ਸਿੱਖ ਬੱਚਿਆਂ ਲਈ ਬਣੇ ਖ਼ਾਸ ਹੈਲਮੇਟ, ਸਿੱਖ ਫੌਜੀਆਂ ਲਈ ਵੀ ਤਿਆਰੀ

ਤਸਵੀਰ ਸਰੋਤ, thetinasingh/insta/MKU
- ਲੇਖਕ, ਸੁਮਨਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਵਿੱਚ ਰਹਿੰਦੀ ਟੀਨਾ ਸਿੰਘ ਦੇ ਮੁੰਡੇ ਜਦੋਂ ਸਾਈਕਲ ਚਲਾਉਣਾ ਸਿੱਖਣ ਜਾ ਰਹੇ ਸਨ ਤਾਂ ਲਾਜ਼ਮੀ ਹੈ ਕਿ ਉਨ੍ਹਾਂ ਨੂੰ ਹੈਲਮੇਟ ਦੀ ਲੋੜ ਪੈਣੀ ਸੀ।
ਪਰ ਸਮੱਸਿਆ ਇਹ ਸੀ ਕਿ ਟੀਨਾ ਨੂੰ ਬਾਜ਼ਾਰ ਵਿੱਚ ਅਜਿਹਾ ਕੋਈ ਹੈਲਮਟ ਨਾ ਮਿਲਿਆ ਜੋ ਬੱਚਿਆਂ ਦੇ ਸਿਰ ‘ਤੇ ਬੰਨ੍ਹੀ ਦਸਤਾਰ ਮੁਤਾਬਕ ਹੋਵੇ।
ਟੀਨਾ ਨੇ ਕਦੇ ਵੱਡੇ ਹੈਲਮੇਟ ਖਰੀਦੇ ਅਤੇ ਕਦੇ ਹੈਲਮੇਟ ਦੇ ਅੰਦਰਲੀ ਫੌਮ ਕੱਢ ਕੇ ਉਸ ਨੂੰ ਦਸਤਾਰ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਅਤ ਹੈਲਮੇਟ ਲੱਭਣ ਦੀ ਉਨ੍ਹਾਂ ਦੀ ਹਰ ਕੋਸ਼ਿਸ਼ ਨਾਕਾਮ ਸਾਬਿਤ ਹੋ ਰਹੀ ਸੀ।
ਕੈਨੇਡਾ ਵਿੱਚ ਜਿੱਥੇ ਮੋਟਰਸਾਈਕਲ ਚਲਾਉਣ ਵਾਲੇ ਕਿਸੇ ਵੀ ਬੰਦੇ ਲਈ ਹੈਲਮੇਟ ਪਾਉਣਾ ਲਾਜ਼ਮੀ ਹੈ ਉੱਥੇ ਹੀ ਸਿੱਖਾਂ ਦੀ ਘਾਲਣਾ ਦੇ ਬਾਅਦ ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਤੋਂ ਰਾਹਤ ਵੀ ਮਿਲੀ ਹੋਈ ਹੈ।

ਤਸਵੀਰ ਸਰੋਤ, tina singh/instagram
ਹਾਲਾਂਕਿ, ਭਾਰਤ ਵਿੱਚ ਵੀ ਦੋ ਪਹੀਆ ਸਿੱਖ ਵਾਹਨ ਚਾਲਕਾਂ ਨੂੰ ਹੈਲਮੇਟ ਪਾਉਣ ਤੋਂ ਰਾਹਤ ਦਿੱਤੀ ਗਈ ਹੈ।
ਭਾਰਤੀ ਵਿੱਚ ਵੀ ਇੱਕ ਕੰਪਨੀ ਵੱਲੋਂ ਵਿਸ਼ੇਸ਼ ਤੌਰ ਉੱਤੇ ਸਿੱਖ ਫੌਜੀਆਂ ਲਈ ਜੰਗਜੂ ਹੈਲਮੇਟ ਡਿਜ਼ਾਈਨ ਕੀਤੇ ਹਨ।
ਕੇਂਦਰ ਸਰਕਾਰ ਨੇ ਕਰੀਬ 12 ਹਜ਼ਾਰ ਅਜਿਹੇ ਹੈਲਮੇਟਾਂ ਲਈ ਟੈਂਡਰ ਵੀ ਜਾਰੀ ਕੀਤੇ ਹਨ।
ਪਹਿਲਾਂ ਅਸੀਂ ਗੱਲ ਕਰਾਂਗੇ ਕੈਨੇਡਾ ਵਿੱਚ ਰਹਿੰਦੀ ਮਾਂ ਵੱਲੋਂ ਤਿਆਰ ਕੀਤੇ ਵਿਸ਼ੇਸ਼ ਹੈਲਮੇਟ ਦੀ-
ਟੀਨਾ ਇੱਕ ਮਾਂ ਹੋਣ ਦੇ ਨਾਲ-ਨਾਲ ਪੇਸ਼ੇ ਵਜੋਂ ਥੈਰੇਪਿਸਟ ਵੀ ਹਨ।
ਉਹ ਮੈਡੀਕਲ ਖੇਤਰ ਵਿਚ ਕੰਮ ਕਰਦੇ ਹਨ ਅਤੇ ਦਿਮਾਗ਼ੀ ਸੱਟਾਂ ਦੇ ਮਰੀਜ਼ਾਂ ਦੀ ਥੈਰੇਪੀ ਕਰਦੇ ਹਨ।
ਇਸ ਲਈ ਸਾਈਕਲ ਚਲਾਉਣ ਵੇਲੇ ਸਿਰ ਲਈ ਸਹੀ ਢੰਗ ਦੀ ਫਿਟਿੰਗ ਵਾਲਾ ਹੈਲਮੇਟ ਕਿੰਨਾ ਜ਼ਰੂਰੀ ਹੈ, ਇਸ ਬਾਰੇ ਉਹ ਚੰਗੀ ਤਰ੍ਹਾਂ ਜਾਗਰੂਕ ਸਨ।

ਤਸਵੀਰ ਸਰੋਤ, thetinasingh/insta
ਬੱਚਿਆਂ ਲਈ ਢੁਕਵਾਂ ਹੈਲਮੇਟ ਨਾ ਮਿਲਣ ਦੀ ਸੂਰਤ ਵਿੱਚ ਉਨ੍ਹਾਂ ਨੇ ਥੱਕ-ਹਾਰ ਆਪ ਅਜਿਹਾ ਹੈਲਮੇਟ ਸਿਰਜਣ ਦਾ ਉਪਰਾਲਾ ਕੀਤਾ ਜੋ, ਦਸਤਾਰਧਾਰੀ ਸਿੱਖ ਬੱਚਿਆਂ ਦੇ ਸਿਰਾਂ ਦੇ ਮੁਤਾਬਕ ਹੋਵੇ।
ਜਿਸ ਮਗਰੋਂ ਕਰੀਬ ਦੋ ਸਾਲਾਂ ਦੀ ਮਿਹਨਤ ਮਗਰੋਂ ਉਨ੍ਹਾਂ ਨੇ ਇੱਕ ਅਜਿਹਾ ਹੈਲਮੇਟ ਡਿਜ਼ਾਈਨ ਕਰਨਾ ਦਾ ਦਾਅਵਾ ਕੀਤਾ ਹੈ ਜੋ ਸਿੱਖ ਬੱਚਿਆਂ ਦੇ ਸਿਰਾਂ ਲਈ ਬਿਲਕੁਲ ਢੁੱਕਵਾਂ ਦੱਸਿਆ ਜਾ ਰਿਹਾ ਹੈ।
ਟੀਨਾ ਨੇ ਕੈਨੇਡਾ ਨਿਊਜ਼ ਵੈਬਸਾਈਟ ਸੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਮੇਰੇ ਬੱਚੇ ਕੇਸ ਰੱਖਦੇ ਹਨ। ਪਰ ਜਦੋਂ ਮੈਂ ਉਨ੍ਹਾਂ ਨੂੰ ਸਾਈਕਲ ਚਲਾਉਣ ਲੱਗਿਆਂ ਹੈਲਮਟ ਪਵਾਉਣ ਦੀ ਕੋਸ਼ਿਸ਼ ਕਰਦੀ ਸੀ, ਤਾਂ ਉਹ ਸਹੀ ਤਰੀਕੇ ਨਾਲ ਫ਼ਿਟ ਨਹੀਂ ਸੀ ਹੁੰਦੇ।"
ਟੀਨਾ ਮੁਤਾਬਕ ਉਨ੍ਹਾਂ ਨੇ ਆਪਣੇ ਬੱਚਿਆਂ ਵਰਗੇ ਹੋਰ ਕੇਸਧਾਰੀ ਸਿੱਖ ਬੱਚਿਆਂ ਲਈ ਇੱਕ ਸੁਰੱਖਿਅਤ ਅਤੇ ਮਾਨਤਾ ਪ੍ਰਾਪਤ ਬਹੁ-ਖੇਡ ਹੈਲਮੇਟ ਤਿਆਰ ਕਰ ਲਿਆ ਹੈ।
ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Instagram post

ਮੁੱਖ ਬਿੰਦੂ
- ਕੈਨੇਡਾ ਰਹਿੰਦੀ ਟੀਨਾ ਸਿੰਘ ਆਪਣੇ ਬੱਚਿਆਂ ਲਈ ਤਿਆਰ ਕੀਤੇ ਵਿਸ਼ੇਸ਼ ਹੈਲਮੇਟ।
- ਟੀਨਾ ਨੇ ਦਸਤਾਰਧਾਰੀ ਸਿੱਖ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਇਹ ਹੈਲਮੇਟ ਤਿਆਰ ਕੀਤੇ ਹਨ।
- ਇਨ੍ਹਾਂ ਦੇ ਇਸ ਸਾਲ ਮਾਰਕਿਟ ਵਿੱਚ ਆਉਣ ਦੀ ਸੰਭਵਾਨਾ ਹੈ।
- ਟੀਨਾ ਨੇ ਹੈਲਮੇਟ ਵਿੱਚ ਸੁਰੱਖਿਆ ਦੇ ਸਾਰੇ ਪਹਿਲੂ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਹਨ।
- ਭਾਰਤ ਵਿੱਚ ਭਾਰਤੀ ਫੌਜ ਵਿੱਚ ਤੈਨਾਤ ਸਿੱਖ ਫੌਜੀਆਂ ਲਈ ਵਿਸ਼ੇਸ਼ ਤੌਰ 'ਤੇ ਹੈਲਮੇਟ ਤਿਆਰ ਕੀਤੇ ਜਾ ਰਹੇ ਹਨ।
- ਉੱਧਰ ਭਾਰਤ ਦੀ ਕੇਂਦਰ ਸਰਕਾਰ ਨੇ ਵੀ ਅਜਿਹੇ ਹੈਲਮੇਟ ਦਾ ਆਰਡਰ ਦੇ ਦਿੱਤੇ ਹਨ।

ਹੈਲਮੇਟ 'ਚ ਖ਼ਾਸ ਕੀ
ਟੀਨਾ ਨੇ ਵੈਸਾਈਟ ਨੂੰ ਦੱਸਿਆ ਕਿ ਦੋ ਸਾਲ ਤੋਂ ਵੱਧ ਸਮੇਂ ਤੋਂ ਉਹ ਹੈਲਮਟ ਦੇ ਵੱਖੋ-ਵੱਖਰੇ ਡਿਜ਼ਾਈਨਾਂ ‘ਤੇ ਕੰਮ ਕਰ ਰਹੀ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਹੈਲਮੇਟ ਉਤਪਾਦਨ ਪ੍ਰਕਿਰਿਆ ਵਿੱਚ ਹਨ ਅਤੇ ਇਹ ਸਾਈਕਲ, ਇਨਲਾਈਨ ਸਕੇਟ, ਕਿਕ ਸਕੂਟਰ ਅਤੇ ਸਕੇਟਬੋਰਡਿੰਗ ਕਰਨ ਵਾਲੇ ਪੰਜ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਵੱਲੋਂ ਵਰਤੇ ਜਾਣ ਲਈ ਇਹ ਮਾਨਤਾ ਪ੍ਰਾਪਤ ਹਨ।
ਉਨ੍ਹਾਂ ਇਸ ਸਾਲ ਅਜਿਹੇ ਹੈਲਮੇਟਾਂ ਦੀ ਉਪਲੱਬਧਤਾ ਦੀ ਗੱਲ ਵੀ ਆਖੀ ਹੈ।
ਟੀਨਾ ਵੱਲੋਂ ਤਿਆਰ ਕੀਤੇ ਗਏ ਹੈਲਮੇਟ ਦੀ ਖ਼ਾਸ ਗੱਲ ਇਹ ਹੈ ਕਿ ਸਿਰ ਵਾਲੇ ਹਿੱਸੇ ਦੇ ਵਿਚਾਲਿਓਂ ਇਹ ਉੱਠਵਾਂ ਹੈ ਤਾਂ ਜੋ ਦਸਤਾਰ ਸਜਾਉਣ ਵਾਲੇ ਬੱਚਿਆਂ ਦੇ ਜੂੜੇ ਲਈ ਜਗ੍ਹਾ ਬਣ ਸਕੇ।
ਇਹ 5 ਤੋਂ 12 ਸਾਲ ਦੇ ਬੱਚਿਆਂ ਲਈ ਡਿਜ਼ਾਈਨ ਕੀਤੇ ਗਏ ਹਨ।
ਪਰ ਨਾਲ ਹੀ ਇਸ ਵਿਚ ਇੱਕ ਸੁਰੱਖਿਅਤ ਹੈਲਮੇਟ ਲਈ ਜ਼ਰੂਰੀ ਸ਼ਰਤਾਂ, ਜਿਵੇਂ ਭਰਵੱਟਿਆਂ ਤੋਂ ਉੱਪਰ ਦੋ ਉਂਗਲਾਂ ਦਾ ਫ਼ਾਸਲਾ, ਕੰਨ ਕੋਲੋਂ 'V' ਸ਼ੇਪ ਅਤੇ ਚਿਨ-ਸਟ੍ਰੈਪ ਅਤੇ ਕੰਨ ਵਿਚਾਲੇ ਇੱਕ ਉਂਗਲ ਦੇ ਫ਼ਾਸਲੇ ਨੂੰ ਧਿਆਨ ਵਿਚ ਰੱਖਿਆ ਗਿਆ ਹੈ।
ਟੀਨਾ ਮੁਤਾਬਕ ਬੀਤੇ ਦਸੰਬਰ ਮਹੀਨੇ ਇਸ ਹੈਲਮੇਟ ਨੂੰ ਕੌਮਾਂਤਰੀ ਟੈਸਟਿੰਗ ਕੰਪਨੀ ਐੱਸਜੀਐੱਸ ਕੋਲੋਂ ਮਨਜ਼ੂਰੀ ਵੀ ਮਿਲ ਗਈ ਹੈ।

ਤਸਵੀਰ ਸਰੋਤ, thetinasingh/insta
ਕੈਨੇਡਾ ਵਿੱਚ ਹੈਲਮੇਟ ਚਰਚਾ ਵਿੱਚ ਰਿਹਾ
ਕੈਨੇਡਾ ਵਿੱਚ ਦਸਤਾਰਧਾਰੀ ਸਿੱਖਾਂ ਵੱਲੋਂ ਮੋਟਰਸਾਈਕਲ ਚਲਾਉਣ ਵੇਲੇ ਹੈਲਮਟ ਪਹਿਨਣ ਨੂੰ ਲੈ ਕੇ ਇਹ ਮੁੱਦਾ ਚਰਚਾ ਦਾ ਵਿਸ਼ਾ ਰਿਹਾ ਹੈ।
ਸਿੱਖ ਮੋਟਰਸਾਈਕਲ ਚਾਲਕ ਸਮੇਂ-ਸਮੇਂ ਸਿਰ ਹੈਲਮੇਟ ਨਾ ਪਾਉਣ ਨੂੰ ਲੈ ਕੇ ਆਪਣੀ ਆਵਾਜ਼ ਚੁੱਕਦੇ ਰਹੇ ਹਨ।
ਸੀਬੀਸੀ ਵੈਬਸਾਈਟ ਮੁਤਾਬਕ 2018 ਵਿਚ ਓਨਟੇਰਿਓ ਦੀ ਪੀਸੀ ਸਰਕਾਰ ਨੇ ਐਲਬਰਟਾ ਅਤੇ ਬੀਸੀ ਦੀ ਤਰਜ਼ ‘ਤੇ ਦਸਤਾਰਧਾਰੀ ਮੋਟਰਸਾਈਕਲ ਚਾਲਕਾਂ ਨੂੰ ਹੈਲਮੇਟ ਤੋਂ ਛੋਟ ਦੇਣ ਦਾ ਫ਼ੈਸਲਾ ਕੀਤਾ ਸੀ।
ਇਸ ਤੋਂ ਪਹਿਲਾਂ ਓਨਟੇਰਿਓ ਵਿੱਚ ਸਾਬਕਾ ਪ੍ਰੀਮੀਅਰ ਕੈਥਲਿਨ ਵਿਨ ਦੀ ਸਰਕਾਰ ਨੇ ਬਿਨਾਂ ਹੈਲਮੇਟ ਨੂੰ ਸੁਰੱਖਿਆ ਜੋਖ਼ਮ ਮੰਨਦਿਆਂ ਇਸ ਨੂੰ ਪਹਿਨਣ ਤੋਂ ਛੋਟ ਦੀਆਂ ਮੰਗਾਂ ਨੂੰ ਦਰਕਿਨਾਰ ਕਰ ਦਿੱਤਾ ਸੀ।
ਵਰਲਡ ਸਿੱਖ ਔਰਗੇਨਾਈਜ਼ੇਸ਼ਨ ਦੇ ਲੀਗਲ ਕੌਂਸਲ, ਬਲਪ੍ਰੀਤ ਸਿੰਘ ਨੇ ਸੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਨਵੇਂ ਹੈਲਮੇਟ ਇੱਕ ਸਵਾਗਤਯੋਗ ਉਪਰਾਲਾ ਹੈ ਅਤੇ ਇਸ ਨਾਲ ਸਿੱਖ ਪਰਿਵਾਰਾਂ ਨੂੰ ਇੱਕ ਹੋਰ ਬਦਲ ਮਿਲ ਸਕੇਗਾ।

ਇਹ ਵੀ ਪੜ੍ਹੋ-

ਖੇਡ ਵਿਚ ਵਧੇਗੀ ਹਿੱਸੇਦਾਰੀ
ਸੀਬੀਸੀ ਮੁਤਾਬਕ ਹੌਕੀ 4 ਯੂਥ ਨਾਂ ਦੀ ਸੰਸਥਾ ਦੇ ਐਗਜ਼ੈਕਟਿਵ ਡਾਇਰੈਕਟਰ ਅਤੇ ਸੰਸਥਾਪਕ, ਮੋਏਜ਼ੀਨ ਹਾਸ਼ਿਮ ਨੇ ਕਿਹਾ ਕਿ ਇਹ ਹੈਲਮੇਟ ਸਿੱਖ ਬੱਚਿਆਂ ਦੀ ਖੇਡ ਵਿੱਚ ਹਿੱਸੇਦਾਰੀ ਵਧਾਉਣ ਵਿੱਚ ਵੀ ਸਹਾਈ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਵਿੱਚ ਅਜਿਹੇ ਉਪਰਾਲੇ ਦੀ ਲੰਬੇ ਸਮੇਂ ਤੋਂ ਲੋੜ ਸੀ।
ਹਾਸ਼ਿਮ ਦਾ ਕਹਿਣਾ ਹੈ ਕਿ ਇਸ ਹੈਲਮੇਟ ਦੇ ਆਉਣ ਨਾਲ ਨਾ ਸਿਰਫ਼ ਸਿੱਖ ਬੱਚਿਆਂ ਨੂੰ ਪੇਸ਼ ਆਉਂਦੀ ਚੁਣੌਤੀ ਦਾ ਹੱਲ ਹੋਇਆ ਹੈ ਸਗੋਂ ਇਹ ਖੇਡਾਂ ਵਿਚ ਵੰਨ-ਸੁਵੰਨਤਾ ਅਤੇ ਵਧੇਰੇ ਸ਼ਮੂਲੀਅਤ ਦਾ ਵੀ ਪ੍ਰਤੀਕ ਬਣੇਗਾ।

ਤਸਵੀਰ ਸਰੋਤ, MKU
ਭਾਰਤ ਵਿੱਚ ਵੀ ਬਣੇ ਹਨ ਸਿੱਖ ਫੌਜੀਆਂ ਲਈ ਜੰਗਜੂ ਹੈਲਮੇਟ
ਭਾਰਤ ਵਿੱਚ ਪਿਛਲੇ ਸਾਲ 2022 ਵਿੱਚ ਕਾਨਪੁਰ ਆਧਾਰਿਤ ਐੱਮਕੇਯੂ ਕੰਪਨੀ ਨੇ ਸਿੱਖ ਫੌਜੀਆਂ ਦੇ ਸਿਰਾਂ 'ਤੇ ਪਾਉਣ ਲਈ ਹੈੱਡਗੇਅਰ ਬਣਾਉਣ ਦਾ ਦਾਅਵਾ ਕੀਤਾ ਸੀ।
ਬੀਤੀ 5 ਜਨਵਰੀ ਨੂੰ ਭਾਰਤੀ ਫੌਜ ਲਈ ਕੇਂਦਰ ਸਰਕਾਰ ਨੇ ਸਿੱਖ ਫੌਜੀਆਂ ਲਈ 12,730 ਹੈਲਮੇਟ ਦਾ ਆਰਡਰ ਦੇਣ ਟੈਂਡਰ ਜਾਰੀ ਕੀਤਾ ਹੈ।
ਉਨ੍ਹਾਂ ਦੀ ਵੈਬਸਾਈਟ ਮੁਤਾਬਕ, ਕੰਪਨੀ ਨੇ ਸਮਾਰਟ ਡਿਜ਼ਾਈਨ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਵਿਕਸਤ ਕੀਤਾ ਗਿਆ, Kavro SCH 111 T ਇੱਕ ਵਿਸ਼ੇਸ਼ ਬੈਲਿਸਟਿਕ ਹੈਲਮੇਟ ਹੈ ਜੋ ਸਿੱਖ ਸੈਨਿਕਾਂ ਵੱਲੋਂ ਡਿਊਟੀ ਵੇਲੇ ਪਹਿਨਣ ਲਈ ਤਿਆਰ ਕੀਤਾ ਗਿਆ ਹੈ।

ਤਸਵੀਰ ਸਰੋਤ, MKU
ਇਸ ਦੀ ਖ਼ਾਸੀਅਤ ਇਹ ਹੈ ਕਿ ਹਰ ਤਰ੍ਹਾਂ ਦੇ ਜੰਗਜੂ ਮਾਹੌਲ ਵਿੱਚ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਨੂੰ ਸਿਰ ਦੇ ਆਕਾਰ ਦੇ ਮੁਤਾਬਕ ਡਿਜ਼ਾਈਨ ਕੀਤਾ ਗਿਆ ਹੈ।
ਇਸ ਦਾ ਭਾਰ ਅਤੇ ਇਸ ਵਿੱਚ ਵਰਤੀ ਗਈ ਸਮੱਗਰੀ ਨੂੰ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਇਸ ਨੂੰ ਲੰਬੇ ਸਮੇਂ ਤੱਕ ਪਾ ਕੇ ਰੱਖਿਆ ਜਾ ਸਕਦਾ ਹੈ।
ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਹੈਲਮੇਟ 40 ਫੀਸਦ ਦਿਮਾਗ਼ੀ ਸੱਟ ਨੂੰ ਘਟਾ ਸਕਦਾ ਹੈ।
ਇਸ ਤੋਂ ਇਲਾਵਾ ਫੌਜ ਵਿੱਚ ਵਰਤੇ ਜਾਣ ਵਾਲੇ ਹੋਰ ਸਾਜੋ-ਸਾਮਾਨ, ਜਿਵੇਂ ਕਿ ਹੈੱਡਫੋਨ ਆਦਿ ਵੀ ਇਸਤੇਮਾਲ ਕੀਤੇ ਜਾਣ ਦੇ ਸਹਾਇਕ ਹੈ।












