ਤਾਰਕ ਮਹਿਤਾ ਕਾ ਉਲਟਾ ਚਸ਼ਮਾ: 15 ਸਾਲਾਂ ’ਚ ਜਿਨਸੀ ਸ਼ੋਸ਼ਣ ਸਣੇ ਕਿਹੜੇ-ਕਿਹੜੇ ਵਿਵਾਦ ਜੁੜੇ

    • ਲੇਖਕ, ਸੁਪ੍ਰਿਆ ਸੋਗਲੇ
    • ਰੋਲ, ਬੀਬੀਸੀ ਸਹਿਯੋਗੀ

ਜੇਕਰ ਭਾਰਤੀ ਟੈਲੀਵਿਜ਼ਨ 'ਤੇ ਚੱਲ ਰਹੇ ਪ੍ਰਸਿੱਧ ਲੜੀਵਾਰ ਨਾਟਕਾਂ ਦੀ ਗੱਲ ਕਰੀਏ ਤਾਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦਾ ਨਾਂ ਜ਼ਰੂਰ ਆਉਂਦਾ ਹੈ।

ਸਾਲ 2008 ਤੋਂ ਲਗਾਤਾਰ ਚੱਲ ਰਹੇ ਇਸ ਲੜੀਵਾਰ ਨੂੰ ਸਾਲਾਂ ਤੋਂ ਲੋਕਾਂ ਦਾ ਪਿਆਰ ਮਿਲਿਆ ਹੈ। ਇਸ ਲੜੀਵਾਰ ਦੇ ਕਿਰਦਾਰ ਕਿਸੇ ਸਮੇਂ ਇੰਨੇ ਮਸ਼ਹੂਰ ਸਨ ਕਿ ਉਨ੍ਹਾਂ ਦਾ ਰੁਤਬਾ ਫ਼ਿਲਮੀ ਸਿਤਾਰਿਆਂ ਤੋਂ ਘੱਟ ਨਹੀਂ ਸੀ।

ਜੇਠਾਲਾਲ ਗੜਾ, ਦਿਯਾ ਬੇਨ, ਤਾਰਕ ਭਾਈ, ਬਬੀਤਾ ਜੀ, ਟੱਪੂ, ਚੰਪਕ ਲਾਲ, ਅਈਅਰ ਭਾਈ, ਰੋਸ਼ਨ ਸੋਢੀ, ਹੰਸਰਾਜ ਹਾਥੀ, ਭਿੜੇ, ਨੱਟੂ ਕਾਕਾ, ਬਾਘਾ, ਅਬਦੁਲ, ਪੱਤਰਕਾਰ ਪੋਪਟਲਾਲ ਵਰਗੇ ਕਿਰਦਾਰ ਲੋਕਾਂ ਦੀ ਜ਼ੁਬਾਨ 'ਤੇ ਸਨ।

ਇਹ ਸੀਰੀਅਲ ਅਜੇ ਵੀ ਚੱਲ ਰਿਹਾ ਹੈ ਪਰ ਇਸ ਦੇ ਕਈ ਮਸ਼ਹੂਰ ਕਲਾਕਾਰ ਇਸ ਸੀਰੀਅਲ ਤੋਂ ਅਲੱਗ ਹੋ ਗਏ ਹਨ ਤੇ ਕੁਝ ਹੁਣ ਇਸ ਦੁਨੀਆ 'ਚ ਨਹੀਂ ਰਹੇ।

ਕਈ ਵਾਰ ਇਹ ਸੀਰੀਅਲ ਵਿਵਾਦਾਂ 'ਚ ਵੀ ਆਇਆ ਸੀ। ਕੁਝ ਕਲਾਕਾਰਾਂ ਨਾਲ ਨਿਰਮਾਤਾ-ਨਿਰਦੇਸ਼ਕ ਦੀ ਬਣੀ ਨਹੀਂ ਤਾਂ ਇੱਕ ਸਾਬਕਾ ਕਲਾਕਾਰ ਨੇ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ।

ਕਦੋਂ ਸ਼ੁਰੂ ਹੋਇਆ ਸੀ ਇਹ ਲੜੀਵਾਰ

'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦਾ ਪ੍ਰੀਮੀਅਰ ਜੁਲਾਈ 2008 'ਚ 'ਸਬ ਟੀਵੀ' 'ਤੇ ਹੋਇਆ ਸੀ।

ਇਹ ਕਾਮੇਡੀ ਸੀਰੀਅਲ ਮਸ਼ਹੂਰ ਗੁਜਰਾਤੀ ਲੇਖਕ ਤਾਰਕ ਮਹਿਤਾ ਦੇ ਗੁਜਰਾਤੀ ਖੇਤਰੀ ਮੈਗਜ਼ੀਨ ਦੇ ਹਫ਼ਤਾਵਾਰੀ ਕਾਲਮ ‘ਦੁਨੀਆਂ ਨੇ ਉੜਾ ਚਸ਼ਮਾ’ ਤੋਂ ਪ੍ਰੇਰਿਤ ਇੱਕ ਕਾਮੇਡੀ ਸ਼ੋਅ ਹੈ।

ਨਿਰਮਾਤਾਵਾਂ ਨੇ 2001 ਵਿੱਚ ਮੈਗਜ਼ੀਨ ਤੋਂ ਅਧਿਕਾਰ ਖ਼ਰੀਦੇ ਸਨ, ਪਰ ਵੱਡੇ ਟੀਵੀ ਚੈਨਲਾਂ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦੌਰ ਵਿੱਚ ਸਾਸ-ਬਹੂ ਸੀਰੀਅਲਾਂ ਦਾ ਦਬਦਬਾ ਸੀ।

ਨਿਰਮਾਤਾਵਾਂ ਨੂੰ ਕਰੀਬ 8 ਸਾਲ ਤੱਕ ਉਡੀਕਣਾ ਪਿਆ, ਪਰ ਉਨ੍ਹਾਂ ਨੂੰ ਇਸ ਉਡੀਕ ਦਾ ਸ਼ਾਨਦਾਰ ਫ਼ਲ ਮਿਲਿਆ।

ਸੀਰੀਅਲ ਦੇ ਕੇਂਦਰ ਵਿੱਚ ਗੋਕੁਲਧਾਮ ਸੋਸਾਇਟੀ ਅਤੇ ਇਸ ਵਿੱਚ ਰਹਿਣ ਵਾਲੇ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਦੀ ਜ਼ਿੰਦਗੀ ਹੈ।

ਸੋਸਾਇਟੀ ਵਿੱਚ ਰਹਿਣ ਵਾਲੇ ਲੋਕਾਂ ਨੇ ਹੌਲੀ-ਹੌਲੀ ਭਾਰਤ ਦੇ ਘਰਾਂ ਵਿੱਚ ਆਪਣੀ ਥਾਂ ਬਣਾ ਲਈ। ਇਸ ਸੀਰੀਅਲ ਨੂੰ ਲੋਕਾਂ ਨੇ ਖ਼ੂਬ ਪਿਆਰ ਦਿੱਤਾ।

ਸਾਧਾਰਨ ਲੋਕ ਅਤੇ ਉਨ੍ਹਾਂ ਦੀ ਸਾਧਾਰਨ ਜ਼ਿੰਦਗੀ, ਹਰ ਰੋਜ਼ ਕੋਈ ਨਾ ਕੋਈ ਨਵੀਂ ਘਟਨਾ ਅਤੇ ਘਟਨਾ ਦੁਆਲੇ ਬੁਣੀਆਂ ਕਹਾਣੀਆਂ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ।

ਸੀਰੀਅਲ ਦੇ ਮੁੱਖ ਕਿਰਦਾਰ ਜੇਠਾਲਾਲ ਗੜਾ ਅਤੇ ਉਨ੍ਹਾਂ ਦੀ ਪਤਨੀ ਦਿਯਾ ਬੇਨ ਦੇ ਕਿਰਦਾਰ ਨੂੰ ਲੋਕਾਂ ਨੇ ਇੰਨਾਂ ਪਸੰਦ ਕੀਤਾ ਕਿ ਕਈ ਵਾਰ ਇਨ੍ਹਾਂ ਕਲਾਕਾਰਾਂ ਨੂੰ ਜਨਤਕ ਥਾਵਾਂ 'ਤੇ ਉਨ੍ਹਾਂ ਦੇ ਅਸਲੀ ਨਾਂ ਨਾਲ ਨਹੀਂ ਸਗੋਂ ਸੀਰੀਅਲ ਦੇ ਕਿਰਦਾਰਾਂ ਵਜੋਂ ਬੁਲਾਇਆ ਗਿਆ।

ਸੀਰੀਅਲ ਦੇ ਬਾਕੀ ਕਲਾਕਾਰਾਂ ਦਾ ਵੀ ਇਹੀ ਹਾਲ ਸੀ।

15 ਸਾਲਾਂ ਵਿੱਚ 3600 ਐਪੀਸੋਡ

ਸ਼ੁਰੂ ਵਿੱਚ ਇਹ ਲੜੀਵਾਰ ਸਿਰਫ਼ ਦੋ ਸਾਲਾਂ ਲਈ ਹੀ ਬਣਿਆ ਸੀ ਪਰ ਇਸ ਦੀ ਸਫ਼ਲਤਾ ਨੇ ਨਿਰਮਾਤਾ-ਨਿਰਦੇਸ਼ਕ ਦਾ ਹੌਸਲਾ ਵਧਾ ਦਿੱਤਾ।

ਹੁਣ ਇਸ ਸੀਰੀਅਲ ਨੇ 15 ਸਾਲ ਪੂਰੇ ਕਰ ਲਏ ਹਨ ਅਤੇ 3600 ਤੋਂ ਵੱਧ ਐਪੀਸੋਡ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ।

ਇਸ ਸ਼ੋਅ ਦੀ ਲੋਕਪ੍ਰਿਅਤਾ ਇੰਨੀ ਸੀ ਕਿ ਇਸ ਨੂੰ ਤੇਲਗੂ ਅਤੇ ਮਰਾਠੀ ਭਾਸ਼ਾਵਾਂ ਵਿੱਚ ਵੀ ਡੱਬ ਕੀਤਾ ਗਿਆ।

2021 ਵਿੱਚ, ਸ਼ੋਅ ਦੇ ਕਿਰਦਾਰਾਂ ਤੋਂ ਪ੍ਰੇਰਨਾ ਲੈਂਦਿਆਂ, ਐਨੀਮੇਸ਼ਨ ਲੜੀਵਾਰ 'ਤਾਰਕ ਮਹਿਤਾ ਕਾ ਛੋਟਾ ਚਸ਼ਮਾ' ਵੀ ਸ਼ੁਰੂ ਹੋਇਆ।

ਇੱਕ ਵਕਤ ਇਸ ਸੀਰੀਅਲ ਦੀ ਲੋਕਪ੍ਰਿਅਤਾ ਇੰਨੀ ਸੀ ਕਿ ਕਈ ਵਾਰ ਵੱਡੇ-ਵੱਡੇ ਸਿਤਾਰੇ ਆਪਣੀਆਂ ਫ਼ਿਲਮਾਂ ਨੂੰ ਪ੍ਰਮੋਟ ਕਰਨ ਲਈ ਇਸ ਦਾ ਹਿੱਸਾ ਬਣਦੇ ਸਨ।

ਇਨ੍ਹਾਂ 'ਚ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਅਮਿਤਾਭ ਬੱਚਨ, ਰਿਸ਼ੀ ਕਪੂਰ, ਰਿਤਿਕ ਰੋਸ਼ਨ, ਕਰੀਨਾ ਕਪੂਰ ਅਤੇ ਦੀਪਿਕਾ ਪਾਦੂਕੋਣ ਦੇ ਨਾਮ ਵੀ ਸ਼ਾਮਲ ਸਨ।

ਜਿਨਸੀ ਸ਼ੋਸ਼ਣ ਦੀ ਇਲਜ਼ਾਮ

ਜਿੱਥੇ ਇੱਕ ਪਾਸੇ ਸੀਰੀਅਲ ਅਤੇ ਇਸ ਦੇ ਅਦਾਕਾਰਾਂ ਨੂੰ ਪ੍ਰਸਿੱਧੀ ਮਿਲੀ, ਉੱਥੇ ਹੀ ਦੂਜੇ ਪਾਸੇ ਇਹ ਸੀਰੀਅਲ ਹੌਲੀ-ਹੌਲੀ ਵਿਵਾਦਾਂ ਵਿੱਚ ਘਿਰਦਾ ਗਿਆ।

ਕਦੇ ਸੀਰੀਅਲ ਕਾਰਨ ਵਿਵਾਦ ਹੋਇਆ ਤਾਂ ਕਦੇ ਸੀਰੀਅਲ ਦੇ ਅਦਾਕਾਰਾਂ ਕਾਰਨ।

ਤਾਜ਼ਾ ਵਿਵਾਦ ਸੀਰੀਅਲ ਦੀ ਕਲਾਕਾਰ ਜੈਨੀਫ਼ਰ ਮਿਸਤਰੀ ਬੰਧੀਵਾਲ ਨਾਲ ਜੁੜਿਆ ਹੈ।

ਜੈਨੀਫ਼ਰ ਨੇ ਨਿਰਮਾਤਾਵਾਂ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਹਾਲਾਂਕਿ ਨਿਰਮਾਤਾਵਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਮੁੱਢੋਂ ਖ਼ਾਰਜ ਕੀਤਾ ਹੈ।

ਤਾਰਕ ਮਹਿਤਾ ਲੜੀਵਾਰ 'ਚ ਰੋਸ਼ਨ ਸੋਢੀ ਦਾ ਕਿਰਦਾਰ ਕਈ ਸਾਲਾਂ ਤੋਂ ਨਿਭਾਅ ਰਹੀ ਜੈਨੀਫ਼ਰ ਨੇ ਹਾਲ ਹੀ 'ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਸ਼ਿਕਾਇਤ 'ਚ ਉਨ੍ਹਾਂ ਨੇ ਨਿਰਮਾਤਾ ਅਸਿਤ ਮੋਦੀ, ਸੋਹਿਲ ਰਮਾਨੀ ਅਤੇ ਜਤਿਨ ਬਜਾਜ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਹਨ।

ਇਸੇ ਸਾਲ ਮਾਰਚ 'ਚ ਜੈਨੀਫ਼ਰ ਨੇ ਸ਼ੋਅ ਛੱਡ ਦਿੱਤਾ ਸੀ। ਹਾਲਾਂਕਿ ਸੀਰੀਅਲ ਦੇ ਨਿਰਮਾਤਾਵਾਂ ਨੇ ਬਿਆਨ ਜਾਰੀ ਕਰ ਜੈਨੀਫ਼ਰ ਵਲੋਂ ਲਗਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।

ਨਿਰਮਾਤਾਵਾਂ ਦਾ ਕਹਿਣਾ ਹੈ ਕਿ ਜੈਨੀਫ਼ਰ ਦੇ ਵਿਹਾਰ ਕਾਰਨ ਉਨ੍ਹਾਂ ਦਾ ਇਕਰਾਰਨਾਮਾ ਖ਼ਤਮ ਹੋ ਗਿਆ ਹੈ ਅਤੇ ਇਸ ਲਈ ਉਹ ਬਦਲੇ ਦੀ ਭਾਵਨਾ ਨਾਲ ਅਜਿਹੇ ਦੋਸ਼ ਲਗਾ ਰਹੇ ਹਨ।

ਸ਼ੈਲੇਸ਼ ਲੋਧਾ ਨੂੰ ਲੈ ਕੇ ਵਿਵਾਦ

ਸ਼ੈਲੇਸ਼ ਲੋਧਾ ਨੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ 14 ਸਾਲ ਤੱਕ ਤਾਰਕ ਮਹਿਤਾ ਦਾ ਕਿਰਦਾਰ ਨਿਭਾਇਆ।

ਪਰ ਪਿਛਲੇ ਸਾਲ ਅਪ੍ਰੈਲ 'ਚ ਉਨ੍ਹਾਂ ਨੇ ਅਚਾਨਕ ਹੀ ਸੀਰੀਅਲ ਛੱਡ ਦਿੱਤਾ ਸੀ।

ਸੀਰੀਅਲ ਦੇ ਪ੍ਰਸ਼ੰਸਕਾਂ ਨੂੰ ਇਸ 'ਤੇ ਯਕੀਨ ਨਹੀਂ ਆਇਆ ਅਤੇ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵਾਪਸੀ ਦੀ ਮੰਗ ਕਰਨ ਲੱਗੇ।

ਸ਼ੈਲੇਸ਼ ਸੀਰੀਅਲ ਦੇ ਮੁੱਖ ਪਾਤਰ ਜੇਠਾਲਾਲ ਦੇ ਦੋਸਤ ਅਤੇ ਲੇਖਕ ਤਾਰਕ ਮਹਿਤਾ ਦੇ ਕਿਰਦਾਰ ਵਜੋਂ ਬਹੁਤ ਮਸ਼ਹੂਰ ਹੋਏ ਸਨ।

ਜੇਠਾਲਾਲ ਵੱਲੋਂ ਹਰ ਸਮੱਸਿਆ ਦੇ ਹੱਲ ਲਈ ਤਾਰਕ ਮਹਿਤਾ ਕੋਲ ਪਹੁੰਚਣਾ ਅਤੇ ਤਾਰਕ ਮਹਿਤਾ ਵੱਲੋਂ ਸਾਰੀਆਂ ਸਮੱਸਿਆਵਾਂ ਤੋਂ ਜੇਠਾਲਾਲ ਨੂੰ ਬਾਹਰ ਕੱਢਣਾ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ ਸੀ।

ਸੀਰੀਅਲ ਦੇ ਪ੍ਰਸ਼ੰਸਕਾਂ ਨੂੰ ਇਸ 'ਤੇ ਯਕੀਨ ਨਹੀਂ ਆਇਆ ਅਤੇ ਲੋਕ ਸੋਸ਼ਲ ਮੀਡੀਆ 'ਤੇ ਉਸ ਦੀ ਵਾਪਸੀ ਦੀ ਮੰਗ ਕਰਨ ਲੱਗੇ।

ਸ਼ੈਲੇਸ਼ ਸੀਰੀਅਲ ਦੇ ਮੁੱਖ ਕਿਰਦਾਰ ਜੇਠਾਲਾਲ ਦੇ ਦੋਸਤ ਅਤੇ ਲੇਖਕ ਤਾਰਕ ਮਹਿਤਾ ਦੇ ਕਿਰਦਾਰ ਵਜੋਂ ਬਹੁਤ ਮਸ਼ਹੂਰ ਹੋਏ।

ਲੜੀਵਾਰ ਤਾਰਕ ਮਹਿਤਾ ਕਾ ਉਲਟਾ ਚਸ਼ਮਾ

  • 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦਾ ਪ੍ਰੀਮੀਅਰ ਜੁਲਾਈ 2008 'ਚ 'ਸਬ ਟੀਵੀ' 'ਤੇ ਹੋਇਆ ਸੀ।
  • ਹੁਣ ਇਸ ਸੀਰੀਅਲ ਨੇ 15 ਸਾਲ ਪੂਰੇ ਕਰ ਲਏ ਹਨ ਅਤੇ 3600 ਤੋਂ ਵੱਧ ਐਪੀਸੋਡ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ।
  • 2021 ਵਿੱਚ, ਸ਼ੋਅ ਦੇ ਕਿਰਦਾਰਾਂ ਤੋਂ ਪ੍ਰੇਰਨਾ ਲੈਂਦਿਆਂ, ਐਨੀਮੇਸ਼ਨ ਲੜੀਵਾਰ 'ਤਾਰਕ ਮਹਿਤਾ ਕਾ ਛੋਟਾ ਚਸ਼ਮਾ' ਵੀ ਸ਼ੁਰੂ ਹੋਇਆ।
  • ਤਾਜ਼ਾ ਵਿਵਾਦ ਸੀਰੀਅਲ ਦੀ ਕਲਾਕਾਰ ਜੈਨੀਫ਼ਰ ਮਿਸਤਰੀ ਬੰਸੀਵਾਲ ਨਾਲ ਜੁੜਿਆ ਹੈ।
  • ਸ਼ੈਲੇਸ਼ ਲੋਧਾ ਨੇ 14 ਸਾਲ ਤੱਕ ਤਾਰਕ ਮਹਿਤਾ ਦਾ ਕਿਰਦਾਰ ਨਿਭਾਇਆ ਪਰ ਫ਼ਿਰ ਪੈਸੇ ਨਾ ਦੇਣ ਦੇ ਇਲਜ਼ਾਮਾਂ ਹੇਠ ਅਚਾਨਕ ਲੜੀਵਾਰ ਛੱਡ ਦਿੱਤਾ
  • ਸ਼ੋਅ 'ਚ ਜੇਠਾਲਾਲ ਦਾ ਕਿਰਦਾਰ ਨਿਭਾਉਣ ਵਾਲੇ ਦਿਲੀਪ ਜੋਸ਼ੀ ਦਾ ਡਾਇਲਾਗ 'ਏ ਪਾਗਲ ਔਰਤ' ਕਾਫ਼ੀ ਮਸ਼ਹੂਰ ਹੋਇਆ ਸੀ। ਪਰ ਮਹਿਲਾ ਸੰਗਠਨਾਂ ਨੇ ਇਸ ਸੰਵਾਦ 'ਤੇ ਇਤਰਾਜ਼ ਜਤਾਉਂਦਿਆਂ ਤੇ ਇਸ ਨੂੰ ਹਟਾਇਆ ਗਿਆ
  • ਦਿਸ਼ਾ ਵਕਾਨੀ ਵੀ 2017 ਤੋਂ ਉਹ ਸੀਰੀਅਲ ਦਾ ਹਿੱਸਾ ਨਹੀਂ ਸਨ।

ਹਰ ਸਮੱਸਿਆ ਦੇ ਹੱਲ ਲਈ ਜੇਠਾਲਾਲ ਦੀ ਤਾਰਕ ਮਹਿਤਾ ਤੱਕ ਪਹੁੰਚ ਅਤੇ ਤਾਰਕ ਮਹਿਤਾ ਨੂੰ ਮੁਸ਼ਕਲਾਂ ਤੋਂ ਬਾਹਰ ਕੱਢਣਾ ਦਰਸ਼ਕਾਂ ਨੂੰ ਪਸੰਦ ਆਇਆ।

ਬਾਅਦ 'ਚ ਪਤਾ ਲੱਗਾ ਕਿ ਸ਼ੈਲੇਸ਼ ਨੇ ਨਿਰਮਾਤਾਵਾਂ ਨਾਲ ਝਗੜੇ ਕਾਰਨ ਸ਼ੋਅ ਛੱਡ ਦਿੱਤਾ ਸੀ। ਮਾਮਲਾ ਬਕਾਇਆ ਪੈਸਿਆਂ ਦੇ ਭੁਗਤਾਨ ਦਾ ਸੀ। ਸ਼ੈਲੇਸ਼ ਲੋਧਾ ਨੇ ਇਸ ਸਾਲ ਅਪ੍ਰੈਲ 'ਚ ਨਿਰਮਾਤਾਵਾਂ ਖ਼ਿਲਾਫ਼ ਮੁਕੱਦਮਾ ਦਾਇਰ ਕਰ ਦਿੱਤਾ ਸੀ।

ਹੁਣ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਪਰ ਨਿਰਮਾਤਾ ਸੋਹੇਲ ਰਮਾਨੀ ਨੇ ਕਿਹਾ ਹੈ ਕਿ ਸ਼ੈਲੇਸ਼ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਹ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਨ ਅਤੇ ਉਨ੍ਹਾਂ ਦਾ ਬਣਦਾ ਭੁਗਤਾਨ ਲੈ ਜਾਣ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੀਰੀਅਲ ਦੇ ਨਿਰਮਾਤਾਵਾਂ 'ਤੇ ਕਲਾਕਾਰਾਂ ਨੂੰ ਪੈਸੇ ਨਾ ਦੇਣ ਦਾ ਇਲਜ਼ਾਮ ਲੱਗਿਆ ਹੋਵੇ।

ਇਸ ਤੋਂ ਪਹਿਲਾਂ ਸੀਰੀਅਲ 'ਚ ਸ਼ੈਲੇਸ਼ ਲੋਧਾ ਦੇ ਕਿਰਦਾਰ ਤਾਰਕ ਮਹਿਤਾ ਦੀ ਪਤਨੀ ਬਣੀ ਅੰਜਲੀ ਮਹਿਤਾ ਦਾ ਕਿਰਦਾਰ ਨਿਭਾਉਣ ਵਾਲੀ ਨੇਹਾ ਮਹਿਤਾ ਨੇ ਵੀ ਅਜਿਹੇ ਹੀ ਇਲਜ਼ਾਮ ਲਾਏ ਸਨ।

ਨੇਹਾ ਨੇ ਵੀ 2020 ਵਿੱਚ ਸ਼ੋਅ ਛੱਡ ਦਿੱਤਾ ਸੀ।

ਇਸ ਮਾਮਲੇ ਵਿੱਚ ਵੀ ਨਿਰਮਾਤਾਵਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਸੀਰੀਅਲ ਦੀ ਪਾਲਿਸੀ ਦੇ ਮੁਤਾਬਕ ਕੰਟਰੈਕਟ ਸਾਈਨ ਕਰਨ ਤੋਂ ਬਾਅਦ ਹੀ ਪੈਸਿਆਂ ਸਬੰਧੀ ਆਖ਼ਰੀ ਸਮਝੌਤਾ ਹੁੰਦਾ ਹੈ।

ਮਹਾਰਾਸ਼ਟਰ ਨਵਨਿਰਮਾਣ ਸੈਨਾ ਦੀ ਧਮਕੀ

ਮਾਰਚ 2020 ਵਿੱਚ, ਤਾਰਕ ਮਹਿਤਾ ਦੇ ਇੱਕ ਐਪੀਸੋਡ ਵਿੱਚ, ਮੁੰਬਈ ਦੀ ਭਾਸ਼ਾ ਹਿੰਦੀ ਦੱਸਣ ’ਤੇ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਨੇ ਧਮਕੀ ਦਿੱਤੀ ਸੀ।

ਦਰਅਸਲ, ਇਹ ਵਿਵਾਦ ਇਸ ਸੀਰੀਅਲ ਦੇ ਇੱਕ ਐਪੀਸੋਡ ਵਿੱਚ ਚੰਪਕਲਾਲ ਦਾ ਕਿਰਦਾਰ ਨਿਭਾਉਣ ਵਾਲੇ ਅਮਿਤ ਭੱਟ ਦੇ ਇੱਕ ਡਾਇਲਾਗ ਤੋਂ ਪੈਦਾ ਹੋਇਆ ਸੀ।

ਇਸ ਵਿੱਚ ਅਮਿਤ ਭੱਟ ਨੇ ਹਿੰਦੀ ਨੂੰ ਮੁੰਬਈ ਦੀ ਆਮ ਭਾਸ਼ਾ ਕਿਹਾ ਸੀ।

ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਸੀ।

ਐੱਮਐੱਨਐੱਸ ਨੇ ਨਿਰਮਾਤਾਵਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਮਾਮਲੇ 'ਤੇ ਫ਼ੌਰੀ ਮਾਫ਼ੀ ਮੰਗਣ। ਬਾਅਦ ਵਿੱਚ ਸ਼ੋਅ ਦੇ ਨਿਰਮਾਤਾਵਾਂ ਅਤੇ ਕਲਾਕਾਰਾਂ ਨੇ ਮਾਫ਼ੀ ਮੰਗੀ 'ਤੇ ਮਾਮਲਾ ਠੰਡਾ ਪਿਆ।

ਜੇਠਾਲਾਲ ਦੇ 'ਏ ਪਾਗਲ ਔਰਤ' ਸੰਵਾਦ ਦਾ ਵਿਵਾਦ

ਇੱਕ ਵਾਰ ਤਾਂ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਦਿਲੀਪ ਜੋਸ਼ੀ ਵੀ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਸਨ।

ਸ਼ੋਅ 'ਚ ਜੇਠਾਲਾਲ ਦਾ ਕਿਰਦਾਰ ਨਿਭਾਉਣ ਵਾਲੇ ਦਿਲੀਪ ਜੋਸ਼ੀ ਦਾ ਡਾਇਲਾਗ 'ਏ ਪਾਗਲ ਔਰਤ' ਕਾਫ਼ੀ ਮਸ਼ਹੂਰ ਹੋਇਆ ਸੀ।

ਪਰ ਮਹਿਲਾ ਸੰਗਠਨਾਂ ਨੇ ਇਸ ਸੰਵਾਦ 'ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਹ ਸੰਵਾਦ ਔਰਤਾਂ ਲਈ ਅਪਮਾਨਜਨਕ ਹੈ।

ਇਸ ਵਿਰੋਧ ਤੋਂ ਬਾਅਦ ਨਿਰਮਾਤਾਵਾਂ ਨੇ ਫ਼ੈਸਲਾ ਲਿਆ ਕਿ ਜੇਠਾਲਾਲ ਕਦੇ ਵੀ ਇਹ ਡਾਇਲਾਗ ਨਹੀਂ ਬੋਲਣਗੇ।

ਮੁਨਮੁਨ ਦੱਤਾ ਨਾਲ ਜੁੜਿਆ ਵਿਵਾਦ ਅਤੇ ਟੱਪੂ ਦੇ ਅਫ਼ੇਅਰ ਦੀਆਂ ਅਫਵਾਹਾਂ

ਸ਼ੋਅ ਵਿੱਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੇ ਮੁਨਮੁਨ ਦੱਤਾ ਨੇ ਮਈ 2021 ਵਿੱਚ ਇੱਕ ਮੇਕਅੱਪ ਵੀਡੀਓ ’ਚ ਜਾਤੀਵਾਦੀ ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਰੌਲਾ ਪੈ ਗਿਆ ਸੀ।

ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਕਰਨ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਖ਼ਿਲਾਫ਼ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਐਕਟ ਤਹਿਤ ਕਈ ਮਾਮਲੇ ਵੀ ਦਰਜ ਹੋਏ ਸਨ।

ਵੀਡੀਓ ਪੋਸਟ ਕਰਨ ਦੇ ਦੂਜੇ ਦਿਨ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਮਾਫ਼ੀ ਮੰਗ ਲਈ ਸੀ।

ਇਸ ਵਿਵਾਦ ਤੋਂ ਬਾਅਦ ਮੁਨਮੁਨ ਕੁਝ ਸਮੇਂ ਲਈ ਸ਼ੋਅ 'ਚ ਨਜ਼ਰ ਨਹੀਂ ਆਏ, ਜਿਸ ਨਾਲ ਉਨ੍ਹਾਂ ਨੂੰ ਸ਼ੋਅ ਤੋਂ ਕੱਢ ਦਿੱਤੇ ਜਾਣ ਦੀਆਂ ਅਫ਼ਵਾਰਾਂ ਫ਼ੈਲਣ ਲੱਗੀਆਂ।

ਪਰ ਨਿਰਮਾਤਾਵਾਂ ਨੇ ਇਨ੍ਹਾਂ ਅਫ਼ਵਾਹਾਂ ਨੂੰ ਝੂਠ ਦੱਸਿਆ ਅਤੇ ਕੁਝ ਸਮੇਂ ਬਾਅਦ ਮੁਨਮੁਨ ਬਬੀਤਾ ਜੀ ਦੇ ਕਿਰਦਾਰ 'ਚ ਮੁੜ ਨਜ਼ਰ ਆਏ।

ਇਸ ਵਿਵਾਦ ਤੋਂ ਬਾਅਦ ਨਿਰਮਾਤਾਵਾਂ ਨੇ ਸੀਰੀਅਲ ਦੇ ਸਾਰੇ ਕਲਾਕਾਰਾਂ ਤੋਂ ਇੱਕ ਕੰਟਰੈਕਟ ’ਤੇ ਦਸਤਖ਼ਤ ਕਰਵਾਏ।

ਜਿਸ 'ਚ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਜਾਤੀ ਜਾਂ ਧਰਮ 'ਤੇ ਟਿੱਪਣੀ ਕਰਨ ਦੇ ਨਾਲ-ਨਾਲ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ’ਤੇ ਵੀ ਪਾਬੰਦੀ ਲਗਾਈ ਗਈ ਸੀ।

ਸਤੰਬਰ 2021 'ਚ ਮੁਨਮੁਨ ਦੱਤਾ ਅਤੇ ਸ਼ੋਅ 'ਚ ਟੱਪੂ ਦਾ ਕਿਰਦਾਰ ਨਿਭਾਉਣ ਵਾਲੇ ਰਾਜ ਅਨਦਕਟ ਦੀ ਇਕੱਠਿਆਂ ਦੀ ਇੱਕ ਤਸਵੀਰ ਸਾਹਮਣੇ ਆਉਣ ਨਾਲ ਵੀ ਵਿਵਾਦ ਖੜ੍ਹਾ ਹੋ ਗਿਆ ਸੀ।

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰੇਮ ਸਬੰਧਾਂ ਦੀਆਂ ਅਫ਼ਵਾਹਾਂ ਉਡਣੀਆਂ ਸ਼ੁਰੂ ਹੋ ਗਈਆਂ। ਮੁਨਮੁਨ ਨੂੰ ਕਾਫੀ ਟ੍ਰੋਲ ਕੀਤਾ ਗਿਆ।

ਪਰ ਮੁਨਮੁਨ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ। ਉਨ੍ਹਾਂ ਇਸ ਨੂੰ ਰੂੜੀਵਾਦੀ ਸੋਚ ਦੱਸਿਆ ਅਤੇ ਮੀਡੀਆ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਸਭ ਤੋਂ ਵੱਡੀ ਖ਼ਾਸੀਅਤ ਉਹ ਕਲਾਕਾਰ ਰਹੇ, ਜਿਨ੍ਹਾਂ ਨੇ ਪਰਦੇ 'ਤੇ ਕਿਰਦਾਰ ਨੂੰ ਜੀਵਿਆ ਅਤੇ ਦਰਸ਼ਕਾਂ ਨਾਲ ਖ਼ਾਸ ਰਿਸ਼ਤਾ ਬਣਾਇਆ।

ਬਦਲਦੇ ਸਮੇਂ ਅਤੇ ਨਿਰਮਾਤਾਵਾਂ ਨਾਲ ਮਤਭੇਦ ਦੇ ਕਾਰਨ, ਕਈ ਕਲਾਕਾਰ ਸ਼ੋਅ ਤੋਂ ਵੱਖ ਹੋ ਗਏ। ਪਰ ਕਈ ਕਲਾਕਾਰਾਂ ਦੀ ਮੌਤ ਕਾਰਨ ਸ਼ੋਅ ਦੀ ਲੋਕਪ੍ਰਿਅਤਾ ਨੂੰ ਝਟਕਾ ਲੱਗਾ।

ਦਿਸ਼ਾ ਵਕਾਨੀ ਉਰਫ਼ ਦਿਯਾ ਬੇਨ

ਸੀਰੀਅਲ ਦਾ ਸਭ ਤੋਂ ਚਰਚਿਤ ਕਿਰਦਾਰ ਦਿਯਾ ਬੇਨ, ਦਿਸ਼ਾ ਵਕਾਨੀ ਨੇ ਨਿਭਾਇਆ ਸੀ।

ਪਰ 2017 ਤੋਂ ਉਹ ਸੀਰੀਅਲ ਦਾ ਹਿੱਸਾ ਨਹੀਂ ਸਨ। ਲੰਬੇ ਸਮੇਂ ਤੋਂ ਸੀਰੀਅਲ ਦੇ ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਵਾਰ-ਵਾਰ ਇਸ ਭੁਲੇਖੇ 'ਚ ਰੱਖਿਆ ਕਿ ਦਿਸ਼ਾ ਵਕਾਨੀ ਦੀ ਵਾਪਸੀ ਹੋਵੇਗੀ। ਪਰ ਅਜਿਹਾ ਨਹੀਂ ਹੋਇਆ।

ਸੀਰੀਅਲ ਦੇ ਇੱਕ ਅਹਿਮ ਕਿਰਦਾਰ ਦਾ ਅਚਾਨਕ ਚਲੇ ਜਾਣਾ ਅਤੇ ਨਿਰਮਾਤਾਵਾਂ ਦਾ ਉਨ੍ਹਾਂ ਦੀ ਥਾਂ ਦੀ ਪੂਰਤੀ ਕਰ ਸਕਣ ਵਿੱਚ ਅਸਮਰੱਥ ਰਹਿਣਾ, ਦਰਸ਼ਕਾਂ ਦੀ ਨਿਰਾਸ਼ਾ ਦਾ ਕਾਰਨ ਰਿਹਾ।

ਦਿਸ਼ਾ ਵਕਾਨੀ ਨੇ 2017 ਵਿੱਚ ਮੈਟਰਨਿਟੀ ਛੁੱਟੀ (ਜਣੇਪਾ ਛੁੱਟੀ) ਲਈ ਸੀ ਅਤੇ ਦੁਬਾਰਾ ਵਾਪਸ ਨਹੀਂ ਆਏ। ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਦਿਸ਼ਾ ਨੇ ਪੈਸੇ ਵਧਾਉਣ ਦੀ ਮੰਗ ਕੀਤੀ ਸੀ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਕਵੀ ਕੁਮਾਰ ਆਜ਼ਾਦ ਉਰਫ਼ ਡਾਕਟਰ ਹਾਥੀ

ਸੀਰੀਅਲ 'ਚ ਡਾਕਟਰ ਹਾਥੀ ਦਾ ਕਿਰਦਾਰ ਨਿਭਾਉਣ ਵਾਲੇ ਕਵੀ ਕੁਮਾਰ ਆਜ਼ਾਦ ਵੀ ਕਾਫੀ ਮਸ਼ਹੂਰ ਹੋਏ ਸਨ।

ਆਪਣੇ ਭਾਰੀ ਸਰੀਰ ਨਾਲ ਸ਼ੋਅ ਵਿੱਚ ਕਾਮੇਡੀ ਕਰਨ ਵਾਲੇ ਕਵੀ ਕੁਮਾਰ ਆਜ਼ਾਦ ਦੀ 2018 ਵਿੱਚ ਮੌਤ ਹੋ ਗਈ ਸੀ।

ਲੜੀਵਾਰ ਦੇ ਮਸ਼ਹੂਰ ਕਿਰਦਾਰ ਦੇ ਬੇਵਕਤੀ ਵਿਛੋੜੇ ਨੇ ਦਰਸ਼ਕਾਂ ਨੂੰ ਵੱਡਾ ਸਦਮਾ ਦਿੱਤਾ।

ਉਸ ਤੋਂ ਬਾਅਦ ਨਿਰਮਲ ਸੋਨੀ ਨੇ ਡਾਕਟਰ ਹਾਥੀ ਦੀ ਭੂਮਿਕਾ ਨਿਭਾਈ। ਪਰ ਕਵੀ ਕੁਮਾਰ ਨੂੰ ਜੋ ਪ੍ਰਸਿੱਧੀ ਮਿਲੀ, ਉਹ ਸੋਨੀ ਹਾਸਲ ਨਾ ਕਰ ਸਕੇ।

ਟੱਪੂ ਦਾ ਸੀਰੀਅਲ ਛੱਡ ਦੇਣਾ

ਸੀਰੀਅਲ 'ਚ ਭਵਿਆ ਗਾਂਧੀ ਨੂੰ ਜੇਠਾਲਾਲ ਅਤੇ ਦਿਯਾ ਬੇਨ ਦੇ ਬੇਟੇ ਟੱਪੂ ਦੇ ਰੂਪ 'ਚ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ।

ਸ਼ੋਅ 'ਚ ਟੱਪੂ ਦੀ ਫ਼ੌਜ ਕਾਫੀ ਮਸ਼ਹੂਰ ਹੋਈ ਸੀ। ਕਰੀਬ 9 ਸਾਲ ਤੱਕ ਸ਼ੋਅ ਵਿੱਚ ਬਾਲ ਕਲਾਕਾਰ ਵਜੋਂ ਕੰਮ ਕਰਨ ਤੋਂ ਬਾਅਦ, ਭਵਿਆ ਗਾਂਧੀ ਨੇ 2017 ਵਿੱਚ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਸੀ।

ਉਹ ਕਲਾਕਾਰ ਦੇ ਤੌਰ 'ਤੇ ਅੱਗੇ ਵਧਣਾ ਚਾਹੁੰਦੇ ਸਨ। ਜੋ ਉਹ ਇਸ ਵਿੱਚ ਰਹਿਕੇ ਨਹੀਂ ਸਨ ਕਰ ਸਕਦੇ।

ਇਸੇ ਕਾਰਨ ਉਨ੍ਹਾਂ ਨੇ ਸ਼ੋਅ ਛੱਡ ਕੇ ਆਪਣੇ ਕਰੀਅਰ ਦੀ ਦੂਜੀ ਪਾਰੀ ਸ਼ੁਰੂ ਕੀਤੀ।

ਰਾਜ ਅਨਾਦਕਟ ਨੇ ਉਨ੍ਹਾਂ ਦੀ ਥਾਂ 'ਤੇ ਟੱਪੂ ਦਾ ਕਿਰਦਾਰ ਨਿਭਾਉਣਾ ਸ਼ੁਰੂ ਕੀਤਾ।

ਟੱਪੂ ਦੇ ਰੂਪ ਵਿੱਚ ਰਾਜ ਅਨਦਕਟ ਨੂੰ ਦਰਸ਼ਕਾਂ ਨੇ ਅਪਣਾ ਲਿਆ ਸੀ, ਪਰ ਛੇ ਸਾਲ ਸ਼ੋਅ ਵਿੱਚ ਰਹਿਣ ਤੋਂ ਬਾਅਦ 2022 ਵਿੱਚ ਉਨ੍ਹਾਂ ਨੇ ਵੀ ਸ਼ੋਅ ਛੱਡ ਦਿੱਤਾ।

ਪਰੇਸ਼ਾਨੀਆਂ ਦਾ ਸਿਲਸਿਲਾ

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨੇ ਬਿਨਾਂ ਕਿਸੇ ਵੱਡੇ ਵਿਵਾਦ ਦੇ ਲਗਭਗ ਨੌਂ ਸਾਲਾਂ ਤੱਕ ਦਰਸ਼ਕਾਂ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ।

ਜੇਠਾਲਾਲ ਅਤੇ ਦਿਯਾ ਬੇਨ ਦੇ ਕਿਰਦਾਰ ਸਭ ਤੋਂ ਵੱਧ ਪ੍ਰਸਿੱਧ ਸਨ।

ਪਰ 2017 ਵਿੱਚ ਦਿਸ਼ਾ ਵਕਾਨੀ ਦੇ ਸ਼ੋਅ ਛੱਡਣ ਦੇ ਬਾਅਦ ਤੋਂ ਸੀਰੀਅਲ ਦੀ ਚਮਕ ਫਿੱਕੀ ਪੈਣ ਲੱਗੀ।

ਇਸ ਤੋਂ ਬਾਅਦ ਨਾ ਸਿਰਫ ਕਈ ਕਲਾਕਾਰਾਂ ਨੇ ਸ਼ੋਅ ਛੱਡ ਦਿੱਤਾ, ਸਗੋਂ ਕਈ ਵਿਵਾਦ ਵੀ ਹੋਏ।

ਕਰੀਬ ਇੱਕ ਦਹਾਕੇ ਤੱਕ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਮਸ਼ਹੂਰ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਹੁਣ ਬਦਲ ਗਏ ਹਨ।

ਪਰ ਦਰਸ਼ਕ ਆਪਣੇ ਚਹੇਤੇ ਕਲਾਕਾਰਾਂ ਵੱਲੋਂ ਨਿਭਾਏ ਕਿਰਦਾਰਾਂ ਨੂੰ ਭੁੱਲ ਨਹੀਂ ਸਕੇ ਹਨ। ਨਵੇਂ ਕਲਾਕਾਰ ਉਨ੍ਹਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਬਹੁਤ ਕਾਮਯਾਬ ਨਹੀਂ ਹੋ ਸਕੇ।

ਹੁਣ ਬਾਲੀਵੁੱਡ ਕਲਾਕਾਰ ਆਪਣੀਆਂ ਫ਼ਿਲਮਾਂ ਦੀ ਪ੍ਰਮੋਸ਼ਨ ਲਈ ਨਹੀਂ ਆਉਂਦੇ।

ਇਹ ਦੇਖਣਾ ਹੋਵੇਗਾ ਕਿ ਕੀ ਇਹ ਲੜੀਵਾਰ ਕਲਾਕਾਰਾਂ ਦੇ ਨਾਲ ਵਿਵਾਦਾਂ ਅਤੇ ਦੂਰੀਆਂ ਤੋਂ ਉਭਰ ਪਾਉਂਦਾ ਹੈ ਜਾਂ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)