ਚੰਦਰਯਾਨ 3: ਨਾਸਾ ਕਈ ਸਾਲ ਪਹਿਲਾਂ ਚੰਨ 'ਤੇ 4 ਦਿਨਾਂ ’ਚ ਪਹੁੰਚਿਆ ਸੀ ਤਾਂ ਭਾਰਤ ਨੂੰ 40 ਦਿਨ ਕਿਉਂ ਲੱਗ ਰਹੇ ਹਨ

ਚੰਦਰਯਾਨ 3 ਰਾਕੇਟ, ਅਪੋਲੋ 11 ਰਾਕੇਟ

ਤਸਵੀਰ ਸਰੋਤ, NASA & ISRO

ਤਸਵੀਰ ਕੈਪਸ਼ਨ, ਚੰਦਰਯਾਨ 3 ਰਾਕੇਟ, ਅਪੋਲੋ 11 ਰਾਕੇਟ
    • ਲੇਖਕ, ਸ਼੍ਰੀਕਾਂਤ ਬਖਸ਼ੀ
    • ਰੋਲ, ਬੀਬੀਸੀ ਤੇਲੁਗੂ

ਆਂਧਰ ਪ੍ਰਦੇਸ਼ ਦੇ ਸ਼੍ਰੀਹਰੀ ਕੋਟਾ ਤੋਂ ਉਡਾਣ ਭਰਨ ਵਾਲੇ ਚੰਦਰਯਾਨ-3 ਨੂੰ ਚੰਨ 'ਤੇ ਪਹੁੰਚਣ 'ਚ 40 ਦਿਨ ਲੱਗਣਗੇ, ਪਰ ਨਾਸਾ ਦੇ ਪੁਲਾੜ ਯਾਤਰੀ ਚਾਰ ਦਿਨਾਂ ਵਿੱਚ ਹੀ ਚੰਦਰਮਾ 'ਤੇ ਪਹੁੰਚ ਗਏ ਸਨ।

ਸਾਲ 1969 ਵਿੱਚ, ਅਮਰੀਕੀ ਪੁਲਾੜ ਏਜੰਸੀ ਨਾਸਾ ਦੁਆਰਾ ਭੇਜਿਆ ਗਿਆ ਇੱਕ ਪੁਲਾੜ ਯਾਨ ਅਪੋਲੋ 11 ਚਾਰ ਦਿਨਾਂ ਵਿੱਚ ਹੀ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਸੀ ਅਤੇ ਚੰਦਰਮਾ 'ਤੇ ਉਤਰਿਆ ਸੀ।

ਪਰ ਇਸਰੋ ਦੇ ਚੰਦਰਯਾਨ-3 ਨੂੰ ਚੰਦਰਮਾ ਦੇ ਔਰਬਿਟ ਵਿੱਚ ਦਾਖਲ ਹੋਣ ਲਈ 40 ਦਿਨ ਲੱਗ ਰਹੇ ਹਨ।

ਸਵਾਲ ਇਹ ਹੈ ਕਿ ਜੇ 50 ਸਾਲ ਪਹਿਲਾਂ, ਨਾਸਾ ਇੰਨੀ ਤੇਜ਼ੀ ਨਾਲ ਚੰਨ 'ਤੇ ਪਹੁੰਚ ਸਕਦਾ ਸੀ, ਤਾਂ ਇਸਰੋ ਨੂੰ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ?

ਨਾਸਾ ਲਈ ਸਿਰਫ਼ 4 ਦਿਨ...

ਨਾਸਾ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਅਮਰੀਕੀ ਪੁਲਾੜ ਏਜੰਸੀ ਨਾਸਾ ਨੇ 1969 ਵਿੱਚ ਨੀਲ ਏ ਆਰਮਸਟ੍ਰਾਂਗ, ਐਡਵਿਨ ਈ ਐਲਡਰਿਨ ਅਤੇ ਮਾਈਕਲ ਕੋਲਿਨਸ ਨੂੰ ਚੰਦਰਮਾ 'ਤੇ ਭੇਜਿਆ ਸੀ

16 ਜੁਲਾਈ, 1969 ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕੈਨੇਡੀ ਸਪੇਸ ਸੈਂਟਰ ਤੋਂ ਸੈਟਰਨ ਫਾਈਵ ਐਸਏ 506 ਰਾਕੇਟ ਦੀ ਮਦਦ ਨਾਲ ਤਿੰਨ ਪੁਲਾੜ ਯਾਤਰੀਆਂ, ਨੀਲ ਏ ਆਰਮਸਟ੍ਰਾਂਗ, ਐਡਵਿਨ ਈ ਐਲਡਰਿਨ ਅਤੇ ਮਾਈਕਲ ਕੋਲਿਨਸ ਨੂੰ ਚੰਨ 'ਤੇ ਭੇਜਿਆ।

ਇਹ ਰਾਕੇਟ ਸਵੇਰੇ 08:32 ਵਜੇ ਲਾਂਚ ਕੀਤਾ ਗਿਆ ਸੀ।

ਅਪੋਲੋ 11 ਪੁਲਾੜ ਯਾਨ 20 ਜੁਲਾਈ ਨੂੰ, 102 ਘੰਟੇ 45 ਮਿੰਟ ਦੀ ਯਾਤਰਾ ਕਰਨ ਤੋਂ ਬਾਅਦ ਚੰਨ ਦੀ ਸਤ੍ਹਾ 'ਤੇ ਉਤਰਿਆ। ਇਸ ਦਾ ਮਤਲਬ ਕਿ ਉਹ ਸਿਰਫ਼ 4 ਦਿਨ ਅਤੇ 6 ਘੰਟਿਆਂ ਵਿੱਚ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਸੀ।

ਮਾਈਕਲ ਕੋਲਿਨਜ਼ ਨੇ ਚੰਨ ਦੀ ਪਰਿਕਰਮਾ ਕਰਨ ਵਾਲੇ ਕਮਾਂਡ ਮਾਡਿਊਲ ਤੋਂ ਮਿਸ਼ਨ ਦੀ ਨਿਗਰਾਨੀ ਕੀਤੀ।

ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਅਤੇ ਐਡਵਿਨ ਐਲਡਰਿਨ.. ਲੈਂਡਰ ਮੋਡਿਊਲ ਈਗਲ ਵਿੱਚ ਚੰਨ 'ਤੇ ਉਤਰੇ, ਜੋ ਕਮਾਂਡ ਮੈਡਿਊਲ ਤੋਂ ਵੱਖ ਹੋ ਗਿਆ ਸੀ।

ਉਨ੍ਹਾਂ ਨੇ ਉੱਥੇ ਮਿੱਟੀ ਅਤੇ ਪੱਥਰ ਇਕੱਠੇ ਕੀਤੇ ਅਤੇ 21 ਜੁਲਾਈ ਨੂੰ ਧਰਤੀ 'ਤੇ ਵਾਪਸੀ ਦੀ ਯਾਤਰਾ ਸ਼ੁਰੂ ਕੀਤੀ।

ਪੁਲਾੜ ਯਾਤਰੀਆਂ ਦੇ ਨਾਲ ਅਪੋਲੋ 11 ਮਾਡਿਊਲ 24 ਜੁਲਾਈ ਨੂੰ ਉੱਤਰੀ ਪ੍ਰਸ਼ਾਂਤ ਮਹਾਸਾਗਰ ਵਿੱਚ ਸੁਰੱਖਿਅਤ ਵਾਪਸ ਉਤਰਿਆ। ਜਿਸ ਦਾ ਮਤਲਬ ਕਿ ਉਨ੍ਹਾਂ ਨੂੰ ਧਰਤੀ ਤੋਂ ਚੰਨ ਤੱਕ ਜਾਣ, ਉੱਥੇ ਖੋਜ ਕਰਨ ਅਤੇ ਧਰਤੀ ਉੱਤੇ ਵਾਪਸ ਆਉਣ ਵਿੱਚ ਸਿਰਫ਼ ਅੱਠ ਦਿਨ ਅਤੇ 3 ਘੰਟੇ ਲੱਗੇ।

ਪਰ ਇਸਰੋ ਲਈ 40 ਦਿਨ…

ਇਸਰੋ ਦਾ ਇੱਕ ਰਾਕੇਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸਰੋ ਦਾ ਇੱਕ ਰਾਕੇਟ (ਸੰਕੇਤਕ ਤਸਵੀਰ)

ਪਰ ਇਸਰੋ ਚੰਨ 'ਤੇ ਖੋਜ ਲਈ ਸਿਰਫ ਆਰਬਿਟਰ ਅਤੇ ਲੈਂਡਰ ਭੇਜਣ ਜਾ ਰਿਹਾ ਹੈ।

ਹਾਲਾਂਕਿ, ਉਨ੍ਹਾਂ ਨੇ ਚੰਨ 'ਤੇ ਪਹੁੰਚਣ ਲਈ 40 ਦਿਨਾਂ ਦੀ ਯਾਤਰਾ ਕਰਨ ਦੀ ਯੋਜਨਾ ਬਣਾਈ ਹੈ। ਪਰ ਇਸ ਦੇਰੀ ਪਿੱਛੇ ਵੀ ਇੱਕ ਵੱਡੀ ਕਹਾਣੀ ਹੈ।

ਚੰਦਰਯਾਨ-3 ਦੀ ਲੰਬੀ ਯਾਤਰਾ ਪਿੱਛੇ ਕਈ ਤਕਨੀਕੀ ਕਾਰਨ ਹਨ।

1969 ਵਿੱਚ ਨਾਸਾ ਦੁਆਰਾ ਲਾਂਚ ਕੀਤੇ ਗਏ ਅਪੋਲੋ 11 ਰਾਕੇਟ ਦਾ ਭਾਰ ਬਾਲਣ ਸਮੇਤ ਲਗਭਗ 2800 ਟਨ ਸੀ।

ਪਰ ਇਸਰੋ ਦੁਆਰਾ ਲਾਂਚ ਕੀਤੇ ਜਾਣ ਵਾਲੇ ਜੀਐਸਐਲਵੀ ਐਮਕੇ 3 ਰਾਕੇਟ ਦਾ ਭਾਰ ਬਾਲਣ ਸਮੇਤ 640 ਟਨ ਹੈ।

ਇਸ 'ਚ ਚੰਨ 'ਤੇ ਜਾਣ ਵਾਲਾ ਪ੍ਰੋਪਲਸ਼ਨ ਮਾਡਿਊਲ 2148 ਕਿਲੋਗ੍ਰਾਮ ਦਾ ਹੈ, ਲੈਂਡਰ ਅਤੇ ਰੋਵਰ ਮਾਡਿਊਲ ਦਾ ਹਿੱਸਾ 1752 ਕਿਲੋਗ੍ਰਾਮ ਵਜ਼ਨ ਦਾ ਹੈ। ਇਸ ਦਾ ਮਤਲਬ ਇਹ ਹੈ ਕਿ ਚੰਨ ਦੀ ਜਾਂਚ ਵਾਲੇ ਹਿੱਸੇ ਦਾ ਕੁੱਲ ਭਾਰ ਚਾਰ ਟਨ ਹੈ।

ਇਸਰੋ ਦੇ ਰਾਕੇਟਾਂ ਵਿੱਚੋਂ ਚਾਰ ਟਨ ਭਾਰ ਚੁੱਕਣ ਦੇ ਸਮਰੱਥ ਇੱਕੋ-ਇੱਕ ਰਾਕੇਟ ਜੀਐਸਐਲਵੀ ਐਮਕੇ 3 ਹੈ।

ਚੰਨ 'ਤੇ ਨਾਸਾ

ਤਸਵੀਰ ਸਰੋਤ, NASA

ਤਸਵੀਰ ਕੈਪਸ਼ਨ, ਚੰਨ ਦੀ ਯਾਤਰਾ ਕਰਨ ਵਾਲੇ ਅਪੋਲੋ ਪੁਲਾੜ ਯਾਨ ਦਾ ਵਜ਼ਨ 45.7 ਟਨ ਸੀ

ਪੀਐਸਐਲਵੀ ਰਾਕੇਟ, ਜੋ ਆਮ ਤੌਰ 'ਤੇ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਲੈ ਕੇ ਜਾਂਦੇ ਹਨ, ਉਨ੍ਹਾਂ ਦਾ ਭਾਰ ਇੰਨਾ ਜ਼ਿਆਦਾ ਨਹੀਂ ਹੁੰਦਾ, ਕਿਉਂਕਿ ਉਹ ਬਸ ਸੈਟੇਲਾਈਟ ਲੈ ਕੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਜੀਓ-ਸਿੰਕ੍ਰੋਨਾਈਜ਼ਡ ਜਾਂ ਜੀਓ-ਸਟੇਸ਼ਨਰੀ ਔਰਬਿਟ ਵਿੱਚ ਰੱਖਦੇ ਹਨ।

ਪਰ ਚੰਦਰਯਾਨ ਵੱਖਰਾ ਹੈ, ਕਿਉਂਕਿ ਚੰਨ 'ਤੇ ਜਾਣ ਵਾਲੇ ਇਸ ਵਾਹਨ ਵਿੱਚ ਈਂਧਨ ਦੇ ਨਾਲ-ਨਾਲ ਹੋਰ ਬਹੁਤ ਸਾਰੇ ਉਪਕਰਣ ਵੀ ਲੈ ਕੇ ਜਾਏ ਜਾਂਦੇ ਹਨ। ਇਸੇ ਲਈ ਅਜਿਹੇ ਪ੍ਰਯੋਗਾਂ ਲਈ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਵਰਤੇ ਜਾਂਦੇ ਹਨ।

ਇਸ ਪੱਖੋਂ ਵੀ ਨਾਸਾ ਵੱਲੋਂ ਲਾਂਚ ਕੀਤੇ ਗਏ ਰਾਕੇਟ ਜ਼ਿਆਦਾ ਭਾਰੀ ਹਨ। ਧਰਤੀ ਦੇ ਔਰਬਿਟ ਨੂੰ ਪਾਰ ਕਰਨ ਤੋਂ ਬਾਅਦ...ਚੰਨ ਦੀ ਯਾਤਰਾ ਕਰਨ ਵਾਲੇ ਅਪੋਲੋ ਪੁਲਾੜ ਯਾਨ ਦਾ ਵਜ਼ਨ 45.7 ਟਨ ਸੀ। ਇਸ ਵਿੱਚੋਂ 80 ਫੀਸਦੀ ਤੋਂ ਵੱਧ ਭਾਰ ਸਿਰਫ਼ ਬਾਲਣ ਦਾ ਸੀ।

ਅਜਿਹਾ ਇਸ ਲਈ ਸੀ ਕਿਉਂਕਿ, ਅਪੋਲੋ 11 ਲੈਂਡਰ ਨੇ ਚੰਦਰਮਾ 'ਤੇ ਪਹੁੰਚ ਕੇ ਧਰਤੀ 'ਤੇ ਵਾਪਸ ਵੀ ਆਉਣਾ ਸੀ। ਇਸ ਲਈ, ਇਸ ਨੂੰ ਧਰਤੀ 'ਤੇ ਵਾਪਸ ਆਉਣ ਲਈ ਇੰਨੇ ਬਾਲਣ ਦੀ ਜ਼ਰੂਰਤ ਸੀ।

ਬੀਐਮ ਬਿਰਲਾ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਬੀਜੀ ਸਿਧਾਰਥ ਨੇ ਕਿਹਾ, ''ਅਪੋਲੋ 11 ਲਾਂਚ ਲਈ ਵਰਤਿਆ ਗਿਆ ਰਾਕੇਟ ਸੈਟਰਨ ਫਾਈਵ ਐਸਏਏ 506 ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸੀ। ਇੰਨੇ ਜ਼ਿਆਦਾ ਈਂਧਨ ਅਤੇ ਇੰਨੇ ਵੱਡੇ ਰਾਕੇਟ ਦੇ ਕਾਰਨ, ਅਪੋਲੋ 11 ਸਿਰਫ ਚਾਰ ਦਿਨਾਂ ਵਿੱਚ ਚੰਦਰਮਾ 'ਤੇ ਪਹੁੰਚ ਗਿਆ ਸੀ।''

ਲਾਈਨ

ਘੱਟ ਈਂਧਨ...ਵੱਧ ਯਾਤਰਾ

ਜੀਐਸਐਲਵੀ ਐਮਕੇ 3 ਭਾਰਤ ਦਾ ਸਭ ਤੋਂ ਵੱਡਾ ਰਾਕੇਟ ਹੈ। ਇਸ ਲਈ ਘੱਟ ਤੋਂ ਘੱਟ ਬਾਲਣ ਦੇ ਨਾਲ ਚੰਦਰਮਾ 'ਤੇ ਜਾਣ ਲਈ ਇਸਰੋ ਨੇ ਇੱਕ ਨਵਾਂ ਤਰੀਕਾ ਖੋਜਿਆ ਹੈ।

ਪੁਰਾਣੇ ਜ਼ਮਾਨੇ ਵਿੱਚ ਲੋਕ ਗੁਲੇਲ ਦੀ ਮਦਦ ਨਾਲ ਪੰਛੀਆਂ ਨੂੰ ਖੇਤਾਂ ਵਿੱਚੋਂ ਭਜਾਉਂਦੇ ਸਨ। ਇਸ ਗੁਲੇਲ ਦੇ ਇੱਕ ਸਿਰੇ 'ਤੇ ਬਣੀ ਥੈਲੀ ਵਿੱਚ ਇੱਕ ਪੱਥਰ ਰਖਿਆ ਜਾਂਦਾ ਹੈ ਤੇ ਦੂਜੇ ਸਿਰੇ 'ਤੋਂ ਫੜ੍ਹ ਕੇ ਇਸ ਨੂੰ ਘੁਮਾਇਆ ਜਾਂਦਾ ਹੈ। ਹੌਲੀ-ਹੌਲੀ ਜਦੋਂ ਪੱਥਰ ਦੀ ਗਤੀ ਤੇਜ਼ ਹੋ ਜਾਂਦੀ ਹੈ ਤਾਂ ਇਸ ਨੂੰ ਸੁੱਟਿਆ ਜਾਂਦਾ ਹੈ।

ਇਸ ਤਰ੍ਹਾਂ ਨਾਲ, ਬਹੁਤ ਘੱਟ ਮਿਹਨਤ ਵਿੱਚ ਪੱਥਰ ਨੂੰ ਵਧੇਰੇ ਦੂਰ ਸੁੱਟਿਆ ਜਾ ਸਕਦਾ ਹੈ। ਇਸ ਨੂੰ ਸਲਿੰਗ ਸ਼ਾਟ ਥਿਊਰੀ ਕਿਹਾ ਜਾਂਦਾ ਹੈ।

ਇਸੇ ਥਿਊਰੀ ਦੀ ਵਰਤੋਂ ਕਰਦੇ ਹੋਏ, ਇਸਰੋ ਧਰਤੀ ਦੇ ਗੁਰੁਤਾਕਰਸ਼ਣ ਦੀ ਵਰਤੋਂ ਕਰਦੇ ਹੋਏ ਘੱਟ ਤੋਂ ਘੱਟ ਬਾਲਣ ਨਾਲ ਚੰਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ।

ਚੰਦਰਯਾਨ 2 ਦੀ ਯਾਤਰਾ

ਤਸਵੀਰ ਸਰੋਤ, ISRO

ਤਸਵੀਰ ਕੈਪਸ਼ਨ, ਚੰਦਰਯਾਨ 2 ਦੀ ਯਾਤਰਾ ਕੁਝ ਇਸ ਪ੍ਰਕਾਰ ਰਹੀ ਸੀ

ਇਸ ਤਰੀਕੇ ਵਿੱਚ, ਸਿੱਧੇ ਚੰਦਰਮਾ ਵੱਲ ਜਾਣ ਦੀ ਬਜਾਏ... ਰਾਕੇਟ ਧਰਤੀ ਦੇ ਦੁਆਲੇ ਇੱਕ ਅੰਡਾਕਾਰ ਔਰਬਿਟ ਵਿੱਚ ਘੁੰਮੇਗਾ ਅਤੇ ਹੌਲੀ-ਹੌਲੀ ਆਪਣੀ ਅਪੋਜੀ ਤੱਕ ਪਹੁੰਚੇਗਾ। ਅਪੋਜੀ ਉਹ ਬਿੰਦੂ ਹੁੰਦਾ ਹੈ, ਜਿੱਥੇ ਚੰਨ ਤੇ ਧਰਤੀ ਵਿਚਕਾਰ ਦੂਰੀ ਸਭ ਤੋਂ ਘੱਟ ਹੁੰਦੀ ਹੈ।

ਜਿਵੇਂ-ਜਿਵੇ ਚੰਦਰਯਾਨ-3 ਧਰਤੀ ਦੇ ਆਲੇ-ਦੁਆਲੇ ਘੁੰਮਦਾ ਹੋਇਆ, ਹੌਲੀ-ਹੌਲੀ ਆਪਣੀ ਅਪੋਜੀ ਵਧਾਉਂਦਾ ਹੈ, ਇਸ ਨੂੰ ਭੂ-ਕੇਂਦਰੀ ਪੜਾਅ ਕਿਹਾ ਜਾਂਦਾ ਹੈ।

ਇਸ ਤੋਂ ਬਾਅਦ ਇਹ ਧਰਤੀ ਦਾ ਔਰਬਿਟ ਛੱਡ ਕੇ ਚੰਨ ਵੱਲ ਜਾਂਦਾ ਹੈ ਅਤੇ ਚੰਦਰਮਾ ਦੇ ਔਰਬਿਟ ਵਿੱਚ ਦਾਖਲ ਹੁੰਦਾ ਹੈ। ਇਸ ਨੂੰ ਲੂਨਰ ਔਰਬਿਟ ਇਨਸਰਸ਼ਨ ਕਿਹਾ ਜਾਂਦਾ ਹੈ।

ਉੱਥੋਂ ਇਹ ਇੱਕ ਸਮਾਨ ਅੰਡਾਕਾਰ ਔਰਬਿਟ ਵਿੱਚ ਚੰਨ ਦੇ ਚੱਕਰ ਲਗਾਉਂਦਾ ਹੈ ਅਤੇ ਹੌਲੀ-ਹੌਲੀ ਆਪਣੀ ਅਪੋਜੀ ਨੂੰ ਘਟਾਉਂਦਾ ਹੈ।

ਅੰਤ ਵਿੱਚ ਚੰਦਰਮਾ ਵੱਲ ਯਾਤਰਾ ਕਰਦੇ ਹੋਏ ਇਹ ਉਸ ਦੀ ਸਤ੍ਹਾ 'ਤੇ ਉਤਰਦਾ ਹੈ। ਇਸ ਸਾਰੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ 40 ਦਿਨ ਲੱਗ ਜਾਂਦੇ ਹਨ।

ਚੰਦਰਯਾਨ-2 ਦੀ ਯਾਤਰਾ ਕਿਵੇਂ ਰਹੀ ਸੀ?

ਇਸਰੋ ਦਾ ਇੱਕ ਰਾਕੇਟ

ਤਸਵੀਰ ਸਰੋਤ, ISRO

ਤਸਵੀਰ ਕੈਪਸ਼ਨ, ਇਸਰੋ ਦੇ ਚੇਅਰਮੈਨ ਸੋਮਨਾਥ ਨੇ ਐਲਾਨ ਕੀਤਾ ਹੈ ਕਿ ਰਾਕੇਟ 14 ਜੁਲਾਈ ਨੂੰ ਦੁਪਹਿਰ 2:35 ਵਜੇ ਲਾਂਚ ਕੀਤਾ ਜਾਵੇਗਾ (ਸੰਕੇਤਕ ਤਸਵੀਰ)

2019 ਵਿੱਚ, ਇਸਰੋ ਦਾ ਚੰਦਰਯਾਨ-2 ਵੀ ਇਸੇ ਤਰ੍ਹਾਂ 48 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਮਾ 'ਤੇ ਪਹੁੰਚਿਆ ਸੀ।

ਚੰਦਰਯਾਨ-2 ਨੂੰ 22 ਜੁਲਾਈ, 2019 ਨੂੰ ਪੁਲਾੜ ਵਿੱਚ ਲਾਂਚ ਕੀਤਾ ਗਿਆ ਅਤੇ ਇਸ ਨੇ 23 ਦਿਨਾਂ ਤੱਕ ਇੱਕ ਅੰਡਾਕਾਰ ਔਰਬਿਟ ਵਿੱਚ ਧਰਤੀ ਦੇ ਚੱਕਰ ਲਗਾਏ ਅਤੇ ਆਪਣੀ ਅਪੋਜੀ ਰੇਂਜ ਨੂੰ ਵਧਾਇਆ।

23ਵੇਂ ਦਿਨ, ਇਹ ਧਰਤੀ ਦੇ ਔਰਬਿਟ ਤੋਂ ਬਾਹਰ ਹੋ ਗਿਆ ਅਤੇ ਚੰਦਰਮਾ ਵੱਲ ਆਪਣੀ ਯਾਤਰਾ ਸ਼ੁਰੂ ਕੀਤੀ। ਚੰਦਰਮਾ ਵੱਲ ਇਸ ਯਾਤਰਾ ਵਿੱਚ, ਧਰਤੀ ਦੇ ਗੁਰੂਤਾਕਰਸ਼ਣ ਤੋਂ ਵੱਖ ਹੋਣ ਨੂੰ ਲੂਨਾਰ ਟ੍ਰਾਂਸਫਰ ਟ੍ਰੈਜੈਕਟਰੀ ਕਿਹਾ ਜਾਂਦਾ ਹੈ।

ਫਿਰ ਸੱਤ ਦਿਨਾਂ ਤੱਕ ਚੰਦਰਮਾ ਵੱਲ ਸਿੱਧਾ ਸਫ਼ਰ ਕਰਨ ਤੋਂ ਬਾਅਦ, 30ਵੇਂ ਦਿਨ ਭਾਵ 20 ਅਗਸਤ ਨੂੰ ਇਹ ਚੰਦਰਮਾ ਦੇ ਔਰਬਿਟ ਵਿੱਚ ਦਾਖਲ ਹੋਇਆ।

ਚੰਦਰਮਾ ਦੇ ਗੁਰੂਤਾਕਰਸ਼ਣ ਖੇਤਰ (ਗਰੈਵੀਟੇਸ਼ਨਲ ਫੀਲਡ) ਵਿੱਚ ਇਸ ਪ੍ਰਵੇਸ਼ ਨੂੰ ਚੰਦਰ ਔਰਬਿਟ ਇਨਸਰਸ਼ਨ ਕਿਹਾ ਜਾਂਦਾ ਹੈ।

ਇੱਥੋਂ ਇਸ ਨੇ 13 ਦਿਨਾਂ ਤੱਕ ਚੰਦਰਮਾ ਦੇ ਔਰਬਿਟ ਵਿੱਚ ਚੱਕਰ ਲਗਾਏ ਅਤੇ ਅਪੋਜੀ ਨੂੰ ਘਟਾਉਂਦੇ ਹੋਏ ਚੰਦਰਮਾ 'ਤੇ ਲੈਂਡ ਕਰਨ ਦੀ ਤਿਆਰੀ ਕੀਤੀ।

ਚੰਦਰਮਾ ਦੇ ਔਰਬਿਟ ਵਿੱਚ ਦਾਖਲ ਹੋਣ ਦੇ 13ਵੇਂ ਦਿਨ, ਔਰਬਿਟ ਵਿੱਚ ਹੀ ਲੈਂਡਰ ਚੰਦਰਯਾਨ-2 ਤੋਂ ਵੱਖ ਹੋ ਗਿਆ ਅਤੇ ਚੰਦਰਮਾ ਦੀ ਸਤ੍ਹਾ ਵੱਲ ਯਾਤਰਾ ਸ਼ੁਰੂ ਕੀਤੀ। 48ਵੇਂ ਦਿਨ ਲੈਂਡਰ ਚੰਦਰਮਾ 'ਤੇ ਉਤਰਿਆ ਅਤੇ ਖੋਜ ਸ਼ੁਰੂ ਕੀਤੀ।

ਇੱਕ ਵਾਰ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਤੋਂ ਬਾਅਦ ਇਸ ਨੇ ਆਪਣੇ ਵੱਖ-ਵੱਖ ਉਪਕਰਣਾਂ ਨਾਲ ਜਾਂਚ ਸ਼ੁਰੂ ਕਰਨੀ ਸੀ ਅਤੇ ਇਹ ਜਾਣਕਾਰੀ ਧਰਤੀ 'ਤੇ ਭੇਜਣੀ ਸੀ, ਪਰ ਐਨ ਮੌਕੇ 'ਤੇ ਕੋਈ ਤਕਨੀਕੀ ਗੜਬੜੀ ਹੋ ਗਈ ਅਤੇ ਲੈਂਡਰ ਨਾਲ ਸੰਪਰਕ ਟੁੱਟ ਗਿਆ।

ਚੰਦਰਯਾਨ-3 ਦੀ ਮਿਆਦ ਘਟਾਈ ਗਈ ਹੈ

ਮੰਗਲਯਾਨ

ਤਸਵੀਰ ਸਰੋਤ, ISRO

ਤਸਵੀਰ ਕੈਪਸ਼ਨ, ਮੰਗਲਯਾਨ ਪ੍ਰੋਜੈਕਟ ਸਿਰਫ਼ 450 ਕਰੋੜ ਰੁਪਏ ਵਿੱਚ ਪੂਰਾ ਹੋਇਆ ਸੀ

ਚੰਦਰਯਾਨ-3 ਵੀ 40 ਦਿਨਾਂ ਦੀ ਯਾਤਰਾ ਤੋਂ ਬਾਅਦ ਆਪਣੀ ਮੰਜ਼ਿਲ 'ਤੇ ਪਹੁੰਚੇਗਾ। ਇਸਰੋ ਦੇ ਚੇਅਰਮੈਨ ਸੋਮਨਾਥ ਨੇ ਐਲਾਨ ਕੀਤਾ ਹੈ ਕਿ ਰਾਕੇਟ 14 ਜੁਲਾਈ ਨੂੰ ਦੁਪਹਿਰ 2:35 ਵਜੇ ਲਾਂਚ ਕੀਤਾ ਜਾਵੇਗਾ।

ਚੰਦਰਯਾਨ-3 ਦਾ ਕੋਈ ਔਰਬਿਟਰ ਨਹੀਂ ਹੈ। ਸਿਰਫ ਪ੍ਰੋਪਲਸ਼ਨ ਮੋਡੀਊਲ, ਲੈਂਡਰ ਅਤੇ ਰੋਵਰ ਮੋਡੀਊਲ ਹੀ ਸਥਾਪਿਤ ਕੀਤੇ ਗਏ ਸਨ।

ਚੰਦਰਯਾਨ-2 'ਚ ਲਾਂਚ ਕੀਤਾ ਗਿਆ ਔਰਬਿਟਰ ਤਿੰਨ ਸਾਲਾਂ ਤੋਂ ਚੰਦਰਮਾ ਦੀ ਪਰਿਕਰਮਾ ਕਰ ਰਿਹਾ ਹੈ। ਚੰਦਰਯਾਨ-3 ਨਾਲ ਲਾਂਚ ਕੀਤੇ ਜਾਣ ਵਾਲੇ ਲੈਂਡਰ ਅਤੇ ਰੋਵਰ ਮਾਡਿਊਲ ਨੂੰ ਇਸੇ ਔਰਬਿਟਰ ਦੀ ਮਦਦ ਨਾਲ ਕੰਟਰੋਲ ਕੀਤਾ ਜਾਵੇਗਾ।

ਚੰਦਰਮਾ ਦੀ ਸਤ੍ਹਾ ਵਜੋਂ ਜਾਣੇ ਜਾਂਦੇ ਰੇਗੋਲਿਥ 'ਤੇ ਲੈਂਡਰ ਦੇ ਸੁਰੱਖਿਅਤ ਉਤਰਨ ਤੋਂ ਬਾਅਦ, ਉਸ ਵਿੱਚੋਂ ਰੋਵਰ ਨਿਕਲੇਗਾ। ਇਹ ਚੰਦਰਮਾ 'ਤੇ ਘੁੰਮੇਗਾ ਅਤੇ ਮਿੱਟੀ ਦਾ ਵਿਸ਼ਲੇਸ਼ਣ ਕਰੇਗਾ।

ਇਸਰੋ ਨੇ ਘੱਟ ਤੋਂ ਘੱਟ ਈਂਧਨ ਦੀ ਖਪਤ ਨਾਲ ਸਫਲਤਾਪੂਰਵਕ ਚੰਦਰਮਾ 'ਤੇ ਪਹੁੰਚਣ ਲਈ ਇਹ ਤਰੀਕਾ ਚੁਣਿਆ ਹੈ। ਇਸ ਤਰੀਕੇ ਨਾਲ ਇਸਰੋ ਇਸ ਪ੍ਰਯੋਗ ਨੂੰ ਬਹੁਤ ਘੱਟ ਲਾਗਤ 'ਤੇ ਪੂਰਾ ਕਰ ਸਕੇਗਾ।

2008 ਵਿੱਚ, ਇਸਰੋ ਨੇ 386 ਕਰੋੜ ਰੁਪਏ ਦੀ ਲਾਗਤ ਨਾਲ ਚੰਦਰਯਾਨ-1 ਦੇ ਲਾਂਚ ਮਿਸ਼ਨ ਨੂੰ ਪੂਰਾ ਕੀਤਾ ਸੀ।

ਫਿਰ 2014 ਵਿੱਚ ਮੰਗਲ ਗ੍ਰਹਿ ਲਈ ਸ਼ੁਰੂ ਕੀਤਾ ਮੰਗਲਯਾਨ ਪ੍ਰੋਜੈਕਟ 450 ਕਰੋੜ ਰੁਪਏ ਵਿੱਚ ਪੂਰਾ ਹੋਇਆ।

ਬੀਬੀਸੀ ਸਾਇੰਸ ਨੇ ਖੁਲਾਸਾ ਕੀਤਾ ਹੈ ਕਿ ਮੰਗਲ 'ਤੇ ਨਾਸਾ ਦੁਆਰਾ ਲਾਂਚ ਕੀਤੇ ਗਏ ਯੂਐਸ ਮਾਵੇਨ ਔਰਬਿਟਰ ਦੀ ਕੀਮਤ ਇਸ ਤੋਂ ਦਸ ਗੁਣਾ ਵੱਧ ਹੈ। ਅਜਿਹੇ ਵਿੱਚ ਭਾਰਤ ਦੇ ਮੰਗਲਯਾਨ ਪ੍ਰਯੋਗ ਦੀ ਪੂਰੀ ਦੁਨੀਆਂ ਨੇ ਸ਼ਲਾਘਾ ਕੀਤੀ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਵੀ ਵਿਗਿਆਨੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਸੀ ਕਿ ਹਾਲੀਵੁੱਡ 'ਚ ਵੱਡੇ ਬਜਟ ਨਾਲ ਪੁਲਾੜ ਵਿਸ਼ੇ 'ਤੇ ਫਿਲਮਾਂ ਬਣ ਰਹੀਆਂ ਹਨ ਪਰ ਇਸਰੋ ਮੰਗਲਯਾਨ ਪ੍ਰੋਜੈਕਟ ਹਾਲੀਵੁੱਡ ਫਿਲਮਾਂ ਦੇ ਬਜਟ ਤੋਂ ਕਿਤੇ ਘੱਟ ਲਾਗਤ 'ਚ ਪੂਰਾ ਹੋ ਗਿਆ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)