ਰਾਘਵ ਚੱਢਾ-ਪਰੀਣਿਤੀ ਚੋਪੜਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਾਣੋ ਦੋਵੇਂ ਕਦੋਂ ਤੇ ਕਿੱਥੇ ਮਿਲੇ ਅਤੇ ਕਿਵੇਂ ਸ਼ੁਰੂ ਹੋਈ ਪ੍ਰੇਮ ਕਹਾਣੀ

ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰੀਣਿਤੀ ਚੋਪੜਾ ਨੇ ਲੰਘੇ ਐਤਵਾਰ ਨੂੰ ਆਪਣੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।

ਹੁਣ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ।

ਉਨ੍ਹਾਂ ਦੇ ਵਿਆਹ ਦੇ ਕੁਝ ਪ੍ਰੋਗਰਾਮ ਦਿੱਲੀ ਵਿੱਚ ਹੋਏ ਹਨ ਅਤੇ ਵਿਆਹ ਉਦੈਪੁਰ ਵਿੱਚ ਹੋਇਆ ਹੈ।

ਦੇਖੋ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ...

ਰਾਘਵ ਅਤੇ ਪਰੀਣਿਤੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ''ਨਾਸ਼ਤੇ ਦੀ ਮੇਜ਼ 'ਤੇ ਉਹ ਪਹਿਲੀ ਗੱਲਬਾਤ, ਸਾਡੇ ਦਿਲ ਜਾਣਦੇ ਸਨ। ਇਸ ਦਿਨ ਦਾ ਕਿੰਨੇ ਸਮੇਂ ਤੋਂ ਇੰਤਜ਼ਾਰ ਸੀ... ਆਖਿਰਕਾਰ ਪਤੀ-ਪਤਨੀ ਬਣ ਕੇ ਅਸੀਂ ਦੋਵੇਂ ਬਹੁਤ ਖੁਸ਼ ਹਾਂ।''

ਇਸ ਵਿਆਹ ਸਮਾਗਮ ਵਿੱਚ ਦੋਵਾਂ ਦੇ ਰਿਸ਼ਤੇਦਾਰ ਅਤੇ ਕਰੀਬੀ ਮਿੱਤਰ ਹੀ ਸ਼ਾਮਲ ਹੋਏ ਸਨ।

ਲੋਕਾਂ ਨੂੰ ਰਾਘਵ ਅਤੇ ਪਰੀਣਿਤੀ ਦੇ ਵਿਆਹ ਦੀਆਂ ਤਸਵੀਰਾਂ ਦੀ ਖਾਸੀ ਉਡੀਕ ਸੀ। ਹਾਲਾਂਕਿ ਵਿਆਹ ਵਾਲੇ ਦਿਨ ਉਦੈਪੁਰ ਦੀ ਲੇਕ ਵਿੱਚ ਕਿਸ਼ਤੀ ਦੀ ਸੈਰ ਕਰਦੇ ਮਹਿਮਾਨਾਂ ਦੀਆਂ ਕੁਝ ਝਲਕੀਆਂ ਹੀ ਸ੍ਹਾਮਣੇ ਆਈਆਂ ਸਨ।

ਦੋਵਾਂ ਨੇ ਲੰਘੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਉਸ ਵਿੱਚ ਮੰਗਣੀ ਕੀਤੀ ਸੀ।

33 ਸਾਲਾ ਰਾਘਵ ਚੱਢਾ ਦਿੱਲੀ ਦੇ ਰਜਿੰਦਰ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ ਅਤੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਹਨ।

ਜਿਸ ਵੇਲੇ ਅੰਨਾ ਹਜ਼ਾਰੇ ਅਤੇ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਅੰਦੋਲਨ ਕਰ ਰਹੇ ਸਨ, ਉਸੇ ਵੇਲੇ ਰਾਘਵ ਦੀ ਮੁਲਾਕਾਤ ਅਰਵਿੰਦ ਕੇਜਰੀਵਾਲ ਨਾਲ ਹੋਈ ਸੀ।

ਫਿਰ ਸਾਲ 2012 ਵਿੱਚ ਉਹ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਰਾਘਵ ਚੱਢਾ ਦੇ ਪਰਿਵਾਰ ਦਾ ਸਬੰਧ ਜਲੰਧਰ ਨਾਲ ਹੈ ਅਤੇ ਕਈ ਦਹਾਕੇ ਪਹਿਲਾਂ ਹੀ ਉਨ੍ਹਾਂ ਦਾ ਪਰਿਵਾਰ ਦਿੱਲੀ ਆ ਕੇ ਵਸ ਗਿਆ ਸੀ।

ਦਿੱਲੀ ਅਤੇ ਲੰਡਨ ਤੋਂ ਕੀਤੀ ਪੜ੍ਹਾਈ

ਰਾਘਵ ਚੱਢਾ ਨੇ ਦਿੱਲੀ ਦੇ ਮਾਰਡਨ ਸਕੂਲ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਸਾਲ 2009 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਦੀ ਡਿਗਰੀ ਪ੍ਰਾਪਤ ਕੀਤੀ।

ਇਸ ਮਗਰੋਂ ਸਾਲ 2011 ਵਿੱਚ ਉਨ੍ਹਾਂ ਨੇ ਇੰਟੀਚਿਊਟ ਆਫ਼ ਚਾਰਟਡ ਅਕਾਊਂਟੈਂਟਸ ਆਫ਼ ਇੰਡੀਆ ਤੋਂ ਸੀਏ ਕੀਤੀ। ਚੱਢਾ ਪੇਸ਼ੇ ਤੋਂ ਇੱਕ ਚਾਰਟਿਡ ਅਕਾਊਂਟੈਂਟ ਹਨ।

ਪਿਛਲੇ ਦਿਨੀ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੇ ਲੰਡਨ ਵਿੱਚ ਵੀ ਕੁਝ ਸਮਾਂ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਲੰਡਨ 'ਚ ਸਮਾਂ ਬਿਤਾਉਣਾ ਚੰਗਾ ਵੀ ਲੱਗਦਾ ਹੈ।

ਇਸੇ ਇੰਟਰਵਿਊ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਵਿਦੇਸ਼ 'ਚ ਪੜ੍ਹਨ ਮਗਰੋਂ ਉਹ ਸਵਦੇਸ ਪਰਤ ਆਏ ਕਿਉਂਕਿ ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਪਿਆਰ ਹੈ ਅਤੇ ਉਨ੍ਹਾਂ ਦੇ ਮਾਪੇ ਵੀ ਇੱਥੇ ਹੀ ਰਹਿੰਦੇ ਹਨ।

ਸੀਏ ਤੋਂ ਸਿਆਸਤ ਤੱਕ

ਆਮ ਆਦਮੀ ਪਾਰਟੀ ਦਾ ਇੱਕ ਚਰਚਿਤ ਨੌਜਵਾਨ ਚਿਹਰਾ ਮੰਨੇ ਜਾਂਦੇ ਰਾਘਵ ਚੱਢਾ ਪੇਸ਼ੇ ਤੋਂ ਚਾਰਟਰਡ ਅਕਉਂਟੈਂਟ ਹਨ।

'ਆਪ' ਵਿੱਚ ਸ਼ਾਮਲ ਹੋਣ ਤੋਂ ਬਾਅਦ, ਸਾਲ 2013 ਵਿੱਚ ਉਹ 'ਆਪ' ਦਾ ਚੋਣ ਮੈਨੀਫੈਸਟੋ ਬਣਾਉਣ ਵਾਲੀ ਕਮੇਟੀ ਦੇ ਮੈਂਬਰ ਵੀ ਸਨ।

ਰਾਘਵ ਚੱਢਾ ਨੇ ਦਿੱਲੀ ਸਰਕਾਰ ਵਿੱਚ ਸਾਬਕਾ ਵਿੱਤ ਮੰਤਰੀ ਮਨੀਸ਼ ਸਿਸੋਦੀਆ ਦੇ ਵਿੱਤੀ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ।

ਦਿੱਲੀ ਦੇ ਰਜਿੰਦਰ ਨਗਰ ਤੋਂ ਵਿਧਾਇਕ ਰਾਘਵ ਚੱਢਾ, ਦਿੱਲੀ ਜਲ ਬੋਰਡ ਦੇ ਚੇਅਰਮੈਨ ਵੀ ਰਹੇ ਹਨ।

ਉਹ ਆਮ ਆਦਮੀ ਪਾਰਟੀ ਦੀ ਨੈਸ਼ਨਲ ਕਾਰਜਕਾਰਨੀ ਦੇ ਮੈਂਬਰ ਹਨ ਅਤੇ ਪਾਰਟੀ ਦੇ ਕੌਮੀ ਬੁਲਾਰੇ ਵੀ ਹਨ।

ਉਹ ਹੁਣ ਤੱਕ ਦੇ ਕਿਸੇ ਸਿਆਸੀ ਪਾਰਟੀ ਦੇ ਸਭ ਤੋਂ ਨੌਜਵਾਨ ਬੁਲਾਰੇ ਵੀ ਹਨ।

ਪੰਜਾਬ ਵਿੱਚ 2022 ਦੀਆਂ ਚੋਣਾਂ ਲਈ ਉਹ ਆਮ ਆਦਮੀ ਪਾਰਟੀ ਦੇ ਸਹਿ-ਪ੍ਰਭਾਰੀ ਰਹੇ ਹਨ।

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਪੰਜਾਬ ਦਾ ਕੋ-ਇੰਚਾਰਜ ਨਿਯੁਕਤ ਕੀਤਾ ਸੀ। ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਹੋਈ ਵੱਡੀ ਜਿੱਤ ਵਿੱਚ ਉਨ੍ਹਾਂ ਦਾ ਵੀ ਅਹਿਮ ਰੋਲ ਰਿਹਾ ਹੈ।

ਹਾਲਾਂਕਿ ਸਾਲ 2019 ਵਿੱਚ ਉਨ੍ਹਾਂ ਨੇ ਜਦੋਂ ਭਾਜਪਾ ਆਗੂ ਰਮੇਸ਼ ਬਿਧੂੜੀ ਖ਼ਿਲਾਫ਼ ਦੱਖਣੀ ਦਿੱਲੀ ਤੋਂ ਲੋਕ ਸਭਾ ਦੀ ਚੋਣ ਲੜੀ ਤਾਂ ਉਹ ਹਾਰ ਗਏ ਸਨ।

ਇਸ ਮਗਰੋਂ 2020 ਵਿੱਚ ਉਹ ਦਿੱਲੀ ਦੇ ਰਜਿੰਦਰ ਨਗਰ ਤੋਂ ਚੋਣ ਜਿੱਤ ਕੇ ਵਿਚਾਇਕ ਬਣੇ।

ਸਾਲ 2022 ਵਿੱਚ ਪੰਜਾਬ 'ਚ ਜਦੋਂ ਆਮ ਆਦਮੀ ਦੀ ਸਰਕਾਰ ਬਣੀ ਤਾਂ ਰਾਘਵ ਚੱਢਾ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨ ਦਾ ਮੌਕਾ ਮਿਲਿਆ।

'ਮੈਂ ਸਿਆਸਤ ਨੂੰ ਨਹੀਂ ਸਗੋਂ ਸਿਆਸਤ ਨੇ ਮੈਨੂੰ ਚੁਣਿਆ- ਰਾਘਵ ਚੱਢਾ

ਆਮ ਆਦਮੀ ਪਾਰਟੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਰਾਘਵ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਸਿਆਸਤ ਨੂੰ ਨਹੀਂ ਚੁਣਿਆ, ਸਗੋਂ ਸਿਆਸਤ ਨੇ ਉਨ੍ਹਾਂ ਨੂੰ ਚੁਣਿਆ ਹੈ।

ਰਾਘਵ ਨੇ ਕਿਹਾ, 'ਮੇਰਾ ਪਰਿਵਾਰ ਮੇਰੇ 'ਆਪ' ਮੈਂਬਰ ਵਜੋਂ ਸਿਆਸਤ ਵਿੱਚ ਆਉਣ ਦੇ ਵਿਚਾਰ ਨਾਲ ਬਹੁਤ ਸਹਿਜ ਸੀ ਕਿਉਂਕਿ ਇਹ ਉਸੇ ਨੈਤਿਕਤਾ ਨਾਲ ਬਣੀ ਪਾਰਟੀ ਸੀ, ਜਿਸ ਦਾ ਉਹ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ 'ਚ ਸਮਰਥਨ ਕਰਦੇ ਸਨ।'

ਕਿੰਨੀ ਜਾਇਦਾਦ ਦੇ ਮਾਲਕ ਹਨ ਰਾਘਵ ਚੱਢਾ

ਰਾਜ ਸਭਾ ਮੈਂਬਰ ਵਜੋਂ ਆਪਣੀ ਨਾਜ਼ਦਗੀ ਵੇਲੇ ਰਾਘਵ ਚੱਢਾ ਨੇ ਜੋ ਹਲਫਨਾਮਾ ਦਾਇਰ ਕੀਤਾ ਸੀ, ਉਸ ਮੁਤਾਬਕ ਉਨ੍ਹਾਂ ਕੋਲ 36 ਲੱਖ ਰੁਪਏ ਦੀ ਜਾਇਦਾਦ ਹੈ।

ਜਾਣਕਾਰੀ ਮੁਤਾਬਕ, ਉਨ੍ਹਾਂ ਦੀ ਕੋਈ ਦੇਣਦਾਰੀ ਨਹੀਂ ਹੈ।

ਇਸੇ ਹਲਫ਼ਨਾਮੇ ਮੁਤਾਬਕ, ਉਨ੍ਹਾਂ ਕੋਲ ਇੱਕ ਸਵਿਫ਼ਟ ਕਾਰ ਹੈ।

ਸਾਲ 2020 ਵਿੱਚ ਦਾਇਰ ਕੀਤੇ ਉਨ੍ਹਾਂ ਦੇ ਹਲਫ਼ਨਾਮੇ ਅਨੁਸਾਰ, ਉਸ ਵੇਲੇ ਉਨ੍ਹਾਂ ਕੋਲ 19 ਲੱਖ ਦੀ ਜਾਇਦਾਦ ਸੀ।

ਰਾਘਵ ਖ਼ਿਲਾਫ਼ ਕਿੰਨੇ ਅਪਰਾਧਿਕ ਮਾਮਲੇ ਦਰਜ

ਮਾਈਨੇਤਾ ਡਾਟ ਇੰਫ਼ੋ ‘ਤੇ ਉਨ੍ਹਾਂ ਦੇ ਤਾਜ਼ਾ ਦਾਇਰ ਹਲਫ਼ਨਾਮੇ ਮੁਤਾਬਕ, ਚੱਢਾ ਖ਼ਿਲਾਫ਼ ਕੁੱਲ ਤਿੰਨ ਅਪਰਾਧਿਕ ਮਾਮਲੇ ਦਰਜ ਹਨ।

ਇਨ੍ਹਾਂ ਵਿੱਚ ਮਾਣਹਾਨੀ ਅਤੇ ਜਨਤਕ ਤੌਰ 'ਤੇ ਦੁਰਵਿਹਾਰ ਕਰਨ ਸਬੰਧੀ ਮਾਮਲੇ ਦਰਜ ਹਨ।

ਜਾਣਕਾਰੀ ਮੁਤਾਬਕ, ਕਿਸੇ ਵੀ ਮਾਮਲੇ ਵਿੱਚ ਰਾਘਵ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਹੋਈ ਹੈ।

ਵਿਆਹ ਬਾਰੇ ਰਾਘਵ ਦੇ ਜਵਾਬ

ਪਿਛਲੇ ਕੁਝ ਸਮੇਂ ਦੌਰਾਨ ਰਾਘਵ ਨੂੰ ਕਈ ਵਾਰ ਉਨ੍ਹਾਂ ਦੇ ਵਿਆਹ ਬਾਰੇ ਸਵਾਲ ਪੁੱਛੇ ਗਏ ਅਤੇ ਅਕਸਰ ਹੀ ਉਹ ਇਨ੍ਹਾਂ ਸਵਾਲ ਨੂੰ ਟਾਲਦੇ ਨਜ਼ਰ ਆਏ।

ਇੱਕ ਸੋਸ਼ਲ ਮੀਡੀਆ ਪਲਟੇਫਾਰਮ ਨੂੰ ਦਿੱਤੇ ਇੰਟਰਵਿਊ ਦੌਰਾਨ 2021 ਵਿੱਚ ਆਪਣੇ ਵਿਆਹ ਬਾਰੇ ਬੋਲਦਿਆਂ ਰਾਘਵ ਨੇ ਕਿਹਾ ਸੀ, ''ਮੈਂ ਅਜੇ ਲੱਭ ਰਿਹਾ ਹਾਂ, ਤੁਹਾਡੇ ਨਾਲੋਂ ਜ਼ਿਆਦਾ ਬੇਤਾਬੀ ਨਾਲ ਲੱਭ ਰਿਹਾ ਹਾਂ।''

ਉਨ੍ਹਾਂ ਕਿਹਾ ਸੀ, ''ਜਲਦੀ ਕਰਾਂਗੇ, ਬਿਲਕੁਲ ਕਰਾਂਗੇ।''

ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਵੇਲੇ ਵੀ ਉਹੀ ਸਵਾਲ ਦੁਹਰਾਏ ਜਾਣ 'ਤੇ ਐਨਡੀਟੀਵੀ ਦੇ ਇੱਕ ਇੰਟਰਵਿਊ ਵਿੱਚ ਰਾਘਵ ਨੇ ਕਿਹਾ ਸੀ ਕਿ ਭਾਰਤੀ ਘਰਾਂ ਵਿੱਚ ਪਹਿਲਾਂ ਵੱਡੇ ਭੈਣ-ਭਰਾਵਾਂ ਦੇ ਵਿਆਹ ਹੁੰਦੇ ਹਨ, ਫਿਰ ਛੋਟਿਆਂ ਦਾ ਨੰਬਰ ਆਉਂਦਾ ਹੈ।

ਪਰਿਣੀਤੀ ਚੋਪੜਾ ਨਾਲ ਮੰਗਣੀ

ਪਿਛਲੇ ਕੁਝ ਸਮੇਂ ਤੋਂ ਰਾਘਵ ਚੱਢਾ ਅਤੇ ਪਰੀਣਿਤੀ ਚੋਪੜਾ ਦੇ ਵਿਆਹ ਅਤੇ ਮੰਗਣੀ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ।

ਲੰਘੀ 13 ਮਈ ਨੂੰ ਆਖ਼ਿਰਕਾਰ ਦੋਵਾਂ ਨੇ ਦਿੱਲੀ ਦੇ ਕਪੂਰਥਲਾ ਹਾਉਸ ਵਿੱਚ ਮੰਗਣੀ ਕੀਤੀ ਅਤੇ ਹੁਣ ਉਨ੍ਹਾਂ ਦਾ ਵਿਆਹ ਹੋ ਗਿਆ ਹੈ।

ਰਾਜਧਾਨੀ ਦਿੱਲੀ ਦੇ ਕਨਾਟ ਪਲੇਸ ਨੇੜੇ ਸਥਿਤ ਕਪੂਰਥਲਾ ਹਾਊਸ, ਕਪੂਰਥਲਾ ਦੇ ਮਹਾਰਾਜਾ ਦੀ ਰਿਹਾਇਸ਼ ਸੀ।

ਵਰਤਮਾਨ ਵਿੱਚ ਇਸ ਨੂੰ ਪੰਜਾਬ ਸਰਕਾਰ ਦੁਆਰਾ ਮੁੱਖ ਮੰਤਰੀ ਦੀ ਰਿਹਾਇਸ਼ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਜਦੋਂ ਵੀ ਮੁੱਖ ਮੰਤਰੀ ਦਿੱਲੀ ਦੌਰੇ 'ਤੇ ਆਉਂਦੇ ਹਨ, ਇੱਥੇ ਹੀ ਰਹਿੰਦੇ ਹਨ।

ਆਪਣੀ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਰਾਘਵ ਚੱਢਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ- ''ਹਰ ਚੀਜ਼ ਜਿਸ ਲਈ ਮੈਂ ਦੁਆ ਕੀਤੀ.. ਉਸ ਨੇ ਹਾਂ ਕਰ ਦਿੱਤੀ! ਵਾਹਿਗੁਰੂ ਜੀ ਮਿਹਰ ਕਰਨ।''

ਦੋਵਾਂ ਦੀ ਮੰਗਣੀ ਮੌਕੇ ਬਾਲੀਵੁੱਡ ਅਦਾਕਾਰ ਸਣੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮ ਵੀ ਪਹੁੰਚੇ ਸਨ।

ਇਸ ਦੇ ਨਾਲ ਹੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਕੇ 'ਤੇ ਮੌਜੂਦ ਸਨ।

ਹੋਰ ਮਹਿਮਾਨਾਂ ਵਿੱਚ ਕਪਿਲ ਸਿੱਬਲ, ਪੀ ਚਿਦੰਬਰਮ, ਅਭਿਸ਼ੇਕ ਸਿੰਘਵੀ, ਸੰਜੈ ਸਿੰਘ, ਰਾਜੀਵ ਸ਼ੁਕਲਾ, ਗਾਇਕ ਮੀਕਾ ਸਿੰਘ ਅਤੇ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਸ਼ਾਮਲ ਹੋਏ ਸਨ।

ਪਰੀਣਿਤੀ ਚੋਪੜਾ ਦਾ ਬਾਲੀਵੁੱਡ ਕਰੀਅਰ

ਬਾਲੀਵੁੱਡ ਅਦਾਕਾਰ ਪਰੀਣਿਤੀ ਚੋਪੜਾ ਸਿਨੇਮਾ ਦਾ ਜਾਣਿਆ-ਪਛਾਣਿਆ ਨਾਮ ਹਨ। ਉਨ੍ਹਾਂ ਨੇ 'ਇਸ਼ਕਜ਼ਾਦੇ', 'ਗੋਲਮਾਲ ਅਗੇਨ', 'ਹਸੀ ਤੇ ਫਸੀ', 'ਕੇਸਰੀ', 'ਮੇਰੀ ਪਿਆਰੀ ਬਿੰਦੂ' ਅਤੇ 'ਸ਼ੁੱਧ ਦੇਸੀ ਰੋਮਾਂਸ' ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

ਪਰੀਣਿਤੀ ਚੋਪੜਾ ਇੱਕ ਪੰਜਾਬੀ ਪਰਿਵਾਰ ਨਾਲ ਸਬੰਧਤ ਹਨ ਅਤੇ ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਹਨ।

ਆਈਐਮਬੀ ਦੀ ਵੈੱਬਸਾਈਟ ਮੁਤਾਬਕ, ਉਨ੍ਹਾਂ ਦੇ ਪਿਤਾ ਇੱਕ ਵਪਾਰੀ ਹਨ। ਉਹ ਮਸ਼ਹੂਰ ਬਾਲੀਵੁੱਡ ਅਦਕਾਰਾ ਪ੍ਰਿਅੰਕਾ ਚੋਪੜਾ ਦੀ ਚਚੇਰੀ ਭੈਣ ਹਨ।

ਪਰੀਣਿਤੀ ਨੇ ਬ੍ਰਿਟੇਨ ਦੇ ਮੈਨਚੈਸਟਰ ਬਿਜ਼ਨਸ ਸਕੂਲ ਤੋਂ ਬਿਜ਼ਨਸ, ਫਾਇਨੈਂਸ ਅਤੇ ਇਕਨਾਮਿਕਸ ਆਨਰਜ਼ ਦੀ ਪੜ੍ਹਾਈ ਕੀਤੀ ਹੈ ਅਤੇ ਤਿੰਨ-ਤਿੰਨ ਡਿਗਰੀਆਂ ਪ੍ਰਾਪਤ ਕੀਤੀਆਂ ਹਨ।

ਫ਼ਿਲਮਾਂ ਵਿੱਚ ਬਤੌਰ ਅਦਾਕਾਰ ਕੰਮ ਕਰਨ ਤੋਂ ਪਹਿਲਾਂ ਉਹ ਯਸ਼ ਰਾਜ ਫ਼ਿਲਮਜ਼ ਨਾਲ ਇੱਕ ਪੀਆਰ ਕੰਸਲਟੈਂਟ ਵਜੋਂ ਕੰਮ ਕਰਦੇ ਸਨ।

ਰਾਘਵ-ਪਰਿਣੀਤੀ ਦੀ ਪ੍ਰੇਮ ਕਹਾਣੀ

ਪਰੀਣਿਤੀ ਅਤੇ ਰਾਘਵ ਲੰਡਨ ਵਿੱਚ ਆਪਣੀ ਪੜ੍ਹਾਈ ਦੇ ਦਿਨਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ, ਏਐੱਨਆਈ ਦੀ ਇੱਕ ਰਿਪੋਰਟ ਮੁਤਾਬਕ ਇਹ ਦੋਵੇਂ ਉਦੋਂ ਤੋ ਹੀ ਦੋਸਤ ਹਨ।

ਰਾਘਵ ਅਤੇ ਪਰੀਣਿਤੀ ਭਾਵੇਂ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਦੋਵੇਂ ਦੋਸਤ ਸਨ, ਪਰ ਹਿੰਦੋਸਤਾਨ ਦੀ ਟਾਇਮਜ਼ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਪਹਿਲਾਂ ਜਦੋਂ ਪਰੀਣਿਤੀ ਪੰਜਾਬ ਵਿੱਚ ਚਮਕੀਲਾ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ, ਤਾਂ ਰਾਘਵ ਉਨ੍ਹਾਂ ਨੂੰ ਬਤੌਰ ਦੋਸਤ ਮਿਲਣ ਗਏ।

ਰਿਪੋਰਟ ਮੁਤਾਬਕ ਇਸੇ ਦੌਰਾਨ ਉਨ੍ਹਾਂ ਵਿਚਾਲੇ ਡੇਟਿੰਗ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਹ ਕਈ ਜਨਤਕ ਥਾਵਾਂ ਉੱਤੇ ਇਕੱਠੇ ਦੇਖੇ ਗਏ। ਜਿਸ ਕਾਰਨ ਕਿਆਸ ਲਗਾਏ ਜਾਣ ਲੱਗ ਪਏ ਕਿ ਉਹ ਜਲਦ ਹੀ ਵਿਆਹ ਕਰਵਾਉਣਗੇ।

ਕੁਝ ਮਹੀਨੇ ਪਹਿਲਾਂ ਇਨ੍ਹਾਂ ਦੋਵਾਂ ਦੀ ਇੱਕ ਤਸਵੀਰ ਨੂੰ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਨੇ ਟਵੀਟ ਕੀਤਾ ਸੀ, ਪਰ ਰਾਘਵ ਨੇ ਇਸ ਦੀ ਰਸਮੀ ਪੁਸ਼ਟੀ ਨਹੀਂ ਕੀਤੀ ਸੀ।

ਚਮਕੀਲਾ ਫਿਲਮ ਵਿੱਚ ਪਰਿਣੀਤੀ ਤੇ ਦਿਲਜੀਤ ਦੋਸਾਂਝ ਇਕੱਠੇ ਦਿਖਣਗੇ। ਇਸ ਫਿਲਮ ਦਾ ਨਿਰਮਾਤਾ ਇਮਤਿਆਜ਼ ਅਲੀ ਨੇ ਕੀਤਾ ਹੈ ਅਤੇ ਇਹ ਫਿਲਮ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ ਜ਼ਿੰਦਗੀ ਉੱਤੇ ਅਧਾਰਿਤ ਹੈ। ਪਰਿਣੀਤੀ ਫਿਲਮ ਵਿੱਚ ਅਮਰਜੋਤ ਦਾ ਕਿਰਦਾਰ ਨਿਭਾ ਰਹੇ ਅਤੇ ਦਿਲਜੀਤ ਚਮਕੀਲੇ ਦੇ ਰੂਪ ਵਿੱਚ ਨਜ਼ਰ ਆਉਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)