ਕੈਨੇਡਾ ਦੇ ਅਖ਼ਬਾਰ ਦੀ ਹਰਦੀਪ ਸਿੰਘ ਨਿੱਝਰ ਕਤਲ ਨਾਲ ਜੁੜੀ ਰਿਪੋਰਟ ਬਾਰੇ ਹੁਣ ਕੈਨੇਡਾ ਨੇ ਵੀ ਪ੍ਰਤੀਕਰਮ ਦਿੱਤਾ

ਕਨੇਡੀਅਨ ਅਖ਼ਬਾਰ 'ਦਿ ਗਲੋਬ ਐਂਡ ਮੇਲ' ਨੇ ਇੱਕ ਅਧਿਕਾਰੀ ਦਾ ਨਾਮ ਨਾ ਜ਼ਾਹਰ ਕਰਦਿਆਂ ਰਿਪੋਰਟ ਕੀਤਾ ਹੈ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੈਨੇਡਾ ਵਿੱਚ ਸਿੱਖ ਕਾਰਕੁੰਨ ਨੂੰ ਮਾਰਨ ਦੀ ਸਾਜ਼ਿਸ਼ ਰਚੇ ਜਾਣ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ।

ਭਾਰਤੀ ਵਿਦੇਸ਼ ਮੰਤਰਾਲੇ ਨੇ ਅਖ਼ਬਾਰ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਕੈਨੇਡਾ ਸਰਕਾਰ ਨੇ ਵੀ ਹੁਣ ਪ੍ਰਤੀਕਰਮ ਦੇ ਕੇ ਇਸ ਦਾਅਵੇ ਨੂੰ ਗਲਤ ਦੱਸਿਆ ਹੈ।

ਅਖ਼ਬਾਰ ਨੇ ਇਹ ਰਿਪੋਰਟ ਕੈਨੇਡਾ ਦੇ ਇੱਕ ਸੀਨੀਅਰ ਕੌਮੀ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਲਿਖੀ ਹੈ।

ਅਖ਼ਬਾਰ ਦਾ ਦਾਅਵਾ ਹੈ ਕਿ ਇਹ ਅਧਿਕਾਰੀ ਕੈਨੇਡਾ ਵਿੱਚ ਨਵੀਂ ਦਿੱਲੀ ਦੇ ਕਥਿਤ ਵਿਦੇਸ਼ੀ-ਦਖਲਅੰਦਾਜ਼ੀ ਕਾਰਜਾਂ ਦੇ ਖ਼ੁਫ਼ੀਆਂ ਮੁਲਾਂਕਣ 'ਤੇ ਕੰਮ ਕਰਨ ਵਾਲੀ ਟੀਮ ਦਾ ਹਿੱਸਾ ਸੀ।

'ਦਿ ਗਲੋਬ ਐਂਡ ਮੇਲ' ਦੀ ਰਿਪੋਰਟ ਮੁਤਾਬਕ ਕੈਨੇਡੀਅਨ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਿੱਖ ਵੱਖਵਾਦੀ ਆਗੂ ਦੀ ਹੱਤਿਆ ਅਤੇ ਹੋਰ ਹਿੰਸਕ ਸਾਜ਼ਿਸ਼ਾਂ ਬਾਰੇ ਪਤਾ ਸੀ।

ਜ਼ਿਕਰਯੋਗ ਹੈ ਕਿ ਖਾਲਿਸਤਾਨ ਹਮਾਇਤੀ ਤੇ ਭਾਰਤ ਸਰਕਾਰ ਨੂੰ ਕਈ ਮਾਮਲਿਆਂ ਵਿੱਚ ਲੋੜੀਂਦੇ 45 ਸਾਲਾ ਹਰਦੀਪ ਸਿੰਘ ਨਿੱਝਰ ਦਾ 18 ਜੂਨ, 2023 ਨੂੰ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਵਿੱਚ ਕਤਲ ਹੋ ਗਿਆ ਸੀ।

ਇਸ ਕਤਲ ਦੇ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਈ ਵਾਰ ਭਾਰਤ ਦਾ ਨਾਂ ਜੋੜਿਆ ਹੈ।

ਹਾਲਾਂਕਿ, ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਇਨ੍ਹਾਂ ਤੋਂ ਲਗਾਤਾਰ ਇਨਕਾਰ ਕੀਤਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ

'ਦਿ ਗਲੋਬ ਐਂਡ ਮੇਲ' ਦੀ ਰਿਪੋਰਟ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੇ ਬਿਆਨ ਵਿੱਚ ਕਿਹਾ, “ਅਸੀਂ ਆਮ ਤੌਰ 'ਤੇ ਮੀਡੀਆ ਰਿਪੋਰਟਾਂ ਉੱਤੇ ਟਿੱਪਣੀ ਨਹੀਂ ਕਰਦੇ ਹਾਂ।”

“ਹਾਲਾਂਕਿ, ਕੈਨੇਡੀਅਨ ਸਰਕਾਰ ਦੇ ਸਰੋਤ ਵੱਲੋਂ ਕਥਿਤ ਤੌਰ 'ਤੇ ਅਖ਼ਬਾਰ ਨੂੰ ਦਿੱਤੇ ਗਏ ਅਜਿਹੇ ਹਾਸੋਹੀਣੇ ਬਿਆਨਾਂ ਨੂੰ ਸਖ਼ਤ ਲਹਿਜ਼ੇ ਨਾਲ ਖ਼ਾਰਜ ਕੀਤਾ ਜਾਣਾ ਚਾਹੀਦਾ ਹੈ।”

“ਇਸ ਤਰ੍ਹਾਂ ਦੀਆਂ ਲਾਪਰਵਾਈ ਨਾਲ ਕੀਤੀਆਂ ਟਿੱਪਣੀਆਂ ਸਾਡੇ ਪਹਿਲਾਂ ਤੋਂ ਤਣਾਅ ਭਰੇ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾਉਂਦੀਆਂ ਹਨ।”

ਕੈਨੇਡਾ ਨੇ ਅਖ਼ਬਾਰ ਦੇ ਦਾਅਵਿਆਂ ਬਾਰੇ ਕੀ ਕਿਹਾ

ਕੈਨੇਡਾ ਨੇ ਆਪਣੀ ਅਧਿਕਾਰਿਤ ਵੈੱਬਸਾਈਟ ਉੱਤੇ ਇਸ ਮਸਲੇ ਉੱਤੇ ਆਪਣਾ ਬਿਆਨ ਜਾਰੀ ਕੀਤਾ ਹੈ।

ਕੈਨੇਡਾ ਦੇ ਪ੍ਰਿਵੀ ਕਾਉਂਸਲ ਦਫ਼ਤਰ ਵੱਲੋਂ ਜਾਰੀ ਇੱਕ ਪ੍ਰੈੱਸ ਨੋਟ ਵਿੱਚ ਲਿਖਿਆ ਹੈ,“14 ਅਕਤੂਬਰ ਨੂੰ ਜਨਤਕ ਸੁਰੱਖਿਆ ਲਈ ਅਹਿਮ ਮੁੱਦੇ ਅਤੇ ਚੱਲ ਰਹੇ ਖ਼ਤਰੇ ਦੇ ਕਾਰਨ, ਆਰਸੀਐੱਮਪੀ ਅਤੇ ਅਧਿਕਾਰੀਆਂ ਨੇ ਭਾਰਤ ਸਰਕਾਰ ਦੇ ਏਜੰਟਾਂ ਵੱਲੋਂ ਕੈਨੇਡਾ ਵਿੱਚ ਗੰਭੀਰ ਅਪਰਾਧਿਕ ਗਤੀਵਿਧੀ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮਾਂ ਨੂੰ ਜਨਤਕ ਕਰਨ ਦਾ ਅਸਾਧਾਰਨ ਕਦਮ ਚੁੱਕਿਆ।”

“ਕੈਨੇਡਾ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ, ਮੰਤਰੀ ਜੈਸ਼ੰਕਰ ਜਾਂ ਐੱਨਐੱਸਏ ਡੋਭਾਲ ਦੇ ਕੈਨੇਡਾ ਅੰਦਰ ਵਾਪਰੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋਣ ਬਾਰੇ ਨਾ ਤਾਂ ਕਦੀ ਕਿਹਾ ਹੈ ਅਤੇ ਨਾ ਹੀ ਇਸ ਤੱਥ ਨੂੰ ਦਰਸਾਉਂਦੇ ਕਿਸੇ ਸਬੂਤ ਤੋਂ ਜਾਣੂ ਹੈ।”

“ਇਸ ਤੱਥ ਦੇ ਉਲਟ ਕੋਈ ਵੀ ਸੂਚਨਾ ਅਟਕਲ ਅਤੇ ਗ਼ਲਤ ਹੈ।”

ਮੋਦੀ ਤੇ ਟਰੂਡੋ ਜੀ 20 ਸੰਮੇਲਨ ਵਿੱਚ ਹੋਏ ਸੀ ਆਹਮੋ-ਸਾਹਮਣੇ

ਹਾਲ ਹੀ ਵਿੱਚ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ 'ਚ ਹੋਏ ਜੀ-20 ਸੰਮੇਲਨ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਦੂਜੇ ਨੂੰ ਮਿਲੇ।

ਮੰਗਲਵਾਰ ਨੂੰ ਹੋਈ ਜੀ 20 ਦੀ ਗਰੁੱਪ ਫ਼ੋਟੋ ਦੌਰਾਨ ਅਜਿਹਾ ਨਜ਼ਰ ਆਇਆ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੂਡੋ ਅਤੇ ਮੋਦੀ ਨੂੰ ਸੰਮੇਲਨ ਦੌਰਾਨ ਗੱਲਬਾਤ ਲਈ ਇਕੱਠੇ ਕੀਤਾ।

ਤਿੰਨਾਂ ਆਗੂਆਂ ਦਰਮਿਆਨ ਕੀ ਗੱਲਬਾਤ ਹੋਈ, ਇਹ ਪਤਾ ਨਹੀਂ ਲੱਗ ਸਕਿਆ ਹੈ।

ਭਾਰਤ- ਕੈਨੇਡਾ ਤਣਾਅ ਦੇ ਮਸਲੇ

ਸਾਲ 2023 ਦੀ ਸ਼ੁਰੂਆਤ ਤੋਂ ਲੈ ਕੇ 2024 ਦੇ ਅੰਤ ਤੱਕ ਕੈਨੇਡਾ ਦਰਮਿਆਨ ਕਈ ਮਸਲਿਆਂ ’ਤੇ ਤਣਾਅ ਦੇਖਣ ਨੂੰ ਮਿਲਿਆ। ਜਿਨ੍ਹਾਂ ਵਿੱਚ ਵੱਡਾ ਮਸਲਾ ਕਥਿਤ ਵੱਖਵਾਦੀ ਸਮੂਹਾਂ ਦੀਆਂ ਕੈਨੇਡਾ ਵਿੱਚ ਜਨਤਕ ਤੌਰ ’ਤੇ ਗਤੀਵਿਧੀਆਂ ਅਤੇ ਹਰਦੀਪ ਨਿੱਝਰ ਕਤਲ ਮਾਮਲੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਇਲਜ਼ਾਮਬਾਜ਼ੀਆਂ ਦਾ ਦੌਰ ਰਿਹਾ।

ਹਾਲ ਦੀ ਘਟਨਾ 3 ਨਵੰਬਰ, 2024 ਦੀ ਹੈ। ਜਦੋਂ ਬਰੈਂਪਟਨ ਦੇ ਹਿੰਦੂ ਮੰਦਰ ਸਾਹਮਣੇ ਕੁਝ ਖਾਲਿਸਤਾਨੀ ਸਮਰਥਕਾਂ ਵਲੋਂ ਮੁਜ਼ਾਹਾਰਾ ਕੀਤਾ ਗਿਆ। ਇਸ ਮੁਜ਼ਾਹਰੇ ਦੌਰਾਨ ਹਿੰਸਕ ਝੜਪਾਂ ਹੋਈਆਂ।

ਕੈਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ ਫ਼ੌਰਨ ਕਾਰਵਾਈ ਕੀਤੀ ਤੇ ਕਰੀਬ 6 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ।

ਭਾਰਤ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਤੇ ਇਸ ਮਸਲੇ ਉੱਤੇ ਕੈਨੇਡਾ ਨੂੰ ਘੇਰਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)