ਨੇਪਾਲ ਹਵਾਈ ਹਾਦਸਾ: 68 ਮੌਤਾਂ ਦੀ ਪੁਸ਼ਟੀ, ਦੇਸ 'ਚ ਜ਼ਿਆਦਾ ਹਵਾਈ ਹਾਦਸੇ ਹੋਣ ਦੇ ਕੀ ਹਨ ਕਾਰਨ

ਨੇਪਾਲ ਦੇ ਪੋਖ਼ਰਾ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਯਤੀ ਏਅਰਲਾਇਨਜ਼ ਦਾ ਇੱਕ ਜਹਾਜ਼ ਐਤਵਾਰ ਨੂੰ ਹਾਦਸਾ ਗ੍ਰਸਤ ਹੋ ਗਿਆ।

ਇਸ ਜਹਾਜ਼ ਨੇ ਪੋਖ਼ਰਾ ਲਈ ਕਾਠਮੰਡੂ ਤੋਂ ਉਡਾਨ ਭਰੀ ਸੀ ਅਤੇ ਲੈਂਡਿੰਗ ਤੋਂ ਐਨ ਪਹਿਲਾਂ ਇਹ ਹਾਦਸਾਗ੍ਰਸਤ ਹੋ ਗਿਆ।

ਬਚਾਅ ਕਾਰਜਾਂ ਵਿਚ ਲੱਗੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 69 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਨੇਪਾਲੀ ਫੌਜ ਦੇ ਬੁਲਾਰੇ ਰਤੀ ਕ੍ਰਿਸ਼ਣਾ ਪ੍ਰਸਾਦ ਭੰਡਾਰੀ ਨੇ ਕਿਹਾ, ਸ਼ੁਰੂਆਤ ਵਿਚ ਅਜਿਹਾ ਲੱਗ ਰਿਹਾ ਸੀ ਕਿ ਯਾਤਰੀਆਂ ਵਿਚੋਂ ਕੁਝ ਜੀਵਤ ਵੀ ਹੋ ਸਕਦੇ ਹਨ। ਪਰ ਅਜਿਹਾ ਨਹੀਂ ਹੋਇਆ ਤੇ ਕੋਈ ਵੀ ਵਿਅਕਤੀ ਜ਼ਿੰਦਾ ਨਹੀਂ ਮਿਲਿਆ।

ਇਸ ਤੋਂ ਪਹਿਲਾਂ ਇੱਕ ਹੋਰ ਅਧਿਕਾਰੀ ਨੇ ਦੱਸਿਆ ਸੀ ਕਿ 2 ਲੋਕਾਂ ਨੂੰ ਜ਼ਿੰਦਾ ਵੀ ਕੱਢਿਆ ਗਿਆ ਹੈ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ।

ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਦੱਸਿਆ ਕਿ ਜਹਾਜ਼ ਵਿੱਚ ਕੁੱਲ 69 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ।

ਇਹ ਜਹਾਜ਼ ਪੁਰਾਣੇ ਹਵਾਈ ਅੱਡੇ ਅਤੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਚਕਾਰ ਹਾਦਸਾਗ੍ਰਸਤ ਹੋਇਆ ਹੈ।

ਹਾਦਸੇ ਬਾਰੇ ਨੇਪਾਲੀ ਸੈਨਾ ਦੇ ਬੁਲਾਰੇ ਰਤੀ ਕ੍ਰਿਸ਼ਨਾ ਪ੍ਰਸਾਦ ਭੰਡਾਰੀ ਨੇ ਜਾਣਕਾਰੀ ਦਿੱਤੀ, "ਪੋਖਰਾ ਹਵਾਈ ਅੱਡੇ ਤੋਂ ਡੇਢ ਕਿਲੋਮੀਟਰ ਦੂਰ ਸੇਤੀ ਨਦੀ ਦੇ ਕੋਲ ਜਹਾਜ਼ ਡੂੰਘੀ ਖੱਡ ਵਿੱਚ ਡਿੱਗ ਗਿਆ।

ਰਾਹਤ ਕਾਰਜਾਂ ਲਈ 120 ਰੇਂਜਰਾਂ ਅਤੇ ਕਰੀਬ 180 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਾਦਸੇ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ।"

ਕਾਸਕੀ ਦੇ ਸਹਾਇਕ ਮੁੱਖ ਜ਼ਿਲ੍ਹਾ ਅਧਿਕਾਰੀ, ਗੁਰੂ ਦੱਤ ਢਾਕਲ ਅਨੁਸਾਰ ਜਹਾਜ਼ ਲਗਭਗ ਪੂਰੀ ਤਰ੍ਹਾਂ ਸੜ ਗਿਆ ਸੀ।

ਅਧਿਕਾਰੀਆਂ ਮੁਤਾਬਕ ਜਹਾਜ਼ 'ਚ ਲੱਗੀ ਅੱਗ ਹੁਣ ਲਗਭਗ ਬੁਝ ਚੁੱਕੀ ਹੈ।

ਨੇਪਾਲ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਪੰਜ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ। ਇਸ ਹਾਦਸੇ ਦੇ ਸੋਗ 'ਚ ਸੋਮਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ 'ਚ ਹਾਦਸੇ ਤੋਂ ਪਹਿਲਾਂ ਜਹਾਜ਼ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਘੱਟ ਉਚਾਈ 'ਤੇ ਉੱਡਦਾ ਅਤੇ ਫਿਰ ਤੇਜ਼ੀ ਨਾਲ ਹੇਠਾਂ ਆਉਂਦਾ ਦਿਖਾਈ ਦੇ ਰਿਹਾ ਹੈ। ਜਹਾਜ਼ ਨੇ ਸਵੇਰੇ 10.32 ਵਜੇ ਕਾਠਮੰਡੂ ਤੋਂ ਉਡਾਨ ਭਰੀ ਸੀ। ਜਹਾਜ਼ ਨਾਲ ਆਖਰੀ ਸੰਪਰਕ ਸਵੇਰੇ 10.50 ਵਜੇ ਹੋਇਆ ਸੀ। ਲੈਂਡਿੰਗ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਕਾਸਕੀ ਦੇ ਸਹਾਇਕ ਮੁੱਖ ਜ਼ਿਲ੍ਹਾ ਅਧਿਕਾਰੀ ਗੁਰੂਦੱਤ ਢਾਕਲ ਨੇ ਕਿਹਾ, "ਬਚਾਅਕਰਤਾ ਸੇਤੀ ਨਦੀ ਦੇ ਆਲੇ-ਦੁਆਲੇ ਲਾਪਤਾ ਲੋਕਾਂ ਦੀ ਭਾਲ ਲਈ ਰੱਸੀਆਂ ਦੀ ਮਦਦ ਨਾਲ ਹੇਠਾਂ ਉਤਰੇ ਸਨ।"

ਸੈਰ-ਸਪਾਟਾ ਮੰਤਰਾਲੇ ਦੇ ਸੰਯੁਕਤ ਸਕੱਤਰ ਬੁੱਧੀਸਾਗਰ ਲਾਮਿਛਨੇ ਨੇ ਕਿਹਾ ਕਿ ਘਰੇਲੂ ਉਡਾਣ 'ਚ ਜਹਾਜ਼ ਹਾਦਸੇ 'ਚ ਮਨੁੱਖੀ ਨੁਕਸਾਨ ਦੀ ਇਹ ਸਭ ਤੋਂ ਵੱਡੀ ਘਟਨਾ ਹੈ।

5 ਭਾਰਤੀ ਯਾਤਰੀ ਵੀ ਸਨ ਸਵਾਰ

ਜਹਾਜ਼ 'ਤੇ ਸਵਾਰ ਯਾਤਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਿਲ ਏਵੀਏਸ਼ਨ ਅਥਾਰਿਟੀ ਦੇ ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਵਿੱਚ 53 ਨੇਪਾਲੀ ਅਤੇ 5 ਭਾਰਤੀ ਸਨ।

ਇਸ ਤੋਂ ਇਲਾਵਾ ਰੂਸ ਤੋਂ 4 ਯਾਤਰੀ, ਕੋਰੀਆ ਤੋਂ 2 ਯਾਤਰੀ, ਆਇਰਲੈਂਡ, ਆਸਟ੍ਰੇਲੀਆ, ਅਰਜਨਟੀਨਾ ਅਤੇ ਫਰਾਂਸ ਤੋਂ ਇਕ-ਇਕ ਯਾਤਰੀ ਵੀ ਜਹਾਜ਼ 'ਤੇ ਮੌਜੂਦ ਸਨ।

ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ।

  • ਨੇਪਾਲ 'ਚ ਕਾਠਮਾਂਡੂ ਤੋਂ ਪੋਖਰਾ ਜਾ ਰਿਹਾ ਜਹਾਜ਼ ਹਾਦਸਾਗ੍ਰਸਤ
  • ਯੇਤੀ ਏਅਰਲਾਈਨਜ਼ ਦਾ ਇਹ ਜਹਾਜ਼ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜਿਆ
  • ਇਸ ਜਹਾਜ਼ ਵਿੱਚ ਕਰੂ ਮੈਂਬਰਾਂ ਸਮੇਤ ਕੁੱਲ 72 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 5 ਭਾਰਤੀ ਵੀ ਸ਼ਾਮਲ
  • ਹੁਣ ਤੱਕ 69 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ

69 ਲਾਸ਼ਾਂ ਕੱਢੀਆਂ ਗਈਆਂ

ਨੇਪਾਲੀ ਫੌਜ ਦੇ ਬੁਲਾਰੇ, ਰਾਥੀ ਕ੍ਰਿਸ਼ਨ ਪ੍ਰਸਾਦ ਭੰਡਾਰੀ ਨੇ ਦੱਸਿਆ, "ਇਹ ਜਹਾਜ਼ ਪੌਖਰਾ ਹਵਾਈ ਅੱਡੇ ਤੋਂ ਡੇਢ ਕਿਲੋਮੀਟਰ ਦੂਰ ਸੇਤੀ ਨਦੀ ਲਾਗੇ ਇੱਕ ਤੰਗ ਖਾਈ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਬਚਾਅ ਲਈ ਉੱਥੇ 120 ਰੇਂਜਰਾਂ ਅਤੇ 200 ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ।"

ਜਾਣਕਾਰੀ ਮੁਤਾਬਕ, ਜਹਾਜ਼ ਨੇ ਰਾਤ 10:32 ਵਜੇ ਕਾਠਮਾਂਡੂ ਤੋਂ ਉਡਾਣ ਭਰੀ ਸੀ।

ਉਨ੍ਹਾਂ ਬੀਬੀਸੀ ਨੂੰ ਜਾਣਕਾਰੀ ਦਿੱਤੀ ਕਿ ਜਹਾਜ਼ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਇਸ ਨੂੰ ਖਾਈ ਵਿਚੋਂ ਬਾਹਰ ਕੱਢਣ ਦੀ ਕੋਸਿਸ਼ ਹੋ ਰਹੀ ਹੈ।

ਇਹ ਵੀ ਪੜ੍ਹੋ-

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ (ਪ੍ਰਚੰਡ) ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟਾਉਂਦਿਆਂ ਇੱਕ ਟਵੀਟ ਕੀਤਾ ਹੈ।

ਆਪਣੇ ਟਵੀਟ 'ਚ ਉਨ੍ਹਾਂ ਲਿਖਿਆ, ''ਮੈਂ ਯਤੀ ਏਅਰਲਾਈਨਜ਼ ਦੇ ਕਾਠਮਾਂਡੂ ਤੋਂ ਪੋਖਰਾ ਜਾ ਰਹੇ ਯਾਤਰੀ ਜਹਾਜ਼ ਦੇ ਹਾਦਸੇ ਤੋਂ ਬਹੁਤ ਦੁਖੀ ਹਾਂ। ਮੈਂ ਸੁਰੱਖਿਆ ਕਰਮਚਾਰੀਆਂ, ਨੇਪਾਲ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਅਤੇ ਆਮ ਜਨਤਾ ਨੂੰ ਇੱਕ ਬਚਾਅ ਸ਼ੁਰੂ ਕਰਨ ਦੀ ਦਿਲੋਂ ਅਪੀਲ ਕਰਦਾ ਹਾਂ।''

ਉਨ੍ਹਾਂ ਦੇ ਨਾਲ ਹੀ ਸਾਬਕਾ ਪੀਐੱਮ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ।

ਸਿਵਿਲ ਏਵੀਏਸ਼ਨ ਅਥਾਰਿਟੀ ਦੇ ਬੁਲਾਰੇ ਜਗਨਨਾਥ ਨਿਰੌਲਾ ਨੇ ਦੱਸਿਆ ਕਿ ਬਚਾਅ ਦਲ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਿਆ ਹੈ।

ਉਨ੍ਹਾਂ ਕਿਹਾ, "ਅਸੀਂ ਵੀ ਵੇਰਵੇ ਇਕੱਠੇ ਕਰ ਰਹੇ ਹਾਂ। ਬਚਾਅ ਕਾਰਜ ਨੂੰ ਵਧਾ ਦਿੱਤਾ ਗਿਆ ਹੈ।"

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਹਾਦਸੇ ਵਾਲੀ ਥਾਂ ਤੋਂ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਹੈ।

ਨੇਪਾਲ ’ਚ ਹੁੰਦੇ ਹਵਾਈ ਹਾਦਸਿਆਂ ਬਾਰੇ ਮਾਹਿਰਾਂ ਦਾ ਕੀ ਕਹਿਣਾ ਹੈ?

ਨੇਪਾਲ ਵਿੱਚ ਲਗਾਤਾਰ ਹੋ ਰਹੇ ਹਵਾਈ ਹਾਦਸਿਆਂ ਉਪਰ ਦੇਸ ਅਤੇ ਵਿਦੇਸ਼ ਵਿੱਚ ਸਵਾਲ ਉੱਠ ਰਹੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਇਹਨਾਂ ਹਾਦਸਿਆਂ ਦੇ ਕਈ ਕਾਰਨ ਹੋ ਸਕਦੇ ਹਨ।

ਪਿਛਲੇ ਸਾਲ ਬੀਬੀਸੀ ਨਾਲ ਗੱਲ ਕਰਦਿਆਂ ਇਸ ਖੇਤਰ ਦਾ ਮਾਹਿਰ ਕੁਮਾਰ ਚਾਲੀਸੇ ਨੇ ਕਿਹਾ ਸੀ, “ਕਰੀਬ 90 ਫ਼ੀਸਦੀ ਹਵਾਈ ਹਾਦਸਿਆਂ ਵਿੱਚ ਲਾਪ੍ਰਵਾਹੀ ਹੀ ਮੁੱਖ ਕਾਰਨ ਹੁੰਦੀ ਹੈ।”

ਉਨ੍ਹਾਂ ਕਿਹਾ, “ਉਡਾਨ ਲਈ ਕਿੱਤੇ ਦੀ ਗੰਭੀਰਤਾਂ ਨੂੰ ਲੈ ਕੇ ਅਸੀਂ ਸੱਚੀਂ ਜਿੰਮੇਵਾਰੀ ਨੂੰ ਸੰਭਾਲ ਨਹੀਂ ਪਾ ਰਹੇ।”

“ਸਾਡੇ ਇਲਾਕੇ ਵਿੱਚ ਕਈ ਵਿਦੇਸ਼ੀ ਪਾਇਲਟ ਹੈਲੀਕਾਪਟਰ ਚਲਾਉਂਦੇ ਹਨ। ਸਵਾਲ ਹੈ ਕਿ ਸਾਡੇ ਜਹਾਜ਼ਾਂ ਦੇ ਜਿਆਦਾ ਹਾਸਦੇ ਕਿਉਂ ਹੁੰਦੇ ਹਨ?”

ਸਾਬਕਾ ਪਾਇਲਟ ਪਰਚੰਡਾ ਜੰਗ ਸ਼ਾਹ ਇਹਨਾਂ ਹਾਦਸਿਆਂ ਲਈ ਪਾਇਲਟਾਂ ਉਪਰ ਦਬਾਅ ਨੂੰ ਵੀ ਇੱਕ ਕਾਰਨ ਮੰਨਦੇ ਹਨ।

ਉਨ੍ਹਾਂ ਕਿਹਾ, “ਸਾਡੇ ਦਬਾਅ ਵਾਲਾ ਸੱਭਿਆਚਾਰ ਹੈ। ਇਸ ਕਾਰਨ ਸਾਨੂੰ ਹਾਦਸੇ ਦੇਖਣ ਨੂੰ ਮਿਲਦੇ ਹਨ।”

“ਨੇਪਾਲ ਵਰਗੇ ਦੇਸ ਦੀ ਭਗੋਲਿਕ ਸਥਿਤੀ ਨੂੰ ਦੇਖਦੇ ਹੋਏ ਹੋਰ ਵੀ ਸਾਵਧਾਨੀਆਂ ਵਰਤਣ ਦੀ ਲੋੜ ਹੈ। ਅਜਿਹੇ ਵਿੱਚ ਹੋਰ ਵੀ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ।”

ਨੇਪਾਲ ਵਿੱਚ ਹੋਏ ਕੁਝ ਵੱਡੇ ਜਹਾਜ਼ ਹਾਦਸੇ

  • ਮਈ 2022 - ਪੋਖਰਾ ਤੋਂ ਜੋਮਸੋਮ ਜਾ ਰਹੇ ਯਾਤਰੀ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 22 ਲੋਕਾਂ ਦੀ ਮੌਤ ਹੋ ਗਈ ਸੀ।
  • ਅਪ੍ਰੈਲ 2019 - ਸੋਲੁਖੁੰਬੂ ਜ਼ਿਲੇ ਦੇ ਲੁਕਲਾ ਹਵਾਈ ਅੱਡੇ 'ਤੇ ਰਨਵੇ ਨੇੜੇ ਸਮਿਟ ਏਅਰ ਦਾ ਜਹਾਜ਼ ਦੋ ਹੈਲੀਕਾਪਟਰਾਂ ਨਾਲ ਟਕਰਾਉਣ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋਈ।
  • ਫਰਵਰੀ 2019 - ਤਪਲੇਜੰਗ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਤਤਕਾਲੀ ਸੱਭਿਆਚਾਰ, ਸੈਰ ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਬਿੰਦਰ ਅਧਿਕਾਰੀ ਸਮੇਤ ਸੱਤ ਲੋਕਾਂ ਦੀ ਮੌਤ ਹੋਈ।
  • ਸਤੰਬਰ 2018 - ਗੋਰਖਾ ਤੋਂ ਕਾਠਮਾਂਡੂ ਆ ਰਿਹਾ ਇੱਕ ਹੈਲੀਕਾਪਟਰ ਜੰਗਲ ਵਿੱਚ ਹਾਦਸਾਗ੍ਰਸਤ ਹੋਣ ਕਾਰਨ ਇੱਕ ਜਾਪਾਨੀ ਸੈਲਾਨੀ ਅਤੇ ਪੰਜ ਹੋਰ ਦੀ ਮੌਤ ਹੋ ਗਈ ਸੀ।
  • ਮਾਰਚ 2018 - ਬੰਗਲਾਦੇਸ਼ ਤੋਂ ਨੇਪਾਲ ਜਾਣ ਵਾਲੀ ਯੂਐਸ-ਬੰਗਲਾ ਏਅਰਲਾਈਨਜ਼ ਦਾ ਜਹਾਜ਼ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋਇਆ ਤੇ 51 ਲੋਕਾਂ ਦੀ ਜਾਨ ਚਲੀ ਗਈ।
  • ਫਰਵਰੀ 2016 - ਪੋਖਰਾ ਤੋਂ ਜੋਮਸੋਮ ਜਾ ਰਹੀ ਤਾਰਾ ਏਅਰ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਤੇ 23 ਲੋਕਾਂ ਦੀ ਮੌਤ ਹੋ ਗਈ।
  • ਮਈ 2015 - ਭੂਚਾਲ ਮਗਰੋਂ ਰਾਹਤ ਕਾਰਜਾਂ ਵਿੱਚ ਲੱਗਿਆ ਅਮਰੀਕੀ ਫੌਜ ਦਾ ਹੈਲੀਕਾਪਟਰ ਚਰੀਕੋਟ ਨੇੜੇ ਹਾਦਸਾਗ੍ਰਸਤ ਹੋਇਆ, ਜਿਸ 'ਚ ਛੇ ਅਮਰੀਕੀ ਫੌਜੀ, ਦੋ ਨੇਪਾਲੀ ਫੌਜ ਅਧਿਕਾਰੀ ਅਤੇ ਪੰਜ ਨਾਗਰਿਕ ਮਾਰੇ ਗਏ
  • ਜੂਨ 2015 - ਭੂਚਾਲ ਰਾਹਤ ਕਾਰਜਾਂ 'ਚ ਹੀ ਲੱਗਿਆ ਇੱਕ ਹੋਰ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋਈ।
  • ਫਰਵਰੀ 2014 - ਪੋਖਰਾ ਤੋਂ ਜੁਮਲਾ ਜਾ ਰਿਹਾ ਨੇਪਾਲ ਏਅਰਲਾਈਨਜ਼ ਕਾਰਪੋਰੇਸ਼ਨ ਦਾ ਜਹਾਜ਼ ਅਰਘਾਖਾਂਚੀ ਵਿੱਚ ਹਾਦਸਾਗ੍ਰਸਤ ਹੋਣ ਕਾਰਨ 18 ਲੋਕਾਂ ਦੀ ਜਾਨ ਚਲੀ ਗਈ ਸੀ।
  • ਸਤੰਬਰ 2012 - ਕਾਠਮਾਂਡੂ ਤੋਂ ਲੁਕਲਾ ਜਾ ਰਿਹਾ ਸੀਤਾ ਏਅਰ ਦਾ ਜਹਾਜ਼ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋਇਆ ਤੇ ਇਸ 'ਚ ਸਵਾਰ ਸਾਰੇ 19 ਲੋਕ ਮਾਰੇ ਗਏ।
  • ਮਈ 2012 - ਭਾਰਤੀ ਸ਼ਰਧਾਲੂਆਂ ਨੂੰ ਪੋਖਰਾ ਤੋਂ ਜੋਮਸੋਮ ਲੈ ਕੇ ਜਾ ਰਿਹਾ ਅਗਨੀ ਏਅਰ ਦਾ ਜਹਾਜ਼ ਜੋਮਸੋਮ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋਇਆ ਤੇ 19 ਲੋਕਾਂ ਦੀ ਜਾਨ ਚਲੀ ਗਈ।
  • ਸਤੰਬਰ 2011 - ਕਾਠਮਾਂਡੂ ਨੇੜੇ ਕੋਟਡੰਡਾ ਵਿੱਚ ਜਹਾਜ਼ ਹਾਦਸੇ 'ਚ ਨੇਪਾਲੀ, ਭਾਰਤੀ ਅਤੇ ਹੋਰ ਦੇਸ਼ਾਂ ਦੇ ਕੁੱਲ 14 ਲੋਕਾਂ ਦੀ ਮੌਤ ਹੋ ਗਈ ਸੀ।
  • ਦਸੰਬਰ 2010 - 19 ਯਾਤਰੀਆਂ ਅਤੇ ਤਿੰਨ ਚਾਲਕ ਦਲ ਦੇ ਮੈਂਬਰਾਂ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਲਾਮੀਡਾਂਡਾ ਤੋਂ ਕਾਠਮਾਂਡੂ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ।
  • ਅਗਸਤ 2010 – ਕਾਠਮਾਂਡੂ ਤੋਂ ਲੁਕਲਾ ਜਾ ਰਿਹਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਤੇ 14 ਲੋਕਾਂ ਦੀ ਮੌਤ ਹੋ ਗਈ ਸੀ।
  • ਅਕਤੂਬਰ 2008 - ਲੁਕਲਾ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਹੋਏ ਇੱਕ ਹਾਦਸੇ ਵਿੱਚ 18 ਲੋਕ ਮਾਰੇ ਗਏ ਸਨ।
  • ਸਤੰਬਰ 2006 - ਸੰਖੂਵਾਸਭਾ ਦੇ ਘੁੰਸਾ ਵਿੱਚ ਸ੍ਰੀ ਏਅਰ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ 24 ਲੋਕਾਂ ਦੀ ਮੌਤ ਹੋ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)