ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ, ਕੋਲੈਸਟ੍ਰੋਲ ਕਦੋਂ ਨੁਕਸਾਨਦੇਹ ਹੁੰਦਾ ਹੈ?

    • ਲੇਖਕ, ਸੁਮੀਰਨ ਪ੍ਰੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਸਾਡੇ ਵਿੱਚੋਂ ਬਹੁਤ ਸਾਰੇ ਲੋਕ ਪਕੌੜੇ, ਸਮੋਸੇ ਅਤੇ ਬਰਗਰ ਵਰਗੇ ਤਲੇ ਹੋਏ ਭੋਜਨ ਅਕਸਰ ਪਸੰਦ ਕਰਦੇ ਹਨ।

ਪਰ ਅਸੀਂ ਅਕਸਰ ਸੁਣਦੇ ਹਾਂ ਕਿ ਇਨ੍ਹਾਂ ਦਾ ਜ਼ਿਆਦਾ ਸੇਵਨ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾ ਸਕਦਾ ਹੈ।

ਡਾਕਟਰਾਂ ਦੇ ਅਨੁਸਾਰ, ਕੋਲੈਸਟ੍ਰੋਲ ਵਧਣ ਦੀ ਸਮੱਸਿਆ ਹੁਣ ਨਾ ਸਿਰਫ਼ ਵੱਡੀ ਉਮਰ ਦੇ ਲੋਕਾਂ ਵਿੱਚ ਸਗੋਂ ਨੌਜਵਾਨਾਂ ਵਿੱਚ ਵੀ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ।

ਛੋਟੀ ਉਮਰ ਵਿੱਚ ਕੋਲੈਸਟ੍ਰੋਲ ਵਧਣਾ ਵਡੇਰੀ ਉਮਰ ਵਿੱਚ ਵਧੇ ਹੋਏ ਕੋਲੈਸਟ੍ਰੋਲ ਨਾਲੋਂ ਕਿਤੇ ਜ਼ਿਆਦਾ ਨੁਕਸਾਨਦੇਹ ਹੋ ਸਕਦਾ ਹੈ।

ਤਾਂ ਕੋਲੈਸਟ੍ਰੋਲ ਅਸਲ ਵਿੱਚ ਕੀ ਹੁੰਦਾ ਹੈ, ਇਹ ਸਾਡੇ ਸਰੀਰ ਵਿੱਚ ਕਿਵੇਂ ਵਧਦਾ ਹੈ ਅਤੇ ਇਸ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ? ਇਸ ਲੇਖ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ।

ਕੋਲੈਸਟ੍ਰੋਲ ਇੱਕ ਚਰਬੀ ਵਾਲਾ 'ਜੈੱਲ' ਵਰਗਾ ਪਦਾਰਥ ਹੈ, ਜੋ ਲਿਪਿਡ ਸ਼੍ਰੇਣੀ ਵਿੱਚ ਆਉਂਦਾ ਹੈ।

ਇਹ ਸਰੀਰ ਵਿੱਚ ਬਹੁਤ ਸਾਰੇ ਮਹੱਤਵਪੂਰਨ ਕਾਰਜਾਂ ਵਿੱਚ ਯੋਗਦਾਨ ਪਾਉਂਦਾ ਹੈ। ਕੋਲੈਸਟ੍ਰੋਲ ਸਰੀਰ ਦੇ ਹਰ ਸੈੱਲ ਵਿੱਚ ਮੌਜੂਦ ਹੁੰਦਾ ਹੈ ਅਤੇ ਖੂਨ ਰਾਹੀਂ ਪੂਰੇ ਸਰੀਰ ਵਿੱਚ ਪਹੁੰਚਦਾ ਹੈ।

ਇਹ ਹਰ ਸੈੱਲ ਦੇ ਦੁਆਲੇ ਇੱਕ ਸੁਰੱਖਿਆ ਪਰਤ ਬਣਾਉਂਦਾ ਹੈ।

ਕੋਲੈਸਟ੍ਰੋਲ ਕੁਝ ਹਾਰਮੋਨਾਂ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ। ਜਿਗਰ ਸਰੀਰ ਵਿੱਚ ਮੌਜੂਦ ਕੁੱਲ ਕੋਲੈਸਟ੍ਰੋਲ ਦਾ ਲਗਭਗ 80 ਫੀਸਦ ਪੈਦਾ ਕਰਦਾ ਹੈ।

ਕੋਲੈਸਟ੍ਰੋਲ ਕਦੋਂ ਨੁਕਸਾਨਦੇਹ ਹੁੰਦਾ ਹੈ?

ਕੋਲੈਸਟ੍ਰੋਲ ਦੀਆਂ ਦੋ ਕਿਸਮਾਂ ਹਨ - ਐੱਚਡੀਐੱਲ ਅਤੇ ਐੱਲਡੀਐੱਲ।

ਐੱਚਡੀਐੱਲ ਭਾਵ ਉੱਚ ਘਣਤਾ ਵਾਲੇ ਲਿਪੋਪ੍ਰੋਟੀਨ ਨੂੰ ਚੰਗਾ ਕੋਲੈਸਟ੍ਰੋਲ ਕਿਹਾ ਜਾਂਦਾ ਹੈ, ਜਦੋਂ ਕਿ ਐੱਲਡੀਐੱਲ ਭਾਵ ਘੱਟ ਘਣਤਾ ਵਾਲੇ ਲਿਪੋਪ੍ਰੋਟੀਨ ਨੂੰ ਮਾੜਾ ਕੋਲੈਸਟ੍ਰੋਲ ਮੰਨਿਆ ਜਾਂਦਾ ਹੈ।

ਜਦੋਂ ਐੱਚਡੀਐੱਲ ਅਤੇ ਐੱਲਡੀਐੱਲ ਖੂਨ ਵਿੱਚ ਮੌਜੂਦ ਹੁੰਦੇ ਹਨ ਅਤੇ ਸਰੀਰ ਵਿੱਚ ਵਗਦੇ ਹਨ, ਤਾਂ ਐੱਚਡੀਐੱਲ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧਦਾ ਹੈ।

ਪਰ ਜੇਕਰ ਐੱਲਡੀਐੱਲ ਦਾ ਪੱਧਰ ਉੱਚਾ ਹੁੰਦਾ ਹੈ, ਤਾਂ ਇਹ ਚਿਪਚਿਪੇ ਪਦਾਰਥ ਵਾਂਗ ਖੂਨ ਦੀਆਂ ਨਾੜੀਆਂ ਅਤੇ ਧਮਨੀਆਂ ਨਾਲ ਉੱਥੇ ਚਿਪਕ ਸਕਦਾ ਹੈ। ਇਹ ਪਲੇਕ ਬਣਾਉਂਦਾ ਹੈ, ਜੋ ਕਿ ਇੱਕ ਕਿਸਮ ਦੀ ਪਰਤ ਹੈ।

ਜੇਕਰ ਇਹ ਪਲੇਕ ਲੰਬੇ ਸਮੇਂ ਤੱਕ ਇਕੱਠਾ ਹੁੰਦਾ ਰਹਿੰਦਾ ਹੈ, ਤਾਂ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਆ ਸਕਦੀ ਹੈ।

ਇਸ ਕਾਰਨ, ਦਿਮਾਗ਼ ਅਤੇ ਦਿਲ ਤੱਕ ਕਾਫ਼ੀ ਆਕਸੀਜਨ ਅਤੇ ਪੌਸ਼ਟਿਕ ਤੱਤ ਨਹੀਂ ਪਹੁੰਚਦੇ, ਜਿਸ ਨਾਲ ਦਿਲ ਦਾ ਦੌਰਾ ਜਾਂ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ।

ਬਹੁਤ ਸਾਰੇ ਕਾਰਕ ਤੁਹਾਡੇ ਕੋਲੈਸਟ੍ਰੋਲ ਦੇ ਪੱਧਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਵੇਂ ਕਿ ਉਮਰ, ਦਵਾਈ ਦਾ ਸੇਵਨ ਜਾਂ ਮੌਜੂਦਾ ਸਿਹਤ ਸਥਿਤੀ।

ਇਸ ਤੋਂ ਇਲਾਵਾ, ਜੀਵਨ ਸ਼ੈਲੀ, ਰੁਟੀਨ ਅਤੇ ਖਾਣ-ਪੀਣ ਦੀਆਂ ਆਦਤਾਂ ਵੀ ਇਸਦੀ ਸਥਿਤੀ ਤੈਅ ਕਰਦੀਆਂ ਹਨ। ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਸਰੀਰਕ ਤੌਰ 'ਤੇ ਕਿੰਨੇ ਕਿਰਿਆਸ਼ੀਲ ਰਹਿੰਦੇ ਹੋ।

ਦਿੱਲੀ ਦੇ ਫੋਰਟਿਸ ਐਸਕਾਰਟਸ ਹਸਪਤਾਲ ਦੇ ਕਾਰਡੀਓਲੋਜਿਸਟ ਡਾ. ਵਿਵੁਧ ਪ੍ਰਤਾਪ ਸਿੰਘ ਦੱਸਦੇ ਹਨ ਕਿ ਅਲਟ੍ਰਾ-ਪ੍ਰੋਸੈਸਡ ਭੋਜਨ ਅਤੇ ਟ੍ਰਾਂਸ ਫੈਟ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾ ਸਕਦੇ ਹਨ।

ਉਹ ਕਹਿੰਦੇ ਹਨ, "ਇੱਥੇ ਅਸੀਂ ਪ੍ਰੋਸੈਸਡ ਸਨੈਕਸ ਅਤੇ ਬੇਕਰੀ ਉਤਪਾਦਾਂ ਬਾਰੇ ਗੱਲ ਕਰ ਰਹੇ ਹਾਂ, ਜਿਨ੍ਹਾਂ ਵਿੱਚ ਆਰਟੀਫੀਸ਼ੀਅਲ ਫੈਟ ਹੁੰਦਾ ਹੈ। ਇਹ ਵਾਰ-ਵਾਰ ਵਰਤੇ ਗਏ ਤੇਲ ਵਿੱਚ ਬਣਾਏ ਜਾ ਸਕਦੇ ਹਨ ਜਾਂ ਇਸ ਵਿੱਚ ਬਹੁਤ ਜ਼ਿਆਦਾ ਨਮਕ ਅਤੇ ਖੰਡ ਹੋ ਸਕਦੇ ਹਨ।"

ਉਹ ਅੱਗੇ ਕਹਿੰਦੇ ਹਨ, "ਇਸ ਦੇ ਨਾਲ ਹੀ ਹਾਇਲੀ ਰਿਫਾਇੰਡ ਕਾਰਬੋਹਾਈਡ੍ਰੇਟ ਵਰਗੇ ਮੈਦੇ ਨਾਲੋਂ ਵੀ ਦੂਰ ਰਹਿਣਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਵਿੱਚ ਐਂਟੀਆਕਸੀਡੈਂਟ ਦੀ ਘਾਟ ਹੁੰਦੀ ਹੈ ਅਤੇ ਇਹ ਐੱਲਡੀਐੱਲ ਕੋਲੇਸਟ੍ਰੋਲ ਦਾ ਪੱਧਰ ਵਧਾਉਂਦੇ ਹਨ।"

"ਇਸ ਤੋਂ ਇਲਾਵਾ ਅਲਟ੍ਰਾ-ਪ੍ਰੋਸੈਸਡ ਫੂਡਸ ਅਕਸਰ ਵਜ਼ਨ ਵਧਾਉਣ ਅਤੇ ਸੋਜਿਸ਼ ਨਾਲ ਜੁੜੇ ਹੁੰਦੇ ਹਨ, ਜੋ ਦਿਲ ਦੇ ਰੋਗ ਦੇ ਖ਼ਤਰੇ ਨੂੰ ਵਧਾ ਸਕਦੇ ਹਨ।"

ਕੈਂਬ੍ਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਇੱਕ ਟੀਮ ਨੇ ਦੱਸਿਆ ਹੈ ਕਿ ਘੱਟ ਉਮਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਵਧ ਹੋਣਾ, ਬਾਅਦ ਦੀ ਉਮਰ ਵਿੱਚ ਸ਼ੁਰੂ ਹੋਣ ਵਾਲੇ ਹਾਈ ਕੋਲੈਸਟ੍ਰੋਲ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ।

ਇਸ ਨੂੰ ਕਿਵੇਂ ਘਟਾਇਆ ਜਾਵੇ?

ਤੁਸੀਂ ਜਿੰਨੇ ਜ਼ਿਆਦਾ ਸਰੀਰਕ ਤੌਰ 'ਤੇ ਸਰਗਰਮ ਹੋਵੋਗੇ, ਤੁਹਾਡੀਆਂ ਮਾਸਪੇਸ਼ੀਆਂ ਊਰਜਾ ਲਈ ਓਨੀਆਂ ਹੀ ਜ਼ਿਆਦਾ ਚਰਬੀ ਦੀ ਵਰਤੋਂ ਕਰਨਗੀਆਂ।

ਇਸਦਾ ਮਤਲਬ ਹੈ ਕਿ ਸਰੀਰ ਵਿੱਚ ਸੈਚੁਰੇਟੇਡ ਫੈਟ ਦੀ ਮਾਤਰਾ ਘੱਟ ਹੋਵੇਗੀ। ਇਹ ਪਲੇਕ ਨੂੰ ਇਕੱਠਾ ਹੋਣ ਤੋਂ ਰੋਕੇਗਾ ਅਤੇ ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਖ਼ਤਰਾ ਵੀ ਘੱਟ ਜਾਵੇਗਾ।

ਇੱਕ ਸਿਹਤਮੰਦ ਦਿਲ ਲਈ ਕੁਝ ਆਦਤਾਂ ਅਪਣਾਉਣਾ ਜ਼ਰੂਰੀ ਹੈ, ਜਿਵੇਂ ਕਿ ਸਿਗਰਟਨੋਸ਼ੀ ਤੋਂ ਬਚਣਾ, ਭਾਰ ਨੂੰ ਕੰਟ੍ਰੋਲ ਵਿੱਚ ਰੱਖਣਾ, ਸ਼ਰਾਬ ਦੀ ਖਪਤ ਨੂੰ ਸੀਮਤ ਕਰਨਾ। ਇਸ ਤੋਂ ਇਲਾਵਾ, ਸੈਚੂਰੇਟੇਡ ਚਰਬੀ, ਟ੍ਰਾਂਸ ਫੈਟ ਅਤੇ ਪ੍ਰੋਸੈਸਡ ਭੋਜਨ ਤੋਂ ਦੂਰ ਰਹਿਣਾ।

ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਸੰਤੁਲਿਤ ਖੁਰਾਕ ਲੈਣ ਨਾਲ ਕੋਲੈਸਟ੍ਰੋਲ ਨੂੰ ਕੰਟ੍ਰੋਲ ਕਰਨ ਵਿੱਚ ਮਦਦ ਮਿਲਦੀ ਹੈ।

ਭੋਜਨ ਵਿੱਚ ਫਾਈਬਰ ਹੋਣਾ ਜ਼ਰੂਰੀ ਹੈ। ਫਾਈਬਰ ਅੰਤੜੀਆਂ ਵਿੱਚ ਜਾਂਦਾ ਹੈ ਅਤੇ ਜੈੱਲ ਵਰਗੀ ਪਰਤ ਬਣਾਉਂਦਾ ਹੈ। ਇਹ ਪਾਚਨ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ।

ਇਸ ਤੋਂ ਇਲਾਵਾ, ਕੁਝ ਕਿਸਮਾਂ ਦੇ ਪ੍ਰੋਟੀਨ ਵੀ ਲਾਭਦਾਇਕ ਹੋ ਸਕਦੇ ਹਨ। ਕੁੱਲ ਮਿਲਾ ਕੇ, ਜੇਕਰ ਤੁਸੀਂ ਆਪਣੀ ਖੁਰਾਕ ਵਿੱਚ ਫਾਈਬਰ ਦੀ ਮਾਤਰਾ ਵਧਾਉਂਦੇ ਹੋ, ਤਾਂ ਕੋਲੈਸਟ੍ਰੋਲ ਦੇ ਪੱਧਰ ਨੂੰ ਸੰਤੁਲਿਤ ਰੱਖਿਆ ਜਾ ਸਕਦਾ ਹੈ।

ਸਾਬਤ ਅਨਾਜ, ਦਲੀਆ, ਓਟਸ, ਨਟਸ, ਫਲ ਅਤੇ ਸਬਜ਼ੀਆਂ ਵਿੱਚ ਫਾਈਬਰ ਕਾਫੀ ਮਾਤਰਾ ਵਿੱਚ ਹੁੰਦਾ ਹੈ।

ਪਾਣੀ ਦੀ ਭੂਮਿਕਾ ਵੀ ਅਹਿਮ

ਸਰੀਰ ਵਿੱਚ ਪਾਣੀ ਅਤੇ ਤਰਲ ਪਦਾਰਥਾਂ ਦੀ ਘਾਟ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਹ ਦਿਲ ਅਤੇ ਖੂਨ ਸੰਚਾਰ ਲਈ ਖਾਸ ਤੌਰ 'ਤੇ ਨੁਕਸਾਨਦੇਹ ਹੋ ਸਕਦਾ ਹੈ।

ਜਦੋਂ ਸਰੀਰ ਡੀਹਾਈਡ੍ਰੇਟ ਹੋ ਜਾਂਦਾ ਹੈ, ਤਾਂ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ। ਇਸ ਨਾਲ ਘੱਟ ਬਲੱਡ ਪ੍ਰੈਸ਼ਰ, ਚੱਕਰ ਆਉਣਾ ਅਤੇ ਬੇਹੋਸ਼ੀ ਵਰਗੀਆਂ ਸਥਿਤੀਆਂ ਹੋ ਸਕਦੀਆਂ ਹਨ।

ਸਰੀਰ ਵਿੱਚ ਖੂਨ ਪੰਪ ਕਰਨ ਲਈ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਕਾਰਨ ਦਿਲ ਦੀ ਧੜਕਣ ਵਧ ਜਾਂਦੀ ਹੈ ਅਤੇ ਪੈਲਿਪਟੇਸ਼ਨ ਮਹਿਸੂਸ ਹੋ ਸਕਦੀ ਹੈ।

ਡੀਹਾਈਡ੍ਰੇਸ਼ਨ ਖੂਨ ਨੂੰ ਗਾੜ੍ਹਾ ਕਰ ਸਕਦੀ ਹੈ। ਇਸ ਨਾਲ ਖੂਨ ਦੇ ਥੱਕੇ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਵਧ ਸਕਦਾ ਹੈ।

ਇਸ ਲਈ, ਦਿਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕਈ ਵਾਰ ਸਿਰਫ਼ ਜੀਵਨ ਸ਼ੈਲੀ ਵਿੱਚ ਬਦਲਾਅ ਹੀ ਕਾਫ਼ੀ ਨਹੀਂ ਹੁੰਦੇ।

ਅਜਿਹੀ ਸਥਿਤੀ ਵਿੱਚ, ਦਵਾਈਆਂ ਦੀ ਮਦਦ ਵੀ ਲਈ ਜਾ ਸਕਦੀ ਹੈ। ਦਿਲ ਦੇ ਦੌਰੇ ਨੂੰ ਰੋਕਣ ਲਈ, ਨਿਯਮਤ ਜਾਂਚ ਕਰਵਾਉਣਾ ਅਤੇ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)