You’re viewing a text-only version of this website that uses less data. View the main version of the website including all images and videos.
ਧਰਮਸਥਲਾ: ਸੈਂਕੜੇ ਮੌਤਾਂ ਅਤੇ ਇੱਕ ਅਣਸੁਲਝਿਆ ਰਹੱਸ, 1979 ਤੋਂ ਹੁਣ ਤੱਕ ਕੀ ਹੋਇਆ? ਬੀਬੀਸੀ ਦੀ ਜ਼ਮੀਨੀ ਪੜਤਾਲ
- ਲੇਖਕ, ਸਤੀਸ਼
- ਰੋਲ, ਬੀਬੀਸੀ ਪੱਤਰਕਾਰ
29 ਜੁਲਾਈ ਤੋਂ ਕਰਨਾਟਕ ਦੇ ਦੱਖਣੀ ਕੰਨੜਾ ਜ਼ਿਲ੍ਹੇ ਵਿੱਚ ਨੇਥਰਾਵਤੀ ਨਦੀ ਦੇ ਕਿਨਾਰਿਆਂ ਦੇ ਨਾਲ ਪੁਲਿਸ ਦੀ ਨਿਗਰਾਨੀ ਵਿੱਚ ਖੁਦਾਈ ਕੀਤੀ ਜਾ ਰਹੀ ਹੈ। ਉੱਥੇ ਮਨੁੱਖੀ ਪਿੰਜਰ ਦੱਬੇ ਹੋਣ ਦੇ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਕ ਵਿਅਕਤੀ ਨੇ ਸਥਾਨਕ ਧਰਮਸਥਲਾ ਦੇ ਇੱਕ ਮੰਦਿਰ ਵਿੱਚ ਸਾਬਕਾ ਸਫ਼ਾਈ ਕਰਮਚਾਰੀ ਹੋਣ ਦਾ ਦਾਅਵਾ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ ਉਸ ਨੇ ਇੱਕ ਪ੍ਰਭਾਵਸ਼ਾਲੀ ਪਰਿਵਾਰ ਅਤੇ ਉਸਦੇ ਸਟਾਫ ਦੇ ਕਹਿਣ 'ਤੇ ਉੱਥੇ ਸੈਂਕੜੇ ਲਾਸ਼ਾਂ ਦੱਬੀਆਂ ਸਨ। ਧਰਮਸਥਲਾ ਇਲਾਕੇ ਦਾ ਇੱਕ ਉੱਘਾ ਧਾਰਮਿਕ ਸਥਾਨ ਹੈ।
3 ਜੁਲਾਈ ਨੂੰ ਇੱਕ ਅਣਪਛਾਤੇ ਭੇਤ ਖੋਲ੍ਹਣ ਵਾਲੇ (ਵਿਸਲ ਬਲੋਅਰ) ਨੇ ਦਾਅਵਾ ਕੀਤਾ ਕਿ ਸੰਨ 1998 ਤੋਂ 2014 ਦੇ ਦਰਮਿਆਨ ਦੱਬੀਆਂ ਗਈਆਂ ਇਹ ਲਾਸ਼ਾਂ ਵਿੱਚੋਂ ਜ਼ਿਆਦਾਤਰ ਜਿਨਸੀ ਸ਼ੋਸ਼ਣ ਤੋਂ ਬਾਅਦ ਕਤਲ ਕੀਤੀਆਂ ਗਈਆਂ ਔਰਤਾਂ ਅਤੇ ਕੁੜੀਆਂ ਦੀਆਂ ਹਨ।
ਜੁਲਾਈ 19 ਨੂੰ ਕਰਨਾਟਕ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ। ਟੀਮ ਨੂੰ 13 ਸ਼ਿਕਾਇਤਕਰਤਾ ਵੱਲੋਂ ਨਿਸ਼ਾਨਦੇਹ ਕੀਤੀਆਂ ਗਈਆਂ 13 ਥਾਵਾਂ ਦੀ ਖੁਦਾਈ ਕਰਨ ਦਾ ਜ਼ਿੰਮਾ ਸੌਂਪਿਆ ਗਿਆ।
ਅੱਠ ਵਿੱਚੋਂ ਇੱਕ ਥਾਂ ਉੱਤੇ, ਜਿੱਥੇ ਖੁਦਾਈ ਮੁਕੰਮਲ ਹੋ ਚੁੱਕੀ ਹੈ, ਦੇ ਕੁਝ ਪਿੰਜਰ ਮਿਲੇ ਹਨ। ਲੇਕਿਨ ਪੁਲਿਸ ਦਾ ਕਹਿਣਾ ਹੈ ਕਿ ਆਖਰੀ ਰਾਇ ਫਾਰੈਂਸਿਕ ਵਿਸ਼ਲੇਸ਼ਣ ਤੋਂ ਬਾਅਦ ਹੀ ਦਿੱਤੀ ਜਾ ਸਕੇਗੀ।
ਧਰਮਸਥਲਾ ਦੇ ਮੁਖੀ ਦੇ ਭਰਾ ਨੇ ਸ਼ੁਰੂ ਵਿੱਚ ਇੱਕ 'ਖਾਮੋਸ਼ੀ ਵਰਤਣ ਦਾ ਹੁਕਮ' ਹਾਸਲ ਕਰ ਲਿਆ ਸੀ ਕਿ ਧਾਰਮਿਕ ਸਥਾਨ ਦਾ ਸੰਚਾਲਨ ਕਰ ਰਹੇ ਪਰਿਵਾਰ ਦੇ ਖਿਲਾਫ਼ "ਬਦਨਾਮੀ ਕਰਨ ਵਾਲੀ" ਸਮੱਗਰੀ ਪ੍ਰਕਾਸ਼ਿਤ ਨਾ ਕੀਤੀ ਜਾਵੇ। ਹਾਲਾਂਕਿ ਕਰਨਾਟਕ ਹਾਈ ਕੋਰਟ ਵੱਲੋਂ ਹੁਣ ਇਸ ਹੁਕਮ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਜੁਲਾਈ 20 ਨੂੰ ਮੰਦਿਰ ਦੇ ਅਧਿਕਾਰੀਆਂ ਨੇ ਇੱਕ "ਨਿਰਪੱਖ ਅਤੇ ਪਾਰਦਰਸ਼ੀ" ਜਾਂਚ ਦੀ ਹਮਾਇਤ ਵਿੱਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਸੱਚ ਅਤੇ ਵਿਸ਼ਵਾਸ ਇੱਕ ਸਮਾਜ ਦੀ ਨੈਤਿਕਤਾ ਅਤੇ ਕਦਰਾਂ-ਕੀਮਤਾਂ ਦੀ ਨੀਂਹ ਬਣਾਉਂਦੇ ਹਨ। ਸਾਨੂੰ ਪੂਰੀ ਉਮੀਦ ਹੈ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਉਹ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰੇ ਅਤੇ ਅਸਲ ਤੱਥਾਂ ਨੂੰ ਸਾਹਮਣੇ ਲਿਆਵੇ।"
ਧਰਮਸਥਲਾ ਵਿੱਚ ਮੌਤਾਂ ਬਾਰੇ ਰਹੱਸ ਅਤੇ ਗੁੱਸਾ
ਹਾਲਾਂਕਿ ਤਾਜ਼ਾ ਘਟਨਾਕ੍ਰਮ ਕਾਰਨ ਧਰਮਸਥਲਾ ਚਰਚਾ ਵਿੱਚ ਹੈ, ਲੇਕਿਨ ਇਹ ਕੋਈ ਪਹਿਲਾ ਮੌਕਾ ਨਹੀਂ ਹੈ-ਜਦੋਂ ਅਜਿਹਾ ਹੋਇਆ ਹੈ।
ਸੂਚਨਾ ਦੇ ਅਧਿਕਾਰ ਹੇਠ ਭੇਜੀ ਗਈ ਇੱਕ ਅਰਜ਼ੀ ਦੇ ਜਵਾਬ ਵਿੱਚ ਸਥਾਨਕ ਪੁਲਿਸ ਨੇ ਕਿਹਾ ਸੀ ਕਿ 2001-11 ਦੇ ਦੌਰਾਨ ਧਰਮਸਥਲਾ ਅਤੇ ਇਸਦੇ ਗੁਆਂਢੀ ਪਿੰਡ ਉਜੀਰ ਵਿੱਚ 452 ਗੈਰ-ਕੁਦਰਤੀ ਮੌਤਾਂ ਰਿਪੋਰਟ ਕੀਤੀਆਂ ਗਈਆਂ ਸਨ।
ਜ਼ਿਕਰਯੋਗ ਹੈ ਕਿ ਇਹ ਮੌਤਾਂ ਖ਼ੁਦਕੁਸ਼ੀਆਂ ਜਾਂ ਹਾਦਸਿਆਂ ਵਿੱਚ ਵੀ ਹੋਈਆਂ ਹੋ ਸਕਦੀਆਂ ਹਨ।
ਇਸ ਤੋਂ ਵਧ ਕੇ ਇਹ 452 ਮੌਤਾਂ ਕਥਿਤ ਤੌਰ ਉੱਤੇ ਉਨ੍ਹਾਂ ਦਫ਼ਨਾਈਆਂ ਗਈਆਂ ਲਾਸ਼ਾਂ ਵਿੱਚੋਂ ਨਹੀਂ ਹਨ, ਜਿਨ੍ਹਾਂ ਦਾ ਦਾਅਵਾ ਸਾਬਕਾ ਸਫ਼ਾਈ ਕਰਮਚਾਰੀ ਨੇ ਕੀਤਾ ਹੈ ਕਿਉਂਕਿ ਇਨ੍ਹਾਂ ਦਾ ਸਬੰਧ ਤਾਂ ਸਿਰਫ ਉਨ੍ਹਾਂ ਮਾਮਲਿਆਂ ਨਾਲ ਹੈ ਜਿਨ੍ਹਾਂ ਦੀ ਪੁਲਿਸ ਵੱਲੋਂ ਕਥਿਤ ਤੌਰ ਉੱਤੇ ਜਾਂਚ ਨਹੀਂ ਕੀਤੀ ਗਈ ਸੀ।
ਫਿਰ ਵੀ ਅਰਜ਼ੀ ਪਾਉਣ ਵਾਲੇ ਗੈਰ-ਸਰਕਾਰ ਸੰਗਠਨ ਨਾਗਰਿਕ ਸੇਵਾ ਟਰੱਸਟ ਨੇ ਬੀਬੀਸੀ ਨੂੰ ਦੱਸਿਆ ਕਿ ਮਹਿਜ਼ ਦੋ ਪਿੰਡਾਂ ਵਿੱਚ ਹੋਣ ਵਾਲੀਆਂ ਗੈਰ-ਕੁਦਰਤੀ ਮੌਤਾਂ ਦੀ ਗਿਣਤੀ ਕਾਫ਼ੀ ਅਸਧਾਰਨ ਸੀ।
ਪੁਲਿਸ ਵੱਲੋਂ ਦਰਜ ਕੀਤੀਆਂ ਗਈਆਂ ਰਿਪੋਰਟਾਂ ਤੋਂ ਇਲਾਵਾ ਵੀ ਪਿਛਲੇ ਸਾਲਾਂ ਦੌਰਾਨ ਗੈਰ-ਕੁਦਰਤੀ ਮੌਤਾਂ ਦੇ ਇਲਜ਼ਾਮ ਲਗਦੇ ਰਹੇ ਹਨ।
1979 ਵਿੱਚ ਅਧਿਆਪਕ ਨੂੰ ਜਿਉਂਦੇ ਸਾੜਨ ਦਾ ਮਾਮਲਾ
ਮਨੀਸ਼ ਸ਼ੈੱਟੀ ਥੀਮਾਰੋਡੀ ਅਤੇ ਗਿਰੀਸ਼ ਮੈਟਨੇਵ ਉਹ ਦੋ ਇਲਾਕਾ ਵਾਸੀ ਹਨ, ਜਿਨ੍ਹਾਂ ਨੇ ਇਲਜ਼ਾਮ ਲਾਇਆ ਕਿ 1979 ਵਿੱਚ ਵੇਦਾਵੱਲੀ ਨਾਮ ਦੇ ਇੱਕ ਅਧਿਆਪਕ ਨੂੰ ਧਰਮਸਥਲਾ ਦੇ ਪ੍ਰਭਾਵਸ਼ਾਲੀ ਲੋਕਾਂ ਦੇ ਖਿਲਾਫ਼ ਅਦਾਲਤ ਵਿੱਚ ਜਾਣ ਕਰਕੇ ਸਾੜ ਕੇ ਮਾਰ ਦਿੱਤਾ ਗਿਆ ਸੀ।
ਧਰਮਸਥਲਾ ਅਤੇ ਉਜੀਰ ਦੇ ਕਈ ਲੋਕ ਇੱਕ ਹੋਰ ਮਾਮਲਾ ਯਾਦ ਕਰਦੇ ਹਨ ਜਦੋਂ 1986 ਦੇ ਦਸੰਬਰ ਮਹੀਨੇ ਵਿੱਚ 17 ਸਾਲਾਂ ਦੀ ਇੱਕ ਕੁੜੀ ਉਸ ਦੇ ਕਾਲਜ ਤੋਂ ਲਾਪਤਾ ਹੋ ਗਈ ਸੀ। 56 ਦਿਨਾਂ ਬਾਅਦ ਉਸਦੀ ਨਗਨ ਲਾਸ਼ ਨੇਥਰਾਵਤੀ ਨਦੀ ਦੇ ਕਿਨਾਰੇ ਤੋਂ ਮਿਲੀ ਸੀ।
ਮਰਹੂਮ ਦੇ ਪਰਿਵਾਰ ਅਤੇ ਸਥਾਨਕ ਲੋਕਾਂ ਦਾ ਇਲਜ਼ਾਮ ਸੀ ਕਿ ਕੁੜੀ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਉਸਦੇ ਪਿਤਾ ਨੇ ਕਮਿਊਨਿਸਟ ਪਾਰਟੀ ਦੀ ਟਿਕਟ ਉੱਤੇ ਲੋਕਲ ਬਾਡੀ ਦੀ ਚੋਣ ਲੜਨ ਦਾ ਫੈਸਲਾ ਕੀਤਾ ਸੀ।
ਬੀਬੀਸੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ।
ਮਰਹੂਮ ਕੁੜੀ ਦੇ ਭਰਾ ਨੇ ਇਲਜ਼ਾਮ ਲਾਇਆ, "ਸਾਡੀ ਭੈਣ ਦੇ ਹੱਥ ਅਤੇ ਲੱਤਾਂ ਰੱਸੀਆਂ ਨਾਲ ਬੰਨ੍ਹੀਆਂ ਹੋਈਆਂ ਸਨ। ਰਵਾਇਤ ਮੁਤਾਬਕ, ਲਾਸ਼ ਦਾ ਦਾਹ-ਸੰਸਕਾਰ ਕਰਨ ਦੀ ਥਾਂ ਸਾਡੇ ਪਿਤਾ ਨੇ ਲਾਸ਼ ਨੂੰ ਦਫ਼ਨਾ ਦਿੱਤਾ ਤਾਂ ਕਿ ਇਹ ਭਵਿੱਖ ਵਿੱਚ ਕਿਸੇ ਜਾਂਚ ਲਈ ਉਪਯੋਗੀ ਹੋ ਸਕਦੀ ਹੈ। ਸਾਡੀ ਭੂਆ ਨੇ ਸਾਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਲਾਸ਼ ਮਿਲੀ ਤਾਂ ਉਸਦੇ ਮੂਹਰਲੇ ਦੰਦ ਟੁੱਟੇ ਹੋਏ ਸਨ। ਪਿੰਡ ਦੇ ਸ਼ਕਤੀਸ਼ਾਲੀ ਲੋਕ ਸਾਡੇ ਪਿਤਾ ਨਾਲ ਗੁੱਸੇ ਸਨ।"
ਸਾਲ 2003 ਵਿੱਚ ਵੀ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਦੋਂ ਧਰਮਸਥਲਾ ਤੋਂ ਮੈਡੀਕਲ ਦੀ ਪੜ੍ਹਾਈ ਦੀ ਪਹਿਲੇ ਸਾਲ ਦੀ ਇੱਕ ਵਿਦਿਆਰਥਣ ਗਾਇਬ ਹੋ ਗਈ।
ਉਹ ਇੱਥੇ ਆਪਣੇ ਦੋਸਤਾਂ ਦੇ ਨਾਲ ਦਰਸ਼ਨਾਂ ਲਈ ਆਈ ਸੀ। ਉਸਦੀ ਮਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਸ਼ਿਕਾਇਤ ਦਰਜ ਕਰਨ ਤੋਂ ਵੀ ਮਨ੍ਹਾਂ ਕਰ ਦਿੱਤਾ ਸੀ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਪਿੰਡ ਦੇ ਬਜ਼ੁਰਗਾਂ ਨੇ ਵੀ ਉਸ ਨੂੰ ਝਿੜਕਿਆ ਸੀ।
ਮਰਹੂਮ ਦੀ ਮਾਂ ਨੂੰ ਕਿਹਾ ਗਿਆ, "ਤੁਸੀਂ ਕੀ ਸੋਚਦੇ ਹੋ ਸਾਡੇ ਕੋਲ ਸਿਰਫ ਇਹੀ ਕੰਮ ਹੈ? ਤੁਸੀਂ ਆਪਣਾ ਦੇਖ ਲਓ।" ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਇੱਥੇ ਹੀ ਨਹੀਂ ਮੁੱਕੀਆਂ।
ਲੜਕੀ ਦੀ ਮਾਂ ਨੇ ਦੱਸਿਆ, "ਜਦੋਂ ਮੈਂ ਮੰਦਿਰ ਦੇ ਬਾਹਰ ਬੈਠੀ ਸੀ ਤਾਂ ਕੁਝ ਲੋਕਾਂ ਨੇ ਮੈਨੂੰ ਅਗਵਾ ਕਰ ਲਿਆ ਅਤੇ ਬੰਦੀ ਬਣਾ ਕੇ ਰੱਖਿਆ। ਜਦੋਂ ਮੈਂ ਉਨ੍ਹਾਂ ਨੂੰ ਆਪਣੀ ਬੇਟੀ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਮੇਰੇ ਸਿਰ ਦੇ ਪਿੱਛੇ ਮਾਰਿਆ। ਮੈਂ ਤਿੰਨ ਮਹੀਨਿਆਂ ਬਾਅਦ ਬੈਂਗਲੂਰੂ ਦੇ ਇੱਕ ਹਸਪਤਾਲ ਵਿੱਚ ਅੱਖਾਂ ਖੋਲ੍ਹੀਆਂ।"
ਆਪਣੇ ਘਰ ਮੰਗਲੂਰੂ ਵਾਪਸ ਗਈ ਤਾਂ ਦੇਖਿਆ ਕਿ ਘਰ ਨੂੰ ਸਾੜ ਦਿੱਤਾ ਗਿਆ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਕੱਪੜੇ, ਮੇਰੀ ਧੀ ਦੇ ਕੱਪੜੇ, ਮੇਰੇ ਦਸਤਾਵੇਜ਼, ਮੇਰੀ ਧੀ ਦੇ ਦਸਤਾਵੇਜ਼ ਸਾਰੇ ਸਾੜ ਕੇ ਸੁਆਹ ਕਰ ਦਿੱਤੇ ਗਏ ਸਨ।"
ਤਾਜ਼ਾ ਘਟਨਾਕ੍ਰਮ ਤੋਂ ਬਾਅਦ ਔਰਤ ਨੇ ਕਿਹਾ ਕਿ ਖੁਦਾਈ ਦੇ ਦੌਰਾਨ ਉਨ੍ਹਾਂ ਦੀ ਧੀ ਦੇ ਅਵਸ਼ੇਸ਼ ਮਿਲਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਦੇ ਦਿੱਤੇ ਜਾਣ।
ਲੜਕੀ ਦਾ ਮਾਮਲਾ ਜਿਸ ਨੇ ਨਵਾਂ ਮੋੜ ਲਿਆਂਦਾ
ਇਨ੍ਹਾਂ ਘਟਨਾਵਾਂ ਵਿੱਚ ਹੀ ਇੱਕ ਵਾਕਿਆ ਸਾਲ 2012 ਦਾ ਹੈ, ਜਿਸ ਨੇ ਧਰਮਸਥਲਾ ਦੇ ਕਥਿਤ ਅਪਰਾਧਿਕ ਇਤਿਹਾਸ ਦਾ ਰੁਖ ਬਦਲ ਦਿੱਤਾ।
ਅਕਤੂਬਰ 2012 ਵਿੱਚ ਇੱਕ ਨਾਬਾਲਗ ਕੁੜੀ ਦੀ ਨਗਨ ਲਾਸ਼ ਬਰਾਮਦ ਕੀਤੀ ਗਈ, ਜਿਸਦੇ ਸਾਰੇ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਸਨ।
ਮਰਹੂਮ ਕੁੜੀ ਦੀ ਮਾਂ ਨੇ ਬੀਬੀਸੀ ਨੂੰ ਦੱਸਿਆ, "ਉਸਦੀ ਲਾਸ਼ ਨੂੰ ਦੇਖ ਕੇ ਕੋਈ ਵੀ ਦੱਸ ਸਕਦਾ ਸੀ ਕਿ ਉਸ ਉੱਤੇ ਕਈ ਲੋਕਾਂ ਦੁਆਰਾ ਜਿਨਸੀ ਹਮਲਾ ਕੀਤਾ ਗਿਆ ਸੀ।"
ਪਰਿਵਾਰ ਅਤੇ ਸਥਾਨਕ ਵਾਸੀਆਂ ਦਾ ਇਲਜ਼ਾਮ ਹੈ ਕਿ ਉਸਦੀ ਮੌਤ ਦੀ ਜਾਂਚ ਢਿੱਲੇ-ਮੱਠੇ ਢੰਗ ਨਾਲ ਕੀਤੀ ਗਈ ਸੀ। ਸਥਾਨਕ ਲੋਕਾਂ ਅਤੇ ਅਧਿਕਾਰ ਪੱਖੀ ਸੰਸਥਾਵਾਂ ਵੱਲੋਂ ਨਿਆਂ ਦੀ ਮੰਗ ਲਈ ਸਾਰੇ ਕਰਨਾਟਕ ਵਿੱਚ ਰੋਸ-ਮੁਜ਼ਾਹਰੇ ਕੀਤੇ ਗਏ ਸਨ।
ਕਰਨਾਟਕ ਪੁਲਿਸ ਨੇ ਕਿਸੇ ਸੰਤੋਸ਼ ਰਾਓ ਨੂੰ ਮੁਲਜ਼ਮ ਵਜੋਂ ਪੇਸ਼ ਕੀਤਾ ਅਤੇ ਧਰਮਸਥਲਾ ਦੇ ਚਾਰ ਪ੍ਰਭਾਵਸ਼ਾਲੀ ਵਿਅਕਤੀ ਜਿਨ੍ਹਾਂ ਦਾ ਨਾਮ ਪਰਿਵਾਰ ਵੱਲੋਂ ਆਪਣੀ ਸ਼ਿਕਾਇਤ ਵਿੱਚ ਲਿਆ ਗਿਆ ਸੀ, ਨੂੰ ਕਲੀਨ ਚਿੱਟ ਦੇ ਦਿੱਤੀ ਗਈ।
ਸਾਲ 2023 ਵਿੱਚ, ਨੌਂ ਸਾਲ ਜੇਲ੍ਹ ਵਿੱਚ ਰਹਿਣ ਮਗਰੋਂ, ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਰਾਓ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ, ਉਸਦੇ ਖਿਲਾਫ਼ "ਸਰਕਾਰੀ ਪੱਖ ਵੱਲੋਂ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ।"
ਬੀਬੀਸੀ ਨੇ ਇਨ੍ਹਾਂ ਚਾਰਾਂ ਮਾਮਲਿਆਂ ਵਿੱਚ ਇਲਜ਼ਾਮਾਂ ਪ੍ਰਤੀ ਪੁਲਿਸ ਦਾ ਪੱਖ ਜਾਨਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਕੀਤਾ ਜਾ ਸਕਿਆ।
ਧਰਮਸਥਲਾ ਦੇ 'ਪ੍ਰਭਾਵਸ਼ਾਲੀ ਲੋਕ'
ਇਨ੍ਹਾਂ ਚਾਰ ਮਾਮਲਿਆਂ ਅਤੇ ਭੇਤ ਖੋਲ੍ਹਣ ਵਾਲੇ ਦਲਿਤ ਵਿਸਲ ਬਲੋਅਰ ਵੱਲੋਂ ਲਾਏ ਇਲਜ਼ਾਮਾਂ ਵਿੱਚ ਇੱਕ ਸਾਂਝੀ ਤਾਰ ਇਹ ਹੈ ਕਿ ਇਨ੍ਹਾਂ ਸਾਰੇ ਦਾਅਵਿਆਂ ਦਾ ਰੁਖ ਧਰਮਸਥਲਾ ਮੰਦਿਰ ਨੂੰ ਚਲਾਉਣ ਵਾਲੇ ਪਰਿਵਾਰ ਵੱਲ ਹੈ।
ਸਾਲ 2012 ਵਿੱਚ ਜਿਸ ਕੁੜੀ ਦੀ ਲਾਸ਼ ਮਿਲੀ ਸੀ, ਉਸਦੇ ਦਾਦਾ ਨੇ ਕਿਹਾ, "ਹਰ ਕੋਈ ਜਾਣਦਾ ਹੈ ਕਿ ਦੋਸ਼ੀ ਕੌਣ ਹੈ, ਉਹ ਲੋਕਾਂ ਦਾ ਕਤਲ ਕਰਦੇ ਅਤੇ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਉਨ੍ਹਾਂ ਨੂੰ ਸੜਕ ਦੇ ਨਾਲ ਦੱਬ ਆਉਂਦੇ ਸੀ। ਉਨ੍ਹਾਂ ਦਿਨਾਂ ਵਿੱਚ ਅਸੀਂ ਪਖਾਨਿਆਂ ਦੀ ਕਮੀ ਕਰਕੇ ਜੰਗਲ-ਪਾਣੀ ਲਈ ਜੰਗਲ ਵਿੱਚ ਜਾਂਦੇ ਸੀ। ਸਾਨੂੰ ਜੰਗਲੀ ਸੂਰਾਂ ਵੱਲੋਂ ਪੁੱਟ ਕੇ ਕੱਢੀਆਂ ਲਾਸ਼ਾਂ ਮਿਲਦੀਆਂ ਸਨ।"
ਇਹੀ ਭਾਵਨਾਵਾਂ ਨਾਗਰਿਕਾ ਸੇਵਾ ਟਰੱਸਟ, ਜਿਸ ਨੇ ਇਲਾਕੇ ਵਿੱਚ ਹੋਈਆਂ ਗੈਰ-ਕੁਦਰਤੀ ਮੌਤਾਂ ਲਈ ਆਰਟੀਆਈ ਫਾਈਲ ਕੀਤੀ ਸੀ, ਦੇ ਇੱਕ ਅਧਿਕਾਰੀ ਸੋਮਾਨਾਧਾ ਨੇ ਵੀ ਪ੍ਰਗਟ ਕੀਤੀਆਂ।
ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਇੱਥੇ ਇੱਕ ਗਿਰੋਹ ਹੈ ਜਿਸ ਨੂੰ 'ਡੀ-ਗੈਂਗ' ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਧਰਮਸਥਲਾ ਦੇ ਕੁਝ ਪ੍ਰਭਾਵਸ਼ਾਲੀ ਲੋਕਾਂ ਦੀ ਸਰਪ੍ਰਸਤੀ ਹਾਸਲ ਹੈ।
ਮਹੇਸ਼ ਸ਼ੈੱਟੀ ਥਿਮਾਰੋਡੀ ਇੱਕ ਵਿਅਕਤੀ ਦਾ ਮੁਕੱਦਮਾ ਲੜ ਰਹੇ ਹਨ, ਜਿਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 13 ਸਾਲਾਂ ਦੌਰਾਨ ਉਨ੍ਹਾਂ ਦੇ ਖਿਲਾਫ਼ 25 ਪੁਲਿਸ ਰਿਪੋਰਟਾਂ ਦਰਜ ਕਰਵਾਈਆਂ ਗਈਆਂ ਹਨ।
ਧਰਮਸਥਲਾ ਵਿੱਚ ਕਥਿਤ ਅਪਰਾਧਾਂ ਬਾਰੇ ਉਹ ਦੱਸਦੇ ਹਨ, "ਇਹ ਸਭ ਕੁਝ ਮੈਂ ਆਪਣੇ ਬਚਪਨ ਤੋਂ ਦੇਖ ਰਿਹਾ ਹਾਂ। ਕੀ ਤੁਹਾਡੇ ਕੋਲ ਉਨ੍ਹਾਂ ਲਾਸ਼ਾਂ ਦੀ ਗਿਣਤੀ ਹੈ, ਜੋ ਜੰਗਲ ਵਿੱਚ ਗਲ-ਸੜ ਗਈਆਂ ਜਾਂ ਸੜਕਾਂ ਦੇ ਥੱਲੇ ਦੱਬ ਦਿੱਤੀਆਂ ਗਈਆਂ?"
ਕਾਨੂੰਨੀ ਲੜਾਈ ਵਿੱਚ ਉਨ੍ਹਾਂ ਦੇ ਸਾਥੀ ਗਿਰੀਸ਼ ਮਾਟੇਨਾਵਰ, ਇੱਕ ਸਾਬਕਾ ਪੁਲਿਸ ਅਧਿਕਾਰੀ ਅਤੇ ਸਾਬਕਾ ਭਾਜਪਾ ਆਗੂ ਹਨ। ਗਿਰੀਸ਼ ਦਾ ਇਲਜ਼ਾਮ ਹੈ ਕਿ ਜਿਨਸੀ ਹਮਲਿਆਂ ਅਤੇ ਕਤਲਾਂ ਦੇ ਸੈਂਕੜੇ ਮਾਮਲੇ ਰਿਪੋਰਟ ਕੀਤੇ ਗਏ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਪਰ ਮੁਲਜ਼ਮ ਧਰਮ ਅਤੇ ਦੇਵਤੇ ਦੀ ਓਟ ਵਰਤਦੇ ਰਹੇ ਹਨ।"
ਹਾਲ ਦੇ ਦਿਨਾਂ ਵਿੱਚ ਕੀਤੀਆਂ ਸ਼ਿਕਾਇਤਾਂ
ਪਿਛਲੇ ਸਮਿਆਂ ਵਿੱਚ ਵੀ ਪੱਤਰਕਾਰਾਂ ਅਤੇ ਕਾਰਕੁਨਾਂ ਨੇ ਮੰਦਿਰ ਨੂੰ ਚਲਾ ਰਹੇ ਪਰਿਵਾਰ ਉੱਤੇ ਬਦਲਾਖੋਰੀ ਦੇ ਇਲਜ਼ਾਮ ਲਾਏ ਹਨ।
ਇੱਕ ਵਿਦਿਆਰਥੀ ਆਗੂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਧਰਮਸਥਲਾ ਪਰਿਵਾਰ ਦੇ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਲਿਖਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਫੋਨ ਉੱਤੇ ਇੱਕ ਸੁਨੇਹਾ ਮਿਲਿਆ ਕਿ, "ਜਲਦੀ ਹੀ ਤੁਹਾਡਾ ਇੱਕ ਐਕਸੀਡੈਂਟ ਹੋਵੇਗਾ"।
ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਇੱਕ ਆਟੋ-ਰਿਕਸ਼ਾ ਨੇ ਟੱਕਰ ਮਾਰੀ। ਸ਼ੈੱਟੀ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਹੋਰ ਸੁਨੇਹਾ ਮਿਲਿਆ ਕਿ "ਮੈਂ ਤੁਹਾਡਾ ਹਾਦਸਾ ਦੇਖਿਆ ਹੈ। ਤੁਹਾਡਾ ਹਾਦਸਾ ਦੇਵਤੇ ਦੀ ਇੱਛਾ ਸੀ।"
ਉਨ੍ਹਾਂ ਨੇ ਅੱਗੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਰਿਪੋਰਟ ਲਿਖਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਇੱਕ ਰਿਪੋਰਟ ਉਨ੍ਹਾਂ ਵੱਲੋਂ ਐੱਸਐੱਸਪੀ ਨੂੰ ਪਹੁੰਚ ਕਰਨ ਤੋਂ ਬਾਅਦ ਲਿਖੀ ਗਈ।
ਉਨ੍ਹਾਂ ਦੇ ਦਾਅਵੇ ਮੁਤਾਬਕ, "ਹਾਲਾਂਕਿ ਜਾਂਚ ਦੇ ਖਿਲਾਫ਼ ਅਦਾਲਤ ਤੋਂ ਇੱਕ ਸਟੇਅ ਆਰਡਰ ਹਾਸਲ ਕਰ ਲਿਆ ਗਿਆ। ਜੋ ਕੋਈ ਵੀ ਧਰਮਸਥਲਾ ਦੇ ਪ੍ਰਭਾਵਸ਼ਾਲੀ ਲੋਕਾਂ ਦਾ ਵਿਰੋਧ ਕਰੇਗਾ, ਨਿਸ਼ਾਨਾ ਬਣਾਇਆ ਜਾਵੇਗਾ।"
ਕਰਨਾਟਕ ਦੇ ਇੱਕ ਉੱਘੇ ਯੂਟਿਊਬ ਪੱਤਰਕਾਰ ਐੱਮਡੀ ਸਮੀਰ ਨੇ ਵੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਵੀ ਧਰਮਸਥਲਾ ਦੇ ਪ੍ਰਭਾਵਸ਼ਾਲੀ ਲੋਕਾਂ ਖਿਲਾਫ਼ ਰਿਪੋਰਟਿੰਗ ਕਰਨ ਕਰਕੇ ਨਿਸ਼ਾਨਾ ਬਣਾਇਆ ਗਿਆ।
ਸਾਲ 2012 ਵਿੱਚ ਨਾਬਾਲਗ ਕੁੜੀ ਦੀ ਮੌਤ ਦੇ ਮਾਮਲੇ ਵੱਲ ਧਿਆਨ ਲਿਆਉਣ ਵਿੱਚ ਸਮੀਰ ਵਰਗੇ ਹੋਰ ਸਥਾਨਕ ਸੋਸ਼ਲ ਮੀਡੀਆ ਪੱਤਰਕਾਰਾਂ ਦੀ ਹੀ ਮਹੱਤਵਪੂਰਨ ਭੂਮਿਕਾ ਸੀ।
ਸਮੀਰ ਨੇ ਬੀਬੀਸੀ ਨੂੰ ਦੱਸਿਆ ਕਿ ਫਿਲਹਾਲ ਉਹ ਤਿੰਨ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਆਪਣੇ ਯੂਟਿਊਬ ਚੈਨਲ ਤੋਂ ਸਮਗੱਰੀ ਹਟਾਉਣ ਲਈ ਵੀ ਉਨ੍ਹਾਂ ਨੂੰ ਕਈ ਕਾਨੂੰਨੀ ਹੁਕਮ ਮਿਲ ਚੁੱਕੇ ਹਨ।
ਆਪਣੇ ਬਿਆਨ ਵਿੱਚ ਸ਼ਿਕਾਇਤਕਰਤਾ ਜੋ ਕਿ ਆਪਣੇ-ਆਪ ਨੂੰ ਇੱਕ ਸਾਬਕਾ ਸਫਾਈ ਕਰਮਚਾਰੀ ਦੱਸਦੇ ਹਨ— ਉਨ੍ਹਾਂ ਨੇ ਵੀ "ਨਾਮ ਦੱਸਣ ਤੋਂ ਪਹਿਲਾਂ ਗਾਇਬ ਹੋ ਜਾਣ ਜਾਂ ਮਾਰੇ ਜਾਣ" ਦਾ ਡਰ ਜ਼ਾਹਰ ਕੀਤਾ ਹੈ।
ਬੀਬੀਸੀ ਨੇ ਧਰਮਸਥਲਾ ਮੰਦਰ ਦੇ ਨੁਮਾਇੰਦਿਆਂ ਨੂੰ ਇਨ੍ਹਾਂ ਸਾਰੇ ਇਲਜ਼ਾਮਾਂ ਉੱਤੇ ਟਿੱਪਣੀ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ।
ਕਰਨਾਟਕ ਦੇ ਰਾਜਨੀਤਿਕ ਦਲਾਂ ਦਾ ਰੁਖ਼
ਮਹੇਸ਼ ਸ਼ੈੱਟੀ ਥਿਮਾਰੋਡੀ ਮੁਤਾਬਕ, "ਮੰਦਿਰ ਨੂੰ ਚਲਾਉਣ ਵਾਲਾ ਪਰਿਵਾਰ ਭਾਰਤੀ ਜਨਤਾ ਪਾਰਟੀ, ਕਾਂਗਰਸ, ਜਨਤਾ ਦਲ (ਧਰਮ ਨਿਰਪੱਖ) ਕਰਕੇ ਬਚ ਨਿਕਲਣ ਵਿੱਚ ਕਾਮਯਾਬ ਹੁੰਦਾ ਹੈ। ਕਰਨਾਟਕ ਵਿੱਚ ਪ੍ਰਭਾਵਸ਼ਾਲੀ ਇਨ੍ਹਾਂ ਤਿੰਨੇ ਪਾਰਟੀਆਂ ਨੇ ਉਨ੍ਹਾਂ ਨੂੰ ਬਚਾਇਆ ਹੈ।"
ਸ਼ੈੱਟੀ ਦਾ ਦਾਅਵਾ ਹੈ, "ਸੂਬਾ ਅਤੇ ਕੌਮੀ ਪੱਧਰ ਦੇ ਆਗੂ ਉਨ੍ਹਾਂ ਕੋਲ ਆਉਂਦੇ ਹਨ।"
ਮਹੇਸ਼ ਨੇ ਜਿਨ੍ਹਾਂ ਤਿੰਨ ਪਾਰਟੀਆਂ ਦਾ ਜ਼ਿਕਰ ਕੀਤਾ ਉਨ੍ਹਾਂ ਸਾਰਿਆਂ ਨੇ ਇਨ੍ਹਾਂ ਇਲਜ਼ਾਮਾਂ ਤੋਂ ਖੰਡਨ ਕੀਤਾ।
ਨਾਮ ਨਾ ਛਾਪਣ ਦੀ ਸ਼ਰਤ ਉੱਤੇ ਭਾਜਪਾ ਦੇ ਬੁਲਾਰੇ ਨੇ ਕਿਹਾ, "ਸਿਟ ਮਾਮਲੇ ਦੀ ਜਾਂਚ ਕਰ ਰਹੀ ਹੈ, ਜਾਂਚ ਪੂਰੀ ਹੋਣ ਤੋਂ ਬਾਅਦ ਰਿਪੋਰਟ ਜਨਤਕ ਹੋ ਲੈਣ ਦਿਓ।"
ਕਰਨਾਟਕ ਕਾਂਗਰਸ ਦੀ ਮੀਡੀਆ ਕਮੇਟੀ ਦੇ ਉਪ-ਪ੍ਰਧਾਨ ਸੱਤਿਆ ਪ੍ਰਕਾਸ਼ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਹੀ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ।
ਉਨ੍ਹਾਂ ਨੇ ਕਿਹਾ, "ਮੁਲਜ਼ਮ ਭਾਵੇਂ ਕਿੰਨੇ ਵੀ ਸ਼ਕਤੀਸ਼ਾਲੀ ਹੋਣ, ਉਨ੍ਹਾਂ ਦੀ ਪਛਾਣ ਕਰਨਾ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਜੋ ਲੋਕ ਸੱਚ ਬੋਲ ਰਹੇ ਹਨ, ਉਨ੍ਹਾਂ ਦੀ ਰਾਖੀ ਕਰਨਾ ਵੀ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਹੈ।"
ਇਸੇ ਦੌਰਾਨ ਅਰਿਵਾਲਗਨ, ਜੋ ਕਿ ਜਨਤਾ ਦਲ (ਧਰਮ ਨਿਰਪੱਖ) ਦੇ ਬੁਲਾਰੇ ਹਨ, ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਕਿਸੇ ਵੀ ਵਿਅਕਤੀ ਦੇ ਧਰਮਸਥਲਾ ਮੰਦਿਰ ਨੂੰ ਚਲਾਉਣ ਵਾਲੇ ਪਰਿਵਾਰ ਨਾਲ ਸਬੰਧ ਨਹੀਂ ਹਨ। ਉਨ੍ਹਾਂ ਨੇ ਅੱਗੇ ਕਿਹਾ, "ਸਾਨੂੰ ਸਿੱਟ ਨੂੰ ਜਾਂਚ ਮੁਕੰਮਲ ਕਰ ਲੈਣ ਦੀ ਉਡੀਕ ਕਰਨੀ ਚਾਹੀਦੀ ਹੈ।"
ਵਕੀਲ ਕੇਵੀ ਧਨੰਜੇ ਸਾਬਕਾ ਸਫਾਈ ਕਰਮਚਾਰੀ ਹੋਣ ਦਾ ਦਾਅਵਾ ਕਰਨ ਵਾਲੇ ਸ਼ਿਕਾਇਤਕਰਤਾ ਦਾ ਪੱਖ ਅਦਾਲਤ ਵਿੱਚ ਰੱਖ ਰਹੇ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਕਲਾਇੰਟ ਵੱਲੋਂ ਕੀਤੇ ਗਏ ਦਾਅਵਿਆਂ ਦੀ ਸੱਚਾਈ ਦੀ ਜਾਂਚ ਕਰਨਾ ਤਾਂ ਪੁਲਿਸ ਦਾ ਕੰਮ ਸੀ।
"ਉਨ੍ਹਾਂ ਦੀਆਂ ਸ਼ਿਕਾਇਤਾਂ ਕਿਸੇ ਵੀ ਤਰ੍ਹਾਂ ਅਤੀਤ ਵਿੱਚ ਹੋਈਆਂ ਸ਼ਿਕਾਇਤਾਂ ਜਾਂ ਲੰਬਿਤ ਜਾਂਚਾਂ ਨਾਲ ਸੰਬੰਧਿਤ ਨਹੀਂ ਹਨ। ਇਹ ਬਿਲਕੁਲ ਤਾਜ਼ਾ ਸ਼ਿਕਾਇਤ ਹੈ। ਜਿੱਥੋਂ ਤੱਕ ਮੈਂ ਜਾਣਦਾ ਹਾਂ, ਇਹ ਭਾਰਤੀ ਨਿਆਂ-ਪ੍ਰਣਾਲੀ ਵਿੱਚ ਇੱਕ ਅਨੂਠਾ ਮੁਕੱਦਮਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ