ਗੰਗਾ 'ਚ ਸ਼ੁਰੂ ਕੀਤੇ ਗਏ ਕਰੂਜ਼ ਦੀ 50 ਹਜ਼ਾਰ ਰੋਜ਼ ਦੀ ਟਿਕਟ, ਜਾਣੋ ਰੂਟ ਬਾਰੇ ਤੇ ਹੋਰ ਖ਼ਾਸੀਅਤਾਂ

ਤਸਵੀਰ ਸਰੋਤ, PIB
- ਲੇਖਕ, ਪ੍ਰੇਰਣਾ ਤੇ ਚੰਦਨ ਕੁਮਾਰ ਜਜਵਾੜੇ
- ਰੋਲ, ਬੀਬੀਸੀ ਪੱਤਰਕਾਰ
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਲੰਬੇ ਕਰੂਜ਼ 'ਗੰਗਾ ਵਿਲਾਸ' ਨੂੰ ਵਰਚੁਅਲ ਸਮਾਰੋਹ ਦੌਰਾਨ ਹਰੀ ਝੰਡੀ ਦਿਖਾਈ।
ਉਨ੍ਹਾਂ ਦੇਸ਼ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਕਿਹਾ, ''ਸਾਡੇ ਤਿਉਹਾਰਾਂ ਨਾਲ ਜੁੜੀ ਸਾਡੀ ਆਸਥਾ ਵਿੱਚ ਨਦੀਆਂ ਦੀ ਖ਼ਾਸ ਅਹਿਮੀਅਤ ਹੈ। ਅੱਜ ਅਸੀਂ ਨਦੀ ਜਲਮਾਰਗਾਂ ਨਾਲ ਜੁੜੇ ਉਤਸਵ ਦੇ ਗਵਾਹ ਬਣੇ ਹਾਂ।''
ਗੰਗਾ ਵਿਲਾਸ ਕਰੂਜ਼ ਵਾਰਾਣਸੀ ਦੇ ਰਵਿਦਾਸ ਘਾਟ ਤੋਂ ਚੱਲ ਕੇ ਬਿਹਾਰ ਦੇ ਬੰਗਾਲ ਰਸਤੇ ਤੋਂ ਹੁੰਦਾ ਹੋਇਆ ਬੰਗਲਾਦੇਸ਼ ਰਾਹੀਂ ਅਸਾਮ ਦੇ ਡਿਬਰੂਗੜ੍ਹ ਪਹੁੰਚੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੂਜ਼ ਨਾਲ ਰੋਜ਼ਗਾਰ ਵਿੱਚ ਵਾਧਾ ਹੋਵੇਗਾ ਤੇ ਸੈਰ-ਸਪਾਟਾ ਵੀ ਵਧੇਗਾ।
51 ਦਿਨ ਲੰਬੇ ਇਸ ਰੋਮਾਂਚਕ ਸਫ਼ਰ ਦੀ ਇੱਕ ਪਾਸੇ ਤਾਰੀਫ਼ ਹੋ ਰਹੀ ਹੈ ਤਾਂ ਦੂਜੇ ਪਾਸੇ ਬਿਹਾਰ ਵਿੱਚ ਇਸ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ।
ਬਿਹਾਰ ਵਿੱਚ ਸੱਤਾਧਾਰੀ ਪਾਰਟੀ ਜੇਡੀਯੂ ਦੇ ਕੌਮੀ ਪ੍ਰਧਾਨ ਲਲਨ ਸਿੰਘ ਨੇ ਇਲਜ਼ਾਮ ਲਾਇਆ ਹੈ ਕਿ ਗੰਗਾ ਵਿਲਾਸ ਕਰੂਜ਼ ਚਲਾਉਣਾ ਜਨਤਾ ਦੇ ਪੈਸੇ ਦੀ ਲੁੱਟ ਹੈ।

ਤਸਵੀਰ ਸਰੋਤ, PIB
ਲਲਨ ਸਿੰਘ ਨੇ ਕਿਹਾ, ''ਹਰ ਸਾਲ ਗੰਗਾ ਨਦੀ 'ਚ ਜਮ੍ਹਾਂ ਹੋਈ ਗਾਰ ਨੂੰ ਕਰੂਜ਼ ਚਲਾਉਣ ਲਈ ਸਾਫ਼ ਕੀਤਾ ਜਾਵੇਗਾ ਅਤੇ ਫਿਰ ਹੜ੍ਹਾਂ ਦੌਰਾਨ ਇਸ 'ਚ ਗਾਰ ਵਾਪਸ ਭਰੀ ਜਾਵੇਗੀ।''
ਪਰ ਕੇਂਦਰ ਸਰਕਾਰ ਵਲੋਂ ਗੰਗਾ ਵਿਲਾਸ ਕਰੂਜ਼ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਯਾਤਰੀ ਜਹਾਜ਼ ਭਾਰਤ ਅਤੇ ਬੰਗਲਾਦੇਸ਼ ਦੀਆਂ 27 ਨਦੀ ਪ੍ਰਣਾਲੀਆਂ ਅਤੇ ਸੱਤ ਨਦੀਆਂ - ਗੰਗਾ, ਭਾਗੀਰਥੀ, ਮੇਘਨਾ, ਹੁਗਲੀ, ਜਮੁਨਾ, ਪਦਮਾ ਅਤੇ ਬ੍ਰਹਮਪੁੱਤਰ ਤੋਂ ਲੰਘੇਗਾ।
ਇਸ ਯਾਤਰਾ ਵਿੱਚ 50 ਸੈਰ-ਸਪਾਟਾ ਸਥਾਨਾਂ ਨੂੰ ਜੋੜਿਆ ਜਾਵੇਗਾ।
ਇਹ ਜਹਾਜ਼ 11 ਜਨਵਰੀ ਨੂੰ 56 ਘੰਟਿਆਂ ਦੀ ਇੱਕ ਯਾਤਰਾ ਮੁਕੰਮਲ ਕਰਕੇ ਵਾਰਾਣਸੀ ਪਹੁੰਚਿਆ ਸੀ।
ਕਰੂਜ਼ ਦੇ ਨਿਰਦੇਸ਼ਕ ਰਾਜ ਸਿੰਘ ਦਾ ਕਹਿਣਾ ਹੈ ਕਿ ਇਹ ਇਕਲੌਤਾ ਜਹਾਜ਼ ਹੈ ਜੋ ਸਵਦੇਸ਼ੀ ਤਕਨੀਕ ਅਤੇ ਫਰਨੀਚਰ ਨਾਲ ਲੈਸ ਹੈ।
ਇਸ ਕਰੂਜ਼ ਨੂੰ ਭਾਰਤ ਦੇ ਕਲਾ ਇਤਿਹਾਸਕਾਰ ਡਾ. ਅੰਨਪੂਰਨਾ ਗਰੀਮਾਲਾ ਨੇ ਡਿਜ਼ਾਈਨ ਕੀਤਾ ਹੈ।
ਕਰੂਜ਼ ਦੀ ਖ਼ਾਸੀਅਤ

ਤਸਵੀਰ ਸਰੋਤ, PIB
ਇਸ ਵਿਸ਼ੇਸ਼ ਜਹਾਜ਼ ਨੂੰ ਕੋਲਕਾਤਾ ਦੇ ਨੇੜੇ ਇੱਕ ਸ਼ਿਪਯਾਰਡ ਵਿੱਚ ਤਿਆਰ ਕੀਤਾ ਗਿਆ ਹੈ।
ਇਹ ਜਹਾਜ਼ 2020 ਵਿੱਚ ਹੀ ਤਿਆਰ ਹੋ ਗਿਆ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਇਸ ਦਾ ਉਦਘਾਟਨ ਨਾ ਹੋ ਸਕਿਆ।
ਲਗਜ਼ਰੀ ਸੁਵਿਧਾਵਾਂ ਨਾਲ ਲੈਸ, ਇਸ ਕਰੂਜ਼ ਵਿੱਚ ਕਿਸੇ ਵੀ ਸਫ਼ਰ ਲਈ ਲੋੜੀਂਦੀ ਹਰ ਆਧੁਨਿਕ ਸੁਖ-ਸਹੂਲਤ ਮੌਜੂਦ ਹੈ।
62.5 ਮੀਟਰ ਲੰਬੇ, 12.8 ਮੀਟਰ ਚੌੜੇ ਇਸ ਤਿੰਨ ਮੰਜ਼ਿਲਾ ਜਹਾਜ਼ ਵਿੱਚ ਕੁੱਲ 18 ਸੂਟ ਯਾਨੀ ਲਗਜ਼ਰੀ ਕਮਰੇ ਹਨ।
ਕਮਰੇ ਵਿੱਚ ਕਨਵਰਟਿਵਲ ਬੈੱਡ, ਫ਼ਰੈਂਚ ਬਾਲਕਨੀ, ਏਅਰ ਕੰਡੀਸ਼ਨਰ, ਸੋਫ਼ਾ, ਐੱਲਈਡੀ ਟੀਵੀ, ਸਮੋਕ ਅਲਾਰਮ, ਅਟੈਚਡ ਬਾਥਰੂਮ ਵਰਗੀਆਂ ਸਹੂਲਤਾਂ ਹਨ।
ਜਹਾਜ਼ ਵਿੱਚ ਜਿੰਮ, ਸਪਾ, ਆਉਟਡੋਰ ਅਬਜ਼ਰਵੇਸ਼ਨ ਡੈਕ, ਨਿੱਜੀ ਬਟਲਰ ਸੇਵਾ ਤੇ ਯਾਤਰੀਆਂ ਲਈ ਖ਼ਾਸ ਸੰਗੀਤ, ਤੇ ਸਭਿਆਚਰਕ ਪ੍ਰੋਗਰਾਮ ਦਾ ਵੀ ਪ੍ਰਬੰਧ ਹੈ।
ਕਰੂਜ਼ ਦਾ ਅੰਦਰਲਾ ਹਿੱਸਾ ਦੇਸ਼ ਦੇ ਸਭਿਆਚਾਰ ਤੇ ਰਿਵਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।


ਤਸਵੀਰ ਸਰੋਤ, pib

ਕਰੂਜ਼ ਦਾ ਰੂਟ

ਤਸਵੀਰ ਸਰੋਤ, PIB
ਇਹ ਜਹਾਜ਼ ਅੱਜ 13 ਜਨਵਰੀ ਨੂੰ ਵਾਰਾਣਸੀ ਤੋਂ ਰਵਾਨਾ ਹੋ ਕੇ 51 ਦਿਨ ਬਾਅਦ 1 ਮਾਰਚ ਨੂੰ ਅਸਾਮ ਦੇ ਡਿਬਰੂਗੜ੍ਹ ਪਹੁੰਚੇਗਾ।
ਇਸ ਦੌਰਾਨ ਇਹ ਭਾਰਤ ਦੇ 5 ਸੂਬਿਆਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਅਸਾਮ ਦੇ ਨਾਲ-ਨਾਲ ਬੰਗਲਾਦੇਸ਼ ਵਿੱਚੋਂ ਲੰਘੇਗਾ। ਇਹ ਜਹਾਜ਼ 15 ਦਿਨਾਂ ਤੱਕ ਬੰਗਲਾਦੇਸ਼ ਵਿੱਚ ਰੁਕੇਗਾ।
ਇਸ ਤੋਂ ਇਲਾਵਾ ਸੈਲਾਨੀ ਇਸ ਪੂਰੀ ਯਾਤਰਾ ਦੌਰਾਨ ਵੱਖ-ਵੱਖ ਸੂਬਿਆਂ ਦੇ ਕੁੱਲ 50 ਸੈਰ ਸਪਾਟਾ ਸਥਾਨਾਂ ਦਾ ਆਨੰਦ ਵੀ ਲੈ ਸਕਣਗੇ।
ਇਨ੍ਹਾਂ ਵਿੱਚ ਵਿਸ਼ਵ ਵਿਰਾਸਤੀ ਥਾਵਾਂ, ਕੌਮੀ ਪਾਰਕ, ਦਰਿਆਈ ਘਾਟ ਅਤੇ ਹੋਰ ਥਾਵਾਂ ਸ਼ਾਮਲ ਹੋਣਗੇ।

ਤਸਵੀਰ ਸਰੋਤ, PIB
ਪ੍ਰਤੀ ਦਿਨ 50 ਹਜ਼ਾਰ ਰੁਪਏ ਦੀ ਟਿਕਟ
ਦੁਨੀਆਂ ਦੀ ਪਹਿਲੀ ਸਭ ਤੋਂ ਲੰਬੀ ਯਾਤਰਾ ਦੇ ਗਵਾਹ ਸਵਿੱਟਜ਼ਰਲੈਂਡ ਦੇ 32 ਸੈਲਾਨੀ ਹੋਣਗੇ ਜੋ ਇਹ ਸਫ਼ਰ ਕਰਨਗੇ।
ਜਹਾਜ਼ ਵਿੱਚ ਕੁੱਲ 36 ਯਾਤਰੀਆਂ ਦੀ ਰਿਹਾਇਸ਼ ਦੀ ਸਹੂਲਤ ਹੈ।
ਮੰਨਿਆ ਜਾ ਰਿਹਾ ਹੈ ਕਿ ਗੰਗਾ ਵਿਲਾਸ ਕਰੂਜ਼ ਦੇ ਲਾਂਚ ਹੋਣ ਤੋਂ ਬਾਅਦ ਦੇਸ਼ ਦੇ ਦਰਆਈ ਕਰੂਜ਼ ਟੂਰਿਜ਼ਮ ਵਿੱਚ ਵਾਧਾ ਹੋਵੇਗਾ।
ਇਸ ਰੋਚਕ ਸਫ਼ਰ ਦਾ ਖ਼ਰਚਾ ਪ੍ਰਤੀ ਵਿਅਕਤੀ ਪ੍ਰਤੀ ਦਿਨ ਲਗਭਗ 50 ਹਜ਼ਾਰ ਰੁਪਏ ਦਾ ਖਰਚਾ ਆਵੇਗਾ।
ਪਰ ਹਰ ਕਿਸੇ ਨੂੰ 51 ਦਿਨਾਂ ਲਈ ਬੁੱਕ ਕਰਨਾ ਲਾਜ਼ਮੀ ਨਹੀਂ ਹੋਵੇਗਾ। ਯਾਤਰੀ ਜੇਕਰ ਚਾਹੁਣ ਤਾਂ ਇਸ ਯਾਤਰਾ ਨੂੰ ਵਿਚਕਾਰ ਕਿਤੇ ਵੀ ਛੱਡ ਸਕਦੇ ਹਨ।
ਕਰੂਜ਼ ਦੇ ਨਿਰਦੇਸ਼ਕ ਰਾਜ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਅਗਲੇ ਦੋ ਸਾਲਾਂ ਤੱਕ ਦੀ ਬੁਕਿੰਗ ਪਹਿਲਾਂ ਤਕਰੀਬਨ ਪਹਿਲਾਂ ਹੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ-

ਕੇਂਦਰੀ ਬੰਦਰਗਾਹ, ਸ਼ਿਪਿੰਗ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਲੋਕ ਇਸ ਵਿੱਚ ਆਪਣੀ ਦਿਲਚਸਪੀ ਦਿਖਾਉਣਗੇ ਅਤੇ ਇਹ ਸੈਲਾਨੀਆਂ ਵਿੱਚ ਬਹੁਤ ਮਸ਼ਹੂਰ ਸਾਬਤ ਹੋਵੇਗਾ।
ਮੰਤਰੀ ਨੇ ਕਿਹਾ ਕਿ ਸੈਰ ਸਪਾਟੇ ਦੇ ਇਸ ਖੇਤਰ ਨੂੰ ਵਿਕਸਤ ਕਰਨ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਸੋਨੋਵਾਲ ਨੇ ਇਸ ਕਰੂਜ਼ ਬਾਰੇ ਦੱਸਦਿਆਂ ਕਿਹਾ, "ਇਹ ਸਵੈ-ਨਿਰਭਰ ਭਾਰਤ ਦੀ ਮਿਸਾਲ ਹੈ। ਇਹ ਜਹਾਜ਼ ਸਾਡੇ ਦੇਸ਼ ਵਿੱਚ ਹੀ ਬਣਿਆ ਹੈ। ਜਹਾਜ਼ ਦਾ ਅੰਦਰੂਨੀ ਹਿੱਸਾ ਸਭਿਆਚਾਰਕ ਵਿਰਾਸਤ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ।"
ਸੋਨੋਵਾਲ ਮੁਤਾਬਕ ਇਸ ਕਰੂਜ਼ ਦਾ ਪਹਿਲਾ ਸਫ਼ਰ ਕਰਨ ਵਾਲੇ ਸਾਰੇ ਯਾਤਰੀ ਸਵਿਟਜ਼ਰਲੈਂਡ ਤੋਂ ਆਏ ਹਨ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਗੰਗਾ ਵਿਲਾਸ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਅਤੇ ਭਾਰਤ ਦੀ ਵਿਭਿੰਨਤਾ ਦੇ ਸੁੰਦਰ ਪਹਿਲੂਆਂ ਨੂੰ ਖੋਜਣ ਦਾ ਅਨੋਖਾ ਮੌਕਾ ਦਿੰਦਾ ਹੈ।
ਬਿਹਾਰ ਵਿੱਚ ਵਿਰੋਧ

ਤਸਵੀਰ ਸਰੋਤ, ANI
ਕਰੂਜ਼ ਦੀ ਸ਼ੁਰੂਆਤ ਨਾਲ ਹੀ ਇਸ ਨਾਲ ਵਿਵਾਦ ਵੀ ਜੁੜ ਗਿਆ ਹੈ।
ਜੇਡੀਯੂ ਦੇ ਕੌਮੀ ਪ੍ਰਧਾਨ ਲਲਨ ਸਿੰਘ ਨੇ ਕਿਹਾ ਹੈ ਕਿ ਗੰਗਾ ਨਦੀ ਵਿੱਚ ਗਾਰ ਦਾ ਪਹਾੜ ਜੰਮਿਆ ਹੋਇਆ ਹੈ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਬਿਹਾਰ ਵਿੱਚ ਅਜਿਹੀ ਯੋਜਨਾ ਨਹੀਂ ਚੱਲਣ ਦੇਵਾਂਗੇ।
ਭਾਜਪਾ ਨੇ ਲਲਨ ਸਿੰਘ ਨੂੰ ਵਿਕਾਸ ਵਿਰੋਧੀ ਦੱਸਿਆ।
ਭਾਜਪਾ ਦੇ ਬਿਆਨ 'ਤੇ ਲਲਨ ਸਿੰਘ ਨੇ ਕਿਹਾ, "ਮੈਂ ਗੰਗਾ ਵਿਰੁੱਧ ਕੋਈ ਬਿਆਨ ਨਹੀਂ ਦਿੱਤਾ ਹੈ। ਗੰਗਾ 'ਚ ਜਮ੍ਹਾ ਗਾਰ ਨੂੰ ਸਾਫ਼ ਕਰਨ ਲਈ ਜਹਾਜ਼ ਚਲਾਉਣਾ ਪੈਸੇ ਦੀ ਬਰਬਾਦੀ ਹੈ। ਗਾਰ ਦਾ ਪ੍ਰਬੰਧਨ ਜ਼ਿਆਦਾ ਜ਼ਰੂਰੀ ਹੈ।"
ਦਰਅਸਲ, ਹਰ ਸਾਲ ਹੜ੍ਹਾਂ ਕਾਰਨ ਗੰਗਾ ਨਦੀ ਵਿੱਚ ਗਾਰ ਇਕੱਠੀ ਹੁੰਦੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਗੰਗਾ 'ਚ ਗਾਰ ਦੀ ਇਸ ਸਮੱਸਿਆ 'ਤੇ ਕਈ ਵਾਰ ਬੋਲ ਚੁੱਕੇ ਹਨ।
ਗੰਗਾ ਵਿਲਾਸ ਕਰੂਜ਼ ਬਕਸਰ ਦੇ ਨੇੜੇ ਬਿਹਾਰ ਵਿੱਚ ਦਾਖ਼ਲ ਹੋਵੇਗਾ।
ਬਿਹਾਰ 'ਚ ਪਟਨਾ ਤੋਂ ਝਾਰਖੰਡ ਦੇ ਸਾਹੇਬਗੰਜ ਤੱਕ ਗੰਗਾ ਨਦੀ 'ਚ ਗਾਰ ਦੀ ਸਮੱਸਿਆ ਵਧੇਰੇ ਹੈ।












