ਕੀ ਇੱਕ ਵਾਰ ਇੰਟਰਨੈੱਟ ਉੱਤੇ ਛਪੀ ਸਮੱਗਰੀ ਡਿਲੀਟ ਹੋ ਸਕਦੀ ਹੈ ਜਾਂ ਸਦਾ ਵਾਸਤੇ ਹੀ ਰਹੇਗੀ

    • ਲੇਖਕ, ਤਨੀਸ਼ਾ ਚੌਹਾਨ
    • ਰੋਲ, ਬੀਬੀਸੀ ਪੱਤਰਕਾਰ

ਕਦੇ ਆਪਣੀਆਂ ਪੈੜਾਂ ਦੇ ਨਿਸ਼ਾਨ ਦੇਖੇ ਹਨ?

ਕਦੇ ਕਿਸੇ ਬੀਚ ਦੇ ਕਿਨਾਰੇ ਚੱਲਦੇ ਹੋਏ ਜਾਂ ਕਿਸੇ ਪਾਰਕ ਵਿੱਚ...

ਜਾਂ ਫਿਰ ਕਦੇ ਗੰਦੇ ਬੂਟਾਂ ਨਾਲ ਹੀ ਘਰ ਵਿੱਚ ਦਾਖ਼ਲ ਹੋ ਗਏ ਹੋਵੇ ਅਤੇ ਪੂਰੇ ਘਰ ਵਿੱਚ ਤੁਹਾਡੇ ਬੂਟਾਂ ਦੇ ਨਿਸ਼ਾਨ ਲੱਗ ਜਾਣ।

ਇਹ ਨਿਸ਼ਾਨ ਜਾਂ ਫੂਟਪ੍ਰਿੰਟਸ ਤਾਂ ਸ਼ਾਇਦ ਮਿਟਾਏ ਜਾ ਸਕਦੇ ਹਨ, ਪਰ ਕੀ ਤੁਸੀਂ ਆਪਣੇ ਡਿਜੀਟਲ ਫੁੱਟਪ੍ਰਿੰਟਸ ਮਿਟਾ ਸਕਦੇ ਹੋ?

ਆਖ਼ਰ ਇਹ ਡਿਜੀਟਲ ਫੁੱਟਪ੍ਰਿੰਟਸ ਕੀ ਹਨ, ਕੀ ਕਦੀ ਇਨ੍ਹਾਂ ਨੂੰ ਮੁਕੰਮਲ ਤੌਰ ਉੱਤੇ ਹਟਾਇਆ ਜਾ ਸਕਦਾ ਹੈ? ਅੱਜ ਇਸ ਬਾਰੇ ਗੱਲ ਕਰਾਂਗੇ।

ਡਿਜੀਟਲ ਫੁੱਟਪ੍ਰਿੰਟਸ ਕੀ ਹੁੰਦੇ ਹਨ?

ਕੀ ਤੁਹਾਨੂੰ ਪਤਾ ਹੈ ਕਿ ਜਦੋਂ ਤੁਸੀਂ ਕੰਪਿਉਟਰ ਜਾਂ ਕਿਸੇ ਹੋਰ ਡਿਜੀਟਲ ਡਿਵਾਈਸ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਉੱਥੇ ਵੀ ਆਪਣੀਆਂ ਪੈੜਾਂ ਦੇ ਨਿਸ਼ਾਨ ਜਾਂ ਫੁੱਟਪ੍ਰਿੰਟਸ ਛੱਡਦੇ ਹੋ।

ਬੀਬੀਸੀ ਬਾਈਟਸਾਈਜ਼ ਦੀ ਰਿਪੋਰਟ ਦੇ ਮੁਤਾਬਕ, ਤੁਸੀਂ ਇੰਟਰਨੈੱਟ ਉੱਤੇ ਕੋਈ ਵੀ ਜਦੋਂ ਗਤੀਵਿਧੀ ਕਰਦੇ ਹੋ ਤਾਂ ਤੁਹਾਡੀ ਇੱਕ ਟ੍ਰੇਲ (ਹਿਸਟਰੀ) ਬਣਦੀ ਜਾਂਦੀ ਹੈ। ਇਸ ਨੂੰ ਹੀ ਡਿਜੀਟਲ ਫੁੱਟਪ੍ਰਿੰਟ ਕਹਿੰਦੇ ਹਨ।

ਤੁਸੀਂ ਡਿਜੀਟਲ ਫੁੱਟਪ੍ਰਿੰਟ ਛੱਡਦੇ ਜਾਂਦੇ ਹੋ ਜਦੋਂ ਵੀ-

  • ਕਿਸੇ ਵੈੱਬਸਾਈਟ ਨੂੰ ਵਿਜ਼ਿਟ ਕਰਦੇ ਹੋ
  • ਕਿਸੇ ਲਿੰਕ ਨੂੰ ਕਲਿੱਕ ਕਰਦੇ ਹੋ
  • ਕਿਸੇ ਵੀਡੀਓ ਨੂੰ ਕਲਿੱਕ ਕਰਦੇ ਹੋ
  • ਆਨਲਾਈਨ ਗੇਮ ਖੇਡਦੇ ਹੋ
  • ਕਿਸੇ ਐਪ ਨੂੰ ਖ੍ਹੋਲਦੇ ਹੋ

ਇਹ ਆਮ ਫੁੱਟਪ੍ਰਿੰਟਸ ਤੋਂ ਕਾਫੀ ਵੱਖ ਹੁੰਦੇ ਹਨ ਕਿਉਂਕਿ ਇਹ ਆਪਣੇ ਆਪ ਨਹੀਂ ਮਿਟਦੇ। ਅਤੇ ਕਈ ਵਾਰ ਤਾਂ ਇਹ ਫੁੱਟਪ੍ਰਿੰਟਸ ਨਜ਼ਰ ਵੀ ਨਹੀਂ ਆਉਂਦੇ ਪਰ ਮੌਜੂਦ ਜ਼ਰੂਰ ਹੁੰਦੇ ਹਨ।

ਅਸੀਂ ਅਕਸਰ ਵੱਖ-ਵੱਖ ਵੈੱਬਸਾਈਟਾਂ 'ਤੇ ਜਾਂਦੇ ਹੈ ਜਾਂ ਐਪਸ ਡਾਊਨਲੋਡ ਕਰਦੇ ਹਾਂ ਜਾਂ ਵੈੱਬ ਬ੍ਰਾਊਜ਼ਰ

ਉੱਤੇ ਜਾ ਕੇ ਡਾਟਾ ਸਰਚ ਕਰਦੇ ਹਾਂ। ਜਦੋਂ ਵੀ ਤੁਸੀਂ ਅਜਿਹਾ ਕਰਦੇ ਹੋ ਤਾਂ ਡਿਜੀਟਲ ਫੁੱਟਪ੍ਰਿੰਟਸ ਹਿਸਟਰੀ ਦੀ ਲਿਸਟ ਵਿੱਚ ਸ਼ਾਮਲ ਹੋ ਜਾਂਦੇ ਹਨ।

ਇਹ ਫਾਇਦੇਮੰਦ ਵੀ ਹੋ ਸਕਦੇ ਹਨ। ਜਿਵੇਂ ਕਿ ਕੋਈ ਵੀਡੀਓ ਦੇਖੀ ਅਤੇ ਫਿਰ ਭੁੱਲ ਗਏ ਕਿ ਕਿਹੜੀ ਵੀਡੀਓ ਦੇਖੀ ਹੈ ਤਾਂ ਆਪਣੀ ਹਿਸਟਰੀ ਲਿਸਟ ਵਿੱਚ ਚਲੇ ਜਾਓ, ਤੁਹਾਨੂੰ ਤੁਹਾਡੀ ਦੇਖੀ ਹੋਈ ਵੀਡੀਓ ਮਿਲ ਜਾਵੇਗੀ।

ਜਾਂ ਫਿਰ ਜੇਕਰ ਤੁਸੀਂ ਆਪਣੇ ਪੜ੍ਹੇ ਆਰਟੀਕਲਸ ਨੂੰ ਮੁੜ ਪੜਨਾ ਚਾਹੁੰਦੇ ਹੋ, ਜਾਂ ਆਨਲਾਈਨ ਸ਼ੌਪਿੰਗ ਵਾਲੇ ਪੇਜ ਉੱਤੇ ਫਿਰ ਜਾਣਾ ਚਾਹੁੰਦੇ ਹੋ ਜਾਂ ਆਨਲਾਈਨ ਗੇਮ ਵਿੱਚ ਫਿਰ ਉਸੇ ਲੈਵਲ ਉੱਤੇ ਖੇਡਣਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਹਿਸਟਰੀ ਲਿਸਟ ਕਾਫੀ ਲਾਹੇਵੰਦ ਸਾਬਤ ਹੋ ਸਕਦੀ ਹੈ।

ਤੁਸੀਂ ਆਪਣੇ ਡਿਜੀਟਲ ਮਾਰਕਰ ਵੀ ਸੈੱਟ ਕਰ ਸਕਦੇ ਹੋ ਤਾਂ ਕਿ ਵਾਰ-ਵਾਰ ਪੂਰਾ ਯੂਆਰਐੱਲ ਨਾ ਭਰਨਾ ਪਵੇ ਅਤੇ ਸਿੱਧਾ ਤੁਸੀਂ ਸਾਈਟ ਉੱਤੇ ਪਹੁੰਚ ਜਾਓ। ਇਸ ਨੂੰ ਬੁੱਕ ਮਾਰਕਜ਼ ਜਾਂ ਫੇਵਰੇਟਸ ਕਹਿੰਦੇ ਹਨ।

ਅਜਿਹੇ ਵਿੱਚ ਗੱਲ ਕੁਕੀਜ਼ ਦੀ ਵੀ ਕਰਨੀ ਬਣਦੀ ਹੈ।

ਜਦੋਂ ਤੁਸੀਂ ਇੱਟਰਨੈੱਟ ਉੱਤੇ ਕੋਈ ਵੈੱਬਸਾਈਟ ਵਿਜ਼ਿਟ ਕਰਦੇ ਹੋ ਤਾਂ ਕਈ ਵਾਰ ਵੈੱਬਸਾਈਟ ਤੁਹਾਨੂੰ ਕੁਕੀਜ਼ ਬਾਰੇ ਪੁੱਛਦੀਆਂ ਹਨ। ਤੁਸੀਂ ਸਾਰੀਆਂ ਕੁਕੀਜ਼ ਜਾਂ ਲੋੜੀਂਦੀਆਂ ਕੁਕੀਜ਼ ਨੂੰ ਅਕਸੈਪਟ ਕਰਦੇ ਹੋ।

ਇਹ ਕੁਕੀਜ਼ ਡਿਜੀਟਲ ਫੁੱਟਪ੍ਰਿੰਟਸ ਦੀ ਹੀ ਇੱਕ ਕਿਸਮ ਹੈ ਜੋ ਤੁਹਾਡੇ ਬਾਰੇ ਉਸ ਜਾਣਕਾਰੀ ਨੂੰ ਸੇਵ ਕਰ ਲੈਂਦੀਆਂ ਹਨ ਜੋ ਜਾਣਕਾਰੀ ਵੈੱਬਸਾਈਟ ਨੂੰ ਤੁਹਾਡੇ ਬਾਰੇ ਚਾਹੀਦੀ ਹੁੰਦੀ ਹੈ।

ਇਹ ਜਾਣਕਾਰੀ ਤੁਹਾਡਾ ਯੂਜ਼ਰ ਨੇਮ, ਪਾਸਵਰਡ, ਕਾਰਟ ਡਿਟੇਲਸ ਜਾਂ ਆਨਲਾਈਨ ਗੇਮ ਵਿੱਚ ਤੁਸੀਂ ਕਿਸ ਪੱਧਰ ਤੱਕ ਪਹੁੰਚੇ ਹੋ, ਤੁਸੀਂ ਕਿੱਥੇ ਰਹਿੰਦੇ ਹੋ ਆਦਿ ਹੋ ਸਕਦਾ ਹੈ। ਜ਼ਿਆਦਾਤਰ ਕੁਕੀਜ਼ ਖ਼ਤਰਨਾਕ ਨਹੀਂ ਹੁੰਦੀਆਂ ਪਰ ਕੁਝ ਕੁਕੀਜ਼ ਤੁਹਾਡਾ ਆਮ ਡਾਟਾ ਸੇਵ ਕਰ ਲੈਂਦੀਆਂ ਹਨ ਅਤੇ ਤੁਹਾਨੂੰ ਕਈ ਤਰ੍ਹਾਂ ਦੇ ਇਸ਼ਤਿਹਾਰ ਜਾਂ ਸਾਈਟਾਂ ਦਿਖਾਉਂਦੀਂ ਹੈ ਜਿੱਥੋਂ ਤੁਸੀਂ ਖਰੀਦਦਾਰੀ ਕਰ ਸਕਦੇ ਹੋ।

ਸਾਨੂੰ ਜ਼ਿਆਦਾਤਰ ਆਨਲਾਈਨ ਸ਼ੌਪਿੰਗ ਜਾਂ ਗੇਮਿੰਗ ਲਈ ਆਪਣਾ ਯੂਜ਼ਰ ਅਕਾਊਂਟ ਜਾਂ ਪ੍ਰੋਫਾਈਲ ਬਣਾਉਣਾ ਪੈਂਦਾ ਹੈ।

ਇਸ ਦਾ ਮਤਲਬ ਹੈ ਕਿ ਸਾਨੂੰ ਇਹ ਸਭ ਜਾਣਕਾਰੀ ਦੇਣੀ ਪਵੇਗੀ ਜਿਵੇਂ ਕਿ-

  • ਸਾਡਾ ਨਾਮ
  • ਸਾਡੀ ਲੋਕੇਸ਼ਨ
  • ਜਨਮ ਦੀ ਤਾਰੀਖ਼
  • ਬੈਂਕ ਡੀਟੇਲਸ ਜਾਂ ਯੂਪੀਆਈ ਆਈਡੀ

ਅਤੇ ਤੁਹਾਡੀ ਇਹ ਯੂਜ਼ਰ ਅਕਾਊਂਟ ਡੀਟੇਲ ਤੁਹਾਡੇ ਡਿਜੀਟਲ ਫੁੱਟਪ੍ਰਿੰਟ ਟ੍ਰੇਲ ਵਿੱਚ ਜਮ੍ਹਾਂ ਹੋ ਜਾਂਦੀ ਹੈ।

ਜਦੋਂ ਤੁਸੀਂ ਆਨਲਾਈਨ ਗੇਮ ਖੇਡ ਰਹੇ ਹੋ ਤਾਂ ਜਿਹੜੀ ਜਾਣਕਾਰੀ ਤੁਸੀਂ ਸਾਂਝੀ ਕਰਦੀ ਹੋ, ਕੋਈ ਮੈਸੇਜ ਭੇਜਦੇ ਹੋ, ਕਿਸੇ ਫ੍ਰੈਂਡ ਦੀ ਫੋਟੋ ਉੱਤੇ ਕਮੈਂਟ ਕਰਦੇ ਹੋ, ਇਹ ਸਭ ਤੁਹਾਡੇ ਡਿਜੀਟਲ ਟ੍ਰੇਲ ਦਾ ਹਿੱਸਾ ਬਣ ਜਾਂਦੇ ਹਨ।

ਕੀ ਅਸੀਂ ਕਦੇ ਆਪਣੇ ਡਿਜੀਟਲ ਫੁੱਟਪ੍ਰਿੰਟਸ ਡਿਲੀਟ ਕਰ ਸਕਦੇ ਹਾਂ?

ਇਹ ਸਵਾਲ ਸ਼ਾਇਦ ਤੁਹਾਡੇ ਜ਼ਹਿਨ ਵਿੱਚ ਵੀ ਆਉਂਦਾ ਹੋਵੇਗਾ।

ਸਾਈਬਰ ਸੁਰੱਖਿਆ ਮਾਹਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾਕਟਰ ਪਵਨ ਦੁੱਗਲ ਕਹਿੰਦੇ ਹਨ, "ਆਨਲਾਈਨ ਤੁਸੀਂ ਜੋ ਵੀ ਪੋਸਟ ਕਰ ਦਿੱਤਾ ਜਾਂ ਜੋ ਵੀ ਤੁਹਾਡੀ ਗਤੀਵਿਧੀ ਹੈ, ਉਸ ਦਾ ਮਿਟਣਾ ਨਾ ਦੇ ਬਰਾਬਰ ਹੈ। ਇਸ ਲਈ ਤੁਸੀਂ ਆਨਲਾਈਨ ਜੋ ਵੀ ਕਰਦੇ ਹੋ, ਉਹ ਸਭ ਸੋਚ-ਸਮਝ ਕੇ ਕੀਤਾ ਜਾਣਾ ਚਾਹੀਦਾ ਹੈ।"

ਉਹ ਕਹਿੰਦੇ ਹਨ ਕਿ ਲੋਕ ਇੰਟਰਨੈੱਟ ਨੂੰ ਇੱਕ ਗੇਮ ਦੀ ਤਰ੍ਹਾਂ ਵਰਤ ਰਹੇ ਹਨ ਜਦਕਿ ਇਹ ਕਾਫੀ ਸੰਜੀਦਾ ਪਲੇਟਫਾਰਮ ਹੈ।

"ਤੁਸੀਂ ਆਪਣੇ ਕੰਪਿਊਟਰ ਤੋਂ ਜਿੰਨਾ ਵੀ ਕੰਟੈਟ ਹਟਾ ਲਵੋ, ਇੰਟਰਨੈੱਟ ਦੀ ਦੁਨੀਆਂ 'ਤੇ ਇਹ ਲੰਮੇ ਸਮੇਂ ਤੱਕ ਮੌਜੂਦ ਰਹੇਗਾ। ਕਿੱਥੋਂ ਡਾਟਾ ਡਿਲੀਟ ਹੋਇਆ ਹੈ, ਕਿੱਥੋਂ ਨਹੀਂ, ਇਹ ਸਮਝਣਾ ਬਹੁਤ ਮੁਸ਼ਕਲ ਹੈ। ਸਰਵਿਸ ਪ੍ਰੋਵਾਈਡਰ, ਕੰਪਨੀਆਂ ਅਤੇ ਸਰਕਾਰ ਕੋਲ ਇਹ ਡਾਟਾ ਸਦਾ ਲਈ ਪਹੁੰਚ ਜਾਂਦਾ ਹੈ।"

ਰਿਸਰਚਰ ਅਤੇ ਟੈਕਨੋਲੋਜਿਸਟ ਰੋਹਿਨੀ ਲਕਸ਼ਾਨੇ ਕਹਿੰਦੇ ਹਨ ਕਿ ਜਦੋਂ ਤੁਹਾਡਾ ਡਾਟਾ ਥਰਡ ਪਾਰਟੀ ਕੋਲ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਹਟਾਉਣਾ ਨਾਮੁਮਕਿਨ ਹੈ।"

"ਹਾਂ, ਇਸ ਨੂੰ ਕੁਝ ਘਟਾਇਆ ਜਾ ਸਕਦਾ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਹਟਾਉਣਾ ਤਕਰੀਬਨ ਅਸੰਭਵ ਵਰਗਾ ਹੈ। ਭਾਵੇਂ ਤੁਸੀਂ ਪੋਸਟਾਂ ਜਾਂ ਅਕਾਊਂਟ ਡਿਲੀਟ ਕਰ ਲਵੋ ਪਰ ਬੈੱਕਅਪਸ, ਲੌਗਜ਼, ਆਰਕਾਈਵਜ਼ ਜਾਂ ਸਕ੍ਰੀਨਸ਼ਾਟਸ ਨੂੰ ਡਿਲੀਟ ਕਰਨਾ ਤੁਹਾਡੀ ਪਹੁੰਚ ਤੋਂ ਬਾਹਰ ਹੈ।

ਉਹ ਕਹਿੰਦੇ ਹਨ, ਪਬਲਿਕ ਡਾਟਾਬੇਸ ਤੋਂ ਖ਼ੁਦ ਨੂੰ ਹਟਾਉਣ ਲਈ ਤੁਹਾਨੂੰ ਖ਼ੁਦ ਨੂੰ ਡਾਟਾ ਬ੍ਰੋਕਰ ਅਤੇ ਸਾਈਟਾਂ ਤੋਂ ਹਟਾਉਣਾ ਪਵੇਗਾ।

ਰੋਹਿਨੀ ਲਕਸ਼ਨੇ ਕਹਿੰਦੇ ਹਨ ਕਿ ਇਸ ਨੂੰ ਲੈ ਕੇ ਡੀਲੀਟਮੀ ਵਰਗੀਆਂ ਕਈ ਡਾਟਾ ਰਿਮੂਵਲ ਸਰਵਿਸਾਂ ਹਨ ਜਿਸ ਲਈ ਤੁਹਾਨੂੰ ਕੁਝ ਕੀਮਤ ਅਦਾ ਕਰਨੀ ਪੈ ਸਕਦੀ ਹੈ। ਇਸ ਤੋਂ ਇਲਾਵਾ ਵੀ ਕਈ ਮੈਨੇਜਮੈਂਟ ਸਰਵਸਿਸ ਹਨ ਜੋ ਤੁਹਾਡੇ ਡਾਟਾ ਨੂੰ ਹਰ ਥਾਂ ਤੋਂ ਲੱਭ ਕੇ ਹਟਵਾ ਸਕਦੀਆਂ ਹਨ।

ਤੁਹਾਡੇ ਫੁੱਟਪ੍ਰਿੰਟਸ ਕਿੰਨੀ ਦੇਰ ਤੱਕ ਰਹਿ ਸਕਦੇ ਹਨ, ਇਸ ਸਵਾਲ ਦਾ ਜਵਾਬ ਦਿੰਦਿਆਂ ਰੋਹਿਨੀ ਲਕਸ਼ਾਨੇ ਕਹਿੰਦੇ ਹਨ ਕਿ ਜ਼ਿਆਦਾਤਰ ਪਲੇਟਫਾਰਮਾਂ ਉੱਪਰ ਕੁਝ ਹਫ਼ਤਿਆਂ ਜਾਂ ਮਹੀਨਿਆਂ ਲਈ ਬੈੱਕ-ਅਪ ਦੇ ਤੌਰ ਉੱਤੇ ਡਾਟਾ ਰਹਿੰਦਾ ਹੈ ਜਦਕਿ ਕਈ ਪਲੇਟਫਾਰਮਜ਼ ਉੱਤੇ ਡਾਟਾ ਸਾਲਾਂ ਤੱਕ ਰਹਿ ਸਕਦਾ ਹੈ।

ਕਈ ਥਰਡ ਪਾਰਟੀ ਸਾਈਟਸ, ਆਰਕਾਈਵਸ ਅਤੇ ਪ੍ਰਾਈਵੇਟ ਬੈਕਅੱਪ ਸਿਸਟਮਾਂ ਉੱਤੇ ਡਾਟਾ ਤਾਂ ਹਮੇਸ਼ਾ ਲਈ ਰਹਿ ਸਕਦਾ ਹੈ।

ਡਾਟਾ ਕਿੰਨੀ ਤਰ੍ਹਾਂ ਦਾ ਹੁੰਦਾ ਹੈ

ਸਾਈਬਰ ਮਾਹਰ ਅਤੇ ਸੁਪਰੀਮ ਕੋਰਟ ਦੇ ਵਕੀਲ ਵਿਰਾਗ ਗੁਪਤਾ ਕਹਿੰਦੇ ਹਨ, "ਡਿਜੀਟਲ ਦਾ ਚੱਕਰਵਿਊ ਅਜਿਹਾ ਹੈ ਜਿਸ ਵਿੱਚ ਜਾਣਾ ਤਾਂ ਸੌਖਾ ਹੈ, ਪਰ ਉਸ ਵਿੱਚੋਂ ਨਿਕਲਣਾ ਬਹੁਤ ਔਖਾ ਹੈ।"

ਵਿਰਾਗ ਗੁਪਤਾ ਕਹਿੰਦੇ ਹਨ ਕਿ ਪਹਿਲਾਂ ਸਾਨੂੰ ਸਮਝਣਾ ਪਵੇਗਾ ਕਿ ਅਸੀਂ ਕਿੰਨੀ ਤਰ੍ਹਾਂ ਦੇ ਡਾਟਾ ਨੂੰ ਡਿਲੀਟ ਕਰ ਸਕਦੇ ਹਾਂ ਅਤੇ ਕਿਹੜਾ ਡਾਟਾ ਡਿਲੀਟ ਨਹੀਂ ਹੋ ਸਕਦਾ।

ਉਨ੍ਹਾਂ ਦੱਸਿਆ ਕਿ ਪਹਿਲਾ ਤਾਂ ਉਹ ਡਾਟਾ ਹੈ ਜਿਹੜਾ ਅਸੀਂ ਖ਼ੁਦ ਬਣਾਇਆ ਹੈ। ਜਿਵੇਂ ਕਿ ਸਾਡਾ ਸੋਸ਼ਲ ਮੀਡੀਆ ਅਕਾਊਂਟ।

"ਆਪਣਾ ਸੋਸ਼ਲ ਮੀਡੀਆ ਅਕਾਊਂਟ ਬਿਲਕੁਲ ਖਾਲੀ ਕਰਨਾ, ਉਸ ਦਾ ਸਾਰਾ ਕੰਟੈਟ ਹਟਾਉਣਾ, ਅਕਾਊਂਟ ਨੂੰ ਡਿਲੀਟ ਕਰਨਾ ਸਾਡੇ ਹੱਥ ਵਿੱਚ ਹੈ।"

"ਪਰ ਜਦੋਂ ਉਹ ਹੀ ਡਾਟਾ ਦੂਜਿਆਂ ਵੱਲੋਂ ਸ਼ੇਅਰ ਕੀਤਾ ਗਿਆ ਹੁੰਦਾ ਹੈ ਤਾਂ ਉਸ ਨੂੰ ਡਿਲੀਟ ਨਹੀਂ ਕੀਤਾ ਜਾ ਸਕਦਾ। ਜਿਵੇਂ ਸਾਡੀਆਂ ਜਿਹੜੀਆਂ ਤਸਵੀਰਾਂ ਸਾਡੇ ਦੋਸਤਾਂ ਦੇ ਅਕਾਊਂਟਸ ਉੱਤੇ ਵੀ ਸਾਂਝੀਆਂ ਕੀਤੀਆਂ ਗਈਆਂ ਹੋਣ।"

"ਦੂਸਰਾ ਹੈ ਐਪਸ ਅਤੇ ਵੈੱਬਸਾਈਟਾਂ ਉੱਤੇ ਮੌਜੂਦ ਡਾਟਾ ਜਿਸ ਨੂੰ ਤੁਸੀਂ ਤਾਂ ਆਪਣੇ ਵੱਲੋਂ ਡਿਲੀਟ ਕਰ ਦਿੱਤਾ ਪਰ ਕੰਪਨੀ ਕੋਲ ਉਹ ਡਾਟਾ ਮੌਜੂਦ ਹੈ ਅਤੇ ਉਹ ਉਸ ਨੂੰ ਵਰਤ ਰਹੀ ਹੋਵੇ।"

ਵਿਰਾਗ ਗੁਪਤਾ ਦਾ ਕਹਿਣਾ ਹੈ, "ਹੋ ਸਕਦਾ ਹੈ ਕਿ ਉਹ ਡਾਟਾ ਬਹੁਤ ਸੰਵੇਦਨਸ਼ੀਲ ਨਾ ਵੀ ਹੋਵੇ, ਤੁਹਾਨੂੰ ਉਸ ਤੋਂ ਕੋਈ ਖ਼ਤਰਾ ਮਹਿਸੂਸ ਨਾ ਹੁੰਦਾ ਹੋਵੇ ਪਰ ਉਹ ਡਾਟਾ ਕੰਪਨੀ ਕੋਲ ਮੌਜੂਦ ਹੈ।"

"ਇਸ ਦਾ ਇੱਕ ਐਂਗਲ ਮੌਤ ਤੋਂ ਬਾਅਦ ਦੇ ਡਾਟਾ ਦਾ ਵੀ ਹੋ ਸਕਦਾ ਹੈ। ਜਿਵੇਂ ਕੁਝ ਲੋਕ ਆਪਣੀ ਡਿਜੀਟਲ ਵਿਰਾਸਤ ਲਈ ਵਸੀਅਤ ਲਿਖ ਕੇ ਜਾਂਦੇ ਹਨ। ਉਹ ਚਾਹੁੰਦੇ ਹੋਣ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਜਾਂ ਉਨ੍ਹਾਂ ਨਾਲ ਜੁੜਿਆ ਡਾਟਾ ਹਟਾ ਦਿੱਤਾ ਜਾਵੇ।"

ਵਿਰਾਗ ਗੁਪਤਾ ਖ਼ਦਸ਼ਾ ਜ਼ਾਹਰ ਕਰਦੇ ਹਨ ਕਿ ਹੋ ਸਕਦਾ ਹੈ ਉਹ ਡਾਟਾ ਥਰਡ ਪਾਰਟੀਆਂ ਕੋਲ ਹੋਵੇ, ਜਿਸ ਨੂੰ ਹਟਾਉਣਾ ਬਹੁਤ ਮੁਸ਼ਕਲ ਹੈ। ਹੋ ਸਕਦਾ ਹੈ ਕਿ ਵਸੀਅਤ ਦੇ ਬਾਵਜੂਦ ਕੰਪਨੀਆਂ ਡਾਟਾ ਹਟਾਉਣ ਨੂੰ ਰਾਜ਼ੀ ਨਾ ਹੋਣ। ਅਜਿਹੇ ਵਿੱਚ ਤੁਹਾਨੂੰ ਹਾਈ ਕੋਰਟ ਜਾਂ ਕਿਸੇ ਢੁੱਕਵੀਂ ਅਥਾਰਿਟੀ ਨੂੰ ਪਹੁੰਚ ਕਰਨੀ ਪੈ ਸਕਦੀ ਹੈ।

ਵਿਰਾਗ ਗੁਪਤਾ ਤੀਜਾ ਕਾਰਨ ਦੱਸਦੇ ਹਨ – ਰਾਈਟ ਟੂ ਬੀ ਫੌਰਗੋਟਨ ਯਾਨੀ ਭੁੱਲ ਜਾਣ ਦਾ ਹੱਕ। ਜੇਕਰ ਕੋਈ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਕੁਝ ਡਾਟਾ ਪੂਰੀ ਤਰ੍ਹਾਂ ਹਰ ਪਲੇਟਫਾਰਮ ਤੋਂ ਡਿਲੀਟ ਹੋ ਜਾਵੇ।

ਉਹ ਇਸ ਦੀ ਮਿਸਾਲ ਦਿੰਦੇ ਹਨ ਕਿ ਕਿਸੇ ਵਿਅਕਤੀ ਉੱਤੇ ਕਤਲ ਜਾਂ ਰੇਪ ਦਾ ਕੇਸ ਚੱਲਿਆ। ਉਸ ਬਾਰੇ ਕਈ ਆਰਟੀਕਲ ਅਖ਼ਬਾਰਾਂ ਵਿੱਚ ਛਪੇ ਜਾਂ ਟੀਵੀ ਅਤੇ ਡਿਜੀਟਲ ਉੱਤੇ ਦਿਖਾਏ ਗਏ। ਉਹ ਵਿਅਕਤੀ ਕੁਝ ਸਾਲਾਂ ਬਾਅਦ ਅਦਾਲਤ ਵੱਲੋਂ ਬਰੀ ਹੋ ਜਾਂਦਾ ਹੈ।

"ਉਹ ਅਦਾਲਤ ਨੂੰ ਰਾਈਟ ਨੂੰ ਡਿਗਨਿਟੀ ਦਾ ਹਵਾਲਾ ਦਿੰਦਿਆਂ ਕਹਿੰਦਾ ਹੈ ਕਿ ਉਸ ਕੇਸ ਨਾਲ ਜੁੜੇ ਸਾਰੇ ਕੰਟੈਟ ਨੂੰ ਡਿਲੀਟ ਕਰਨ ਦਾ ਹੁਕਮ ਦਿੱਤਾ ਜਾਵੇ। ਹੋ ਸਕਦਾ ਹੈ ਕਿ ਅਦਾਲਤ ਨਿਰਦੇਸ਼ ਜਾਰੀ ਵੀ ਕਰ ਦੇਵੇ। ਤਾਂ ਵੀ ਇਹ ਮੁਮਕਿਨ ਨਹੀਂ ਕਿ ਸਾਰੇ ਪਾਸੀਓ ਡਾਟਾ ਡਿਲੀਟ ਹੋ ਜਾਵੇ। ਉਹ ਡਾਟਾ ਕਿਤੇ ਨਾ ਕਿਤੇ ਤਾਂ ਰਹਿ ਹੀ ਜਾਵੇਗਾ।"

ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ

  • ਵੀਪੀਐੱਨ (ਵਰਚਿਊਲ ਪ੍ਰਾਈਵੇਟ ਨੈੱਟਵਰਕ) ਤੁਹਾਡੀ ਲੋਕੇਸ਼ਨ ਨੂੰ ਬਚਾ ਸਕਦਾ ਹੈ।
  • ਐਂਟੀ ਵਾਇਰਸ ਪ੍ਰੋਗਰਾਮ ਵੀ ਡਾਟਾ ਦੀ ਸੁਰੱਖਿਆ ਵਿੱਚ ਅਹਿਮ ਭੁਮਿਕਾ ਨਿਭਾਉਂਦੇ ਹਨ।
  • ਜਿਹੜੇ ਅਕਾਊਂਟਸ ਦੀ ਵਰਤੋਂ ਤੁਸੀਂ ਨਹੀਂ ਕਰਦੇ, ਉਸ ਨੂੰ ਡਿਲੀਟ ਕਰ ਦੇਓ।
  • ਜਿਹੜੀਆਂ ਸਬਸਕ੍ਰਿਪਸ਼ਨ ਦੀ ਤੁਹਾਨੂੰ ਲੋੜ ਨਹੀਂ ਹੈ, ਉਨ੍ਹਾਂ ਤੋਂ ਆਪਣੀ ਪਰਸਨਲ ਡੀਟੇਲ, ਪੇਮੈਂਟ ਡਿਟੇਲ ਅਤੇ ਹੋਰ ਇਨਫੋਰਮੇਸ਼ਨ ਹਟਾ ਦਿਓ।
  • ਨਿੱਜੀ ਤਸਵੀਰਾਂ, ਵੀਡੀਓਜ਼ ਅਤੇ ਕਮੈਂਟਸ ਦੀ ਵਿਜ਼ੀਬਿਲਿਟੀ ਨੂੰ ਵੀ ਬਦਲਿਆ ਜਾ ਸਕਦਾ ਹੈ।
  • ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਲੌਕ ਲਗਾ ਕੇ ਰੱਖੋ ਤਾਂ ਕਿ ਤੁਹਾਡੇ ਭਰੋਸੇਮੰਦ ਲੋਕ ਹੀ ਤੁਹਾਡੀਆਂ ਆਨਲਾਈਨ ਗਤੀਵਿਧੀਆਂ ਦੇਖ ਸਕਣ।
  • ਤੁਸੀਂ ਆਪਣੇ ਪਰਸਨਲ ਅਤੇ ਪ੍ਰੋਫੈਸ਼ਨਲ ਅਕਾਊਂਟਸ ਵੱਖ-ਵੱਖ ਰੱਖੋ ਤਾਂਕਿ ਤੁਸੀਂ ਜਿੰਨੀ ਪਰਸਨਲ ਇਨਫਰਮੇਸ਼ਨ ਜਿਸ ਨੂੰ ਦਿਖਾਉਣਾ ਚਾਹੁੰਦੇ ਹੋ, ਉਨ੍ਹਾਂ ਨੂੰ ਉਨੀਂ ਹੀ ਨਜ਼ਰ ਆਏ।
  • ਪ੍ਰਾਇਵਿਸੀ ਟੂਲਸ ਦੀ ਵਰਤੋਂ ਕਰੋਂ ਜਿਵੇਂ ਕਿ ਟ੍ਰੈਕਰ-ਬਲੋਕਿੰਗ ਬ੍ਰਾਊਜ਼ਰਜ਼ ਅਤੇ ਐਕਸਟੈਨਸ਼ਨ, ਵੀਪੀਐੱਨ ਅਤੇ ਪ੍ਰਾਈਵੇਟ ਸਰਚ ਇੰਜਨ।
  • ਆਪਣੀ ਬ੍ਰਾਉਂਜ਼ਿੰਗ ਹਿਸਟਰੀ, ਕੂਕੀਜ਼, ਕੈਸ਼ਨ ਫਾਈਲਸ ਨੂੰ ਕਲੀਨ ਕਰਦੇ ਰਹੋ। ਵੱਖ-ਵੱਖ ਐਪਸ ਨੂੰ ਦਿੱਤੀਆਂ ਪਰਮਿਸ਼ਨਜ਼ (ਲੋਕੇਸ਼ਨ, ਮਾਈਕ੍ਰੋਫੋਨ, ਕਾਨਟੈਕਟ, ਫੋਟੋ) ਨੂੰ ਸਮੇਂ-ਸਮੇਂ ਸਿਰ ਰਿਵੀਊ ਕਰਦੇ ਰਹੋ।
  • ਆਪਣੀਆਂ ਐਪਸ ਉੱਤੇ ਮਲਟੀ-ਫੈਕਟਰ ਆਥੈਂਟੀਕੇਸ਼ਨ ਲਗਾਓ। ਬਹੁਤ ਅਲੱਗ ਅਤੇ ਮਜ਼ਬੂਤ ਪਾਸਵਰਡਜ਼ ਦੀ ਵਰਤੋਂ ਕਰੋ।
  • ਸਾਫਟਵੇਅਰ ਅਪਡੇਟ ਕਰਦੇ ਰਹੋ।
  • ਇਨਕ੍ਰਿਪਡਿਟ ਚੈਨਲਾਂ ਦੀ ਜ਼ਿਆਦਾ ਵਰਤੋਂ ਕਰੋ।
  • ਲਿੰਕ ਕਲਿੱਕ ਕਰਨ ਵੇਲੇ ਧਿਆਨ ਦਿਓ।
  • ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡਾ ਡਾਟਾ ਚੋਰੀ ਜਾਂ ਲੀਕ ਹੋ ਰਿਹਾ ਹੈ ਤਾਂ ਤੁਸੀਂ ਸਾਈਬਰ ਕ੍ਰਾਈਮ ਦੀ ਵੈੱਬਸਾਈਟ ਉੱਤੇ ਰਿਪੋਰਟ ਦਰਜ ਕਰ ਸਕਦੇ ਹੋ ਜਾਂ 1930 ਉੱਤੇ ਕਾਲ ਕਰ ਸਕਦੇ ਹੋ। ਸ਼ੱਕ ਹੋਣ ਉੱਤੇ ਰਿਪੋਰਟ ਜ਼ਰੂਰ ਦਰਜ ਕਰੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)