ਡਾਕਟਰਾਂ ਨੇ ਕਿਵੇਂ ਇੱਕ ਫੌਜੀ ਦੇ ਦਿਲ ਦੇ ਕਰੀਬ ਫਸਿਆ ਬਿਨਾਂ ਫਟਿਆ ਗ੍ਰੇਨੇਡ ਕੱਢਿਆ

ਤਸਵੀਰ ਸਰੋਤ, Hanna Maliar fb
ਯੂਕਰੇਨ ਮਿਲਟਰੀ ਦੇ ਡਾਕਟਰਾਂ ਨੇ ਇੱਕ ਫੌਜੀ ਦੀ ਛਾਤੀ ਵਿੱਚੋਂ ਸਰਜਰੀ ਕਰਕੇ ਇੱਕ ਛੋਟਾ ਗ੍ਰੇਨੇਡ ਸਫਲਤਾਪੂਰਵਕ ਕੱਢਿਆ ਹੈ। ਇਹ ਗ੍ਰੇਨੇਡ ਫਟਿਆ ਨਹੀਂ ਸੀ।
ਇਹ ਇੱਕ ਵੌਗ ਫਰੈਗਮੈਨਟੇਸ਼ਨ ਗ੍ਰੇਨੇਡ ਸੀ ਜੋ ਇੱਕ ਲਾਂਚਰ ਤੋਂ ਫਾਇਰ ਕੀਤਾ ਜਾਂਦਾ ਹੈ।
ਇਸ ਦਾ ਇਸਤੇਮਾਲ ਕਿਸੇ ਵਿਅਕਤੀ ਜਾਂ ਹਲਕੇ ਹਥਿਆਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਜਾਂਦਾ ਹੈ।
ਇਸ ਅਨੋਖੀ ਸਰਜਰੀ ਬਾਰੇ ਦੱਸਦਿਆਂ ਯੂਕਰੇਨ ਦੀ ਉਪ ਰੱਖਿਆ ਮੰਤਰੀ ਹੈਨਾ ਮਾਲਾਰ ਨੇ ਇਸ ਨੂੰ ‘ਬੇਹੱਦ ਖੁਸ਼ੀ ਵਾਲੀ ਘਟਨਾ’ ਕਰਾਰ ਦਿੱਤਾ।
ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਦਿਲ ਦਾ ਹਰ ਜ਼ਖ਼ਮ ਘਾਤਕ ਨਹੀਂ ਹੁੰਦਾ।”
ਫੌਜੀ ਵਿਸਫੋਟਕ ਮਾਹਿਰਾਂ ਦੀ ਨਿਗਰਾਨੀ ਹੇਠ ਕੱਢਿਆ

ਤਸਵੀਰ ਸਰੋਤ, HANNA MALIAR/FB
ਹੈਨਾ ਮਾਲਾਰ ਨੇ ਦੱਸਿਆ ਕਿ ਗ੍ਰੇਨੇਡ ਨੂੰ ਦੋ ਫੌਜੀ ਵਿਸਫੋਟਕ ਮਾਹਿਰਾਂ ਦੀ ਨਿਗਰਾਨੀ ਹੇਠ ਕੱਢਿਆ ਗਿਆ ਸੀ।
ਮਾਹਿਰਾਂ ਨੇ ਮੈਡੀਕਲ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਵਿਸਫੋਟਕ ਨੂੰ ਚੱਲਣ ਤੋਂ ਰੋਕਣ ਲਈ ਸਮੇਂ-ਸਮੇਂ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ।
ਮਾਲਾਰ ਨੇ ਕਿਹਾ ਕਿ ਇਹ ਆਪ੍ਰੇਸ਼ਨ ਇੱਕ ਫੌਜੀ ਸਰਜਨ ਐਂਡਰੀ ਵਰਬਾ ਨੇ ਕੀਤਾ ਸੀ।
ਇਸ 57 ਸਾਲਾ ਡਾਕਟਰ ਨੂੰ ਯੂਕਰੇਨ ਦੀ ਫੌਜ ਵਿੱਚ ਸਭ ਤੋਂ ਤਜਰਬੇਕਾਰ ਮੰਨਿਆ ਜਾਂਦਾ ਹੈ।
ਇਸ ਸਰਜਰੀ ਵਿੱਚ ਆਪ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੁਰੱਖਿਆ ਦੇ ਮੱਦੇਨਜ਼ਰ ਬਦਲਿਆ ਗਿਆ ਸੀ।
ਰੂਸੀ ਵੌਗ ਫ੍ਰੈਗਮੈਂਟੇਸ਼ਨ ਗ੍ਰੇਨੇਡ ਸਿਪਾਹੀ ਦੇ ਸਰੀਰ ਵਿੱਚ ਵੱਜਿਆ ਸੀ ਉਸ ਦਾ ਵਿਆਸ 4 ਸੈਂਟੀਮੀਟਰ ਸੀ ਤੇ ਭਾਰ 275 ਗ੍ਰਾਮ ਸੀ।

ਕੀ ਹੈ ਪੂਰਾ ਕੇਸ ?
- ਯੂਕਰੇਨ ਵਿੱਚ ਡਾਕਟਰਾਂ ਨੇ ਫੌਜੀ ਦੀ ਛਾਤੀ ਵਿੱਚੋਂ ਸਰਜਰੀ ਨਾਲ ਛੋਟਾ ਗ੍ਰੇਨੇਡ ਸਫਲਤਾਪੂਰਵਕ ਕੱਢਿਆ ਹੈ
- ਫੌਜੀ ਵਿਸਫੋਟਕ ਮਾਹਿਰਾਂ ਦੀ ਨਿਗਰਾਨੀ ਹੇਠ ਕੱਢਿਆ ਗਿਆ ਗ੍ਰੇਨੇਡ
- 28 ਸਾਲਾਂ ਮਰੀਜ਼ ਦੀ ਹਾਲਤ ਸਥਿਰ ਬਣੀ ਹੋਈ ਹੈ
- ਵੌਗ ਫਰੈਗਮੈਨਟੇਸ਼ਨ ਗ੍ਰੇਨੇਡ ਇੱਕ ਲਾਂਚਰ ਤੋਂ ਫਾਇਰ ਕੀਤਾ ਜਾਂਦਾ ਹੈ

ਯੂਐਸਐਸਆਰ ’ਚ ਵਿਕਸਤ ਹੋਇਆ ਸੀ ਵੌਗ ਗ੍ਰੇਨੇਡ
ਵੌਗ ਗ੍ਰੇਨੇਡ ਪਹਿਲੀ ਵਾਰ 1960 ਦੇ ਦਹਾਕੇ ਵਿੱਚ ਯੂਐਸਐਸਆਰ ਵਿੱਚ ਵਿਕਸਤ ਕੀਤੇ ਗਏ ਸਨ।
ਇਹਨਾਂ ਦੀ ਵਰਤੋਂ ਕਈ ਕਿਸਮਾਂ ਦੇ ਗ੍ਰੇਨੇਡ ਲੌਂਚਰਾਂ ਰਾਹੀਂ ਲੜਾਈ ਵਿੱਚ ਕੀਤੀ ਜਾਂਦੀ ਹੈ।
ਇਹਨਾਂ ਦੀ ਰੇਂਜ 400 ਮੀਟਰ ਤੱਕ ਹੁੰਦੀ ਹੈ।
ਯੂਕਰੇਨੀ ਫੌਜ ਦਾ ਦਾਅਵਾ ਹੈ ਕਿ 2014 ਵਿੱਚ ਪੂਰਬੀ ਯੂਕਰੇਨ ਵਿੱਚ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਇਹ ਹਥਿਆਰ ਉਨ੍ਹਾਂ ਖਿਲਾਫ਼ ਵਰਤੇ ਗਏ ਸਨ। ਇਸ ਵਿੱਚ ਮਨੁੱਖ ਰਹਿਤ ਡਰੋਨਾਂ ਦੀ ਵਰਤੋਂ ਵੀ ਸ਼ਾਮਿਲ ਸੀ।
ਆਮ ਤੌਰ 'ਤੇ ਇੱਕ ਵੌਗ ਗ੍ਰੇਨੇਡ ਲਾਂਚ ਕਰਨ ਤੋਂ 20 ਸਕਿੰਟਾਂ ਬਾਅਦ ਫਟ ਜਾਂਦਾ ਹੈ।
ਯੂਕਰੇਨ ਦੇ ਫੌਜੀ ਵਿਸ਼ਲੇਸ਼ਕ ਨਾ ਸਿਰਫ਼ ਇਸ ਗੱਲ 'ਤੇ ਹੈਰਾਨ ਸਨ ਕਿ ਇਹ ਬਿਨਾ ਫਟੇ ਕਿਵੇਂ ਮਿਲ ਗਿਆ।
ਉਹ ਇਸ ਕਰਕੇ ਵੀ ਸੋਚ ਵਿੱਚ ਹਨ ਕਿ ਕਿਵੇਂ ਆਪ੍ਰੇਸ਼ਨ ਤੋਂ ਬਾਅਦ ਇਹ ਵਿਸਫੋਟਕ ਨਕਾਰਾ ਨਹੀਂ ਹੋਇਆ।
28 ਸਾਲਾਂ ਮਰੀਜ਼ ਦੀ ਹਾਲਤ ਸਥਿਰ
ਇਸ ਮਰੀਜ਼ ਦਾ ਹਾਲੇ ਤੱਕ ਨਾਮ ਨਹੀਂ ਦੱਸਿਆ ਗਿਆ ਪਰ ਉਸ ਦੀ ਉਮਰ 28 ਕੁ ਸਾਲ ਦੀ ਦੱਸਿਆ ਜਾ ਰਿਹਾ ਹੈ।
ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਸਲਾਹਕਾਰ ਐਂਟੋਨ ਗੇਰਾਸ਼ਚੇਂਕੋ ਨੇ ਆਪਣੇ ਸੋਸ਼ਲ ਮੀਡੀਆ 'ਤੇ ਯੂਕਰੇਨ ਦੀ ਫੌਜ ਦੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ, “ਇਸ ਮਰੀਜ਼ ਬਾਰੇ ਮੈਂ ਕਹਿ ਸਕਦਾ ਹਾਂ ਕਿ ਉਹ 1994 ਵਿੱਚ ਪੈਦਾ ਹੋਇਆ ਸੀ। ਹੁਣ ਉਸਨੂੰ ਮੁੜ ਵਸੇਬੇ ਲਈ ਭੇਜਿਆ ਗਿਆ ਹੈ। ਉਸਦੀ ਹਾਲਤ ਸਥਿਰ ਹੈ।"
ਗੇਰਾਸ਼ਚੇਂਕੋ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਇਹ ਕੇਸ ਮੈਡੀਕਲ ਪਾਠ ਪੁਸਤਕਾਂ ਦਾ ਹਿੱਸਾ ਬਣੇਗਾ।”












