ਪਾਕਿਸਤਾਨ : 'ਡਰਟੀ ਹੈਰੀ' ਕੌਣ ਹੈ, ਜਿਸ ਨੂੰ ਆਪਣੀ 'ਜਾਨ ਦਾ ਦੁਸ਼ਮਣ' ਦੱਸਦੇ ਹਨ ਇਮਰਾਨ ਖ਼ਾਨ

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਰਾਨ ਖ਼ਾਨ 'ਡਰਟੀ ਹੈਰੀ' ਨੂੰ ਆਪਣੀ ਹੱਤਿਆ ਦੀ ਸਾਜ਼ਿਸ਼ ਕਰਨ ਵਾਲਾ ਕਰਾਰ ਦਿੰਦੇ ਹਨ
    • ਲੇਖਕ, ਸ਼ੁਮਾਇਲਾ ਜਾਫ਼ਰੀ
    • ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ ਤੋਂ

ਪਾਕਿਸਤਾਨ ਦੇ ਸਿਆਸੀ ਹਲਕਿਆਂ 'ਚ ਇਨ੍ਹੀਂ ਦਿਨੀਂ 'ਡਰਟੀ ਹੈਰੀ' ਦੀ ਕਾਫੀ ਚਰਚਾ ਹੈ। ਪਾਕਿਸਤਾਨ ਦੀ ਸਿਆਸਤ ਵਿੱਚ ਇਸ ਮੁਹਾਵਰੇ ਦੀ ਐਂਟਰੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਸ ਵੇਲੇ ਕਰਵਾਈ ਸੀ, ਜਦੋਂ ਉਨ੍ਹਾਂ ਦੇ ਕੁਝ ਕਰੀਬੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਮਰਾਨ ਖ਼ਾਨ ਨੇ ਆਪਣੀ ਇੱਕ ਰੈਲੀ ਵਿੱਚ ਕਿਹਾ ਸੀ ਕਿ ਇਸਲਾਮਾਬਾਦ ਵਿੱਚ ਇੱਕ 'ਡਰਟੀ ਹੈਰੀ' ਨੂੰ ਤੈਨਾਤ ਕੀਤਾ ਗਿਆ ਹੈ, ਤਾਂ ਜੋ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੂੰ ਸਬਕ ਸਿਖਾਇਆ ਜਾ ਸਕੇ।

ਪਿਛਲੇ ਸਾਲ ਅਪ੍ਰੈਲ 'ਚ ਇਮਰਾਨ ਖ਼ਾਨ ਨੂੰ ਸਰਕਾਰ ਤੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਤੋਂ ਹੀ ਤਹਿਰੀਕ-ਏ-ਇਨਸਾਫ਼ ਨੇ ਉਸ ਦੇ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ।

ਇਮਰਾਨ ਖ਼ਾਨ ਦੀ ਪਾਰਟੀ ਦਾ ਇਲਜ਼ਾਮ ਹੈ ਕਿ ਇਮਰਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਲਈ ਪਾਕਿਸਤਾਨ ਦੀ ਮੌਜੂਦਾ ਗੱਠਜੋੜ ਸਰਕਾਰ, ਫੌਜ ਅਤੇ ਅਮਰੀਕਾ ਨੇ ਮਿਲ ਕੇ ਸਾਜ਼ਿਸ਼ ਰਚੀ ਅਤੇ ਇਮਰਾਨ ਨੂੰ ਬੇਭਰੋਸਗੀ ਮਤਾ ਪਾਸ ਕਰਕੇ ਸੱਤਾ ਤੋਂ ਬਾਹਰ ਕਰ ਦਿੱਤਾ।

ਕੌਣ ਹੈ 'ਡਰਟੀ ਹੈਰੀ'?

ਕਲਿੰਟ ਈਸਟਵੁੱਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਰਟੀ ਹੈਰੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਕਲਿੰਟ ਈਸਟਵੁੱਡ

ਅਸਲ ਵਿੱਚ ਤਾਂ 'ਡਰਟੀ ਹੈਰੀ' ਹਾਲੀਵੁੱਡ ਫ਼ਿਲਮਾਂ ਦੀ ਇੱਕ ਸੀਰੀਜ਼ ਦਾ ਪਾਤਰ ਸੀ, ਜਿਸ ਦੇ ਕਿਰਦਾਰ ਨੂੰ ਅਦਾਕਾਰ ਕਲਿੰਟ ਈਸਟਵੁੱਡ ਨੇ ਨਿਭਾਇਆ ਸੀ।

ਇਨ੍ਹਾਂ ਫ਼ਿਲਮਾਂ ਵਿੱਚ ਇਸ ਕਿਰਦਾਰ ਦਾ ਨਾਂ ਇੰਸਪੈਕਟਰ ਹੈਰੋਲਡ ਫਰਾਂਸਿਸ ਸ਼ਾਲਨ ਹੈ, ਜਿਸ ਨੂੰ ਡਰਟੀ ਹੈਰੀ ਦਾ ਖ਼ਿਤਾਬ ਦਿੱਤਾ ਗਿਆ ਸੀ।

ਡਰਟੀ ਹੈਰੀ ਦਾ ਅਕਸ ਇੱਕ ਐਂਟੀ-ਹੀਰੋ ਕਿਸਮ ਦੇ ਪੁਲਿਸ ਅਫ਼ਸਰ ਦਾ ਸੀ, ਜੋ ਅਪਰਾਧੀਆਂ ਨਾਲ ਆਪਣੇ ਢੰਗ ਦਾ ਨਿਆਂ ਕਰਨ ਲਈ ਆਪਣੀਆਂ ਪੇਸ਼ੇਵਰ ਅਤੇ ਕਾਨੂੰਨੀ ਹੱਦਾਂ ਨੂੰ ਪਾਰ ਕਰਨ ਤੋਂ ਝਿਜਕਦਾ ਨਹੀਂ ਸੀ।

ਡਰਟੀ ਹੈਰੀ ਦਾ ਇਹ ਕਿਰਦਾਰ ਬਹੁਤ ਮਸ਼ਹੂਰ ਹੋਇਆ ਸੀ ਅਤੇ ਅਮਰੀਕਾ ਵਿੱਚ ਇੱਕ ਮਸ਼ਹੂਰ ਸੱਭਿਆਚਾਰਕ ਆਈਕਨ ਬਣ ਗਿਆ ਸੀ।

ਬਾਅਦ ਦੇ ਦਿਨਾਂ ਵਿੱਚ, 'ਡਰਟੀ ਹੈਰੀ' ਦਾ ਜੁਮਲਾ ਉਨ੍ਹਾਂ ਪੁਲਿਸ ਵਾਲਿਆਂ ਲਈ ਵਰਤਿਆ ਜਾਣ ਲੱਗਿਆ ਜੋ ਬੇਰਹਿਮ ਅਤੇ ਬੇਲਗਾਮ ਸਨ।

ਇਮਰਾਨ ਖ਼ਾਨ ਦਾ ਡਰਟੀ ਹੈਰੀ ਕੌਣ

ਕਲਿੰਟ ਈਸਟਵੁੱਡ

ਤਸਵੀਰ ਸਰੋਤ, SILVER SCREEN COLLECTION/GETTY IMAGES

ਤਸਵੀਰ ਕੈਪਸ਼ਨ, ਅਸਲ ਵਿੱਚ ਤਾਂ 'ਡਰਟੀ ਹੈਰੀ' ਹਾਲੀਵੁੱਡ ਫ਼ਿਲਮਾਂ ਦੀ ਇੱਕ ਸੀਰੀਜ਼ ਦਾ ਪਾਤਰ ਸੀ

ਹਾਲਾਂਕਿ, ਇਮਰਾਨ ਖ਼ਾਨ ਇਸ ਸ਼ਬਦ ਦਾ ਇਸਤੇਮਾਲ ਇੱਕ ਮੌਜੂਦਾ ਆਈਐਸਆਈ ਦੇ ਮੌਜੂਦਾ ਜਨਰਲ ਲਈ ਕਰਦੇ ਹਨ।

ਇਮਰਾਨ ਖ਼ਾਨ ਨੇ ਵਾਰ-ਵਾਰ ਆਈਐਸਆਈ ਦੇ ਮੇਜਰ ਜਨਰਲ ਫੈਸਲ ਨਸੀਰ 'ਤੇ ਆਪਣੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਹੈ।

ਇਮਰਾਨ ਨੇ ਆਪਣੇ ਸਮਰਥਕਾਂ ਨੂੰ ਇਹ ਵੀ ਕਹਿ ਰੱਖਿਆ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਲਈ ਮੇਜਰ ਜਨਰਲ ਫੈਸਲ ਨਸੀਰ ਹੀ ਜ਼ਿੰਮੇਵਾਰ ਹੋਣਗੇ।

ਇਮਰਾਨ ਖ਼ਾਨ ਨੇ ਮੇਜਰ ਜਨਰਲ ਫੈਸਲ ਨਸੀਰ 'ਤੇ ਆਪਣੀ ਪਾਰਟੀ ਦੇ ਸਮਰਥਕ ਪੱਤਰਕਾਰ ਅਰਸ਼ਦ ਸ਼ਰੀਫ ਦੀ ਹੱਤਿਆ ਦਾ ਇਲਜ਼ਾਮ ਵੀ ਲਗਾਇਆ ਹੈ।

ਇਮਰਾਨ ਖ਼ਾਨ ਜਨਰਲ ਫੈਸਲ 'ਤੇ ਆਪਣੇ ਸਾਥੀਆਂ ਨੂੰ ਹਿਰਾਸਤ 'ਚ ਲੈਣ ਅਤੇ ਪੁੱਛਗਿੱਛ ਦੇ ਨਾਂ 'ਤੇ ਉਨ੍ਹਾਂ ਨੂੰ ਅਗਵਾ ਕਰਨ, ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਨੂੰ ਨੰਗਾ ਕਰਕੇ ਤਸੀਹੇ ਦੇਣ ਦੇ ਇਲਜ਼ਾਮ ਲਗਾਉਂਦੇ ਰਹੇ ਹਨ।

ਮੰਗਲਵਾਰ ਨੂੰ ਜਦੋਂ ਇਮਰਾਨ ਖ਼ਾਨ ਅਦਾਲਤ 'ਚ ਪੇਸ਼ ਹੋਣ ਅਤੇ ਕਈ ਮਾਮਲਿਆਂ 'ਚ ਅਗਾਊਂ ਜ਼ਮਾਨਤ ਲੈਣ ਲਈ ਇਸਲਾਮਾਬਾਦ ਲਈ ਰਵਾਨਾ ਹੋਏ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਇੱਕ ਵਾਰ ਫਿਰ 'ਡਰਟੀ ਹੈਰੀ' ਜੁਮਲੇ ਦੀ ਵਰਤੋਂ ਕੀਤੀ ਸੀ।

ਆਪਣੀ ਕਾਰ 'ਚ ਬੈਠ ਕੇ ਵੀਡੀਓ ਰਿਕਾਰਡ ਕਰਦੇ ਹੋਏ ਇਮਰਾਨ ਖ਼ਾਨ ਨੇ ਕਿਹਾ ਸੀ, 'ਮੈਂ ਜਾਨ ਦੇਣ ਲਈ ਤਿਆਰ ਹਾਂ। ਇਹ ਡਰਟੀ ਹੈਰੀ ਅਤੇ ਉਸ ਦੇ ਸਾਥੀਆਂ ਨੇ ਇੱਕ ਯੋਜਨਾ ਬਣਾਈ ਹੈ। ਹੁਣ ਜੇਕਰ ਅੱਲ੍ਹਾ ਦੀ ਇਹੀ ਮਰਜ਼ੀ ਹੈ ਕਿ ਉਹ ਮੇਰੀ ਜ਼ਿੰਦਗੀ ਉਨ੍ਹਾਂ ਦੇ ਹਵਾਲੇ ਕਰਨ ਜਾ ਰਿਹਾ ਹੈ, ਤਾਂ ਮੈਂ ਇਸ ਲਈ ਤਿਆਰ ਹਾਂ। ਪਰ ਸਵਾਲ ਇਹ ਹੈ ਕਿ ਕੀ ਤੁਸੀਂ ਸਾਰੇ ਇਸ ਲਈ ਤਿਆਰ ਹੋ?"

"ਕੀ ਉਹ ਲੋਕ ਜੋ ਸੱਤਾ 'ਚ ਬੈਠੇ ਹਨ, ਉਹ ਅਸਲੀਅਤ ਦਾ ਸਾਹਮਣਾ ਕਰਨ ਲਈ ਤਿਆਰ ਹਨ? ਮੇਰੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਾਇਦ ਲੋਕ ਵੱਡੀ ਗਿਣਤੀ 'ਚ ਸੜਕਾਂ 'ਤੇ ਨਾ ਆਉਣ, ਪਰ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ 'ਚ ਪਾਕਿਸਤਾਨ ਨੂੰ ਸ਼੍ਰੀਲੰਕਾ ਨਾਲੋਂ ਵੀ ਜ਼ਿਆਦਾ ਬਦਤਰ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।''

ਕਲਿੰਟ ਈਸਟਵੁੱਡ

ਤਸਵੀਰ ਸਰੋਤ, SILVER SCREEN COLLECTION/GETTY IMAGES

ਤਸਵੀਰ ਕੈਪਸ਼ਨ, ਬਾਅਦ ਦੇ ਦਿਨਾਂ ਵਿੱਚ, 'ਡਰਟੀ ਹੈਰੀ' ਜੁਮਲਾ ਉਨ੍ਹਾਂ ਪੁਲਿਸ ਵਾਲਿਆਂ ਲਈ ਵਰਤਿਆ ਜਾਣ ਲੱਗਿਆ ਜੋ ਬੇਰਹਿਮ ਅਤੇ ਬੇਲਗਾਮ ਸਨ
ਲਾਈਨ
  • ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ
  • ਇਮਰਾਨ ਕਿਸੇ ਹੋਰ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਏ ਸਨ ਉਸ ਵੇਲੇ ਪਾਕਿਸਤਾਨ ਰੇਂਜਰਜ਼ ਨੇ ਕੀਤਾ ਗ੍ਰਿਫ਼ਤਾਰ
  • ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਹੋਰ ਕਈ ਆਗੂਆਂ ਨੂੰ ਵੀ ਕੀਤਾ ਜਾ ਰਿਹਾ ਹੈ ਗ੍ਰਿਫ਼ਤਾਰ
  • ਇਮਰਾਨ ਦੇ ਸਮਰਥਕਾਂ ਵਿੱਚ ਭਾਰੀ ਰੋਸ, ਭੜਕੇ ਸਮਰਥਕਾਂ ਨੇ ਫੌਜੀ ਟਿਕਾਣਿਆਂ 'ਤੇ ਮਚਾਈ ਭੰਨ-ਤੋੜ
  • ਹੁਣ ਤੱਕ ਇਨ੍ਹਾਂ ਮੁਜ਼ਾਹਰਿਆਂ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਸ਼ਹਿਰਾਂ 'ਚ ਮਾਹੌਲ ਤਣਾਅਪੂਰਨ
  • ਹਾਈ ਕੋਰਟ ਨੇ ਇਮਰਾਨ ਦੀ ਗ੍ਰਿਫ਼ਤਾਰੀ ਨੂੰ ਦੱਸਿਆ ਕਾਨੂੰਨ ਮੁਤਾਬਕ, ਪਾਰਟੀ ਖੜਕਾ ਰਹੀ ਸੁਪਰੀਮ ਕੋਰਟ ਦੇ ਬੂਹੇ
ਲਾਈਨ

ਪਾਕਿਸਤਾਨੀ ਫੌਜ ਦਾ ਬਿਆਨ

ਇੱਕ ਦਿਨ ਪਹਿਲਾਂ, ਭਾਵ ਸੋਮਵਾਰ ਨੂੰ ਪਾਕਿਸਤਾਨੀ ਫੌਜ ਦੇ ਲੋਕ ਸੰਪਰਕ ਵਿਭਾਗ, ਆਈਐਸਪੀਆਰ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸਿੱਧਾ ਸੰਬੋਧਨ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਸੀ।

ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਪਾਕਿਸਤਾਨੀ ਫੌਜ ਜਾਂ ਆਈਐਸਪੀਆਰ ਸਿੱਧੇ ਤੌਰ 'ਤੇ ਕਿਸੇ ਰਾਜਨੀਤਿਕ ਵਿਅਕਤੀ ਨੂੰ ਸੰਬੋਧਿਤ ਕਰਦੇ ਹੋਏ ਬਿਆਨ ਦੇਵੇ, ਪਰ ਆਈਐਸਪੀਆਰ ਨੇ ਆਪਣੇ ਬਿਆਨ ਵਿੱਚ ਮੇਜਰ ਜਨਰਲ ਫੈਸਲ ਨਸੀਰ ਵਿਰੁੱਧ ਇਮਰਾਨ ਖ਼ਾਨ ਦੇ ਇਲਜ਼ਾਮਾਂ ਨੂੰ 'ਬੇਬੁਨਿਆਦ ਅਤੇ ਗੈਰ-ਜ਼ਿੰਮੇਵਾਰ' ਕਰਾਰ ਦਿੱਤਾ।

ਇਸ ਬਿਆਨ 'ਚ ਫੌਜ ਨੇ ਕਿਹਾ ਕਿ ਆਈਐੱਸਆਈ ਜਨਰਲ 'ਤੇ ਲਗਾਏ ਗਏ ਇਲਜ਼ਾਮ ਮਨਘੜਤ, ਭੈੜੇ ਇਰਾਦੇ ਨਾਲ ਭਰੇ ਹੋਏ, ਬੇਹੱਦ ਮੰਦਭਾਗੇ, ਨਿੰਦਣਯੋਗ ਅਤੇ ਅਸਵੀਕਾਰਯੋਗ ਹਨ।

ਆਈਐਸਪੀਆਰ ਨੇ ਇਹ ਵੀ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਸਿਆਸੀ ਉਦੇਸ਼ਾਂ ਲਈ ਝੂਠੇ, ਭੜਕਾਊ ਅਤੇ ਸਨਸਨੀਖੇਜ਼ ਇਲਜ਼ਾਮਾਂ ਰਾਹੀਂ ਫੌਜ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਨਿਸ਼ਾਨਾ ਬਣਾਉਣ ਦਾ ਰੁਝਾਨ ਜਿਹਾ ਬਣ ਗਿਆ ਹੈ।

ਇਮਰਾਨ ਖ਼ਾਨ ਦਾ ਨਾਂ ਲਏ ਬਿਨਾਂ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਜੇਕਰ ਉਨ੍ਹਾਂ ਕੋਲ ਠੋਸ ਸਬੂਤ ਹਨ ਤਾਂ ਉਹ ਝੂਠੇ ਇਲਜ਼ਾਮ ਲਾਉਣ ਦੀ ਬਜਾਏ ਕਾਨੂੰਨੀ ਰਾਹ ਅਪਣਾਉਣ, ਨਹੀਂ ਤਾਂ ਫੌਜ ਵੀ ਕਾਨੂੰਨੀ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਰੱਖਦੀ ਹੈ।

ਬਿਆਨ 'ਚ ਫੌਜ ਨੇ ਕਿਹਾ ਕਿ ਆਈਐੱਸਆਈ ਜਨਰਲ 'ਤੇ ਲਗਾਏ ਗਏ ਇਲਜ਼ਾਮ ਮਨਘੜਤ, ਭੈੜੇ ਇਰਾਦੇ ਨਾਲ ਭਰੇ ਹੋਏ, ਬੇਹੱਦ ਮੰਦਭਾਗੇ, ਨਿੰਦਣਯੋਗ ਅਤੇ ਅਸਵੀਕਾਰਯੋਗ ਹਨ।

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਇਸ ਸ਼ਬਦ ਦਾ ਇਸਤੇਮਾਲ ਇੱਕ ਮੌਜੂਦਾ ਆਈਐਸਆਈ ਦੇ ਮੌਜੂਦਾ ਜਨਰਲ ਲਈ ਕਰਦੇ ਹਨ

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕੀਤਾ ਫੌਜ ਦਾ ਸਮਰਥਨ

ਆਈਐਸਪੀਆਰ ਦੇ ਬਿਆਨ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀ ਸਮਰਥਨ ਕੀਤਾ।

ਆਪਣੇ ਇੱਕ ਟਵੀਟ ਵਿੱਚ ਸ਼ਹਿਬਾਜ਼ ਨੇ ਕਿਹਾ ਕਿ ਇਮਰਾਨ ਖ਼ਾਨ ਬਿਨਾਂ ਕਿਸੇ ਸਬੂਤ ਦੇ ਮੇਜਰ ਜਨਰਲ ਫੈਸਲ ਨਸੀਰ 'ਤੇ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਮਰਾਨ ਖ਼ਾਨ ਲਗਾਤਾਰ ਫੌਜ ਨੂੰ 'ਬਦਨਾਮ ਕਰ ਰਹੇ ਹਨ ਅਤੇ ਧਮਕੀ' ਦੇ ਰਹੇ ਹਨ।

ਪੀਐਮ ਸ਼ਹਿਬਾਜ਼ ਸ਼ਰੀਫ ਨੇ ਚਿਤਾਵਨੀ ਵੀ ਦਿੱਤੀ ਕਿ ਇਨ੍ਹਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪਾਕਿਸਤਾਨ ਦੇ ਸਿਆਸੀ ਮਾਹਿਰ ਮੁਸੱਰਤ ਅਮੀਨ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਇਤਿਹਾਸ ਦਾ ਇਹ ਬੇਮਿਸਾਲ ਪਲ ਹੈ। ਇਸ ਤੋਂ ਪਹਿਲਾਂ ਕਦੇ ਵੀ ਫੌਜ 'ਤੇ ਕਿਸੇ ਨੇ ਅਜਿਹੇ ਸਿੱਧੇ ਤੇ ਤਿੱਖੇ ਇਲਜ਼ਾਮ ਨਹੀਂ ਲਗਾਏ ਗਏ ਸਨ।

ਪਾਕਿਸਤਾਨ 'ਚ ਪਿਛਲੇ ਇੱਕ ਸਾਲ ਤੋਂ ਫੌਜ ਦੇ ਖ਼ਿਲਾਫ਼ ਇਲਜ਼ਾਮਾਂ, ਹਮਲਿਆਂ, ਨਾਮ ਲੈ ਕੇ ਇਲਜ਼ਾਮ ਲਗਾਉਣ ਅਤੇ ਫੌਜ ਖ਼ਿਲਾਫ਼ ਟਵਿਟਰ 'ਤੇ ਟਰੈਂਡ ਚਲਾਉਣ ਦੀ ਮੁਹਿੰਮ ਚੱਲ ਰਹੀ ਹੈ। ਇਹ ਮੁਹਿੰਮ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ

ਇਮਰਾਨ ਨੇ ਲਕਸ਼ਮਣ ਰੇਖਾ ਪਾਰ ਕਰ ਲਈ ਹੈ?

ਮੁਸੱਰਤ ਅਮੀਨ ਦਾ ਮੰਨਣਾ ਹੈ ਕਿ ਆਈਐਸਪੀਆਰ ਦਾ ਸੋਮਵਾਰ ਨੂੰ ਆਇਆ ਬਿਆਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਲਗਾਤਾਰ ਇਲਜ਼ਾਮਾਂ ਕਾਰਨ ਫੌਜ ਬਹੁਤ ਨਾਰਾਜ਼ ਹੋ ਗਈ ਹੈ ਅਤੇ ਖਿਝ ਗਈ ਹੈ।

ਉਸ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ।

ਮੁਸੱਰਤ ਦਾ ਕਹਿਣਾ ਹੈ, 'ਇਹ ਬਿਆਨ ਇਸ ਗੱਲ ਦਾ ਸਬੂਤ ਸੀ ਕਿ ਪਿਛਲੇ ਸਾਲ ਇਮਰਾਨ ਖ਼ਾਨ ਨੂੰ ਸੱਤਾ ਤੋਂ ਹਟਾਉਣ ਤੋਂ ਬਾਅਦ ਸ਼ੁਰੂ ਹੋਇਆ ਟਕਰਾਅ ਆਪਣੇ ਆਖ਼ਰੀ ਮੋੜ 'ਤੇ ਪਹੁੰਚ ਗਿਆ ਹੈ।'

ਉਹ ਕਹਿੰਦੇ ਹਨ, "ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਸਥਿਤੀ ਇਸ ਮੁਕਾਮ 'ਤੇ ਆ ਗਈ ਹੈ। ਮੇਰਾ ਮੰਨਣਾ ਹੈ ਕਿ ਇਸ ਤੋਂ ਪਹਿਲਾਂ ਬਹੁਤ ਦੇਰ ਹੋ ਜਾਵੇ, ਇਹ ਸਾਰੇ ਹਿੱਸੇਦਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਕੱਠੇ ਬੈਠ ਕੇ ਇਸ ਸਮੱਸਿਆ ਦਾ ਹੱਲ ਕੱਢ ਲੈਣ।"

ਪਿਛਲੇ ਸਾਲ ਨਵੰਬਰ 'ਚ ਉਨ੍ਹਾਂ 'ਤੇ ਹੋਏ ਹਮਲੇ ਤੋਂ ਬਾਅਦ, ਇਮਰਾਨ ਖ਼ਾਨ ਨੇ ਪੁਲਿਸ ਨੂੰ ਦਿੱਤੀ ਆਪਣੀ ਤਹਿਰੀਰ 'ਚ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਮੇਜਰ ਜਨਰਲ ਫੈਜ਼ਲ ਨਸੀਰ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਦੱਸਿਆ ਸੀ।

ਪਰ ਪੁਲਿਸ ਨੇ ਉਨ੍ਹਾਂ ਦੀ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਮਰਾਨ ਖ਼ਾਨ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਆਗੂਆਂ 'ਤੇ ਲਗਾਏ ਜਾ ਰਹੇ ਬੇਬੁਨਿਆਦ ਇਲਜ਼ਾਮ ਅਸਲ ਵਿੱਚ ਬੇਇਨਸਾਫੀ ਹਨ।

ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਤਹਿਰੀਰ 'ਤੇ ਐਫਆਈਆਰ ਦਰਜ ਕਰ ਲਈ ਜਾਂਦੀ ਤਾਂ ਉਹ ਆਪਣੇ ਇਲਜ਼ਾਮਾਂ ਦੇ ਸਬੂਤ ਵੀ ਦਿੰਦੇ। ਪਰ, ਉਨ੍ਹਾਂ ਨੂੰ ਤਾਂ ਇਸ ਲਈ ਕਦੇ ਮੌਕਾ ਵੀ ਨਹੀਂ ਦਿੱਤਾ ਗਿਆ।

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਰਾਨ ਨੇ ਆਪਣੇ ਸਮਰਥਕਾਂ ਨੂੰ ਇਹ ਵੀ ਕਹਿ ਰੱਖਿਆ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਲਈ ਮੇਜਰ ਜਨਰਲ ਫੈਸਲ ਨਸੀਰ ਹੀ ਜ਼ਿੰਮੇਵਾਰ ਹੋਣਗੇ

ਸਿਆਸੀ ਵਿਸ਼ਲੇਸ਼ਕ ਇਮਤਿਆਜ਼ ਗੁਲ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਪਾਕਿਸਤਾਨ ਦੇ ਪਹਿਲੇ ਆਗੂ ਨਹੀਂ ਹਨ ਜਿਨ੍ਹਾਂ ਨੇ ਫੌਜ ਨਾਲ ਪੰਗਾ ਲਿਆ ਹੈ।

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਸ਼ਰੀਫ਼, ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਅਤੇ ਕਈ ਹੋਰ ਸਿਆਸਤਦਾਨ ਵੀ ਫ਼ੌਜ 'ਤੇ ਖੁੱਲ੍ਹੇਆਮ ਇਲਜ਼ਾਮ ਲਗਾ ਚੁੱਕੇ ਹਨ।

ਇਨ੍ਹਾਂ ਪਾਰਟੀਆਂ ਦੇ ਆਗੂ ਸਿਆਸਤ ਵਿੱਚ ਦਖ਼ਲਅੰਦਾਜ਼ੀ ਅਤੇ ਪਰਦੇ ਪਿੱਛੇ ਹੇਰਾਫੇਰੀ ਕਰਨ ਨੂੰ ਲੈ ਕੇ ਫ਼ੌਜ ਨੂੰ ਜ਼ਲੀਲ ਕਰਦੇ ਰਹੇ ਹਨ।

ਇਮਤਿਆਜ਼ ਗੁਲ ਦਾ ਮੰਨਣਾ ਹੈ ਕਿ ਫੌਜ ਦੇ ਅੰਦਰ ਵੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਾਫੀ ਸਮਰਥਨ ਪ੍ਰਾਪਤ ਹੈ ਅਤੇ ਇਸ ਨੇ ਫੌਜ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ।

ਫਿਰ ਵੀ, ਮੰਗਲਵਾਰ ਸਵੇਰੇ ਇਮਰਾਨ ਖ਼ਾਨ ਦਾ ਵੀਡੀਓ ਜਾਰੀ ਹੋਣ ਦੇ ਬਾਵਜੂਦ, ਕਿਸੇ ਨੂੰ ਉਮੀਦ ਨਹੀਂ ਸੀ ਕਿ ਡਰਟੀ ਹੈਰੀ ਕੇਸ ਇੰਨਾ ਨਾਟਕੀ ਮੋੜ ਲੈ ਲਵੇਗਾ।

ਨੈਸ਼ਨਲ ਅਕਾਊਂਟੀਬਿਲਿਟੀ ਬਿਊਰੋ (ਐਨਏਬੀ) ਨੇ ਸੈਂਕੜੇ ਪਾਕਿਸਤਾਨ ਰੇਂਜਰਾਂ ਦੀ ਮਦਦ ਨਾਲ ਮੰਗਲਵਾਰ ਦੁਪਹਿਰ ਨੂੰ ਇਸਲਾਮਾਬਾਦ ਹਾਈ ਕੋਰਟ ਪਰਿਸਰ ਤੋਂ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ।

ਹੈਰਾਨੀ ਦੀ ਗੱਲ ਇਹ ਹੈ ਕਿ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਅਜਿਹੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਜ਼ਿਆਦਾ ਚਰਚਾ ਨਹੀਂ ਹੋਈ ਸੀ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਇਸਲਾਮਾਬਾਦ ਵਿੱਚ ਮੀਡੀਆ ਨਾਲ ਖਚਾਖਚ ਭਰੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ, "ਇਹ ਭ੍ਰਿਸ਼ਟਾਚਾਰ ਦਾ ਮਾਮਲਾ ਹੈ, ਜਿਸ ਦੇ ਦਸਤਾਵੇਜ਼ੀ ਸਬੂਤ ਮੌਜੂਦ ਹਨ। ਜੇਕਰ ਉਹ (ਤਹਿਰੀਕ-ਏ-ਇਨਸਾਫ਼ ਦੇ ਲੋਕ) ਇਸ ਦੇ ਦਸਤਾਵੇਜ਼ ਦੇਖਣਾ ਚਾਹੁੰਦੇ ਹਨ, ਤਾਂ ਉਹ ਕੱਲ੍ਹ ਸਵੇਰੇ ਉਨ੍ਹਾਂ ਨੂੰ ਮੁੱਹਈਆ ਕਰਵਾ ਦਿੱਤੇ ਜਾਣਗੇ।''

ਹਾਲਾਂਕਿ, ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੜਕਾਂ 'ਤੇ ਉਤਰੇ ਉਨ੍ਹਾਂ ਦੇ ਸਮਰਥਕਾਂ ਦੇ ਨਿਸ਼ਾਨੇ 'ਤੇ ਨਾ ਤਾਂ ਸ਼ਾਹਬਾਜ਼ ਦੀ ਸਰਕਾਰ ਸੀ ਅਤੇ ਨਾ ਹੀ ਨੈਸ਼ਨਲ ਅਕਾਊਂਟੀਬਿਲਿਟੀ ਬਿਊਰੋ।

ਇਮਰਾਨ ਖ਼ਾਨ ਦੇ ਸਮਰਥਕਾਂ ਨੇ ਆਪਣਾ ਗੁੱਸਾ ਫੌਜੀ ਟਿਕਾਣਿਆਂ 'ਤੇ ਕੱਢਿਆ।

ਤਹਿਰੀਕ-ਏ-ਇਨਸਾਫ਼ ਦੇ ਕਾਰਕੁਨਾਂ ਨੇ ਰਾਵਲਪਿੰਡੀ ਵਿੱਚ ਫੌਜ ਦੇ ਹੈੱਡਕੁਆਰਟਰ ਅਤੇ ਲਾਹੌਰ ਵਿੱਚ ਕੋਰ ਕਮਾਂਡਰ ਦੀ ਰਿਹਾਇਸ਼ ਨੂੰ ਵੀ ਨਿਸ਼ਾਨਾ ਬਣਾਇਆ।

ਇਸ ਤੋਂ ਇਲਾਵਾ, ਇਮਰਾਨ ਸਮਰਥਕਾਂ ਨੇ ਪਾਕਿਸਤਾਨ ਦੇ ਕੁਝ ਹੋਰ ਸ਼ਹਿਰਾਂ ਦੀਆਂ ਛਾਉਣੀਆਂ 'ਤੇ ਵੀ ਹਮਲੇ ਕੀਤੇ।

ਉਨ੍ਹਾਂ ਨੇ ਦੀਵਾਰਾਂ ਅਤੇ ਦਰਵਾਜ਼ਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਫ਼ੌਜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਮਰਾਨ ਖ਼ਾਨ ਦੇ ਜ਼ਿਆਦਾਤਰ ਸਮਰਥਕ ਇਮਰਾਨ ਖ਼ਾਨ ਦੀ ਗ੍ਰਿਫਤਾਰੀ ਲਈ ਫੌਜ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

ਇਸ ਤੋਂ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਇਮਰਾਨ ਖ਼ਾਨ ਨੇ ਡਰਟੀ ਹੈਰੀ ਨੂੰ ਲੈ ਕੇ ਆਪਣੇ ਬਿਆਨਾਂ ਨਾਲ ਮਾਹੌਲ ਬਣਾਇਆ ਹੈ, ਉਨ੍ਹਾਂ ਦੇ ਸਮਰਥਕਾਂ ਨੂੰ ਉਨ੍ਹਾਂ 'ਤੇ ਪੂਰਾ ਭਰੋਸਾ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)