ਪੰਜਾਬੀ ਡਰਾਈਵਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕੀ ਟਰੱਕਿੰਗ ਇੰਡਸਟਰੀ 'ਚ ਕੀ ਪੰਜਾਬੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ

    • ਲੇਖਕ, ਸਰਬਜੀਤ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਮੌਜੂਦਾ ਸਮੇਂ ਟਰੱਕਿੰਗ ਕਾਰੋਬਾਰ ਲਈ ਸਥਿਤੀ ਥੋੜ੍ਹੀ ਨਾਜ਼ੁਕ ਹੋ ਗਈ ਹੈ ਅਤੇ ਇਸ ਨਾਲ ਪੂਰੀ ਇੰਡਸਟਰੀ ਉੱਤੇ ਅਸਰ ਪੈ ਸਕਦਾ ਹੈ।"

ਇਹ ਗੱਲਾਂ ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਹਿਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਹੀਆਂ।

ਬੀਤੇ ਦਿਨੀਂ ਅਮਰੀਕਾ ਵਿੱਚ ਹੋਏ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕਾ ਵਿੱਚ ਪਰਵਾਸੀ ਟਰੱਕ ਡਰਾਈਵਰਾਂ ਬਾਰੇ ਖੂਬ ਬਿਆਨਬਾਜ਼ੀਆਂ ਹੋ ਰਹੀਆਂ ਹਨ।

ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਜਿਸ ਵਿੱਚ ਹਰਜਿੰਦਰ 'ਇੱਕ ਥਾਂ ਤੋਂ ਯੂ ਟਰਨ ਲੈ ਰਹੇ ਹਨ'।

ਇਸੇ ਦੌਰਾਨ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਮਿੰਨੀ ਵੈਨ ਟਰੱਕ ਵਿੱਚ ਆ ਵੱਜੀ। ਇਸ ਹਾਦਸੇ ਵਿੱਚ ਵੈਨ ਵਿੱਚ ਸਵਾਰ 3 ਜਣਿਆਂ ਦੀ ਮੌਤ ਹੋ ਗਈ।

ਅਮਰੀਕੀ ਸਰਕਾਰ ਮੁਤਾਬਕ 28 ਸਾਲਾ ਹਰਜਿੰਦਰ ਗ਼ੈਰ-ਕਾਨੂੰਨੀ ਤਰੀਕੇ 2018 ਵਿੱਚ ਅਮਰੀਕਾ ਪਹੁੰਚੇ ਸਨ।

ਇਸ ਹਾਦਸੇ ਤੋਂ ਕੁਝ ਦਿਨਾਂ ਬਾਅਦ ਹੀ ਅਮਰੀਕੀ ਸਰਕਾਰ ਨੇ ਕਮਰਸ਼ੀਅਲ ਡਰਾਈਵਰਾਂ ਨੂੰ ਨਵੇਂ ਵਰਕਰ ਵੀਜ਼ੇ ਦੇਣ ਉੱਤੇ ਰੋਕ ਲਗਾ ਦਿੱਤੀ।

ਪੰਜਾਬੀ ਟਰੱਕ ਡਰਾਈਵਰਾਂ ਉੱਤੇ ਅਸਰ

ਸਤਨਾਮ ਸਿੰਘ ਚਹਿਲ ਨੇ ਦੱਸਿਆ ਕਿ 12 ਅਗਸਤ ਦੀ ਘਟਨਾ ਤੋਂ ਬਾਅਦ ਡਰ ਕਰਕੇ ਕਈ ਟਰੱਕ ਡਰਾਈਵਰਾਂ ਨੇ ਰੂਟ ਉੱਤੇ ਜਾਣਾ ਬੰਦਾ ਕਰ ਦਿੱਤਾ ਹੈ।

ਉਨ੍ਹਾਂ ਮੁਤਾਬਕ, "ਅਮਰੀਕਾ ਵਿੱਚ ਰੋਜ਼ਾਨਾ ਹਾਦਸੇ ਹੁੰਦੇ ਹਨ,ਪਰ ਜਿਸ ਤਰੀਕੇ ਨਾਲ ਹਰਜਿੰਦਰ ਸਿੰਘ ਦੇ ਕੇਸ ਨੂੰ ਪ੍ਰਚਾਰਿਆ ਗਿਆ ਹੈ, ਉਹ ਚਿੰਤਾਜਨਕ ਹੈ।

ਉਨ੍ਹਾਂ ਕਿਹਾ, "ਹਰਜਿੰਦਰ ਸਿੰਘ ਨੇ ਗਲਤੀ ਕੀਤੀ ਹੈ ਅਤੇ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਵੀ ਮਿਲਣੀ ਚਾਹੀਦੀ ਹੈ, ਪਰ ਇੱਕ ਸਿੱਖ ਹੋਣ ਕਰ ਕੇ ਸਜ਼ਾ ਨਾ ਦਿੱਤੀ ਜਾਵੇ।"

ਪਿਛਲੇ ਦਿਨੀਂ ਨਾਪਾ ਨੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਹਰਜਿੰਦਰ ਸਿੰਘ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ।

ਉੱਧਰ ਹਰਜਿੰਦਰ ਸਿੰਘ ਦੇ ਕੇਸ ਤੋਂ ਬਾਅਦ ਅਮਰੀਕਾ ਵਿੱਚ ਟਰਾਂਸਪੋਰਟ ਦੇ ਕਿੱਤੇ ਨਾਲ ਜੁੜੇ ਲੋਕ ਮੰਨਦੇ ਹਨ, ਮੌਜੂਦਾ ਘਟਨਾ ਦਾ ਇਸ ਇੰਡਸਟਰੀ ਉੱਤੇ ਕਾਫ਼ੀ ਅਸਰ ਪੈ ਰਿਹਾ ਹੈ।

ਅਮਰੀਕਾ ਦੇ ਪੈਨਸਲਵੇਨੀਆ ਵਿਖੇ ਟਰਾਂਸਪੋਰਟ ਦੇ ਕਿੱਤੇ ਨਾਲ ਜੁੜੇ ਅਮਨਦੀਪ ਸਿੰਘ ਨੇ ਦੱਸਿਆ, "ਘਟਨਾ ਤੋਂ ਬਾਅਦ ਟਰਾਂਸਪੋਰਟ ਦੇ ਕਿੱਤੇ ਨਾਲ ਜੁੜੇ ਲੋਕ ਫ਼ਿਲਹਾਲ ਥੋੜ੍ਹੇ ਸਹਿਮੇ ਹੋਏ ਹਨ।"

ਉਨ੍ਹਾਂ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਅਮਰੀਕਾ ਵਿੱਚ ਖ਼ਤਰਨਾਕ ਕਿੱਤਿਆਂ ਵਿੱਚ ਟਰੱਕ ਡਰਾਈਵਿੰਗ ਦਾ ਕਿੱਤਾ ਵੀ ਆਉਂਦਾ ਹੈ ਪਰ ਇਸ ਤੋਂ ਕਮਾਈ ਚੰਗੀ ਹੁੰਦੀ ਹੈ ਅਤੇ ਇਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਨੌਜਵਾਨ ਇਹ ਕਿੱਤਾ ਅਪਣਾਉਂਦੇ ਹਨ।

ਉਨ੍ਹਾਂ ਕਿਹਾ, "ਪਿਛਲੇ ਸਮੇਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਨੌਜਵਾਨ ਮੈਕਸੀਕੋ ਸਰਹੱਦ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਆਏ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਹਨ।"

ਉਨ੍ਹਾਂ ਆਖਿਆ, "ਵੱਖ-ਵੱਖ ਸੂਬਿਆਂ ਵਿੱਚ ਟਰੱਕ ਡਰਾਈਵਰਾਂ ਦੇ ਲਾਇਸੰਸਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਡਰਾਈਵਰਾਂ ਲਈ ਆਉਣ ਵਾਲੇ ਦਿਨ ਔਖੇ ਸਾਬਤ ਹੋ ਸਕਦੇ ਹਨ।"

ਅਮਰੀਕਾ ਵਿੱਚ ਕਿੰਨੀ ਵੱਡੀ ਹੈ ਟਰੱਕਿੰਗ ਇੰਡਸਟਰੀ

ਹਰੇਕ ਮੁਲਕ ਵਾਂਗ ਹੀ ਅਮਰੀਕਾ ਵਿੱਚ ਟਰੱਕਿੰਗ ਇੰਡਸਟਰੀ ਰੀੜ੍ਹ ਦੀ ਹੱਡੀ ਵਰਗੀ ਹੈ।

ਅਮਰੀਕਾ ਦਾ ਵੱਡਾ ਆਕਾਰ ਅਤੇ ਇਸ ਦੀਆਂ ਕੈਨੇਡਾ ਅਤੇ ਮੈਕਸੀਕੋ ਨਾਲ ਜੁੜੀਆਂ ਸਪਲਾਈ ਚੇਨਜ਼ ਸਣੇ ਹੋਰ ਕਾਰਨ ਟਰੱਕਿੰਗ ਇੰਡਸਟਰੀ ਨੂੰ ਇੱਕ ਅਤਿ-ਲੋੜੀਂਦਾ ਕਿੱਤਾ ਬਣਾਉਂਦੇ ਹਨ।

ਇਹ ਟਰੱਕ-ਟਰੇਲਰ ਅਮਰੀਕਾ ਦੇ ਗੁਆਂਢੀ ਮੁਲਕਾਂ ਤੋਂ ਇਲਾਵਾ ਅਮਰੀਕਾ ਦੇ ਵਿੱਚ ਹੀ 50 ਸਟੇਟਾਂ ਵਿੱਚ ਫੈਲੇ ਸੜਕੀ ਜਾਲ ਉੱਤੇ ਸਮਾਨ ਦੀ ਢੋਆ-ਢੁਆਈ ਕਰਦੇ ਹਨ।

ਅਮਰੀਕੀ ਸਰਕਾਰ ਦੇ ਡਾਟਾ ਮੁਤਾਬਕ ਟਰੱਕਿੰਗ ਨੇ ਸਾਲ 2023 ਵਿੱਚ ਅਮਰੀਕੀ ਜੀਡੀਪੀ ਵਿੱਚ 611.5 ਬਿਲੀਅਨ ਡਾਲਰ ਦੀ ਹਿੱਸੇਦਾਰੀ ਪਾਈ ਜੋ ਕਿ ਬਾਕੀ ਢੋਆ-ਢਆਈ ਦੇ ਸਾਧਨਾਂ(ਰੇਲ, ਜਹਾਜ਼ਾਂ) ਨਾਲੋਂ ਵੱਧ ਸੀ।

'ਅਮਰੀਕੀ ਬਿਊਰੋ ਆਫ ਲੇਬਰ ਸਟੈਟਿਸਟਿਕਸ' ਦੇ ਮੁਤਾਬਕ ਮਈ 2023 ਵਿੱਚ 20 ਲੱਖ 44 ਹਜ਼ਾਰ 400 ਜਣੇ 'ਹੈਵੀ ਅਤੇ ਟਰੈਕਟਰ ਟ੍ਰੇਲਰ' ਚਲਾਉਂਦੇ ਸਨ।

ਉੱਥੇ ਹੀ ਲਾਈਟ ਟਰੱਕ ਡਰਾਈਵਰਾਂ ਦੀ ਗਿਣਤੀ 10 ਲੱਖ ਤੋਂ ਵੱਧ ਹੈ।

ਅਮਰੀਕੀ ਸਰਕਾਰ ਦੀ ਮਰਦਮਸ਼ੁ੍ਮਾਰੀ ਬਾਰੇ ਵੈੱਬਸਾਈਟ ਮੁਤਾਬਕ ਖੁਦ ਨੂੰ ਟਰੱਕ ਡਰਾਈਵਰਾਂ ਵਜੋਂ ਦਰਜ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ 35 ਲੱਖ ਤੋਂ ਵੱਧ ਹੈ।

ਅਮਰੀਕਾ ਵਿੱਚ ਇਸ ਕਿੱਤੇ ਵਿੱਚ ਸਿਰਫ਼ 10 ਫੀਸਦੀ ਤੋਂ ਵੀ ਘੱਟ ਔਰਤਾਂ ਸ਼ਾਮਲ ਹਨ।

ਇਸ ਖੇਤਰ ਵਿੱਚ ਅਮਰੀਕੀ ਵ੍ਹਾਈਟਸ, ਹਿਸਪੈਨਿਕ(ਦੱਖਣ ਅਮਰੀਕੀ), ਸਿਆਹਫਾਮ ਅਤੇ ਏਸ਼ੀਆਈ ਕੌਮੀਅਤਾਂ ਦੇ ਲੋਕ ਸ਼ਾਮਲ ਹਨ।

ਅਮਰੀਕੀ ਟਰੱਕ ਡਰਾਈਵਰ ਕਿੰਨਾ ਕਮਾਉਂਦੇ ਹਨ

'ਅਮਰੀਕੀ ਬਿਊਰੋ ਆਫ ਲੇਬਰ ਸਟੈਟਿਸਟਿਕਸ' ਮੁਤਾਬਕ ਹੈਵੀ ਅਤੇ ਟਰੈਕਟਰ ਟ੍ਰੇਲਰ ਡਰਾਈਵਰ ਦੀ ਔਸਤ ਸਾਲਾਨਾ ਆਮਦਨ 55 ਹਜ਼ਾਰ 990 ਡਾਲਰ ਹੈ ਜਦਕਿ ਪ੍ਰਤੀ ਘੰਟਾ ਰੇਟ 26.92 ਡਾਲਰ ਦੇ ਕਰੀਬ ਹੈ।

ਲਾਈਟ ਟਰੱਕ ਡਰਾਈਵਰਾਂ ਦੀ ਔਸਤ ਸਲਾਨਾ ਆਮਦਨ 46 ਹਜ਼ਾਰ 90 ਡਾਲਰ ਹੈ ਜਦਕਿ ਪ੍ਰਤੀ ਘੰਟਾ ਰੇਟ 22.16 ਡਾਲਰ ਦੇ ਕਰੀਬ ਹੈ।

ਟੈਕਸਸ, ਕੈਲੀਫੋਰਨੀਆ ਅਤੇ ਫਲੋਰਿਡਾ ਸੂਬਿਆਂ ਵਿੱਚ ਸਭ ਤੋਂ ਵੱਧ ਟਰੱਕ ਡਰਾਈਵਰ ਹਨ।

ਅਮਰੀਕਾ ਵਿੱਚ ਕਿੰਨੇ ਟਰੱਕ ਹਨ

'ਅਮੈਰਿਕਨ ਟਰੱਕਿੰਗ ਐਸੋਸੀਏਸ਼ਨਜ਼' ਦੇ ਮੁਤਾਬਕ ਅਮਰੀਕਾ ਵਿੱਚ ਸਾਲ 2022 ਵਿੱਚ 14.33 ਮਿਲਿਅਨ (1 ਕਰੋੜ 40 ਲੱਖ) 6 ਤੋਂ ਵੱਧ ਟਾਇਰਾਂ ਵਾਲੇ ਟਰੱਕ ਰਜਿਸਟਰਡ ਸਨ।

ਅਮਰੀਕਾ ਵਿੱਚ ਟਰੱਕ ਡਰਾਇਵਿੰਗ ਇੱਕ ਮਾਣ ਵਾਲਾ ਕਿੱਤਾ ਮੰਨਿਆ ਜਾਂਦਾ ਹੈ, ਇਸ ਖੇਤਰ ਵਿੱਚ ਛੋਟੇ ਪੱਧਰ ਉੱਤੇ ਟਰੱਕਿੰਗ ਕੰਪਨੀਆਂ ਚਲਾਉਣ ਵਾਲਿਆਂ ਦਾ ਬੋਲਬਾਲਾ ਹੈ।

ਅਮਰੀਕਾ ਦੇ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਮੁਤਾਬਕ ਮਾਰਚ 2024 ਵਿੱਚ ਅਮਰੀਕਾ ਵਿੱਚ 5,77,000 'ਐਕਟਿਵ ਮੋਟਰ ਕੈਰੀਅਰ' ਭਾਵ ਟਰੱਕ ਕੰਪਨੀਆਂ ਰਜਿਸਟਰਡ ਹਨ।

ਇਨ੍ਹਾਂ ਵਿੱਚ 95.5 ਫੀਸਦੀ ਕੈਰੀਅਰ ਅਜਿਹੇ ਹਨ ਜਿਨ੍ਹਾਂ ਕੋਲ 10 ਤੋਂ ਘੱਟ ਟਰੱਕ ਹਨ।

ਟਰੰਪ ਦਾ ਟਰੱਕਿੰਗ ਖੇਤਰ ਬਾਰੇ ਕੀ ਹੈ ਏਜੰਡਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਇਸ ਖੇਤਰ ਵਿੱਚ ਅਮਰੀਕੀ ਟਰੱਕ ਡਰਾਈਵਰਾਂ ਦਾ ਸਮਰਥਨ ਕਰਦੇ ਹਨ।

ਉਨ੍ਹਾਂ ਵੱਲੋਂ ਅਪ੍ਰੈਲ 2025 ਨੂੰ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਗਿਆ। ਇਸ ਵਿੱਚ ਉਨ੍ਹਾਂ ਨੇ ਅਮਰੀਕਾ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਜ਼ਰੂਰੀ ਬਣਾਇਆ।

ਇਸ ਤੋਂ ਇਲਾਵਾ ਇਹ ਵੀ ਹੁਕਮ ਦਿੱਤਾ ਗਿਆ ਕਿ ਅਜਿਹੇ ਕਮਰਸ਼ੀਅਲ ਡਰਾਈਵਰ ਜੋ ਕਿ ਅਮਰੀਕੀ ਨਾਗਰਿਕ ਨਹੀਂ ਹਨ ਉਨ੍ਹਾਂ ਦੇ ਲਾਇਸੰਸਾਂ ਦਾ ਨਿਰੀਖਣ ਕੀਤਾ ਜਾਵੇ।

ਇਸ ਵਿੱਚ ਅੱਗੇ ਕਿਹਾ ਗਿਆ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਭਾਸ਼ਾ ਬਾਰੇ ਇਹ ਨਿਯਮ ਨਾ ਪੂਰਾ ਹੋਣ ਉੱਤੇ ਡਰਾਈਵਰ ਨੂੰ ਕਿੱਤੇ ਤੋਂ ਬਾਹਰ(ਆਊਟ ਆਫ ਸਰਵਿਸ) ਕੀਤਾ ਜਾਵੇ, ਇਸ ਨੂੰ ਲਾਗੂ ਨਾ ਕੀਤੇ ਜਾਣ ਕਰਕੇ ਅਮਰੀਕੀ ਸੜਕਾਂ ਘੱਟ ਸੁਰੱਖਿਅਤ ਹੋ ਗਈਆਂ ਹਨ।

ਟਰੰਪ ਦੇ ਇਸ ਹੁਕਮ ਤੋਂ ਬਾਅਦ ਜੂਨ 2025 ਵਿੱਚ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਸਕੱਤਰ ਸ਼ੌਨ ਪੀ ਡਫੀ ਨੇ ਕਿਹਾ, "ਪਿਛਲੇ ਪ੍ਰਸ਼ਾਸਨ ਦੀਆਂ ਓਪਨ ਬਾਰਡਰ ਨੀਤੀਆਂ ਨੇ ਲੱਖਾਂ ਲੋਕਾਂ ਨੂੰ ਸਾਡੇ ਮੁਲਕ ਵਿੱਚ ਆਉਣ ਦਿੱਤਾ, ਇਸ ਮਗਰੋਂ ਗੰਭੀਰ ਇਲਜ਼ਾਮ ਉੱਠੇ ਹਨ ਕਿ ਟਰੱਕਿੰਗ ਲਾਇਸੈਂਸ ਸਿਸਟਮ ਦਾ ਨਜਾਇਜ਼ ਤਰੀਕੇ ਫਾਇਦਾ ਚੁੱਕਿਆ ਜਾ ਰਿਹਾ ਹੈ।"

ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ ਨੇ 20 ਅਗਸਤ ਵਿੱਚ ਆਪਣੇ ਟਵੀਟ ਵਿੱਚ ਲਿਖਿਆ ਕਿ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਅੰਗਰੇਜ਼ੀ ਦਾ ਟੈਸਟ ਪਾਸ ਨਹੀਂ ਕਰ ਸਕਿਆ ਸੀ।

ਟਰੰਪ ਸਰਕਾਰ ਦੇ ਫ਼ੈਸਲਿਆਂ ਦਾ ਕੀ ਅਸਰ ਹੋਵੇਗਾ

ਅਮਰੀਕੀ ਸੈਕ੍ਰੇਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਇਹ ਵੀ ਕਿਹਾ ਕਿ ਵਿਦੇਸ਼ੀ ਲੋਕ ਅਮਰੀਕੀ ਟਰੱਕ ਡਰਾਈਵਰਾਂ ਕੋਲੋਂ ਉਨ੍ਹਾਂ ਦੇ ਰੁਜ਼ਗਾਰ ਖੋਹ ਰਹੇ ਹਨ ਅਤੇ ਸੜਕਾਂ ਨੂੰ ਘੱਟ ਸੁਰੱਖਿਅਤ ਬਣਾ ਰਹੇ ਹਨ।

ਅਮਰੀਕੀ ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਇਸ ਰੋਕ ਦਾ ਅਸਰ ਤਿੰਨ ਅਸਥਾਈ ਵੀਜ਼ਾ ਸ਼੍ਰੇਣੀਆਂ ਤਹਿਤ ਅਪਲਾਈ ਕਰਨ ਵਾਲੇ ਲੋਕਾਂ ਉੱਤੇ ਪਵੇਗਾ।

ਇਹ ਹਨ - ਐਚ-2ਬੀ, ਈ-2(ਜੋ ਅਮਰੀਕੀ ਵਪਾਰ ਵਿੱਚ ਨਿਵੇਸ਼ ਕਰਦੇ ਹਨ, ਈਬੀ-3 ਵੀਜ਼ਾ(ਹੁਨਰਮੰਦ ਕਾਮਿਆਂ ਲਈ)।

ਅਮਰੀਕਨ ਟਰੱਕਿੰਗ ਐਸੋਸੀਏਸ਼ਨ ਵੱਲੋਂ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਸੀ।

ਹਾਲਾਂਕਿ ਇਸ ਹਾਦਸੇ ਤੋਂ ਪਹਿਲਾਂ ਵੀ ਅਮਰੀਕੀ ਸਰਕਾਰ ਵੱਲੋਂ ਟਰੱਕਿੰਗ ਖੇਤਰ ਬਾਰੇ ਕਈ ਅਹਿਮ ਫ਼ੈਸਲੇ ਲਏ ਜਾ ਚੁੱਕੇ ਸਨ।

ਫਲੋਰਿਡਾ ਨੇ ਟਰੱਕ ਡਰਾਈਰਾਂ ਲਈ ਨਿਯਮ ਕੀਤੇ ਸਖ਼ਤ

ਫਲੋਰੀਡਾ ਦੇ ਅਟਾਰਨੀ ਜਨਰਲ ਜੇਮਜ਼ ਉਥਮੀਅਰ ਨੇ ਐਲਾਨ ਕੀਤਾ ਕਿ ਸੂਬੇ ਦੇ 23 ਨਿਰੀਖਣ ਸਟੇਸ਼ਨਾਂ (ਜਿਨ੍ਹਾਂ ਨੂੰ ਇੰਟਰਡਿਕਸ਼ਨ ਸਟੇਸ਼ਨ ਵੀ ਕਿਹਾ ਜਾਂਦਾ ਹੈ) ਨੂੰ ਸੰਘੀ ਇਮੀਗ੍ਰੇਸ਼ਨ ਚੈੱਕ ਪੁਆਇੰਟ ਵਜੋਂ ਵੀ ਵਰਤਿਆ ਜਾਵੇਗਾ।

ਸੀਬੀਐੱਸ ਨਿਊਜ਼ ਦੀ ਰਿਪੋਰਟ ਅਨੁਸਾਰ ਇਹ ਨੀਤੀ ਫਲੋਰੀਡਾ ਦੀਆਂ ਸੜਕਾਂ 'ਤੇ ਸੁਰੱਖਿਆ ਵਧਾਉਣ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਵੱਲੋਂ ਵਪਾਰਕ ਵਾਹਨ ਚਲਾਉਣ ਨੂੰ ਰੋਕਣ ਦੀ ਕੋਸ਼ਿਸ਼ ਹੈ।

ਟਰੱਕ ਡਰਾਈਵਰਾਂ ਦੀ ਸਖ਼ਤ ਜਾਂਚ

ਫਲੋਰੀਡਾ ਦੇ ਅਟਾਰਨੀ ਜਨਰਲ ਜੇਮਜ਼ ਉਥਮੀਅਰ ਮੁਤਾਬਕ "ਪੂਰੇ ਸੂਬੇ ਵਿੱਚ ਵੱਖ-ਵੱਖ ਥਾਵਾਂ ਉੱਤੇ ਇਮੀਗ੍ਰੇਸ਼ਨ ਚੈੱਕ ਪੁਆਇੰਟ ਸਥਾਪਤ ਕੀਤੇ ਗਏ ਹਨ ਜਿਸ ਦਾ ਮਕਸਦ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਪਾਰਕ ਵਾਹਨਾਂ (18-ਵ੍ਹੀਲਰ ਟਰੱਕ) ਨੂੰ ਚਲਾਉਣ ਤੋਂ ਰੋਕਣਾ ਹੈ, ਜੋ ਜਨਤਕ ਸੁਰੱਖਿਆ ਲਈ ਜੋਖ਼ਮ ਪੈਦਾ ਕਰ ਸਕਦੇ ਹਨ"।

ਚੈਕਿੰਗ ਦੌਰਾਨ ਕਮਰਸ਼ਲ ਟਰੱਕ ਡਰਾਈਵਰ ਦੇ ਕਾਗ਼ਜ਼ ਪੱਤਰ ਚੈੱਕ ਕਰਨ ਤੋਂ ਇਲਾਵਾ ਉਨ੍ਹਾਂ ਦਾ ਅੰਗਰੇਜ਼ੀ ਭਾਸ਼ਾ ਦਾ ਵੀ ਟੈੱਸਟ ਹੋਵੇਗਾ।

ਅਮਰੀਕਾ ਵਿੱਚ ਕਮਰਸ਼ਲ ਟਰੱਕ ਡਰਾਈਵਰ (ਸੀ.ਡੀ.ਐਲ) ਲਾਇਸੰਸ ਧਾਰਕਾਂ ਲਈ ਅੰਗਰੇਜ਼ੀ ਸਮਝਣ ਅਤੇ ਸੜਕ ਉੱਤੇ ਟਰੈਫ਼ਿਕ ਨਿਸ਼ਾਨਾਂ ਨੂੰ ਪੜ੍ਹਨਾ ਆਉਣਾ ਜ਼ਰੂਰੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)