You’re viewing a text-only version of this website that uses less data. View the main version of the website including all images and videos.
ਅਮਰੀਕਾ 'ਚ ਗੁਰਪ੍ਰੀਤ ਸਿੰਘ ਨਾਮ ਦੇ ਸ਼ਖ਼ਸ ਨੂੰ ਪੁਲਿਸ ਵੱਲੋਂ ਸੜਕ 'ਤੇ ਗੋਲ਼ੀ ਮਾਰਨ ਦਾ ਕੀ ਹੈ ਮਾਮਲਾ, ਪੁਲਿਸ ਨੇ ਕੀ ਦੱਸਿਆ
ਅਮਰੀਕਾ ਦੇ ਲਾਸ ਏਂਜਲਸ ਵਿੱਚ ਗੁਰਪ੍ਰੀਤ ਸਿੰਘ ਨਾਮ ਦੇ ਸ਼ਖ਼ਸ ਦੀ ਪੁਲਿਸ ਫਾਇਰਿੰਗ ਦੀ ਇੱਕ ਘਟਨਾ ਵਿੱਚ ਮੌਤ ਹੋਣ ਮਾਮਲਾ ਸਾਹਮਣੇ ਆਇਆ ਹੈ। ਲਾਸ ਏਂਜਲਸ ਪੁਲਿਸ ਵਿਭਾਗ ਨੇ ਖੁਦ ਇੱਕ ਵੀਡੀਓ ਬਿਆਨ ਜਾਰੀ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਬਾਰੇ ਉਨ੍ਹਾਂ ਨੂੰ ਕਈ ਵਿਅਕਤੀਆਂ ਨੇ ਕਾਲ ਕਰਕੇ ਸ਼ਿਕਾਇਤ ਦਿੱਤੀ ਸੀ ਕਿ ਉਹ ਸਰੇਆਮ ਸੜਕ 'ਤੇ ਇੱਕ ਧਾਰਦਾਰ ਹਥਿਆਰ ਨਾਲ ਕੁਝ ਐਕਸ਼ਨ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ, ਮੌਕੇ 'ਤੇ ਪਹੁੰਚੀ ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ 'ਤੇ ਹੀ ਹਮਲੇ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਕਾਫੀ ਦੇਰ ਪਿੱਛਾ ਕਰਨ ਦੇ ਬਾਅਦ ਗੁਰਪ੍ਰੀਤ ਸਿੰਘ ਉੱਤੇ ਫਾਈਰਿੰਗ ਕਰ ਦਿੱਤੀ।
ਜ਼ਖਮੀ ਹਾਲਤ 'ਚ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਰ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਕੀ ਹੈ ਪੂਰਾ ਮਾਮਲਾ?
ਮਾਮਲਾ ਇਸੇ ਸਾਲ 13 ਜੁਲਾਈ, ਸਵੇਰੇ ਲਗਭਗ 9 ਵੱਜ ਕੇ 20 ਮਿੰਟ ਦੇ ਕਰੀਬ ਦਾ ਹੈ।
ਲਾਸ ਏਂਜਲਸ ਪੁਲਿਸ ਵਿਭਾਗ ਦੁਆਰਾ ਜਾਰੀ ਇੱਕ ਵੀਡੀਓ ਮੁਤਾਬਕ, ਯੂਨੀਵਰਸਲ ਐਮਰਜੈਂਸੀ ਨੰਬਰ 911 'ਤੇ ਪੁਲਿਸ ਨੂੰ ਵੱਖ-ਵੱਖ ਲੋਕਾਂ ਨੇ ਫੋਨ ਕਰਕੇ ਦੱਸਿਆ ਕਿ ਫਿਗੁਏਰੋਆ ਸਟ੍ਰੀਟ ਅਤੇ ਓਲੰਪਿਕ ਬੁਲੇਵਾਰਡ ਇਲਾਕੇ ਵਿੱਚ ਇੱਕ ਵਿਅਕਤੀ ਸੜਕ ਦੇ ਵਿਚਕਾਰ ਤਲਵਾਰ ਵਰਗਾ ਕੋਈ ਹਥਿਆਰ ਲਹਿਰਾਉਂਦੇ ਹੋਏ ਫਿਰ ਰਿਹਾ ਹੈ।
ਲਾਸ ਐਂਜਲਸ ਪੁਲਿਸ ਵਿਭਾਗ ਤੋਂ ਲੈਫਟੀਨੈਂਟ ਬਰੂਸ ਕਾਸ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੁਰਪ੍ਰੀਤ ਸਿੰਘ ਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ ਪਰ ਉਨ੍ਹਾਂ ਨੇ ਪੁਲਿਸ ਦੀਆਂ ਹਿਦਾਇਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ।
ਲਾਸ ਏਂਜਲਸ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਦੋਂ ਪੁਲਿਸ ਨੇ ਗੁਰਪ੍ਰੀਤ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ 'ਤੇ ਇੱਕ ਬੋਤਲ ਸੁੱਟੀ ਅਤੇ ਉੱਥੋਂ ਭੱਜ ਗਏ।
"ਪੁਲਿਸ ਨੇ ਗੁਰਪ੍ਰੀਤ ਸਿੰਘ ਦੀ ਗੱਡੀ ਦਾ ਪਿੱਛਾ ਕੀਤਾ। ਇਸ ਦੌਰਾਨ ਗੁਰਪ੍ਰੀਤ ਸਿੰਘ ਨੇ ਅਨਿਯਮਿਤ ਢੰਗ ਨਾਲ ਗੱਡੀ ਚਲਾਈ ਅਤੇ ਡਰਾਈਵਰ ਵਾਲੀ ਬਾਰੀ 'ਚੋਂ ਹਥਿਆਰ ਨੂੰ ਵੀ ਲਹਿਰਾਇਆ। ਫਿਰ ਫਿਗੁਏਰੋਆ ਐਂਡ 12ਥ ਸਟ੍ਰੀਟ 'ਤੇ ਜਾ ਕੇ ਗੁਰਪ੍ਰੀਤ ਨੇ ਗੱਡੀ ਰੋਕੀ ਅਤੇ ਇੱਕ ਪੁਲਿਸ ਦੀ ਗੱਡੀ 'ਤੇ ਵੱਲ ਅੱਗੇ ਵਧੇ ਅਤੇ ਹਮਲਾ ਕਰਨ ਦੀ ਕੋਸ਼ਿਸ਼ ਵਾਂਗ ਪ੍ਰਤੀਤ ਹੋਇਆ।"
'ਉਹ ਰਾਹਗੀਰਾਂ ਨੂੰ ਡਰਾ ਰਿਹਾ ਸੀ'
ਦਿੱਤੀ ਗਈ ਜਾਣਕਾਰੀ ਮੁਤਾਬਕ, ਪੁਲਿਸ ਨੇ ਜਵਾਬੀ ਕਾਰਵਾਈ 'ਚ ਗੋਲ਼ੀ ਚਲਾਈ ਅਤੇ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਏ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
17 ਜੁਲਾਈ ਨੂੰ ਹਸਪਤਾਲ ਵਿੱਚ ਹੀ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ।
ਪੁਲਿਸ ਨੇ ਮੌਕੇ ਤੋਂ ਦੋ ਫੁੱਟ ਲੰਮਾ ਧਾਰਦਾਰ ਹਥਿਆਰ ਬਰਾਮਦ ਕੀਤਾ ਹੈ ਅਤੇ ਸਬੂਤ ਵਜੋਂ ਦਰਜ ਕਰ ਲਿਆ ਗਿਆ। ਜਿਸ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਪੁਲਿਸ ਮੁਤਾਬਕ, ਕਾਲ ਕਰਨ ਵਾਲੇ ਲੋਕਾਂ ਨੇ ਹਥਿਆਰਬੰਦ ਵਿਅਕਤੀ ਦਾ ਹੁਲੀਆ ਭਾਰਤੀ ਦੱਸਿਆ ਅਤੇ ਕਿਹਾ ਕਿ ਉਹ ਇੱਕ ਪੁਰਸ਼ ਹੈ ਜਿਸਨੇ ਸਿਰ 'ਤੇ ਇੱਕ ਨੀਲੇ ਰੰਗ ਦਾ ਪਟਕਾ ਬੰਨ੍ਹਿਆ ਹੋਇਆ ਹੈ, ਇੱਕ ਹਲਕੇ ਰੰਗ ਦੀ ਟੀ ਸ਼ਰਟ ਅਤੇ ਭੂਰੇ ਰੰਗ ਦੇ ਸ਼ਾਰਟਸ ਪਹਿਨੇ ਹੋਏ ਹਨ।
ਪੁਲਿਸ ਨੇ ਇਸ ਸਬੰਧੀ ਕੁਝ ਫੋਨ ਰਿਕਾਰਡਿੰਗ ਵੀ ਜਾਰੀ ਕੀਤੀ ਹੈ ਜਿਸ ਵਿੱਚ ਫੋਨ ਕਰਨ ਵਾਲੇ ਇੱਕ ਵਿਅਕਤੀ ਨੇ ਕਿਹਾ ਕਿ ''ਉਸ ਕੋਲ ਇੱਕ ਤਲਵਾਰ ਹੈ। ਉਹ (ਗੁਰਪ੍ਰੀਤ ਸਿੰਘ) ਆਉਂਦੇ ਜਾਂਦੇ ਲੋਕਾਂ ਨੂੰ ਹਥਿਆਰ ਦਿਖਾ ਕੇ ਡਰਾ ਰਿਹਾ ਹੈ, ਵਾਹਨਾਂ ਨੂੰ ਰੋਕ ਰਿਹਾ ਹੈ ਅਤੇ ਉਨ੍ਹਾਂ ਨੂੰ ਕਹਿ ਰਿਹਾ ਹੈ ਕਿ ਉਹ ਉਨ੍ਹਾਂ ਨੂੰ ਮਾਰ ਦੇਵੇਗਾ।''
ਉਨ੍ਹਾਂ ਕਿਹਾ, ''ਮੈਂ ਉੱਥੋਂ ਦੂਰ ਹਟ ਗਿਆ ਹਾਂ ਪਰ ਉਹ ਜੇ ਵੀ ਚੀਕ ਰਿਹਾ ਹੈ ਅਤੇ ਲੋਕਾਂ ਨੂੰ ਧਮਕਾ ਰਿਹਾ ਹੈ।''
ਪੁਲਿਸ ਵੱਲੋਂ ਜਾਰੀ ਆਡੀਓ ਵਿੱਚ ਵਿਅਕਤੀ ਨੇ ਇਹ ਵੀ ਦੱਸਿਆ ਕਿ ''ਉਸਨੇ ਆਪਣੀ ਕਾਰ ਰਸਤੇ ਦੇ ਵਿਚਕਾਰ ਖੜ੍ਹੀ ਕੀਤੀ ਹੋਈ ਹੈ।''
ਵਿਅਕਤੀ ਨੇ ਇਹ ਵੀ ਕਿਹਾ ਕਿ ''ਮੈਂ ਤੁਹਨੂੰ (ਪੁਲਿਸ ਨੂੰ) ਉਸਦੀ ਲਾਇਸੈਂਸ ਪਲੇਟ ਦੀ ਜਾਣਕਾਰੀ ਦਿਨਾਂ ਚਾਹੁੰਦਾ ਹਾਂ ਪਰ ਮੈਨੂੰ ਡਰ ਹੈ ਕਿ ਉਹ ਕਿ ਉਹ ਮੇਰੀ ਕਾਰ ਵੱਲ ਆ ਜਾਵੇਗਾ ਅਤੇ ਮੇਰੇ 'ਤੇ ਤਲਵਾਰ ਨਾਲ ਹਮਲਾ ਕਰ ਦੇਵੇਗਾ।''
ਵਿਅਕਤੀ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ''ਭੱਜੋ-ਭੱਜੋ''।
ਇੱਕ ਹੋਰ ਮਹਿਲਾ ਨੇ ਵੀ ਫੋਨ ਕਾਲ 'ਤੇ ਲਗਭਗ ਇਸੇ ਤਰ੍ਹਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ''ਉਹ ਟ੍ਰੈਫਿਕ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਜੋ ਕੋਈ ਨਹੀਂ ਰੁਕ ਰਿਹਾ, ਉਸ ਵੱਲ ਤਲਵਾਰ ਦਿਖਾ ਰਿਹਾ ਹੈ।''
ਇੱਕ ਹੋਰ ਵਿਅਕਤੀ ਨੇ ਦੱਸਿਆ ਕਿ (ਗੁਰਪ੍ਰੀਤ ਸਿੰਘ) ਉਸਨੇ ਕਿਸੇ ਨੂੰ ਸੱਟ ਨਹੀਂ ਪਹੁੰਚਾਈ ਹੈ, ਉਹ ਲੋਕਾਂ ਵੱਲ ਭੱਜ ਰਿਹਾ ਹੈ ਤਾਂ ਲੋਕ ਉਸ ਤੋਂ ਦੂਰ ਭੱਜ ਜਾਂਦੇ ਹਨ।
ਜਾਰੀ ਵੀਡੀਓ ਵਿੱਚ ਕੀ ਨਜ਼ਰ ਆਇਆ
ਪੁਲਿਸ ਨੇ ਆਪਣੇ ਬਿਆਨ ਵਾਲੇ ਵੀਡੀਓ 'ਚ ਉਹ ਵੀਡੀਓ ਵੀ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਨੂੰ ਸੜਕ 'ਤੇ ਤਲਵਾਰ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ।
ਵੀਡੀਓ ਵਿੱਚ ਗੁਰਪ੍ਰੀਤ ਸਿੰਘ ਦੇ ਇੱਕ ਹੱਥ 'ਚ ਤਲਵਾਰ 'ਤੇ ਇੱਕ ਹੱਥ 'ਚ ਕੋਈ ਨਿੱਕੀ ਜਿਹੀ ਕਾਗਜ਼ ਜਾਂ ਕੱਪੜੇ ਵਰਗੀ ਚੀਜ਼ ਦਿਖਾਈ ਦੇ ਰਹੀ।
ਵੀਡੀਓ ਵਿੱਚ ਗੁਰਪ੍ਰੀਤ ਸਿੰਘ ਨੂੰ ਤਲਵਾਰ ਲਹਿਰਾਉਣ ਤੋਂ ਪਹਿਲਾਂ ਹੱਥ ਜੋੜੇ ਹੋਏ ਵੀ ਦੇਖਿਆ ਜਾ ਸਕਦਾ ਹੈ।
ਅਧਿਕਾਰੀ ਨੇ ਦੱਸਿਆ ਕਿ ਜਿਸ ਵੇਲੇ ਪੁਲਿਸ ਗੁਰਪ੍ਰੀਤ ਸਿੰਘ ਦਾ ਪਿੱਛਾ ਕਰ ਰਹੀ ਸੀ, ਪੁਲਿਸ ਦੀ ਗੱਡੀ 'ਚ ਲੱਗੇ ਕੈਮਰੇ 'ਚ ਸਾਰਾ ਕੁਝ ਰਿਕਾਰਡ ਹੋ ਰਿਹਾ ਸੀ।
ਉਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਤਲਵਾਰ ਲਹਿਰਾਉਂਦੇ ਹੋਏ ਪੁਲਿਸ ਦੀ ਗੱਡੀ ਵੱਲ ਭੱਜ ਕੇ ਆਉਂਦੇ ਹਨ ਅਤੇ ਪੁਲਿਸ ਵਾਲੇ ਗੱਡੀ ਨੂੰ ਦੂਜੇ ਪਾਸੇ ਮੋੜ ਲੈਂਦੇ ਹਨ।
ਵੀਡੀਓ ਵਿੱਚ ਇਹ ਵੀ ਦੇਖਿਆ ਗਿਆ ਕਿ ਗੁਰਪ੍ਰੀਤ ਸਿੰਘ ਆਪਣੀ ਕਾਰ ਨੂੰ ਗੋਲ-ਗੋਲ ਘੁੰਮਾ ਰਹੇ ਹਨ ਤੇ ਉਨ੍ਹਾਂ ਦੀ ਕਾਰ ਦੀ ਨਾਲ ਪੁਲਿਸ ਦੀ ਕਾਰ ਨਾਲ ਟੱਕਰ ਵੀ ਹੋਈ।
ਇਸ ਮਗਰੋਂ ਗੁਰਪ੍ਰੀਤ ਸਿੰਘ ਆਪਣੀ ਕਾਰ 'ਚੋਂ ਨਿਕਲ ਕੇ ਤਲਵਾਰ ਸਣੇ ਪੁਲਿਸ ਦੀ ਗੱਡੀ ਵੱਲ ਭੱਜੇ ਅਤੇ ਪੁਲਿਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਈ ਰਾਊਂਡ ਫਾਇਰ ਕੀਤੇ। ਇਸ ਮਗਰੋਂ ਗੁਰਪ੍ਰੀਤ ਸਿੰਘ ਸੜਕ 'ਤੇ ਡਿੱਗ ਪਏ।
ਗੁਰਪ੍ਰੀਤ ਸਿੰਘ ਬਾਰੇ ਕੀ ਪਤਾ
ਗੁਰਪ੍ਰੀਤ ਸਿੰਘ ਬਾਰੇ ਅਜੇ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹਾਲਾਂਕਿ ਪੁਲਿਸ ਨੇ ਦੱਸਿਆ ਹੈ ਕਿ ਉਸਦੀ ਉਮਰ 35 ਸਾਲ ਸੀ ਅਤੇ ਉਹ ਕੈਲੀਫੋਰਨੀਆ ਦੇ ਅਰਕੇਡੀਆ ਸ਼ਹਿਰ ਦੇ ਰਹਿਣ ਵਾਲੇ ਸਨ।
ਜਾਂਚ ਅਜੇ ਜਾਰੀ ਹੈ
ਪੁਲਿਸ ਦੁਆਰਾ ਜਨਤਕ ਕੀਤੇ ਗਏ ਵੀਡੀਓ ਵਿੱਚ ਗੁਰਪ੍ਰੀਤ ਸਿੰਘ ਨੂੰ ਲੰਘਦੇ ਵਾਹਨਾਂ ਅਤੇ ਪੈਦਲ ਯਾਤਰੀਆਂ ਵਿਚਕਾਰ ਸੜਕ 'ਤੇ ਧਾਰਦਾਰ ਹਥਿਆਰ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ।
ਲਾਸ ਐਂਜਲਸ ਪੁਲਿਸ ਵਿਭਾਗ ਤੋਂ ਲੈਫਟੀਨੈਂਟ ਬਰੂਸ ਕਾਸ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ 'ਚ ਜਾਂਚ ਅਜੇ ਵੀ ਜਾਰੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਨਾਲੇ ਜੁੜੇ ਵੀਡੀਓਜ਼ ਨੂੰ ਦੇਖ ਕੇ ਸਬੂਤ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਜੋ ਸਬੂਤ ਮਿਲਣ ਉਨ੍ਹਾਂ ਦੇ ਅਧਾਰ 'ਤੇ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਸਾਹਮਣੇ ਆ ਸਕੇ।
ਲੈਫਟੀਨੈਂਟ ਬਰੂਸ ਕਾਸ ਨੇ ਕਿਹਾ ਕਿ ਜਿੰਨਾ ਚਿਰ ਜਾਂਚ ਪੂਰੀ ਨਹੀਂ ਹੁੰਦੀ ਓਨਾ ਚਿਰ ਅਸੀਂ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕਦੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ