ਫੁੱਟਬਾਲ ਖਿਡਾਰੀ ਜਿਸ ਨੂੰ ਮ੍ਰਿਤ ਮੰਨ ਲਿਆ ਗਿਆ ਸੀ, ਉਸਦੀ ਇੰਝ ਹੋਈ ਹੈ ਵਾਪਸੀ

 ਰੇਗੋਬਰਟ ਸਾਂਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,  ਰੇਗੋਬਰਟ ਸਾਂਗ ਕੈਮਰੂਨ ਦੀ ਫੁੱਟਬਾਲ ਟੀਮ ਦੇ ਕੋਚ ਅਤੇ ਸਾਬਕਾ ਖਿਡਾਰੀ ਹਨ

ਅਕਤੂਬਰ 2016 ਵਿੱਚ ਕੈਮਰੂਨ ਦੀ ਫੁੱਟਬਾਲ ਟੀਮ ਦੇ ਕੋਚ ਅਤੇ ਸਾਬਕਾ ਖਿਡਾਰੀ ਰੇਗੋਬਰਟ ਸਾਂਗ ਦਾ ਮੌਤ ਨਾਲ ਸਾਹਮਣਾ ਹੋਇਆ, ਪਰ ਇਸ ਤੋਂ ਪਹਿਲਾਂ ਉਨ੍ਹਾਂ ਆਪਣੀਆਂ ਅੱਖਾਂ ਸਾਹਮਣੇ ਇੱਕ ਮੌਤ ਹੁੰਦੀ ਦੇਖੀ ਸੀ।

ਇਸ ਤੋਂ ਪਹਿਲਾਂ ਸਾਲ 2003 ਵਿੱਚ ਵੀ ਉਨ੍ਹਾਂ ਨਾਲ ਅਜਿਹਾ ਹੀ ਕੁਝ ਹੋ ਚੁੱਕਾ ਸੀ।

ਜੂਨ ਦਾ ਮਹੀਨਾ ਸੀ ਅਤੇ ਕੈਮਰੂਨ ਦੇਸ਼ ਦੀ ਟੀਮ ਫਰਾਂਸ ਵਿੱਚ ਫੀਫਾ ਫਾਊਂਡੇਸ਼ਨ ਦੇ ਚੈਂਪੀਅਨਜ਼ ਦਾ ਟੂਰਨਾਮੈਂਟ 'ਕਨਫੈਡਰੇਸ਼ਨ ਕੱਪ' ਖੇਡ ਰਹੀ ਸੀ।

ਸਾਂਗ, ਮੈਨਚੇਸਟਰ ਸਿਟੀ ਲਈ ਖੇਡ ਰਹੇ ਸਨ, ਪਰ ਮੈਚ ਦੇ 72ਵੇਂ ਮਿੰਟ 'ਤੇ ਮਾਰਕ ਵਿਵੀਅਨ ਫੂ ਨਾਮ ਦੇ ਖਿਡਾਰੀ ਅਚਾਨਕ ਹੀ ਮੈਦਾਨ 'ਤੇ ਡਿੱਗ ਪਏ।

ਮਾਰਕ ਫੂ ਦੇ ਸਾਥੀਆਂ ਅਤੇ ਮੈਡੀਕਲ ਸਟਾਫ਼ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਮਾਰਕ ਫੂ ਨੂੰ ਕੁਝ ਮਿੰਟਾਂ ਬਾਅਦ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਉਸ ਵੇਲੇ ਮੈਦਾਨ 'ਤੇ ਹੀ ਮਜੂਦ ਸਾਂਗ ਨੇ ਆਪਣੇ ਸਾਥੀ ਖਿਡਾਰੀ ਨੂੰ ਇਸ ਤਰ੍ਹਾਂ ਨਾਲ ਅਚਾਨਕ ਹੀ ਮਰਦੇ ਹੋਏ ਦੇਖਿਆ।

ਫੁੱਟਬਾਲ ਖਿਡਾਰੀ ਏਟਿਓ ਅਤੇ ਸਾਂਗ ਮੈਦਾਨ ਵਿੱਚ ਆਪਣੇ ਸਾਥੀ ਖਿਡਾਰੀ ਮਾਰਕ ਵਿਵੀਅਨ ਫੂ ਦੀ ਤਸਵੀਰ ਦੇ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੁੱਟਬਾਲ ਖਿਡਾਰੀ ਏਟਿਓ ਅਤੇ ਸਾਂਗ ਮੈਦਾਨ ਵਿੱਚ ਆਪਣੇ ਸਾਥੀ ਖਿਡਾਰੀ ਮਾਰਕ ਵਿਵੀਅਨ ਫੂ ਦੀ ਤਸਵੀਰ ਦੇ ਨਾਲ

13 ਸਾਲ ਬਾਅਦ, ਸਾਂਗ ਆਪ ਮੌਤ ਦੇ ਨੇੜੇ ਪਹੁੰਚ ਗਏ। ਉਨ੍ਹਾਂ ਦੇ ਦਿਮਾਗ ਦੀ ਨਾੜ ਫੁੱਲ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਸੀ।

ਸਾਂਗ ਨੇ ਬੀਬੀਸੀ ਨੂੰ ਦੱਸਿਆ, ''ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਕਿ ਕੀ ਹੋਇਆ ਸੀ। ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਉਸ ਵੇਲੇ ਮੈਂ ਮੌਤ ਦੇ ਕਿੰਨੇ ਨੇੜੇ ਪਹੁੰਚ ਗਿਆ ਸੀ।''

ਉਸ ਵੇਲੇ ਭਾਵੇਂ ਕੁਝ ਅਖਬਾਰਾਂ ਅਤੇ ਟੀਵੀ ਚੈਨਲਾਂ ਨੇ ਸਾਂਗ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ, ਪਰ ਉਹੀ ਸਾਂਗ ਹੁਣ ਕਤਰ ਵਿੱਚ ਹੋ ਰਹੇ 2022 ਦੇ ਫੁੱਟਬਾਲ ਵਿਸ਼ਵ ਕੱਪ ਮੁਕਾਬਲੇ ਵਿੱਚ ਆਪਣੀ ਟੀਮ ਦੀ ਅਗੁਵਾਈ ਕਰ ਰਹੇ ਹਨ।

 ਰੇਗੋਬਰਟ ਸਾਂਗ

ਤਸਵੀਰ ਸਰੋਤ, Getty Images

ਉਹ ਆਪਣੇ ਦੇਸ਼ ਨੂੰ ਸਾਲ 1990 ਵਿੱਚ ਇਟਲੀ 'ਚ ਹੋਏ ਵਿਸ਼ਵ ਕੱਪ ਤੋਂ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ। ਉਸ ਵੇਲੇ ਕੈਮਰੂਨ ਦੇਸ਼ ਦੀ ਟੀਮ ਕੁਆਟਰ ਫਾਈਨਲ ਵਿੱਚ ਪਹੁੰਚੀ ਸੀ।

ਆਪਣੀ ਬਿਮਾਰੀ ਬਾਰੇ ਉਹ ਕਹਿੰਦੇ ਹਨ, ''ਇਹ ਔਖਾ ਵੇਲਾ ਸੀ, ਪਰ ਹੁਣ ਮੈਂ ਅਤੀਤ 'ਚ ਨਹੀਂ ਬਲਕਿ ਵਰਤਮਾਨ 'ਚ ਜੀ ਰਿਹਾ ਹਾਂ। ਖਾਸ ਗੱਲ ਇਹ ਹੈ ਕਿ ਮੇਰੀ ਸਿਹਤ ਬਿਲਕੁਲ ਠੀਕ ਹੈ। ਮੈਂ ਠੀਕ ਹਾਂ।''

ਸਾਂਗ ਦਾ ਅਤੀਤ ਅਜਿਹਾ ਹੈ ਜਿਸ ਵਿੱਚ ਉਹ ਜ਼ਿੰਦਗੀ ਅਤੇ ਮੌਤ ਵਿਚਕਾਰ ਝੂਲਦੇ ਰਹੇ ਅਤੇ ਹੁਣ ਉਹੀ ਸਾਂਗ ਆਪਣੇ ਦੇਸ਼ ਦੀ ਟੀਮ ਦੇ ਕੋਚ ਬਣ ਗਏ ਸਨ।

ਲਾਈਨ
ਲਾਈਨ

ਫੁੱਟਬਾਲ ਕਰਿਅਰ

 ਰੇਗੋਬਰਟ ਸਾਂਗ

ਤਸਵੀਰ ਸਰੋਤ, Getty Images

ਰੇਗੋਬਰਟ ਸਾਂਗ ਦਾ ਜਨਮ 1 ਜੁਲਾਈ 1976 ਨੂੰ ਦੱਖਣੀ ਕੈਮਰੂਨ ਵਿੱਚ ਹੋਇਆ ਸੀ। ਗੇਮ ਵਿੱਚ ਉਨ੍ਹਾਂ ਦੀ ਡਿਫੈਂਡ ਦੀ ਕਬੀਲੀਅਤ ਨੂੰ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ 'ਚ ਹੀ ਪਹਿਚਾਣ ਲਿਆ ਗਿਆ ਸੀ।

ਉਨ੍ਹਾਂ ਨੇ ਆਪਣਾ ਪਹਿਲਾ ਯੂਰਪੀ ਦੌਰਾ ਮਹਿਜ਼ 18 ਸਾਲ ਦੀ ਉਮਰ 'ਚ ਕੀਤਾ ਸੀ, ਜਦੋਂ ਉਹ ਫਰਾਂਸ ਵਿੱਚ ਮੇਟਜ਼ ਦੇ ਪੇਸ਼ੇਵਰ ਦਸਤੇ ਦਾ ਹਿੱਸਾ ਸਨ।

ਆਪਣੇ ਹੁਨਰ ਨਾਲ ਉਨ੍ਹਾਂ ਨੇ ਕੈਮਰੂਨ ਦੀ ਕੌਮੀ ਟੀਮ 'ਚ ਆਪਣੀ ਥਾਂ ਬਣਾਈ ਅਤੇ ਸਾਲ 1994 ਦੇ ਵਿਸ਼ਵ ਕੱਪ 'ਚ ਵੀ ਖੇਡੇ।

ਉਨ੍ਹਾਂ ਨੇ ਸਾਲ 1998 'ਚ ਫਰਾਂਸ 'ਚ ਹੋ ਰਿਹਾ ਵਿਸ਼ਵ ਕੱਪ ਅਤੇ ਦੱਖਣੀ ਅਫ਼ਰੀਕਾ 'ਚ ਹੋਇਆ 2010 ਦਾ ਵਿਸ਼ਵ ਕੱਪ ਵੀ ਖੇਡਿਆ।

ਦੱਖਣੀ ਅਫ਼ਰੀਕਾ ਵਿਸ਼ਵ ਕੱਪ ਖੇਡਣ ਤੋਂ ਕੁਝ ਸਮੇਂ ਬਾਅਦ ਸਾਂਗ ਨੇ ਪ੍ਰੋਫੈਸ਼ਨਲ ਫੁੱਟਬਾਲ ਤੋਂ ਰਿਟਾਇਰ ਹੋਣ ਦਾ ਐਲਾਨ ਕਰ ਦਿੱਤਾ।

ਉਹ ਇੰਗਲੈਂਡ 'ਚ ਲੀਵਰਪੂਲ ਅਤੇ ਲੀਡਸ ਦੀਆਂ ਟੀਮਾਂ ਦਾ ਵੀ ਹਿੱਸਾ ਰਹਿ ਚੁੱਕੇ ਹਨ।

ਫਿਲਹਾਲ ਉਨ੍ਹਾਂ ਨੇ ਕੋਚ ਦੇ ਰੂਪ 'ਚ ਆਪਣਾ ਕਰੀਅਰ ਜਾਰੀ ਰੱਖਿਆ ਹੈ। ਫ਼ਰਵਰੀ 2016 'ਚ ਉਨ੍ਹਾਂ ਨੂੰ ਕੈਮਰੂਨ ਦੇ ਖਿਡਾਰੀਆਂ ਦੀ ਟੀਮ ਦਾ ਮੈਨੇਜਰ ਬਣਾ ਦਿੱਤਾ ਗਿਆ।

ਲਾਈਨ

ਸਾਂਗ ਦੀ ਮੌਤ ਦੀ ਅਫਵਾਹ

  • ਰੇਗੋਬਰਟ ਸਾਂਗ ਕੈਮਰੂਨ ਦੀ ਫੁੱਟਬਾਲ ਟੀਮ ਦੇ ਕੋਚ ਅਤੇ ਸਾਬਕਾ ਖਿਡਾਰੀ ਹਨ
  • ਆਪਣੇ ਫੁੱਟਬਾਲ ਕਰੀਅਰ ਵਿੱਚ ਉਨ੍ਹਾਂ ਨੇ 4 ਵਾਰ ਵਿਸ਼ਵ ਕੱਪ ਮੁਕਾਬਲੇ ਵਿੱਚ ਹਿੱਸਾ ਲਿਆ ਹੈ
  • ਪਰ ਬ੍ਰੇਨ ਸਟ੍ਰੋਕ ਆਉਣ ਕਾਰਨ ਉਨ੍ਹਾਂ ਨੂੰ ਮੈਦਾਨ ਤੋਂ ਦੂਰੀ ਬਣਾਉਣੀ ਪਈ ਸੀ
  • ਇੱਥੋਂ ਤੱਕ ਕਿ ਉਨ੍ਹਾਂ ਦੀ ਮੌਤ ਦੀਆਂ ਖਬਰਾਂ ਵੀ ਮੀਡੀਆ ਵਿੱਚ ਆ ਗਈਆਂ ਸਨ
  • ਬਾਅਦ ਵਿੱਚ ਸਾਂਗ ਨੇ ਆਪਣੀ ਮੌਤ ਦੀ ਖ਼ਬਰ ਨੂੰ ਖਾਰਿਜ ਕਰ ਦਿੱਤਾ ਸੀ
ਲਾਈਨ

ਮੌਤ ਨਾਲ ਦੂਜੀ ਵਾਰ ਸਾਹਮਣਾ

ਉਸੇ ਸਾਲ 2016 ਵਿੱਚ 2 ਅਕਤੂਬਰ ਨੂੰ ਸਾਂਗ ਆਪਣੇ ਹੀ ਘਰ ਵਿੱਚ ਡਿੱਗ ਪਏ। ਉਨ੍ਹਾਂ ਨੂੰ ਕੈਮਰੂਨ ਦੀ ਰਾਜਧਾਨੀ ਯਾਉਂਡੇ ਦੇ ਕਿੰਦਰੀ ਹਸਪਤਾਲ ਲਿਜਾਇਆ ਗਿਆ।

ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ। ਦਿਮਾਗ ਦੀ ਇੱਕ ਨਾੜ ਵਿੱਚ ਸੋਜਿਸ਼ ਆ ਜਾਣ ਕਾਰਨ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਆਇਆ ਸੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਕੋਮਾ ਵਿੱਚ ਰੱਖਿਆ।

ਸਾਲ 2017 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਸਾਂਗ ਨੇ ਦੱਸਿਆ ਸੀ, ''ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋ ਰਿਹਾ ਸੀ, ਮੈਂ ਬਿਲਕੁਲ ਬੇਖ਼ਬਰ ਸੀ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲਟਕਿਆ ਹੋਇਆ ਸੀ।''

ਉਨ੍ਹਾਂ ਦੀ ਸਿਹਤ ਵਿਗੜਨ ਦੀ ਖਬਰ ਪੂਰੇ ਕੈਮਰੂਨ ਵਿੱਚ ਤੇਜ਼ੀ ਨਾਲ ਫੈਲ ਗਈ। ਸਾਂਗ ਆਪਣੀ ਕੌਮੀ ਟੀਮ ਦੇ ਲੀਜੈਂਡ ਸਨ ਅਤੇ ਉਨ੍ਹਾਂ ਦੇ ਇਸ ਤਰ੍ਹਾਂ ਬਿਮਾਰ ਹੋਣ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

ਸਾਂਗ ਲੀਵਰਪੂਲ ਅਤੇ ਲੀਡਸ ਦੀਆਂ ਟੀਮਾਂ ਦਾ ਵੀ ਹਿੱਸਾ ਰਹਿ ਚੁੱਕੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਂਗ ਲੀਵਰਪੂਲ ਅਤੇ ਲੀਡਸ ਦੀਆਂ ਟੀਮਾਂ ਦਾ ਵੀ ਹਿੱਸਾ ਰਹਿ ਚੁੱਕੇ ਹਨ

ਮੌਤ ਦੀ ਖ਼ਬਰ

ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੇਣੀ ਸ਼ੁਰੂ ਕਰ ਦਿੱਤੀ। ਦਰਅਸਲ, ਨਾਲ ਸਿਰਫ਼ ਕੈਮਰੂਨ ਵਿੱਚ ਬਲਕਿ ਨਾਇਜੀਰਿਆ ਵਿੱਚ ਵੀ ਕਈ ਮੀਡੀਆ ਸੰਗਠਨਾਂ ਨੇ 'ਦੁਖਦ ਖ਼ਬਰ' ਚਲਾਈ।

ਦੂਜੇ ਪਾਸੇ ਸਾਂਗ ਦੀ ਹਾਲਤ ਤਾਂ ਗੰਭੀਰ ਸੀ ਪਰ ਉਹ ਮੌਤ ਤੋਂ ਬਹੁਤ ਦੂਰ ਸਨ। ਹਸਪਤਾਲ ਦਾਖਲ ਹੋਣ ਤੋਂ 2 ਦਿਨ ਬਾਅਦ ਉਹ ਕੋਮਾ ਤੋਂ ਬਾਹਰ ਆ ਗਏ ਅਤੇ ਉਨ੍ਹਾਂ ਨੇ ਬਿਆਨ ਦਿੱਤਾ ਕਿ ਉਨ੍ਹਾਂ ਦੀ ਮੌਤ ਨਹੀਂ ਹੋਈ ਹੈ।

'ਜਦੋਂ ਮੈਂ ਕੋਮਾ ਤੋਂ ਬਾਹਰ ਆਇਆ ਤਾਂ ਮੈਨੂੰ ਦੱਸਿਆ ਗਿਆ ਸੀ ਕਿ ਕੀ ਹੋਇਆ ਸੀ।'' ਇਹ ਸੁਣਦਿਆਂ ਹੀ ਉਨ੍ਹਾਂ ਨੇ ਤੁਰੰਤ ਆਪਣੇ ਉਸ ਸਾਥੀ ਮਾਰਕ ਫੂ ਦੀ ਯਾਦ ਆ ਗਈ ਜਿਸ ਦੀ ਮੈਦਾਨ 'ਤੇ ਹੀ ਮੌਤ ਹੋ ਗਈ ਸੀ।

ਉਨ੍ਹਾਂ ਬੀਬੀਸੀ ਨੂੰ ਦੱਸਿਆ, ''ਲੋਕਾਂ ਨੂੰ ਲੱਗਦਾ ਹੈ ਕਿ ਖਿਡਾਰੀ, ਫੁੱਟਬਾਲ ਖਿਡਾਰੀ ਸੁਰੱਖਿਅਤ ਹੁੰਦੇ ਹਨ ਪਰ ਅਸੀਂ ਜ਼ਿਆਦਾ ਖਤਰਿਆਂ ਦੇ ਸ਼ਿਕਾਰ ਹੁੰਦੇ ਹਾਂ।''

ਉਨ੍ਹਾਂ ਕਿਹਾ, ''ਸਟ੍ਰੋਕ ਕੋਈ ਬਿਮਾਰੀ ਨਹੀਂ ਹੈ। ਇਹ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਕੋਈ ਅੰਦਰੂਨੀ ਦਿੱਕਤ ਹੁੰਦੀ ਹੈ ਅਤੇ ਤੁਸੀਂ ਅਜਿਹੇ ਕੰਮ ਕਰਦੇ ਹੋ ਜਿਸ ਨਾਲ ਇਹ ਖਤਰਾ ਹੋਰ ਵਧ ਜਾਂਦਾ ਹੈ।''

ਕਤਰ 2022 ਲਈ ਥਾਂ ਪੱਕੀ ਹੋਣ ਤੋਂ ਬਾਅਦ ਆਪਣੇ ਦੋਸਤ ਸੈਮੁਅਲ ਈਟਿਓ ਨਾਲ ਗਲ਼ੇ ਮਿਲਦੇ ਸਾਂਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਤਰ 2022 ਲਈ ਥਾਂ ਪੱਕੀ ਹੋਣ ਤੋਂ ਬਾਅਦ ਆਪਣੇ ਦੋਸਤ ਸੈਮੁਅਲ ਈਟਿਓ ਨਾਲ ਗਲ਼ੇ ਮਿਲਦੇ ਸਾਂਗ

ਕੌਮੀ ਟੀਮ 'ਚ ਵਾਪਸੀ

ਹਸਪਤਾਲ ਤੋਂ ਮੁੜਨ ਮਗਰੋਂ, ਸਾਂਗ ਨੂੰ ਰੀਹੈਬਿਲੀਟੇਸ਼ਨ ਲਈ ਪੈਰਿਸ ਭੇਜ ਦਿੱਤਾ ਗਿਆ ਅਤੇ ਕੁਝ ਹੀ ਮਹੀਨਿਆਂ ਬਾਅਦ ਉਹ ਮੈਦਾਨ 'ਤੇ ਵਾਪਸ ਆ ਗਏ।

ਫਿਰ ਉਨ੍ਹਾਂ ਨੇ ਕੈਮਰੂਨ ਦੀਆਂ ਨਵੀਆਂ ਟੀਮਾਂ ਨੂੰ ਕੋਚਿੰਗ ਦੇਣਾ ਸ਼ੁਰੂ ਕੀਤਾ ਅਤੇ ਦੇਸ਼ ਦੀ ਫੁੱਟਬਾਲ ਫੈਡਰੇਸ਼ਨ 'ਚ ਕਈ ਅਹੁਦਿਆਂ 'ਤੇ ਰਹੇ।

ਸਾਲ 2022 ਦੀ ਸ਼ੁਰੂਆਤ 'ਚ ਕੈਮਰੂਨ ਨੇ ਅਫ਼ਰੀਕਾ ਕੱਪ ਆਫ਼ ਨੇਸ਼ਨਜ਼ ਦੀ ਮੇਜ਼ਬਾਨੀ ਕੀਤੀ। ਉਮੀਦਾਂ ਜ਼ਿਆਦਾ ਸਨ ਕਿਉਂਕਿ ਕੈਮਰੂਨ ਚਾਰ ਵਾਰ ਇਹ ਖ਼ਿਤਾਬ ਜਿੱਤ ਚੁੱਕਿਆ ਸੀ।

ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਵੀ ਉਹੀ ਜਿੱਤਣਗੇ, ਪਰ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਕੈਮਰੂਨ ਦੀ ਟੀਮ ਤੀਜੇ ਨੰਬਰ 'ਤੇ ਆਈ ਅਤੇ ਟੀਮ ਦੇ ਕੋਚ ਟੋਨੀ ਕਾਂਸੀਕਾਓ ਨੂੰ ਬਰਖ਼ਾਸਤ ਕਰ ਦਿੱਤਾ ਗਿਆ।

ਉਨ੍ਹਾਂ ਦੀ ਥਾਂ ਸਾਂਗ ਨੂੰ ਨਵਾਂ ਕੋਚ ਨਿਯੁਕਤ ਕੀਤਾ ਗਿਆ। ਕੈਮਰੂਨ ਨੇ ਇਸੇ ਸਾਲ ਮਾਰਚ ਮਹੀਨੇ 'ਚ ਅਲਜੀਰੀਆ ਦੇ ਖ਼ਿਲਾਫ਼ ਪਲੇਆਫ਼ 'ਚ ਖੇਡਿਆ ਸੀ ਅਤੇ ਦੋ ਮੁਸ਼ਕਲ ਮੈਚਾਂ ਦੇ ਬਾਵਜੂਦ ਕੈਮਰੂਨ ਨੇ ਕਤਰ ਵਿਸ਼ਵ ਕੱਪ 2022 ਲਈ ਆਪਣੀ ਥਾਂ ਪੱਕੀ ਕਰ ਲਈ।

ਸ਼ਾਇਦ ਮੌਤ ਨਾਲ ਸਾਹਮਣਾ ਹੋਣ ਕਾਰਨ ਸਾਂਗ ਕੈਮਰੂਨ ਦੇ ਖਿਡਾਰੀਆਂ ਨੂੰ ਅਜਿਹੀ ਕੋਚਿੰਗ ਦੇ ਸਕੇ ਕਿ ਉਹ ਹੋ ਸਕਦਾ ਹੈ ਕਿ ਉਹ ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਅਫ਼ਰੀਕੀ ਦੇਸ਼ ਬਣ ਜਾਵੇ।

ਸਾਂਗ ਆਪ ਕਹਿੰਦੇ ਹਨ, ''ਜੇ ਮੈਂ ਕਿਸੇ ਨੂੰ ਕੋਈ ਸਲਾਹ ਦੇਣੀ ਹੋਵੇ ਤਾਂ ਉਹ ਇਹ ਹੋਵੇਗੀ ਕਿ ਆਪਣਾ ਜੀਵਨ ਜੀਓ। ਸਾਵਧਾਨ ਰਹੋ, ਤੁਹਾਨੂੰ ਸਾਵਧਾਨ ਰਹਿਣਾ ਪਏਗਾ।''

''ਮਿਸਾਲ ਵਜੋਂ, ਜੇ ਤੁਹਾਨੂੰ ਸਿਰ ਦਰਦ ਹੈ ਤਾਂ ਡਾਕਟਰ ਕੋਲ ਜਾਓ। ਤੁਹਾਨੂੰ ਜੀਵਨ 'ਚ ਸਕੂਨ ਨਾਲ ਰਹਿਣਾ ਚਾਹੀਦਾ ਹੈ, ਸਾਧਾਰਨ ਜ਼ਿੰਦਗੀ ਜੀਓ, ਪ੍ਰੈਸ਼ਰ ਨਾ ਲਵੋ।''

ਲਾਈਨ

ਤਸਵੀਰ ਸਰੋਤ, Getty Images

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)