You’re viewing a text-only version of this website that uses less data. View the main version of the website including all images and videos.
ਨਿੱਕੀ ਕਤਲ ਕੇਸ: ਐਨਕਾਊਂਟਰ ਵਿੱਚ ਪਤੀ ਵਿਪਿਨ ਨੂੰ ਗੋਲੀ ਲੱਗੀ ਅਤੇ ਸੱਸ ਗ੍ਰਿਫ਼ਤਾਰ, ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ
- ਲੇਖਕ, ਚੰਦਨ ਕੁਮਾਰ ਜਜਵਾੜੇ
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਨੇੜੇ ਗ੍ਰੇਟਰ ਨੋਇਡਾ ਦੇ ਦਾਦਰੀ ਇਲਾਕੇ ਦੇ ਜਿਸ ਘਰ ਵਿੱਚ ਨਿੱਕੀ ਨੇ ਆਪਣਾ ਹੱਸਦਾ-ਖੇਡਦਾ ਬਚਪਨ ਬਿਤਾਇਆ ਸੀ, ਹੁਣ ਉੱਥੇ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਹਨ, ਕਿਸੇ ਦੇ ਚਿਹਰੇ 'ਤੇ ਗੁੱਸਾ ਹੈ ਅਤੇ ਕੋਈ ਸਦਮੇ ਵਿੱਚ ਹੈ।
21 ਅਗਸਤ ਨੂੰ ਨਿੱਕੀ ਨਾਮ ਦੀ ਇੱਕ ਮਹਿਲਾ ਦੀ ਗ੍ਰੇਟਰ ਨੋਇਡਾ ਦੇ ਸਿਰਸਾ ਪਿੰਡ ਵਿੱਚ ਅੱਗ ਨਾਲ ਸੜ ਕੇ ਮੌਤ ਹੋ ਗਈ।
ਇਸ ਦਾ ਇਲਜ਼ਾਮ ਸਹੁਰਿਆਂ 'ਤੇ ਹੈ, ਜਿਸ ਵਿੱਚ ਨਿੱਕੀ ਦੇ ਪਤੀ ਵਿਪਿਨ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ।
ਨਿੱਕੀ ਵਿਰੁੱਧ ਹਿੰਸਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨਿੱਕੀ ਦੀ ਭੈਣ ਨੇ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਬਣਾਇਆ ਸੀ।
ਮੁਲਜ਼ਮ ਵਿਪਿਨ ਦਾ ਦਾਅਵਾ ਹੈ ਕਿ ਉਹ ਬੇਕਸੂਰ ਹੈ ਅਤੇ ਨਿੱਕੀ ਦੀ ਮੌਤ ਆਪਣੇ-ਆਪ ਹੋਈ ਹੈ।
ਨਿੱਕੀ ਦੇ ਪਿਤਾ ਦਾ ਇਲਜ਼ਾਮ ਹੈ ਕਿ ਉਸਦਾ ਪਤੀ ਵਿਪਿਨ ਅਤੇ ਸਹੁਰੇ ਲਗਾਤਾਰ ਇੱਕ ਮਹਿੰਗੀ ਕਾਰ ਅਤੇ 36 ਲੱਖ ਰੁਪਏ ਦੀ ਮੰਗ ਕਰ ਰਹੇ ਸਨ।
ਇਹੀ ਕਾਰਨ ਸੀ ਕਿ ਨਿੱਕੀ ਨਾਲ ਹਿੰਸਾ ਹੁੰਦੀ ਸੀ।
ਪੁਲਿਸ ਨੇ ਵਿਪਿਨ ਅਤੇ ਨਿੱਕੀ ਦੀ ਸੱਸ ਦਯਾਵਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟਬੰਦੀ ਦੌਰਾਨ ਹੋਇਆ ਸੀ ਵਿਆਹ
ਦਾਦਰੀ ਦੇ ਰੂਪਵਾਸ ਪਿੰਡ ਦੀ ਰਹਿਣ ਵਾਲੀ ਨਿੱਕੀ ਅਤੇ ਉਨ੍ਹਾਂ ਦੀ ਵੱਡੀ ਭੈਣ ਕੰਚਨ ਦਾ ਵਿਆਹ ਦਸੰਬਰ 2016 ਵਿੱਚ ਗ੍ਰੇਟਰ ਨੋਇਡਾ ਦੇ ਸਿਰਸਾ ਪਿੰਡ ਵਿੱਚ ਇੱਕੋ ਪਰਿਵਾਰ ਦੇ ਦੋ ਭਰਾਵਾਂ ਨਾਲ ਹੋਇਆ ਸੀ।
ਉਸ ਸਮੇਂ ਨੋਟਬੰਦੀ ਤੋਂ ਬਾਅਦ ਦੇਸ਼ ਦੇ ਜ਼ਿਆਦਾਤਰ ਲੋਕਾਂ ਕੋਲ ਨਕਦੀ ਦੀ ਘਾਟ ਸੀ। ਨਿੱਕੀ ਦੇ ਪਿਤਾ ਭਿਖਾਰੀ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਫਿਰ ਵੀ ਵਿਆਹ ਲਈ ਕੋਈ ਕਸਰ ਨਹੀਂ ਛੱਡੀ ਸੀ।
ਉਨ੍ਹਾਂ ਦਾ ਦਾਅਵਾ ਹੈ ਕਿ ਨਿੱਕੀ ਦੇ ਪਤੀ ਨੂੰ ਵਿਆਹ ਤੋਂ ਬਾਅਦ ਇੱਕ ਕਾਰ ਵੀ ਦਿੱਤੀ ਗਈ ਸੀ। ਪਰ ਉਨ੍ਹਾਂ ਦਾ ਇਲਜ਼ਾਮ ਹੈ ਕਿ ਸਹੁਰਾ ਪਰਿਵਾਰ ਲਗਾਤਾਰ ਇੱਕ ਮਹਿੰਗੀ ਕਾਰ ਅਤੇ ਲਗਭਗ 36 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ।
ਭਿਖਾਰੀ ਸਿੰਘ ਕਹਿੰਦੇ ਹਨ, "ਵੱਡੀ ਭੈਣ ਕੰਚਨ ਨੇ ਖੁਦ ਨਿੱਕੀ ਦੀ ਕੁੱਟਮਾਰ ਦੀਆਂ ਵੀਡੀਓਜ਼ ਬਣਾਈਆਂ। ਉਸਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨਿੱਕੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਨਿੱਕੀ ਨੂੰ ਕੰਬਲ ਵਿੱਚ ਲਪੇਟਿਆ ਅਤੇ ਗੁਆਂਢੀਆਂ ਦੀ ਮਦਦ ਨਾਲ ਹਸਪਤਾਲ ਲੈ ਗਈ ਪਰ ਉਹ ਬਚ ਨਹੀਂ ਸਕੀ।"
ਨਿੱਕੀ ਨੂੰ ਇੱਕ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਉਸਦਾ ਸਰੀਰ ਅੱਗ ਨਾਲ ਬੁਰੀ ਤਰ੍ਹਾਂ ਝੁਲ਼ਸ ਗਿਆ ਸੀ ਅਤੇ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪਰ ਸਫਦਰਜੰਗ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਨਿੱਕੀ ਦੀ ਮੌਤ ਹੋ ਗਈ।
ਕੰਚਨ ਦੁਆਰਾ ਬਣਾਈ ਵੀਡੀਓ ਨੂੰ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਹੁਣ ਰੂਪਵਾਸ ਪਿੰਡ ਵਿੱਚ ਨਿੱਕੀ ਦੇ ਪਰਿਵਾਰ ਅਤੇ ਗੁਆਂਢੀਆਂ ਵਿੱਚ ਸੋਗ ਅਤੇ ਗੁੱਸਾ ਹੈ।
ਨਿੱਕੀ ਦੇ ਦਾਦੀ ਫੂਲਵਤੀ ਨੇ ਬੀਬੀਸੀ ਨੂੰ ਕਿਹਾ, "ਹੁਣ ਮੈਂ ਆਪਣੀ ਵੱਡੀ ਪੋਤੀ ਨੂੰ ਆਪਣੇ ਘਰ ਰੱਖਾਂਗੀ, ਨਹੀਂ ਤਾਂ ਉਸਨੂੰ ਵੀ ਜਿਉਣ ਨਹੀਂ ਦੇਣਗੇ। ਇੱਥੇ ਹੀ ਇੱਕ ਕਮਰਾ ਬਣਵਾ ਦਿਆਂਗੀ ਅਤੇ ਉਹ ਆਪਣੇ ਬੱਚਿਆਂ ਨੂੰ ਪੜ੍ਹਾਏਗੀ।"
ਨਿੱਕੀ ਦੀ ਭੈਣ ਕੰਚਨ ਦੇ ਦੋ ਬੱਚੇ ਹਨ, ਜਦਕਿ ਨਿੱਕੀ ਦਾ ਇੱਕ ਪੁੱਤਰ ਹੈ ਜੋ ਲਗਭਗ ਛੇ ਸਾਲ ਦਾ ਹੈ।
ਸੋਸ਼ਲ ਮੀਡੀਆ 'ਤੇ ਉਸਦੇ ਪੁੱਤਰ ਦਾ ਇੱਕ ਬਿਆਨ ਵੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹ ਆਪਣੀ ਮਾਂ ਨਾਲ ਹੋਈ ਹਿੰਸਾ ਬਾਰੇ ਦੱਸ ਰਿਹਾ ਹੈ।
ਨਿੱਕੀ ਦੇ ਮਾਸੀ ਹੇਮਲਤਾ ਨੇ ਕਿਹਾ, "ਕੀ ਅਸੀਂ ਇੱਕ ਧੀ ਨੂੰ ਜਨਮ ਦਿੰਦੇ ਹਾਂ, ਪਾਲਦੇ ਹਾਂ ਤਾਂ ਜੋ ਉਸ ਨਾਲ ਅਜਿਹਾ ਹੋਵੇ? ਉਸ ਨਾਲ ਪਹਿਲਾਂ ਵੀ ਕੁੱਟਮਾਰ ਹੁੰਦੀ ਸੀ ਤਾਂ ਉਹ ਆਪਣੇ ਪਿਤਾ ਦੇ ਘਰ ਆ ਗਈ ਸੀ। ਪਰ ਪੰਚਾਇਤ ਦੇ ਕਹਿਣ 'ਤੇ ਅਸੀਂ ਉਸਨੂੰ ਉਸਦੇ ਸਹੁਰੇ ਘਰ ਵਾਪਸ ਭੇਜ ਦਿੱਤਾ ਸੀ।"
ਹੇਮਲਤਾ ਕਹਿੰਦੇ ਹਨ, "ਅਸੀਂ ਸਮਾਜ ਦੇ ਕਹਿਣ 'ਤੇ ਸਮਝੌਤਾ ਕੀਤਾ ਸੀ। ਸਹੁਰਿਆਂ ਨੇ ਕਿਹਾ ਸੀ ਕਿ ਹੁਣ ਅਜਿਹਾ ਨਹੀਂ ਹੋਵੇਗਾ। ਪਰ ਦੇਖੋ, ਧੀ ਨਾਲ ਕੀ ਹੋਇਆ।"
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨਿੱਕੀ ਲਗਭਗ ਛੇ ਮਹੀਨੇ ਪਹਿਲਾਂ ਆਪਣੇ ਪਿਤਾ ਦੇ ਘਰ ਆਈ ਸੀ। ਇਸ ਤੋਂ ਬਾਅਦ ਇਸ ਮਾਮਲੇ 'ਤੇ ਪੰਚਾਇਤ ਬੁਲਾਈ ਗਈ ਸੀ।
ਨਿੱਕੀ ਦੇ ਪਿਤਾ ਨੇ ਕਿਹਾ ਕਿ ਪੰਚਾਇਤ ਦੇ ਭਰੋਸੇ ਅਤੇ ਉਸਦੇ ਪਤੀ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ, ਨਿੱਕੀ ਨੂੰ ਉਸਦੇ ਸਹੁਰੇ ਘਰ ਵਾਪਸ ਭੇਜ ਦਿੱਤਾ ਗਿਆ ਸੀ।
ਮੁਲਜ਼ਮ ਨੇ ਕੀ ਕਿਹਾ?
ਇਸ ਮਾਮਲੇ ਵਿੱਚ ਨਿੱਕੀ ਦੀ ਭੈਣ ਕੰਚਨ ਨੇ ਨਿੱਕੀ ਦੇ ਪਤੀ, ਸੱਸ, ਸਹੁਰਾ ਅਤੇ ਜੇਠ ਯਾਨੀ ਆਪਣੇ ਪਤੀ ਵਿਰੁੱਧ ਕੇਸ ਦਰਜ ਕਰਵਾਇਆ ਹੈ।
ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੇ ਮੁੱਖ ਮੁਲਜ਼ਮ, ਨਿੱਕੀ ਦੇ ਪਤੀ ਵਿਪਿਨ ਅਤੇ ਉਸਦੀ ਮਾਂ ਦਯਾਵਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਿਪਿਨ ਨੇ ਇਸ ਮਾਮਲੇ ਵਿੱਚ ਆਪਣੇ ਵਿਰੁੱਧ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਪੱਤਰਕਾਰਾਂ ਨੇ ਹਸਪਤਾਲ ਵਿੱਚ ਦਾਖਲ ਵਿਪਿਨ ਤੋਂ ਇਸ ਮਾਮਲੇ 'ਤੇ ਕਈ ਸਵਾਲ ਪੁੱਛੇ।
ਵਿਪਿਨ ਦਾ ਕਹਿਣਾ ਹੈ ਕਿ "ਨਾ ਮੈਂ ਮਾਰਿਆ ਹੈ ਅਤੇ ਨਾ ਕੁਝ ਕੀਤਾ ਹੈ, ਉਹ ਆਪਣੇ ਆਪ ਮਰ ਗਈ। ਪਤੀ-ਪਤਨੀ 'ਚ ਹਰ ਥਾਂ ਲੜਾਈ ਹੁੰਦੀ ਰਹਿੰਦੀ ਹੈ। ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ।"
ਪੁਲਿਸ ਅਨੁਸਾਰ, ਐਤਵਾਰ ਨੂੰ ਜਾਂਚ ਦੌਰਾਨ ਵਿਪਿਨ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ।
ਗ੍ਰੇਟਰ ਨੋਇਡਾ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਏਡੀਸੀਪੀ) ਸੁਧੀਰ ਕੁਮਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਿਸ ਜਲਣਸ਼ੀਲ ਪਦਾਰਥ ਦਾ ਇਸਤੇਮਾਲ ਕੀਤਾ ਗਿਆ ਸੀ, ਉਸ ਦੀ ਬਰਾਮਦਗੀ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।
ਏਡੀਸੀਪੀ ਸੁਧੀਰ ਕੁਮਾਰ ਨੇ ਦੱਸਿਆ, "ਮੁਲਜ਼ਮ ਨੇ ਇੰਸਪੈਕਟਰ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਮੁਲਜ਼ਮ ਨੂੰ ਘੇਰ ਲਿਆ ਤਾਂ ਉਸਨੇ ਪੁਲਿਸ 'ਤੇ ਫਾਇਰ ਕੀਤਾ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲ਼ੀ ਚਲਾਈ, ਜੋ ਮੁਲਜ਼ਮ ਦੇ ਪੈਰ 'ਚ ਲੱਗੀ।"
ਮੁਲਜ਼ਮ ਦੇ ਘਰ 'ਤੇ ਜਿੰਦਰਾ
ਨਿੱਕੀ ਦੇ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਵਿਪਿਨ ਕੋਈ ਕੰਮ ਨਹੀਂ ਕਰਦਾ ਸੀ, ਇਸ ਲਈ ਨਿੱਕੀ ਨੇ ਆਪਣੀ ਭੈਣ ਨਾਲ ਮਿਲ ਕੇ ਕੁਝ ਸਾਲ ਪਹਿਲਾਂ ਆਪਣੇ ਸਹੁਰੇ ਘਰ ਦੀ ਉੱਪਰਲੀ ਮੰਜ਼ਿਲ 'ਤੇ ਇੱਕ ਬਿਊਟੀ ਪਾਰਲਰ ਖੋਲ੍ਹਿਆ ਸੀ।
ਪਾਰਲਰ ਬਹੁਤ ਵਧੀਆ ਚੱਲ ਰਿਹਾ ਸੀ ਪਰ ਉਸਦੇ ਸਹੁਰਿਆਂ ਦੇ ਦਬਾਅ ਕਾਰਨ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਬਿਊਟੀ ਪਾਰਲਰ ਵੀ ਬੰਦ ਕਰਨਾ ਪਿਆ।
ਜਦੋਂ ਬੀਬੀਸੀ ਦੀ ਟੀਮ ਗ੍ਰੇਟਰ ਨੋਇਡਾ ਵਿੱਚ ਮੁਲਜ਼ਮ ਦੇ ਘਰ ਪਹੁੰਚੀ ਤਾਂ ਘਰ ਨੂੰ ਜਿੰਦਰਾ ਲੱਗਿਆ ਹੋਇਆ ਸੀ।
ਇਸ ਘਰ ਦੇ ਬਾਹਰ ਕੁਝ ਦੁਕਾਨਾਂ ਹਨ, ਜੋ ਬੰਦ ਪਈਆਂ ਸਨ। ਇਨ੍ਹਾਂ ਬੰਦ ਕਰਿਆਨੇ ਦੀਆਂ ਦੁਕਾਨਾਂ ਵਿੱਚੋਂ ਇੱਕ 'ਤੇ 'ਵਿਪਿਨ' ਨਾਮ ਲਿਖਿਆ ਹੋਇਆ ਸੀ, ਜੋ ਕਿ ਨਿੱਕੀ ਦੇ ਪਤੀ ਦਾ ਨਾਮ ਹੈ।
ਹਾਲਾਂਕਿ, ਵਿਪਿਨ ਦੇ ਗੁਆਂਢੀ ਵੀ ਇਸ ਮਾਮਲੇ 'ਤੇ ਬੋਲਣ ਲਈ ਤਿਆਰ ਨਹੀਂ ਸਨ।
ਗੁਆਂਢ ਦੀ ਇੱਕ ਮਹਿਲਾ ਨੇ ਸਿਰਫ਼ ਇਹ ਦੱਸਿਆ ਕਿ ਨਿੱਕੀ ਦੇ ਘਰੋਂ ਪਹਿਲਾਂ ਵੀ ਲੜਾਈ-ਝਗੜੇ ਅਤੇ ਕੁੱਟਮਾਰ ਦੀਆਂ ਆਵਾਜ਼ਾਂ ਆਉਂਦੀਆਂ ਸਨ।
ਦਾਦਰੀ ਦੇ ਐਸਐਚਓ ਅਰਵਿੰਦ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਨਿੱਕੀ ਨਾਲ ਪਹਿਲਾਂ ਵੀ ਕੁੱਟਮਾਰ ਕੀਤੀ ਗਈ ਸੀ, ਅਜਿਹੀ ਕੋਈ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ ਗਈ ਸੀ।"
ਨਿੱਕੀ ਦੀ ਵੱਡੀ ਭੈਣ ਹੁਣ ਇਸ ਮਾਮਲੇ ਨੂੰ ਕਾਨੂੰਨ ਦੇ ਦਰਵਾਜ਼ੇ 'ਤੇ ਲੈ ਆਏ ਹਨ। ਉਨ੍ਹਾਂ ਦੇ ਭਰਾ ਅਤੁਲ ਨੂੰ ਅਫਸੋਸ ਹੈ ਕਿ ਸ਼ਾਇਦ ਇਸ ਵਿੱਚ ਦੇਰੀ ਹੋ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ