ਇਮਰਾਨ ਖ਼ਾਨ: 'ਗ੍ਰਿਫ਼ਤਾਰੀ ਤੋਂ ਪਹਿਲਾਂ ਇਹ ਮੇਰਾ ਆਖ਼ਰੀ ਟਵੀਟ ਹੋ ਸਕਦਾ...ਪੁਲਿਸ ਨੇ ਮੇਰੇ ਘਰ ਨੂੰ ਘੇਰ ਲਿਆ ਹੈ'

ਤਸਵੀਰ ਸਰੋਤ, PTI
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਪੀਟੀਆਈ ਨੂੰ ਇਮਰਾਨ ਖ਼ਾਨ ਦੇ ਘਰ ਸ਼ਰਨ ਲੈ ਰਹੇ ਕਥਿਤ ਦਹਿਸ਼ਤਗਰਦਾਂ ਨੂੰ ਪੁਲਿਸ ਦੇ ਹਵਾਲੇ ਕਰਨ ਲਈ 24 ਘੰਟੇ ਦਾ ਸਮਾਂ ਦਿੱਤਾ ਹੈ।
ਪੰਜਾਬ ਦੇ ਸੂਚਨਾ ਮੰਤਰੀ ਆਮਿਰ ਮੀਰ ਦਾ ਕਹਿਣਾ ਹੈ, "ਖ਼ੂਫ਼ੀਆ ਜਾਣਕਾਰੀ ਮੁਤਾਬਕ ਫੌਜੀ ਟਿਕਾਣਿਆਂ 'ਤੇ ਹਮਲਾ ਕਰਨ ਵਾਲੇ 30 ਤੋਂ 40 ਦਹਿਸ਼ਤਗਰਦਾਂ ਨੇ ਜ਼ਮਾਨ ਪਾਰਕ ਸਥਿਤ ਇਮਰਾਨ ਖਾਨ ਦੀ ਰਿਹਾਇਸ਼ 'ਤੇ ਪਨਾਹ ਲਈ ਹੋਈ ਹੈ।"
ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੇ ਲਾਹੌਰ ਸਥਿਤ ਫੌਜ ਦੇ ਕੋਰ ਕਮਾਂਡਰ ਦੇ ਘਰ 'ਤੇ ਹਮਲਾ ਕੀਤਾ ਸੀ।
ਇਸ 'ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ।
ਪੀਟੀਆਈ ਮੁਖੀ ਨੇ ਟਵੀਟ ਕਰ ਕੇ ਦੱਸਿਆ, "ਮੇਰੀ ਅਗਲੀ ਗ੍ਰਿਫ਼ਤਾਰੀ ਤੋਂ ਪਹਿਲਾਂ ਇਹ ਮੇਰਾ ਆਖ਼ਰੀ ਟਵੀਟ ਹੋ ਸਕਦਾ ਹੈ ਕਿਉਂਕਿ ਪੁਲਿਸ ਨੇ ਮੇਰੀ ਰਿਹਾਇਸ਼ ਨੂੰ ਘੇਰ ਲਿਆ ਹੈ।"

ਤਸਵੀਰ ਸਰੋਤ, Imran Khan/Twitter
ਆਮਿਰ ਮੀਰ ਨੇ ਇਲਜ਼ਾਮ ਲਗਾਇਆ, "ਜਿਨਾਹ ਹਾਊਸ ਨੂੰ ਭੰਨ-ਤੋੜ ਕਰਨ ਵਾਲੇ ਅਤੇ ਨਸ਼ਟ ਕਰਨ ਵਾਲੇ ਦਹਿਸ਼ਤਗਰਦ ਸ਼ਰਨ ਲੈਣ ਵਾਲਿਆਂ ਵਿੱਚ ਸ਼ਾਮਲ ਹਨ।"
ਉਨ੍ਹਾਂ ਕਿਹਾ ਕਿ ਜਾਂਚ ਕਰ ਰਹੀਆਂ ਏਜੰਸੀਆਂ ਕੋਲ ਇਨ੍ਹਾਂ ਦੇ ਹਮਲਿਆਂ ਵਿੱਚ ਸ਼ਾਮਲ ਹੋਣ ਸਬੰਧੀ ਸਬੂਤ ਹਨ।
ਉਨ੍ਹਾਂ ਨੇ ਪੀਟੀਆਈ ਲੀਡਰਸ਼ਿਪ ਨੂੰ 24 ਘੰਟਿਆਂ ਅੰਦਰ ਇਨ੍ਹਾਂ ਦਹਿਸ਼ਤਗਰਦਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰਨ ਦੀ ਅਪੀਲ ਕੀਤੀ ਹੈ।
ਪੁਲਿਸ ਨੇ ਇੱਕ ਵਾਰ ਫਿਰ ਜ਼ਮਾਨ ਪਾਰਕ ਦੇ ਬਾਹਰ ਸੜਕ 'ਤੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ।

ਤਸਵੀਰ ਸਰੋਤ, PTI
ਇਮਰਾਨ ਖ਼ਾਨ ਨੇ ਕੀ ਕਿਹਾ
ਉਧਰ ਦੂਜੇ ਪਾਸੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੁਲਕ ਦੇ ਲੋਕਾਂ ਨੂੰ ਸੰਬੋਧਨ ਕੀਤਾ ਹੈ।
ਇਸ ਵਿੱਚ ਉਨ੍ਹਾਂ ਨੇ ਕਿਹਾ, "ਜੇਕਰ ਮੇਰੇ ਘਰ ਵਿੱਚ ਸੱਚਮੁੱਚ ਦਹਿਸ਼ਤਗਰਦ ਲੁਕੇ ਹੋਏ ਹਨ ਤਾਂ ਇਸ ਨਾਲ ਮੇਰੀ ਜਾਨ ਨੂੰ ਖ਼ਤਰਾ ਹੈ। ਕ੍ਰਿਪਾ ਕਰ ਕੇ ਤੁਸੀਂ 'ਤੇ ਇਸ ਦੀ ਜਾਂਚ ਕਰੋਂ ਪਰ ਆਪਣੇ ਨਾਲ ਸਰਚ ਵਾਰੰਟ ਲੈ ਕੇ ਆਉਣਾ ਨਾ ਕਿ ਧਾਵਾ ਬੋਲਣ ਆਉਣਾ।"
ਉਨ੍ਹਾਂ ਨੇ ਕਿਹਾ, "ਇਹ ਲੋਕ ਮੇਰੀ ਪ੍ਰਸਿੱਧੀ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ। ਮੁਲਕ ਵਿੱਚ ਪਿਛਲੇ ਦਿਨੀਂ ਜੋ ਔਰਤਾਂ ਨਾਲ ਸਲੂਕ ਹੋਇਆ ਅਜਿਹਾ ਪਹਿਲਾਂ ਕਦੇ ਨਹੀਂ ਦੇਖਣ ਨੂੰ ਨਹੀਂ ਮਿਲਿਆ।"
"ਇਹ ਜਾਣਬੁੱਝ ਕੇ ਚੋਣਾਂ ਨਹੀਂ ਕਰਵਾਉਣਾ ਚਾਹੁੰਦੇ ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਮੈਂ ਸੱਤਾ ਵਿੱਚ ਆ ਜਾਣਾ ਹੈ।"

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ
9 ਮਈ ਨੂੰ ਇਮਰਾਨ ਖਾਨ ਨੂੰ ਅਲ-ਕਾਦਰ ਟਰੱਸਟ ਮਾਮਲੇ ਵਿੱਚ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਨੇ ਇਸਲਾਮਾਬਾਦ ਅਦਾਲਤੀ ਕੰਪਲੈਕਸ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਸੀ।
ਇਮਰਾਨ ਖ਼ਾਨ ਕਿਸੇ ਹੋਰ ਕੇਸ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਏ ਸਨ। ਜਿਸ ਵੇਲੇ ਉਹ ਅਦਾਲਤੀ ਕੰਪਲੈਕਸ ਵਿੱਚ ਬਾਇਓਮੀਟ੍ਰਿਕ ਕਰਵਾ ਰਹੇ ਹਨ, ਉਦੋਂ ਪਾਕਿਸਤਾਨ ਰੇਂਜਰਜ਼ ਨੇ ਦੁਪਹਿਰ ਵੇਲੇ ਉਨ੍ਹਾਂ ਨੂੰ ਇਸ ਦਫ਼ਤਰ ਦੇ ਸ਼ੀਸ਼ੇ ਅਤੇ ਦਰਵਾਜ਼ੇ ਭੰਨ ਕੇ ਚੁੱਕ ਲਿਆ ਸੀ।
ਇਸ ਦੌਰਾਨ ਇਮਰਾਨ ਖ਼ਾਨ ਨੂੰ ਦੋ ਦਿਨ ਤੱਕ ਹਿਰਾਸਤ 'ਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਨੂੰ ਇੱਕ ਘੰਟੇ ਦੇ ਅੰਦਰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ।
12 ਮਈ ਨੂੰ ਸੁਪਰੀਮ ਕੋਰਟ ਨੇ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਪੁਲਿਸ ਲਾਈਨਜ਼ ਸਥਿਤ ਗੈਸਟ ਹਾਊਸ 'ਚ ਨਿਆਂਇਕ ਹਿਰਾਸਤ 'ਚ ਰੱਖਣ ਦਾ ਹੁਕਮ ਦਿੱਤਾ ਹੈ।

ਇਸ ਗ੍ਰਿਫ਼ਤਾਰੀ ਤੋਂ ਬਾਅਦ ਪੂਰੇ ਮੁਲਕ, ਖਾਸਕਰ ਲਾਹੌਰ ਵਿੱਚ ਹਿੰਸਕ ਮੁਜ਼ਾਹਰੇ ਹੋਏ ਸਨ ਜਿਸ ਵਿੱਚ ਕਈ ਲੋਕਾਂ ਦੀ ਜਾਨ ਗਈ।
ਸਮਰਥਕਾਂ ਨੇ ਦੇਰ ਰਾਤ ਲਾਹੌਰ ਸਣੇ ਕਈ ਥਾਵਾਂ ਉੱਤੇ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਖਿਲਾਫ਼ ਹਿੰਸਕ ਮੁਜ਼ਾਹਰੇ ਕੀਤੇ ਸਨ।
ਪੀਟੀਆਈ ਕਾਰਕੁਨਾਂ ਨੇ ਲਿਬਰਟੀ ਵਿੱਚ ਅਸਕਰੀ ਟਾਵਰ ਨੂੰ ਅੱਗ ਲਗਾ ਦਿੱਤੀ ਜਿਸ ਇਮਾਰਤ ਵਿੱਚ ਮਹਿੰਗੀਆਂ ਗੱਡੀਆਂ ਦੀ ਏਜੰਸੀ ਸੀ।
ਇਸ ਨਾਲ-ਨਾਲ ਲਾਹੌਰ ਵਿੱਚ ਮੁਸਲਿਮ ਲੀਗ ਐੱਨ (ਸ਼ਰੀਫ਼ ਭਰਾਵਾਂ ਦੀ ਪਾਰਟੀ) ਦੇ ਪਾਰਟੀ ਦਫ਼ਤਰ ਦੀ ਵੀ ਭੰਨਤੋੜ ਕੀਤੀ ਗਈ।
ਇਸ ਦੌਰਾਨ ਪਾਰਟੀ ਵਰਕਰਾਂ ਨੇ ਰਾਵਲਪਿੰਡੀ ਸਥਿਤ ਫੌਜ ਦੇ ਹੈੱਡਕੁਆਰਟਰ ਵਿੱਚ ਵੀ ਭੰਨ-ਤੋੜ ਕੀਤੀ। ਲਾਹੌਰ ਦੇ ਫੌਜੀ ਕੋਰ ਕਮਾਂਡਰ ਹਾਊਸ ਵਿੱਚ ਵੀ ਅੱਗ ਲਗਾ ਦਿੱਤੀ ਅਤੇ ਲੋਕਾਂ ਨੇ ਸਮਾਨ ਵੀ ਲੁੱਟਿਆ।
60 ਅਰਬ ਰੁਪਏ ਦਾ ‘ਗਬਨ’ ਕੀ ਹੈ
9 ਮਈ ਨੂੰ ਇਮਰਾਨ ਖ਼ਾਨ ਦੀ ਗ੍ਰਿਫਤਾਰੀ ਅਲ-ਕਾਦਿਰ ਟਰੱਸਟ ਕੇਸ ਵਿੱਚ ਹੋਈ ਸੀ।
ਅਲ-ਕਾਦਿਰ ਟਰੱਸਟ ਕੇਸ ਦੀ ਕਹਾਣੀ ਸ਼ੁਰੂ ਹੁੰਦੀ ਹੈ, ਦਸੰਬਰ 2019 ’ਚ, ਜਦੋਂ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਵੱਡੇ ਜਾਇਦਾਦ ਕਾਰੋਬਾਰੀ ਮਲਿਕ ਰਿਆਜ਼ ਤੋਂ 190 ਮਿਲੀਅਨ ਪਾਉਂਡ ਦੀ ਰਕਮ ਜ਼ਬਤ ਕੀਤੀ।
ਇਹ ਰਕਮ ਤਕਰੀਬਨ 60 ਅਰਬ ਪਾਕਿਸਤਾਨੀ ਰੁਪਏ ਦੀ ਬਣਦੀ ਹੈ। ਉਨ੍ਹਾਂ ਨੇ ਇਹ ਰਕਮ ਪਾਕਿਸਤਾਨ ਹਕੂਮਤ ਦੇ ਅਕਾਊਂਟ ’ਚ ਭੇਜੀ।
ਉਸ ਵੇਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਨ ਅਤੇ ਮਲਿਕ ਰਿਆਜ਼ ਨੂੰ ਬਹਰਿਆ ਟਾਊਨ ਕਰਾਚੀ ਮਾਮਲੇ ’ਚ 460 ਅਰਬ ਰੁਪਏ ਜੁਰਮਾਨਾ ਲਗਾਇਆ ਗਿਆ ਸੀ।
ਇਮਰਾਨ ਖ਼ਾਨ ਦੀ ਹਕੂਮਤ ’ਤੇ ਇਲਜ਼ਾਮ ਇਹ ਹਨ ਕਿ ਉਨ੍ਹਾਂ ਨੇ ਯੂਕੇ ਤੋਂ ਮਿਲਣ ਵਾਲੇ 50 ਅਰਬ ਰੁਪਏ ਨੂੰ ਕੌਮੀ ਖਜ਼ਾਨੇ ’ਚ ਜਮਾ ਨਹੀਂ ਕਰਵਾਇਆ ਬਲਕਿ ਉਨ੍ਹਾਂ ਨੇ ਇਨ੍ਹਾਂ ਪੈਸਿਆਂ ਨੂੰ ਉਸ ਜੁਰਮਾਨੇ ’ਚ ਅਡਜਸਟ ਕਰ ਦਿੱਤਾ, ਜੋ ਕਿ ਮਲਿਕ ਰਿਆਜ਼ ਨੇ ਅਦਾ ਕਰਨੇ ਸੀ।













