ਰਹੱਸਮਈ ਬਿਮਾਰੀ ਕਾਰਨ ਹੁਣ ਤੱਕ ਇੱਕ ਪਿੰਡ ਦੇ 17 ਲੋਕਾਂ ਦੀ ਮੌਤ, ਕੀ ਨਿਊਰੋਟੌਕਸਿਨ ਕਾਰਨ ਅਜਿਹਾ ਹੋਇਆ?

ਤਸਵੀਰ ਸਰੋਤ, MAJID JAHANGIR
- ਲੇਖਕ, ਮਾਜਿਦ ਜਹਾਂਗੀਰ
- ਰੋਲ, ਬੀਬੀਸੀ ਪੱਤਰਕਾਰ
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦਾ ਬੜਹਾਲ ਪਿੰਡ ਇੱਕ ਰਹੱਸਮਈ ਬਿਮਾਰੀ ਕਾਰਨ ਸੁਰਖੀਆਂ ਵਿੱਚ ਹੈ।
ਰਾਜਧਾਨੀ ਸ਼੍ਰੀਨਗਰ ਤੋਂ 180 ਕਿਲੋਮੀਟਰ ਦੂਰ ਰਾਜੌਰੀ ਦੇ ਇਸ ਪਿੰਡ ਵਿੱਚ ਪਿਛਲੇ ਡੇਢ ਮਹੀਨੇ ਵਿੱਚ ਇੱਕ ਰਹੱਸਮਈ ਬਿਮਾਰੀ ਕਾਰਨ 17 ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਨ੍ਹਾਂ ਵਿੱਚੋਂ 12 ਬੱਚੇ ਹਨ।
ਪਰ ਪਹਿਲਾ ਕੇਸ ਛੇ ਹਫ਼ਤੇ ਪਹਿਲਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਇਸ ਬਿਮਾਰੀ ਦਾ ਅਸਲ ਕਾਰਨ ਕੀ ਹੈ?
ਸਥਾਨਕ ਲੋਕ ਡਰੇ ਹੋਏ ਹਨ ਅਤੇ ਮੌਜੂਦਾ ਸਥਿਤੀ ਦੀ ਤੁਲਨਾ ਕੋਵਿਡ-19 ਦੇ ਦੌਰਾਨ ਵਾਲੀ ਸਥਿਤੀ ਨਾਲ ਕਰ ਰਹੇ ਹਨ।
ਹਾਲਾਂਕਿ, ਰਾਜੌਰੀ ਸਰਕਾਰੀ ਮੈਡੀਕਲ ਕਾਲਜ ਦੇ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਬੀਬੀਸੀ ਨੂੰ ਦੱਸਿਆ ਕਿ ਇਹ ਬਿਮਾਰੀ ਛੂਤ ਵਾਲੀ ਨਹੀਂ ਹੈ ਅਤੇ ਇਹ ਮਹਾਂਮਾਰੀ ਵਿੱਚ ਨਹੀਂ ਬਦਲੇਗੀ।
ਅਧਿਕਾਰੀਆਂ ਅਨੁਸਾਰ, ਭੋਜਨ ਅਤੇ ਪਾਣੀ ਰਾਹੀਂ ਮਨੁੱਖੀ ਸਰੀਰ ਵਿੱਚ ਦਾਖ਼ਲ ਹੋਣ ਵਾਲੇ ਨਿਊਰੋਟੌਕਸਿਨ ਇਸ ਬਿਮਾਰੀ ਦਾ ਕਾਰਨ ਹੋ ਸਕਦੇ ਹਨ।
ਇਸ ਦੌਰਾਨ, ਰਾਜੌਰੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਨੇ ਬਿਮਾਰੀ ਦੇ ਹੋਰ ਫੈਲਣ ਨੂੰ ਰੋਕਣ ਲਈ ਬੜਹਾਲ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ।
ਸਰਕਾਰੀ ਮੈਡੀਕਲ ਕਾਲਜ, ਰਾਜੌਰੀ ਦੇ ਪ੍ਰਿੰਸੀਪਲ ਏਐੱਸ ਭਾਟੀਆ ਨੇ ਦੱਸਿਆ ਕਿ 10 ਪਿੰਡ ਵਾਸੀ ਅਜੇ ਵੀ ਬਿਮਾਰ ਹਨ।
ਇਨ੍ਹਾਂ ਵਿੱਚੋਂ ਛੇ ਲੋਕਾਂ ਨੂੰ ਰਾਜੌਰੀ ਦੇ ਇਸੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਤਿੰਨ ਮਰੀਜ਼ਾਂ ਨੂੰ ਇਲਾਜ ਲਈ ਜੰਮੂ ਅਤੇ ਇੱਕ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ।
ਸਿਹਤ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਬੜਹਾਲ ਪਿੰਡ ਵਿੱਚ ਮੌਤਾਂ 7 ਦਸੰਬਰ ਤੋਂ 19 ਜਨਵਰੀ ਦੇ ਵਿਚਕਾਰ ਹੋਈਆਂ ਹਨ।
ਇਹ ਮੌਤਾਂ ਤਿੰਨ ਸਬੰਧਤ ਪਰਿਵਾਰਾਂ ਵਿੱਚ ਹੋਈਆਂ ਹਨ। ਇਸ ਬਿਮਾਰੀ ਤੋਂ ਪੀੜਤ ਲੋਕਾਂ ਵਿੱਚ ਪਹਿਲਾਂ ਬੁਖ਼ਾਰ, ਗਲੇ ਵਿੱਚ ਖਰਾਸ਼, ਉਲਟੀਆਂ ਅਤੇ ਦਸਤ ਵਰਗੇ ਲੱਛਣ ਦਿਖਾਈ ਦਿੱਤੇ ਸਨ।
ਪਰ ਇਸ ਤੋਂ ਬਾਅਦ ਮਰੀਜ਼ ਅਚਾਨਕ ਬੇਹੋਸ਼ ਹੋਣ ਲੱਗ ਪਏ ਅਤੇ ਕੁਝ ਦੀ ਮੌਤ ਹੋ ਗਈ।

ਇਸ ਬਿਮਾਰੀ ਦੇ ਲੱਛਣ ਕੀ ਹਨ?
ਬੜਹਾਲ ਦੇ ਲੋਕਾਂ ਨੂੰ ਇਸ ਵੇਲੇ ਸਥਾਨਕ ਚਸ਼ਮੇ ਤੋਂ ਪਾਣੀ ਲੈਣ ਤੋਂ ਰੋਕ ਦਿੱਤਾ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਜਾਂਚ ਲਈ ਪਾਣੀ ਦੇ ਨਮੂਨੇ ਇਕੱਠੇ ਕੀਤੇ। ਜਾਂਚ ਦੌਰਾਨ, ਉਨ੍ਹਾਂ ਨੂੰ ਪਤਾ ਲੱਗਾ ਕਿ ਪਾਣੀ ਵਿੱਚ ਕੁਝ ਕੀਟਨਾਸ਼ਕ ਹੋ ਸਕਦੇ ਹਨ।
ਬੁੱਧਵਾਰ ਨੂੰ ਜਾਰੀ ਕੀਤੇ ਗਏ ਕੰਟੇਨਮੈਂਟ ਆਰਡਰਾਂ ਅਨੁਸਾਰ, ਬਿਮਾਰੀ ਤੋਂ ਪ੍ਰਭਾਵਿਤ ਤਿੰਨ ਪਰਿਵਾਰਾਂ ਦੇ ਘਰਾਂ ਨੂੰ ਸੀਲ ਕਰ ਦਿੱਤਾ ਜਾਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਮੁਤਾਬਕ, ਇਨ੍ਹਾਂ ਪਰਿਵਾਰਾਂ ਦੇ ਨੇੜਲੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਰਾਜੌਰੀ ਦੇ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਕੀਤਾ ਜਾਵੇਗਾ।
ਉੱਥੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾਵੇਗੀ। ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਬੜਹਾਲ ਦੇ ਲੋਕ ਸਿਰਫ਼ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭੋਜਨ ਅਤੇ ਪਾਣੀ ਦੀ ਵਰਤੋਂ ਕਰਨਗੇ।
ਇਸ ਦੇ ਨਾਲ ਹੀ ਬਿਮਾਰੀ ਨਾਲ ਸੰਕਰਮਿਤ ਪਰਿਵਾਰ ਦੀਆਂ ਸਾਰੀਆਂ ਖਾਣ-ਪੀਣ ਦੀਆਂ ਚੀਜ਼ਾਂ ਜ਼ਬਤ ਕਰ ਲਈਆਂ ਜਾਣਗੀਆਂ।
ਬੜਹਾਲ ਦੇ ਲੋਕਾਂ ਨੂੰ ਜਨਤਕ ਜਾਂ ਨਿੱਜੀ ਤੌਰ 'ਤੇ ਇੱਕ ਦੂਜੇ ਨੂੰ ਮਿਲਣ ਤੋਂ ਵੀ ਰੋਕ ਦਿੱਤਾ ਗਿਆ ਹੈ।

ਤਸਵੀਰ ਸਰੋਤ, MAJID JAHANGIR
ਕੀ ਨਿਊਰੋਟੌਕਸਿਨ ਕਾਰਨ ਹੋ ਰਹੀਆਂ ਮੌਤਾਂ?
ਇਸ ਬਿਮਾਰੀ ਦੇ ਪਹਿਲੇ ਮਾਮਲੇ ਪਿਛਲੇ ਸਾਲ 7 ਦਸੰਬਰ ਨੂੰ ਸਾਹਮਣੇ ਆਏ ਸਨ, ਪਰ ਇਸ ਦਾ ਕਾਰਨ ਇੱਕ ਰਹੱਸ ਬਣਿਆ ਹੋਇਆ ਸੀ।
ਸਰਕਾਰੀ ਮੈਡੀਕਲ ਕਾਲਜ, ਰਾਜੌਰੀ ਦੇ ਇੱਕ ਮਹਾਂਮਾਰੀ ਦੇ ਮਾਹਿਰ ਡਾਕਟਰ ਸ਼ੁਜਾ ਕਾਦਰੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਬਿਮਾਰੀ ਦੇ ਸਹੀ ਸਰੋਤ ਦਾ ਅਜੇ ਤੱਕ ਪਤਾ ਨਹੀਂ ਹੈ।
ਪਰ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਿਆ ਹੈ ਕਿ ਪ੍ਰਭਾਵਿਤ ਲੋਕਾਂ ਦੇ ਘਰਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮੌਜੂਦ ਨਿਊਰੋਟੌਕਸਿਨ ਇਸ ਦਾ ਕਾਰਨ ਹੋ ਸਕਦੇ ਹਨ।
ਉਨ੍ਹਾਂ ਕਿਹਾ, "ਹੋ ਸਕਦਾ ਹੈ ਕਿ ਪਿੰਡ ਵਾਸੀਆਂ ਨੇ ਸੰਕਰਮਿਤ ਖਾਣਾ ਇੱਕੋ ਨਾਲ ਨਹੀਂ ਸਗੋਂ ਨੂੰ ਰੁਕ-ਰੁਕ ਕੇ ਖਾਧਾ ਹੋਵੇ, ਜਿਸ ਕਾਰਨ ਮੌਤਾਂ ਵੱਖ-ਵੱਖ ਸਮੂਹਾਂ ਵਿੱਚ ਹੋਈਆਂ ਹਨ।"
ਉਨ੍ਹਾਂ ਕਿਹਾ ਕਿ ਇਹ ਬਿਮਾਰੀ ਸਥਾਨਕ ਹੈ ਅਤੇ ਇਹ ਛੂਤ ਵਾਲੀ ਨਹੀਂ ਹੈ। ਉਨ੍ਹਾਂ ਨੇ ਇਸ ਬਿਮਾਰੀ ਦੇ ਪਿੱਛੇ ਵਾਇਰਲ, ਬੈਕਟੀਰੀਆ, ਪ੍ਰੋਟੋਜੋਲ ਜਾਂ ਜ਼ੂਨੋਟਿਕ ਸੰਕਰਮਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

ਤਸਵੀਰ ਸਰੋਤ, MAJID JAHANGIR
ਸਰਕਾਰੀ ਮੈਡੀਕਲ ਕਾਲਜ ਰਾਜੌਰੀ ਦੇ ਪ੍ਰਿੰਸੀਪਲ ਡਾਕਟਰ ਏਐੱਸ ਭਾਟੀਆ ਦੇ ਅਨੁਸਾਰ, ਕੋਈ ਵੀ ਜ਼ਹਿਰੀਲਾ ਪਦਾਰਥ ਜਾਂ ਰਸਾਇਣ ਜੋ ਦਿਮਾਗ਼ੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ, ਉਸ ਨੂੰ ਨਿਊਰੋਟੌਕਸਿਨ ਕਿਹਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਜਾਣਨ ਤੋਂ ਬਾਅਦ ਕਿ ਇਹ ਬਿਮਾਰੀ ਵਾਇਰਲ ਜਾਂ ਬੈਕਟੀਰੀਆ ਦੀ ਲਾਗ ਨਹੀਂ ਹੈ, ਸਿਹਤ ਅਧਿਕਾਰੀਆਂ ਨੇ ਰਾਹਤ ਦਾ ਸਾਹ ਲਿਆ ਹੈ। ਇਸ ਦਾ ਮਤਲਬ ਹੈ ਕਿ ਕਿਸੇ ਵੀ ਮਹਾਂਮਾਰੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਜਾ ਸਕਦਾ ਹੈ।
ਡਾਕਟਰ ਭਾਟੀਆ ਨੇ ਕਿਹਾ ਕਿ 7 ਦਸੰਬਰ ਨੂੰ ਪਹਿਲੀ ਵਾਰ ਪੰਜ ਮਰੀਜ਼ ਉਲਟੀਆਂ ਅਤੇ ਦਸਤ ਤੋਂ ਪੀੜਤ ਸਨ। ਉਨ੍ਹਾਂ ਵਿੱਚ ਚਾਰ ਬੱਚੇ ਵੀ ਸਨ। ਇਨ੍ਹਾਂ ਸਾਰੇ ਲੋਕਾਂ ਨੂੰ ਤੁਰੰਤ ਰਾਜੌਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਡਾਕਟਰ ਭਾਟੀਆ ਨੇ ਕਿਹਾ, "ਪਹਿਲਾਂ ਤਾਂ ਅਸੀਂ ਸੋਚਿਆ ਕਿ ਇਹ ਫੂਡ ਪੋਇਜ਼ਨਿੰਗ ਦੇ ਮਾਮਲੇ ਹਨ। ਪਰ ਦੋ ਘੰਟਿਆਂ ਦੇ ਅੰਦਰ, ਮਰੀਜ਼ਾਂ ਦੇ ਸਰੀਰ ਵਿੱਚ ਅਜਿਹੇ ਲੱਛਣ ਦਿਖਾਈ ਦੇਣ ਲੱਗ ਪਏ, ਜੋ ਫੂਡ ਪੋਇਜ਼ਨਿੰਗ ਦੇ ਲੱਛਣਾਂ ਨਾਲ ਮੇਲ ਨਹੀਂ ਖਾਂਦੇ ਸਨ।"

ਉਨ੍ਹਾਂ ਕਿਹਾ, "ਇਨ੍ਹਾਂ ਮਰੀਜ਼ਾਂ ਦੇ ਦਿਮਾਗ ਦਾ ਸੀਟੀ ਸਕੈਨ ਕੀਤਾ ਗਿਆ। ਇਸ ਵਿੱਚ ਐਨਸੇਫਲਾਈਟਿਸ ਅਤੇ ਜ਼ਹਿਰੀਲੇ ਐਨਸੇਫੈਲੋਪੈਥੀ ਨਾਲ ਸਬੰਧਤ ਲੱਛਣ ਦੇਖੇ ਗਏ। ਮਰੀਜ਼ਾਂ ਵਿੱਚ ਦੋ ਵੱਖ-ਵੱਖ ਸ਼ੁਰੂਆਤੀ ਲੱਛਣ ਨਜ਼ਰ ਆ ਰਹੇ ਸਨ।"
ਡਾਕਟਰ ਭਾਟੀਆ ਨੇ ਕਿਹਾ, "ਕੁਝ ਮਰੀਜ਼ ਬੁਖਾਰ, ਬਹੁਤ ਜ਼ਿਆਦਾ ਪਸੀਨਾ, ਘਬਰਾਹਟ ਅਤੇ ਦਸਤ ਤੋਂ ਪੀੜਤ ਸਨ, ਜਦਕਿ ਕੁਝ ਮਰੀਜ਼ਾਂ ਨੂੰ ਗਲੇ ਵਿੱਚ ਦਰਦ ਅਤੇ ਸਾਹ ਨਲ਼ੀ ਵਿੱਚ ਪਰੇਸ਼ਾਨੀ ਆ ਰਹੀ ਸੀ।"
"ਪਰ ਬਾਅਦ ਵਿੱਚ ਉਨ੍ਹਾਂ ਸਾਰੇ ਮਰੀਜ਼ਾਂ ਵਿੱਚ ਇੱਕੋ-ਜਿਹੇ ਲੱਛਣ ਦਿਖਾਈ ਦੇਣ ਲੱਗੇ। ਉਹ ਉਨ੍ਹਾਂ ਦੇ ਸੈਂਟਰਲ ਨਰਵਸ ਸਿਸਟਮ ਨਾਲ ਜੁੜੇ ਹੋਏ ਸਨ ਕਿਉਂਕਿ ਉਹ ਅਚਾਨਕ ਬੇਹੋਸ਼ ਹੋ ਰਹੇ ਸਨ।"
ਡਾਕਟਰ ਭਾਟੀਆ ਦੇ ਅਨੁਸਾਰ, 12 ਦਸੰਬਰ ਨੂੰ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼ਾਂ ਦੇ ਦੂਜੇ ਸਮੂਹ ਵਿੱਚ ਵੀ ਪੰਜ ਲੋਕ ਸ਼ਾਮਲ ਸਨ। ਉਨ੍ਹਾਂ ਵਿੱਚ ਇੱਕ ਸਾਲ ਦਾ ਬੱਚਾ ਵੀ ਸੀ। ਪਰ ਉਹ ਠੀਕ ਹੋ ਗਏ ਸਨ। ਇਹ ਸਾਡੇ ਲਈ ਉਮੀਦ ਦੀ ਕਿਰਨ ਹੈ।

ਤਸਵੀਰ ਸਰੋਤ, MAJID JAHANGIR
ਦਹਿਸ਼ਤ ਵਿੱਚ ਲੋਕ
ਮਰਨ ਵਾਲੇ 17 ਲੋਕਾਂ ਵਿੱਚੋਂ 2 ਪੁਰਸ਼, ਇੱਕ ਔਰਤ ਅਤੇ 15 ਸਾਲ ਤੋਂ ਘੱਟ ਉਮਰ ਦੇ 14 ਬੱਚੇ ਹਨ।
ਭਾਵੇਂ ਮਹਾਂਮਾਰੀ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਪਰ ਇਸ ਰਹੱਸਮਈ ਬਿਮਾਰੀ ਨੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਹੈ।
ਇਸ ਬਿਮਾਰੀ ਕਾਰਨ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਗੁਆਉਣ ਵਾਲੇ ਮੁਹੰਮਦ ਰਫੀਕ ਨੇ ਰਾਜੌਰੀ ਹਸਪਤਾਲ ਵਿੱਚ ਬੀਬੀਸੀ ਨੂੰ ਦੱਸਿਆ ਕਿ ਬੜਹਾਲ ਦੇ ਲੋਕਾਂ ਵਿੱਚ ਇਸ ਬਿਮਾਰੀ ਦਾ ਡਰ ਫੈਲ ਗਿਆ ਹੈ।
ਬੜਹਾਲ ਦੇ ਵਸਨੀਕ ਮੁਹੰਮਦ ਇਸ਼ਾਕ ਨੇ ਸੋਮਵਾਰ ਨੂੰ ਬੀਬੀਸੀ ਉਰਦੂ ਨੂੰ ਦੱਸਿਆ ਕਿ ਪਿੰਡ ਵਾਸੀ ਇੱਕ-ਦੂਜੇ ਨੂੰ ਮਿਲਣ ਤੋਂ ਡਰ ਰਹੇ ਹਨ।
ਇਸ਼ਾਕ ਨੇ ਕਿਹਾ, "ਕੋਰੋਨਾ ਦੇ ਸਮੇਂ ਦੌਰਾਨ ਵੀ ਅਜਿਹਾ ਡਰ ਨਹੀਂ ਦਿਖਾਈ ਦਿੱਤਾ ਸੀ।"
ਹਾਲਾਂਕਿ, ਬੀਬੀਸੀ ਨਾਲ ਗੱਲ ਕਰਦੇ ਹੋਏ, ਡਾਕਟਰ ਭਾਟੀਆ ਨੇ ਕਿਹਾ ਕਿ ਇਸ ਸਥਿਤੀ ਦੀ ਤੁਲਨਾ ਕੋਵਿਡ-19 ਮਹਾਂਮਾਰੀ ਨਾਲ ਨਹੀਂ ਕੀਤੀ ਜਾ ਸਕਦੀ। ਕਿਉਂਕਿ ਇਹ ਬਿਮਾਰੀ ਫੈਲ ਨਹੀਂ ਰਹੀ ਹੈ ਅਤੇ ਨਾ ਹੀ ਇਹ ਡਾਕਟਰਾਂ ਜਾਂ ਮੈਡੀਕਲ ਸਟਾਫ ਨੂੰ ਪ੍ਰਭਾਵਿਤ ਕਰ ਰਹੀ ਹੈ।

ਤਸਵੀਰ ਸਰੋਤ, MAJID JAHANGIR
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਮੌਤਾਂ ਦੀ ਜਾਂਚ ਲਈ ਮਾਹਿਰਾਂ ਦੀ ਇੱਕ ਟੀਮ ਬਣਾਈ ਹੈ।
18 ਦਸੰਬਰ ਦੇ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੀਮ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਕਰ ਰਹੇ ਹਨ।
ਇਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ, ਰਸਾਇਣ ਅਤੇ ਖਾਦ, ਖੇਤੀਬਾੜੀ ਅਤੇ ਜਲ ਸਰੋਤ ਮੰਤਰਾਲਿਆਂ ਦੇ ਮਾਹਰ ਸ਼ਾਮਲ ਹਨ।
ਬਿਆਨ ਵਿੱਚ ਕਿਹਾ ਗਿਆ ਹੈ, "ਸਥਿਤੀ ਨੂੰ ਸੰਭਾਲਣ ਅਤੇ ਇਨ੍ਹਾਂ ਮੌਤਾਂ ਦੇ ਕਾਰਨਾਂ ਨੂੰ ਸਮਝਣ ਲਈ ਦੇਸ਼ ਦੇ ਸਭ ਤੋਂ ਵੱਕਾਰੀ ਸੰਸਥਾਨਾਂ ਦੇ ਮਾਹਿਰਾਂ ਨੂੰ ਲਗਾਇਆ ਗਿਆ ਹੈ।"
ਮਾਹਿਰਾਂ ਦੀ ਇਹ ਟੀਮ ਸੋਮਵਾਰ ਤੋਂ ਹੀ ਇਨ੍ਹਾਂ ਮੌਤਾਂ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਕੇਂਦਰ ਸ਼ਾਸਤ ਪ੍ਰਦੇਸ਼ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦੱਸਿਆ ਗਿਆ ਹੈ, "ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਇਨ੍ਹਾਂ ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਇੱਕ ਐਸਆਈਟੀ ਬਣਾਈ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












