ਕੈਨੇਡਾ ਵਿੱਚ ਕਤਲ ਕੀਤਾ ਗਿਆ ਲੁਧਿਆਣਾ ਦਾ 22 ਸਾਲਾ ਨੌਜਵਾਨ ਕੌਣ ਹੈ, ਪਰਿਵਾਰ ਨੇ ਕੀ ਗੁਹਾਰ ਲਾਈ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਲੁਧਿਆਣਾ ਦੇ 22 ਸਾਲਾ ਨੌਜਵਾਨ ਗੁਰਅਸੀਸ ਸਿੰਘ ਦਾ ਕੈਨੇਡਾ ਵਿੱਚ 1 ਦਸੰਬਰ ਨੂੰ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ ਸੀ।
ਮ੍ਰਿਤਕ ਸਾਢੇ ਤਿੰਨ ਮਹੀਨੇ ਪਹਿਲਾਂ ਹੀ ਉਚੇਰੀ ਸਿੱਖਿਆ ਲਈ ਕੈਨੇਡਾ ਗਿਆ ਸੀ।
ਕੈਨੇਡਾ ਪੁਲਿਸ ਮੁਤਾਬਕ ਕਤਲ ਕਰਨ ਵਾਲਾ ਮੁਲਜ਼ਮ ਨੌਜਵਾਨ ਅਤੇ ਮ੍ਰਿਤਕ ਗੁਰਅਸੀਸ ਸਿੰਘ ਇੱਕੋ ਘਰ ਵਿੱਚ ਹੀ ਕਿਰਾਏ ਉੱਤੇ ਰਹਿੰਦੇ ਸਨ।
ਗੁਰਅਸੀਸ ਓਨਟਾਰੀਓ ਦੇ ਸਰਨੀਆ ਵਿੱਚ ਕਵੀਨ ਸਟਰੀਟ ਵਿੱਚ ਇੱਕ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ।
ਮੁਲਜ਼ਮ ਨੌਜਵਾਨ ਕਰੌਸਲੀ ਹੰਟਰ ਵੀ ਇਸੇ ਘਰ ਵਿੱਚ ਕਿਰਾਏਦਾਰ ਸੀ।
ਇਸ ਘਰ ਵਿੱਚ ਹੋਰ ਵੀ ਕਿਰਾਏਦਾਰ ਸਨ ਪਰ ਉਹ ਇਸ ਇਮਰਾਤ ਦੀਆਂ ਹੋਰ ਮੰਜ਼ਲਾਂ 'ਤੇ ਰਹਿੰਦੇ ਹਨ।
ਕੈਨੇਡਾ ਪੁਲਿਸ ਮੁਤਾਬਕ 1 ਦਸੰਬਰ ਨੂੰ ਇਸੇ ਘਰ ਵਿੱਚ ਮੁਲਜ਼ਮ ਨੇ ਕਥਿਤ ਤੌਰ 'ਤੇ ਚਾਕੂ ਮਾਰਕੇ ਗੁਰਅਸੀਸ ਦਾ ਕਤਲ ਕਰ ਦਿੱਤਾ ਸੀ।
ਲੁਧਿਆਣਾ ਰਹਿੰਦੇ ਗੁਰਅਸੀਸ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਇੱਕ ਛੋਟਾ ਭਰਾ ਹੈ। ਉਨ੍ਹਾਂ ਦਾ ਭਰਾ ਲੁਧਿਆਣਾ ਵਿੱਚ ਪੜ੍ਹਦਾ ਹੈ।
ਗੁਰਅਸੀਸ ਸਿੰਘ ਨੇ ਪੰਜਾਬ ਕਾਲਜ ਆਫ਼ ਟੈਕਨੀਕਲ ਐਜੂਕੇਸ਼ਨ, ਬੱਦੋਵਾਲ ਤੋਂ ਪੜ੍ਹਾਈ ਕੀਤੀ ਸੀ।
ਲੁਧਿਆਣਾ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਕੈਨੇਡਾ ਦੇ ਲੈਂਬਟਨ ਕਾਲਜ ਤੋਂ ਬਿਜ਼ਨਸ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੇ ਸਨ।
ਗੁਰਅਸੀਸ ਦੇ ਪਿਤਾ ਲੁਧਿਆਣਾ ਵਿੱਚ ਪੈਕੇਜਿੰਗ ਸਮੱਗਰੀ ਦੀ ਇੱਕ ਛੋਟੀ ਫੈਕਟਰੀ ਚਲਾਉਂਦੇ ਹਨ ਜਦਕਿ ਉਨ੍ਹਾਂ ਦੀ ਮਾਂ ਘਰ ਸਾਂਭਦੀ ਹੈ। ਇਸ ਫੈਕਟਰੀ ਤੋਂ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ।

ਪਰਿਵਾਰ ਨੂੰ ਪੁਲਿਸ ਤੋਂ ਕੀ ਆਸ
ਗੁਰਅਸੀਸ ਦੀ ਮਾਸੀ ਦੀ ਧੀ ਬਲਪ੍ਰੀਤ ਕੌਰ ਨੇ ਕਿਹਾ, "ਅਸੀਂ ਪਹਿਲੇ ਦਰਜੇ ਦੇ ਕਤਲ ਦੇ ਇਲਜ਼ਾਮ ਤਹਿਤ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਾਂ।"
ਉਨ੍ਹਾਂ ਇਲਜ਼ਾਮ ਲਾਇਆ, "ਗੁਰਅਸੀਸ ਨੂੰ ਯੋਜਨਾਬੱਧ ਤਰੀਕੇ ਨਾਲ ਕਤਲ ਕੀਤਾ ਗਿਆ ਹੈ, ਗੁਰਅਸੀਸ ਲੜਾਈ ਕਰਨ ਵਾਲਿਆਂ ਵਿੱਚੋਂ ਨਹੀਂ ਸੀ।"
"ਉਹ ਤਾਂ ਸੌਣ ਦੀ ਤਿਆਰੀ ਵਿੱਚ ਸੀ ਅਤੇ ਕਾਲਜ ਦੇ ਕੰਮ ਲਈ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਬਣਾ ਰਿਹਾ ਸੀ।"
"ਪੁਲਿਸ ਕਹਿ ਰਹੀ ਹੈ ਕਿ ਦੋਵਾਂ ਦਰਮਿਆਨ ਲੜਾਈ ਹੋਈ ਅਤੇ ਇਸ ਦੌਰਾਨ ਮੁਲਜ਼ਮ ਨੇ ਗੁਰਅਸੀਸ ਉੱਤੇ ਚਾਕੂ ਨਾਲ ਕਈ ਵਾਰ ਕੀਤੇ। ਜਿਸ ਨਾਲ ਉਸਦੀ ਮੌਤ ਹੋ ਗਈ।"
ਬਲਪ੍ਰੀਤ ਨੇ ਦੱਸਿਆ, "ਲੜਾਈ ਦਾ ਕੋਈ ਸਬੂਤ ਨਹੀਂ ਹੈ। ਜੇਕਰ ਲੜਾਈ ਹੋਈ ਹੁੰਦੀ ਤਾਂ ਗੁਰਅਸੀਸ ਨਾਲ ਫਲੈਟ ਵਿੱਚ ਰਹਿੰਦੇ ਬਾਕੀ ਕਿਰਾਏਦਾਰਾਂ ਨੂੰ ਇਸਦੀ ਜਾਣਕਾਰੀ ਹੋਣੀ ਸੀ।"
"ਜਦਕਿ ਹੋਰ ਕਿਰਾਏਦਾਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਲੜਾਈ ਝਗੜੇ ਦੀ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ। ਜਿਸ ਮੰਜ਼ਿਲ ਉੱਤੇ ਘਟਨਾ ਵਾਪਰੀ, ਉੱਥੋਂ ਦੇ ਕਿਰਾਏਦਾਰਾਂ ਨੂੰ ਵੀ ਕੋਈ ਆਵਾਜ਼ ਨਹੀਂ ਸੁਣੀ।"
ਪਰਿਵਾਰ ਨੇ ਖ਼ਦਸ਼ਾ ਜ਼ਾਹਰ ਕੀਤਾ, "ਸਾਨੂੰ ਜਾਪਦਾ ਹੈ ਕਿ ਜਾਂ ਤਾਂ ਗੁਰਅਸੀਸ ਨੂੰ ਮੂੰਹ ਘੁੱਟ ਕੇ ਚਾਕੂ ਨਾਲ ਵਾਰ ਕਰਕੇ ਮਾਰਿਆ ਗਿਆ ਜਾਂ ਸੁੱਤੇ ਪਏ ਨੂੰ ਕਤਲ ਕੀਤਾ ਗਿਆ ਹੈ।"
ਬਲਪ੍ਰੀਤ ਨੇ ਬੀਬੀਸੀ ਨੂੰ ਦੱਸਿਆ "ਸਾਡੇ ਘਰ ਵਿੱਚੋਂ ਉਸਦੀ ਆਖ਼ਰੀਵਾਰ ਆਪਣੀ ਮਾਂ ਅਤੇ ਭਰਾ ਨਾਲ ਗੱਲ ਹੋਈ ਸੀ। ਉਸਨੇ ਆਪਣੀ ਮਾਂ ਨੂੰ ਇਹ ਵੀ ਦੱਸਿਆ ਸੀ ਕਿ ਉਹ ਕੱਲ੍ਹ ਨੂੰ ਬਜ਼ਾਰ ਗਰੋਸਰੀ ਲੈਣ ਜਾਵੇਗਾ।"
ਉਨ੍ਹਾਂ ਕੈਨੇਡਾ ਸਰਕਾਰ ਤੋਂ ਗੁਰਅਸੀਸ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਅਤੇ ਮੁਲਜ਼ਮ ਨੂੰ ਸਜ਼ਾ ਦੇਣ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਦੀ ਮੰਗ ਵੀ ਕੀਤੀ।
ਗੁਰਅਸੀਸ ਦੇ ਪਿਤਾ ਨੇ ਕੀ ਕਿਹਾ
ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ, "ਅਸੀਂ ਸਾਢੇ ਤਿੰਨ ਮਹੀਨੇ ਪਹਿਲਾਂ ਹੀ ਉਚੇਰੀ ਸਿੱਖਿਆ ਲਈ ਗੁਰੂਅਸੀਸ ਨੂੰ ਕੈਨੇਡਾ ਭੇਜਿਆ ਸੀ। ਉਹ ਬਹੁਤ ਹੁਸ਼ਿਆਰ ਅਤੇ ਬਹੁਤ ਲਾਇਕ ਸੀ। ਪਰ ਉੱਥੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।"
"ਉਨ੍ਹਾਂ ਕਿਹਾ ਕਿ ਗੁਰਅਸੀਸ ਸੁੱਤਾ ਹੋਇਆ ਸੀ ਜਦੋਂ ਉਸਦਾ ਕਤਲ ਕੀਤਾ ਗਿਆ ਪਰ ਪੁਲਿਸ ਮੁਤਾਬਕ ਉਸਦਾ ਰਸੋਈ ਵਿੱਚ ਕਤਲ ਹੋਇਆ।"
ਚਰਨਜੀਤ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਨੇਡਾ ਦੀ ਸਰਕਾਰ ਅਤੇ ਪੁਲਿਸ ਉੱਤੇ ਪੂਰਾ ਭਰੋਸਾ ਹੈ। ਉਨ੍ਹਾਂ ਨੂੰ ਭਰੋਸਾ ਹੈ ਕਿ ਮੁਲਜ਼ਮ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਹੋਰ ਜਿਹੜੇ ਬੱਚੇ ਉਥੇ ਪੜ੍ਹ ਰਹੇ ਹਨ ,ਉਹ ਸਹਿਮ ਦੇ ਮਾਹੌਲ ਵਿੱਚ ਨਾ ਰਹਿਣ।

ਗੁਰਅਸੀਸ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ,"ਉਨ੍ਹਾਂ ਦਾ ਪੁੱਤਰ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਸੀ। ਚਾਹੇ ਉਹ ਵਿੱਤੀ ਤਰੀਕੇ ਨਾਲ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ।"
ਉਹ ਅੱਗੇ ਕਹਿੰਦੇ ਹਨ, "ਪਰ ਉਹ ਇਹ ਵੀ ਜਾਣਦਾ ਸੀ ਕਿ ਉਸਦਾ ਇਹ ਖੁਆਬ ਇੱਥੇ ਰਹਿ ਕੇ ਪੂਰਾ ਨਹੀਂ ਹੋਣਾ। ਇਸ ਲਈ ਉਹ ਪੜ੍ਹਨ ਵਾਸਤੇ ਬਾਹਰ ਗਿਆ ਤਾਂ ਕਿ ਉਹ ਉਥੇ ਪੜ੍ਹ ਕੇ, ਚੰਗੀ ਨੌਕਰੀ ਹਾਸਲ ਕਰ ਸਕੇ ਅਤੇ ਵਧੀਆ ਪੈਸੇ ਕਮਾ ਸਕੇ।"
ਕੈਨੇਡਾ ਪੁਲਿਸ ਨੇ ਕੀ ਕਿਹਾ?

ਕੈਨੇਡਾ ਦੀ ਸਾਰਨੀਆ ਪੁਲਿਸ ਨੇ ਮੀਡੀਆ ਨੂੰ ਦੱਸਿਆ, "ਮੁਲਜ਼ਮ ਦੀ ਪਛਾਣ 36 ਸਾਲਾ ਕਰੌਸਲੀ ਹੰਟਰ ਵਜੋਂ ਹੋਈ ਹੈ, ਜੋ ਸਾਰਨੀਆ ਦੀ 194 ਕੁਈਨ ਸਟਰੀਟ ਵਿਖੇ ਗੁਰਅਸੀਸ ਸਿੰਘ ਨਾਲ ਹੀ ਰਹਿੰਦਾ ਸੀ।"
"ਮੁਲਜ਼ਮ ਨੇ ਗੁਰਅਸੀਸ 'ਤੇ ਚਾਕੂ ਨਾਲ ਕਈ ਵਾਰ ਕੀਤੇ। ਦੋਵਾਂ ਦੀ ਰਸੋਈ ਵਿੱਚ ਲੜਾਈ ਹੋਈ ਸੀ।"
ਪੁਲਿਸ ਨੇ ਕਿਹਾ ਕਿ ਹੰਟਰ 'ਤੇ ਦੂਜੇ ਦਰਜੇ ਦੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ।
ਪੁਲਿਸ ਮੁਤਾਬਕ ਮੁੱਢਲੀ ਜਾਂਚ ਤੋਂ ਇਸ ਅਪਰਾਧ ਨਸਲੀ ਹਿੰਸਾ ਕਾਰਨ ਹੋਇਆ ਹੋਵੇ ਅਜਿਹਾ ਨਹੀਂ ਜਾਪਦਾ।
ਪੁਲਿਸ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਇਸ ਘਟਨਾ ਦੀ ਜਾਂਚ ਲਗਾਤਾਰ ਕਰ ਰਹੇ ਹਨ ਜਾਰੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













