ਅਮਰੀਕੀ ਵੀਜ਼ਾ ਲੈਣ ਵਾਲਿਆਂ ਨੂੰ ਹੁਣ ਨਹੀਂ ਕਰਨੀ ਪਵੇਗੀ ਲੰਬੀ ਉਡੀਕ, ਸਰਕਾਰ ਦਾ ਨਵਾਂ ਕਦਮ

ਭਾਰਤ ਵਿੱਚ ਅਮਰੀਕੀ ਸਫ਼ਾਰਤਖਾਨੇ ਅਤੇ ਇਸ ਦੇ ਕੌਂਸਲੇਟਾਂ ਨੇ ਦੇਸ਼ ਭਰ ਵਿੱਚ ਵੀਜ਼ਾ ਲਈ ਉਡੀਕ ਕਰਨ ਦਾ ਸਮਾਂ ਘਟਾਉਣ ਅਤੇ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਈ ਕਦਮ ਚੁੱਕੇ ਹਨ।

ਜ਼ਿਕਰਯੌਗ ਕਿ ਵਰਤਮਾਨ ਸਮੇਂ ਵਿੱਚ ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਸੈਲਾਨੀਆਂ ਲਈ ਉਡੀਕ ਦਾ ਸਮਾਂ 500 ਤੋਂ 600 ਦਿਨਾਂ ਦਾ ਹੈ।

ਬੀਤੇ ਸਮੇਂ ਦੌਰਾਨ ਸ਼ੁਰੂ ਹੋਈ ਕੋਵਿਡ ਮਹਾਮਾਰੀ ਨੇ ਆਮ ਜਨ-ਜੀਵਨ ਅਤੇ ਹੋਰ ਕੰਮਾਂ ਦੇ ਨਾਲ-ਨਾਲ ਵੀਜ਼ਾ ਸਬੰਧੀ ਕੰਮਾਂ ਨੂੰ ਵੀ ਖ਼ਾਸ ਪ੍ਰਭਾਵਿਤ ਕੀਤਾ ਹੈ।

ਇਸ ਦਾ ਸਿੱਧਾ ਅਸਰ ਉਨ੍ਹਾਂ ਲੋਕਾਂ ਅਤੇ ਵਿਦਿਆਰਥੀਆਂ 'ਤੇ ਪਿਆ ਜਿਨ੍ਹਾਂ ਨੇ ਆਪਣੇ ਕੰਮ ਜਾਂ ਪੜ੍ਹਾਈ ਆਦਿ ਦੇ ਉਦੇਸ਼ਾਂ ਨਾਲ ਵਿਦੇਸ਼ਾਂ ਵਿੱਚ ਜਾਣਾ ਸੀ।

ਹੁਣ, ਅਮਰੀਕੀ ਸਫ਼ਾਰਤਖਾਨੇ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਨਾਲ ਅਮਰੀਕਾ ਜਾਣ ਦੇ ਚਾਹਵਾਨ ਉਨ੍ਹਾਂ ਲੋਕਾਂ ਨੂੰ ਫ਼ਾਇਦਾ ਹੋਵੇਗਾ, ਜੋ ਲੰਮੇ ਸਮੇਂ ਤੋਂ ਇਸ ਦੀ ਉਡੀਕ ਕਰ ਰਹੇ ਸਨ।

ਅਮਰੀਕੀ ਦੂਤਾਵਾਸ ਨੇ ਕੀ ਕਿਹਾ

ਅਮਰੀਕੀ ਦੂਤਾਵਾਸ ਦਾ ਕਹਿਣਾ ਹੈ ਕਿ ਕੋਵਿਡ ਮਹਾਮਾਰੀ ਕਾਰਨ, ਭਾਰਤ 'ਚ ਦੂਤਾਵਾਸ ਦੀਆਂ ਸੇਵਾਵਾਂ ਬਹੁਤ ਪ੍ਰਭਾਵਿਤ ਹੋਈਆਂ ਹਨ ਜਿਸ ਕਾਰਨ ਇੱਕ ਵੱਡਾ ਬੈਕਲਾਗ ਬਣ ਗਿਆ ਹੈ। ਯਾਨੀ ਅਰਜ਼ੀਆਂ ਜਿਨ੍ਹਾਂ ’ਤੇ ਵਿਚਾਰ ਕੀਤਾ ਜਾਣਾ ਸੀ, ਨਹੀਂ ਹੋ ਸਕਿਆ।

ਸੌਖੇ ਸ਼ਬਦਾਂ ਵਿੱਚ ਇਸ ਦਾ ਅਰਥ ਹੈ ਕਿ ਵੀਜ਼ਾ ਨਾਲ ਸਬੰਧਿਤ ਬਹੁਤ ਸਾਰਾ ਕੰਮ ਸਮੇਂ ਸਿਰ ਨਹੀਂ ਹੋ ਸਕਿਆ ਸੀ ਅਤੇ ਹੁਣ ਬਹੁਤ ਕੰਮ ਇਕੱਠਾ ਹੋ ਗਿਆ ਹੈ, ਜਿਸ ਨੂੰ ਨਿਪਟਾਉਣ ਦੀ ਤਿਆਰੀ ਹੈ।

ਦੂਤਾਵਾਸ ਮੁਤਾਬਕ, ਇਸੇ ਕਾਰਨ ਕਈ ਭਾਰਤੀ ਕਾਰੋਬਾਰ ਅਤੇ ਹਜ਼ਾਰਾਂ ਅਜਿਹੇ ਭਾਰਤੀ ਪ੍ਰਭਾਵਿਤ ਹੋਏ ਹਨ ਜੋ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਲਈ ਵੀਜ਼ੇ 'ਤੇ ਨਿਰਭਰ ਕਰਦੇ ਹਨ।

ਦੂਤਾਵਾਸ ਦੀ ਵੈੱਬਸਾਈਟ 'ਤੇ ਇੱਕ ਬਿਆਨ ਜਾਰੀ ਕਰਕੇ ਮੁੰਬਈ ਦੇ ਕੌਂਸਲਰ ਚੀਫ ਜੌਨ ਬੈਲਾਰਡ ਨੇ ਕਿਹਾ, ''ਭਾਰਤ 'ਚ ਸਾਡੀਆਂ ਕੌਂਸਲਰ ਟੀਮਾਂ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਡੀਕ ਸਮੇਂ ਨੂੰ ਘੱਟ ਕਰਨ ਲਈ ਵਾਧੂ ਘੰਟੇ ਕੰਮ ਕਰ ਰਹੀਆਂ ਹਨ।''

ਉਨ੍ਹਾਂ ਅੱਗੇ ਕਿਹਾ, "ਯੂਐੱਸ ਦੀ ਯਾਤਰਾ ਦੀ ਸਹੂਲਤ ਲਈ ਹੱਲ ਲੱਭਣ ਦਾ ਮਿਸ਼ਨ ਚੱਲ ਰਿਹਾ ਹੈ ਅਤੇ ਇਹ ਸਭ ਉਸੇ ਮਿਸ਼ਨ ਤਹਿਤ ਕੀਤੇ ਜਾ ਰਹੇ ਯਤਨ ਹਨ।''

ਕਿੰਨੀ ਉਡੀਕ ਕਰਨੀ ਪੈਂਦੀ ਹੈ

ਵਰਕ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਲਈ, ਵਰਤਮਾਨ ਵਿੱਚ ਉਡੀਕ ਸਮਾਂ 60 ਤੋਂ 280 ਦਿਨਾਂ ਤੱਕ ਦਾ ਹੈ ਜਦਕਿ ਵਿਜ਼ਿਟਰ ਵਜੋਂ ਜਾਣ ਦੇ ਚਾਹਵਾਲ ਲੋਕਾਂ ਲਈ ਇਹ ਸਮਾਂ ਲਗਭਗ ਡੇਢ ਸਾਲ ਦਾ ਹੈ।

ਹਾਲਾਂਕਿ ਇਸ ਦੇ ਬਿਲਕੁਲ ਉਲਟ, ਯੂਰਪੀਅਨ ਸ਼ਹਿਰਾਂ ਤੋਂ ਜਾਣ ਵਾਲਿਆਂ ਲਈ ਇਹ ਸਮਾਂ ਲਗਭਗ 20 ਦਿਨ ਦਾ ਹੈ।

ਬੀਜਿੰਗ ਅਤੇ ਕੋਲੰਬੋ ਵਰਗੇ ਏਸ਼ੀਆਈ ਸ਼ਹਿਰਾਂ ਵਿੱਚ ਵੀਜ਼ਾ ਦੀ ਅਰਜ਼ੀ ਦੇਣ ਵਾਲਿਆਂ ਨੂੰ ਤਕਰੀਬਨ 30-35 ਦਿਨ ਉਡੀਕ ਕਰਨੀ ਪੈਂਦੀ ਹੈ।

ਉਹ ਅੰਕੜੇ ਯੂਐੱਸ ਸਟੇਟ ਡਿਪਾਰਟਮੈਂਟ ਦੇ ਅਨੁਮਾਨਾਂ ਮੁਤਾਬਕ ਹਨ।

ਅਮਰੀਕਾ ਦੇ ਵੀਜ਼ੇ ਲਈ ਉਡੀਕ ਕਿੰਨੀ ਲੰਬੀ

  • ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਲੋਕਾਂ ਲਈ ਵੀਜ਼ਾ ਵਾਸਤੇ ਇੰਤਜ਼ਾਰ ਦਾ ਸਮਾਂ ਹੋਵੇਗਾ ਘੱਟ
  • ਭਾਰਤ 'ਚ ਅਮਰੀਕੀ ਦੂਤਾਵਾਸ ਵੱਲੋਂ ਚੁੱਕੇ ਜਾ ਰਹੇ ਹਨ ਕਈ ਅਹਿਮ ਕਦਮ
  • ਇਨ੍ਹਾਂ ਵਿੱਚ ਦੂਸਵਾਸ ਵੱਲੋਂ ਕੰਮ ਦੇ ਘੰਟਿਆਂ ਨੂੰ ਵਧਾਉਣ ਸਣੇ ਸਟਾਫ਼ ਵਿੱਚ ਵਧਾਉਣ ਦੀ ਵੀ ਤਜਵੀਜ਼ ਹੈ
  • ਪਹਿਲੀ ਵਾਰ ਵੀਜ਼ਾ ਅਰਜ਼ੀ ਦੇਣ ਵਾਲਿਆਂ ਲਈ ਸ਼ਨੀਵਾਰ ਨੂੰ ਇੰਟਰਵਿਊ ਰੱਖੀ ਜਾਵੇਗੀ
  • ਮੌਜੂਦਾ ਸਮੇਂ 'ਚ ਵਰਕ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਲਈ, ਉਡੀਕ ਸਮਾਂ 60 ਤੋਂ 280 ਦਿਨਾਂ ਦਾ ਹੈ

ਸ਼ਨੀਵਾਰ ਨੂੰ ਵੀ ਸਫ਼ਾਰਤਖਾਨੇ ਖੁੱਲ੍ਹੇ ਰਹਿਣਗੇ

ਯੂਐੱਸ ਮਿਸ਼ਨ ਨੇ ਕਿਹਾ ਹੈ ਕਿ ਦਿੱਲੀ ਵਿੱਚ ਉਸ ਦੇ ਦੂਤਾਘਰ ਅਤੇ ਮੁੰਬਈ, ਚੇੱਨਈ, ਕੋਲਕਾਤਾ ਅਤੇ ਹੈਦਰਾਬਾਦ ਵਿੱਚ ਕੌਂਸਲੇਟਸ ਹੁਣ ਸ਼ਨੀਵਾਰ ਨੂੰ ਵੀ ਖੁਲ੍ਹੇ ਰਹਿਣਗੇ ਤਾਂ ਜੋ ਉਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ਜਿਨ੍ਹਾਂ ਨੂੰ ਵਿਅਕਤੀਗਤ ਵੀਜ਼ਾ ਇੰਟਰਵਿਊ ਲਈ ਆਉਂਣ ਪੈਂਦਾ ਹੈ।

ਮੁੰਬਈ ਵਿੱਚ ਕੌਂਸਲੇਟ ਜਨਰਲ ਨੇ ਵਾਧੂ ਮੁਲਾਕਾਤਾਂ ਲਈ ਸਮਾਂ ਕੱਢਣ ਵਾਸਤੇ ਹਫ਼ਤੇ ਦੇ ਦਿਨਾਂ ਵਿੱਚ ਆਪਣੇ ਕੰਮਕਾਜ ਦੇ ਘੰਟੇ ਵੀ ਵਧਾ ਦਿੱਤੇ ਹਨ।

ਪਹਿਲੀ ਵਾਰ ਵੀਜ਼ਾ ਅਰਜ਼ੀ ਭਰਨ ਵਾਲਿਆਂ ਲਈ ਸਹੂਲਤ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਯੂਐੱਸ ਦੂਤਘਰ ਨੇ ਪਹਿਲੀ ਵਾਰ ਅਮਰੀਕੀ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਲਈ ਉਚੇਚੇ ਤੌਰ ’ਤੇ ਇੰਟਰਵਿਊ ਰੱਖਣ ਲਈ ਸ਼ਨੀਵਾਰ ਨੂੰ ਕੰਮ ਕਰਨ ਦੀ ਗੱਲ ਕਹਿ ਹੈ।

ਮਿਸ਼ਨ ਦੁਆਰਾ ਦਿੱਤੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ''21 ਜਨਵਰੀ ਨੂੰ, ਭਾਰਤ 'ਚ ਯੂਐੱਸ ਮਿਸ਼ਨ ਨੇ ਸ਼ਨੀਵਾਰ ਨੂੰ ਰੱਖੇ ਜਾਣ ਵਾਲੇ ਵਿਸ਼ੇਸ਼ ਇੰਟਰਵਿਊਜ਼ ਦੀ ਪਹਿਲੀ ਸੀਰੀਜ਼ ਦੀ ਸ਼ੁਰੂਆਤ ਕਰ ਦਿੱਤੀ ਹੈ।''

''ਇਸ ਦਾ ਉਦੇਸ਼ ਪਹਿਲੀ ਵਾਰ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਇੰਤਜ਼ਾਰ ਦੇ ਸਮੇਂ ਨੂੰ ਘੱਟ ਕਰਨਾ ਹੈ।''

ਇਸ ਦੇ ਨਾਲ ਹੀ, ਪਹਿਲਾਂ ਤੋਂ ਯੂਐੱਸ ਵੀਜ਼ਾ ਵਾਲੇ ਬਿਨੈਕਾਰਾਂ ਲਈ ਇੰਟਰਵਿਊ ਪ੍ਰਕਿਰਿਆ ਨੂੰ ਸੁਖਾਲਾ ਬਣਾਇਆ ਗਿਆ ਹੈ ਜਿਸ ਦੇ ਤਹਿਤ ਉਹ ਆਨਲਾਈਨ ਹੀ ਇੰਟਰਵਿਊ 'ਚ ਸ਼ਾਮਲ ਹੋ ਸਕਦੇ ਹਨ।

ਵਧਾਇਆ ਜਾਵੇਗਾ ਸਟਾਫ਼

ਮਿਸ਼ਨ ਨੇ ਇਹ ਵੀ ਕਿਹਾ ਕਿ ਯੂਐੱਸ ਸਟੇਟ ਡਿਪਾਰਟਮੈਂਟ ਜਲਦ ਹੀ ਭਾਰਤ ਦੇ ਦਫਤਰਾਂ ਵਿੱਚ ਸਥਾਈ ਤੌਰ 'ਤੇ ਨਿਯੁਕਤ ਕੀਤੇ ਗਏ ਕੌਂਸਲਰ ਅਫਸਰਾਂ ਦੀ ਗਿਣਤੀ ਵਧਾਏਗਾ।

ਆਪਣੀ ਪ੍ਰੋਸੈਸਿੰਗ ਸਮਰੱਥਾ ਨੂੰ ਵਧਾਉਣ ਲਈ, ਮਾਰਚ ਤੱਕ ਵਾਸ਼ਿੰਗਟਨ ਅਤੇ ਹੋਰ ਦੂਤਾਵਾਸਾਂ ਤੋਂ ਦਰਜਨਾਂ ਅਸਥਾਈ ਕੌਂਸਲਰ ਅਫਸਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਬਿਆਨ ਵਿੱਚ ਕਿਹਾ ਗਿਆ ਹੈ ਕਿ "ਭਾਰਤ ਵਿੱਚ ਯੂਐੱਸ ਮਿਸ਼ਨ ਨੇ ਵੈਧ ਯਾਤਰਾ ਦੀ ਸਹੂਲਤ ਨੂੰ ਤਰਜੀਹ ਦਿੱਤੀ ਹੈ ਅਤੇ 2022 ਵਿੱਚ 800,000 ਤੋਂ ਵੱਧ ਗੈਰ-ਪ੍ਰਵਾਸੀ ਵੀਜ਼ਿਆਂ 'ਤੇ ਫੈਸਲਾ ਕੀਤਾ ਹੈ, ਜਿਸ ਵਿੱਚ ਵਿਦਿਆਰਥੀ ਅਤੇ ਰੁਜ਼ਗਾਰ ਵੀਜ਼ਾ ਦੋਵਾਂ ਦੀ ਰਿਕਾਰਡ ਸੰਖਿਆ ਸ਼ਾਮਲ ਹੈ।"

ਮਿਸ਼ਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ 2022 ਵਿੱਚ B1/B2 ਵੀਜ਼ਾ ਲਈ 250,000 ਵਾਧੂ ਇੰਟਰਵਿਊ ਕੀਤੇ।

ਇਹ ਵੀ ਪੜ੍ਹੋ:

ਪਿਛਲੇ ਸਾਲ ਉਡੀਕ ਕਿੰਨੀ ਲੰਬੀ ਸੀ

ਸਾਲ 2022 'ਚ ਅਮਰੀਕਾ ਦੇ ਵੀਜ਼ਾ ਦੀ ਅਪਾਇੰਟਮੈਂਟ ਲਈ ਘੱਟੋ-ਘੱਟ 500 ਦਿਨ ਯਾਨੀ ਕਰੀਬ ਡੇਢ ਸਾਲ ਇੰਤਜ਼ਾਰ ਕਰਨਾ ਪੈ ਰਿਹਾ ਸੀ।

ਅਗਸਤ 2022 'ਚ ਅਮਰੀਕੀ ਸਰਕਾਰ ਦੀ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਦਿੱਤੀ ਗਈ ਸੀ ਕਿ ਦਿੱਲੀ ਤੋਂ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਵਿਜ਼ੀਟਰ ਵੀਜ਼ਾ ਲਈ 582 ਦਿਨ, ਸਟੂਡੈਂਟ ਵੀਜ਼ਾ ਲਈ 471 ਦਿਨ ਅਤੇ ਬਾਕੀ ਵੀਜ਼ਾ ਲਈ 198 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ।

ਜਦਕਿ ਮੁੰਬਈ ਤੋਂ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਨੂੰ ਵਿਜ਼ੀਟਰ ਵੀਜ਼ਾ ਲਈ 580 ਦਿਨ, ਸਟੂਡੈਂਟ ਵੀਜ਼ਾ ਲਈ 12 ਦਿਨ ਅਤੇ ਬਾਕੀ ਵੀਜ਼ਾ ਲਈ 100 ਦਿਨਾਂ ਦਾ ਇੰਤਜ਼ਾਰ ਕਰਨ ਦੀ ਗੱਲ ਕਹੀ ਗਈ ਸੀ।

ਵ੍ਹਾਈਟ ਹਾਊਸ ਨੇ ਕੀ ਕਿਹਾ ਸੀ

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪਿਛਲੇ ਸਾਲ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਅਨ ਪਿਰੇ ਨੇ ਆਪਣੀ ਰੋਜ਼ਾਨਾ ਦੀ ਪ੍ਰੈੱਸ ਕਾਨਫਰੰਸ ਦੌਰਾਨ ਇਸ ਸਬੰਧੀ ਸੰਕੇਤ ਦਿੱਤੇ ਸਨ ਕਿ ਜੋਅ ਬਾਇਡਨ ਦੀ ਸਰਕਾਰ ਭਾਰਤ 'ਚ ਵੀਜ਼ਾ 'ਚ ਹੋ ਰਹੀ ਦੇਰੀ ਤੋਂ ਜਾਣੂ ਹੈ।

ਉਸ ਦੌਰਾਨ ਭਾਰਤ 'ਚ ਅਮਰੀਕੀ ਵੀਜ਼ਾ ਅਪੁਆਇੰਟਮੈਂਟ ਲਈ 1000 ਤੋਂ ਵੀ ਜ਼ਿਆਦਾ ਦਿਨਾਂ ਦਾ ਲੰਮਾ ਇੰਤਜ਼ਾਰ ਕਰਨਾ ਹੈ ਰਿਹਾ ਸੀ।

ਇਸੇ ਬਾਰੇ ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਸੀ, ''ਅਸੀਂ ਦੁਨੀਆਂ ਭਰ ਵਿੱਚ ਵੀਜ਼ਾ ਇੰਟਰਵਿਊ ਲਈ ਇੰਤਜ਼ਾਰ ਦੇ ਸਮੇਂ ਨੂੰ ਸਫਲਤਾਪੂਰਵਕ ਘਟਾ ਰਹੇ ਹਾਂ ਅਤੇ ਅਸੀਂ ਇਸ ਮਹੱਤਵਪੂਰਨ ਕੰਮ ਲਈ ਅਮਰੀਕੀ ਵਿਦੇਸ਼ ਸੇਵਾ ਦੇ ਕਰਮਚਾਰੀਆਂ ਦੀ ਭਰਤੀ ਨੂੰ ਦੁੱਗਣਾ ਕਰ ਦਿੱਤਾ ਹੈ।''

''ਵੀਜ਼ਾ ਸਬੰਧੀ ਕੰਮ ਅਨੁਮਾਨਤ ਸਮੇਂ ਨਾਲੋਂ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਇਸ ਸਾਲ ਅਸੀਂ ਮਹਾਮਾਰੀ ਤੋਂ ਪਹਿਲਾਂ ਵਾਲੇ ਪੱਧਰ ਤੱਕ ਪਹੁੰਚਣ ਦੀ ਉਮੀਦ ਕਰਦੇ ਹਾਂ।''

ਯੂਐੱਸ ਵੀਜ਼ਾ ਦੇ ਮਾਮਲੇ 'ਚ ਭਾਰਤ ਕਿਹੜੇ ਸਥਾਨ 'ਤੇ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਯੂਐੱਸ ਵੱਲੋਂ ਵੀਜ਼ਾ ਜਾਰੀ ਕਰਨ ਦੇ ਮਾਮਲੇ ਵਿੱਚ ਭਾਰਤ ਫ਼ਿਲਹਾਲ ਤੀਜੇ ਸਥਾਨ 'ਤੇ ਹੈ।

ਭਾਰਤ ਤੋਂ ਪਹਿਲਾਂ ਮੈਕਸੀਕੋ ਅਤੇ ਚੀਨ ਆਉਂਦੇ ਹਨ, ਜਿਨ੍ਹਾਂ ਨੂੰ ਯੂਐੱਸ ਵੀਜ਼ਾ ਜਾਰੀ ਕੀਤੇ ਜਾਂਦੇ ਹਨ।

ਹਾਲਾਂਕਿ ਇੱਕ ਅਧਿਕਾਰੀ ਮੁਤਾਬਕ, ਆਉਂਦੀਆਂ ਗਰਮੀਆਂ ਤੱਕ ਵੀਜ਼ਾ ਜਾਰੀ ਹੋਣ ਦੇ ਮਾਮਲੇ ਵਿੱਚ ਭਾਰਤ ਦੂਜੇ ਨੰਬਰ 'ਤੇ ਆ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)