ਨਿਊਜ਼ੀਲੈਂਡ : 42 ਸਾਲ ਦੀ ਉਮਰ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਆਪੇ ਛੱਡਣ ਵਾਲੀ ਜੈਸਿੰਡਾ ਦੇ ਸਿੱਖਾਂ ਬਾਰੇ ਵਿਚਾਰ ਤੇ ਕਿਸਾਨ ਅੰਦੋਲਨ ਨਾਲ ਜੁੜੀਆਂ ਗੱਲਾਂ

ਤਸਵੀਰ ਸਰੋਤ, Getty Images
ਹੁਕਮਰਾਨ ਵਜੋਂ ਸਿੱਕਾ ਮਨਵਾਉਣ ਵਾਲੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਹ ਕਹਿੰਦਿਆਂ ਕਿ ਹੁਣ ਉਨ੍ਹਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਦੀ ਪ੍ਰੇਰਣਾ ਤੇ ਹਿੰਮਤ ਨਹੀਂ ਰਹੀ, ਅਗਲੇ ਹਫ਼ਤੇ ਅਸਤੀਫ਼ਾ ਦੇਣ ਦਾ ਐਲਾਣ ਕੀਤਾ ਹੈ।
ਅਕਤੂਬਰ 2017 ਵਿੱਚ ਉਨ੍ਹਾਂ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਔਰਤ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ।
ਉਸ ਸਮੇਂ ਉਹ ਮਹਿਜ਼ 37 ਸਾਲਾਂ ਦੇ ਸਨ ਤੇ ਨਿਊਜ਼ੀਲੈਂਡ ਦੇ ਲੋਕਾਂ ਨੇ ਦਿਲ ਖ਼ੋਲ੍ਹ ਉਨ੍ਹਾਂ ਨੂੰ ਸਵਿਕਾਰਿਆ ਤੇ ਸਰਾਹਿਆ।
ਪਰ ਜਦ ਕੋਵਿਡ ਮਾਹਾਂਮਾਰੀ ਆਈ ਤਾਂ ਉਨ੍ਹਾਂ ਵਲੋਂ ਗਏ ਸਖ਼ਤ ਫ਼ੈਸਲਿਆਂ ਤੇ ਪਾਬੰਦੀਆਂ ਨੇ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਦੀ ਜਗ੍ਹਾ ਕੁਝ ਘਟਾਈ।

ਤਸਵੀਰ ਸਰੋਤ, Getty Images
ਮੇਰੇ ’ਚ ਹੁਣ ਹਿੰਮਤ ਨਹੀਂ ਬਚੀ
ਜੈਸਿੰਡਾ ਆਰਡਰਨ ਲੇਬਰ ਪਾਰਟੀ ਦੇ ਆਗੂ ਵਲੋਂ 7 ਫ਼ਰਵਰੀ ਨੂੰ ਅਸਤੀਫ਼ਾ ਦੇਣਗੇ।
ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੇ ਉੱਤਰਅਧਿਕਾਰੀ ਦੀ ਚੋਣ ਲਈ ਵੋਟਾਂ ਪੈਣਗੀਆਂ।
ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਛੇ ਸਾਲ ਤੱਕ ‘ਚੁਣੌਤੀਆਂ ਭਰਿਆ’ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਅਗਲੇ ਚਾਰ ਸਾਲਾਂ ਲਈ ਪ੍ਰਧਾਨ ਮੰਤਰੀ ਵਜੋਂ ਯੋਗਦਾਨ ਪਾਉਣ ਲਈ ਉਨ੍ਹਾਂ ਕੋਲ ਕੁਝ ਖ਼ਾਸ ਨਹੀਂ ਬਚਿਆ। ਇਸ ਲਈ ਉਹ ਅਗਲੀਆਂ ਚੋਣਾਂ ਨਹੀਂ ਲੜਨਗੇ।
ਨਿਊਜ਼ੀਲੈਂਡ ਵਿੱਚ ਇਸ ਸਾਲ 14 ਅਕਤੂਬਰ ਨੂੰ ਆਮ ਚੋਣਾਂ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਬਾਰੇ ਕੁਝ ਦਿਨ ਬਾਅਦ ਸੋਚਣਗੇ।
ਮਸਜਿਦਾਂ ’ਤੇ ਹਮਲੇ ਨਾਲ ਨਜਿੱਠਣਾ

ਤਸਵੀਰ ਸਰੋਤ, Getty Images
15 ਮਾਰਚ, 2019 ਨੂੰ ਨਿਊਜ਼ੀਲੈਂਡ ਦੇ ਕਰਾਈਸਟ ਚਰਚ ਸ਼ਹਿਰ ਵਿੱਚ ਦੋ ਮਸਜਿਦਾਂ ਵਿੱਚ ਗੋਲੀਬਾਰੀ ਹੋਈ, ਜਿਸ ਵਿੱਚ 51 ਲੋਕਾਂ ਦੀ ਮੌਤ ਹੋ ਗਈ।
ਜੈਸਿੰਡਾ ਆਰਡਰਨ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਸੀ ਤੇ ਇਸ ਘਟਨਾ ਤੋਂ ਕੁਝ ਦਿਨ ਬਾਅਦ ਹੀ ਮਿਲਟਰੀ ਸਟਾਈਲ ਸੈਮੀ-ਆਟੋਮੈਟਿਕ ਹਥਿਆਰਾਂ, ਰਾਇਫ਼ਲਾਂ ਤੇ ਪਾਬੰਦੀ ਲਗਾ ਦਿੱਤੀ ਸੀ।
ਉਨ੍ਹਾਂ ਫ਼ੌਰੀ ਫ਼ੈਸਲਾ ਲਿਆ ਕਿ ਦੇਸ਼ ਵਿੱਚ ਕਿਤੇ ਵੀ ਅਜਿਹੇ ਹਥਿਆਰਾਂ ਦੀ ਵਿਕਰੀ ਨਹੀਂ ਹੋਵੇਗੀ।
ਉਨ੍ਹਾਂ ਕਰਾਈਸਟ ਚਰਚ ਦੇ ਹਮਲੇ ਤੋਂ ਬਾਅਦ ਆਰਡਰਨ ਨੇ ਆਨਲਾਈਨ ਹਿੰਸਕ ਪ੍ਰਚਾਰ ਕਰਨ ’ਤੇ ਕਾਬੂ ਪਾਉਣ ਲਈ ਤਕਨੀਕੀ ਕੰਪਨੀਆਂ ਨਾਲ ਵੀ ਸੰਪਰਕ ਕੀਤਾ।
ਜੈਸਿੰਡਾ ਨੂੰ ਹਮਲੇ ਵਿੱਚ ਮਾਰੇ ਗਏ ਲੋਕਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਹਮਦਰਦ ਰਵੱਈਏ ਬਦਲੇ ਦੁਨੀਆਂ ਭਰ ਵਿੱਚ ਸਰਾਹਿਆ ਗਿਆ।
ਕੋਵਿਡ ਮਹਾਂਮਾਰੀ ਦੌਰਾਨ ਨਿਊਜ਼ੀਲੈਂਡ ਨੂੰ ਸੁਰੱਖਿਅਤ ਰੱਖਣਾ

ਤਸਵੀਰ ਸਰੋਤ, Getty Images
ਕੋਵਿਡ ਮਹਾਂਮਾਰੀ ਦੌਰਾਨ ਆਰਡਰਨ ਨੇ ਨਿਊਜ਼ੀਲੈਂਡ ਵਿੱਚ ਬਹੁਤ ਤੇਜ਼ੀ ਨਾਲ ਲਾਕਡਾਊਨ ਲਗਾਇਆ ਤੇ ਦੇਸ਼ ਵਿੱਚ ਕੌਮਾਂਤਰੀ ਹਵਾਈ ਉਡਾਨਾਂ ’ਤੇ ਪਾਬੰਦੀ ਲਗਾ ਦਿੱਤੀ।
ਜਦੋਂ ਦੁਨੀਆਂ ਕੋਵਿਡ ਦੇ ਕਹਿਰ ਨਾਲ ਕੁਰਲਾ ਰਹੀ ਸੀ, ਨਿਊਜ਼ੀਲੈਂਡ ਵਿੱਚ ਤਾਲਾਬੰਦੀ ਕਾਰਨ ਬਹੁਤ ਘੱਟ ਮਾਮਲੇ ਸਾਹਮਣੇ ਆਏ ਤੇ ਮੁਕਾਬਲਤਨ ਮੌਤਾਂ ਦੀ ਗਿਣਤੀ ਵੀ ਘੱਟ ਰਹੀ।
ਮਹਾਂਮਾਰੀ ਵਿੱਚ ਆਪਣੇ ਲੋਕਾਂ ਦੀ ਜਾਣ ਬਚਾਉਣ ਦਾ ਹੀ ਨਤੀਜਾ ਸੀ ਕਿ ਉਹ 2020 ਦੀਆਂ ਆਮ ਚੋਣਾਂ ਵਿੱਚ ਭਾਰੀ ਬਹੁਮੱਤ ਨਾਲ ਜਿੱਤੇ।
ਮਹਾਮਾਰੀ ਦੌਰਾਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਨਿਊਜ਼ੀਲੈਂਡ ਤੋਂ ਬਾਹਰ ਗਏ ਲੋਕਾਂ ਨੇ ਉਨ੍ਹਾਂ ਵਲੋਂ ਕੀਤੀ ਮੁਕੰਮਲ ਤਾਲਾਬੰਦੀ ਦਾ ਵਿਰੋਧ ਕੀਤਾ।
ਸਮੱਸਿਆ ਇਹ ਸੀ ਕਿ ਸਰਕਾਰ ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਇਕਾਂਤਵਾਸ ਵਿੱਚ ਰੱਖਣ ਲਈ ਲੋੜੀਂਦੇ ਪ੍ਰਬੰਧ ਨਹੀਂ ਸੀ ਕਰ ਸਕੀ।
ਲੋਕਾਂ ਦਾ ਗਿਲ਼ਾ ਸੀ ਕਿ ਘੱਟੋ-ਘੱਟ ਆਪਣੇ ਦੇਸ਼ ਦੇ ਨਾਗਰਿਕਾ ਨੂੰ ਆਉਣ ਦੀ ਪ੍ਰਵਾਨਗੀ ਹੋਈ ਚਾਹੀਦੀ ਹੈ।
ਕੋਵਿਡ ਟੀਕਾਕਰਨ ਨੂੰ ਲੈ ਕੇ ਵੀ ਉਨ੍ਹਾਂ ਨੂੰ ਅਲੋਚਣਾਂ ਦਾ ਸਾਹਮਣਾ ਕਰਨਾ ਪਿਆ ਸੀ।
ਪ੍ਰਧਾਨ ਮੰਤਰੀ ਬਨਾਮ ਮਾਂ

ਤਸਵੀਰ ਸਰੋਤ, Getty Images
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਦੁਨੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਿ ਉਹ ਬੱਚੇ ਵੀ ਪਾਲ ਸਕਦੀ ਹੈ ਤੇ ਦੇਸ਼ ਵੀ ਚਲਾ ਸਕਦੀ ਹੈ।
ਸਾਲ 2018 ਵਿੱਚ ਉਹ ਵਿਸ਼ਵ ਦੀ ਦੂਜੀ ਅਜਿਹੀ ਔਰਤ ਹੈ, ਜਿਸ ਨੇ ਪ੍ਰਧਾਨ ਮੰਤਰੀ ਦੇ ਆਹੁਦੇ ’ਤੇ ਹੁੰਦਿਆਂ ਬੱਚੇ ਨੂੰ ਜਨਮ ਦਿੱਤਾ।
ਉਹ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਵਿੱਚ ਆਪਣਾ ਬੱਚਾ ਲੈ ਕੇ ਪਹੁੰਚੇ। ਅਜਿਹਾ ਕਰਨ ਵਾਲੀ ਉਹ ਪਹਿਲੀ ਪ੍ਰਧਾਨ ਮੰਤਰੀ ਸੀ।
ਉਨ੍ਹਾਂ ਛੋਟੇ ਜਿਹੇ ਦੇਸ਼ ਨਿਊਜ਼ੀਲੈਂਡ ਨੂੰ ਦੁਨੀਆਂ ਭਰ ਵਿੱਚ ਅਹਿਮੀਅਤ ਤੇ ਮਾਨਤਾ ਦਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ।
ਮਾਂ ਤੇ ਬੱਚਿਆਂ ਦੇ ਰਿਸ਼ਤੇ ਨਾਲ ਜੁੜਿਆ ਇੱਕ ਹੋਰ ਵਾਕਿਆ ਵੀ ਮਸ਼ਹੂਰ ਹੋਇਆ।
ਜੈਸਿੰਡਾ ਫ਼ੇਸਬੁੱਕ ’ਤੇ ਲਾਈਵ ਹੋ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ ਕਿ ਉਨ੍ਹਾਂ ਦੀ ਧੀ ਨੇਵ ਆ ਗਈ।
ਜੈਸਿੰਡਾ ਨੇ ਬੇਟੀ ਨੂੰ ਕਿਹਾ ਕਿ ਇਹ ਉਸ ਦਾ ਸੌਣ ਦਾ ਸਮਾਂ ਹੈ ਪਰ ਉਹ ਮਾਂ ਬਿਨ੍ਹਾਂ ਸੌਣ ਨੂੰ ਤਿਆਰ ਨਹੀਂ ਸੀ।
ਜੈਸਿੰਡਾ ਨੇ ਲਾਈਵ ਦੌਰਾਨ ਮਾਫ਼ੀ ਮੰਗੀ ਤੇ ਬੇਟੀ ਨੂੰ ਸੁਆਉਣ ਚਲੇ ਗਏ।
ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੀਆਂ ਅਫ਼ਵਾਹਾਂ

ਤਸਵੀਰ ਸਰੋਤ, Christchurch City Council/Twitter
ਜਦੋਂ ਭਾਰਤ ਵਿੱਚ ਰਾਜਧਾਨੀ ਦਿੱਲੀਆਂ ਦੀਆਂ ਜੂਹਾਂ ’ਤੇ ਦੇਸ਼ ਭਰ ਤੋਂ ਆਏ ਕਿਸਾਨ ਧਰਨਾ ਦੇ ਰਹੇ ਸਨ ਉਦੋਂ ਇਹ ਅਫ਼ਵਾਹਾਂ ਵੀ ਫ਼ੈਲੀਆਂ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ਤੇ 26 ਮਈ, 2021 ਨੂੰ ‘ਕਾਲੇ ਦਿਨ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਇਸ ਅਫ਼ਵਾਹ ਦੇ ਨਾਲ ਹੀ ਦੋ ਤਸਵੀਰਾਂ ਵੀ ਵਾਇਰਲ ਹੋਈਆਂ। ਇੱਕ ਤਸਵੀਰ ਵਿੱਚ ਜੈਸਿੰਡਾ ਨੇ ਖ਼ੁਦ ਕਾਲੇ ਕੱਪੜੇ ਪਹਿਨੇ ਹੋਏ ਸਨ ਤੇ ਦੂਜੀ ਤਸਵੀਰ ਵਿੱਚ ਨਿਊਜ਼ੀਲੈਂਡ ਦਾ ਇੱਕ ਜਹਾਜ਼ ਕਾਲਾ ਰੰਗ ਕੀਤਾ ਨਜ਼ਰ ਆ ਰਿਹਾ ਸੀ।
ਪਰ ਬਾਅਦ ਵਿੱਚ ਇਹ ਸੱਚ ਸਾਹਮਣੇ ਆਇਆ ਕਿ ਉਨ੍ਹਾਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕਾਲੇ ਕੱਪੜੇ ਨਹੀਂ ਸਨ ਪਹਿਨੇ ਬਲਕਿ ਉਹ ਤਸਵੀਰਾਂ ਮਾਰਚ 2019 ਦੀਆਂ ਸਨ। ਇਹ ਉਹ ਸਮਾਂ ਸੀ ਜਦੋਂ ਨਿਊਜ਼ੀਲੈਂਡ ਵਿੱਚ ਦੋ ਚਰਚਾਂ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਸੀ।
ਜੈਸਿੰਡਾ ਮੁਸਲਿਮ ਭਾਈਚਾਰੇ ਦੋ ਲੋਕਾਂ ਨੂੰ ਮਿਲਣ ਗਏ ਸਨ।

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ-


ਤਸਵੀਰ ਸਰੋਤ, Avtar Tehna
ਨਿਊਜ਼ੀਲੈਂਡ ਵਸਦੇ ਸਿੱਖਾਂ ਲਈ ਕੰਮ
ਜੈਸਿੰਡਾ ਸਾਰੇ ਧਰਮਾਂ ਦੇ ਲੋਕਾਂ ਪ੍ਰਤੀ ਆਪਣੇ ਸਤਿਕਾਰ ਲਈ ਵੀ ਜਾਣੇ ਗਏ। ਉਨ੍ਹਾਂ ਔਕਲੈਂਡ ਵਿੱਚ ਸਿੱਖਾਂ ਲਈ ਖ਼ਾਸ ਨਿਊਜ਼ੀਲੈਂਡ ਸਿੱਖ ਸਪੋਰਟਸ ਮਿਊਜ਼ੀਅਮ ਦਾ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਦੇਸ਼ ਦੇ ਸਿੱਖ ਭਾਈਚਾਰੇ ਨੂੰ ਸੰਬੋਧਿਤ ਹੁੰਦਿਆ ਕਿਹਾ ਸੀ ਕਿ ਮਹਾਮਾਰੀ ਨੇ ਸਾਰੀ ਦੁਨੀਆਂ ਦੇ ਨਾਲ ਨਿਊਜ਼ੀਲੈਂਡ ਨੂੰ ਵੀ ਪ੍ਰਭਾਵਿਤ ਕੀਤਾ ਪਰ ਕੁਝ ਅਲੱਗ ਤਰੀਕੇ ਨਾਲ।

ਤਸਵੀਰ ਸਰੋਤ, Avtar Tehna
ਉਨ੍ਹਾਂ ਕਿਹਾ ਕਿ ਲੋਕ ਜਦੋਂ ਭੁੱਖ ਨਾਲ ਤੜਫ਼ ਰਹੇ ਸਨ ਤਾਂ ਹਜ਼ਾਰਾਂ ਸਿੱਖ ਵਲੰਟੀਅਰਾਂ ਵਲੋਂ ਲੰਗਰ ਚਲਾ ਕੇ ਉਨ੍ਹਾਂ ਤੱਕ ਰੋਟੀ ਪਹੁੰਚਦੀ ਕੀਤੀ ਗਈ।
ਜੈਸਿੰਡਾ ਨੇ ਕਿਹਾ,“ਮੈਂ ਸਿੱਖ ਭਾਈਚਾਰੇ ਵਲੋਂ ਕੀਤੇ ਕੰਮ ਦੀਆਂ ਤਸਵੀਰਾਂ ਦੇਖੀਆਂ ਹਨ। ਇੱਥੇ ਮੈਂ ਸਿਰਫ਼ ਇਹ ਦੱਸਣ ਆਈ ਹਾਂ ਕਿ ਮੈਨੂੰ ਪਤਾ ਹੈ ਕਿਸ ਨੇ ਕੀ ਕੀਤਾ। ਤੇ ਸਿੱਖ ਭਾਈਚਾਰੇ ਦਾ ਕੰਮ ਤਾਰੀਫ਼ਯੋਗ ਹੈ।”












