ਸਿੱਖ ਫੌਜੀਆਂ ਲਈ ਬਣਾਏ ਜਾ ਰਹੇ ਹੈਲਮੈਟ ’ਤੇ ਹੰਗਾਮਾ ਕਿਉਂ, ਇਤਿਹਾਸ ਤੋਂ ਕੀ ਹਵਾਲੇ ਮਿਲਦੇ ਹਨ

ਤਸਵੀਰ ਸਰੋਤ, Harpeet Singh/FB and MKU
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਸਰਕਾਰ ਵੱਲੋਂ ਸਿੱਖ ਫੌਜੀਆਂ ਲਈ ਬਣਵਾਏ ਜਾ ਰਹੇ ਖ਼ਾਸ ਹੈਲਮੇਟਾਂ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਇਤਰਾਜ਼ ਪ੍ਰਗਟਾਇਆ ਹੈ।
ਇਸ ਸਬੰਧੀ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਕਦਮ ਨੂੰ ਸਿੱਖਾਂ ਦੀ ਪਹਿਚਾਣ ਖ਼ਤਮ ਕਰਨ ਦੇ ਯਤਨ ਵਜੋਂ ਦੇਖਿਆ ਜਾਵੇਗਾ।
ਸਿੱਖ ਇਤਿਹਾਸਕਾਰ ਅਤੇ ਸੈਨਿਕ ਇਤਿਹਾਸਕਾਰ ਸਮੇਂ ਦੇ ਨਾਲ ਚੀਜ਼ਾਂ ਅਤੇ ਸੁਰੱਖਿਆ ਦੇ ਮਸਲੇ ਨੂੰ ਮਿਲ ਕੇ ਸੋਚਣ ਦੀ ਗੱਲ ਆਖ ਰਹੇ ਹਨ।
ਦੱਸ ਦੇਈਏ ਕਿ ਭਾਰਤ ਵਿੱਚ ਇੱਕ ਕੰਪਨੀ ਵੱਲੋਂ ਵਿਸ਼ੇਸ਼ ਤੌਰ ਉੱਤੇ ਸਿੱਖ ਫੌਜੀਆਂ ਲਈ ਜੰਗਜੂ ਹੈਲਮੇਟ ਡਿਜ਼ਾਈਨ ਕੀਤੇ ਗਏ ਹਨ, ਜਿਸ ਦੇ ਲਈ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਨੇ ਕੰਪਨੀ ਨੂੰ ਕਰੀਬ 12 ਹਜ਼ਾਰ ਅਜਿਹੇ ਹੈਲਮੇਟਾਂ ਲਈ ਆਰਡਰ ਵੀ ਦੇ ਦਿੱਤਾ ਹੈ।
ਸਿੱਖ ਫੌਜੀਆਂ ਲਈ ਤਿਆਰ ਕੀਤੇ ਜਾ ਰਹੇ ਇਨ੍ਹਾਂ ਹੈਲਮੇਟਾਂ ਬਾਰੇ ਕੀ ਵਿਸ਼ੇਸ਼ ਦੱਸਿਆ ਜਾ ਰਿਹਾ ਹੈ, ਇਹ ਜਾਣਨ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਪੰਥਕ ਜਥੇਬੰਦੀਆਂ ਨੂੰ ਇਸ ਉੱਤੇ ਕੀ ਇਤਰਾਜ਼ ਹੈ...
‘ਇਹ ਸਾਡੀ ਪਹਿਚਾਣ ਨੂੰ ਖ਼ਤਮ ਕਰਨ ਦੇ ਯਤਨ ਮੰਨੇ ਜਾਣਗੇ’ - ਜਥੇਦਾਰ

ਤਸਵੀਰ ਸਰੋਤ, Giani Harpreet Singh/FB
ਬੀਬੀਸੀ ਸਹਿਯੋਗੀ ਰਬਿੰਦਰ ਸਿੰਘ ਰੌਬਿਨ ਮੁਤਾਬਕ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਹੈਲਮੈਟਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਮੀਡੀਆ ਰਾਹੀਂ ਪਤਾ ਲੱਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਸਿੱਖ ਫੌਜੀਆਂ ਨੂੰ ਆਉਣ ਵਾਲੇ ਸਮੇਂ 'ਚ ਹੈਲਮੈਟ ਪਹਿਨਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ‘‘ਦੂਜੇ ਵਿਸ਼ਵ ਯੁੱਧ ਦੌਰਾਨ ਅਜਿਹੇ ਯਤਨ ਅੰਗਰੇਜ਼ ਸਰਕਾਰ ਨੇ ਵੀ ਸਿੱਖ ਫੌਜੀਆਂ ਲਈ ਕੀਤੇ ਸਨ। ਉਸ ਸਮੇਂ ਸਿੱਖ ਫੌਜੀਆਂ ਨੇ ਅੰਗਰੇਜ਼ ਹਕੂਮਤ ਦੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।”
''ਸਿੱਖ ਦੇ ਸਿਰ 'ਤੇ ਬੰਨ੍ਹੀ ਦਸਤਾਰ ਕੋਈ 5-7 ਮੀਟਰ ਦਾ ਕੱਪੜਾ ਨਹੀਂ ਹੈ, ਇਹ ਗੁਰੂ ਸਾਹਿਬ ਵੱਲੋਂ ਸਾਨੂੰ ਬਖ਼ਸ਼ਿਆ ਗਿਆ ਤਾਜ ਹੈ ਤੇ ਸਾਡੀ ਪਹਿਚਾਣ ਦਾ ਪ੍ਰਤੀਕ ਹੈ।''
''ਸਾਡੀ ਪਹਿਚਾਣ ਦੀ ਪ੍ਰਤੀਕ ਦਸਤਾਰ ਉੱਤੇ ਕਿਸੇ ਕਿਸਮ ਦਾ ਟੋਪ ਪਾਉਣਾ, ਇਹ ਸਾਡੀ ਪਹਿਚਾਣ ਨੂੰ ਖ਼ਤਮ ਕਰਨ ਦੇ ਯਤਨ ਵਜੋਂ ਦੇਖਿਆ ਜਾਵੇਗਾ ਤੇ ਨਾ ਹੀ ਪੰਥ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਕਰੇਗਾ।’’

- ਭਾਰਤ ਸਰਕਾਰ ਦੁਆਰਾ ਸਿੱਖ ਫੌਜੀਆਂ ਲਈ ਖ਼ਾਸ ਜੰਗਜੂ ਹੈਲਮੇਟ ਬਣਵਾਏ ਜਾ ਰਹੇ ਹਨ।
- ਹੈਲਮੇਟ ਬਣਾਉਣ ਵਾਲੀ ਕੰਪਨੀ ਮੁਤਾਬਕ, ਇਨ੍ਹਾਂ ਨੂੰ ਹਰ ਮੌਸਮ 'ਚ ਪਹਿਨਣਾ ਸੌਖਾ ਹੈ।
- ਕੰਪਨੀ ਅਨੁਸਾਰ, ਇਹ ਹੈਲਮੇਟ ਸਿਰ ਨੂੰ ਲੱਗਣ ਵਾਲੀ ਸੱਟ ਦਾ ਅਸਰ 40 ਫੀਸਦੀ ਤੱਕ ਘੱਟ ਕਰ ਸਕਦੇ ਹਨ।
- ਇਨ੍ਹਾਂ ਹੈਲਮੇਟਾਂ ਨੂੰ ਲੈ ਕੇ ਅਕਾਲ ਤਖ਼ਤ ਨੇ ਆਪਣਾ ਸਖ਼ਤ ਵਿਰੋਧ ਜ਼ਾਹਿਰ ਕੀਤਾ ਹੈ।
- ਗਿਆਨੀ ਹਰਪ੍ਰੀਤ ਸਿੰਘ ਮੁਤਾਬਕ, ਇਸ ਨੂੰ ਸਿੱਖ ਪਹਿਚਾਣ ਖ਼ਤਮ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾਵੇਗਾ।
- ਇੱਕ ਸੈਨਿਕ ਇਤਿਹਾਸਕਾਰ ਮੁਤਾਬਕ ਮੱਧਕਾਲੀ ਇਤਿਹਾਸ ਵਿੱਚ ਸਿੱਖ ਮਿਸਲਾਂ ਵੇਲੇ ਜਾਂ ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਸਿੱਖ ਹੈਲਮੈਟ ਪਾਉਂਦੇ ਸਨ।

'ਪੰਥ 'ਚ ਟੋਪੀ ਪਹਿਨਣਾ ਵਰਜਿਤ'
ਜਥੇਦਾਰ ਨੇ ਕਿਹਾ, ‘‘ਸਾਡੇ ਪੰਥ 'ਚ, ਸਾਡੀ ਮਰਿਆਦਾ 'ਚ ਸਿੱਖ ਲਈ ਟੋਪੀ ਪਹਿਨਣਾ ਵਰਜਿਤ ਕਰਾਰ ਦਿੱਤਾ ਗਿਆ ਹੈ, ਚਾਹੇ ਉਹ ਕੱਪੜੇ ਦੀ ਹੋਵੇ, ਚਾਹੇ ਲੋਹੇ ਦੀ ਹੋਵੇ। ਸਾਡਾ ਰੱਖਿਅਕ ਅਕਾਲ ਪੁਰਖ ਹੈ।’’
ਉਨ੍ਹਾਂ ਕਿਹਾ, “ਸਾਡੇ ਸਰੋਤਾਂ ਵਿੱਚੋਂ ਵੀ ਇਸ ਸਬੰਧੀ ਉਦਾਹਰਣਾਂ ਮਿਲਦੀਆਂ ਹਨ। ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਏ ਮਰੈ।”
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ, ''ਦੂਜੇ ਵਿਸ਼ਵ ਯੁੱਧ ਦੌਰਾਨ ਸਿੱਖਾਂ ਨੇ ਦਸਤਾਰਾਂ ਸਜਾ ਕੇ ਆਪਣੀ ਬਹਾਦੁਰੀ ਦਿਖਾਈ। 1965, 1962 ਤੇ 71 ਦੀਆਂ ਜੰਗਾਂ 'ਚ ਵੀ ਸਿੱਖ ਸਿਪਾਹੀਆਂ ਨੇ ਦਸਤਾਰਾਂ ਸਜਾ ਕੇ ਵੈਰੀਆਂ ਨੂੰ ਜਵਾਬ ਦਿੱਤਾ, ਪਰ ਲੋਹ ਟੋਪ ਜਾਂ ਹੈਲਮੇਟ ਬਿਲਕੁਲ ਨਹੀਂ ਪਹਿਨਿਆ।’’

ਤਸਵੀਰ ਸਰੋਤ, Giana Harpreet Singh/FB
ਉਨ੍ਹਾਂ ਕਿਹਾ ਕਿ ਇਹ ਵੀ ਬਹੁਤ ਮੰਦਭਾਗੀ ਗੱਲ ਹੈ ਕਿ ਕੁਝ ਸੰਸਥਾਵਾਂ ਵੀ ਹੈਲਮੇਟ ਪਹਿਨਣ ਨੂੰ ਪ੍ਰਮੋਟ ਕਰ ਰਹੀਆਂ ਹਨ।
ਉਨ੍ਹਾਂ ਆਖਿਆ ਕਿ ਇਸ ਬਾਰੇ ਇੱਕ ਵੈੱਬਸਾਈਟ ਬਣਾ ਦਿੱਤੀ ਗਈ ਹੈ ਜੋ ਕਿ ਸਿੱਖਾਂ ਵਿਚਕਾਰ ਹੈਲਮੈਟ ਨੂੰ ਪ੍ਰਮੋਟ ਕਰਨ ਦਾ ਯਤਨ ਕਰ ਰਹੀ ਹੈ ਤੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅਕਾਲ ਤਖ਼ਤ ਜਥੇਦਾਰ ਨੇ ਕਿਹਾ ਕਿ ਭਾਰਤ ਸਰਕਾਰ ਤੇ ਭਾਰਤੀ ਫੌਜ ਦੇ ਅਫ਼ਸਰਾਂ ਨੂੰ ਇਸ ਮਸਲੇ 'ਤੇ ਗੌਰ ਕਰਨਾ ਚਾਹੀਦਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post

ਇਹ ਵੀ ਪੜ੍ਹੋ-

ਭਾਰਤ 'ਚ ਸਿੱਖ ਫੌਜੀਆਂ ਲਈ ਬਣ ਰਹੇ ਜੰਗਜੂ ਹੈਲਮੈਟ ਕਿਹੋ-ਜਿਹੇ
ਬੀਤੀ 5 ਜਨਵਰੀ ਨੂੰ ਭਾਰਤੀ ਫੌਜ ਲਈ ਕੇਂਦਰ ਸਰਕਾਰ ਨੇ ਸਿੱਖ ਫੌਜੀਆਂ ਲਈ 12,730 ਹੈਲਮੇਟ
ਪ੍ਰਾਪਤ ਕਰਨ ਲਈ ਟੈਂਡਰ ਜਾਰੀ ਕੀਤਾ ਹੈ।
ਭਾਰਤ ਵਿੱਚ ਪਿਛਲੇ ਸਾਲ 2022 ਵਿੱਚ ਕਾਨਪੁਰ ਆਧਾਰਿਤ ਐੱਮਕੇਯੂ ਕੰਪਨੀ ਨੇ ਸਿੱਖ ਫੌਜੀਆਂ ਦੇ ਸਿਰਾਂ 'ਤੇ ਪਾਉਣ ਲਈ ਹੈੱਡਗੇਅਰ ਬਣਾਉਣ ਦਾ ਦਾਅਵਾ ਕੀਤਾ ਸੀ। ਇਹ ਕੰਪਨੀ ਡਿਫੈਂਸ ਨਾਲ ਜੁੜੇ ਸਾਜੋ ਸਮਾਨ ਤਿਆਰ ਕਰਦੀ ਹੈ।
ਉਨ੍ਹਾਂ ਦੀ ਵੈਬਸਾਈਟ ਮੁਤਾਬਕ, ਕੰਪਨੀ ਨੇ ਸਮਾਰਟ ਡਿਜ਼ਾਈਨ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਵਿਕਸਤ ਕੀਤਾ ਗਿਆ, Kavro SCH 111 T ਇੱਕ ਵਿਸ਼ੇਸ਼ ਬੈਲਿਸਟਿਕ ਹੈਲਮੇਟ ਹੈ ਜੋ ਸਿੱਖ ਫੌਜੀਆਂ ਵੱਲੋਂ ਡਿਊਟੀ ਵੇਲੇ ਪਹਿਨਣ ਲਈ ਤਿਆਰ ਕੀਤਾ ਗਿਆ ਹੈ।

ਤਸਵੀਰ ਸਰੋਤ, MKU
ਇਸ ਦੀ ਖ਼ਾਸੀਅਤ ਇਹ ਹੈ ਕਿ ਹਰ ਤਰ੍ਹਾਂ ਦੇ ਜੰਗਜੂ ਮਾਹੌਲ ਵਿੱਚ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਨੂੰ ਸਿਰ ਦੇ ਆਕਾਰ ਦੇ ਮੁਤਾਬਕ ਡਿਜ਼ਾਈਨ ਕੀਤਾ ਗਿਆ ਹੈ।
ਇਸ ਦਾ ਭਾਰ ਅਤੇ ਇਸ ਵਿੱਚ ਵਰਤੀ ਗਈ ਸਮੱਗਰੀ ਨੂੰ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਇਸ ਨੂੰ ਲੰਬੇ ਸਮੇਂ ਤੱਕ ਪਾ ਕੇ ਰੱਖਿਆ ਜਾ ਸਕਦਾ ਹੈ।
ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਹੈਲਮੇਟ 40 ਫੀਸਦ ਦਿਮਾਗ਼ੀ ਸੱਟ ਨੂੰ ਘਟਾ ਸਕਦਾ ਹੈ।

ਤਸਵੀਰ ਸਰੋਤ, Getty Images
ਵੈੱਬਸਾਈਟ 'ਤੇ ਜਾਣਕਾਰੀ ਮੁਤਾਬਕ, ਇਸ ਹੈਲਮੇਟ ਵਿੱਚ ਫੰਗਲ ਇਨਫੈਕਸ਼ਨ ਦਾ ਖ਼ਤਰਾ ਘੱਟ ਰਹਿੰਦਾ ਹੈ ਅਤੇ ਕੈਮਿਕਲ ਵੀ ਸੁਰੱਖਿਅਤ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਹੈਲਮੇਟ ਨੂੰ ਪਾਉਣ ਨਾਲ ਕਿਸ ਤਰ੍ਹਾਂ ਦੀ ਕੋਈ ਐਲਰਜੀ ਨਹੀਂ ਹੁੰਦੀ ਅਤੇ ਇਹ ਸਾਰੇ ਮੌਸਮਾਂ ਵਿੱਚ ਆਸਾਨੀ ਨਾਲ ਪਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਇਹ ਫੌਜ ਵਿੱਚ ਵਰਤੇ ਜਾਣ ਵਾਲੇ ਹੋਰ ਸਾਜੋ-ਸਾਮਾਨ, ਜਿਵੇਂ ਕਿ ਹੈੱਡਫੋਨ ਆਦਿ ਦੇ ਇਸਤੇਮਾਲ ਲਈ ਵੀ ਸਹਾਇਕ ਹੈ।

ਤਸਵੀਰ ਸਰੋਤ, MKU
ਹੈਲਮੈਟ ਬਾਰੇ ਸਿੱਖ ਵਿਦਵਾਨ ਕੀ ਰਾਇ ਰੱਖਦੇ ਹਨ
ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਇਤਾਹਾਸ ਵਿੱਚ ਜਦੋਂ ਵੀ ਸਿੱਖਾਂ ਨੂੰ ਪੱਗ ਉਤਾਰ ਕੇ ਹੈਲਮੈਟ ਪਾਉਣ ਲਈ ਕਿਹਾ ਗਿਆ ਸੀ ਤਾਂ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਹੈ।
ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ, “ਜੋ ਹੈਲਮੈਟ ਆ ਰਿਹਾ ਹੈ, ਉਹ ਸਿੱਖਾਂ ਨੂੰ ਦਸਤਾਰ ਦੇ ਉਪਰ ਦੀ ਪਾਉਣ ਲਈ ਕਿਹਾ ਜਾ ਰਿਹਾ ਹੈ। ਇਸ ਹੈਲਮੈਟ ਲਈ ਤੁਸੀਂ ਦਸਤਾਰ ਉਤਾਰਨੀ ਨਹੀਂ ਹੈ।”
ਉਨ੍ਹਾਂ ਕਿਹਾ, “ਸਿੱਖ ਰਹਿਤ ਮਰਿਆਦਾ ਵਿੱਚ ਕੇਸਾਂ ਦੀ ਬਹੁਤ ਵੱਡੀ ਮਹਾਨਤਾ ਹੈ। ਇਸੇ ਕਾਰਨ ਅਨੰਦਪੁਰ ਸਾਹਿਬ ਨੂੰ ਕੇਸਗੜ੍ਹ ਸਾਹਿਬ ਕਹਿੰਦੇ ਹਨ। ਕੇਸਾਂ ਦੀ ਸੰਭਾਲ ਲਈ ਸਿੱਖ ਦਸਤਾਰ ਸਜਾਉਂਦੇ ਹਨ। ਅੱਜਕੱਲ੍ਹ ਜਦੋਂ ਗੋਲੀਆਂ ਨਾਲ ਲੜਾਈ ਹੁੰਦੀ ਹੈ ਤਾਂ ਦਸਤਾਰ ਨਾਲ ਤੁਸੀਂ ਜ਼ਖਮੀ ਹੋ ਸਕਦੇ ਹੋ। ਇਸ ਲਈ ਦਸਤਾਰ ਉਪਰ ਪਾਉਣ ਲਈ ਖਾਸ ਹੈਲਮੈਟ ਬਣਾਇਆ ਹੈ।”
“ਇਸ ਦਾ ਮਕਸਦ ਹੈ ਕਿ ਸਿੱਖ ਆਪਣੀ ਦਸਤਾਰ ਬੰਨੀ ਰੱਖਣ। ਇਹ ਇੱਕ ਤਰ੍ਹਾਂ ਦੀ ਢਾਲ ਹੈ। ਇਸ ਨੇ ਨਾ ਤਾਂ ਕੇਸਾਂ ਨੂੰ ਅਤੇ ਨਾ ਹੀ ਦਸਤਾਰ ਨੂੰ ਪਰੇਸ਼ਾਨ ਕਰਨਾ ਹੈ। ਇਹ ਸੁਰੱਖਿਆ ਵਿੱਚ ਸਹਾਇਕ ਹੋਵੇਗਾ”
ਢਿੱਲੋਂ ਨੇ ਕਿਹਾ, “ਇਸ ਮਸਲੇ ਨੂੰ ਸਹਿਜ਼ ਵਿੱਚ ਬੈਠ ਕੇ ਸਿਆਣੇ ਬੰਦਿਆਂ ਅਤੇ ਸਿੱਖ ਵਿਦਵਾਨਾਂ ਨਾਲ ਗੱਲ ਕਰਕੇ ਜਥੇਦਾਰ ਸਾਹਿਬ ਨੂੰ ਗੱਲ ਕਰਨੀ ਚਾਹੀਦੀ ਹੈ।”

ਹਰ ਚੀਜ ਸਿੱਖਾਂ ਦੇ ਵਿਰੁੱਧ ਨਹੀਂ ਹੈ: ਸੈਨਿਕ ਇਤਿਹਾਸਕਾਰ
ਸੈਨਿਕ ਇਤਿਹਾਸਕਾਰ ਮਨਦੀਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸਰਕਾਰ ਅਤੇ ਧਾਰਮਿਕ ਆਗੂ ਆਪਣੇ ਪੱਧਰ ਉਪਰ ਫੈਸਲੇ ਸੁਣਾ ਰਹੇ ਹਨ ਪਰ ਦੋਵਾਂ ਧਿਰਾਂ ਨੂੰ ਇਸ ਫੈਸਲੇ ਨਾਲ ਪ੍ਰਭਾਵਿਤ ਹੋਣ ਵਾਲੇ ਸੈਨਿਕਾਂ ਅਤੇ ਵਿਦਵਾਨਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।
ਮਨਦੀਪ ਸਿੰਘ ਬਾਜਵਾ ਨੇ ਕਿਹਾ, “ਇਹ ਬਹੁਤ ਅਹਿਮ ਮਸਲਾ ਹੈ। ਸਿੱਖ ਫੌਜੀਆਂ ਦੀ ਪਛਾਣ ਹੀ ਪੱਗ ਨਾਲ ਹੈ। ਦੂਜੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਨੇ ਹੈਲਮੈਟ ਲਾਜ਼ਮੀ ਕਰ ਦਿੱਤਾ ਸੀ ਪਰ ਸਿੱਖ ਜਵਾਨਾਂ ਨੇ ਪਾਉਣ ਤੋਂ ਨਾਂਹ ਕਰ ਦਿੱਤੀ ਸੀ ਜਿਸ ਲਈ ਉਹਨਾਂ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ਵਿੱਚ ਅੰਗਰੇਜ਼ਾਂ ਨੂੰ ਝੁਕਣਾ ਪਿਆ ਸੀ।”

ਤਸਵੀਰ ਸਰੋਤ, Getty Images
ਬਾਜਵਾ ਨੇ ਕਿਹਾ, “ਹੁਣ ਕਿਹਾ ਜਾ ਸਕਦਾ ਹੈ ਕਿ ਸਮਾਂ ਬਦਲ ਗਿਆ। ਲੋਕ ਸੁਰੱਖਿਆ ਬਾਰੇ ਸੋਚਦੇ ਹਨ। ਜੇਕਰ ਕਿਸੇ ਨੂੰ ਗੋਲੀ ਲੱਗਦੀ ਹੈ ਤਾਂ ਉਹ ਜਾਨਲੇਵਾ ਹੁੰਦੀ ਹੈ। ਮੈਂ ਇਕੱਲਾ ਹੈਲਮੈਟ ਪਾਉਣਾ ਹੀ ਨਹੀਂ ਕਹਾਂਗਾ ਪਰ ਇਸ ਬਾਰੇ ਸੋਚਣ ਦੀ ਤਾਂ ਲੋੜ ਹੈ।”
“ਮੱਧਕਾਲੀ ਇਤਿਹਾਸ ਵਿੱਚ ਸਿੱਖ ਮਿਸਲਾਂ ਵੇਲੇ ਜਾਂ ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਸਿੱਖ ਹੈਲਮੈਟ ਪਾਉਂਦੇ ਸਨ। ਇਹ ਹੈਲਮੈਟ ਲੋਹੇ ਦੇ ਹੁੰਦੇ ਸਨ।”
ਮਨਦੀਪ ਸਿੰਘ ਬਾਜਵਾ ਕਹਿੰਦੇ ਹਨ, “ਸਿਰਫ਼ ਧਾਰਮਿਕ ਜਾਂ ਸਿਆਸੀ ਆਗੂਆਂ ਦੇ ਵਿਚਾਰ ਹੀ ਨਹੀਂ ਸਗੋਂ ਇਤਿਹਾਸਕਾਰਾਂ ਅਤੇ ਬੁੱਧੀਜੀਵੀਆਂ ਦੇ ਨਾਲ-ਨਾਲ ਸਿੱਖ ਜਵਾਨਾਂ ਨੂੰ ਵੀ ਪੁੱਛੋ। ਫੌਜ ਦੀ ਇੱਕ ਪ੍ਰਥਾ ਹੈ ਸੈਨਿਕ ਸੰਮੇਲਨ ਜਾਂ ਦਰਬਾਰ, ਜਿਸ ਵਿੱਚ ਅਫ਼ਸਰ ਯੂਨਿਟਾਂ ਨੂੰ ਕਿਸੇ ਵੀ ਮਸਲੇ ਵਾਲੇ ਵਿਚਾਰ ਪੁੱਛਦੇ ਹਨ।”
“ਇਹ ਸੋਚ ਸਮਝ ਕੇ ਸੰਵਾਦ ਤੋਂ ਬਾਅਦ ਫੈਸਲਾ ਲੈਣਾ ਪਵੇਗਾ। ਇਸ ਵਿੱਚ ਦੇਖਣਾ ਹੋਵੇਗਾ ਕਿ ਸਿੱਖ ਫੌਜੀ ਦੀ ਧਾਰਨਾ ਕੀ ਹੈ ਜਾਂ ਸੁਰੱਖਿਆ ਦੇ ਕੀ ਪੁਖਤਾ ਇੰਤਜ਼ਾਮ ਕੀਤੇ ਜਾ ਸਕਦੇ ਹਨ। ਹਰ ਚੀਜ ਸਿੱਖਾਂ ਦੇ ਵਿਰੁੱਧ ਨਹੀਂ ਹੈ। ਸਿੱਖਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ।”












