ਅਮਰੀਕਾ ਦੇ ਕੈਲੀਫੋਰਨੀਆ 'ਚ ਪਰਵਾਸੀਆਂ ਨੂੰ ਦਿੱਤੇ ਗਏ 17,000 ਵਪਾਰਕ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾ ਰਹੇ, ਇਸ ਪਿੱਛੇ ਕੀ ਕਾਰਨ ਦੱਸਿਆ ਗਿਆ

    • ਲੇਖਕ, ਐਨਾ ਫੈਗੁਏ
    • ਰੋਲ, ਬੀਬੀਸੀ ਨਿਊਜ਼

ਅਮਰੀਕਾ ਦੇ ਕੈਲੀਫੋਰਨੀਆ ਵਿੱਚ 17,000 ਵਪਾਰਕ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। ਇਹ ਫੈਸਲਾ ਇੱਕ ਆਡਿਟ ਮਗਰੋਂ ਲਿਆ ਗਿਆ ਹੈ, ਜਿਸ ਵਿੱਚ ਪਾਇਆ ਗਿਆ ਕਿ ਇਹ ਲਾਇਸੈਂਸ ਉਨ੍ਹਾਂ ਹਜ਼ਾਰਾਂ ਪਰਵਾਸੀਆਂ ਨੂੰ ਦਿੱਤੇ ਗਏ ਸਨ, ਜਿਨ੍ਹਾਂ ਨੂੰ ਹੁਣ ਕਾਨੂੰਨੀ ਤੌਰ 'ਤੇ ਅਮਰੀਕਾ 'ਚ ਰਹਿਣ ਦੀ ਆਗਿਆ ਨਹੀਂ ਹੈ।

ਉੱਥੋਂ ਦੇ ਆਵਾਜਾਈ ਵਿਭਾਗ ਨੇ ਕਿਹਾ ਕਿ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ "ਖ਼ਤਰਨਾਕ ਵਿਦੇਸ਼ੀ ਡਰਾਈਵਰਾਂ ਨੂੰ" ਉਹ ਲਾਇਸੈਂਸ "ਗੈਰ-ਕਾਨੂੰਨੀ ਤੌਰ 'ਤੇ ਜਾਰੀ" ਕੀਤੇ ਸਨ, ਅਤੇ ਲਾਇਸੈਂਸ ਪ੍ਰਾਪਤ ਕਰਨ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਲਾਇਸੈਂਸ 60 ਦਿਨਾਂ ਵਿੱਚ ਖਤਮ ਹੋ ਜਾਣਗੇ।

ਅਗਸਤ ਵਿੱਚ ਇੱਕ ਟਰੱਕ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਇਸ ਵਿੱਚ ਸ਼ਾਮਲ ਟਰੱਕ ਡਰਾਈਵਰ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ।

ਇਹ ਡਰਾਇਵਰ ਪੰਜਾਬੀ ਮੂਲ ਦੇ ਹਰਜਿੰਦਰ ਸਿੰਘ ਸੀ ਜੋ ਇਸ ਵੇਲੇ ਗ੍ਰਿਫ਼ਤਾਰ ਕੀਤਾ ਹੋਇਆ ਹੈ।

ਇਸ ਘਟਨਾ ਨੇ ਟਰੰਪ ਪ੍ਰਸ਼ਾਸਨ ਨੂੰ ਗੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਵਪਾਰਕ ਟਰੱਕਿੰਗ ਅਤੇ ਬੱਸ ਡਰਾਈਵਿੰਗ ਤੋਂ ਦੂਰ ਰੱਖਣ ਲਈ ਆਪਣੀਆਂ ਕੋਸ਼ਿਸ਼ਾਂ ਵਧਾਉਣ ਲਈ ਪ੍ਰੇਰਿਤ ਕੀਤਾ।

ਹਾਲਾਂਕਿ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਪ੍ਰਸ਼ਾਸਨ ਦੇ ਇਸ ਐਲਾਨ ਨੂੰ ਸਿਆਸੀ ਦੱਸਦਿਆਂ ਖਾਰਜ ਕਰ ਦਿੱਤਾ ਹੈ।

ਟਰੰਪ ਪ੍ਰਸ਼ਾਸਨ ਸਖ਼ਤ ਰੁਖ਼ ਅਪਣਾ ਰਿਹਾ ਹੈ

ਟਰੰਪ ਪ੍ਰਸ਼ਾਸਨ, ਕੈਲੀਫੋਰਨੀਆ ਅਤੇ ਹੋਰ ਅਜਿਹੇ ਸੂਬਿਆਂ ਦੀ ਆਲੋਚਨਾ ਕਰ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿਣ ਵਾਲੇ ਲੋਕਾਂ ਨੂੰ ਲਾਇਸੈਂਸ ਦਿੱਤੇ ਹਨ।

ਆਵਾਜਾਈ ਸਕੱਤਰ ਸੀਨ ਡਫੀ ਨੇ ਕਿਹਾ, ''ਇਹ ਤਾਂ ਵੱਡੇ ਤਸਵੀਰ ਦਾ ਮਹਿਜ਼ ਇੱਕ ਹਿੱਸਾ ਹੈ। ਮੇਰੀ ਟੀਮ ਕੈਲੀਫੋਰਨੀਆ ਨੂੰ ਇਹ ਸਾਬਤ ਕਰਨ ਲਈ ਮਜਬੂਰ ਕਰਦੀ ਰਹੇਗੀ ਕਿ ਉਨ੍ਹਾਂ ਨੇ ਸੈਮੀ-ਟਰੱਕਾਂ ਅਤੇ ਸਕੂਲ ਬੱਸਾਂ ਤੋਂ ਹਰੇਕ ਗੈਰ-ਕਾਨੂੰਨੀ ਪਰਵਾਸੀ ਨੂੰ ਹਟਾ ਦਿੱਤਾ ਹੈ।"

ਗਵਰਨਰ ਦੇ ਦਫਤਰ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ, ਉਨ੍ਹਾਂ ਕੋਲ ਕੰਮ ਕਰਨ ਲਈ ਸੰਘੀ ਸਰਕਾਰ ਤੋਂ ਵੈਧ ਅਧਿਕਾਰ ਪ੍ਰਾਪਤ ਸਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਰੱਦ ਕੀਤੇ ਜਾ ਰਹੇ ਲਾਇਸੈਂਸਾਂ ਦੀ ਮਿਆਦ ਪੁੱਗਣ ਦੀਆਂ ਤਾਰੀਖਾਂ ਗਲਤ ਸਨ ਅਤੇ ਕੈਲੀਫੋਰਨੀਆ ਦੇ ਕਾਨੂੰਨ ਦੀ ਉਲੰਘਣਾ ਕੀਤੀ ਗਈ ਸੀ - ਜਿਸ ਦੇ ਮੁਤਾਬਕ, ਅਮਰੀਕਾ ਵਿੱਚ ਕਿਸੇ ਵਿਅਕਤੀ ਦੀ ਕਾਨੂੰਨੀ ਸਥਿਤੀ ਖਤਮ ਹੋਣ 'ਤੇ ਜਾਂ ਇਸ ਤੋਂ ਪਹਿਲਾਂ ਹੀ ਲਾਇਸੈਂਸ ਦੀ ਮਿਆਦ ਖਤਮ ਹੋ ਜਾਣੀ ਚਾਹੀਦੀ ਹੈ।

ਹਾਦਸੇ ਮਗਰੋਂ ਨਵੇਂ ਨਿਯਮਾਂ ਦਾ ਐਲਾਨ

ਸਤੰਬਰ ਵਿੱਚ, ਫਲੋਰੀਡਾ ਦੇ ਉਸ ਘਾਤਕ ਹਾਦਸੇ ਤੋਂ ਇੱਕ ਮਹੀਨੇ ਬਾਅਦ, ਆਵਾਜਾਈ ਸਕੱਤਰ ਸੀਨ ਡਫੀ ਨੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਤਾਂ ਜੋ ਪਰਵਾਸੀਆਂ ਲਈ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨਾ ਮੁਸ਼ਕਲ ਹੋ ਸਕੇ।

ਉਨ੍ਹਾਂ ਨੇ ਸੂਬਿਆਂ ਤੋਂ ਮੰਗ ਕੀਤੀ ਕਿ ਉਹ ਸੰਘੀ ਡੇਟਾਬੇਸ ਵਿੱਚ ਬਿਨੈਕਾਰ ਦੇ ਇਮੀਗ੍ਰੇਸ਼ਨ ਸਬੰਧੀ ਜਾਣਕਾਰੀ ਦੇਣ ਅਤੇ ਲਾਇਸੈਂਸਾਂ ਨੂੰ ਵੱਧ ਤੋਂ ਵੱਧ ਇੱਕ ਸਾਲ ਲਈ ਵੈਧ ਹੋਣ ਲਈ ਸੀਮਤ ਕਰਨ।

ਨਵੇਂ ਨਿਯਮਾਂ ਦੇ ਆਪਣੇ ਨੋਟਿਸ ਵਿੱਚ, ਆਵਾਜਾਈ ਵਿਭਾਗ ਨੇ ਅੰਦਾਜ਼ਾ ਲਗਾਇਆ ਹੈ ਕਿ ਮੌਜੂਦਾ "ਗੈਰ-ਨਿਵਾਸੀ" (ਨਾਨ-ਡੋਮੀਸਾਇਲਡ) ਡਰਾਈਵਰਾਂ ਵਿੱਚੋਂ 97% - 194,000 ਲੋਕ - ਅਗਲੇ ਕੁਝ ਸਾਲਾਂ ਵਿੱਚ "ਮਾਲ-ਢੁਆਈ ਬਾਜ਼ਾਰ ਤੋਂ ਬਾਹਰ" ਹੋ ਜਾਣਗੇ।

ਨਾਲ ਹੀ ਵਿਭਾਗ ਨੇ ਇਹ ਵੀ ਨੋਟ ਕੀਤਾ ਹੈ ਕਿ ਦੇਸ਼ ਵਿੱਚ 3.8 ਮਿਲੀਅਨ ਵਪਾਰਕ ਡਰਾਈਵਰ ਹਨ। ਆਵਾਜਾਈ ਵਿਭਾਗ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਵੇਂ ਨਿਯਮਾਂ ਦਾ ਆਰਥਿਕ ਪ੍ਰਭਾਵ ਸੀਮਤ ਰਹੇਗਾ।

ਇੱਕ ਸੰਘੀ ਅਪੀਲ ਅਦਾਲਤ ਨੇ ਇਸ ਹਫ਼ਤੇ ਨਵੇਂ ਨਿਯਮਾਂ 'ਤੇ ਰੋਕ ਲਗਾ ਦਿੱਤੀ ਕਿਉਂਕਿ ਇੱਕ ਟਰੱਕ ਡਰਾਈਵਰ ਦੁਆਰਾ ਦਾਇਰ ਮੁਕੱਦਮਾ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਗਵਰਨਰ ਦੇ ਦਫਤਰ ਨੇ ਨੋਟ ਕੀਤਾ ਹੈ ਕਿ ਜਦੋਂ ਉਹ 17,000 ਲਾਇਸੈਂਸ ਜਾਰੀ ਕੀਤੇ ਗਏ ਸਨ, ਉਸ ਵੇਲੇ ਨਿਯਮ ਲਾਗੂ ਨਹੀਂ ਸਨ।

ਕੈਲੀਫੋਰਨੀਆ ਇਕਲੌਤਾ ਸੂਬਾ ਹੈ ਜਿੱਥੇ ਵਪਾਰਕ ਡਰਾਈਵਰ ਲਾਇਸੈਂਸਾਂ ਦਾ ਆਡਿਟ ਪੂਰਾ ਹੋ ਗਿਆ ਹੈ। ਹੋਰ ਸੂਬਿਆਂ ਦੀਆਂ ਆਡਿਟ ਰਿਪੋਰਟਾਂ ਜਲਦ ਹੀ ਜਾਰੀ ਹੋਣ ਦੀ ਉਮੀਦ ਹੈ, ਹਾਲਾਂਕਿ ਉਨ੍ਹਾਂ ਨੂੰ ਬੁੱਧਵਾਰ ਨੂੰ ਖਤਮ ਹੋਏ 43 ਦਿਨਾਂ ਦੇ ਸ਼ਟਡਾਊਨ ਕਾਰਨ ਦੇਰੀ ਹੋ ਗਈ।

ਲੌਜਿਸਟਿਕਸ ਅਤੇ ਟ੍ਰਾਂਸਪੋਰਟੇਸ਼ਨ ਕੰਪਨੀ ਫ੍ਰੀਮੋਂਟ ਕੰਟਰੈਕਟ ਕੈਰੀਅਰਜ਼ ਦੇ ਅਨੁਸਾਰ, ਕੈਲੀਫੋਰਨੀਆ - ਜੋ ਕਿ ਦੇਸ਼ ਦੀਆਂ ਦੋ ਸਭ ਤੋਂ ਵੱਡੀਆਂ ਬੰਦਰਗਾਹਾਂ ਦਾ ਘਰ ਹੈ ਅਤੇ ਇਹ ਸਭ ਤੋਂ ਵੱਡਾ ਖੇਤੀਬਾੜੀ ਉਤਪਾਦਕ ਸੂਬਾ ਵੀ ਹੈ - ਵਿੱਚ 130,000 ਤੋਂ ਵੱਧ ਟਰੱਕ ਡਰਾਈਵਰ ਰਹਿੰਦੇ ਹਨ। ਸਿਰਫ਼ ਟੈਕਸਾਸ ਸੂਬੇ ਵਿੱਚ ਹੀ ਡਰਾਈਵਰਾਂ ਦੀ ਆਬਾਦੀ ਇੱਥੋਂ ਦੇ ਮੁਕਾਬਲੇ ਜ਼ਿਆਦਾ ਹੈ।

ਅਗਸਤ ਮਹੀਨੇ 'ਚ ਵਾਪਰੇ ਹਾਦਸੇ 'ਚ ਪੰਜਾਬੀ ਮੂਲ ਦਾ ਡਰਾਈਵਰ ਗ੍ਰਿਫ਼ਤਾਰ

ਅਗਸਤ ਮਹੀਨੇ ਵਿੱਚ ਫਲੋਰੀਡਾ 'ਚ ਟਹੋਏ ਰੱਕ ਹਾਦਸੇ ਦੇ ਮਾਮਲੇ 'ਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

12 ਅਗਸਤ ਨੂੰ ਇੱਕ ਮਿੰਨੀ ਵੈਨ ਅਤੇ ਸੈਮੀ-ਟਰੱਕ ਵਿਚਕਾਰ ਟੱਕਰ ਹੋ ਗਈ ਸੀ। ਜਿਸ ਵਿੱਚ ਵੀ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੀ ਡੈਸ਼ਕੈਮ ਫੁਟੇਜ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ।

ਇਸ ਘਟਨਾ ਦੌਰਾਨ ਟਰੱਕ ਡਰਾਈਵਰ ਹਰਜਿੰਦਰ ਸਿੰਘ 'ਤੇ ਅਣਗਹਿਲੀ ਨਾਲ ਗੱਡੀ ਚਲਾਉਣ ਦੇ ਇਲਜ਼ਾਮ ਲੱਗੇ ਸਨ।

ਹਰਜਿੰਦਰ ਵੀ ਸਾਲ 2018 'ਚ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ।

ਇਸ ਹਾਦਸੇ ਮਗਰੋਂ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਦਿੱਤੇ ਜਾਣ ਦਾ ਮੁੱਦਾ ਕਾਫ਼ੀ ਚਰਚਾ ਵਿੱਚ ਆਇਆ ਸੀ।

ਅਮਰੀਕਾ ਨੇ ਵੀਜ਼ਾ 'ਤੇ ਲਾਈ ਸੀ ਰੋਕ

ਅਗਸਤ ਵਿੱਚ ਅਮਰੀਕੀ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ੇ ਜਾਰੀ ਕਰਨਾ ਰੋਕ ਦਿੱਤਾ ਸੀ। 22 ਅਗਸਤ ਨੂੰ ਅਮਰੀਕਾ ਦੇ ਸੈਕ੍ਰੇਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਐਕਸ ਉੱਤੇ ਲਿਖਿਆ ਸੀ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਵਰਕਰਜ਼ ਵੀਜ਼ੇ ਦਿੱਤੇ ਜਾਣ ਉੱਤੇ ਤੁਰੰਤ ਰੋਕ ਲਾਈ ਜਾ ਰਹੀ ਹੈ।

ਉਨ੍ਹਾਂ ਅੱਗੇ ਲਿਖਿਆ ਅਮਰੀਕਾ ਵਿੱਚ ਵਿਦੇਸ਼ੀ ਡਰਾਈਵਰਾਂ ਵੱਲੋਂ ਅਮਰੀਕੀ ਸੜਕਾਂ ਉੱਤੇ ਟਰੈਕਟਰ-ਟਰੇਲਰ ਚਲਾਏ ਜਾਣ ਦੀ ਗਿਣਤੀ ਦਾ ਵਧਣਾ ਅਮਰੀਕੀਆਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ ਅਤੇ ਅਮਰੀਕੀ ਟਰੱਕ ਡਰਾਇਵਰਾਂ ਕੋਲੋਂ ਉਨ੍ਹਾਂ ਦਾ ਰੁਜ਼ਗਾਰ ਖੁੰਝ ਰਿਹਾ ਹੈ।

ਉਸ ਸਮੇਂ ਸਟੇਟ ਡਿਪਾਰਟਮੈਂਟ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਇਹ ਰੋਕ ਇਸ ਲਈ ਲਗਾਈ ਗਈ ਹੈ ਤਾਂ ਜੋ ਅਮਰੀਕੀ ਵੀਜ਼ਾ ਜਾਰੀ ਕਰਨ ਲਈ ਵਰਤੇ ਜਾਂਦੇ ਸਕ੍ਰੀਨਿੰਗ ਅਤੇ ਜਾਂਚ ਪ੍ਰੋਟੋਕੋਲ ਦੀ ਪੂਰੀ ਅਤੇ ਵਿਸਤ੍ਰਿਤ ਸਮੀਖਿਆ ਕੀਤੀ ਜਾ ਸਕੇ।

ਅਕਤੂਬਰ 'ਚ ਵੀ ਹੋਇਆ ਅਜਿਹਾ ਹੀ ਹਾਦਸਾ

ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਲੰਘੇ ਮਹੀਨੇ ਹੋਏ ਸੜਕ ਹਾਦਸੇ ਮਾਮਲੇ ਵਿੱਚ ਵੀ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਨੇ ਜਾਣਕਾਰੀ ਦਿੱਤੀ ਸੀ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈਸੀਈ) ਨੇ ਭਾਰਤ ਤੋਂ ਆਏ ਇੱਕ ਅਪਰਾਧੀ ਗ਼ੈਰ-ਕਾਨੂੰਨੀ ਪਰਵਾਸੀ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਮੁਤਾਬਕ, ਜਸ਼ਨਪ੍ਰੀਤ ਸਿੰਘ ਕੈਲੀਫੋਰਨੀਆ ਦੇ ਸੈਨ ਬਰਨਾਰਡੀਨੋ ਕਾਉਂਟੀ ਵਿੱਚ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਇੱਕ ਹਾਦਸੇ ਲਈ ਜ਼ਿੰਮੇਵਾਰ ਹੈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਜਦਕਿ ਹੋਰ ਲੋਕ ਜ਼ਖ਼ਮੀ ਹੋਏ ਸਨ।

ਬਾਅਦ ਵਿੱਚ ਨਸ਼ੇ ਵਿੱਚ ਡਰਾਇਵਿੰਗ ਕਰਨ ਦੇ ਇਲਜ਼ਾਮ ਕੇਸ ਤੋਂ ਹਟਾ ਦਿੱਤੇ ਗਏ ਸਨ। ਸੈਨ ਬਰਨਾਰਡੀਨੋ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ 31 ਅਕਤੂਬਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਸੀ ਕਿ, "ਟੌਕਸੀਕੋਲੋਜੀ ਰਿਪੋਰਟਾਂ ਨੇ ਪੁਸ਼ਟੀ ਕੀਤੀ ਹੈ ਕਿ ਟੈਸਟ ਕੀਤੇ ਗਏ ਕਿਸੇ ਵੀ ਪਦਾਰਥ ਨੂੰ ਉਸ ਸਮੇਂ ਬਚਾਓ ਪੱਖ ਦੇ ਖੂਨ ਵਿੱਚ ਮੌਜੂਦ ਨਹੀਂ ਸੀ ਜਦੋਂ ਟੈਸਟ ਕੀਤਾ ਗਿਆ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)