ਰੂਸ ਦੇ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਵਾਲਨੀ ਦੀ ਜੇਲ੍ਹ ਵਿੱਚ ਮੌਤ, ਜਾਣੋ ਕਿਵੇਂ ਉਹ ਪੁਤਿਨ ਲਈ ਹਮੇਸ਼ਾ ਚੁਣੌਤੀ ਰਹੇ

ਐਲੇਕਸੀ ਨਵਾਲਨੀ

ਤਸਵੀਰ ਸਰੋਤ, REUTERS

ਤਸਵੀਰ ਕੈਪਸ਼ਨ, ਐਲੇਕਸੀ ਨਵਾਲਨੀ ਨੂੰ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਮੁੱਖ ਵਿਰੋਧੀਆਂ ਵਜੋਂ ਜਾਣਿਆ ਜਾਂਦਾ ਸੀ

ਬੀਤੇ ਇੱਕ ਦਹਾਕੇ ਵਿੱਚ ਰੂਸ ਦੇ ਸਭ ਤੋਂ ਮਹੱਤਵਪੂਰਨ ਵਿਰੋਧੀ ਆਗੂ ਰਹੇ ਐਲੇਕਸੀ ਨਵਾਲਨੀ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ।

ਜੇਲ੍ਹ ਵਿਭਾਗ ਦੇ ਮੁਲਾਜ਼ਮਾਂ ਨੇ ਇਸ ਦੀ ਜਾਣਕਾਰੀ ਦਿੱਤੀ।

ਐਲੇਕਸੀ ਨਵਾਲਨੀ ਨੂੰ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਮੁੱਖ ਵਿਰੋਧੀਆਂ ਵਜੋਂ ਜਾਣਿਆ ਜਾਂਦਾ ਸੀ।

ਉਹ 19 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਸਨ। ਜਿਹੜੇ ਮੁਕੱਦਮੇ ਵਿੱਚ ਉਨ੍ਹਾਂ ਨੂੰ ਇਹ ਸਜ਼ਾ ਦਿੱਤੀ ਗਈ ਸੀ। ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਗਿਆ ਸੀ।

ਪਿਛਲੇ ਸਾਲ ਐਲੇਕਸੀ ਨਵਾਲਨੀ ਨੂੰ ਆਰਕਟਿਕ ਸਰਕਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।

ਯਾਮਾਲੋ ਨੇਨੇਟਸ ਜ਼ਿਲ੍ਹੇ ਦੀ ਪ੍ਰਿਜ਼ਨ ਸਰਵਿਸ (ਜੇਲ੍ਹ ਵਿਭਾਗ) ਦੇ ਮੁਲਾਜ਼ਮਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਟਹਿਲਣ ਤੋਂ ਬਾਅਦ ਐਲੇਕਸੀ ਨਵੇਲਨੀ ‘ਬਿਮਾਰ ਮਹਿਸੂਸ’ ਕਰ ਰਹੇ ਸਨ।

ਜੇਲ੍ਹ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਨਵੇਲਨੀ ਤੁਰੰਤ ਹੀ ਬੇਹੋਸ਼ ਹੋ ਗਏ।

ਐਮਰਜੈਂਸੀ ਮੈਡੀਕਲ ਟੀਮ ਨੂੰ ਉਸੇ ਵੇਲੇ ਬੁਲਾਇਆ ਗਿਆ।

ਮੈਡੀਕਲ ਟੀਮ ਨੇ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ।

ਰੂਸੀ ਖ਼ਬਰ ਏਜੰਸੀ ਤਾਸ ਦੀ ਰਿਪੋਰਟ ਦੇ ਮੁਤਾਬਕ, ਐਲੇਕਸੀ ਨਵੇਲਨੀ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

ਐਲੇਕਸੀ ਨਵਾਲਨੀ ਦੇ ਵਕੀਲ ਲਿਓਨਿਡ ਸੋਲੋਵਯੋਵ ਨੇ ਰੂਸੀ ਮੀਡੀਆ ਨੂੰ ਕਿਹਾ ਕਿ ਉਹ ਫਿਲਹਾਲ ਉਸ ਉੱਤੇ ਕੋਈ ਟਿੱਪਣੀ ਨਹੀਂ ਕਰਾਂਗੇ।

ਨਵਾਲਨੀ ਕੌਣ ਸਨ

ਐਲੇਕਸੀ ਨਵਾਲਨੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਐਲੇਕਸੀ ਨਵਾਲਨੀ

ਐਲੇਕਸੀ ਨਵਾਲਨੀ ਇੱਕ ਵਿਰੋਧੀ ਧਿਰ ਦੇ ਕਾਰਕੁਨ ਸਨ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਕਈ ਵੱਡੇ ਮਾਮਲਿਆਂ ਦੀ ਜਾਂਚ ਕੀਤੀ ਹੈ ਅਤੇ ਰੂਸ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਉਨ੍ਹਾਂ ਦੇ ਯੂਟਿਊਬ ਚੈਨਲ ਉੱਤੇ ਜਾਰੀ ਕੀਤੇ ਗਏ ਇੱਕ ਵੀਡੀਓ ਨੂੰ 100 ਕਰੋੜ ਤੋਂ ਵੱਧ ਵਾਰੀ ਦੇਖਿਆ ਗਿਆ ਸੀ।

ਉਹ ਰੂਸ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਪੁਤਿਨ ਦੀ ਪਾਰਟੀ ਯੂਨਾਇਟਿਡ ਰਸ਼ੀਆ ਨੂੰ ਠੱਗਾਂ ਅਤੇ ਚੋਰਾਂ ਦੀ ਪਾਰਟੀ ਦੱਸਦੇ ਸਨ।

ਉਨ੍ਹਾਂ ਨੇ ਬੀਤੇ ਸਾਲਾਂ ਵਿੱਚ ਕਈ ਫ਼ਿਲਮਾਂ ਜਾਰੀ ਕਰਕੇ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸਨ।

ਕਈ ਸਾਲਾਂ ਤੋਂ ਨਵੇਲਨੀ ਰੂਸ ਦੀ ਸਿਆਸਤ ਵਿੱਚ ਵੱਧ ਪਾਰਦਰਸ਼ਿਤਾ ਦੀ ਮੰਗ ਕਰ ਰਹੇ ਹਨ ਅਤੇ ਵਿਰੋਧੀ ਉਮੀਦਵਾਰਾਂ ਦੀ ਚੋਣਾਂ ਵਿੱਚ ਮਦਦ ਕਰਦੇ ਰਹੇ ਹਨ।

ਉਹ ਸਾਲ 2013 ਵਿੱਚ ਮੇਅਰ ਦੇ ਅਹੁਦੇ ਦੀਆਂ ਚੋਣਾਂ ਵਿੱਚ ਖੜ੍ਹੇ ਹੋਏ ਅਤੇ ਦੂਜੇ ਨੰਬਰ ਉੱਤੇ ਆਏ ਸੀ।

ਬਾਅਦ ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਲੜਨ ਦੀ ਕੋਸ਼ਿਸ਼ ਕੀਤੀ ਪਰ ਅਪਰਾਧਕ ਮੁਕੱਦਮਿਆਂ ਕਾਰਨ ਉਨ੍ਹਾਂ ਉੱਤੇ ਰੋਕ ਲਾ ਦਿੱਤੀ ਗਈ।

ਉਹ ਇਨ੍ਹਾਂ ਮੁਕੱਦਮਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਸਨ।

ਨਵਾਲਨੀ

ਤਸਵੀਰ ਸਰੋਤ, REUTERS

ਤਸਵੀਰ ਕੈਪਸ਼ਨ, ਪਿਛਲੇ ਸਾਲ ਐਲੇਕਸੀ ਨਵਾਲਨੀ ਨੂੰ ਆਰਕਟਿਕ ਸਰਕਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ

ਅਗਸਤ 2020 ਵਿੱਚ ਨਵੇਲਨੀ ਸਾਈਬੇਰੀਆ ਦਾ ਦੌਰਾ ਕਰ ਰਹੇ ਸਨ ਉੱਤੇ ਇੱਕ ਖੋਜੀ ਰਿਪੋਰਟ ਤਿਆਰ ਕਰ ਰਹੇ ਸਨ।

ਉਹ ਇੱਥੇ ਸਥਾਨਕ ਚੋਣਾਂ ਵਿੱਚ ਵਿਰੋਧੀ ਉਮੀਦਵਾਰਾਂ ਦਾ ਪ੍ਰਚਾਰ ਵੀ ਕਰ ਰਹੇ ਸਨ। ਇਸ ਦੌਰਾਨ ਹੀ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ।

ਉਹ ਬਹੁਤ ਮੁਸ਼ਕਲ ਨਾਲ ਬਚੇ ਸਨ।

ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਜਰਮਨੀ ਲਿਜਾਇਆ ਗਿਆ ਜਿੱਥੇ ਪਤਾ ਲੱਗਾ ਕਿ ਉਨ੍ਹਾਂ ਉੱਤੇ ਰੂਸ ਵਿੱਚ ਬਣੇ (ਨਰਵ ਏਜੰਟ(ਇੱਕ ਕਿਸਮ ਦਾ ਜ਼ਹਿਰ) ਨੋਵਿਚੋਕ ਨਾਲ ਹਮਲਾ ਕੀਤਾ ਗਿਆ ਸੀ।

ਨਵਾਲਨੀ ਨੇ ਰੂਸ ਦੀਆਂ ਖ਼ੂਫੀਆ ਏਜੰਸੀਆਂ ਉੱਤੇ ਜ਼ਹਿਰ ਦੇਣ ਦੇ ਇਲਜ਼ਾਮ ਲਾਏ ਸਨ।

ਰਿਪੋਰਟਾਂ ਦੇ ਮੁਤਾਬਕ ਉਨ੍ਹਾਂ ਦੇ ਰੂਸ ਦੀ ਖ਼ੂਫ਼ੀਆ ਏਜੰਸੀ ਐਫ਼ਐੱਸਬੀ ਦੇ ਇੱਕ ਏਜੰਟ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਹਮਲੇ ਦੇ ਬਾਰੇ ਜਾਣਕਾਰੀਆਂ ਵੀ ਹਾਸਲ ਕਰ ਲਈਆਂ ਸਨ।

ਇੱਕ ਫੋਨ ਕਾਲ ਜਿਸਨੂੰ ਨਵੇਲਨੀ ਨੇ ਰਿਕਾਰਡ ਕੀਤਾ ਸੀ ਅਤੇ ਬਾਅਦ ਵਿੱਚ ਯੂਟਿਊਬ ਉੱਤੇ ਵੀ ਪੋਸਟ ਕੀਤਾ ਸੀ।

ਏਜੰਟ ਕੋਂਸਟੇਂਟਿਨ ਕੁਦਿਆਰਵਤਸੇਵ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਅੰਡਰਪੈਂਟ(ਅੰਡਰਗਾਰਮੈਂਟ) ਵਿੱਚ ਨੋਵਿਚੋਕ ਏਜੰਟ ਰੱਖਿਆ ਗਿਆ ਸੀ।

ਜਦੋ ਰੂਸ ਵਾਪਸੀ ਹੋਈ

ਨਵਾਲਨੀ

ਤਸਵੀਰ ਸਰੋਤ, REUTERS/SHAMIL ZHUMATOV

ਲੋਕਾਂ ਨੇ ਉਨ੍ਹਾਂ ਨੂੰ ਚੇਤਾਇਆ ਸੀ ਕਿ ਰੂਸ ਵਾਪਸ ਪਰਤਣਾ ਉਨ੍ਹਾਂ ਦੇ ਲਈ ਸੁਰੱਖਿਅਤ ਨਹੀਂ ਹੋਵੇਗਾ।

ਪਰ ਨਵਾਲਨੀ ਨੇ ਕਿਸੇ ਦੀ ਨਹੀਂ ਸੁਣੀ ਅਤੇ ਕਿਹਾ ਕਿ ਉਹ ਸਿਆਸੀ ਪਰਵਾਸੀ ਬਣਨਾ ਪਸੰਦ ਨਹੀਂ ਕਰਨਗੇ। ਉਹ ਬਰਲਿਨ ਤੋਂ ਮਾਸਕੋ ਵਾਪਸ ਆ ਗਏ।

ਉਨ੍ਹਾਂ ਨੂੰ ਏਅਰਪੋਰਟ ਉੱਤੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ।

ਪੁਲਿਸ ਸਟੇਸ਼ਨਾਂ ਉੱਤੇ ਬਣੀ ਇੱਕ ਅਸਥਾਈ ਅਦਾਲਤ ਨੇ ਉਨ੍ਹਾਂ ਨੂੰ ਰਿਮਾਂਡ ਉੱਤੇ ਰੱਖਿਆ।

ਨਵੇਲਨੀ ਅਤੇ ਉਨ੍ਹਾਂ ਦੇ ਸਮਰਥਕ ਕਹਿੰਦੇ ਰਹੇ ਹਨ ਰੂਸ ਵਿੱਚ ਉਨ੍ਹਾਂ ਨੂੰ ਨਿਰਪੱਖ ਸੁਣਵਾਈ ਦਾ ਮੌਕਾ ਕਦੇ ਨਹੀਂ ਮਿਲੇਗਾ।

ਉਨ੍ਹਾਂ ਨੇ ਲੋਕਾਂ ਨੂੰ ਸੜਕਾਂ ਉੱਤੇ ਨਿਕਲ ਕੇ ਮੁਜ਼ਾਹਰਾ ਕਰਨ ਅਤੇ ਸਰਕਾਰ ਉੱਤੇ ਉਨ੍ਹਾਂ ਦੀ ਰਿਹਾਈ ਦੇ ਲਈ ਦਬਾਅ ਪਾਉਣ ਦੀ ਅਪੀਲ ਕੀਤੀ ਸੀ ।

ਹਿਰਾਸਤ ਵਿੱਚ ਬੰਦ ਨਵਾਲਨੀ ਦਾ ਮੁੱਦਾ ਹੁਣ ਹੋਰ ਵੱਡਾ ਹੋ ਗਿਆ ਸੀ। ਉਨ੍ਹਾਂ ਦੇ ਜੇਲ੍ਹ ਵਿੱਚ ਰਹਿੰਦਿਆਂ ਹੀ ਉਨ੍ਹਾਂ ਦੀ ਟੀਮ ਨੇ ਇੱਕ ਨਵੀਂ ਖੋਜ ਰਿਪੋਰਟ ਪ੍ਰਕਾਸ਼ਿਤ ਕੀਤੀ।

ਇਸ ਰਿਪੋਰਟ ਬਾਰੇ ਵੀਡੀਓ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਵੇਖੀ ਗਈ ਵੀਡੀਓ ਹੈ।

ਇਸ ਵਿੱਚ ਉਨ੍ਹਾਂ ਨੇ ਪੁਤਿਨ ਦਾ ਮਹਿਲ ਦੱਸੇ ਜਾ ਰਹੇ ਇੱਕ ਲਗਜ਼ਰੀ ਘਰ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਇਹ ਇਲਜ਼ਾਮ ਲਾਇਆ ਸੀ ਕਿ ਪੁਤਿਨ ਦੇ ਦੋਸਤਾਂ ਨੇ ਇਹ ਆਲੀਸ਼ਾਨ ਘਰ ਉਨ੍ਹਾਂ ਦੇ ਲਈ ਬਣਵਾ ਕੇ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)