ਏਆਈ ਤੇ ਡੀਪ ਫੇਕ: ਡਿਜ਼ੀਟਲ ਤਕਨੀਕ ਜੋ ਚੋਣਾਂ ਦੌਰਾਨ ਦੇਸ ਵਿੱਚ 'ਅੱਗ ਲਾਉਣ ਦਾ' ਬਣ ਸਕਦੀ ਹੈ ਹਥਿਆਰ

ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਅਤੇ ਮਮਤਾ ਬੈਨਰਜੀ ਦੀਆਂ ਏਆਈ ਨਾਲ ਬਣੀਆਂ ਤਸਵੀਰਾਂ ਦਾ ਕੋਲਾਜ

ਤਸਵੀਰ ਸਰੋਤ, Shahid

ਤਸਵੀਰ ਕੈਪਸ਼ਨ, ਇਹ ਤਸਵੀਰਾਂ (ਖੱਬੇ ਤੋਂ ਸੱਜੇ) ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ ਏਆਈ ਨਾਲ ਬਣਾਈਆਂ ਗਈਆਂ ਹਨ

ਪਿਛਲੇ ਸਾਲ ਬ੍ਰਿਟੇਨ ਵਿੱਚ ਬੈਠੇ ਮੁਰਲੀਕ੍ਰਿਸ਼ਨਨ ਚਿੰਨਾਦੁਰਈ ਤਾਮਿਲ ਵਿੱਚ ਇੱਕ ਸਿੱਧਾ ਪ੍ਰਸਾਰਣ ਦੇਖ ਰਹੇ ਸਨ। ਅਚਾਨਕ ਉਨ੍ਹਾਂ ਦਾ ਧਿਆਨ ਇੱਕ ਅਜੀਬ ਚੀਜ਼ ਉੱਤੇ ਗਿਆ।

ਇੱਕ ਔਰਤ ਜਿਸ ਦਾ ਨਾਮ ਦੁਆਰਕਾ ਦੱਸਿਆ ਗਿਆ ਸੀ ਅਤੇ ਤਾਮਿਲ ਟਾਈਗਰ ਵੇਲੂਪੱਲੀ ਪ੍ਰਭਾਕਰਨ ਦੀ ਬੇਟੀ ਸੀ, ਭਾਸ਼ਣ ਦੇ ਰਹੀ ਸੀ।

ਜਦਕਿ ਦੁਆਰਕਾ ਦੀ ਤਾਂ ਕਈ ਦਹਾਕੇ ਪਹਿਲਾਂ ਸ੍ਰੀਲੰਕਾ ਦੀ ਖਾਨਾਜੰਗੀ ਦੇ ਆਖਰੀ ਸਾਲਾਂ ਦੌਰਾਨ 2009 ਵਿੱਚ ਇੱਕ ਹਵਾਈ ਹਮਲੇ ਵਿੱਚ ਮੌਤ ਹੋ ਚੁੱਕੀ ਸੀ।

ਦੁਆਰਕਾ ਦੀ ਉਮਰ ਉਸ ਸਮੇਂ 23 ਸਾਲ ਦੀ ਸੀ ਅਤੇ ਉਸਦੀ ਲਾਸ਼ ਕਦੇ ਮਿਲ ਨਹੀਂ ਸਕੀ।

ਹੁਣ ਉਹ ਉਨ੍ਹਾਂ ਦੇ ਸਾਹਮਣੇ, ਇੱਕ ਅਧੇੜ ਔਰਤ ਦੇ ਰੂਪ ਵਿੱਚ ਭਾਸ਼ਣ ਦੇ ਰਹੀ ਸੀ। ਉਹ ਸਾਰੀ ਦੁਨੀਆਂ ਦੇ ਤਾਮਿਲ ਲੋਕਾਂ ਨੂੰ ਆਪਣੀ ਅਜ਼ਾਦੀ ਦੀ ਲੜਾਈ ਨੂੰ ਅੱਗੇ ਵਧਾਉਣ ਦੀ ਅਪੀਲ ਕਰ ਰਹੀ ਸੀ।

ਚਿੰਨਾਦੁਰਈ ਤਾਮਿਲਨਾਡੂ ਸਥਿਤ ਇੱਕ ਫੈਕਟ ਚੈਕਰ ਹਨ। ਉਨ੍ਹਾਂ ਨੇ ਵੀਡੀਓ ਨੂੰ ਗੌਰ ਨਾਲ ਦੇਖਿਆ, ਵੀਡੀਓ ਵਿੱਚ ਕੁਝ ਕਮੀਆਂ ਨਜ਼ਰ ਆਈਆਂ। ਜਲਦੀ ਹੀ ਉਨ੍ਹਾਂ ਨੇ ਸਿੱਟਾ ਕੱਢਿਆ ਕਿ ਇਹ ਏਆਈ ਦੀ ਮਦਦ ਨਾਲ ਬਣਾਈ ਗਈ ਇੱਕ ਨਕਲੀ ਵੀਡੀਓ ਸੀ।

ਇਸ ਤੋਂ ਪੈਦਾ ਹੋਣ ਵਾਲੀਆਂ ਸੰਭਾਵੀ ਸਮੱਸਿਆਵਾਂ ਸਮਝ ਆਉਣ ਵਿੱਚ ਚਿੰਨਾਦੁਰਈ ਨੂੰ ਦੇਰ ਨਹੀਂ ਲੱਗੀ।

ਉਹ ਦੱਸਦੇ ਹਨ ਤਾਮਿਲਾਨਾਡੂ ਵਿੱਚ ਇਹ ਇੱਕ ਭਾਵੁਕ ਮੁੱਦਾ ਹੈ ਅਤੇ ਚੋਣਾਂ ਦੇ ਨੇੜੇ ਗਲਤ ਜਾਣਕਾਰੀ ਜੰਗਲ ਦੀ ਅੱਗ ਵਾਂਗ ਫੈਲ ਸਕਦੀ ਹੈ।

ਭਾਰਤ ਵਿੱਚ ਚੋਣਾਂ ਚੱਲ ਰਹੀਆਂ ਹਨ ਅਤੇ ਇਸ ਦੌਰਾਨ ਏਆਈ ਦੀ ਮਦਦ ਨਾਲ ਤਿਆਰ ਸਮੱਗਰੀ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।

ਇਸ ਵਿੱਚ ਪ੍ਰਚਾਰ ਵੀਡੀਓ ਅਤੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਨਿੱਜੀ ਅਵਾਜ਼ੀ ਸੁਨੇਹੇ, ਇੱਥੋਂ ਤੱਕ ਕਿ ਉਮੀਦਵਾਰ ਦੀ ਅਵਾਜ਼ ਵਿੱਚ ਵੋਟਰਾਂ ਨੂੰ ਜਾਣ ਵਾਲੇ ਫੋਨ ਕਾਲ ਵੀ ਸ਼ਾਮਲ ਹਨ।

ਸ਼ਾਹਿਦ ਸ਼ੇਖ਼ ਵਰਗੇ ਕੰਟੈਂਟ ਸਿਰਜਕ ਤਾਂ ਲੰਬੇ ਸਮੇਂ ਤੋਂ ਏਆਈ ਨਾਲ ਮਜ਼ੇ ਲੈਂਦੇ ਰਹੇ ਹਨ। ਉਹ ਭਾਰਤੀ ਸਿਆਸਤਦਾਨਾਂ ਨੂੰ ਅਜਿਹੇ ਰੂਪਾਂ ਵਿੱਚ ਪੇਸ਼ ਕਰਦੇ ਆਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿਵੇਂ ਕਿ ਖੇਡਾਂ ਵਾਲੇ ਕੱਪੜਿਆਂ ਵਿੱਚ, ਸੰਗੀਤ ਸੁਣਦੇ ਅਤੇ ਨੱਚਦੇ।

ਹਾਲਾਂਕਿ ਜਿਵੇਂ-ਜਿਵੇਂ ਮਸਨੂਈ ਬੌਧਿਕਤਾ ਦੇ ਔਜ਼ਾਰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਹੇ ਹਨ ਇਸ ਬਾਰੇ ਜਾਣਕਾਰਾਂ ਦੀ ਫਿਕਰ ਵਧਦੀ ਜਾ ਰਹੀ ਹੈ। ਇਸ ਦੀ ਬਦੌਲਤ ਝੂਠੀਆਂ ਖ਼ਬਰਾਂ ਬਿਲਕੁਲ ਸੱਚੀਆਂ ਵਾਂਗ ਬਣਨ ਲੱਗ ਪੈਣਗੀਆਂ।

ਸਾਬਕਾ ਚੋਣ ਕਮਿਸ਼ਨਰ ਐੱਸਵਾਈ ਕੁਰੈਸ਼ੀ ਮੁਤਾਬਕ, “ਅਫ਼ਵਾਹਾਂ ਹਮੇਸ਼ਾ ਹੀ ਚੋਣ ਪ੍ਰਕਿਰਿਆ ਦਾ ਹਿੱਸਾ ਰਹੀਆਂ ਹਨ। (ਪਰ) ਸੋਸ਼ਲ ਮੀਡੀਆ ਦੇ ਦੌਰ ਵਿੱਚ ਇਹ ਜੰਗਲ ਦੀ ਅੱਗ ਵਾਂਗ ਫੈਲ ਸਕਦੀ ਹੈ।“

“ਇਹ ਵਾਕਈ ਦੇਸ ਨੂੰ ਅੱਗ ਵਿੱਚ ਸੁੱਟ ਸਕਦੀ ਹੈ।”

ਅਸਲੀ ਅਤੇ ਨਕਲੀ ਵੀਡੀਓ ਦਾ ਫਰਕ ਸਮਝਣ ਲਈ ਇੱਥੇ ਕਲਿੱਕ ਕਰਕੇ ਵੀਡੀਓ ਦੇਖੋ।

ਦੁਆਰਕਾ ਦਾ ਡਿਜੀਟਲ ਅਵਤਾਰ

ਤਸਵੀਰ ਸਰੋਤ, Screengrab

ਤਸਵੀਰ ਕੈਪਸ਼ਨ, ਮਰਹੂਮ ਦੁਆਰਕਾ ਦਾ ਡਿਜੀਟਲ ਅਵਤਾਰ

ਭਾਰਤ ਦੀਆਂ ਸਿਆਸੀ ਪਾਰਟੀਆਂ, ਚੋਣਾਂ ਦੌਰਾਨ ਮਸਨੂਈ ਬੌਧਿਕਤਾ ਦੀ ਤਰੱਕੀ ਤੋਂ ਲਾਭ ਚੁੱਕਣ ਵਾਲੀਆਂ ਦੁਨੀਆਂ ਦੀਆਂ ਪਹਿਲੀਆਂ ਨਹੀਂ ਹਨ।

ਸਰਹੱਦ ਦੇ ਪਰਲੇ ਪਾਸੇ ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜੇਲ੍ਹ ਵਿੱਚ ਹੁੰਦੇ ਹੋਏ ਏਆਈ ਦੀ ਮਦਦ ਨਾਲ ਇੱਕ ਜਲਸੇ ਨੂੰ ਸੰਬੋਧਨ ਕੀਤਾ ਸੀ।

ਭਾਰਤ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਉੱਭਰ ਰਹੀ ਤਕਨੀਕ ਦਾ ਕੁਸ਼ਲਤਾ ਨਾਲ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਹਿੰਦੀ ਵਿੱਚ ਭਾਸ਼ਣ ਦਿੱਤਾ ਜਿਸ ਨੂੰ ਭਾਰਤ ਸਰਕਾਰ ਵੱਲੋਂ ਵਿਕਸਿਤ ਕੀਤੇ 'ਭਾਸ਼ਣੀ' ਔਜ਼ਾਰ ਨੇ ਉਸੇ ਸਮੇਂ ਤਾਮਿਲ ਵਿੱਚ ਅਨੁਵਾਦ ਕੀਤਾ।

ਹਾਲਾਂਕਿ ਇਸਦੀ ਵਰਤੋਂ ਸੁਨੇਹਿਆਂ ਅਤੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਿੱਚ ਵੀ ਕੀਤੀ ਜਾ ਸਕਦੀ ਹੈ।

ਪਿਛਲੇ ਮਹੀਨੇ ਇੱਕ ਵਾਇਰਲ ਵੀਡੀਓ ਵਿੱਚ ਦੇਖਿਆ ਗਿਆ ਕਿ ਬਾਲੀਵੁਡ ਦੇ ਸਿਤਾਰੇ ਰਨਵੀਰ ਸਿੰਘ ਅਤੇ ਆਮਿਰ ਖ਼ਾਨ ਬੀਜੇਪੀ ਦੀ ਵਿਰੋਧੀ ਪਾਰਟੀ ਕਾਂਗਰਸ ਲਈ ਪ੍ਰਚਾਰ ਕਰ ਰਹੇ ਸਨ। ਦੋਵਾਂ ਸਿਤਾਰਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਇਹ ਡੀਪ ਫੇਕ ਸਨ ਅਤੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਤਿਆਰ ਕੀਤੇ ਗਏ ਸਨ।

ਫਿਰ 29 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਮੰਨਿਆ ਕਿ ਏਆਈ ਦੀ ਵਰਤੋਂ ਨਾਲ ਸਤਾ ਧਾਰੀ ਪਾਰਟੀ ਦੇ ਸੀਨੀਅਰ ਆਗੂਆਂ (ਸਮੇਤ ਉਨ੍ਹਾਂ ਦੇ ਖ਼ੁਦ) ਦੇ ਸੁਨੇਹਿਆਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਸਕਦਾ ਹੈ।

ਅਗਲੇ ਹੀ ਦਿਨ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿੱਚੋਂ ਇੱਕ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ, ਜਦਕਿ ਦੂਜਾ ਕਾਂਗਰਸ ਪਾਰਟੀ ਨਾਲ— ਇਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਕਲੀ ਵੀਡੀਓ ਤਿਆਰ ਕੀਤੀ ਸੀ।

ਪ੍ਰਧਾਨ ਮੰਤਰੀ ਮੋਦੀ ਦੀ ਪਾਰਟੀ ਵੀ ਵਿਰੋਧੀ ਪਾਰਟੀਆਂ ਦੇ ਆਗੂਆਂ ਤੋਂ ਅਜਿਹੇ ਹੀ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਹੈ।

ਕਿਸੇ ਨੂੰ ਬਦਨਾਮ ਕਰਨ ਲਈ ਬਣਾਈ ਗਈ ਨਕਲੀ ਤਸਵੀਰ ਦੀ ਪਛਾਣ ਕਿਵੇਂ ਕਰੀਏ? ਇਸ ਸਵਾਲ ਜਾ ਜਵਾਬ ਜਾਨਣ ਲਈ ਇੱਥੇ ਕਲਿੱਕ ਕਰੋ।

ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੀਆਂ ਏਆਈ ਨਾਲ ਤਿਆਰ ਤਸਵੀਰਾਂ

ਤਸਵੀਰ ਸਰੋਤ, Shahid

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀਆਂ ਏਆਈ ਨਾਲ ਤਿਆਰ ਤਸਵੀਰਾਂ

ਮਾਹਿਰਾਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀਆਂ ਦੇ ਬਾਵਜੂਦ ਸਮੱਸਿਆ ਇਹ ਹੈ ਕਿ ਕੋਈ ਠੋਸ ਕਾਨੂੰਨ ਇਸ ਦਿਸ਼ਾ ਵਿੱਚ ਮੌਜੂਦ ਨਹੀਂ ਹੈ।

ਡੇਟਾ ਅਤੇ ਸੁਰੱਖਿਆ ਵਿਸ਼ੇ ਵਿੱਚ ਖੋਜਕਾਰ ਸ੍ਰੀਨਿਵਾਸ ਕੋਡਾਲੀ ਮੁਤਾਬਕ ਇਸਦਾ ਮਤਲਬ ਹੈ, “ਜੇ ਤੁਸੀਂ ਕੁਝ ਗਲਤ ਕਰਦੇ ਫੜ ਵੀ ਲਏ ਗਏ ਤਾਂ ਵੱਧ ਤੋਂ ਵੱਧ ਤੁਹਾਡੇ ਹੱਥ 'ਤੇ ਥੱਪੜ ਮਾਰਿਆ ਜਾਵੇਗਾ।”

ਕੰਟੈਂਟ ਸਿਰਜਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਠੋਸ ਕਾਨੂੰਨ ਦੀ ਅਣਹੋਂਦ ਵਿੱਚ ਉਨ੍ਹਾਂ ਨੂੰ ਗ਼ਲਤ ਸਹੀ ਦਾ ਫੈਸਲਾ ਕਰਨ ਲਈ ਆਪਣੇ ਵਿਵੇਕ ਉੱਤੇ ਨਿਰਭਰ ਕਰਨਾ ਪੈਂਦਾ ਹੈ।

ਬੀਬੀਸੀ ਨੂੰ ਪਤਾ ਚੱਲਿਆ ਹੈ ਕਿ ਸਿਆਸਤਦਾਨਾਂ ਵੱਲੋਂ ਕਹਿ ਕੇ ਬਣਵਾਈ ਜਾ ਰਹੇ ਸਮੱਗਰੀ ਵਿੱਚ ਵਿਰੋਧੀਆਂ ਦਾ ਅਕਸ ਖ਼ਰਾਬ ਕਰਨ ਵਾਲੀਆਂ ਅਸ਼ਲੀਲ ਵੀਡੀਓ ਅਤੇ ਅਵਾਜ਼ ਸ਼ਾਮਲ ਹਨ।

ਦੇਵਿੰਦਰ ਸਿੰਘ ਜੋਦਾਊਂ ਨੇ ਦੱਸਿਆ, “ਮੈਨੂੰ ਇੱਕ ਵਾਰ ਅਸਲੀ ਵਰਗੀ ਡੀਪਫੇਕ ਵੀਡੀਓ ਬਣਾਉਣ ਲਈ ਕਿਹਾ ਗਿਆ, ਕਿਉਂਕਿ ਜੇ ਅਸਲੀ ਵੀਡੀਓ ਸਾਂਝੀ ਕੀਤੀ ਜਾਂਦੀ ਤਾਂ ਇਸ ਨਾਲ ਸਿਆਸਤਦਾਨ ਦਾ ਅਕਸ ਖ਼ਰਾਬ ਹੋਣਾ ਸੀ।”

“ਇਸ ਲਈ ਉਸਦੀ ਟੀਮ ਮੇਰੇ ਕੋਲੋਂ ਇੱਕ ਡੀਪਫੇਕ ਵੀਡੀਓ ਬਣਵਾਉਣੀ ਚਾਹੁੰਦੀ ਸੀ ਜੋ ਅਸਲੀ ਵਾਂਗ ਸਾਂਝੀ ਕੀਤੀ ਜਾ ਸਕੇ।”

ਜੋਦਾਊਂ ਦਿ ਇੰਡੀਅਨ ਡੀਪਫੇਕਰ ਦੇ ਮੋਢੀ ਹਨ, ਜਿਸ ਨੇ ਅਜਿਹੇ ਔਜ਼ਾਰ ਬਣਾਏ ਹਨ ਜਿਨ੍ਹਾਂ ਦੀ ਮਦਦ ਨਾਲ ਆਮ ਲੋਕ ਓਪਨਸੋਰਸ ਏਆਈ ਔਜ਼ਾਰਾਂ ਦੀ ਮਦਦ ਨਾਲ ਆਗੂਆਂ ਵਾਸਤੇ ਪ੍ਰਚਾਰ ਸਮੱਗਰੀ ਬਣਾ ਸਕਦੇ ਹਨ। ਉਹ ਆਪਣੇ ਵੱਲੋਂ ਤਿਆਰ ਸਮੱਗਰੀ ਉੱਪਰ ਇੱਕ ਚੇਤਾਵਨੀ ਕਿ ਇਹ ਅਸਲੀ ਨਹੀਂ ਹੈ, ਲਗਾਉਣ ਲਈ ਕਹਿੰਦੇ ਹਨ ਪਰ ਫਿਰ ਵੀ ਇਸ ਨੂੰ ਕਾਬੂ ਕਰਨਾ ਮੁਸ਼ਕਿਲ ਹੈ।

ਡੀਪਫ਼ੇਕ ਟੂਲ, ਤਕਨੀਕ ਜਿਸ ਨਾਲ ਮਰ ਚੁੱਕੇ ਰਿਸ਼ਤੇਦਾਰਾਂ ਨੂੰ 'ਜ਼ਿੰਦਾ' ਕੀਤਾ ਜਾ ਸਕੇਗਾ ਬਾਰੇ ਇੱਥੇ ਕਲਿੱਕ ਕਰਕੇ ਪੜ੍ਹੋ।

ਮੋਬਾਈਲ ਸਕਰੀਨ ਉੱਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਏਆਈ ਦੀ ਮਦਦ ਨਾਲ ਕੀਤੀ ਰੈਲੀ ਦੇਖ ਰਿਹਾ ਵਿਅਕਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜੋ ਕਿ ਹੁਣ ਜੇਲ੍ਹ ਵਿੱਚ ਹਨ, ਨੇ ਏਆਈ ਦੀ ਮਦਦ ਨਾਲ ਜੇਲ੍ਹ ਵਿੱਚ ਰਹਿੰਦੇ ਹੋਏ ਜਲਸੇ ਨੂੰ ਸੰਬੋਧਨ ਕੀਤਾ

ਸ਼ੇਖ ਪੱਛਮੀ ਬੰਗਾਲ ਦੀ ਇੱਕ ਮਾਰਕਿਟਿੰਗ ਏਜੰਸੀ ਨਾਲ ਕੰਮ ਕਰਦੇ ਹਨ। ਉਨ੍ਹਾਂ ਨੇ ਦੇਖਿਆ ਹੈ ਕਿ ਉਨ੍ਹਾਂ ਵੱਲੋਂ ਤਿਆਰ ਸਮੱਗਰੀ ਸਿਆਸੀ ਆਗੂਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਬਿਨਾਂ ਕਰੈਡਿਟ ਦਿੱਤੇ (ਇਹ ਦੱਸਣਾ ਕਿ ਕਿਸ ਨੇ ਬਣਾਈ ਹੈ) ਵਰਤੀ ਜਾਂਦੀ ਹੈ।

“ਇੱਕ ਸਿਆਸੀ ਆਗੂ ਨੇ ਮੇਰੇ ਵੱਲੋਂ ਬਣਾਈ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਬਿਨਾਂ ਪ੍ਰਸੰਗ ਦਿੱਤੇ ਅਤੇ ਬਿਨਾਂ ਇਹ ਦੱਸੇ ਕਿ ਇਹ ਏਆਈ ਨਾਲ ਬਣਾਈ ਗਈ ਹੈ, ਇਸਤੇਮਾਲ ਕੀਤੀ।”

ਹੁਣ ਤਾਂ ਡੀਪਫੇਕ ਤਿਆਰ ਕਰਨਾ ਇੰਨਾ ਸੌਖਾ ਹੋ ਗਿਆ ਹੈ ਕਿ ਕੋਈ ਵੀ ਕਰ ਸਕਦਾ ਹੈ।

ਜੋਦਾਉਂ ਦੱਸਦੇ ਹਨ, “ਪਹਿਲਾਂ ਜੋ ਤਿਆਰ ਕਰਨ ਵਿੱਚ ਸਾਨੂੰ ਸੱਤ ਜਾਂ ਅੱਠ ਦਿਨ ਲੱਗ ਜਾਂਦੇ ਸਨ ਉਹ ਹੁਣ ਤਿੰਨ ਮਿੰਟ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਤੁਹਾਡੇ ਕੋਲ ਬਸ ਇੱਕ ਕੰਪਿਊਟਰ ਹੋਣਾ ਚਾਹੀਦਾ ਹੈ।”

ਬੀਬੀਸੀ ਨੇ ਅਜਿਹਾ ਕਰਕੇ ਦੇਖਿਆ ਕਿ ਮੇਰੇ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦਰਮਿਆਨ ਫ਼ੋਨ ਉੱਤੇ ਇੱਕ ਨਕਲੀ ਗੱਲਬਾਤ ਕਿਵੇਂ ਤੁਰੰਤ ਹੀ ਤਿਆਰ ਕੀਤੀ ਜਾ ਸਕਦੀ ਹੈ।

ਇਨ੍ਹਾਂ ਖ਼ਤਰਿਆਂ ਦੇ ਬਾਵਜੂਦ, ਭਾਰਤ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਏਆਈ ਬਾਰੇ ਕੋਈ ਕਾਨੂੰਨ ਲਿਆਉਣ ਬਾਰੇ ਅਜੇ ਵਿਚਾਰ ਨਹੀਂ ਕਰ ਰਿਹਾ। ਹਾਲਾਂਕਿ ਇਸ ਮਾਰਚ ਵਿੱਚ ਭਾਰਤ ਨੇ ਇਸ ਦਿਸ਼ਾ ਵਿੱਚ ਕੁਝ ਸਰਗਰਮੀ ਦਿਖਾਈ ਹੈ, ਜਦੋਂ ਗੂਗਲ ਦੇ ਜੈਮਿਨੀ ਚੈਟਬੋਟ ਨੇ ਇੱਕ ਸਵਾਲ “ਕੀ ਮੋਦੀ ਇੱਕ ਫਾਸ਼ੀਵਾਦੀ ਹਨ?” ਦਾ ਜਵਾਬ ਦਿੱਤਾ।

ਦੇਸ ਦੇ ਤਤਕਾਲੀ ਰਾਜ ਸੂਚਨਾ ਤਕਨੀਕੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਇਸ ਨੇ ਦੇਸ ਦੇ ਆਈਟੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।

ਜਦੋਂ ਇੱਕ ਪੋਰਨ ਵੀਡੀਓ ਵਿੱਚ ਇਸ ਔਰਤ ਚਿਹਰਾ ਲਗਾ ਦਿੱਤਾ ਗਿਆ, ਡੀਪ ਫੇਕ ਬਾਰੇ ਇੱਥੇ ਕਲਿੱਕ ਕਰਕੇ ਪੜ੍ਹੋ ਇਹ ਰਿਪੋਰਟ।

ਗਰਾਫਿਕਸ

ਉਦੋਂ ਤੋਂ ਭਾਰਤ ਸਰਕਾਰ ਨੇ ਤਕਨੀਕੀ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਆਪਣੇ "ਗੈਰ ਭਰੋਸੇਯੋਗ" ਅਤੇ "ਘੱਟ ਪਰਖੇ ਹੋਏ" ਜਨਰੇਟਿਵ ਏਆਈ ਮਾਡਲ ਜਾਂ ਟੂਲ ਜਨਤਕ ਕਰਨ ਤੋਂ ਪਹਿਲਾਂ ਭਾਰਤ ਸਰਕਾਰ ਤੋਂ ਸਪਸ਼ਟ ਆਗਿਆ ਹਾਸਲ ਕਰਨਗੇ।

ਸਰਕਾਰ ਨੇ ਇਨ੍ਹਾਂ ਔਜ਼ਾਰਾਂ ਦੀਆਂ ਅਜਿਹੀਆਂ ਪ੍ਰਤੀਕਿਰਿਆਵਾਂ ਖਿਲਾਫ਼ ਵੀ ਆਗਾਹ ਕੀਤਾ ਜੋ ਦੇਸ ਦੀ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੇ ਹੋਣ।

ਹਾਲਾਂਕਿ ਇਹ ਕਾਫ਼ੀ ਨਹੀਂ ਹੈ। ਤੱਥ ਪੜਚੋਲਕਾਂ ਲਈ ਅਜਿਹੀ ਸਮੱਗਰੀ ਦਾ ਭਾਂਡਾ ਭੰਨਦੇ ਰਹਿਣਾ ਇੱਕ ਮੁਸ਼ਕਲ ਕਾਰਜ ਹੈ। ਖਾਸ ਕਰਕੇ ਚੋਣਾਂ ਦੌਰਾਨ ਜਦੋਂ ਗਲਤ ਜਾਣਕਾਰੀ ਆਪਣੇ ਸਿਖਰ ਉੱਤੇ ਹੁੰਦੀ ਹੈ।

ਚਿੰਨਾਦੁਰਈ ਤਾਮਿਲਨਾਡੂ ਵਿੱਚ ਇੱਕ ਮੀਡੀਆ ਵਾਚਡਾਗ ਦਾ ਸੰਚਾਲਨ ਕਰਦੇ ਹਨ। ਉਹ ਕਹਿੰਦੇ ਹਨ ਸੂਚਨਾ 100 ਕਿੱਲੋਮੀਟਰ ਪ੍ਰਤੀ ਘੰਟੇ ਦੀ ਗਤੀ ਉੱਤੇ ਚਲਦੀ ਹੈ, ਜਦਕਿ ਇਸਦਾ ਭਾਂਡਾ ਭੰਨਣ ਵਾਲੀ ਜਾਣਕਾਰੀ ਜੋ ਅਸੀਂ ਜਾਰੀ ਕਰਦੇ ਹਾਂ ਉਹ 20 ਕਿੱਲੋਮੀਟਰ ਦੀ ਗਤੀ ਨਾਲ ਚੱਲਦੀ ਹੈ।”

ਇਹ ਝੂਠੀ ਸਮੱਗਰੀ ਮੁੱਖ ਧਾਰਾ ਦੇ ਮੀਡੀਆ ਵਿੱਚ ਵੀ ਆਪਣਾ ਰਾਹ ਬਣਾ ਰਹੀ ਹੈ। ਕੋਡਲੀ ਕਹਿੰਦੇ ਹਨ ਕਿ ਇਸ ਦੇ ਬਾਵਜੂਦ ਚੋਣ ਕਮਿਸ਼ਨ ਜਨਤਕ ਤੌਰ ਉੱਤੇ ਏਆਈ ਬਾਰੇ ਖਾਮੋਸ਼ ਹੈ।

ਕੋਡਲੀ ਕਹਿੰਦੇ ਹਨ,“ਸਮੁੱਚੇ ਰੂਪ ਵਿੱਚ ਕੋਈ ਨਿਯਮ ਨਹੀਂ ਹਨ। ਕੋਈ ਅਸਲੀ ਕਾਨੂੰਨ ਲੈ ਕੇ ਆਉਣ ਦੀ ਥਾਂ ਉਹ ਤਕਨੀਕ ਸਨਅਤ ਨੂੰ ਆਤਮ ਸੰਜਮਿਤ ਕਰਨ ਦੇ ਰਹੇ ਹਨ।”

ਮਾਹਰਾਂ ਦਾ ਕਹਿਣਾ ਹੈ ਕਿ ਇਸਦਾ ਕੋਈ ਸਿੱਕੇਬੰਦ ਹੱਲ ਫਿਲਹਾਲ ਨਜ਼ਰ ਨਹੀਂ ਆਉਂਦਾ।

ਹਾਲਾਂਕਿ ਸਾਬਕਾ ਚੋਣ ਕਮਿਸ਼ਨਰ ਐੱਸਵਾਈ ਕੁਰੈਸ਼ੀ ਕਹਿੰਦੇ ਹਨ, “ਜੇ ਨਕਲਾਂ ਅੱਗੇ ਭੇਜਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਹ ਗੈਰ-ਤਸਦੀਕ ਸ਼ੁਦਾ ਜਾਣਕਾਰੀ ਅੱਗੇ ਭੇਜਣ ਵਾਲਿਆਂ ਵਿੱਚ ਡਰ ਜ਼ਰੂਰ ਪੈਦਾ ਕਰੇਗਾ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)