ਟੋਮਾਹਾਕ ਕਰੂਜ਼ ਮਿਜ਼ਾਈਲਾਂ ਕਿੰਨੀ ਤਾਕਤਵਰ ਹਨ, ਕਿਵੇਂ ਇਹ ਜੰਗ ਦਾ ਰੁਖ਼ ਬਦਲ ਸਕਦੀਆਂ ਹਨ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਂਸਕੀ ਦੀ ਸ਼ੁੱਕਰਵਾਰ ਨੂੰ ਹੋ ਰਹੀ ਮੁਲਾਕਾਤ ਵਿੱਚ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਟੋਮਾਹਾਕ ਕਰੂਜ਼ ਮਿਜ਼ਾਈਲਾਂ ਮੁੱਖ ਚਰਚਾ ਦਾ ਵਿਸ਼ਾ ਬਣ ਸਕਦੀਆਂ ਹਨ।

ਟਰੰਪ ਨੇ ਹਾਲ ਹੀ ਵਿੱਚ ਸੰਕੇਤ ਦਿੱਤੇ ਹਨ ਕਿ ਉਹ ਜ਼ੇਲੇਂਸਕੀ ਦੀ ਪਹਿਲਾਂ ਕੀਤੀ ਗਈ ਮੰਗ 'ਤੇ ਸਹਿਮਤ ਹੋ ਸਕਦੇ ਹਨ ਜਿਸ ਵਿੱਚ ਕੀਵ ਨੂੰ ਉੱਚ ਤਕਨੀਕ ਵਾਲੇ ਹਥਿਆਰ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ।

ਵਲੋਦੀਮੀਰ ਜ਼ੇਲੇਂਸਕੀ ਲੰਮੇ ਸਮੇਂ ਤੋਂ ਰੂਸ ਖ਼ਿਲਾਫ਼ ਜਵਾਬੀ ਹਮਲੇ ਕਰਨ ਲਈ ਮਜ਼ਬੂਤ ਫੌਜੀ ਸਹਾਇਤਾ ਦੀ ਮੰਗ ਕਰਦੇ ਆ ਰਹੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਮੁਲਾਕਾਤ ਯੂਕਰੇਨ ਲਈ ਚੰਗੀ ਖ਼ਬਰ ਲਿਆ ਸਕਦੀ ਹੈ।

ਜਨਵਰੀ ਤੋਂ ਹੁਣ ਤੱਕ ਜ਼ੇਲੇਂਸਕੀ ਦੀ ਇਹ ਤੀਜੀ ਅਮਰੀਕੀ ਯਾਤਰਾ ਹੋਵੇਗੀ।

ਖ਼ਬਰਾਂ ਹਨ ਕਿ ਯੂਕਰੇਨ ਨੇ ਹਾਲ ਹੀ ਵਿੱਚ ਆਪਣੀ ਹੀ ਤਿਆਰ ਕੀਤੀ ਹੋਈ ਲੰਬੀ ਮਾਰ ਵਾਲੀ ਕਰੂਜ਼ ਮਿਜ਼ਾਈਲ "ਫਲੇਮਿੰਗੋ" ਤੈਨਾਤ ਕੀਤੀ ਹੈ, ਪਰ ਕੀਵ ਦਾ ਮੰਨਣਾ ਹੈ ਕਿ ਜੰਗ ਦੇ ਮੈਦਾਨ ਵਿੱਚ ਟੋਮਾਹਾਕ ਕਰੂਜ਼ ਮਿਜ਼ਾਈਲਾਂ ਹੀ ਰੂਸ ਖਿਲਾਫ਼ ਵੱਡੀ ਕਾਰਵਾਈ ਕਰ ਸਕਦੀਆਂ ਹਨ।

ਟੋਮਾਹਾਕ ਕਰੂਜ਼ ਮਿਜ਼ਾਈਲਾਂ ਹੀ ਕਿਉਂ ?

2022 ਵਿੱਚ ਰੂਸ ਦੇ ਜ਼ਬਰਦਸਤ ਹਮਲੇ ਤੋਂ ਬਾਅਦ, ਯੂਕਰੇਨ ਨੇ ਲੰਬੀ ਰੇਂਜ ਵਾਲੀਆਂ ਮਿਜ਼ਾਈਲਾਂ ਦੀ ਕਈ ਵਾਰ ਮੰਗ ਕੀਤੀ ਹੈ, ਕਿਉਂਕਿ ਯੂਕਰੇਨ ਦਾ ਮਕਸਦ ਰੂਸੀ ਸ਼ਹਿਰਾਂ ਅਤੇ ਫਰੰਟ ਲਾਈਨ ਤੋਂ ਦੂਰ ਟਾਰਗੇਟਾਂ 'ਤੇ ਹਮਲਾ ਕਰਨ ਦਾ ਹੈ।

ਮਾਸਕੋ ਨੇ ਪਹਿਲਾਂ ਵਾਸ਼ਿੰਗਟਨ ਨੂੰ ਚੇਤਾਵਨੀ ਦਿੱਤੀ ਸੀ ਕਿ ਕੀਵ ਨੂੰ ਲੰਬੀ ਰੇਂਜ ਵਾਲੀਆਂ ਮਿਜ਼ਾਈਲਾਂ ਦੇਣ ਨਾਲ ਯੁੱਧ ਵਿੱਚ ਵੱਡਾ ਵਾਧਾ ਹੋਵੇਗਾ ਅਤੇ ਅਮਰੀਕਾ-ਰੂਸ ਸਬੰਧਾਂ 'ਤੇ ਅਸਰ ਪਵੇਗਾ।

ਅਮਰੀਕਾ ਵੱਲੋਂ ਵਰਤੀਆਂ ਗਈਆਂ ਕੁਝ ਟੋਮਾਹਾਕ ਮਿਜ਼ਾਈਲਾਂ ਦੀ ਰੇਂਜ ਲਗਭਗ 2,500 ਕਿਲੋਮੀਟਰ (1,550 ਮੀਲ) ਤੱਕ ਹੈ। ਜੋ ਯੂਕਰੇਨ ਦੀ ਧਰਤੀ ਤੋਂ ਦਾਗੇ ਜਾਣ 'ਤੇ ਮਾਸਕੋ ਨੂੰ ਆਸਾਨੀ ਨਾਲ ਨਿਸ਼ਾਨੇ 'ਤੇ ਲੈ ਸਕਦੀਆਂ ਹਨ।

ਹਾਲਾਂਕਿ ਟੋਮਾਹਾਕ ਮਿਜ਼ਾਈਲਾਂ ਸਬਸੋਨਿਕ ਸਪੀਡ (ਆਵਾਜ਼ ਦੀ ਗਤੀ ਨਾਲੋਂ ਘੱਟ) 'ਤੇ ਉੱਡਦੀਆਂ ਹਨ, ਪਰ ਉਹ ਜ਼ਮੀਨ ਤੋਂ ਸਿਰਫ਼ ਦਸ ਮੀਟਰ ਦੀ ਘੱਟ ਉਚਾਈ 'ਤੇ ਉੱਡਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੁੰਦਾ ਹੈ।

ਬੀਬੀਸੀ ਰੂਸ ਦੇ ਰੱਖਿਆ ਵਿਸ਼ੇ ਦੇ ਪੱਤਰਕਾਰ ਪਾਵੇਲ ਅਕਸੇਨੋਵ ਅਨੁਸਾਰ, ਇਨ੍ਹਾਂ ਮਿਜ਼ਾਈਲਾਂ ਦਾ ਅਡਵਾਂਸਡ ਨੈਵੀਗੇਸ਼ਨ ਸਿਸਟਮ ਉਨ੍ਹਾਂ ਨੂੰ ਹਾਈ ਕੁਆਲਟੀ ਨਾਲ ਨਿਸ਼ਾਨਿਆਂ ਨੂੰ ਹਿੱਟ ਕਰਨ ਦੀ ਸਮਰੱਥਾ ਦਿੰਦਾ ਹੈ।

ਹਾਲਾਂਕਿ, ਯੂਕਰੇਨ ਨੂੰ ਟੋਮਾਹਾਕ ਮਿਜ਼ਾਈਲਾਂ ਦੀ ਸਪਲਾਈ ਵਿੱਚ ਸਭ ਤੋਂ ਵੱਡੀ ਰੁਕਾਵਟ ਢੁਕਵਾਂ ਲਾਂਚ ਪਲੈਟਫਾਰਮ ਲੱਭਣਾ ਹੋਵੇਗਾ।

ਇਹ ਮੁੱਖ ਤੌਰ 'ਤੇ ਇੱਕ ਸਮੁੰਦਰੀ ਮਿਜ਼ਾਈਲ ਹੈ, ਜੋ ਆਮ ਤੌਰ 'ਤੇ ਜਹਾਜ਼ਾਂ ਅਤੇ ਸਬਮਰੀਨਾਂ ਦੁਆਰਾ ਲਿਜਾਈ ਅਤੇ ਲਾਂਚ ਕੀਤੀ ਜਾਂਦੀ ਹੈ।

ਯੂਕਰੇਨ ਕੋਲ ਹਾਲੇ ਤੱਕ ਅਜਿਹੇ ਜਹਾਜ਼ ਨਹੀਂ ਹਨ ਜੋ ਟੋਮਾਹਾਕ ਮਿਜ਼ਾਈਲਾਂ ਨੂੰ ਲਾਂਚ ਕਰ ਸਕਣ। ਹਲਾਂਕਿ, ਅਮਰੀਕੀ ਫੌਜ ਨੇ ਹਾਲ ਹੀ ਵਿੱਚ ਨਵੇਂ ਜ਼ਮੀਨ ਤੋਂ ਮਿਜ਼ਾਈਲ ਦਾਗ਼ੇ ਜਾਣ ਵਾਲੇ ਲਾਂਚਰ ਤਿਆਰ ਕੀਤੇ ਹਨ ਪਰ ਕੀਵ ਦੀਆਂ ਫੌਜਾਂ ਨੂੰ ਇਨ੍ਹਾਂ ਲਾਂਚਰਾਂ ਨੂੰ ਵਰਤਣ ਲਈ ਪਹਿਲਾਂ ਸਿਖਲਾਈ ਦੀ ਲੋੜ ਪਵੇਗੀ।

ਕੀ ਇਹ ਕਦਮ ਜੰਗ ਦਾ ਪਾਸਾ ਪਲਟ ਸਕਦਾ ਹੈ

ਅਜਿਹੀਆਂ ਸਟੀਕ ਅਤੇ ਲੰਬੀ ਰੇਂਜ ਵਾਲੀਆਂ ਮਿਜ਼ਾਈਲਾਂ ਦੀ ਵਰਤੋਂ ਲਈ ਅਮਰੀਕਾ ਤੋਂ ਸਹੀ ਖੁਫੀਆ ਜਾਣਕਾਰੀ ਦੀ ਲੋੜ ਹੋਵੇਗੀ।

ਮਾਰਚ ਵਿੱਚ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਯੂਕਰੇਨ ਅਮਰੀਕਾ 'ਤੇ ਟਾਰਗਟਿੰਗ ਡਾਟਾ ਲਈ ਕਿੰਨਾ ਨਿਰਭਰ ਹੈ, ਜਦੋਂ ਅਮਰੀਕਾ ਨੇ ਕੁਝ ਸਮੇਂ ਲਈ ਜਾਣਕਾਰੀ ਸਾਂਝੀ ਕਰਨੀ ਅਸਥਾਈ ਤੌਰ 'ਤੇ ਰੋਕ ਦਿੱਤੀ ਸੀ।

ਫ਼ਾਇਨੈਂਸ਼ਲ ਟਾਈਮਜ਼ ਦੇ ਮੁਤਾਬਕ, ਉਸ ਤੋਂ ਬਾਅਦ ਅਮਰੀਕਾ ਵੱਲੋਂ ਯੂਕਰੇਨ ਨਾਲ ਖੁਫੀਆ ਜਾਣਕਾਰੀ ਸਾਂਝੀ ਕਰਨ ਵਿੱਚ ਕਾਫ਼ੀ ਵਾਧਾ ਕੀਤਾ ਗਿਆ।

ਇਸ ਡਾਟਾ ਨੇ ਯੂਕਰੇਨ ਨੂੰ ਰੂਸ ਦੇ ਅੰਦਰਲੇ ਖੇਤਰਾਂ ਵਿੱਚ, ਖ਼ਾਸ ਕਰਕੇ ਤੇਲ ਰਿਫ਼ਾਈਨਰੀਆਂ ਵਰਗੀਆਂ ਊਰਜਾ ਸਹੂਲਤਾਂ 'ਤੇ ਸਟੀਕ ਹਮਲੇ ਕਰਨ ਵਿੱਚ ਸਹਾਇਤਾ ਦਿੱਤੀ ਹੈ।

ਕੁਝ ਅਧਿਕਾਰੀਆਂ ਦੀਆਂ ਰਿਪੋਰਟਾਂ ਅਨੁਸਾਰ, ਅਮਰੀਕੀ ਖੁਫੀਆ ਏਜੰਸੀਆਂ ਕੀਵ ਦੀ ਮਦਦ ਕਰਦੀਆਂ ਰਹੇਗੀ ਤਾਂ ਯੂਕਰੇਨ ਆਪਣੇ ਆਪਰੇਸ਼ਨਾਂ ਦਾ ਰੂਟ, ਉਚਾਈ, ਸਮਾਂ ਅਤੇ ਰਣਨੀਤਿਕ ਤਰੀਕਾ ਤੈਅ ਕਰ ਸਕੇ।

ਇਸ ਨਾਲ ਯੂਕਰੇਨੀ ਹਮਲਾਵਰ ਡਰੋਨਜ਼ ਨੂੰ ਰੂਸੀ ਐਂਟੀ-ਏਅਰ ਡਿਫ਼ੈਂਸ ਸਿਸਟਮ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਜੇ ਯੂਕਰੇਨ ਨੂੰ ਟੋਮਾਹਾਕ ਮਿਜ਼ਾਈਲਾਂ ਦਿੱਤੀਆਂ ਗਈਆਂ, ਤਾਂ ਅਮਰੀਕੀ ਐਕਸਪਰਟ ਉਨ੍ਹਾਂ ਦੀ ਤਿਆਰੀ ਅਤੇ ਉਡਾਨ ਦੇ ਰਸਤੇ ਦੀ ਯੋਜਨਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਇਸ ਵੇਲੇ ਅਮਰੀਕਾ ਦੇ ਅਸਲਾ ਭੰਡਾਰ ਵਿੱਚ ਹਜ਼ਾਰਾਂ ਟੋਮਾਹਾਕ ਮਿਜ਼ਾਈਲਾਂ ਹਨ। ਯੂਕਰੇਨ ਵੱਲੋਂ ਅਮਰੀਕਾ ਤੋਂ ਮੰਗੀ ਜਾ ਰਹੀ ਹਥਿਆਰਾਂ ਦੀ ਮੰਗ ਸਾਬਤ ਕਰਦੀ ਹੈ ਕਿ ਕਿਸੇ ਵੱਡੀ ਫੌਜ ਵਾਲੇ ਦੇਸ਼ ਨਾਲ ਜੰਗ ਲੜਨ ਲਈ ਬੇਹੱਦ ਵੱਡੀ ਗਿਣਤੀ ਵਿੱਚ ਹਥਿਆਰਾਂ ਦੀ ਲੋੜ ਪੈਂਦੀ ਹੈ।

ਚੀਨ ਨਾਲ ਸੰਭਾਵਿਤ ਟਕਰਾਅ ਦੇ ਡਰ ਕਾਰਨ ਅਮਰੀਕਾ ਯੂਕਰੇਨ ਨੂੰ ਇੰਨੀ ਵੱਡੀ ਗਿਣਤੀ ਵਿੱਚ ਮਿਜ਼ਾਈਲਾਂ ਦੇਣ ਲਈ ਤਿਆਰ ਨਹੀਂ ਹੋਵੇਗਾ ਜਿਸ ਨਾਲ ਸਿਰਫ਼ ਫੌਜੀ ਟੀਚਿਆਂ ਨੂੰ ਤਬਾਹ ਕਰਕੇ ਜੰਗ ਦਾ ਪਾਸਾ ਬਦਲਣ ਦੀ ਸਾਜਿਸ਼ ਹੋਵੇ।

ਪਰ ਮਾਹਰ ਕਹਿੰਦੇ ਹਨ ਕਿ ਜੇ ਕੁਝ ਦਰਜਨ ਟੋਮਾਹਾਕ ਮਿਜ਼ਾਈਲਾਂ ਵੀ ਯੂਕਰੇਨ ਨੂੰ ਦਿੱਤੀਆਂ ਜਾਣ ਅਤੇ ਉਨ੍ਹਾਂ ਨੂੰ ਹੋਰ ਹਥਿਆਰਾਂ ਨਾਲ ਮਿਲਾ ਕੇ ਵਰਤਿਆ ਜਾਵੇ, ਤਾਂ ਇਹ ਜੰਗ ਦੇ ਰੁਖ ਨੂੰ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।

ਰੂਸ ਨੇ ਖ਼ੁਦ ਵੀ ਇਹ ਸਾਬਤ ਕੀਤਾ ਹੈ ਕਿ ਕਰੂਜ਼ ਮਿਜ਼ਾਈਲਾਂ ਅਤੇ ਡਰੋਨਜ਼ ਦੇ ਮਿਲੇ-ਜੁਲੇ ਹਮਲੇ ਕਿੰਨੇ ਪ੍ਰਭਾਵਸ਼ਾਲੀ ਹੋ ਸਕਦੇ ਹਨ। ਹਾਲ ਹੀ ਵਿੱਚ ਯੂਕਰੇਨ ਵੱਲੋਂ ਰੂਸ ਦੀਆਂ ਤੇਲ ਰਿਫ਼ਾਈਨਰੀਆਂ 'ਤੇ ਸਟੀਕ ਹਮਲੇ ਕੀਤੇ ਜਾਣ ਕਾਰਨ ਰੂਸ ਦੀ ਆਰਥਿਕ ਸਥਿਤੀ ਹੋਰ ਜਟਿਲ ਹੋ ਗਈ ਹੈ ਅਤੇ ਟੋਮਾਹਾਕ ਮਿਜ਼ਾਈਲਾਂ ਨਾਲ ਕੀਵ ਤਾਕਤ ਹੋਰ ਮਜ਼ਬੂਤ ਹੋ ਸਕਦੀ ਹੈ।

ਅਮਰੀਕਾ ਦਾ ਰਵੱਈਆ

ਪਿਛਲੇ ਕੁਝ ਮਹੀਨਿਆਂ ਵਿੱਚ ਰੂਸ ਪ੍ਰਤੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਟਰੰਪ ਦਾ ਰਵੱਈਆ ਹੋਰ ਸਖ਼ਤ ਹੋ ਗਿਆ ਹੈ। ਇਹ ਤਬਦੀਲੀ ਉਦੋਂ ਆਈ ਜਦੋਂ ਉਹ ਵਲਾਦੀਮੀਰ ਪੁਤਿਨ ਵੱਲੋਂ ਕੀਵ ਨਾਲ ਸੰਧੀ ਕਰਨ ਵਿੱਚ ਸਹਿਯੋਗ ਦੀ ਘਾਟ ਕਾਰਨ ਨਾਰਾਜ਼ ਹੋ ਗਏ ਸਨ।

ਐਤਵਾਰ ਨੂੰ ਟਰੰਪ ਨੇ ਕਿਹਾ ਸੀ ਕਿ, "ਮੈਂ ਰੂਸ ਨੂੰ ਕਹਿ ਸਕਦਾ ਹਾਂ ਕਿ ਜੇ ਯੁੱਧ ਨਾ ਸੁਲਝਿਆ, ਤਾਂ ਅਸੀਂ ਸ਼ਾਇਦ ਕੀਵ ਨੂੰ ਟੋਮਾਹਾਕ ਮਿਜ਼ਾਈਲਾਂ ਭੇਜ ਸਕਦੇ ਹਾਂ, ਸ਼ਾਇਦ ਨਾ ਵੀ ਭੇਜੀਏ, ਪਰ ਅਸੀਂ ਅਜਿਹਾ ਕਰ ਸਕਦੇ ਹਾਂ।" ਉਨ੍ਹਾਂ ਨੇ ਅੱਗੇ ਕਿਹਾ ਸੀ ਕਿ, "ਕੀ ਰੂਸ ਚਾਹੁੰਦਾ ਹੈ ਕਿ ਟੋਮਾਹਾਕ ਮਿਜ਼ਾਈਲਾਂ ਊਸ ਦੀ ਦਿਸ਼ਾ ਵੱਲ ਆਉਣ?"

ਟਰੰਪ ਦੇ ਇਹਨਾਂ ਬਿਆਨਾਂ 'ਤੇ ਫਿਰ ਰੂਸ ਨੇ ਵੀ ਤਿੱਖੀ ਪ੍ਰਤੀਕੀਰਿਆ ਦਿੱਤੀ ਸੀ। ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਟੋਮਾਹਾਕ ਮਿਜ਼ਾਈਲਾਂ ਬਾਰੇ ਚਰਚਾ ਨੂੰ ਬਹੁਤ ਜ਼ਿਆਦਾ ਚਿੰਤਾਜਨਕ ਦੱਸਿਆ।

ਉਨ੍ਹਾਂ ਨੇ ਕਿਹਾ, ਹੁਣ ਹਰ ਪਾਸੇ ਤੋਂ ਤਣਾਅ ਵਧ ਰਿਹਾ ਹੈ, ਇਹ ਇੱਕ ਬਹੁਤ ਨਾਟਕੀ ਸਮਾਂ ਹੈ। ਸਤੰਬਰ ਵਿੱਚ ਪੇਸਕੋਵ ਨੇ ਟੋਮਾਹਾਕ ਮਿਜ਼ਾਈਲਾਂ ਦੀ ਸੰਭਾਵਨਾ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਇਹ ਯੁੱਧ ਦੀ ਦਿਸ਼ਾ ਨੂੰ ਬਦਲ ਨਹੀਂ ਸਕਦੀਆਂ, ਪਰ ਹਾਲੀਆ ਟਿੱਪਣੀਆਂ ਵਿੱਚ ਉਨ੍ਹਾਂ ਨੇ ਕਿਹਾ ਕਿ ਜੇ ਇਹ ਮਿਜ਼ਾਈਲਾਂ ਰੂਸ ਵੱਲ ਲਾਂਚ ਕੀਤੀਆਂ ਜਾਂਦੀਆਂ ਹਨ, ਤਾਂ ਮਾਸਕੋ ਨਹੀਂ ਪਛਾਣ ਸਕੇਗਾ ਕਿ ਕੀ ਇਹ ਮਿਸਾਈਲਾਂ ਪਰਮਾਣੂ ਹਥਿਆਰ ਲੈ ਕੇ ਜਾ ਰਹੀਆਂ ਹਨ।

ਫਿਰ ਉਹਨਾਂ ਨੇ ਸਵਾਲ ਕੀਤਾ ਕਿ ਰੂਸੀ ਸੰਘ ਨੂੰ ਕੀ ਸੋਚਣਾ ਚਾਹੀਦਾ ਹੈ? ਰੂਸ ਨੂੰ ਕਿਵੇਂ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ?

ਸਾਬਕਾ ਰੂਸੀ ਰਾਸ਼ਟਰਪਤੀ ਦਿਮਿਤਰੀ ਮੇਦਵੇਦੇਵ ਨੇ ਪੇਸਕੋਵ ਦੀਆਂ ਗੱਲਾਂ ਦਾ ਸਮਰਥਨ ਕਰਦੇ ਹੋਏ ਹੋਰ ਤਿੱਖੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਰੂਸ ਨੂੰ ਕਿਵੇਂ ਜਵਾਬ ਦੇਣਾ ਚਾਹੀਦਾ ਹੈ? ਬਿਲਕੁਲ ਇਵੇਂ ਹੀ! ਮੇਦਵੇਦੇਵ ਨੇ ਕਿਹਾ, ਇਹ ਮਿਜ਼ਾਈਲਾਂ ਭੇਜਣ ਦਾ ਫੈਸਲਾ ਸਭ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ ਰਾਸ਼ਟਰਪਤੀ ਟਰੰਪ ਲਈ ਵੀ।

ਸਾਬਕਾ ਰੂਸੀ ਰਾਸ਼ਟਰਪਤੀ ਮੇਦਵੇਦੇਵ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਹੀ ਸਖ਼ਤ ਰਵੱਈਏ ਵਾਲੇ ਲੀਡਰ ਬਣ ਗਏ ਹਨ। ਉਨ੍ਹਾਂ ਦੀ ਟਰੰਪ ਨਾਲ ਪਹਿਲਾਂ ਵੀ ਆਨਲਾਈਨ ਤਕਰਾਰ ਹੋ ਚੁੱਕੀ ਹੈ।

ਅਗਸਤ ਵਿੱਚ ਮੇਦਵੇਦੇਵ ਦੀਆਂ ਟਿੱਪਣੀਆਂ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਦੋ ਪਰਮਾਣੂ ਪਾਣੀ ਦੇ ਜਹਾਜ਼ ਰੂਸ ਦੇ ਨੇੜੇ ਭੇਜਣ ਦਾ ਹੁਕਮ ਦਿੱਤਾ ਹੈ।

ਦੂਜੇ ਪਾਸੇ ਹਾਲੀਆ ਫੋਨ ਕਾਲਾਂ ਵਿੱਚ ਜ਼ੇਲੇਨਸਕੀ ਅਤੇ ਟਰੰਪ ਨੇ ਯੂਕਰੇਨ ਦੀ ਫੌਜੀ ਸਮਰੱਥਾ ਵਧਾਉਣ 'ਤੇ ਚਰਚਾ ਕੀਤੀ। ਖ਼ਾਸ ਤੌਰ 'ਤੇ ਹਵਾਈ ਰੱਖਿਆ ਪ੍ਰਣਾਲੀ ਅਤੇ ਲੰਬੀ ਮਾਰ ਵਾਲੇ ਹਥਿਆਰਾਂ ਨੂੰ ਮਜ਼ਬੂਤ ਕਰਨ ਬਾਰੇ।

ਕੀਵ ਸਮੇਤ ਕਈ ਯੂਕਰੇਨੀ ਸ਼ਹਿਰ ਬਾਰ-ਬਾਰ ਰੂਸੀ ਡਰੋਨ ਅਤੇ ਮਿਜ਼ਾਈਲੀ ਹਮਲਿਆਂ ਦਾ ਨਿਸ਼ਾਨਾ ਬਣੇ ਹਨ। ਜਿਵੇਂ ਜਿਵੇਂ ਠੰਢ ਨੇੜੇ ਆ ਰਹੀ ਹੈ, ਰੂਸ ਨੇ ਯੂਕਰੇਨ ਦੇ ਊਰਜਾ ਢਾਂਚੇ 'ਤੇ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਨਾਲ ਵਿਆਪਕ ਪੱਧਰ 'ਤੇ ਬਿਜਲੀ ਕੱਟਾਂ ਦੀ ਸਥਿਤੀ ਬਣੀ ਹੋਈ ਹੈ।

ਪਿਛਲੇ ਮਹੀਨੇ ਟਰੰਪ ਦੇ ਯੂਕਰੇਨ ਲਈ ਵਿਸ਼ੇਸ਼ ਦੂਤ ਕੀਥ ਕੇਲੋਗ ਨੇ ਫ਼ੌਕਸ ਨਿਊਜ਼ ਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਨੇ ਰੂਸ ਦੇ ਅੰਦਰਲੇ ਖੇਤਰਾਂ ਵਿੱਚ ਹਮਲੇ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਦੀ ਜੰਗ ਵਿੱਚ ਹੁਣ ਕੋਈ ਵੀ ਸੁਰੱਖਿਅਤ ਜਗ੍ਹਾ ਨਹੀਂ ਰਹੀ।

ਵਾਧੂ ਰਿਪੋਰਟਿੰਗ: ਹੈਰੀ ਸੇਕੂਲਿਚ, ਲੌਰਾ ਗੋਜ਼ੀ, ਬੀਬੀਸੀ ਨਿਊਜ਼ ਰੂਸ ਅਤੇ ਬੀਬੀਸੀ ਗਲੋਬਲ ਜਰਨਲਿਜ਼ਮ ਟੀਮ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)