ਧਰਮਸਥਲਾ ’ਚ ਲਾਸ਼ਾਂ ਨੂੰ ਦਫ਼ਨਾਉਣ ਦੇ ਮਾਮਲੇ ’ਚ ਨਵਾਂ ਮੋੜ, ਸ਼ਿਕਾਇਤ ਕਰਨ ਵਾਲਾ ਝੂਠੀ ਗਵਾਹੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਸਹਿਯੋਗੀ

ਕਰਨਾਟਕ ਵਿੱਚ ਧਰਮਸਥਲਾ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਉਸ ਸਾਬਕਾ ਸਫ਼ਾਈ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਸ ਟੈਂਪਲ ਟਾਊਨ ਅਤੇ ਇਸ ਦੇ ਆਲੇ-ਦੁਆਲੇ ਸੈਂਕੜੇ ਕੁੜੀਆਂ, ਔਰਤਾਂ ਤੇ ਮਰਦਾਂ ਨੂੰ ਗੈਰ-ਕਾਨੂੰਨੀ ਤੌਰ ਉੱਤੇ ਦਫ਼ਨਾਇਆ ਸੀ।

ਐੱਸਆਈਟੀ ਦੇ ਸੂਤਰਾਂ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਇਸ ਸ਼ਖਸ ਨੂੰ ਝੂਠੀ ਗਵਾਹੀ ਦੇਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਉੱਥੋਂ ਉਸ ਨੂੰ ਦਸ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਇਹ ਸਾਬਕਾ ਸਫ਼ਾਈ ਮੁਲਾਜ਼ਮ ਪੁਲਿਸ ਦੇ ਸਾਹਮਣੇ ਬਤੌਰ ਸ਼ਿਕਾਇਤਕਰਤਾ ਅਤੇ ਗਵਾਹ ਪੇਸ਼ ਹੋਇਆ ਸੀ। ਭਾਰਤੀ ਨਿਆਂ ਸੰਹਿਤਾ ਦੀ ਧਾਰਾ 183 ਤਹਿਤ ਗਵਾਹੀ ਦੇਣ ਤੋਂ ਬਾਅਦ ਉਸ ਨੂੰ ਗਵਾਹ ਨੂੰ ਸੁਰੱਖਿਆ ਦੇਣ ਲਈ ਬਣੇ ਕਾਨੂੰਨ ਤਹਿਤ ਸੁਰੱਖਿਆ ਵੀ ਦਿੱਤੀ ਗਈ ਸੀ।

ਆਪਣੇ ਇਲਜ਼ਾਮਾਂ ਨੂੰ ਮਜ਼ਬੂਤੀ ਨਾਲ ਪੇਸ਼ ਕਰਨ ਦੇ ਲਈ ਇਸ ਸਾਬਕਾ ਸਫ਼ਾਈ ਮੁਲਾਜ਼ਮ ਨੇ ਮਜਿਸਟ੍ਰੇਟ ਦੇ ਸਾਹਮਣੇ ਇੱਕ ਖੋਪੜੀ ਅਤੇ ਹੱਡੀਆਂ ਦੇ ਅਵਸ਼ੇਸ਼ ਵੀ ਪੇਸ਼ ਕੀਤੇ ਸੀ। ਇਸ ਦੇ ਜ਼ਰੀਏ ਸਫ਼ਾਈ ਮੁਲਾਜ਼ਮ ਨੇ ਆਪਣੇ ਦਾਅਵੇ ਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।

ਪੁਲਿਸ ਵਿੱਚ ਦਰਜ ਕਰਵਾਈ ਗਈ ਆਪਣੀ ਸ਼ਿਕਾਇਤ ਨੂੰ ਸਹੀ ਸਾਬਿਤ ਕਰਨ ਦੇ ਲਈ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਉਸ ਥਾਂ ਉੱਤੇ ਗਏ ਸੀ ਜਿੱਥੇ 1995 ਤੋਂ 2014 ਵਿਚਾਲੇ ਇੱਕ ਲਾਸ਼ ਨੂੰ ਦਫ਼ਨਾਇਆ ਗਿਆ ਸੀ।

ਉਸ ਦਾ ਕਹਿਣਾ ਸੀ ਕਿ ਉਸ ਨੇ ਆਪਣੀ ਅੰਤਰਆਤਮਾ ਦੇ ਸੰਤੋਖ ਲਈ ਇਹ ਸਭ ਕੁਝ ਕੀਤਾ ਸੀ।

ਝੂਠੀ ਗਵਾਹੀ ਦੀ ਸਜ਼ਾ ਕੀ ਹੈ

ਐੱਸਆਈਟੀ ਨੇ ਪਿਛਲੇ ਕੁਝ ਦਿਨਾਂ ਦੀ ਸਖ਼ਤ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।

ਇੱਕ ਅਧਿਕਾਰੀ ਨੇ ਕਿਹਾ, “ਜੋ ਖੋਪੜੀ ਅਤੇ ਹੱਡੀਆਂ ਦੇ ਅਵਸ਼ੇਸ਼ ਲੈ ਕੇ ਉਹ ਆਇਆ ਸੀ ਉਹ ਉਨ੍ਹਾਂ ਥਾਂਵਾਂ ਤੋਂ ਨਹੀਂ ਲਿਆਏ ਗਏ ਸੀ ਜਿੱਥੇ ਉਸ ਨੇ ਲਾਸ਼ ਨੂੰ ਦਫ਼ਨਾਉਣ ਦਾ ਦਾਅਵਾ ਕੀਤਾ ਸੀ।”

ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਇਸ ਸ਼ਖਸ ਨੇ ਜੋ ਖੋਪੜੀ ਮਹਿਲਾ ਦੀ ਦੱਸ ਕੇ ਪੇਸ਼ ਕੀਤੀ ਸੀ ਉਹ ਅਸਲ ਵਿੱਚ ਕਿਸੇ ਮਰਦ ਦੀ ਸੀ। ਸਫਾਈ ਮੁਲਾਜ਼ਮ ਜੋ ਖੋਪੜੀ ਸਬੂਤ ਵਜੋਂ ਲੈ ਕੇ ਆਏ ਸੀ ਉਸ ਦੀ ਫੋਰੈਂਸਿਕ ਜਾਂਚ ਨਾਲ ਇਹ ਸਾਹਮਣੇ ਆਇਆ ਕਿ ਉਹ ਕਿਸੇ ਪੁਰਸ਼ ਦੀ ਸੀ।

ਸੈਕਸ਼ਨ 229 ਵਿੱਚ ਭਾਰਤੀ ਨਿਆਂ ਸੰਹਿਤਾ ਤਹਿਤ ਝੂਠੀ ਗਵਾਹੀ ਬਾਰੇ ਤਜਵੀਜ਼ ਇਸ ਪ੍ਰਕਾਰ ਹੈ।

“ਜੇ ਕੋਈ ਸ਼ਖਸ ਕਿਸੇ ਜੁਡੀਸ਼ੀਅਲ ਕਾਰਵਾਈ ਵਿੱਚ ਜਾਣ-ਬੁੱਝ ਕੇ ਝੂਠਾ ਸਬੂਤ ਤਿਆਰ ਕਰਦਾ ਹੈ ਤਾਂ ਕਿ ਇਸ ਦਾ ਇਸ ਦੌਰਾਨ ਕਿਸੇ ਵੀ ਪੱਧਰ ਉੱਤੇ ਇਸਤੇਮਾਲ ਕੀਤਾ ਜਾ ਸਕੇ, ਤਾਂ ਉਸ ਨੂੰ ਵੱਧ ਤੋਂ ਵੱਧ ਸੱਤ ਸਾਲ ਤੱਕ ਦੀ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਸ ਉੱਤੇ ਵੱਧ ਤੋਂ ਵੱਧ ਦਸ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ।”

"ਜੇ ਕੋਈ ਵਿਅਕਤੀ ਸਬ-ਸੈਕਸ਼ਨ (1) ਵਿੱਚ ਦੱਸੇ ਗਏ ਮਾਮਲਿਆਂ ਤੋਂ ਇਲਾਵਾ ਕਿਸੇ ਹੋਰ ਮਾਮਲੇ ਵਿੱਚ ਜਾਣ-ਬੁੱਝ ਕੇ ਝੂਠਾ ਸਬੂਤ ਦਿੰਦਾ ਹੈ ਜਾਂ ਝੂਠਾ ਸਬੂਤ ਤਿਆਰ ਕਰਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸ ਦੇ ਨਾਲ ਹੀ ਉਸ ਉੱਤੇ ਵੱਧ ਤੋਂ ਵੱਧ ਪੰਜ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।”

ਇਸ ਸਾਬਕਾ ਸਫਾਈ ਮੁਲਾਜ਼ਮ ਨੇ 3 ਜੁਲਾਈ ਨੂੰ ਧਰਮਸਥਲਾ ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਵਕਤ ਸਨਸਨੀ ਫੈਲਾ ਦਿੱਤੀ ਸੀ।

ਉਸ ਸਮੇਂ ਵਿੱਚ ਉਹ ਅਜਿਹੇ ਲਿਬਾਸ ਵਿੱਚ ਸੀ ਜਿਸ ਨਾਲ ਉਸ ਦੇ ਸਿਰ ਤੋਂ ਲੈ ਕੇ ਪੈਰ ਤੱਕ ਢਕਿਆ ਸੀ। ਇਸ ਤੋਂ ਬਾਅਦ ਉਹ ਡੈਜ਼ਿਗਨੇਟਿਡ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਏ ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 183 ਤਹਿਤ ਆਪਣਾ ਬਿਆਨ ਦਰਜ ਕਰਵਾਇਆ।

ਐੱਸਆਈਟੀ ਸ਼ਿਕਾਇਤਕਰਤਾ-ਗਵਾਹ ਨੂੰ ਉਹ 17 ਥਾਵਾਂ ਉੱਤੇ ਲੈ ਗਈ, ਜਿੱਥੇ ਉਸ ਨੇ ਲਾਸ਼ ਦਫ਼ਨਾਉਣ ਦਾ ਦਾਅਵਾ ਕੀਤਾ ਸੀ।

ਇਨ੍ਹਾਂ ਵਿੱਚੋਂ ਛੇਵੇਂ ਸਥਾਨ ਅਤੇ ਗਿਆਰਵੇਂ ਸਥਾਨ ਦੇ ਕੋਲ “ਕੁਝ ਕੰਕਾਲ ਦੇ ਅਵਸ਼ੇਸ਼ ਮਿਲੇ ਸੀ ਉੱਥੇ ਹੀ, 13ਵੇਂ ਸਥਾਨ ਉੱਤੇ ਜ਼ਮੀਨ ਦੇ ਥੱਲੇ ਜਾਂਚ ਦੇ ਲਈ ਗਰਾਊਂਡ ਪੇਨਿਟ੍ਰੇਸ਼ਨ ਰਡਾਰ ਦਾ ਇਸਤੇਮਾਲ ਕੀਤਾ ਗਿਆ ਪਰ ਉੱਥੇ ਕੁਝ ਵੀ ਨਹੀਂ ਮਿਲਿਆ।

ਭਾਜਪਾ ਦਾ ਕੀ ਕਹਿਣਾ ਹੈ

ਪਿਛਲੇ ਇੱਕ ਹਫ਼ਤੇ ਵਿੱਚ ਵਿਰੋਧੀ ਪਾਰਟੀ ਭਾਜਪਾ ਨੇ ਬੈਂਗਲੁਰੂ ਤੋਂ ਧਰਮਸਥਲਾ ਤੱਕ ਕਾਰ ਰੈਲੀ ਕੱਢੀ ਅਤੇ “ਹਿੰਦੂ ਧਾਰਮਿਕ ਸਥਾਨ ਦੇ ਖਿਲਾਫ਼ ਬਦਨਾਮ ਕਰਨ ਦੀ ਮੁਹਿੰਮ” ਦੇ ਖਿਲਾਫ਼ ਪ੍ਰਦਰਸ਼ਨ ਕੀਤਾ।

ਪਾਰਟੀ ਦੇ ਸੂਬਾ ਪ੍ਰਧਾਨ ਬੀਵਾਈ ਵਿਜੇਂਦਰ ਨੇ ਆਗੂਆਂ ਅਤੇ ਵਿਧਾਇਕਾਂ ਦੇ ਨਾਲ ਸ਼੍ਰੀ ਸ਼ੇਤਰ ਮੰਜੂਨਾਥਸਵਾਮੀ ਮੰਦਰ ਦੇ ਧਰਮਾਧਿਕਾਰੀ ਅਤੇ ਰਾਜ ਸਭਾ ਸਾਂਸਦ ਵੀਰੇਂਦਰ ਹੇੱਗਾਡੇ ਨਾਲ ਮੁਲਾਕਾਤ ਕੀਤੀ ਅਤੇ ਹੋਰ ਇੱਕਜੁੱਟਤਾ ਜਤਾਈ।

ਵੀਰੇਂਦਰ ਹੇੱਗਾਡੇ ਨੇ ਬੀਬੀਸੀ ਅਤੇ ਇੱਕ ਹੋਰ ਖ਼ਬਰ ਏਜੰਸੀ ਨਾਲ ਗੱਲਬਾਤ ਵਿੱਚ ਸਾਫ਼ ਕਿਹਾ ਕਿ ਸ਼ਿਕਾਇਕਰਤਾ-ਗਵਾਹ ਦੇ ਇਲਜ਼ਾਮ ਬੇਬੁਨਿਆਦ ਹਨ ਅਤੇ ਉਨ੍ਹਾਂ ਦਾ ਮਕਸਦ ਉਸ ਸੰਸਥਾ ਦੇ ਅਕਸ ਨੂੰ ਖਰਾਬ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਸੇ ਸੰਸਥਾ ਨੇ ਲੋਕਾਂ ਦੀ ਭਲਾਈ ਦੇ ਲਈ ਵੱਖ-ਵੱਖ ਖੇਤਰਾਂ ਵਿੱਚ ਕਾਫੀ ਸੇਵਾ ਕੀਤੀ ਹੇੈ।

ਸੂਬੇ ਦੇ ਗ੍ਰਹਿ ਮੰਤਰੀ ਜੀ.ਪਰਮੇਸ਼ਵਰ ਨੇ ਇਸੇ ਹਫ਼ਤੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਸਰਕਾਰ ਨੇ ਐੱਸਆਈਟੀ ਨੂੰ ਪੂਰੇ ਤਰੀਕੇ ਨਾਲ ਛੋਟ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਸੀ, “ਜਾਂਚ ਤੋਂ ਬਾਅਦ ਸ਼ਿਕਾਇਤਕਰਤਾ-ਗਵਾਹ ਵੱਲੋਂ ਦੱਸੀਆਂ ਗਈਆਂ ਸਾਰੀਆਂ ਥਾਵਾਂ ਉੱਤੇ ਕਦੋਂ ਖੁਦਾਈ ਸ਼ੁਰੂ ਕਰਨੀ ਹੈ, ਇਸ ਦਾ ਫੈਸਲਾ ਐੱਸਆਈਟੀ ਹੀ ਕਰੇਗੀ।”

ਉੱਥੇ ਹੀ ਹੁਣ ਜੀ.ਪਰਮੇਸ਼ਵਰ ਨੇ ਮੀਡੀਆ ਨੂੰ ਕਿਹਾ ਕਿ ਐੱਸਆਈਟੀ ਦੀ ਜਾਂਚ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਇਹ ਪੂਰੀ ਨਹੀਂ ਹੋ ਜਾਂਦੀ। ਉਨ੍ਹਾਂ ਨੇ ਕਿਹਾ, “ਜੇ ਕੋਈ ਸਾਜ਼ਿਸ਼ ਹੈ ਤਾਂ ਵੀ ਸਾਨੂੰ ਜਾਂਚ ਪੂਰੀ ਹੋਣ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ।”

ਪੂਰਾ ਮਾਮਲਾ ਕੀ ਹੈ

ਬੀਤੀ ਤਿੰਨ ਜੁਲਾਈ ਨੂੰ ਇੱਕ ਅਣਪਛਾਤੇ ਵ੍ਹੀਸਲਬਲੋਅਰ ਨੇ ਇਲਜ਼ਾਮ ਲਗਾਇਆ ਸੀ ਕਿ ਸਾਲ 1998 ਤੋਂ 2014 ਵਿਚਾਲੇ ਮਸ਼ਹੂਰ ਧਾਰਮਿਕ ਸਥਾਨ ਧਰਮਸਥਲਾ ਵਿੱਚ ਸਫ਼ਾਈ ਮੁਲਾਜ਼ਮ ਰਹਿੰਦੇ ਹੋਏ ਉਨ੍ਹਾਂ ਨੇ ਇੱਕ ਰਸੂਖ਼ਦਾਰ ਪਰਿਵਾਰ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਦੇ ਕਹਿਣ ਉੱਤੇ ਇੱਥੇ ਸੈਂਕੜੇ ਲਾਸ਼ਾਂ ਨੂੰ ਦਫਨਾਇਆ ਸੀ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਦਫ਼ਨਾਏ ਗਈਆਂ ਲਾਸ਼ਾਂ ਵਿੱਚ ਕਈ ਔਰਤਾਂ ਅਤੇ ਕੁੜੀਆਂ ਸਨ ਜਿਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਮਗਰੋਂ ਮਾਰ ਦਿੱਤਾ ਗਿਆ ਸੀ।

ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਇੰਨੇ ਸਾਲਾਂ ਤੱਕ ਚੁੱਪ ਰਹੇ ਕਿਉਂਕਿ ਉਨ੍ਹਾਂ ਉਸ ਵੇਲੇ ਦੇ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।

19 ਜੁਲਾਈ ਨੂੰ ਕਰਨਾਟਕ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਇੱਕ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਦਾ ਗਠਨ ਕੀਤਾ ਸੀ। ਇਸ ਟੀਮ ਨੇ ਸ਼ਿਕਾਇਤਕਰਤਾ ਦੀ ਮਦਦ ਨਾਲ ਚੁਣੀਆਂ 13 ਥਾਵਾਂ ਉੱਤੇ ਖੁਦਾਈ ਦਾ ਜ਼ਿੰਮਾ ਸੌਂਪਿਆ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)