ਪੰਜਾਬ ਦੇ ਆਦਮਪੁਰ ਏਅਰਬੇਸ ਨੂੰ ਹੀ ਪ੍ਰਧਾਨ ਮੰਤਰੀ ਮੋਦੀ ਨੇ ਦੌਰੇ ਲਈ ਕਿਉਂ ਚੁਣਿਆ – 3 ਨੁਕਤਿਆਂ ਵਿੱਚ ਸਮਝੋ

    • ਲੇਖਕ, ਇਸ਼ਾਦ੍ਰਿਤਾ ਲਹਿੜੀ
    • ਰੋਲ, ਬੀਬੀਸੀ ਪੱਤਰਕਾਰ

'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਤੋਂ ਅਗਲੇ ਦਿਨ, ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਆਦਮਪੁਰ ਸਥਿਤ ਏਅਰ ਫੋਰਸ ਸਟੇਸ਼ਨ ਗਏ। ਇਸ ਫੇਰੀ ਦੇ ਪ੍ਰੋਗਰਾਮ ਨੂੰ ਬਹੁਤ ਗੁਪਤ ਰੱਖਿਆ ਗਿਆ ਸੀ।

ਆਦਮਪੁਰ ਵਿੱਚ ਪ੍ਰਧਾਨ ਮੰਤਰੀ ਨੇ ਭਾਰਤੀ ਹਵਾਈ ਫੌਜ (ਆਈਏਐੱਫ) ਦੇ ਸੈਨਿਕਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ।

ਆਪਣੇ ਭਾਸ਼ਣ ਵਿੱਚ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਦਹਿਸ਼ਗਰਦਾਂ ਦੇ ਆਕਾਵਾਂ ਨੂੰ ਸਮਝ ਆ ਗਿਆ ਹੈ ਕਿ ਭਾਰਤ ਵੱਲ ਅੱਖਾਂ ਚੁੱਕਣ ਦਾ ਇੱਕ ਹੀ ਅੰਜਾਮ ਹੋਵੇਗਾ- ਤਬਾਹੀ।'

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਲਕਸ਼ਮਣ ਰੇਖਾ ਬਹੁਤ ਸਪੱਸ਼ਟ ਹੈ। ਹੁਣ ਜੇਕਰ ਕੋਈ ਦਹਿਸ਼ਤਗਰਦੀ ਹਮਲਾ ਹੋਇਆ ਤਾਂ ਭਾਰਤ ਹੋਰ ਸਖ਼ਤ ਜਵਾਬ ਦੇਵੇਗਾ।"

"ਇਹ ਅਸੀਂ ਸਰਜੀਕਲ ਸਟ੍ਰਾਈਕ, ਏਅਰਸਟ੍ਰਾਈਕ ਵਿੱਚ ਦੇਖਿਆ ਅਤੇ ਹੁਣ ਆਪ੍ਰੇਸ਼ਨ ਸਿੰਦੂਰ ਭਾਰਤ ਦਾ ਨਿਊ ਨਾਰਮਲ ਹੈ।"

ਆਦਮਪੁਰ ਏਅਰਬੇਸ

ਜਦੋਂ ਪ੍ਰਧਾਨ ਮੰਤਰੀ ਭਾਸ਼ਣ ਦੇ ਰਹੇ ਸਨ ਤਾਂ ਤਸਵੀਰਾਂ ਵਿੱਚ ਉਨ੍ਹਾਂ ਦੇ ਪਿੱਛੇ ਭਾਰਤ ਦੀ ਐੱਸ-400 ਹਵਾਈ ਰੱਖਿਆ ਪ੍ਰਣਾਲੀ ਅਤੇ ਮਿਗ-29 ਲੜਾਕੂ ਜਹਾਜ਼ ਦੇਖੇ ਜਾ ਸਕਦੇ ਸਨ।

ਇਹ ਤਸਵੀਰ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਪ੍ਰਧਾਨ ਮੰਤਰੀ ਨੇ ਸੈਨਿਕਾਂ ਵਿੱਚ ਜਾਣ ਲਈ ਆਦਮਪੁਰ ਨੂੰ ਕਿਉਂ ਚੁਣਿਆ।

ਆਦਮਪੁਰ ਭਾਰਤ ਦਾ ਦੂਜਾ ਸਭ ਤੋਂ ਵੱਡਾ ਏਅਰਬੇਸ ਹੈ। ਇਹ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੈ।

ਆਦਮਪੁਰ ਦੀ ਰਡਾਰ ਅਤੇ ਨਿਗਰਾਨੀ ਸਮਰੱਥਾ ਪੰਜਾਬ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਸਣੇ ਉੱਤਰ ਭਾਰਤ ਦੇ ਵਿਸ਼ਾਲ ਹਿੱਸਿਆਂ ਨੂੰ ਕਵਰ ਕਰਦੀਆਂ ਹਨ।

ਇਸ ਨੇ 'ਆਪ੍ਰੇਸ਼ਨ ਸਿੰਦੂਰ' ਅਤੇ ਪਾਕਿਸਤਾਨ ਖ਼ਿਲਾਫ਼ ਕਾਰਵਾਈ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

9 ਅਤੇ 10 ਮਈ ਵਿਚਾਲੇ ਆਦਮਪੁਰ ਏਅਰਬੇਸ ਨੂੰ ਸਰਹੱਦ ਪਾਰ ਤੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਭਾਰਤ ਨੇ ਕਿਹਾ ਕਿ ਇਸ ਨੂੰ ਨਾਕਾਮ ਕਰ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਦੇ ਆਦਮਪੁਰ ਜਾਣ ਦੇ ਕਾਰਨ ਨੂੰ ਸਮਝਣ ਲਈ ਬੀਬੀਸੀ ਨੇ ਸੁਰੱਖਿਆ ਅਤੇ ਸਿਆਸੀ ਵਿਸ਼ਲੇਸ਼ਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸ ਦੇ ਤਿੰਨ ਕਾਰਨ ਦੱਸੇ ਹਨ।

ʻਗ਼ਲਤ ਸੂਚਨਾਵਾਂ ਦਾ ਜਵਾਬʼ

ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਦੌਰਾਨ, ਸੋਸ਼ਲ ਮੀਡੀਆ 'ਤੇ ਪਾਕਿਸਤਾਨ ਵੱਲੋਂ ਅਫ਼ਵਾਹਾਂ ਫੈਲ ਗਈਆਂ ਕਿ ਉਸ ਦੀਆਂ ਮਿਜ਼ਾਇਲਾਂ ਨੇ ਆਦਮਪੁਰ ਵਿੱਚ ਹਵਾਈ ਰੱਖਿਆ ਪ੍ਰਣਾਲੀ ਨੂੰ ਨਿਸ਼ਾਨਾ ਬਣਾਇਆ ਹੈ। ਭਾਰਤ ਨੇ ਇਸ ਦਾ ਜ਼ੋਰਦਾਰ ਖੰਡਨ ਕੀਤਾ।

ਰੱਖਿਆ ਅਤੇ ਰਣਨੀਤਕ ਮਾਮਲਿਆਂ ਦੇ ਮਾਹਰ ਮੇਜਰ ਜਨਰਲ (ਸੇਵਾਮੁਕਤ) ਐੱਸਵੀਪੀ ਸਿੰਘ ਦੇ ਅਨੁਸਾਰ, ਪਾਕਿਸਤਾਨ ਦੀਆਂ ਗ਼ਲਤ ਸੂਚਨਾਵਾਂ ਦਾ ਸਿੱਧਾ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਨੇ ਆਦਮਪੁਰ ਨੂੰ ਚੁਣਿਆ।

ਮੇਜਰ ਜਨਰਲ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਮਹਿਜ਼ ਸੰਕੇਤਾਤਮਕ ਨਹੀਂ ਸੀ। ਇਹ ਰਣਨੀਤਕ ਤੌਰ 'ਤੇ ਸੋਚਿਆ-ਸਮਝਿਆ ਜਵਾਬੀ ਹਮਲਾ ਸੀ।"

"ਇਸ ਰਾਹੀਂ ਉਨ੍ਹਾਂ ਨੇ ਗ਼ਲਤ ਜਾਣਕਾਰੀ ਦਾ ਖੰਡਨ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਭਾਰਤ ਦੇ ਨਵੇਂ ਸਿਧਾਂਤ ਨੂੰ ਵੀ ਮਜ਼ਬੂਤੀ ਨਾਲ ਸਾਹਮਣੇ ਰੱਖਿਆ। ਇਸ ਸਿਧਾਂਤ 'ਤੇ ਸਰਗਰਮੀ ਨਾਲ ਅਮਲ ਕੀਤਾ ਗਿਆ ਹੈ।"

ਉਹ ਕਹਿੰਦੇ ਹਨ, "ਪਾਕਿਸਤਾਨ ਨੇ ਐੱਸ-400 ਪ੍ਰਣਾਲੀ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਸੀ, ਉਸ ਦੇ ਸਾਹਮਣੇ ਪੀਐੱਮ ਮੋਦੀ ਨੇ ਖੜ੍ਹੇ ਹੋ ਕੇ ਸੰਬੋਧਨ ਕੀਤਾ।"

"ਇਸ ਨਾਲ ਉਨ੍ਹਾਂ ਨੇ ਯੁੱਧ ਦੀ ਪੂਰੀ ਕਹਾਣੀ ਬਦਲ ਦਿੱਤੀ। ਇਸ ਨੇ ਯੁੱਧ ਦੌਰਾਨ ਚੱਲ ਰਹੇ ਪ੍ਰੋਪੈਗੰਡਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਇਹ ਭਾਰਤ ਦੀ ਭਰੋਸੇਯੋਗਤਾ ਦੀ ਜਿੱਤ ਹੈ। ਇਹ ਨਾ ਸਿਰਫ਼ ਫੌਜ ਨੂੰ ਸਗੋਂ ਪੂਰੇ ਦੇਸ਼ ਨੂੰ ਵਿਸ਼ਵਾਸ ਦਿੰਦਾ ਹੈ।"

'ਭਾਰਤੀ ਹਵਾਈ ਸੈਨਾ ਦੀ ਸਮਰੱਥਾ ਦਾ ਅਹਿਸਾਸ ਕਰਵਾਉਣਾʼ

ʻਆਪ੍ਰੇਸ਼ਨ ਸਿੰਦੂਰʼ ਤਿੰਨਾਂ ਫੌਜਾਂ ਦਾ ਸਾਂਝਾ ਆਪ੍ਰੇਸ਼ਨ ਸੀ। ਹਾਲਾਂਕਿ, ਹਵਾਈ ਸੈਨਾ ਨੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੇ ਸੰਬੋਧਨ ਲਈ ਏਅਰਬੇਸ ਦੀ ਚੋਣ ਨੂੰ ਭਾਰਤੀ ਹਵਾਈ ਸੈਨਾ ਦੀ ਸਮਰੱਥਾ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਰੱਖਿਆ ਮਾਹਿਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਤੀਸ਼ ਦੁਆ ਇਸ ਨੂੰ "ਵਿਜੇ ਯਾਤਰਾ" ਵਜੋਂ ਦੇਖਦੇ ਹਨ।

ਲੈਫਟੀਨੈਂਟ ਜਨਰਲ (ਸੇਵਾਮੁਕਤ) ਦੁਆ ਨੇ ਕਿਹਾ, "ਉਨ੍ਹਾਂ ਨੇ ਹਵਾਈ ਸੈਨਾ ਦੇ ਅੱਡੇ ਨੂੰ ਇਸ ਲਈ ਚੁਣਿਆ ਕਿਉਂਕਿ ਹਵਾਈ ਸੈਨਾ ਨੇ ਬਹੁਤ ਵਧੀਆ ਕੰਮ ਕੀਤਾ। ਇਹ (ਆਪ੍ਰੇਸ਼ਨ ਸਿੰਦੂਰ) ਸਰਜੀਕਲ ਸਟ੍ਰਾਈਕ ਵਾਂਗ ਫੌਜ ਦਾ ਹਮਲਾ ਨਹੀਂ ਸੀ। ਇਸ ਵਾਰ ਹਵਾਈ ਸੈਨਾ ਨੇ ਅਗਵਾਈ ਕੀਤੀ ਅਤੇ ਮਜ਼ਬੂਤੀ ਨਾਲ ਕਮਾਨ ਸੰਭਾਲੀ।"

ਦੁਆ ਨੇ ਕਿਹਾ, "ਉਨ੍ਹਾਂ ਨੇ ਆਪਣੀ ਫੇਰੀ ਲਈ ਇੱਕ ਫਾਰਵਰਡ ਏਅਰਬੇਸ ਚੁਣਿਆ। ਯਾਨਿ ਕਿ, ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਇੱਕ ਏਅਰਬੇਸ। ਉਨ੍ਹਾਂ ਨੇ ਸਰਹੱਦ ਤੋਂ ਬਹੁਤ ਦੂਰ ਏਅਰਬੇਸ ਨਹੀਂ ਚੁਣਿਆ।"

ਮੇਜਰ ਜਨਰਲ (ਸੇਵਾਮੁਕਤ) ਐੱਸਵੀਪੀ ਸਿੰਘ ਵੀ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਹਨ।

ਉਹ ਕਹਿੰਦੇ ਹਨ, "ਇਹ ਇੱਕ ਸੁਨੇਹਾ ਦਿੰਦਾ ਹੈ ਕਿ ਭਾਰਤ ਹੁਣ ਆਪਣੇ ਸੁਰੱਖਿਅਤ ਇਲਾਕਿਆਂ ਤੋਂ ਗੱਲ ਨਹੀਂ ਕਰਦਾ। ਇਹ ਮੂਹਰਲੀਆਂ ਲਾਈਨਾਂ ਤੋਂ ਅਗਵਾਈ ਕਰਦਾ ਹੈ।"

ਵਿਰੋਧੀ ਪਾਰਟੀਆਂ ਲਈ ਸੁਨੇਹਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ 'ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੀ ਵਿਚੋਲਗੀ ਕੀਤੀ ਸੀ।'

ਇਸ ਤੋਂ ਬਾਅਦ, ਵਿਰੋਧੀ ਧਿਰ ਨੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਟਰੰਪ ਦੇ ਦਾਅਵੇ ਦੀ ਵਰਤੋਂ ਕੀਤੀ।

ਸਿਆਸੀ ਵਿਸ਼ਲੇਸ਼ਕ ਚੰਦਰਚੂੜ ਸਿੰਘ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਹਨ।

ਉਹ ਕਹਿੰਦੇ ਹਨ ਕਿ ਦੁਨੀਆ ਨੂੰ ਸੁਨੇਹਾ ਦੇਣ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਰਾਜਨੀਤਕ ਸੰਦੇਸ਼ ਦੇਣ ਲਈ ਆਦਮਪੁਰ ਨੂੰ ਵੀ ਚੁਣਿਆ।

ਬੀਬੀਸੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਵਿਰੋਧੀ ਧਿਰ ਕੋਲ ਹਮੇਸ਼ਾ ਇੱਕ ਮੁੱਦਾ ਬਣਿਆਂ ਰਹੇਗਾ ਕਿ ਉਹ ਪਲਟ ਕੇ ਪੁੱਛਣਗੇ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਨੂੰ ਕਿੰਨਾ ਨੁਕਸਾਨ ਹੋਇਆ।"

"ਆਦਮਪੁਰ ਦੀ ਉਦਾਹਰਣ ਸਾਹਮਣੇ ਲਿਆ ਕੇ ਪ੍ਰਧਾਨ ਮੰਤਰੀ ਇਹ ਸੰਦੇਸ਼ ਦੇ ਰਹੇ ਹਨ ਕਿ ਭਾਰਤ ਨੂੰ ਹੋਏ ਨੁਕਸਾਨ ਦੇ ਸਾਰੇ ਦਾਅਵੇ ਝੂਠੇ ਹਨ। ਉਨ੍ਹਾਂ ਦੀ ਤਸਵੀਰ ਇਸ ਸੰਘਰਸ਼ ਵਿੱਚ ਭਾਰਤ ਦੀ ਜਿੱਤ ਦੀ ਕਹਾਣੀ ਦੀ ਪੁਸ਼ਟੀ ਕਰਦੀ ਹੈ।"

ਉਹ ਅੱਗੇ ਕਹਿੰਦੇ ਹਨ, "ਰਾਸ਼ਟਰਪਤੀ ਟਰੰਪ ਦਾ ਸਿੱਧਾ ਜ਼ਿਕਰ ਕੀਤੇ ਬਿਨਾਂ, ਪ੍ਰਧਾਨ ਮੰਤਰੀ ਮੋਦੀ ਇਸ ਟਕਰਾਅ ਦੀ ਆਪਣੀ ਕਹਾਣੀ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਟਰੰਪ ਗ਼ਲਤ ਹਨ।"

"ਉਹ ਇਸ ਗੱਲ 'ਤੇ ਅੜੇ ਹਨ ਕਿ ਜੰਗਬੰਦੀ ਦੀ ਪਹਿਲੀ ਕਾਲ ਪਾਕਿਸਤਾਨ ਤੋਂ ਆਈ ਸੀ। ਜੇਕਰ ਇਹ ਕਹਾਣੀ ਲੋਕਾਂ ਵਿੱਚ ਕਾਇਮ ਰਹੀ, ਤਾਂ ਵਿਰੋਧੀ ਧਿਰ ਬੈਕਫੁੱਟ ʼਤੇ ਆ ਜਾਵੇਗਾ। ਉਨ੍ਹਾਂ 'ਤੇ ਇਲਜ਼ਾਮ ਲੱਗੇਗਾ ਕਿ ਉਨ੍ਹਾਂ ਨੇ ਆਪਣੇ ਦੇਸ਼ ਦੀ ਗੱਲ ʼਤੇ ਬਲਕਿ ਅਮਰੀਕਾ ਦੀ ਗੱਲ ʼਤੇ ਜ਼ਿਆਦਾ ਭਰੋਸਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)