚਾਹੀਦਾ ਸੀ।"

"ਅੱਜ ਗਾਂਧੀ ਦੁਨੀਆ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹਨ, ਪਰ ਅਸੀਂ ਗਾਂਧੀ ਨੂੰ... ਅਸੀਂ ਆਪਣਾ ਬਹੁਤ ਕੁਝ ਗੁਆਇਆ ਹੈ। ਅੱਜ ਮੈਂ ਸਟੈਚੂ ਆਫ਼ ਯੂਨਿਟੀ ਬਣਾਈ, ਮੈਂ ਡਾਂਡੀ ਬਣਾਈ। ਡਾਂਡੀ ਜਾ ਕੇ ਦੇਖੋ, ਜੀ, ਮੈਂ ਬਣਾਇਆ। ਬਾਬਾ ਸਾਹਿਬ ਅੰਬੇਡਕਰ ਦੇ ਪੰਚ ਤੀਰਥ ਬਣਾਏ ਤੁਸੀਂ ਜਾ ਕੇ ਦੇਖੋ। ਸਾਨੂੰ ਇਤਿਹਾਸ ਨੂੰ ਜਿਉਣਾ ਚਾਹੀਦਾ ਹੈ, ਇਤਿਹਾਸ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਉਸ ਵਿੱਚ ਸਾਡੀ ਸੱਭਿਆਚਾਰਕ ਵਿਰਾਸਤ ਵੀ ਹੈ।"

ਵਿਰੋਧੀ ਧਿਰ ਦਾ ਪ੍ਰਤੀਕਰਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਟਿੱਪਣੀ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ, ਉਨ੍ਹਾਂ ਨੇ ਲਿਖਿਆ, "ਪੂਰੇ ਰਾਜਨੀਤੀ ਸ਼ਾਸਤਰ' ਦੇ ਵਿਦਿਆਰਥੀ ਨੂੰ ਮਹਾਤਮਾ ਗਾਂਧੀ ਬਾਰੇ ਜਾਣਨ ਲਈ ਫਿਲਮ ਦੇਖਣ ਦੀ ਜ਼ਰੂਰਤ ਹੋਏਗੀ।"

ਤ੍ਰਿਣਮੂਲ ਕਾਂਗਰਸ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਪੀਐੱਮ ਮੋਦੀ ਦੇ ਬਿਆਨ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, "ਕੋਈ ਵੀ ਗਾਂਧੀ ਨੂੰ ਨਹੀਂ ਜਾਣਦਾ ਸੀ।"

ਕੇਰਲ ਕਾਂਗਰਸ ਨੇ 1930 ਦੇ ਦਹਾਕੇ ਵਿੱਚ ਮਹਾਤਮਾ ਗਾਂਧੀ ਦੇ ਲੰਡਨ, ਪੈਰਿਸ ਅਤੇ ਸਵਿਟਜ਼ਰਲੈਂਡ ਦੇ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਹਨ।

ਕੇਰਲ ਕਾਂਗਰਸ ਨੇ ਲਿਖਿਆ ਲੰਡਨ, ਸਵਿਟਜ਼ਰਲੈਂਡ ਅਤੇ ਪੈਰਿਸ ਵਿੱਚ ਗਾਂਧੀ ਜਿੱਥੇ ਵੀ ਗਏ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। ਆਪਣੇ ਜੀਵਨਕਾਲ ਵਿੱਚ ਗਾਂਧੀ ਦੁਨੀਆਂ ਦੇ ਸਭ ਤੋਂ ਹਰਮਨ ਪਿਆਰੇ ਆਗੂ ਸਨ। ਭਾਰਤ ਨੂੰ ਹੁਣ ਵੀ ਗਾਂਧੀ ਅਤੇ ਨਹਿਰੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗਾਂਧੀ ਆਪਣੇ ਸੱਚ ਅਤੇ ਅਹਿੰਸਾ ਦੇ ਸਿਧਾਂਤਾਂ ਲਈ ਜਾਣੇ ਜਾਂਦੇ ਸਨ। ਘੱਟੋ ਘੱਟ ਜਦੋਂ ਗਾਂਧੀ ਦੀ ਗੱਲ ਆਉਂਦੀ ਹੈ, ਉਦੋਂ ਤਾਂ ਸੱਚ ਬੋਲੋ"

ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਟਵਿੱਟਰ 'ਤੇ ਲਿਖਿਆ, "ਮੈਨੂੰ ਨਹੀਂ ਪਤਾ ਕਿ ਜਾਣ ਵਾਲੇ ਪ੍ਰਧਾਨ ਮੰਤਰੀ ਕਿਸ ਦੁਨੀਆ ਵਿੱਚ ਰਹਿੰਦੇ ਹਨ ਜਿੱਥੇ 1982 ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਦੁਨੀਆ ਭਰ ਵਿੱਚ ਨਹੀਂ ਮੰਨਿਆ ਜਾਂਦਾ ਸੀ। ਜੇਕਰ ਕਿਸੇ ਨੇ ਮਹਾਤਮਾ ਦੀ ਵਿਰਾਸਤ ਨੂੰ ਤਬਾਹ ਕੀਤਾ ਹੈ, ਤਾਂ ਉਹ ਖੁਦ ਬਾਹਰ ਜਾਣ ਵਾਲੇ ਪ੍ਰਧਾਨ ਮੰਤਰੀ ਹੀ ਹਨ।"

"ਵਾਰਾਣਸੀ, ਦਿੱਲੀ ਅਤੇ ਅਹਿਮਦਾਬਾਦ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਨੇ ਗਾਂਧੀਵਾਦੀ ਸੰਸਥਾਵਾਂ ਨੂੰ ਤਬਾਹ ਕਰ ਦਿੱਤਾ ਹੈ। ਇਹ ਆਰਐੱਸਐੱਸ ਵਰਕਰਾਂ ਦੀ ਪਛਾਣ ਹੈ ਕਿ ਉਹ ਮਹਾਤਮਾ ਗਾਂਧੀ ਦੇ ਰਾਸ਼ਟਰਵਾਦ ਨੂੰ ਨਹੀਂ ਜਾਣਦੇ।"

"ਉਨ੍ਹਾਂ ਦੀ ਵਿਚਾਰਧਾਰਾ ਨੇ ਜੋ ਮਾਹੌਲ ਬਣਾਇਆ ਸੀ, ਉਸੇ ਕਾਰਨ ਨੱਥੂਰਾਮ ਗੋਡਸੇ ਨੇ ਗਾਂਧੀ ਜੀ ਦਾ ਕਤਲ ਕੀਤਾ। 2024 ਦੀਆਂ ਚੋਣਾਂ ਇੱਕ ਮਹਾਤਮਾ ਭਗਤ ਅਤੇ ਇੱਕ ਗੋਡਸੇ ਭਗਤ ਵਿਚਕਾਰ ਹੋਈਆਂ ਹਨ। ਜਾ ਰਹੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਗੌਡਸੇ ਭਗਤ ਸਾਥੀਆਂ ਦੀ ਹਾਰ ਸਪੱਸ਼ਟ ਹੈ।"

ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਜੇ ਸਿੰਘ ਨੇ ਪੀਐਮ ਮੋਦੀ ਦੀ ਟਿੱਪਣੀ 'ਤੇ ਚੁਟਕੀ ਲੈਂਦਿਆਂ ਲਿਖਿਆ, "ਕਿਉਂਕਿ ਰਾਜਾ ਚੌਥੀ ਜਮਾਤ ਤੱਕ ਪੜ੍ਹਿਆ ਅਤੇ ਗਾਂਧੀ ਜੀ ਦਾ ਪਾਠ ਪੰਜਵੀਂ ਜਮਾਤ ਵਿੱਚ ਆਇਆ।"

ਮਸ਼ਹੂਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਲਿਖਿਆ, "ਸਮੁੱਚੇ ਰਾਜਨੀਤੀ ਵਿਗਿਆਨ ਦੇ ਵਿਦਵਾਨ ਦੱਸ ਰਹੇ ਹਨ ਕਿ ਮਹਾਤਮਾ ਗਾਂਧੀ ਬਾਰੇ ਉਦੋਂ ਤੱਕ ਕੋਈ ਨਹੀਂ ਜਾਣਦਾ ਸੀ, ਜਦੋਂ ਤੱਕ ਇੱਕ ਫਿਲਮ ਉਨ੍ਹਾਂ ਉੱਤੇ ਨਹੀਂ ਬਣੀ।"

ਤ੍ਰਿਣਮੂਲ ਕਾਂਗਰਸ ਦੀ ਰਾਜ ਸਭਾ ਮੈਂਬਰ ਅਤੇ ਸਾਬਕਾ ਪੱਤਰਕਾਰ ਸਾਗਰਿਕਾ ਘੋਸ਼ ਨੇ ਲਿਖਿਆ, "ਇਸ ਵਿੱਚ ਹੈਰਾਨੀ ਦੀ ਗੱਲ ਨਹੀਂ ਹੈ। ਜੋ ਲੋਕ ਨੱਥੂਰਾਮ ਗੋਡਸੇ ਤੋਂ ਪ੍ਰਭਾਵਿਤ ਹਨ, ਉਹ ਗਾਂਧੀ ਬਾਰੇ ਕੁਝ ਨਹੀਂ ਜਾਣਦੇ ਹਨ।"

'ਗਾਂਧੀ' ਫਿਲਮ ਜਿਸ ਨੂੰ ਦੋ ਆਸਕਰ ਮਿਲੇ ਹਨ

ਬ੍ਰਿਟਿਸ਼ ਨਿਰਦੇਸ਼ਕ ਰਿਚਰਡ ਐਟਨਬਰਾ ਦੀ ਫਿਲਮ 'ਗਾਂਧੀ' ਨੂੰ ਸਾਲ 1983 ਵਿੱਚ ਦੋ ਸ਼੍ਰੇਣੀਆਂ ਵਿੱਚ ਆਸਕਰ ਐਵਾਰਡ ਮਿਲਿਆ ਸੀ। ਐਟਨਬਰੋ ਨੂੰ ਸਰਵੋਤਮ ਹਦਾਇਤਕਾਰ ਦਾ ਪੁਰਸਕਾਰ ਮਿਲਿਆ ਜਦਕਿ ਗਾਂਧੀ ਨੂੰ ਸਰਬੋਤਮ ਫਿਲਮ ਦਾ ਪੁਰਸਕਾਰ ਮਿਲਿਆ।

ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਐਟਨਬਰਾ ਨੇ ਕਿਹਾ, "ਸੱਚੇ ਢੰਗ ਨਾਲ ਤੁਸੀਂ ਗਾਂਧੀ ਦਾ ਸਨਮਾਨ ਕੀਤਾ ਹੈ। ਉਹ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਸਨ। ਮੈਨੂੰ ਉਨ੍ਹਾਂ ਵਿੱਚ ਸਭ ਤੋਂ ਅਸਾਧਾਰਨ ਗੱਲ ਲਗਦੀ ਹੈ ਕਿ ਗਾਂਧੀ ਅਜੇ ਵੀ ਪ੍ਰੇਰਨਾ ਦੇ ਸਰੋਤ ਹਨ। ਤੁਹਾਡੇ ਮਹਾਨ ਨਾਇਕ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਵੀ ਗਾਂਧੀ ਤੋਂ ਪ੍ਰੇਰਣਾ ਮਿਲੀ ਸੀ।"

ਬ੍ਰਿਟਿਸ਼ ਨਿਰਦੇਸ਼ਕ ਨੇ ਕਿਹਾ, "ਪੋਲਿਸ਼ ਰਾਸ਼ਟਰਵਾਦੀ ਨੇਤਾ ਲੈਕ ਵੈਲੇਸਾ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕਿਹਾ ਕਿ ਉਹ ਪਹਿਲਾਂ ਜੋ ਕਰ ਰਹੇ ਸਨ, ਉਸ ਨਾਲ ਕੁਝ ਹੋਣ ਵਾਲਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮਨੁੱਖੀ ਸਨਮਾਨ ਅਤੇ ਸ਼ਾਂਤੀ ਪ੍ਰਾਪਤ ਕਰਨ ਦਾ ਇੱਕੋ ਇੱਕ ਰਸਤਾ ਹੈ ਅਤੇ ਇਹੀ ਗਾਂਧੀ ਦਾ ਤਰੀਕਾ ਹੈ। ਗਾਂਧੀ ਨੇ ਕਿਹਾ ਸੀ ਕਿ ਸਾਨੂੰ ਉਸ ਤਰੀਕੇ ਬਾਰੇ ਸੋਚਣਾ ਚਾਹੀਦਾ ਹੈ ਜਿਸ ਰਾਹੀਂ ਅਸੀਂ ਆਪਣੀਆਂ ਸਮੱਸਿਆਵਾਂ ਸੁਲਝਾਉਣਾ ਚਾਹੁੰਦੇ ਹਾਂ। 20ਵੀਂ ਸਦੀ ਵਿੱਚ ਜਿਸ ਤਰ੍ਹਾਂ ਆਪਣਾ ਸਨਮਾਨ ਤਲਾਸ਼ ਕਰ ਰਹੇ ਹਾਂ, ਆਖਰਕਾਰ ਅਸੀਂਂ ਇੱਕ ਦੂਜੇ ਦਾ ਸਿਰ ਉਡਾ ਦੇਵਾਂਗੇ।"

ਰਿਚਰਡ ਐਟਨਬਰੋ ਨੇ ਕਿਹਾ ਸੀ, "ਗਾਂਧੀ ਨੇ ਸਾਨੂੰ ਇਸ ਪਹੁੰਚ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਅਸੀਂ ਅਹਿੰਸਾ ਦੇ ਮਾਰਗ ਉੱਤੇ ਚੱਲਦੇ ਹਾਂ, ਤਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਤਰੀਕਾ ਉਸ ਤੋਂ ਵੱਖਰਾ ਹੋਵੇਗਾ ਜੋ ਅਸੀਂ ਅੱਜ ਅਪਣਾ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਇਸ ਵਿੱਚ ਉਨ੍ਹਾਂ ਕੋਲ ਦੁਨੀਆਂ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਸੰਦੇਸ਼ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)