You’re viewing a text-only version of this website that uses less data. View the main version of the website including all images and videos.
ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟ੍ਰੇਲੀਆ ਅਤੇ ਭਾਰਤ ’ਚੋਂ ਕਿਸ ਦਾ ਪਲੜਾ ਭਾਰੀ, ਅੰਕੜੇ ਕੀ ਕਹਿੰਦੇ
- ਲੇਖਕ, ਅਭੀਜੀਤ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਵਿਸ਼ਵ ਕੱਪ 2023 ਵਿੱਚ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਗਿਆ ਦੂਜਾ ਸੈਮੀਫਾਈਨਲ ਮੁਕਾਬਲਾ ਆਸਟ੍ਰੇਲੀਆਈ ਟੀਮ ਦੀ ਇਸ ਟੂਰਨਾਮੈਂਟ ਵਿੱਚ ਦਮਦਾਰ ਵਾਪਸੀ ਦੀ ਕਹਾਣੀ ਹੈ।
ਇਸ ਸੈਮੀਫਾਈਨਲ ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉੱਤਰੀ ਅਫ਼ਰੀਕੀ ਟੀਮ ਮਿਸ਼ੇਲ ਸਟਾਰਕ ਅਤੇ ਜੋਸ ਹੇਜ਼ਲਵੁੱਡ ਦੇ ਦਿੱਤੇ ਸ਼ੁਰੂਆਤੀ ਝਟਕਿਆਂ ਤੋਂ ਉੱਭਰ ਨਹੀ ਸਕੀ।
ਡੇਵਿਡ ਮਿਲਰ ਦੇ ਸੈਂਕੜੇ ਦੇ ਬਾਵਜੂਦ ਸਕੋਰਬੋਰਡ ਉੱਤੇ ਟੀਮ ਸਿਰਫ਼ 213 ਦੌੜਾਂ ਹੀ ਜੋੜ ਸਕੀ।
ਮੁਕਾਬਲੇ ਵਿੱਚ ਵੱਡਾ ਬਦਲਾਅ ਉਸ ਵੇਲੇ ਆਇਆ ਜਦੋਂ ਸਿਰਫ਼ 24 ਦੌੜਾਂ ਉੱਤੇ ਦੱਖਣ ਅਫ਼ਰੀਕੀ ਟੀਮ ਦੇ ਪਹਿਲੇ ਚਾਰ ਬੱਲੇਬਾਜ਼ ਆਊਟ ਹੋ ਕੇ ਵਾਪਸ ਪਰਤ ਗਏ।
ਇਸ ਦੇ ਨਾਲ ਹੀ ਦੱਖਣ ਅਫ਼ਰੀਕੀ ਟੀਮ ਪੂਰੀ ਤਰ੍ਹਾਂ ਬੈਕਫੁੱਟ ‘ਤੇ ਆ ਗਈ।
ਹਾਲਾਂਕਿ ਇੱਥੋ ਡੇਵਿਡ ਮਿਲਰ ਨੇ ਇੱਕ ਪਾਸਾ ਸਾਂਭ ਲਿਆ ਤਾਂ ਸਕੋਰ ਬੜੀ ਮੁਸ਼ਕਲ ਨਾਲ 100 ਦੌੜਾਂ ਤੋਂ ਪਾਰ ਪਹੁੰਚ ਸਕਿਆ।
ਜਦੋਂ ਆਸਟ੍ਰੇਲੀਆਈ ਟੀਮ ਬੱਲੇਬਾਜ਼ੀ ਕਰਨ ਉੱਤਰੀ ਤਾਂ ਡੇਵਿਡ ਵਾਰਨਰ ਅਤੇ ਟ੍ਰੇਵਿਸ ਹੈੱਡ ਜਿਸ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਲੱਗਿਆ ਕਿ ਬਹੁਤ ਛੇਤੀ ਹੀ ਮੈਚ ਕੰਗਾਰੂਆਂ ਦੇ ਪੱਖ ਵਿੱਚ ਹੋ ਜਾਵੇਗਾ।
ਪਰ ਇੱਕ ਵਾਰੀ ਜਦੋਂ ਇਹ ਜੋੜੀ ਟੁੱਟੀ ਤਾਂ ਇੱਕ-ਇੱਕ ਕਰਕੇ ਸੱਤ ਵਿਕਟਾਂ ਆਊਟ ਹੋ ਗਈਆਂ ਅਤੇ ਬਵੁਮਾ ਦੇ ਸਪਿਨਰਾਂ ਨੇ ਆਸਾਨੀ ਨਾਲ ਦੌੜਾਂ ਬਣਾਉਣ ਨਹੀਂ ਦਿੱਤੀਆਂ। ਆਸਟ੍ਰੇਲੀਆਈ ਟੀਮ ਨੂੰ ਇੱਕ-ਇੱਕ ਦੌੜ ਦੇ ਲਈ ਮਿਹਨਤ ਕਰਨੀ ਪਈ।
ਇਸ ਵਿਸ਼ਵ ਕੱਪ ਦੀ ਸ਼ੁਰੂਆਤ ਵਿੱਚ ਆਸਟ੍ਰੇਲੀਆ ਨੇ ਦੋ ਹਾਰਾਂ ਦੇ ਨਾਲ ਕੀਤੀ ਸੀ। ਪਹਿਲਾ ਮੈਚ ਆਸਟ੍ਰੇਲੀਆ ਭਾਰਤ ਤੋਂ ਹਾਰਿਆ ਜਦਕਿ ਦੂਜੇ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੇ ਉਸਨੂੰ 134 ਦੌੜਾਂ ਦੇ ਫ਼ਰਕ ਨਾਲ ਹਰਾਇਆ।
ਪਰ ਸ਼ੁਰੂਆਤੀ ਦੋ ਮੈਚ ਹਾਰਨ ਤੋਂ ਬਾਅਦ ਆਸਟ੍ਰੇਲੀਆ ਨੇ ਇੱਕ ਵਿੱਚ ਮੈਚ ਨਹੀਂ ਹਾਰਿਆ ਅਤੇ ਲਗਾਤਾਰ ਅੱਠ ਜਿੱਤਾਂ ਦੇ ਨਾਲ ਫਾਈਨਲ ਵਿੱਚ ਪਹੁੰਚ ਗਿਆ ਹੈ।
ਕੀ ਬੋਲੇ ਕਪਤਾਨ
ਮੈਚ ਤੋਂ ਬਾਅਦ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਵੀ ਕਿਹਾ, “ਡਗਆਊਟ ਵਿੱਚ ਬੈਠ ਕੇ ਇਹ ਸੌਖਾ ਲੱਗ ਰਿਹਾ ਸੀ, ਪਰ ਕੁਝ ਘੰਟੇ ਬਹੁਤ ਚਿੰਤਾ ਪੈਦਾ ਕਰਨ ਵਾਲੇ ਸੀ।”
“ਦਮਦਾਰ ਕੋਸ਼ਿਸ਼ਾਂ ਦੇ ਨਾਲ ਇਹ ਮੁਕਾਬਲਾ ਸ਼ਾਨਦਾਰ ਰਿਹਾ, ਸਾਨੂੰ ਲੱਗਿਆ ਸੀ ਕਿ ਪਿੱਚ ਚੰਗੀ ਸਪਿੰਨ ਹੋਵੇਗੀ, ਟ੍ਰੇਵਿਸ ਹੈੱਡ ਵਿੱਚ ਵਿਕਟਾਂ ਲੈਣ ਦੀ ਸਮਰੱਥਾ ਹੈ, ਪੂਰੇ ਟੂਰਨਾਮੈਂਟ ਵਿੱਚ ਵੱਖਰੇ-ਵੱਖਰੇ ਗੇਂਦਬਾਜ਼ਾਂ ਨੇ ਯੋਗਦਾਨ ਦਿੱਤੇ ਹਨ।”
ਕਮਿੰਸ ਨੇ ਕਿਹਾ ਕਿ ਉਹ ਬੜੀ ਬੇਸਬਰੀ ਨਾਲ ਭਾਰਤ ਦੇ ਖ਼ਿਲਾਫ਼ ਫਾਈਨਲ ਮੈਚ ਦਾ ਇੰਤਜ਼ਾਰ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ, “ਟੀਮ ਦੇ ਲਈ ਇਹ ਬਹੁਤ ਚੰਗੀ ਗੱਲ ਹੈ ਕਿ ਸਾਡੇ ਵਿੱਚੋਂ ਕੁਝ ਖਿਡਾਰੀ ਪਹਿਲਾਂ ਵਿਸ਼ਵ ਕੱਪ ਦਾ ਫਾਈਨਲ ਖੇਡ ਚੁੱਕੇ ਹਨ।”
“2015 ਦਾ ਵਿਸ਼ਵ ਕੱਪ ਯਾਦਗਾਰ ਰਿਹਾ ਸੀ, ਹੁਣ ਇੱਕ ਹੋਰ ਵਿਸ਼ਵ ਕੱਪ ਦਾ ਫਾਈਨਲ ਉਹ ਵੀ ਭਾਰਤ ਵਿੱਚ, ਇੰਤਜ਼ਾਰ ਕਰਨਾ ਮੁਸ਼ਕਲ ਹੈ।”
ਦੱਖਣੀ ਅਫਰੀਕਾ ਦੀ ਟੀਮ ਦੇ ਕਪਤਾਨ ਨੇ ਆਸਟ੍ਰੇਲੀਆ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ, “ਅਸੀਂ ਜਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਉਹ ਹੀ ਮੈਚ ਦਾ ਸਭ ਤੋਂ ਅਹਿਮ ਸਮਾਂ ਸੀ, ਉਨ੍ਹਾਂ ਦੇ ਬੇਹਤਰੀਨ ਅਟੈਕ ਨੇ ਸਾਡੇ ਸ਼ੁਰੂਆਤੀ ਬੱਲੇਬਾਜ਼ਾਂ(ਟੌਪ ਆਰਡਰ) ਨੂੰ ਖਿੰਡਾ ਕੇ ਰੱਖ ਦਿੱਤਾ, ਉਨ੍ਹਾਂ ਨੇ ਸਾਨੂੰ ਪੂਰੀ ਤਰ੍ਹਾਂ ਦਬਾਅ ਵਿੱਚ ਪਾ ਦਿੱਤਾ।”
‘ਪਲੇਅਰ ਆਫ਼ ਦ ਮੈਚ’ ਰਹੇ ਟ੍ਰੈਵਿਸ ਹੈੱਡ ਨੇ ਮੈਚ ਤੋਂ ਬਾਅਦ ਕਿਹਾ, “ਮੈਚ ਦਾ ਆਖ਼ਰੀ ਸਮਾਂ ਬਹੁਤ ਤਣਾਅ ਵਾਲਾ ਸੀ, ਸਾਨੂੰ ਪਤਾ ਸੀ ਕਿ ਇਹ ਪਿੱਚ ਕਿਹੋ ਜਿਹੀ ਰਹੇਗੀ, ਮੈਂ ਇੰਨੀ ਸਪਿੰਨ ਨਹੀਂ ਦੇਖੀ ਪਰ ਪਤਾ ਸੀ ਕਿ ਪਿੱਚ ਮੁਸ਼ਕਲ ਵਿੱਚ ਪਾਏਗੀ।”
ਭਾਰਤੀ ਟੀਮ ਨੇ ਨਾਲ ਫਾਈਨਲ ਹੋਣ ਉੱਤੇ ਹੈੱਡ ਬੋਲੇ, “ਉਨਾਂ ਦਾ ਹਮਲਾ(ਅਟੈਕ) ਜ਼ਬਰਦਸਤ ਹੈ।”
ਰਿਕਾਰਡ ਕੀ ਕਹਿੰਦਾ ਹੈ
- ਆਸਟ੍ਰੇਲੀਆਈ ਟੀਮ ਵਿਸ਼ਵ ਕੱਪ ਵਿੱਚ ਸੈਮੀਫਾਈਨਲ ਵਿੱਚ ਕਦੇ ਵੀ ਦੱਖਣੀ ਅਫਰੀਕਾ ਤੋਂ ਨਹੀਂ ਹਾਰੀ ਹੈ।
- 1999 ਦੇ ਵਿਸ਼ਵ ਕੱਪ ਵਿੱਚ ਸੈਮੀਫਾਈਨਲ ਵਿੱਚ ਖੇਡਿਆ ਗਿਆ ਮੈਚ ਟਾਈ ਰਿਹਾ ਅਤੇ 2007 ਅਤੇ 2023 ਵਿੱਚ ਆਸਟ੍ਰੇਲੀਆਈ ਟੀਮ ਜਿੱਤੀ।
- ਉੱਥੇ ਹੀ ਦੱਖਣ ਅਫਰੀਕੀ ਟੀਮ ਪੰਜਵੀ ਵਾਰੀ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡ ਰਹੀ ਸੀ। ਹੁਣ ਤੱਕ ਇੱਕ ਵਾਰੀ ਵੀ ਉਹ ਫਾਈਨਲ ਵਿੱਚ ਨਹੀਂ ਪਹੁੰਚ ਸਕੀ ਹੈ।
- ਡੇਵਿਡ ਮਿਲਰ ਵਿਸ਼ਵ ਕੱਪ ਦੇ ਫ਼ੈਸਲਾਕੁੰਨ(ਨੌਕ-ਆਊਟ) ਦੌਰ ਵਿੱਚ ਸੈਂਕੜਾ ਬਣਾਉਣ ਵਾਲੇ ਪਹਿਲੇ ਦੱਖਣ ਅਫਰੀਕੀ ਬੱਲੇਬਾਜ਼ ਬਣੇ, ਉਨ੍ਹਾਂ ਨੇ 2015 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਨਡ ਦੇ ਖ਼ਿਲਾਫ਼ ਫ਼ਾਫ਼ ਡੂਪਲੇਸੀ ਦੇ ਬਣਾਏ ਗਏ 82 ਦੌੜਾ ਦੇ ਰਿਕਾਰਡ ਨੂੰ ਪਿੱਛੇ ਛੱਡਿਆ।
- ਇਸ ਮੈਚ ਵਿੱਚ ਪਹਿਲੇ ਪਾਵਰਪਲੇ ਦੇ 10 ਓਵਰਾਂ ਵਿੱਚ ਦੱਖਣੀ ਅਫਰੀਕਾ ਨੇ ਸਿਰਫ਼ 80 ਦੌੜਾਂ ਬਣਾਈਆਂ, ਜੋ ਕਿ ਇਸ ਵਿਸ਼ਵ ਕੱਪ ਵਿੱਚ ਪਾਵਰਪਲੇ ਦੇ ਦੌਰਾਨ ਬਣਾਇਆ ਗਿਆ ਸਭ ਤੋਂ ਘੱਟ ਦੌੜਾਂ ਦਾ ਰਿਕਾਰਡ ਹੈ।
ਭਾਰਤ ਕੋਲ ਤੀਜੀ ਵਾਰੀ ਵਿਸ਼ਵ ਕੱਪ ਜਿੱਤਣ ਦਾ ਮੌਕਾ
ਐਤਵਾਰ ਨੂੰ ਭਾਰਤ ਦੇ ਕੋਲ ਇਕ-ਦਿਨਾ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਣ ਦਾ ਤੀਜਾ ਮੌਕਾ ਹੈ।
ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ 12 ਸਾਲ ਪਹਿਲਾਂ ਸ਼੍ਰੀਲੰਕਾ ਨੂੰ ਹਰਾ ਕੇ ਆਖ਼ਰੀ ਵਾਰੀ ਵਿਸ਼ਵ ਕੱਪ ਜਿੱਤਿਆ ਸੀ।
ਦੂਜੇ ਪਾਸੇ ਪਹਿਲੀ ਵਾਰੀ ਇਸ ਕੱਪ ਨੂੰ ਭਾਰਤੀ ਟੀਮ ਨੇ ਕਪਿਲ ਦੇਵ ਦੀ ਅਗਵਾਈ ਵਿੱਚ 1983 ਵਿੱਚ ਜਿੱਤਿਆ ਸੀ।
ਪਰ ਆਸਟ੍ਰੇਲੀਆ ਨੂੰ ਹਰਾਉਣਾ ਇੰਨਾ ਸੌਖਾ ਨਹੀਂ ਹੋਵੇ।
ਆਸਟ੍ਰੇਲੀਆ ਨੇ ਸੈਮੀਫਾਈਨਲ ਵਿੱਚ ਉਸੇ ਦੱਖਣੀ ਅਫਰੀਕਾ ਨੂੰ ਹਰਾਇਆ, ਜਿਸ ਕੋਲੋਂ ਦੂਜੇ ਲੀਗ ਮੈਚ ਵਿੱਚ ਉਹ 134 ਦੌੜਾਂ ਦੇ ਫ਼ਰਕ ਨਾਲ ਹਾਰੇ ਸਨ।
ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿੱਚ ਆਸਟ੍ਰੇਲੀਆ ਭਾਰਤ ਕੋਲੋਂ ਹਾਰਿਆ ਸੀ।
ਹੁਣ ਇੱਕ ਵਾਰੀ ਫਿਰ ਇਹ ਦੋਵੇਂ ਟੀਮਾਂ 19 ਨਵੰਬਰ ਨੂੰ ਫਾਈਨਲ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ।
2003 ਦੇ ਫਾਈਨਲ ਵਿੱਚ ਆਸਟ੍ਰੇਲੀਆ ਤੋਂ ਭਾਰਤ ਨੂੰ ਹਰਾਉਣ ਵਾਲੀ ਟੀਮ ਕੋਈ ਹੋਰ ਨਹੀਂ ਬਲਕਿ ਆਸਟ੍ਰੇਲੀਆ ਦੀ ਹੀ ਸੀ।
ਉਦੋਂ ਆਸਟ੍ਰੇਲੀਆਈ ਟੀਮ ਨੇ 125 ਦੌੜਾਂ ਨਾਲ ਭਾਰਤ ਨੂੰ ਹਰਾ ਕੇ ਤੀਜੀ ਵਾਰ ਵਿਸ਼ਵ ਕੱਪ ਆਪਣੇ ਨਾਂਅ ਕੀਤਾ ਸੀ।
ਵੀਰਵਾਰ ਨੂੰ ਜਦੋਂ ਆਸਟ੍ਰੇਲੀਆ ਫ਼ਾਈਨਲ ਵਿੱਚ ਪਹੁੰਚਿਆ ਤੋਂ ਇੱਕ ਵਾਰ ਫਿਰ ਸੋਸ਼ਲ ਮੀਡੀਆ ਸਾਈਟ ਐੱਕਸ ਉੱਤੇ ‘2003 ਵਰਲਡ ਕੱਪ’ ਟ੍ਰੈਂਡ ਕਰਨ ਲੱਗ ਪਿਆ।
ਵਨਡੇ ਕ੍ਰਿਕਟ ਵਿੱਚ ਹੁੰਦੀ ਹੈ ਸਖ਼ਤ ਟੱਕਰ
ਵਨਡੇ ਕ੍ਰਿਕਟ ਵਿੱਚ ਆਸਟ੍ਰੇਲੀਆ ਖ਼ਿਲਾਫ਼ ਭਾਰਤ ਦਾ ਰਿਕਾਰਡ ਬਹੁਤ ਉਤਸ਼ਾਹ ਵਾਲਾ ਨਹੀਂ ਹੈ।
ਦੋਵੇਂ ਟੀਮਾਂ ਹੁਣ ਤੱਕ 150 ਵਨਡੇ ਵਿੱਚ ਭਿੜ ਚੁੱਕੀ ਹੈ ਅਤੇ ਆਸਟ੍ਰੇਲੀਆ 83 ਵਾਰੀ ਭਾਰਤ ਤੋਂ ਜਿੱਤ ਚੁੱਕਿਆ ਹੈ, ਭਾਰਤ ਨੇ 57 ਵਾਰੀ ਆਸਟ੍ਰੇਲੀਆ ਨੂੰ ਹਰਾਇਆ ਹੈ।
ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ ਆਪਸ ਵਿੱਚ 13 ਮੈਚ ਖੇਡ ਚੁੱਕੀਆਂ ਹਨ ਅਤੇ ਇੱਥੇ ਵੀ ਆਸਟ੍ਰੇਲੀਆਂ 8-5 ਤੋਂ ਅੱਗੇ ਹੈ।
ਪਰ ਭਾਰਤੀ ਜ਼ਮੀਨ ਉੱਤੇ ਦੋਵੇਂ ਟੀਮਾਂ ਦੇ ਵਿੱਚ ਸਖ਼ਤ ਟੱਕਰ ਹੁੰਦੀ ਹੈ।
ਇੱਥੇ ਖੇਡੇ ਗਏ 71 ਵਨਡੇ ਮੁਕਾਬਲਿਆਂ ਵਿੱਚ ਦੋਵੇਂ ਟੀਮਾਂ ਨੇ ਬਰਾਬਰ – 33 ਮੈਚ ਜਿੱਤੇ ਹਨ।
ਨਾਲ ਹੀ ਜੇਕਰ ਦੋਵੇਂ ਟੀਮਾਂ ਦੇ ਵਿਚਲੇ ਇਸ ਸਾਲ ਖੇਡੇ ਗਏ 7 ਮੁਕਾਬਲਿਆਂ ਦੇ ਨਤੀਜੇ ਦੇਖੀਏ ਤਾਂ ਚਾਰ ਮੈਚ ਜਿੱਤ ਕੇ ਭਾਰਤ ਕੇ ਭਾਰਤ ਦਾ ਪ੍ਰਦਰਸ਼ਨ ਥੋੜਾ ਬਿਹਤਰ ਰਿਹਾ ਹੈ।
ਇਸ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤ ਦੇ ਸਾਰੇ ਬੱਲੇਬਾਜ਼ ਚੰਗਾ ਖੇਡ ਰਹੇ ਹਨ।
ਵਿਰਾਟ ਕੋਹਲੀ ਕਿਸੇ ਵੀ ਹੋਰ ਟੀਮ ਦੇ ਬੱਲੇਬਾਜ਼ਾਂ ਦੇ ਮੁਕਾਬਲੇ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਨੇ ਹੁਣ ਤੱਕ 711 ਦੌੜਾਂ ਬਣਾਈਆਂ ਹਨ।
ਰੋਹਿਤ ਸ਼ਰਮਾ ਨੇ 550 ਜਦਕਿ ਸ਼੍ਰੇਅਸ ਅਈਅਰ ਨੇ 526 ਦੌੜਾਂ ਬਣਾਈਆਂ ਹਨ।
ਦੂਜੇ ਪਾਸੇ ਆਸਟ੍ਰੇਲੀਆਂ ਦੇ ਵੱਲੋਂ ਵੱਧ ਦੌੜਾਂ ਬਣਾਉਣ ਵਾਲੇ ਡੇਵਿਡ ਵਾਰਨਰ ਨੇ 528 ਦੌੜਾਂ ਬਣਾਈਆਂ ਹਨ ਤਾਂ ਉਨ੍ਹਾਂ ਦੇ ਨਾਲ-ਨਾਲ ਗਲੈੱਨ ਮੈਕਸਵੈੱਲ ਅਤੇ ਮਿਸ਼ੇਲ ਮਾਰਸ਼ ਨੇ ਦੋ-ਦੋ ਸੈਂਕੜੇ ਬਣਾਏ ਹਨ।
ਗੇਂਦਬਾਜ਼ੀ ਵਿੱਚ ਸਭ ਤੋਂ ਅੱਗੇ ਚੱਲ ਰਹੇ ਮੁਹੰਮਦ ਸ਼ਮੀ ਨੇ ਸਿਰਫ਼ ਛੇ ਮੈਚਾਂ ਵਿੱਚ 23 ਵਿਕਟਾਂ ਲਈਆਂ ਹਨ ਜਦਕਿ ਆਸਟ੍ਰੇਲੀਆਈ ਸਪਿੰਨਰ ਐਡਮ ਜ਼ੈਂਪਾ ਉਨ੍ਹਾਂ ਤੋਂ ਇੱਕ ਕਦਮ ਪਿੱਛੇ ਹਨ
ਜਸਪ੍ਰੀਤ ਬੁਮਰਾਹ ਨੇ 18, ਰਵਿੰਦਰ ਜਡੇਜਾ ਨੇ 16, ਕੁਲਦੀਪ ਯਾਦਵ ਨੇ 15 ਅਤੇ ਮੁਹੰਮਦ ਸਿਰਾਜ ਨੇ ਵੀ ਚੰਗਾ ਪ੍ਰਦਰਸ਼ਨ ਦਿਖਾਉਂਦਿਆਂ 13 ਵਿਕਟਾਂ ਲਈਆਂ ਹਨ।
ਆਸਟ੍ਰੇਲੀਆਈ ਗੇਂਦਬਾਜ਼ ਜੋਸ ਹੇਜ਼ਲਵੁੱਡ ਨੇ 14 ਅਤੇ ਮਿਸ਼ੇਲ ਸਟਾਰਕ ਨੇ 13 ਵਿਕਟਾਂ ਲਈਆਂ ਹਨ, ਉਹ ਆਪਣੀ ਟੀਮ ਦੇ ਲਈ ਹਰ ਸਥਿਤੀ ਵਿੱਚ ਵਿਕਟਾਂ ਲੈਂਦੇ ਹਨ।
ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਇਸ ਵਿਸ਼ਵ ਕੱਪ ਦੇ ਫਾਈਨਲ ਵਿੱਚ ਸਖ਼ਤ ਮੁਕਾਬਲਾ ਦੇਖਣ ਦੀ ਉਮੀਦ ਕਰਨੀ ਚਾਹੀਦੀ ਹੈ।