'ਆਧਾਰ, ਪੈਨ ਕਾਰਡ ਜਾਂ ਵੋਟਰ ਆਈਡੀ ਹੋਣ ਨਾਲ ਕੋਈ ਭਾਰਤੀ ਨਾਗਰਿਕ ਨਹੀਂ ਬਣਦਾ', ਫਿਰ ਉਹ ਕਿਹੜਾ ਦਸਤਾਵੇਜ਼ ਹੈ ਜੋ ਤੁਹਾਨੂੰ ਭਾਰਤ ਦਾ ਨਾਗਰਿਕ ਬਣਾਉਂਦਾ ਹੈ

    • ਲੇਖਕ, ਉਪਾਸਨਾ
    • ਰੋਲ, ਬੀਬੀਸੀ ਪੱਤਰਕਾਰ

ਅੱਜ-ਕੱਲ੍ਹ ਨਾਗਰਿਕਤਾ ਬਾਰੇ ਬਹੁਤ ਚਰਚਾ ਹੋ ਰਹੀ ਹੈ। ਕਾਰਨ ਹੈ ਬੰਬੇ ਹਾਈ ਕੋਰਟ, ਜਿਸ ਨੇ ਹਾਲ ਹੀ ਵਿੱਚ ਇੱਕ ਕੇਸ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਆਧਾਰ ਕਾਰਡ, ਪੈਨ ਕਾਰਡ ਜਾਂ ਵੋਟਰ ਆਈਡੀ ਹੋਣ ਨਾਲ ਕੋਈ ਭਾਰਤੀ ਨਾਗਰਿਕ ਨਹੀਂ ਬਣਦਾ। ਇਹ ਦਸਤਾਵੇਜ਼ ਸਿਰਫ਼ ਪਛਾਣ ਸਾਬਤ ਕਰਨ ਲਈ ਹਨ।

ਅਦਾਲਤ ਦੇ ਇਹ ਕਹਿਣ ਤੋਂ ਬਾਅਦ, ਇੱਕ ਸਵਾਲ ਜ਼ਹਿਨ ਵਿੱਚ ਆਉਂਦਾ ਹੈ ਕਿ ਜੇਕਰ ਪੈਨ, ਵੋਟਰ ਜਾਂ ਆਧਾਰ ਕਾਰਡ ਭਾਰਤ ਦੇ ਨਾਗਰਿਕ ਹੋਣ ਦਾ ਸਬੂਤ ਨਹੀਂ ਹਨ, ਤਾਂ ਕਿਹੜਾ ਦਸਤਾਵੇਜ਼ ਹੈ ਜੋ ਭਾਰਤੀ ਨਾਗਰਿਕਤਾ ਸਾਬਤ ਕਰ ਸਕਦਾ ਹੈ।

ਸਰਕਾਰ ਨੇ ਭਾਰਤ ਵਿੱਚ ਨਾਗਰਿਕਤਾ ਸਾਬਤ ਕਰਨ ਲਈ ਕਾਨੂੰਨੀ ਤੌਰ 'ਤੇ ਕਿਸੇ ਦਸਤਾਵੇਜ਼ ਨੂੰ ਲਾਜ਼ਮੀ ਨਹੀਂ ਬਣਾਇਆ ਹੈ।

ਭਾਰਤੀ ਨਾਗਰਿਕਤਾ ਬਾਰੇ ਸੰਵਿਧਾਨ ਵਿੱਚ ਕੁਝ ਤਜਵੀਜ਼ਾਂ ਹਨ। ਉਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਵਿਅਕਤੀ ਨੂੰ ਭਾਰਤੀ ਨਾਗਰਿਕ ਕਿਹਾ ਜਾਂਦਾ ਹੈ। ਉਨ੍ਹਾਂ ਸ਼ਰਤਾਂ ਨੂੰ ਜਾਣਨ ਤੋਂ ਪਹਿਲਾਂ, ਆਓ ਜਾਣਦੇ ਹਾਂ ਕਿ ਨਾਗਰਿਕਤਾ ਕੀ ਹੈ ਅਤੇ ਇਹ ਕਿਉਂ ਜ਼ਰੂਰੀ ਹੈ?

ਨਾਗਰਿਕਤਾ ਇਸ ਲਈ ਜ਼ਰੂਰੀ ਹੈ...

ਹਰੇਕ ਨਾਗਰਿਕ ਅਤੇ ਉਸਦੇ ਦੇਸ਼ ਵਿਚਕਾਰ ਇੱਕ ਕਾਨੂੰਨੀ ਰਿਸ਼ਤਾ ਹੁੰਦਾ ਹੈ ਅਤੇ ਇਸ ਰਿਸ਼ਤੇ ਦੀ ਡੋਰ ਜਿਸ ਨਾਲ ਬੰਨ੍ਹੀ ਹੈ, ਉਹੀ ਨਾਗਰਿਕਤਾ ਹੈ। ਨਾਗਰਿਕਤਾ ਹੀ ਹੈ ਜੋ ਦੇਸ਼ ਦੇ ਨਾਗਰਿਕਾਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਅਤੇ ਸਹੂਲਤਾਂ ਦਿੰਦੀ ਹੈ।

ਮੂਲ ਅਧਿਕਾਰਾਂ ਤੋਂ ਲੈ ਕੇ ਵੋਟ ਪਾਉਣ ਦੇ ਅਧਿਕਾਰ, ਕਾਨੂੰਨੀ ਅਧਿਕਾਰ, ਕੰਮ ਕਰਨ ਦੇ ਅਧਿਕਾਰ ਅਤੇ ਸਭ ਤੋਂ ਅਹਿਮ ਚੀਜ਼ ਆਪਣੇਪਣ ਦੀ ਭਾਵਨਾ, ਜਿਸ ਨੂੰ ਅੰਗਰੇਜ਼ੀ ਵਿੱਚ ਸੈਂਸ ਆਫ ਬਿਲੌਂਗਿੰਗਨੈਸ ਕਿਹਾ ਜਾਂਦਾ ਹੈ।

ਦੇਸ਼ ਦਾ ਨਾਗਰਿਕ ਕਿਸ ਨੂੰ ਮੰਨਿਆ ਜਾਵੇਗਾ ਅਤੇ ਕਿਸ ਨੂੰ ਨਹੀਂ, ਇਸ ਲਈ ਨਿਯਮ ਅਤੇ ਕਾਨੂੰਨ ਬਣਾਏ ਜਾਂਦੇ ਹਨ।

ਭਾਰਤ ਵਿੱਚ ਨਾਗਰਿਕਤਾ ਕਿਵੇਂ ਮਿਲਦੀ ਹੈ?

ਸੰਵਿਧਾਨ ਦੇ ਆਰਟੀਕਲ 5-11 ਮੁਤਾਬਕ, ਭਾਰਤ ਵਿੱਚ ਰਹਿਣ ਵਾਲੇ ਹਰ ਉਸ ਵਿਅਕਤੀ ਨੂੰ ਭਾਰਤੀ ਨਾਗਰਿਕ ਮੰਨਿਆ ਜਾਵੇਗਾ, ਜੋ:

  • ਭਾਰਤ ਵਿੱਚ ਪੈਦਾ ਹੋਇਆ ਹੋਵੇ।
  • ਮਾਪਿਆਂ ਵਿੱਚੋਂ ਕਿਸੇ ਇੱਕ ਦਾ ਜਨਮ ਭਾਰਤ ਵਿੱਚ ਹੋਇਆ ਹੋਵੇ।
  • ਸੰਵਿਧਾਨ ਲਾਗੂ ਹੋਣ ਤੋਂ ਪੰਜ ਸਾਲ ਪਹਿਲਾਂ ਤੋਂ ਭਾਰਤ ਵਿੱਚ ਰਹਿ ਰਿਹਾ ਹੋਵੇ।

ਉਹ ਲੋਕ ਜੋ ਪਾਕਿਸਤਾਨ ਤੋਂ ਭਾਰਤ ਆਏ ਸਨ, ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਅਣਵੰਡੇ ਭਾਰਤ ਵਿੱਚ ਪੈਦਾ ਹੋਏ ਸਨ, ਜਾਂ, ਉਹ ਲੋਕ ਜੋ ਭਾਰਤ ਤੋਂ ਪਾਕਿਸਤਾਨ ਗਏ ਸਨ, ਪਰ ਬਾਅਦ ਵਿੱਚ ਦੁਬਾਰਾ ਵਸਣ ਲਈ ਭਾਰਤ ਵਾਪਸ ਆਏ ਸਨ।

ਉਹ ਵਿਅਕਤੀ ਜਿਸ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਅਣਵੰਡੇ ਭਾਰਤ ਵਿੱਚ ਪੈਦਾ ਹੋਏ ਸਨ, ਪਰ ਵਰਤਮਾਨ ਵਿੱਚ ਭਾਰਤ ਤੋਂ ਬਾਹਰ ਰਹਿ ਰਹੇ ਹਨ, ਨੂੰ ਵੀ ਭਾਰਤੀ ਨਾਗਰਿਕ ਮੰਨਿਆ ਜਾਂਦਾ ਹੈ।

ਨਾਗਰਿਕ ਕਾਨੂੰ 1955 ਕੀ ਕਹਿੰਦਾ ਹੈ?

ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ, 1955 ਵਿੱਚ ਇੱਕ ਹੋਰ ਕਾਨੂੰਨ ਪਾਸ ਕੀਤਾ ਗਿਆ ਜਿਸ ਨੂੰ ਨਾਗਰਿਕਤਾ ਐਕਟ ਕਿਹਾ ਜਾਂਦਾ ਹੈ।

ਇਸ ਵਿੱਚ ਭਾਰਤੀ ਨਾਗਰਿਕਤਾ ਹਾਸਲ ਕਰਨ ਅਤੇ ਖ਼ਤਮ ਕਰਨ ਦੀਆਂ ਸ਼ਰਤਾਂ ਬਾਰੇ ਦੱਸਿਆ ਗਿਆ ਹੈ। ਇਹ ਕਾਨੂੰਨ 5 ਅਜਿਹੀਆਂ ਸਥਿਤੀਆਂ ਵਿੱਚ ਭਾਰਤੀ ਨਾਗਰਿਕਤਾ ਮਿਲਣ ਬਾਰੇ ਗੱਲ ਕਰਦਾ ਹੈ।

  • ਜਨਮ ਦੇ ਆਧਾਰ 'ਤੇ
  • ਵੰਸ਼ ਦੇ ਆਧਾਰ 'ਤੇ
  • ਰਜਿਸਟ੍ਰੇਸ਼ਨ ਦੇ ਆਧਾਰ 'ਤੇ
  • ਨੈਚੁਰਲਾਈਜ਼ੇਸ਼ਨ ਦੇ ਆਧਾਰ 'ਤੇ, ਜਿਸ ਵਿੱਚ ਕੋਈ ਵਿਅਕਤੀ ਕੁਝ ਸ਼ਰਤਾਂ ਪੂਰੀਆਂ ਕਰਕੇ ਭਾਰਤੀ ਨਾਗਰਿਕ ਬਣ ਸਕਦਾ ਹੈ।
  • ਕੋਈ ਨਵਾਂ ਖੇਤਰ ਭਾਰਤ ਦੇ ਹਿੱਸੇ ਵਿੱਚ ਸ਼ਾਮਲ ਹੋਣ ਦੀ ਸੂਰਤ ਵਿੱਚ

ਭਾਰਤ ਦਾ ਹਿੱਸਾ ਬਣਨ ਵਾਲੇ ਕਿਸੇ ਵੀ ਨਵੇਂ ਖੇਤਰ ਦੇ ਕੇਸ 'ਚ ਕੀ ਹੁੰਦਾ ਹੈ?

ਨਾਗਰਿਕਤਾ ਐਕਟ ਦੀ ਧਾਰਾ 3 ਜਨਮ ਦੇ ਆਧਾਰ 'ਤੇ ਨਾਗਰਿਕਤਾ ਪ੍ਰਦਾਨ ਕਰਦੀ ਹੈ। ਇਸਦੇ ਅਨੁਸਾਰ, ਅਜਿਹੇ ਵਿਅਕਤੀ ਨੂੰ ਕਾਨੂੰਨੀ ਤੌਰ 'ਤੇ ਭਾਰਤੀ ਨਾਗਰਿਕ ਮੰਨਿਆ ਜਾਵੇਗਾ ਜੇਕਰ ਉਹ-

26 ਜਨਵਰੀ 1950 ਤੋਂ ਲੈ ਕੇ 1 ਜੁਲਾਈ 1986 ਤੋਂ ਪਹਿਲਾਂ ਪੈਦਾ ਹੋਇਆ ਹੋਵੇ, ਜਾਂ 1 ਜੁਲਾਈ 1987 ਤੋਂ ਲੈ ਕੇ ਅਤੇ ਨਾਗਰਿਕਤਾ ਸੋਧ ਐਕਟ, 2003 ਦੇ ਲਾਗੂ ਹੋਣ ਤੋਂ ਪਹਿਲਾਂ ਭਾਰਤ ਵਿੱਚ ਪੈਦਾ ਹੋਇਆ ਹੋਵੇ ਅਤੇ ਮਾਪਿਆਂ ਵਿੱਚੋਂ ਕੋਈ ਇੱਕ ਭਾਰਤੀ ਨਾਗਰਿਕ ਹੈ।

ਜਾਂ, ਉਹ ਵਿਅਕਤੀ ਜੋ ਨਾਗਰਿਕਤਾ ਸੋਧ ਐਕਟ, 2003 ਦੇ ਲਾਗੂ ਹੋਣ ਵਾਲੀ ਤਰੀਕ ਜਾਂ ਉਸ ਤੋਂ ਬਾਅਦ ਭਾਰਤ ਵਿੱਚ ਪੈਦਾ ਹੋਇਆ ਹੋਵੇ ਜਿਸ ਦੇ ਮਾਪੇ ਭਾਰਤੀ ਨਾਗਰਿਕ ਹਨ ਜਾਂ ਜਿਨ੍ਹਾਂ ਦੇ ਮਾਪਿਆਂ ਵਿੱਚੋਂ ਇੱਕ ਭਾਰਤੀ ਨਾਗਰਿਕ ਹੈ ਪਰ ਦੂਜਾ ਗ਼ੈਰ-ਕਾਨੂੰਨੀ ਪਰਵਾਸੀ ਨਾ ਹੋਵੇ।

ਵੰਸ਼ ਦੇ ਆਧਾਰ ʼਤੇ

ਭਾਰਤ ਤੋਂ ਬਾਹਰ ਪੈਦਾ ਹੋਇਆ ਵਿਅਕਤੀ ਵੀ ਭਾਰਤੀ ਨਾਗਰਿਕਤਾ ਦਾ ਦਾਅਵਾ ਕਰ ਸਕਦਾ ਹੈ, ਬਸ਼ਰਤੇ ਉਸ ਦੇ ਜਨਮ ਸਮੇਂ ਮਾਤਾ-ਪਿਤਾ ਵਿੱਚੋਂ ਕੋਈ ਇੱਕ ਭਾਰਤੀ ਨਾਗਰਿਕ ਹੋਵੇ।

ਨਾਗਰਿਕਤਾ ਕਾਨੂੰਨ ਦੀ ਧਾਰਾ 4 ਵਿੱਚ ਦੱਸੀਆਂ ਸ਼ਰਤਾਂ ਅਨੁਸਾਰ, ਜੇਕਰ:-

ਜਨਮ 26 ਜਨਵਰੀ, 1950 ਨੂੰ ਜਾਂ ਇਸ ਤੋਂ ਬਾਅਦ ਅਤੇ 10 ਦਸੰਬਰ, 1992 ਤੋਂ ਪਹਿਲਾਂ ਹੋਇਆ ਸੀ ਅਤੇ ਜਨਮ ਸਮੇਂ ਉਸ ਦੇ ਪਿਤਾ ਇੱਕ ਭਾਰਤੀ ਨਾਗਰਿਕ ਸਨ।

ਜਨਮ 10 ਦਸੰਬਰ, 1992 ਨੂੰ ਜਾਂ ਇਸ ਤੋਂ ਬਾਅਦ ਹੋਇਆ ਸੀ ਅਤੇ ਜਨਮ ਸਮੇਂ ਮਾਪਿਆਂ ਵਿੱਚੋਂ ਇੱਕ ਇੱਕ ਭਾਰਤੀ ਨਾਗਰਿਕ ਸੀ।

3 ਦਸੰਬਰ, 2004 ਤੋਂ ਬਾਅਦ ਭਾਰਤ ਤੋਂ ਬਾਹਰ ਪੈਦਾ ਹੋਇਆ ਵਿਅਕਤੀ ਸਿਰਫ਼ ਵੰਸ਼ ਦੇ ਆਧਾਰ 'ਤੇ ਭਾਰਤੀ ਨਾਗਰਿਕਤਾ ਦਾ ਦਾਅਵਾ ਕਰ ਸਕਦਾ ਹੈ ਜੇਕਰ ਉਹ ਆਪਣੇ ਜਨਮ ਦੇ ਇੱਕ ਸਾਲ ਦੇ ਅੰਦਰ ਭਾਰਤੀ ਦੂਤਾਵਾਸ ਵਿੱਚ ਰਜਿਸਟਰਡ ਹੋਇਆ ਹੈ। ਇੱਕ ਸਾਲ ਬਾਅਦ ਰਜਿਸਟ੍ਰੇਸ਼ਨ ਦੇ ਮਾਮਲੇ ਵਿੱਚ, ਭਾਰਤ ਸਰਕਾਰ ਦੀ ਸਹਿਮਤੀ ਲਾਜ਼ਮੀ ਹੈ।

ਰਜਿਟ੍ਰੇਸ਼ਨ ਨਾਲ ਵੀ ਮਿਲਦੀ ਹੈ ਨਾਗਰਿਕਤਾ

ਬਹੁਤ ਸਾਰੇ ਵਿਦੇਸ਼ੀ ਹਨ ਜੋ ਭਾਰਤੀ ਨਾਗਰਿਕਤਾ ਲੈਣਾ ਚਾਹੁੰਦੇ ਹਨ। ਇਹ ਲੋਕ ਨਾਗਰਿਕਤਾ ਕਾਨੂੰਨ ਦੀ ਧਾਰਾ 5 ਦੇ ਤਹਿਤ ਭਾਰਤੀ ਨਾਗਰਿਕਤਾ ਲਈ ਰਜਿਸਟਰ ਕਰ ਸਕਦੇ ਹਨ।

ਹਾਲਾਂਕਿ, ਉਨ੍ਹਾਂ ਲਈ ਕੁਝ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ। ਜੇਕਰ ਵਿਦੇਸ਼ੀ ਨਾਗਰਿਕ ਇਨ੍ਹਾਂ ਸ਼ਰਤਾਂ ਦੀ ਪਾਲਣਾ ਕਰਦੇ ਹਨ, ਤਾਂ ਉਹ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹਨ।

ਜੇਕਰ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ, ਤਾਂ ਵਿਅਕਤੀ ਨੂੰ ਪਿਛਲੇ ਦੇਸ਼ ਦੀ ਨਾਗਰਿਕਤਾ ਛੱਡਣੀ ਪਵੇਗੀ।

ਨੈਚੁਰਲਾਈਜ਼ੇਸ਼ਨ ਕੀ ਹੈ ਜਿਸ ਦੇ ਅਧਾਰ 'ਤੇ ਨਾਗਰਿਕਤਾ ਮਿਲ ਸਕਦੀ ਹੈ

ਇਸ ਤਜਵੀਜ਼ ਵਿੱਚ ਕਿਹਾ ਗਿਆ ਹੈ ਕਿ ਉਹ ਲੋਕ ਜੋ ਕਈ ਸਾਲਾਂ ਤੋਂ ਦੇਸ਼ ਵਿੱਚ ਰਹਿ ਰਹੇ ਹਨ, ਉਹ ਵੀ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹਨ।

ਇਸ ਲਈ, ਉਨ੍ਹਾਂ ਨੂੰ ਨਾਗਰਿਕਤਾ ਐਕਟ ਦੀ ਧਾਰਾ 6 ਵਿੱਚ ਦੱਸੇ ਗਏ ਨਿਯਮਾਂ ਅਨੁਸਾਰ ਫਾਰਮ ਭਰ ਕੇ ਅਰਜ਼ੀ ਦੇਣੀ ਪਵੇਗੀ। ਕੁਝ ਸ਼ਰਤਾਂ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਪਵੇਗਾ।

ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲਦੀ ਹੈ।

ਭਾਰਤ ਦਾ ਹਿੱਸਾ ਬਣਨ ਵਾਲੇ ਨਵੇਂ ਇਲਾਕਿਆਂ ਦੇ ਲੋਕਾਂ ਦਾ ਕੀ?

ਨਾਗਰਿਕਤਾ ਕਾਨੂੰਨ ਦੀ ਧਾਰਾ 7 ਕਹਿੰਦੀ ਹੈ ਕਿ ਜੇਕਰ ਕੋਈ ਵਿਦੇਸ਼ੀ ਖੇਤਰ ਭਾਰਤ ਦਾ ਹਿੱਸਾ ਬਣ ਜਾਂਦਾ ਹੈ, ਤਾਂ ਉਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਾਰਤ ਦਾ ਨਾਗਰਿਕ ਬਣਾਇਆ ਜਾ ਸਕਦਾ ਹੈ।

ਇਸ ਲਈ, ਇੱਕ ਢੁੱਕਵੀਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ।

ਭਾਰਤ ਸਰਕਾਰ ਇੱਕ ਅਧਿਕਾਰਤ ਗਜ਼ਟ ਐਲਾਨ ਕਰਦੀ ਹੈ, ਜਿਸ ਵਿੱਚ ਉਸ ਖੇਤਰ ਨਾਲ ਜੁੜੇ ਸਾਰੇ ਲੋਕਾਂ ਦੇ ਨਾਮ ਹੁੰਦੇ ਹਨ, ਜਿਨ੍ਹਾਂ ਨੂੰ ਭਾਰਤੀ ਨਾਗਰਿਕਾਂ ਦਾ ਦਰਜਾ ਦਿੱਤਾ ਗਿਆ ਹੈ।

ਅਤੇ ਇਸ ਤਰ੍ਹਾਂ, ਉਨ੍ਹਾਂ ਨੂੰ ਗਜ਼ਟ ਵਿੱਚ ਦੱਸੀ ਗਈ ਮਿਤੀ ਤੋਂ ਭਾਰਤੀ ਨਾਗਰਿਕਾਂ ਦਾ ਦਰਜਾ ਮਿਲਦਾ ਹੈ।

ਨਾਗਰਿਕਤਾ ਦਾ ਸਬੂਤ ਕੀ ਹੈ?

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਵਿਵੇਕ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤ ਵਿੱਚ ਨਾਗਰਿਕਤਾ ਸਾਬਤ ਕਰਨ ਲਈ ਅਧਿਕਾਰਤ ਤੌਰ ਉੱਤੇ ਕੋਈ ਦਸਤਾਵੇਜ਼ ਨਹੀਂ ਦਿੱਤਾ ਜਾਂਦਾ।

ਸੰਵਿਧਾਨ ਕਹਿੰਦਾ ਹੈ ਕਿ ਭਾਰਤ ਵਿੱਚ ਪੈਦਾ ਹੋਇਆ ਵਿਅਕਤੀ ਭਾਰਤੀ ਨਾਗਰਿਕ ਹੈ। ਭਾਰਤ ਵਿੱਚ ਪੈਦਾ ਹੋਏ ਬੱਚਿਆਂ ਜਾਂ ਉਨ੍ਹਾਂ ਦੇ ਵੰਸ਼ਜਾਂ ਨੂੰ ਵੀ ਭਾਰਤੀ ਨਾਗਰਿਕ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ, ਭਾਰਤ ਵਿੱਚ ਪੈਦਾ ਹੋਏ ਵਿਅਕਤੀ ਜੋ ਹੁਣ ਬਾਹਰ ਰਹਿ ਰਿਹਾ ਹੈ, ਉਸ ਨੂੰ ਵੀ ਭਾਰਤੀ ਨਾਗਰਿਕਤਾ ਦੇਣ ਦਾ ਪ੍ਰਬੰਧ ਹੈ।

ਭਾਰਤ ਵਿੱਚ ਪੈਦਾ ਹੋਏ ਲੋਕ ਬਰਥ ਸਰਟੀਫਿਕੇਟ ਦਿਖਾ ਕੇ ਸਾਬਤ ਕਰ ਸਕਦੇ ਹਨ ਕਿ ਉਹ ਭਾਰਤ ਵਿੱਚ ਪੈਦਾ ਹੋਏ ਸਨ, ਇਸ ਲਿਹਾਜ਼ ਵਿੱਚ ਉਹ ਭਾਰਤ ਦੇ ਨਾਗਰਿਕ ਹਨ।

ਜਨਮ ਸਰਟੀਫਿਕੇਟ ਗ੍ਰਾਮ ਪੰਚਾਇਤ, ਨਗਰ ਪਾਲਿਕਾ ਜਾਂ ਨਗਰ ਨਿਗਮ ਦੁਆਰਾ ਜਾਰੀ ਕੀਤਾ ਜਾਂਦਾ ਹੈ। ਜੇਕਰ ਤੁਹਾਡੇ ਕੋਲ ਜਨਮ ਸਰਟੀਫਿਕੇਟ ਨਹੀਂ ਹੈ, ਤਾਂ ਤੁਸੀਂ ਅਰਜ਼ੀ ਦੇ ਸਕਦੇ ਹੋ ਅਤੇ ਇਸਨੂੰ ਬਣਵਾ ਸਕਦੇ ਹੋ। ਇਸ ਲਈ ਇੱਕ ਫਾਰਮ ਭਰਨਾ ਪਵੇਗਾ।

ਫਾਰਮ ਨੂੰ ਔਨਲਾਈਨ/ਆਫਲਾਈਨ ਦੋਵੇਂ ਤਰ੍ਹਾਂ ਭਰਿਆ ਅਤੇ ਜਮ੍ਹਾ ਕੀਤਾ ਜਾ ਸਕਦਾ ਹੈ। ਔਨਲਾਈਨ ਫਾਰਮ ਵੈੱਬਸਾਈਟ dc.crsorgi.gov.in/crs 'ਤੇ ਵੀ ਉਪਲਬਧ ਹੋਵੇਗਾ। ਇਸਨੂੰ ਭਰਨ ਤੋਂ ਬਾਅਦ, ਇਸਨੂੰ ਨਜ਼ਦੀਕੀ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਦਫ਼ਤਰ ਨੂੰ ਦੇਣਾ ਪਵੇਗਾ।

ਤੁਸੀਂ ਅਧਿਕਾਰਤ ਜਨਮ ਰਜਿਸਟ੍ਰੇਸ਼ਨ ਪੋਰਟਲ 'ਤੇ ਜਨਮ ਸਰਟੀਫਿਕੇਟ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ, ਤੁਹਾਨੂੰ ਜਨਮ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।

ਜਨਮ ਸਰਟੀਫਿਕੇਟ ਵਿੱਚ ਜਨਮ ਸਥਾਨ ਹੁੰਦਾ ਹੈ। ਜੋ ਜਨਮ ਦੇ ਅਧਾਰ 'ਤੇ ਭਾਰਤੀ ਨਾਗਰਿਕਤਾ ਦੀ ਸ਼ਰਤ ਨੂੰ ਪੂਰਾ ਕਰਦਾ ਹੈ।

ਇਸ ਦੇ ਨਾਲ ਹੀ, ਉਨ੍ਹਾਂ ਲੋਕਾਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਜੋ ਰਜਿਸਟ੍ਰੇਸ਼ਨ (ਧਾਰਾ 5) ਅਤੇ ਨੈਚੁਰਲਾਈਜ਼ੇਸ਼ਨ (ਧਾਰਾ 6) ਦੇ ਤਹਿਤ ਭਾਰਤੀ ਨਾਗਰਿਕ ਬਣਦੇ ਹਨ। ਇਨ੍ਹਾਂ 'ਤੇ ਭਾਰਤ ਸਰਕਾਰ ਦੇ ਅੰਡਰ ਸੈਕਟਰੀ ਜਾਂ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀ ਦੁਆਰਾ ਦਸਤਖ਼ਤ ਕੀਤੇ ਜਾਂਦੇ ਹਨ।

ਇਹ ਸਰਟੀਫਿਕੇਟ ਉਨ੍ਹਾਂ ਲਈ ਭਾਰਤੀ ਨਾਗਰਿਕਤਾ ਦੇ ਸਬੂਤ ਵਜੋਂ ਕੰਮ ਕਰਦੇ ਹਨ।

ਫਿਰ ਸਵਾਲ ਉੱਠਦਾ ਹੈ, ਜੇਕਰ ਇਹ ਨਾਗਰਿਕਤਾ ਦਾ ਸਬੂਤ ਹੈ, ਤਾਂ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈਡੀ ਅਤੇ ਰਾਸ਼ਨ ਕਾਰਡ ਕੀ ਹਨ।

ਕੀ ਸਾਨੂੰ ਇਨ੍ਹਾਂ ਤੋਂ ਬਿਨਾਂ ਵੀ ਭਾਰਤੀ ਨਾਗਰਿਕ ਮੰਨਿਆ ਜਾਵੇਗਾ? ਹਾਂ। ਸਰਕਾਰ ਇਨ੍ਹਾਂ ਵਿੱਚੋਂ ਕਿਸੇ ਵੀ ਦਸਤਾਵੇਜ਼ ਨੂੰ ਨਾਗਰਿਕਤਾ ਸਰਟੀਫਿਕੇਟ ਵਜੋਂ ਅਧਿਕਾਰਤ ਤੌਰ 'ਤੇ ਸਵੀਕਾਰ ਨਹੀਂ ਕਰਦੀ ਹੈ।

ਇਹ ਸਾਰੇ ਦਸਤਾਵੇਜ਼ ਪਛਾਣ ਪੱਤਰ ਜਾਂ ਰਿਹਾਇਸ਼ ਦੇ ਸਬੂਤ ਵਜੋਂ ਜਾਂ ਸਹੂਲਤਾਂ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ। ਇਹ ਤੁਹਾਡੀ ਨਾਗਰਿਕਤਾ ਨਿਰਧਾਰਤ ਨਹੀਂ ਕਰਦੇ ਹਨ।

ਨਾ ਤਾਂ ਤੁਹਾਨੂੰ ਇਨ੍ਹਾਂ ਦਸਤਾਵੇਜ਼ਾਂ ਰਾਹੀਂ ਨਾਗਰਿਕਤਾ ਦਿੱਤੀ ਜਾ ਸਕਦੀ ਹੈ ਅਤੇ ਨਾ ਹੀ ਇਨ੍ਹਾਂ ਕਾਗਜ਼ਾਂ ਦੀ ਅਣਹੋਂਦ ਵਿੱਚ ਇਹ ਤੁਹਾਡੇ ਤੋਂ ਖੋਹੀ ਜਾ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)