ਪਾਕਿਸਤਾਨ: 'ਕੋਰ ਕਮਾਂਡਰ ਦਾ ਮੋਰ, ਉਸ ਦਾ ਚੋਰ ਤੇ ਦੇਸ਼ ਦੇ ਹਾਲਾਤ'- ਵਲੌਗ

ਤਸਵੀਰ ਸਰੋਤ, Social Media
- ਲੇਖਕ, ਮੁਹੰਮਦ ਹਨੀਫ਼
- ਰੋਲ, ਪੱਤਰਕਾਰ ਅਤੇ ਵਿਸ਼ਲੇਸ਼ਕ
ਚੋਰ ਚਾਹੁੰਦਾ ਤਾਂ ਕੋਰ ਕਮਾਂਡਰ ਦੇ ਘਰੋਂ ਕੋਈ ਵੀ ਕੀਮਤੀ ਸਮਾਨ ਚੁੱਕ ਕੇ ਲੈ ਜਾਂਦਾ। ਉਹ ਕੰਧ 'ਤੇ ਲੱਗੀ ਘੜੀ, ਛੱਤ 'ਤੇ ਲੱਗਿਆ ਝੂਮਰ, ਰਸੋਈ 'ਚ ਪਿਆ ਡਿਨਰ ਸੈੱਟ ਲੈ ਕੇ ਜਾ ਸਕਦਾ ਸੀ। ਉਹ ਫਰਿੱਜ ਵਿੱਚ ਰੱਖਿਆ ਕੋਰਮਾ ਜਾਂ ਠੰਡੀ ਸਟ੍ਰਾਬੇਰੀ ਵੀ ਖਾ ਸਕਦਾ ਸੀ।
ਉਹ ਸੋਫ਼ੇ ਦੇ ਡਿਜ਼ਾਈਨਰ ਕੁਸ਼ਨ, ਕੰਧਾਂ 'ਤੇ ਲੱਗੀਆਂ ਕੀਮਤੀ ਪੇਂਟਿੰਗਾਂ ਜਾਂ ਫਿਰ ਕੋਰ ਕਮਾਂਡਰ ਦੇ ਘਰ ਵਿੱਚ ਲੱਗੀਆਂ ਤਲਵਾਰਾਂ, ਸਜਾਵਟੀ ਬੰਦੂਕਾਂ ਲੈ ਕੇ ਜਾ ਸਕਦਾ ਸੀ।
ਉਹ ਪੈਸੇ, ਮਹਿੰਗੇ ਅਤਰ, ਫੁੱਲਦਾਨ, ਕ੍ਰਿਸਟਲ ਦਾ ਐਸ਼ਟ੍ਰੇ, ਰੇਸ਼ਮ ਦੇ ਪਰਦੇ ਜਾਂ ਟੇਬਲ ਲੈਂਪ ਲੈ ਕੇ ਜਾ ਸਕਦਾ ਸੀ। ਉਹ ਉੱਥੇ ਲੱਗੀਆਂ ਉਹ ਤਸਵੀਰਾਂ ਵੀ ਲੈ ਸਕਦਾ ਸੀ ਜੋ ਇਤਿਹਾਸਕ ਮੌਕਿਆਂ ਦੀਆਂ ਯਾਦਗਾਰ ਸਨ।
ਪਰ ਇਹ ਸਾਰਾ ਸਮਾਨ ਉਸ ਨੇ ਲਾਹੌਰ ਵਿੱਚ ਕੋਰ ਕਮਾਂਡਰ ਦੇ ਘਰ ਦੇ ਲਾਅਨ ਵਿੱਚ ਛੱਡ ਦਿੱਤਾ। ਜੋ ਚੀਜ਼ ਉਸ ਨੇ ਚੋਰੀ ਕੀਤੀ- ਉਹ ਸੀ ਮੋਰ। ਉਸ ਨੇ ਸਾਰਾ ਸਮਾਨ ਛੱਡ ਕੇ ਮੋਰ ਨੂੰ ਚੁੱਕਿਆ ਅਤੇ ਆਪਣੇ ਨਾਲ ਲੈ ਗਿਆ।

ਤਸਵੀਰ ਸਰੋਤ, Social Media
ਜਦੋਂ ਇੱਕ ਕੈਮਰਾਮੈਨ ਨੇ ਉੱਥੇ ਇੱਕ ਵਿਅਕਤੀ ਨੂੰ ਪੁੱਛਿਆ ਕਿ 'ਤੁਸੀਂ ਕੀ ਕਰ ਰਹੇ ਹੋ' ਤਾਂ ਉਨ੍ਹਾਂ ਨੇ ਬੜੀ ਸਾਦਗੀ ਨਾਲ ਜਵਾਬ ਦਿੱਤਾ ਕਿ 'ਸਾਡੀ ਜਾਇਦਾਦ ਚੋਰੀ ਕਰ ਲਈ ਗਈ ਹੈ ਜਿਸ ਨੂੰ ਹੁਣ ਅਸੀਂ ਵਾਪਸ ਲੈ ਰਹੇ ਹਾਂ'।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ 'ਚੋਰ ਕੀ ਲੈ ਗਿਆ ਹੈ' ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ 'ਉਹ ਇੱਕ ਮੋਰ ਲੈ ਗਿਆ ਹੈ'।
ਆਸ-ਪਾਸ ਦੇ ਲੋਕਾਂ ਦਾ ਇਹੀ ਕਹਿਣਾ ਸੀ ਕਿ ਪਾਕਿਸਤਾਨ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ।
ਪਾਕਿਸਤਾਨ ਵਿੱਚ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜੋ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਹਨ, ਜਿਵੇਂ ਕਿ ਇੱਥੇ ਪ੍ਰਧਾਨ ਮੰਤਰੀ ਜੇਲ੍ਹ ਆਉਂਦੇ-ਜਾਂਦੇ ਰਹੇ ਹਨ, ਪ੍ਰਧਾਨ ਮੰਤਰੀ ਨੂੰ ਫਾਂਸੀ ਦਿੱਤੀ ਗਈ ਹੈ, ਨੇਤਾ ਸ਼ਹੀਦ ਹੁੰਦੇ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾਂਦਾ ਰਿਹਾ ਹੈ।
ਇੱਥੇ ਸਾਲਾਂ ਤੋਂ ਸਿਆਸਤਦਾਨ ਜੇਲ੍ਹਾਂ ਵਿੱਚ ਹਨ ਅਤੇ ਕਿਸੇ ਜੱਜ ਨੇ ਫ਼ੋਨ ਕਰਕੇ ਉਨ੍ਹਾਂ ਕੋਲੋਂ ਇਹ ਨਹੀਂ ਪੁੱਛਿਆ ਕਿ ਆਪਣਾ ਜੁਰਮ ਦੱਸੋ।
ਪਰ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਲੋਕਾਂ ਨੇ ਦੇਖਿਆ ਕਿ ਪਾਕਿਸਤਾਨ ਦੇ ਕੋਰ ਕਮਾਂਡਰ ਦਾ ਘਰ ਆਖ਼ਿਰਕਾਰ ਅੰਦਰੋਂ ਕਿਹੋ ਜਿਹਾ ਲੱਗਦਾ ਹੈ। ਉਨ੍ਹਾਂ ਦੇ ਘਰ ਵਿੱਚ ਕਿੰਨੀਆਂ ਤਸਵੀਰਾਂ ਹਨ, ਕਿੰਨਾ ਵੱਡਾ ਸਵੀਮਿੰਗ ਪੂਲ ਹੈ, ਕਿੰਨੇ ਦਰੱਖਤ ਹਨ ਜਿਨ੍ਹਾਂ ਨੂੰ ਸਜੀਲੇ ਢੰਗ ਨਾਲ ਛਾਂਗਿਆ ਗਿਆ ਹੈ।
ਲੋਕਾਂ ਨੂੰ ਇਹ ਵੀ ਪਤਾ ਚੱਲਿਆ ਕਿ ਕੋਰ ਕਮਾਂਡਰ ਦੇ ਘਰ ਦਾ ਅਸਲੀ ਨਾਂ 'ਜਿਨਾਹ ਹਾਊਸ' ਹੈ, ਜਿਸ ਨੂੰ ਕਦੇ ਦੇਸ਼ ਦੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਨੇ ਖਰੀਦਿਆ ਸੀ।

ਤਸਵੀਰ ਸਰੋਤ, Ihtisham Ul Haq/Twitter
ਜਮਾਤ-ਏ-ਇਸਲਾਮੀ, ਤਹਿਰੀਕ-ਏ-ਲਬੈਕ ਅਤੇ ਮੁਸਲਿਮ ਲੀਗ, ਸਾਰੇ ਹੀ ਆਪਣੇ ਆਪ ਨੂੰ ਕਾਇਦ-ਏ-ਆਜ਼ਮ ਦੇ ਅਸਲੀ ਵਾਰਿਸ ਹੋਣ ਦਾ ਦਾਅਵਾ ਕਰਦੇ ਹਨ।
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਕਾਇਦ-ਏ-ਆਜ਼ਮ-ਦੂਜੇ ਵਰਗੇ ਹਨ। ਪਰ ਵਾਰਿਸ ਉਹ ਹੁੰਦਾ ਹੈ ਜਿਸ ਨੂੰ ਕਾਇਦ-ਏ-ਆਜ਼ਮ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਪ੍ਰਾਪਤ ਹੋਵੇ।
ਲਿਹਾਜ਼ਾ, ਇਸ ਬਾਰੇ ਹੁਣ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕਾਇਦ-ਏ-ਆਜ਼ਮ ਦੇ ਅਸਲੀ ਵਾਰਿਸ ਕੌਣ ਹਨ ਅਤੇ ਇਹ ਹਨ - ਲਾਹੌਰ ਦੇ ਕੋਰ ਕਮਾਂਡਰ, ਜੋ ਕਾਇਦ-ਏ-ਆਜ਼ਮ ਦੇ ਖਰੀਦੇ ਘਰ ਵਿੱਚ ਰਹਿੰਦੇ ਹਨ।

ਤਸਵੀਰ ਸਰੋਤ, Getty Images
ਲਾਹੌਰ ਦੇ ਮੁੱਖ ਮੰਤਰੀ ਨਿਵਾਸ ਵਿੱਚ ਭਾਵੇਂ ਸ਼ਾਹਬਾਜ਼ ਸ਼ਰੀਫ਼ ਬੈਠੇ ਹੋਣ ਜਾਂ ਚੌਧਰੀ ਜਾਂ ਬੁਜ਼ਦਾਰ ਹੋਣ, ਲਾਹੌਰ ਦੇ ਅਸਲੀ ਬਾਦਸ਼ਾਹ ਤਾਂ ਕੋਰ ਕਮਾਂਡਰ ਹਨ। ਇਸ ਲਈ ਕਿਸੇ ਨੂੰ ਵੀ ਉਨ੍ਹਾਂ ਦੇ ਘਰ ਦੀ ਸ਼ਾਨ-ਓ-ਸ਼ੌਕਤ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ।
ਸਵਾਲ ਇਹ ਉੱਠਣਾ ਚਾਹੀਦਾ ਹੈ ਕਿ ਉਹ ਕਿਹੋ-ਜਿਹੇ ਦਿਆਲੂ ਰਾਜਾ ਹਨ ਜੋ ਆਪਣੇ ਘਰ ਦੀ ਰਾਖੀ ਨਹੀਂ ਕਰ ਸਕੇ ਅਤੇ ਜਿਹੜੇ ਇੰਨੇ ਬੇਦਰਦ ਹਨ ਕਿ ਉਨ੍ਹਾਂ ਨੇ ਆਪਣੇ ਪਿਆਰੇ ਮੋਰ ਨੂੰ ਚੋਰਾਂ ਦੇ ਰਹਿਮੋ-ਕਰਮ 'ਤੇ ਛੱਡ ਦਿੱਤਾ।
ਆਮ ਤੌਰ 'ਤੇ ਮੋਰ ਉਹ ਲੋਕ ਰੱਖਦੇ ਹਨ ਜੋ ਅਮੀਰ ਹੁੰਦੇ ਹਨ ਅਤੇ ਜ਼ਿਆਦਾ ਜਿਗਿਆਸੂ ਰਹਿੰਦੇ ਹਨ। ਇਹ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਘਰਾਂ ਵਿਚ ਵੱਡੇ-ਵੱਡੇ ਬਾਗ਼ ਹੁੰਦੇ ਹਨ ਅਤੇ ਇਨ੍ਹਾਂ ਬਾਗ਼ਾਂ ਵਿੱਚ ਮੋਰ ਘੁੰਮਦੇ ਦੇਖ ਕੇ ਉਨ੍ਹਾਂ ਨੂੰ ਆਪਣੇ ਛੋਟੇ-ਮੋਟੇ ਮੁਗ਼ਲ ਬਾਦਸ਼ਾਹ ਹੋਣ ਦਾ ਆਭਾਸ ਹੁੰਦਾ ਹੈ।

ਤਸਵੀਰ ਸਰੋਤ, Ihtisham Ul Haq/Twitter
ਮੋਰ, ਬਿੱਲੀ ਜਾਂ ਕੁੱਤੇ ਵਰਗਾ ਪਾਲਤੂ ਜਾਨਵਰ ਨਹੀਂ ਹੁੰਦਾ ਜੋ ਆਪਣੀ ਪੂੰਛ ਹਿਲਾ ਕੇ ਬੱਚਿਆਂ ਨਾਲ ਖੇਡਦਾ ਹੋਵੇ। ਮੋਰ ਲੋਕਾਂ ਤੋਂ ਦੂਰ-ਦੂਰ ਚੱਲਦਾ ਹੈ।
ਉਹ ਕਹਿੰਦਾ 'ਮੈਨੂੰ ਦੇਖੋ, ਮੈਂ ਕਿੰਨਾ ਸੋਹਣਾ ਹਾਂ।' ਜਦੋਂ ਮੋਰ ਚੰਗੇ ਮੂਡ ਵਿੱਚ ਹੁੰਦਾ ਹੈ, ਤਾਂ ਉਹ ਆਪਣੇ ਖੰਭ ਫੈਲਾਉਂਦਾ ਹੈ ਅਤੇ ਅਸਮਾਨ ਨੂੰ ਢੱਕ ਦਿੰਦਾ ਹੈ।
ਕੋਰ ਕਮਾਂਡਰ ਦਾ ਜਿਹੜਾ ਮੋਰ ਚੋਰ ਚੁੱਕ ਕੇ ਲੈ ਗਿਆ, ਉਹ ਸ਼ਾਂਤ ਸੁਭਾਅ ਦਾ ਸੀ। ਜੇ ਕਦੇ ਘਰ ਨੂੰ ਅੱਗ ਲੱਗੀ ਹੁੰਦੀ, ਲੋਕਾਂ ਨੇ ਘਰ ਦੀ ਭੰਨਤੋੜ ਕੀਤੀ ਹੁੰਦੀ, ਲੋਕਾਂ ਦੀ ਭੀੜ ਉੱਥੇ ਨਾਅਰੇ ਲਗਾਉਂਦੀ, ਤਾਂ ਸ਼ਾਇਦ ਮੋਰ ਰੌਲਾ ਪਾਉਣਾ ਸਿੱਖ ਜਾਂਦਾ, ਪਰ ਮੋਰ ਨੇ ਕੋਰ ਕਮਾਂਡਰ ਦੇ ਘਰ ਦੇ ਬਾਗ਼ ਵਿੱਚ ਕਦੇ ਇਹ ਸਭ ਸੁਣਿਆ ਹੀ ਨਹੀਂ।
ਹੋ ਸਕਦਾ ਹੈ ਕਿ ਚੋਰ ਆਪਣੇ ਬਾਰੇ ਇਹ ਸੋਚ ਰਿਹਾ ਹੋਵੇ ਕਿ ਉਹ ਕੋਈ ਮਸੀਹਾ ਹੈ ਜੋ ਮੋਰ ਨੂੰ ਕੈਦ ਵਿੱਚੋਂ ਕੱਢ ਕੇ ਉਸ ਦੀ ਜਾਨ ਬਚਾ ਰਿਹਾ ਹੈ। ਚਿਹਰੇ 'ਤੇ ਮਾਸਕ ਪਹਿਨੇ ਇਹ ਚੋਰ ਬੇਕਸੂਰ ਅਤੇ ਜ਼ਿੰਮੇਵਾਰ ਨਜ਼ਰ ਆਉਂਦਾ ਹੈ।
ਉਹ ਜ਼ਰੂਰ ਇੱਕ ਨਰਮ ਦਿਲ ਵਿਅਕਤੀ ਹੋਵੇਗਾ ਜੋ ਮਹਿਲ ਵਰਗੇ ਘਰ ਤੋਂ ਮਹਿੰਗੀਆਂ ਚੀਜ਼ਾਂ ਚੁੱਕਣ ਦੀ ਬਜਾਏ ਆਪਣੀ ਗੋਦੀ ਵਿੱਚ ਸਿਰਫ਼ ਇੱਕ ਮੋਰ ਲੈ ਕੇ ਨਿਕਲ ਗਿਆ।

ਤਸਵੀਰ ਸਰੋਤ, Raftar/Twitter
ਇਸ ਸਮੇਂ ਪਾਕਿਸਤਾਨ ਦੀਆਂ ਅਦਾਲਤਾਂ ਵਿੱਚ ਭ੍ਰਿਸ਼ਟਾਚਾਰ ਦੇ ਹਜ਼ਾਰਾਂ ਕੇਸ ਚੱਲ ਰਹੇ ਹਨ। ਕੋਰ ਕਮਾਂਡਰ ਦੇ ਘਰ 'ਚ ਦਾਖਲ ਹੋ ਕੇ ਦੰਗਾ ਕਰਨ ਵਾਲਿਆਂ ਨੂੰ ਵੀ ਅੱਤਵਾਦੀ ਕਿਹਾ ਜਾ ਰਿਹਾ ਹੈ। ਪਰ ਉਹ ਸਪੱਸ਼ਟ ਤੌਰ 'ਤੇ ਇਨਕਲਾਬ ਲਿਆਉਣ ਲਈ ਨਿਕਲਿਆ ਸੀ।
ਜਿੱਥੇ ਕੁਝ ਲੋਕ ਲਾਹੌਰੀਆਂ ਦੀ ਤਾਰੀਫ਼ ਕਰ ਰਹੇ ਹਨ ਕਿ ਉਨ੍ਹਾਂ ਨੇ ਉਹ ਕਰ ਦਿਖਾਇਆ ਜੋ ਬਲੋਚ ਅਤੇ ਸਿੰਧੀ ਕਦੇ ਨਹੀਂ ਕਰ ਸਕੇ, ਉੱਥੇ ਹੀ ਕੁਝ ਲੋਕ ਲਾਹੌਰੀਆਂ ਨੂੰ ਤਾਅਨੇ ਮਾਰ ਰਹੇ ਹਨ ਕਿ ਜੇਕਰ ਅਜਿਹਾ ਕੰਮ ਕਿਸੇ ਗੈਰ-ਪੰਜਾਬੀ ਨੇ ਕੀਤਾ ਹੁੰਦਾ ਤਾਂ ਅੱਜ ਸੜਕਾਂ 'ਤੇ ਲਾਸ਼ਾਂ ਪਈਆਂ ਹੁੰਦੀਆਂ।
ਪਰ ਇਨ੍ਹਾਂ ਸਾਰੀਆਂ ਚਰਚਾਵਾਂ ਦੇ ਵਿਚਕਾਰ ਮੇਰਾ ਸਰੋਕਾਰ ਸਿਰਫ਼ ਮੋਰ ਅਤੇ ਮੋਰ ਦੇ ਚੋਰ ਤੋਂ ਹੈ।
ਮੈਂ ਸੋਚ ਰਿਹਾ ਹਾਂ ਕਿ ਕੀ ਮੋਰ ਨੂੰ ਉਸ ਦੇ ਨਵੇਂ ਘਰ ਵਿੱਚ ਸਹੀ ਖਾਣਾ ਮਿਲੇਗਾ, ਕੀ ਉਹ ਉੱਥੇ ਆਰਾਮ ਨਾਲ ਰਹਿ ਸਕੇਗਾ ਕਿਉਂਕਿ ਮੈਨੂੰ ਯਕੀਨ ਹੈ ਕਿ ਉਸ ਦਾ ਨਵਾਂ ਘਰ ਕੋਰ ਕਮਾਂਡਰ ਦੇ ਘਰ ਨਾਲੋਂ ਬਹੁਤ ਛੋਟਾ ਹੋਵੇਗਾ। ਮੈਨੂੰ ਮੋਰ ਦੀ ਚਿੰਤਾ ਜ਼ਿਆਦਾ ਹੈ।

ਤਸਵੀਰ ਸਰੋਤ, Getty Images
ਇੱਕ ਸੜਦੇ ਹੋਏ ਘਰ 'ਚੋਂ ਕਿਸੇ ਜਾਨਵਰ ਨੂੰ ਬਚਾਉਣ ਲਈ ਉਸ ਚੋਰ ਦੀ ਪ੍ਰਸ਼ੰਸਾ ਤਾਂ ਕੀਤੀ ਹੀ ਜਾਣੀ ਚਾਹੀਦੀ ਹੈ, ਪਰ ਮੈਨੂੰ ਸ਼ੱਕ ਹੈ ਕਿ ਉਸ ਚੋਰ ਨੇ ਪਹਿਲਾਂ ਕਦੇ ਪੁਲਿਸ ਥਾਣਾ ਨਹੀਂ ਦੇਖਿਆ ਹੋਵੇਗਾ ਅਤੇ ਫ਼ਿਲਹਾਲ ਪੁਲਿਸ ਉਸ ਦੀ ਭਾਲ਼ ਵਿੱਚ ਲੱਗੀ ਹੋਵੇਗੀ।
ਰਹੀ ਪੁਲਿਸ ਦੀ ਗੱਲ ਤਾਂ ਉਨ੍ਹਾਂ ਨੇ ਵੀ ਸਿਰਫ਼ ਫ਼ਿਲਮਾਂ ਵਿੱਚ ਹੀ ਪੁਲਿਸ ਦੀ ਵਰਦੀ ਦੇਖੀ ਹੋਣੀ। ਪਰ ਚੋਰ ਦਾ ਹੁਣ ਕੀ ਭਵਿੱਖ ਹੋਵੇਗਾ?
ਪਾਕਿਸਤਾਨ ਵਿੱਚ ਕਿਸੇ ਨੂੰ ਇਮਰਾਨ ਖ਼ਾਨ ਦੀ ਜਾਨ ਦੀ ਚਿੰਤਾ ਹੈ, ਕਿਸੇ ਨੂੰ ਸਰਕਾਰ ਦੇ ਭਵਿੱਖ ਦੀ ਚਿੰਤਾ ਤਾਂ ਕਿਸੇ ਨੂੰ ਉਨ੍ਹਾਂ ਕੋਰ ਕਮਾਂਡਰ ਦੇ ਘਰ ਦੀ ਚਿੰਤਾ ਹੈ, ਜਿਨ੍ਹਾਂ ਦਾ ਘਰ ਸੜ ਚੁੱਕਿਆ ਹੈ।
ਪਰ ਮੈਨੂੰ ਜੇ ਚਿੰਤਾ ਹੈ ਤਾਂ ਉਹ ਮੋਰ ਅਤੇ ਮੋਰ ਦੇ ਚੋਰ ਦੀ। ਅੱਜ ਦੇ ਸਾਡੇ ਸੜਦੇ ਹੋਏ ਘਰ ਵਿੱਚ ਇਹੀ ਦੋਵੇਂ ਉਮੀਦ ਦੀ ਕਿਰਨ ਹਨ।
ਦੇਸ਼ ਵਿੱਚ ਕ੍ਰਾਂਤੀ ਲਿਆਉਣੀ ਹੈ ਤਾਂ ਲਿਆਓ, ਚੋਣਾਂ ਕਰਾਉਣੀਆਂ ਹਨ ਤਾਂ ਕਰਾਓ, ਪਰ ਮੋਰ ਅਤੇ ਮੋਰ ਚੋਰ ਨੂੰ ਇੱਕਲਿਆਂ ਨਾ ਛੱਡਣਾ।












