ਫੀਫਾ ਵਿਸ਼ਵ ਕੱਪ 2022: ਕੱਪੜੇ ਲਾਹੁਣ, ਸਾਜ਼ ਵਜਾਉਣ ਸਣੇ ਮੈਚ ’ਚ ਇਨ੍ਹਾਂ ਚੀਜ਼ਾਂ ’ਤੇ ਪਾਬੰਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਜੇਮੀ ਮੋਰਲੈਂਡ
- ਰੋਲ, ਬੀਬੀਸੀ ਨਿਊਜ਼
ਫੀਫਾ ਵਿਸ਼ਵ ਕੱਪ ਦੇ ਮੁਕਾਬਲੇ ਜਾਰੀ ਹਨ ਅਤੇ ਪ੍ਰਸ਼ੰਸਕ ਕਤਰ ਵਿੱਚ ਟੂਰਨਾਮੈਂਟ ਦਾ ਪੂਰਾ ਆਨੰਦ ਲੈ ਰਹੇ ਹਨ।
ਪਰ ਇਸ ਗੱਲ 'ਤੇ ਅਜੇ ਵੀ ਵਿਵਾਦ ਹੈ ਕਿ ਇਸ ਟੂਰਨਾਮੈਂਟ ਦੌਰਾਨ ਕਿਹੜੀਆਂ ਚੀਜ਼ਾਂ ਅਤੇ ਵਿਵਹਾਰਾਂ ਦੀ ਮਨਾਹੀ ਹੈ। ਪ੍ਰਸ਼ੰਸਕਾਂ ਅਤੇ ਖਿਡਾਰੀਆਂ ਨੇ ਵੀ ਇਸ 'ਤੇ ਆਪਣੀ ਵੱਖਰੀ-ਵੱਖਰੀ ਪ੍ਰਤੀਕਿਰਿਆ ਦਿੱਤੀ ਹੈ।

ਤਸਵੀਰ ਸਰੋਤ, EPA
ਵਨ ਲਵ (OneLove) ਆਰਮਬੈਂਡਸ
ਸੱਤ ਦੇਸ਼ਾਂ ਦੀਆਂ ਟੀਮਾਂ ਟੂਰਨਾਮੈਂਟ ਵਿੱਚ ਦਿਲ ਦੇ ਆਕਾਰ ਵਿੱਚ ਸਤਰੰਗੀ ਝੰਡੇ ਵਾਲਾ ਵਨ ਲਵ (OneLove) ਆਰਮਬੈਂਡ ਪਹਿਨਣ ਵਾਲੀਆਂ ਸਨ।
ਇਹ ਆਰਮਬੈਂਡ ਸਮਲਿੰਗੀ ਸਬੰਧਾਂ ਦੇ ਵਿਰੁੱਧ ਕਤਰ ਦੇ ਕਾਨੂੰਨਾਂ ਦੇ ਵਿਰੋਧ ਵਿੱਚ ਪਹਿਨਿਆ ਜਾਣਾ ਸੀ ਪਰ ਇਸ ਦੀ ਆਗਿਆ ਨਹੀਂ ਦਿੱਤੀ ਗਈ।
ਵਿਸ਼ਵ ਪੱਧਰ 'ਤੇ ਫੁੱਟਬਾਲ ਦਾ ਸੰਚਾਲਨ ਕਰਨ ਵਾਲੀ ਸੰਸਥਾ ਫੀਫਾ ਨੇ ਕਿਹਾ ਕਿ ਜੇ ਕੋਈ ਵੀ ਖਿਡਾਰੀ ਇਸ ਬੈਂਡ ਨੂੰ ਪਹਿਨੇਗਾ ਤਾਂ ਉਸ ਨੂੰ ਪੀਲਾ ਕਾਰਡ ਦੇ ਦਿੱਤਾ ਜਾਵੇਗਾ।
ਫੀਫਾ ਦੀ ਇਸ ਚਿਤਾਵਨੀ ਤੋਂ ਬਾਅਦ ਟੀਮਾਂ ਨੇ ਇਸ ਬੈਂਡ ਨੂੰ ਨਾ ਪਹਿਨਣ ਦਾ ਫੈਸਲਾ ਕੀਤਾ ਹੈ।
ਫੀਫਾ ਦੇ ਨਿਯਮਾਂ ਦੇ ਅਨੁਸਾਰ, "ਰਾਜਨੀਤਿਕ, ਧਾਰਮਿਕ ਜਾਂ ਨਿੱਜੀ ਸੰਦੇਸ਼ਾਂ ਜਾਂ ਨਾਅਰਿਆਂ" 'ਤੇ ਪਾਬੰਦੀ ਹੈ ਅਤੇ ਨਾਲ ਹੀ ਟੀਮਾਂ ਦੇ ਕਪਤਾਨਾਂ ਨੂੰ ਇੱਕ ਆਰਮਬੈਂਡ ਪਹਿਨਣ ਦੀ ਪੇਸ਼ਕਸ਼ ਕੀਤੀ ਜਿਸ 'ਤੇ ਲਿਖਿਆ ਹੈ "ਕੋਈ ਵਿਤਕਰਾ ਨਹੀਂ"।

ਤਸਵੀਰ ਸਰੋਤ, Reuters
ਬੁੱਧਵਾਰ ਨੂੰ, ਜਰਮਨ ਟੀਮ ਦੇ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਤਸਵੀਰ ਖਿਚਵਾਉਣ ਸਮੇਂ, ਫੀਫਾ ਦੇ ਅਜਿਹੇ ਨਿਯਮਾਂ ਦਾ ਵਿਰੋਧ ਕਰਦੇ ਹੋਏ ਆਪਣੇ ਮੂੰਹ ਆਪਣੇ ਹੱਥਾਂ ਨਾਲ ਢੱਕ ਲਏ ਸਨ।
ਇਸ ਤੋਂ ਇਲਾਵਾ ਪਿਚ ਦੇ ਬਾਹਰ ਵਿਰੋਧ ਦੀ ਝਲਕ ਨਜ਼ਰ ਆਇਆ। ਇੱਥੇ ਇੱਕ ਸਾਬਕਾ ਡੈਨਿਸ਼ ਪ੍ਰਧਾਨ ਮੰਤਰੀ, ਇੱਕ ਜਰਮਨ ਸੰਘੀ ਮੰਤਰੀ ਅਤੇ ਬੀਬੀਸੀ ਖੇਡ ਪ੍ਰੈਜ਼ੇਂਟਰ ਅਤੇ ਇੰਗਲੈਂਡ ਦੀ ਸਾਬਕਾ ਮਹਿਲਾ ਖਿਡਾਰੀ ਐਲੇਕਸ ਸਕਾਟ ਨੂੰ ਸਤਰੰਗੀ ਦਿਲ ਵਾਲਾ ਬੈਂਡ ਪਹਿਨੇ ਹੋਏ ਦੇਖਿਆ ਗਿਆ।

- ਫੀਫਾ ਵਿਸ਼ਵ ਕੱਪ 2022 ਕਤਰ ਵਿੱਚ ਹੋ ਰਿਹਾ ਹੈ
- ਟੂਰਨਾਮੈਂਟ ਦੌਰਾਨ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ
- ਇਸ ਦੌਰਾਨ ਸ਼ਰਾਬ ਦੇ ਨਾਲ-ਨਾਲ ਕੱਪੜੇ ਉਤਾਰਨ ਤੇ ਸੰਗੀਤ ਵਜਾਉਣ ਦੀ ਮਨਾਹੀ ਹੈ
- ਇਸ ਤੋਂ ਇਲਾਵਾ ਖਾਸ ਕਿਸਮ ਦੇ ਕੱਪੜੇ ਅਤੇ ਟੋਪੀਆਂ ਪਾਉਣ ਦੀ ਵੀ ਮਨਾਹੀ ਹੈ
- ਬੁੱਧਵਾਰ ਨੂੰ, ਜਰਮਨ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਤਸਵੀਰ ਖਿਚਵਾਉਣ ਸਮੇਂ, ਫੀਫਾ ਦੇ ਨਿਯਮਾਂ ਦੇ ਵਿਰੋਧ 'ਚ ਆਪਣੇ ਮੂੰਹ ਢਕ ਲਏ ਸਨ

ਬੀਅਰ
ਕਤਰ ਵਿਚ ਸ਼ਰਾਬ ਦੀ ਵਿਕਰੀ 'ਤੇ ਸਖਤੀ ਨਾਲ ਨਿਯੰਤਰਣ ਹੈ, ਪਰ ਫੁੱਟਬਾਲ ਦੇ ਇਸ ਟੂਰਨਾਮੈਂਟ ਵਿੱਚ ਐਲਕੋਹਲ ਪਰੋਸੀ ਜਾਣੀ ਸੀ। ਫਿਰ ਅਚਾਨਕ ਟੂਰਨਾਮੈਂਟ ਤੋਂ ਸਿਰਫ ਦੋ ਦਿਨ ਪਹਿਲਾਂ ਫੀਫਾ ਨੇ ਆਪਣੀ ਨੀਤੀ ਨੂੰ ਬਦਲ ਦਿੱਤਾ।
ਵਿਸ਼ਵ ਕੱਪ ਦੇ ਪ੍ਰਮੁੱਖ ਸਪਾਂਸਰ ਅਤੇ ਬੀਅਰ ਬਣਾਉਣ ਵਾਲੀ ਕੰਪਨੀ ਬਡਵਾਇਜ਼ਰ ਲਈ ਆਖਰੀ ਮਿੰਟ 'ਤੇ ਲਿਆ ਗਿਆ ਇਹ ਫੈਸਲਾ ਹੈਰਾਨੀਜਨਕ ਸੀ ਅਤੇ ਕੰਪਨੀ ਨੇ ਤੁਰੰਤ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ।
ਕੰਪਨੀ ਨੇ ਟਵੀਟ ਕੀਤਾ, "ਇਹ ਬੇਹੂਦਾ ਹੈ।" ਪਰ ਬਾਅਦ ਵਿੱਚ ਇਸ ਟਵੀਟ ਨੂੰ ਮਿਟਾ ਦਿੱਤਾ ਗਿਆ।
ਹਾਲਾਂਕਿ ਮੈਦਾਨਾਂ ਅੰਦਰ ਪਾਬੰਦੀ ਦੇ ਬਾਵਜੂਦ, ਪ੍ਰਸ਼ੰਸਕ ਖੇਤਰਾਂ ਵਿੱਚ ਬੀਅਰ ਅਜੇ ਵੀ ਪਰੋਸੀ ਜਾ ਰਹੀ ਹੈ ਜਿੱਥੇ ਲੋਕ ਵੱਡੀ ਸਕ੍ਰੀਨ 'ਤੇ ਮੈਚ ਦੇਖ ਸਕਦੇ ਹਨ।''

ਤਸਵੀਰ ਸਰੋਤ, Reuters
ਬਕੇਟ ਹੈਟਸ
ਬਕੇਟ ਹੈਟ ਜਾਂ ਟੋਪੀ ਨੂੰ 2010 ਤੋਂ ਬਾਅਦ ਤੋਂ ਹਨ ਵੈਲਸ਼ ਫੁੱਟਬਾਲ ਦਰਸ਼ਕਾਂ ਦਾ ਇੱਕ ਪ੍ਰਤੀਕ ਬਣ ਗਈ ਹੈ। ਪਰ ਕਤਰ ਵਿੱਚ ਫੁੱਟਬਾਲ ਦੇ ਇਸ ਟੂਰਨਾਮੈਂਟ ਵਿੱਚ ਇਨ੍ਹਾਂ ਟੋਪੀਆਂ ਨੂੰ ਪਹਿਨਣ ਤੋਂ ਰੋਕਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਪ੍ਰਾਪਤ ਰਿਪੋਰਟਾਂ ਅਨੁਸਾਰ, ਇਨ੍ਹਾਂ ਟੋਪੀਆਂ ਨੂੰ ਪਹਿਨਣ ਵਾਲੇ ਕੁਝ ਵੈਲਸ਼ ਪ੍ਰਸ਼ੰਸਕਾਂ ਨੇ ਟੋਪੀਆਂ ਨੂੰ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਜਾਣ ਦੀ ਗੱਲ ਕਹੀ ਹੈ।
ਇਨ੍ਹਾਂ ਵਿੱਚ ਸਾਬਕਾ ਵੇਲਜ਼ ਫੁੱਟਬਾਲ ਕਪਤਾਨ ਲੌਰਾ ਮੈਕਐਲਿਸਟਰ ਵੀ ਸ਼ਾਮਲ ਹੈ, ਜਿਸ ਨੇ ਕਿਹਾ ਕਿ ਜਦੋਂ ਉਹ ਇੱਕ ਸਟੇਡੀਅਮ ਵਿੱਚ ਦਾਖਲ ਹੋਏ ਤਾਂ ਇੱਕ ਪ੍ਰਬੰਧਕ ਨੇ ਉਨ੍ਹਾਂ ਨੂੰ ਟੋਪੀ ਹਟਾਉਣ ਲਈ ਕਿਹਾ ਜਿਸ ਨਾਲ ਉਹ ਸਹਿਮ ਗਏ।
ਹਾਲਾਂਕਿ, ਫੁੱਟਬਾਲ ਐਸੋਸੀਏਸ਼ਨ ਆਫ ਵੇਲਜ਼ (ਐੱਫਏਡਬਲਯੂ) ਦਾ ਕਹਿਣਾ ਹੈ ਕਿ ਫੀਫਾ ਨੇ ਵਿਸ਼ਵ ਕੱਪ ਦੇ ਆਯੋਜਨ ਵਾਲੇ ਸਥਾਨਾਂ ਨੂੰ ਕਿਹਾ ਹੈ ਕਿ ਉਹ ਟੂਰਨਾਮੈਂਟ ਦੇ ਬਾਕੀ ਮੈਚਾਂ ਲਈ ਸਤਰੰਗੀ ਟੋਪੀਆਂ ਅਤੇ ਝੰਡੇ ਸਟੇਡੀਅਮਾਂ ਵਿੱਚ ਲੈ ਜਾਣ ਦੀ ਆਗਿਆ ਦੇਣ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਅਜਿਹਾ ਵੀ ਲੱਗ ਰਿਹਾ ਹੈ ਜਿਵੇਂ ਕਿ ਕੁਝ ਖਾਸ ਫੈਂਸੀ ਡਰੈੱਸ ਨੂੰ ਪਹਿਨਣ ਲਈ ਵੀ ਮਨ੍ਹਾ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਜਾਰੀ ਕੁਝ ਵੀਡੀਓਜ਼ ਵਿੱਚ ਦੇਖਿਆ ਗਿਆ ਹੈ ਕਿ ਕਰੂਸੇਡਰ ਪੋਸ਼ਾਕਾਂ (ਜੰਗੀ ਪੋਸ਼ਾਕਾਂ) ਪਹਿਨ ਕੇ ਆਏ ਪ੍ਰਸ਼ੰਸਕਾਂ ਨੂੰ ਬਾਹਰੋਂ ਹੀ ਵਾਪਸ ਮੋੜਿਆ ਜਾ ਰਿਹਾ ਹੈ।
ਭੇਦਭਾਵ ਵਿਰੋਧੀ ਸਮੂਹ ਕਿੱਕ ਇਟ ਆਉਟ ਨੇ ਇੰਗਲੈਂਡ ਦੇ ਸਮਰਥਕਾਂ ਨੂੰ ਯਾਦ ਦਿਵਾਇਆ ਕਿ ਕਰੂਸੇਡਰ ਅਤੇ ਸੈਨਿਕਾਂ ਦੇ ਪਹਿਰਾਵੇ ਮੱਧ ਯੁੱਗ ਦੌਰਾਨ ਈਸਾਈਆਂ ਦੁਆਰਾ ਮੁਸਲਮਾਨਾਂ ਦੇ ਵਿਰੁੱਧ ਛੇੜੇ ਗਏ ਧਾਰਮਿਕ ਯੁੱਧਾਂ ਦੀ ਯਾਦ ਦਿਵਾਉਂਦੇ ਹਨ।
ਇਸ ਲਈ ਇਸ ਸਮੂਹ ਨੇ ਇੰਗਲੈਂਡ ਦੇ ਸਮਰਥਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਫੈਂਸੀ ਡਰੈੱਸ ਨਾ ਪਹਿਨਣ।


ਕੱਪੜੇ ਉਤਾਰਨ ਦੀ ਮਨਾਹੀ
ਫੀਫਾ ਦੁਆਰਾ ਪ੍ਰਕਾਸ਼ਿਤ ਕਤਰ ਲਈ ਆਚਾਰ ਸੰਹਿਤਾ ਦੇ ਅਨੁਸਾਰ, ਪ੍ਰਸ਼ੰਸਕ ਕੱਪੜੇ ਨਹੀਂ ਉਤਾਰ ਸਕਦੇ ਹਨ ਜਾਂ "ਬਿਨਾਂ ਕਮੀਜ਼ ਦੇ ਨਹੀਂ ਰਹਿ ਸਕਦੇ ਹਨ ਜਾਂ ਅਜਿਹੀ ਸਥਿਤੀ ਵਿੱਚ ਨਹੀਂ ਰਹਿ ਸਕਦੇ ਹਨ ਜਿਸ ਉਨ੍ਹਾਂ ਦੇ ਅਜਿਹੇ ਸਰੀਰਿਕ ਅੰਗ ਨਜ਼ਰ ਆਉਣ ਜਿਨ੍ਹਾਂ ਨਾਲ ਇਤਰਾਜ਼ ਹੋਵੇ"।
ਹਾਲਾਂਕਿ ਯੂਕੇ ਵਿੱਚ ਫੁੱਟਬਾਲ ਮੈਚਾਂ ਦੇ ਰੋਮਾਂਚਕ ਪਲਾਂ ਦੌਰਾਨ ਕਮੀਜ਼ ਉਤਾਰਨ ਵਰਗੀਆਂ ਚੀਜ਼ਾਂ ਆਮ ਹੋ ਸਕਦੀਆਂ ਹਨ ਪਰ ਕਤਰ ਵਿੱਚ ਅਜਿਹਾ ਕਰਨ 'ਤੇ ਪ੍ਰਸ਼ੰਸਕਾਂ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।

ਤਸਵੀਰ ਸਰੋਤ, Getty Images
ਸੰਗੀਤ ਯੰਤਰਾਂ ’ਤੇ ਪਾਬੰਦੀ
ਟਾਇਲਟ ਤੋਂ ਇਲਾਵਾ ਕਿਸੇ ਵੀ ਹੋਰ ਥਾਂ 'ਤੇ ਪਿਸ਼ਾਬ ਕਰਨਾ, ਕੂੜਾ ਫੈਲਾਉਣਾ ਅਤੇ ਸਿਗਰਟ ਪੀਣਾ ਵੀ ਮਨ੍ਹਾ ਹੈ। ਇਸ ਤੋਂ ਇਲਾਵਾ ਸਰ 'ਤੇ ਸਿੰਗ ਲਗਾਉਣਾ ਅਤੇ ਸੰਗੀਤਕ ਯੰਤਰਾਂ 'ਤੇ ਵੀ ਪਾਬੰਦੀ ਹੈ।
ਅਧਿਕਾਰੀਆਂ ਮੁਤਾਬਕ, ਉਹ 2010 ਵਾਲੇ ਟੂਰਨਾਮੈਂਟ ਦੀ ਸਥਿਤੀ ਨਹੀਂ ਦੁਹਰਾਉਣਾ ਚਾਹੁੰਦੇ ਜਦੋਂ ਇੱਕ ਸੰਗੀਤ ਯੰਤਰ ਵੁਵੁਜ਼ੇਲਾ ਹੀ ਦੱਖਣੀ ਅਫਰੀਕਾ ਵਿੱਚ ਵਿਸ਼ਵ ਕੱਪ ਦਾ ਸਾਉਂਡਟ੍ਰੈਕ ਬਣ ਗਿਆ ਸੀ।
ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੂੰ ਆਪਣੇ ਨਾਲ ਜਲਨਯੋਗ ਵਸਤੂਆਂ ਅਤੇ ਵਧੇਰੇ ਮਾਤਰਾ ਵਿੱਚ ਕਾਗਜ਼ ਆਦਿ ਲੈ ਕੇ ਜਾਣ ਦੀ ਵੀ ਮਨਾਹੀ ਹੈ।

ਤਸਵੀਰ ਸਰੋਤ, AFP
'ਲਵ' ਮਨ੍ਹਾ ਹੈ
ਫੁੱਟਬਾਲ ਦੇ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਬੈਲਜੀਅਮ ਦੀ ਟੀਮ ਆਪਣੀ ਉਹ ਕਮੀਜ਼ ਨਹੀਂ ਪਹਿਨ ਸਕਦੀ ਜਿਸ ਉੱਤੇ 'ਲਵ' ਸ਼ਬਦ ਲਿਖਿਆ ਹੋਇਆ ਹੈ।
ਬੈਲਜੀਅਮ ਦਾ ਕਹਿਣਾ ਹੈ ਕਿ ਫੀਫਾ ਨੇ ਉਨ੍ਹਾਂ ਨੂੰ ਇਸ ਨੂੰ ਹਟਾਉਣ ਲਈ ਕਿਹਾ ਸੋ ਇਸ ਲਈ ਉਹ ਇਸ ਕਮੀਜ਼ ਦੀ ਬਜਾਏ ਆਪਣੀ ਲਾਲ ਰੰਗ ਦੀ ਘਰੇਲੂ ਮੈਚਾਂ ਵਾਲੀ ਕਮੀਜ਼ ਪਹਿਨ ਰਹੇ ਹਨ।
ਖ਼ਬਰ ਏਜੰਸੀ ਰਾਇਟਰਜ਼ ਦੀਆਂ ਰਿਪੋਰਟ ਮੁਤਾਬਕ, ਫੀਫਾ ਨੇ ਕਮੀਜ਼ ਨੂੰ ਵਪਾਰਕ ਕਾਰਨਾਂ ਕਰਕੇ ਪਹਿਨਣ ਤੋਂ ਮਨ੍ਹਾ ਕੀਤਾ ਹੈ।
ਡੈਨਿਸ਼ ਫੁੱਟਬਾਲ ਐਸੋਸੀਏਸ਼ਨ ਨੇ ਫੀਫਾ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ "ਸਭ ਲਈ ਮਨੁੱਖੀ ਅਧਿਕਾਰ" ਸ਼ਬਦਾਂ ਵਾਲੀ ਕਮੀਜ਼ਾਂ ਵਿੱਚ ਸਿਖਲਾਈ ਦੇਣ ਦੀ ਆਗਿਆ ਦਿੱਤੀ ਜਾਵੇ, ਪਰ ਫੀਫਾ ਨੇ ਇਸ ਤੋਂ ਵੀ ਇਨਕਾਰ ਕਰ ਦਿੱਤਾ ਹੈ।













