ਜਦੋਂ ਸੋਵੀਅਤ ਸੰਘ ਨੇ 269 ਸਵਾਰੀਆਂ ਨਾਲ ਭਰਿਆ ਯਾਤਰੀ ਜਹਾਜ਼ ਡੇਗਿਆ -ਵਿਵੇਚਨਾ

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

31 ਅਗਸਤ, 1983 ਦੀ ਰਾਤ ਨੂੰ ਨਿਊਯਾਰਕ ਦੇ ਜੌਨ ਐੱਫ ਕੈਨੇਡੀ ਹਵਾਈ ਅੱਡੇ 'ਤੇ ਇੱਕ 23 ਸਾਲਾ ਨੀਲੀਆਂ ਅੱਖਾਂ ਵਾਲੀ ਮੁਟਿਆਰ ਐਲਿਸ ਐਫਰਾਈਮਸਨ ਐਬਟ ਨੇ ਸਿਓਲ ਜਾਣ ਵਾਲੀ ਕੋਰੀਆਈ ਏਅਰਲਾਈਨਜ਼ ਦੀ ਫਲਾਈਟ 007 'ਤੇ ਸਵਾਰ ਹੋਣ ਤੋਂ ਪਹਿਲਾਂ ਆਪਣੇ ਪਿਤਾ ਹਾਂਸ ਐਫਰਮਾਈਮਸਨ ਐਬਟ ਨੂੰ ਜੱਫੀ ਪਾਈ।

ਜਦੋਂ ਇਹ ਜਹਾਜ਼ ਤੇਲ ਭਰਵਾਉਣ ਲਈ ਅਲਾਸਕਾ ਦੇ ਐਕਰੇਜ 'ਚ ਰੁਕਿਆ ਤਾਂ ਐਲਿਸ ਨੇ ਆਪਣੇ ਪਿਤਾ ਨਾਲ ਫ਼ੋਨ 'ਤੇ ਗੱਲ ਵੀ ਕੀਤੀ।

ਇਸ ਜਹਾਜ਼ 'ਚ ਸਵਾਰ 61 ਅਮਰੀਕੀ ਨਾਗਰਿਕਾਂ 'ਚ ਅਮਰੀਕੀ ਕਾਂਗਰਸ ਦੇ ਮੈਂਬਰ ਲੈਰੀ ਮੈਕਡੋਨਲਡ ਵੀ ਸ਼ਾਮਲ ਸਨ।

ਜਦੋਂ ਸਵੇਰੇ 4 ਵਜੇ ਜਹਾਜ਼ ਨੇ ਐਂਕੋਰੇਜ ਤੋਂ ਸਿਓਲ ਲਈ ਉਡਾਣ ਭਰੀ ਤਾਂ ਜਹਾਜ਼ ਦੇ ਅਮਲੇ ਨੇ ਜਹਾਜ਼ ਨੂੰ ਆਟੋਪਾਇਲਟ ਮੋਡ 'ਤੇ ਪਾ ਦਿੱਤਾ ਸੀ।

ਪਰ ਚਾਲਕ ਦਲ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦਿਨ ਜਹਾਜ਼ ਦਾ ਆਟੋਪਾਇਲਟ ਮੋਡ ਕੰਮ ਨਹੀਂ ਕਰੇਗਾ।

ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਆਪਣੇ ਤੈਅ ਰਸਤੇ ਤੋਂ ਭਟਕ ਕੇ ਸੋਵੀਅਤ ਯੂਨੀਅਨ ਦੇ ਖੇਤਰ ਵੱਲ ਵਧਣਾ ਸ਼ੁਰੂ ਹੋਇਆ।

ਸਿਓਲ ਜਾਣ ਦੀ ਬਜਾਏ ਜਹਾਜ਼ 245 ਡਿਗਰੀ ਦਾ ਕੋਣ ਬਣਾਉਂਦੇ ਹੋਏ ਤੀਰ ਦੀ ਤਰ੍ਹਾਂ ਸੋਵੀਅਤ ਸੰਘ ਦੇ ਪੂਰਬੀ ਤੱਟ ਵੱਲ ਵੱਧਦਾ ਜਾ ਰਿਹਾ ਸੀ।

ਕੁਝ ਦੇਰ ਬਾਅਦ ਯਾਤਰੀਆਂ ਨੂੰ ਐਡਰੈੱਸ ਸਿਸਟਮ 'ਤੇ ਇੱਕ ਜਹਾਜ਼ ਦੇ ਪਾਇਲਟ ਦੀ ਆਵਾਜ਼ ਸੁਣਾਈ ਦਿੱਤੀ, "ਦੇਵੀਓ ਅਤੇ ਸੱਜਣੋ, ਅਸੀਂ 3 ਘੰਟਿਆਂ ਦੇ ਅੰਦਰ ਸਿਓਲ ਦੇ ਗਿੰਪੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਾਂਗੇ।"

"ਇਸ ਸਮੇਂ ਸਿਓਲ ਵਿੱਚ ਸਵੇਰ ਦੇ 3 ਵੱਜ ਰਹੇ ਹਨ। ਲੈਂਡ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਨਾਸ਼ਤਾ ਦੇਵਾਂਗੇ।" ਪਰ ਇਹ ਜਹਾਜ਼ ਸਿਓਲ 'ਚ ਕਦੇ ਉਤਰਿਆ ਹੀ ਨਹੀਂ।

ਕੋਰੀਆਈ ਜਹਾਜ਼ ਆਪਣੇ ਰਾਹ ਤੋਂ 200 ਕਿਲੋਮੀਟਰ ਦੂਰ ਭਟਕਿਆ

26 ਮਿੰਟਾਂ ਬਾਅਦ ਜਹਾਜ਼ ਦੇ ਕਪਤਾਨ ਚੁਨ ਬਯੁੰਗ ਇਨ ਨੇ 'ਐਮਰਜੈਂਸੀ ਡਿਸੇਂਟ' ਦਾ ਐਲਾਨ ਕੀਤਾ ਅਤੇ ਜਹਾਜ਼ ਦੇ ਅਮਲੇ ਨੂੰ ਆਪੋ ਆਪਣੇ ਆਕਸੀਜਨ ਮਾਸਕ ਪਾਉਣ ਨੂੰ ਕਿਹਾ।

ਜਿਵੇਂ ਹੀ ਜਹਾਜ਼ ਸੋਵੀਅਤ ਸੰਘ ਦੀ ਹੱਦ ਦੇ ਨਜ਼ਦੀਕ ਪਹੁੰਚਿਆ ਤਾਂ ਇਸ 'ਤੇ ਸੋਵੀਅਤ ਫੌਜੀ ਠਿਕਾਣਿਆਂ ਤੋਂ ਨਜ਼ਰ ਰੱਖੀ ਗਈ।

ਇਸ ਇਲਾਕੇ 'ਚ ਅਮਰੀਕੀ ਜਾਸੂਸੀ ਜਹਾਜ਼ ਬੋਇੰਗ ਆਰਸੀ 135 ਪਹਿਲਾਂ ਹੀ ਜਾਸੂਸੀ ਉਡਾਣਾਂ ਭਰ ਰਿਹਾ ਸੀ।

ਇਹ ਜਾਸੂਸੀ ਜਹਾਜ਼ ਬਿਲਕੁਲ ਹੀ ਨਾਗਰਿਕ ਜਹਾਜ਼ਾਂ ਵਾਂਗ ਵਿਖਦੇ ਸਨ।

ਇੰਨ੍ਹਾਂ 'ਤੇ ਇਲੈਕਟ੍ਰੋਨਿਕ ਖੋਜੀ ਉਪਕਰਣ ਲੱਗੇ ਹੁੰਦੇ ਸਨ ਅਤੇ ਇਹ ਯਾਤਰੀ ਜਹਾਜ਼ਾਂ ਵੱਲੋਂ ਲਏ ਗਏ ਰੂਟਾਂ ਦੇ ਨੇੜੇ-ਤੇੜੇ ਹੀ ਉਡਾਣ ਭਰਦੇ ਸਨ।

ਜਦੋਂ ਤੱਕ ਕੋਰੀਅਨ ਏਅਰਲਾਈਨਜ਼ ਦੀ ਉਡਾਣ 007 ਸੋਵੀਅਤ ਸਰਹੱਦ ਦੇ ਕੋਲ ਪਹੁੰਚੀ, ਉਸ ਸਮੇਂ ਉਹ ਆਪਣੇ ਤੈਅ ਰਸਤੇ ਤੋਂ 200 ਕਿਲੋਮੀਟਰ ਦੂਰ ਭਟਕ ਚੁੱਕੀ ਸੀ।

ਰੂਸ ਦੇ ਡੌਲਿੰਸਕ ਸੋਕੋਲ ਏਅਰ ਬੇਸ ਦੇ ਕਮਾਂਡਰਾਂ ਨੇ ਤੁਰੰਤ ਦੋ ਸੁਖੋਈ ਐਸਯੂ-15 ਲੜਾਕੂ ਜਹਾਜ਼ਾਂ ਨੂੰ ਇਸ ਜਹਾਜ਼ ਨੂੰ ਰੋਕਣ ਲਈ ਰਵਾਨਾ ਕੀਤਾ।

ਸੋਵੀਅਤ ਪਾਇਲਟ ਕਰਨਲ ਗੇਨਾਡੀ ਓਸੀਪੋਵਿਚ ਨੇ 1988 'ਚ ਇੱਕ ਇੰਟਰਵਿਊ 'ਚ ਕਿਹਾ, "ਮੈਂ ਬੋਇੰਗ 747 ਦੇ ਇਸ ਜਹਾਜ਼ ਨੂੰ ਵੇਖ ਪਾ ਰਿਹਾ ਸੀ, ਜਿਸ 'ਚ ਡਬਲ ਡੈਕਰ ਖਿੜਕੀਆਂ ਲੱਗੀਆਂ ਹੋਈਆਂ ਸਨ। ਫੌਜੀ ਮਾਲਵਾਹਕ ਜਹਾਜ਼ਾਂ 'ਚ ਇਸ ਤਰ੍ਹਾਂ ਦੀ ਖਿੜਕੀਆਂ ਨਹੀਂ ਹੁੰਦੀਆਂ ਹਨ।"

ਉਹ ਅੱਗੇ ਕਹਿੰਦੇ ਹਨ,''ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕਿਸ ਤਰ੍ਹਾਂ ਦਾ ਜਹਾਜ਼ ਹੈ? ਪਰ ਮੇਰੇ ਕੋਲ ਸੋਚਣ ਸਮਝਣ ਦਾ ਸਮਾਂ ਨਹੀਂ ਸੀ। ਮੈਂ ਆਪਣਾ ਕੰਮ ਕਰਨਾ ਸੀ। ਮੈਂ ਉਸ ਜਹਾਜ਼ ਦੇ ਪਾਇਲਟ ਨੂੰ ਕੌਮਾਂਤਰੀ ਕੋਡ ਨਾਲ ਸੰਕੇਤ ਦੇ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਸਾਡੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ, ਪਰ ਉਸ ਵੱਲੋਂ ਕੋਈ ਜਵਾਬ ਨਹੀਂ ਆਇਆ।

ਅਮਰੀਕੀ ਖੋਜੀ ਜਹਾਜ਼ ਆਰਸੀ 135 ਪਹਿਲਾਂ ਤੋਂ ਹੀ ਸਰਗਰਮ ਸੀ

ਇਕ ਹੋਰ ਸੋਵੀਅਤ ਲੈਫਟੀਨੈਂਟ ਜਨਰਲ ਵੈਲੇਨਟਿਨ ਵੇਰੇਨਿਕੋਵ ਨੇ ਦੱਸਿਆ ਕਿ ਸੋਵੀਅਤ ਹਵਾਈ ਸੈਨਾ ਨੇ ਰੌਸ਼ਨੀ ਵਾਲੇ ਟਰੇਸਰਾਂ ਨਾਲ ਗੋਲੀਬਾਰੀ ਕਰਕੇ ਕੋਰੀਆਈ ਪਾਇਲਟ ਨੂੰ ਚੇਤਾਵਨੀ ਦੇਣ ਦਾ ਬਹੁਤ ਯਤਨ ਕੀਤਾ।

ਹਵਾਬਾਜ਼ੀ ਮਾਮਲਿਆਂ ਦੇ ਮਾਹਰ ਪੀਟਰ ਗਰੀਅਰ ਏਅਰਫੋਰਸ ਮੈਗਜ਼ੀਨ 'ਚ 1 ਜਨਵਰੀ, 2013 'ਚ ਪ੍ਰਕਾਸ਼ਿਤ ਆਪਣੇ ਲੇਖ 'ਦ ਡੈਥ ਆਫ਼ ਕੋਰੀਅਨ ਏਅਰਲਾਈਨਜ਼ ਫਲਾਈਟ 007' 'ਚ ਲਿਖਦੇ ਹਨ, "ਲਗਭਗ ਉਸੇ ਸਮੇਂ ਅਮਰੀਕੀ ਹਵਾਈ ਫੌਜ ਦਾ ਆਰਸੀ 135 ਜਹਾਜ਼ ਵੀ ਉਸੇ ਖੇਤਰ ਵਿੱਚ ਉੱਡ ਰਿਹਾ ਸੀ। ਇਲੈਕਟ੍ਰੋਨਿਕ ਖੋਜ ਉਪਕਰਣਾਂ ਨਾਲ ਲੈਸ ਇਸ ਜਹਾਜ਼ ਨੂੰ ਕਾਮਚਾਕਟਾ ਖੇਤਰ 'ਚ ਸੋਵੀਅਤ ਰੱਖਿਆ ਪ੍ਰਣਾਲੀ ਦੀ ਜਾਸੂਸੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।"

ਘਟਨਾ ਦਾ ਸੰਖੇਪ ਵੇਰਵਾ

  • 31 ਅਗਸਤ 1983 ਨੂੰ ਕੋਰੋਆਈ ਜਹਾਜ਼ ਨੇ ਨਿਊਯਾਰਕ ਦੇ ਜੌਨ ਐੱਫ ਕੈਨੇਡੀ ਹਵਾਈ ਅੱਡੇ ਤੋਂ ਉਡਾਨ ਭਰੀ
  • ਕੁੱਲ 269 ਯਾਤਰੀਆਂ ਸਨ, ਜਿਨ੍ਹਾਂ ਵਿਚੋਂ ਅਮਰੀਕੀ ਕਾਂਗਰਸ ਦੇ ਮੈਂਬਰ ਲੈਰੀ ਮੈਕਡੋਨਲਡ ਵੀ ਸ਼ਾਮਲ
  • ਜਹਾਜ਼ ਚਾਲਕ ਦਲ ਨੇ ਅਨਾਊਂਸਮੈਂਟ ਕੀਤੀ ਕੀ ਅਗਲੇ ਤਿੰਨ ਘੰਟੇ ਵਿਚ ਉਹ ਸਿਓਲ ਪਹੁੰਚ ਜਾਣਗੇ
  • ਚਾਲਕ ਦਲ ਨੂੰ ਅਨੁਮਾਨ ਨਹੀਂ ਸੀ ਕਿ ਜਹਾਜ਼ ਆਟੋ ਚਾਲਕ ਮੋਡ ਉੱਤੇ ਨਹੀਂ ਚੱਲ ਰਿਹਾ
  • ਸਿਓਲ ਜਾਣ ਦੀ ਬਜਾਇ ਤੀਰ ਦੀ ਤਰ੍ਹਾਂ ਸੋਵੀਅਤ ਸੰਘ ਦੇ ਪੂਰਬੀ ਤੱਟ ਵੱਲ ਵੱਧਦਾ ਜਾ ਰਿਹਾ ਸੀ
  • ਜਿਵੇਂ ਹੀ ਜਹਾਜ਼ ਰੂਸੀ ਸਰਹੱਦ ਉੱਤੇ ਪਹੁੰਚਿਆ ਤਾਂ ਇਸ ਇਲ਼ਾਕੇ ਵਿਚ ਅਮਰੀਕੀ ਜਾਸੂਸੀ ਜਹਾਜ਼ ਵੀ ਉਡਾਨ ਭਰ ਰਿਹਾ ਸੀ
  • ਇਹ ਜਹਾਜ਼ ਵੀ ਬਿਲਕੁੱਲ ਯਾਤਰੀ ਜਹਾਜ਼ ਵਰਗਾ ਸੀ
  • ਇਹ ਜਹਾਜ਼ 200 ਕਿਲੋਮੀਟਰ ਭਟਕ ਗਿਆ ਸੀ ਅਤੇ ਇਸ ਨਾਲ ਰੂਸੀ ਅਧਿਕਾਰੀਆਂ ਨੇ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ
  • ਜਹਾਜ਼ ਨੂੰ ਜਾਸੂਸੀ ਬੋਇੰਗ ਜਹਾਜ਼ ਸਮਝਦੇ ਹੋਏ ਮਿਜਾਇਲ ਨਾਲ ਡੇਗ ਲਿਆ ਗਿਆ

"ਅਜਿਹੇ ਮਿਸ਼ਨਾਂ ਤਹਿਤ ਅਮਰੀਕੀ ਜਹਾਜ਼ ਸੋਵੀਅਤ ਸਰਹੱਦ ਦੇ ਨੇੜੇ ਤੱਕ ਤਾਂ ਉਡਾਣ ਭਰਦੇ ਸਨ ਪਰ ਉਹ ਇਸ ਗੱਲ ਦੀ ਵੀ ਸਾਵਧਾਨੀ ਵਰਤਦੇ ਸਨ ਕਿ ਉਹ ਸਰਹੱਦ ਪਾਰ ਨਾ ਕਰਨ। ਕਿਸੇ ਇੱਕ ਬਿੰਦੂ 'ਤੇ ਸੋਵੀਅਤ ਹਵਾਈ ਆਵਾਜਾਈ ਕੰਟਰੋਲਰ ਨੂੰ ਗਲਤ ਫ਼ਹਿਮੀ ਹੋ ਗਈ ਸੀ ਕਿ ਇਹ ਕੋਰੀਅਨ ਯਾਤਰੂ ਜਹਾਜ਼ ਵੀ ਸ਼ਾਇਦ ਅਮਰੀਕੀ ਜਾਸੂਸੀ ਜਹਾਜ਼ ਹੈ।

''ਪਹਿਲਾਂ ਸੋਵੀਅਤ ਸੰਘ ਨੇ ਇਸ ਜਹਾਜ਼ ਨੂੰ ਰੋਕਣ ਲਈ ਚਾਰ ਮਿਗ-23 ਜਹਾਜ਼ ਭੇਜੇ, ਪਰ ਇੰਨ੍ਹਾਂ ਜਹਾਜ਼ਾਂ ਵਿੱਚ ਲੋੜੀਂਦਾ ਤੇਲ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਵਾਪਸ ਆਪਣੇ ਟਿਕਾਣਿਆਂ 'ਤੇ ਮੁੜਨਾ ਪਿਆ।"

ਕੋਰੀਆਈ ਜਹਾਜ਼ ਨਾਲ ਰੇਡਿਓ ਜ਼ਰੀਏ ਸੰਪਰਕ ਕਰਨ 'ਤੇ ਦੋ ਵੱਖੋ ਵੱਖ ਬਿਆਨ

ਦੂਜੇ ਪਾਸੇ 007 ਦੇ ਕਾਕਪਿਟ 'ਚ ਪਾਇਲਟਾਂ ਨੂੰ ਇਸ ਗੱਲ ਦੀ ਬਿਲਕੁਲ ਵੀ ਭਿਣਕ ਨਹੀਂ ਸੀ ਕਿ ਸੋਵੀਅਤ ਸੰਘ ਦੇ ਜਹਾਜ਼ ਉਨ੍ਹਾਂ ਦੇ ਨਾਲ-ਨਾਲ ਉੱਡ ਰਹੇ ਹਨ।

ਪਹਿਲਾਂ ਕੋਰੀਆਈ ਜਹਾਜ਼ ਕਾਮਚਾਕਟਾ ਦੇ ਖੇਤਰ ਨੂੰ ਪਾਰ ਕਰਕੇ ਅੰਤਰਰਾਸ਼ਟਰੀ ਸਮੁੰਦਰੀ ਇਲਾਕੇ 'ਚ ਦਾਖਲ ਹੋਇਆ, ਪਰ ਜਦੋਂ ਉਹ ਦੂਜੀ ਵਾਰ ਸੋਵੀਅਤ ਕਬਜ਼ੇ ਵਾਲੇ ਸਖਾਲਿਨ ਖੇਤਰ 'ਚ ਦਾਖਲ ਹੋਇਆ ਤਾਂ ਸੋਵੀਅਤ ਹਵਾਈ ਫੌਜ ਨੇ ਮਹਿਸੂਸ ਕੀਤਾ ਕਿ ਇਹ ਜਹਾਜ਼ ਕਿਸੇ ਫੌਜੀ ਮਿਸ਼ਨ 'ਤੇ ਹੈ।

ਸੋਵੀਅਤ ਹਵਾਈ ਸੈਨਾ ਪਹਿਲਾਂ ਹੀ ਇਸ ਖੇਤਰ ਵਿੱਚ ਅਮਰੀਕੀ ਜਲ ਸੈਨਾ ਦੇ ਜਹਾਜ਼ਾਂ ਦੀਆਂ ਕਿਵਾਇਦਾਂ ਤੋਂ ਪਰੇਸ਼ਾਨ ਸੀ ਅਤੇ ਉਸੇ ਦਿਨ ਕੁਝ ਮਿਜ਼ਾਈਲਾਂ ਦਾ ਉਸੇ ਖੇਤਰ 'ਚ ਪ੍ਰੀਖਣ ਵੀ ਕੀਤਾ ਜਾਣਾ ਸੀ, ਇਸ ਲਈ ਸੋਵੀਅਤ ਸੈਨਿਕ 'ਪਹਿਲਾਂ ਗੋਲੀ ਮਾਰੋ, ਬਾਅਦ 'ਚ ਸਵਾਲ ਕਰੋ' ਵਾਲੇ ਮੋਡ ਵਿੱਚ ਚਲੇ ਗਏ ਸਨ।

ਬਾਅਦ ਵਿੱਚ ਇੱਕ ਕੌਮਾਂਤਰੀ ਨਾਗਰਿਕ ਹਵਾਬਾਜ਼ੀ ਸੰਗਠਨ ਦੀ ਰਿਪੋਰਟ 'ਚ ਕਿਹਾ ਗਿਆ, "ਸੋਵੀਅਤ ਜਹਾਜ਼ਾਂ ਨੇ ਕੋਰੀਅਨ ਜਹਾਜ਼ ਨਾਲ ਰੇਡਿਓ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਸੋਵੀਅਤ ਪਾਇਲਟਾਂ ਨੇ ਨਾਗਰਿਕ ਜਹਾਜ਼ਾਂ ਨੂੰ ਰੋਕਣ ਦੇ ਆਈਸੀਏਓ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਸੀ।"

ਜਦਕਿ ਸੋਵੀਅਤ ਪਾਇਲਟ ਦਾ ਕਹਿਣਾ ਸੀ ਕਿ ਉਸ ਨੇ ਐਮਰਜੈਂਸੀ ਲਈ ਰਿਜ਼ਰਵ ਰੇਡਿਓ ਫ੍ਰੀਕੁਐਂਸੀ 'ਤੇ ਕੋਰੀਅਨ ਜਹਾਜ਼ ਨਾਲ ਸੰਪਰਕ ਕਾਇਮ ਕਰਨ ਦਾ ਯਤਨ ਕੀਤਾ ਸੀ, ਪਰ ਕੋਰੀਅਨ ਜਹਾਜ਼ ਦੇ ਪਕਾਕਪਿਟ 'ਚ ਕੋਈ ਵੀ ਉਸ ਨੂੰ ਸੁਣ ਨਹੀਂ ਹੀ ਨਹੀਂ ਰਿਹਾ ਸੀ।

ਜਦੋਂ ਟੋਕਿਓ ਦੇ ਏਅਰ ਟ੍ਰੈਫਿਕ ਕੰਟਰੋਲ ਨੇ ਕੋਰੀਆਈ ਜਹਾਜ਼ ਨੂੰ 35,000 ਫੁੱਟ ਦੀ ਉਚਾਈ 'ਤੇ ਜਾਣ ਲਈ ਕਿਹਾ ਤਾਂ ਉਸ ਨੇ ਉਸ ਹੁਕਮ ਦਾ ਪਾਲਣ ਕੀਤਾ।

ਹੁਣ ਸੋਵੀਅਤ ਅਧਿਕਾਰੀਆਂ ਦਾ ਸ਼ੱਕ ਪੱਕਾ ਹੋ ਗਿਆ ਸੀ ਕਿ ਇਹ ਜਹਾਜ਼ ਉਨ੍ਹਾਂ ਦੇ ਜਹਾਜ਼ਾਂ ਦੀ ਪਹੁੰਚ ਤੋਂ ਬਾਹਰ ਜਾਣ ਲਈ ਹੀ ੳੱਪਰ ਵੱਲ ਨੂੰ ਜਾ ਰਿਹਾ ਹੈ ਅਤੇ ਫਿਰ ਇਹ ਵੀ ਤੈਅ ਕੀਤਾ ਗਿਆ ਕਿ ਉਸ ਜਹਾਜ਼ ਨੂੰ ਸੋਵੀਅਤ ਸਰਹੱਦ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:-

ਓਸੀਪੋਵਿਚ ਨੇ ਯਾਦ ਕਰਦਿਆਂ ਕਿਹਾ, "ਮੈਨੂੰ ਜਹਾਜ਼ ਨੂੰ ਤਬਾਹ ਕਰਨ ਦੇ ਹੁਕਮ ਮਿਲੇ ਸਨ। ਮੈਂ ਆਪਣੇ ਟੀਚੇ ਨੂੰ ਪੂਰਾ ਕੀਤਾ।"

ਇੱਕ ਸੋਵੀਅਤ ਕਮਾਂਡਰ ਨੇ ਬਾਅਦ 'ਚ ਮੰਨਿਆ ਕਿ ਉਸ ਨੂੰ ਹਰ ਕੀਮਤ 'ਤੇ ਉਸ ਜਹਾਜ਼ ਨੂੰ ਤਬਾਹ ਕਰਨ ਦੇ ਹੁਕਮ ਮਿਲੇ ਸਨ ਭਾਵੇਂ ਉਹ ਸੋਵੀਅਤ ਸਰਹੱਦ ਤੋਂ ਨਿਕਲ ਕੇ ਕੌਮਾਂਤਰੀਰੀ ਸਰਹੱਦ ਵਿੱਚ ਹੀ ਕਿਉਂ ਨਾ ਚਲਾ ਜਾਵੇ।

ਫੁੰਡੇ ਜਾਣ ਤੋਂ ਬਾਅਦ ਵੀ 12 ਮਿੰਟ ਤੱਕ ਉਡਾਣ ਭਰਨੀ ਜਾਰੀ ਰੱਖੀ

9 ਸਤੰਬਰ ਨੂੰ ਮਾਰਸ਼ਲ ਨਿਕੋਲਾਈ ਓਗਰਕੋਵ ਨੇ ਮਾਸਕੋ 'ਚ ਇੱਕ ਪ੍ਰੈਸ ਕਾਨਫਰੰਸ 'ਚ ਮੰਨਿਆ ਕਿ "ਇੱਕ ਜਹਾਜ਼ ਨੂੰ ਸੋਵੀਅਤ ਖੇਤਰ 'ਚ ਢੇਰੀ ਕੀਤਾ ਗਿਆ ਹੈ, ਪਰ ਉਸ ਨੂੰ ਤਬਾਹ ਕਰਨ ਦੀ ਉਨ੍ਹਾਂ ਕੋਲ ਕਾਫ਼ੀ ਕਾਰਨ ਸਨ। ਭਾਵੇਂ ਉਹ ਜਹਾਜ਼ ਆਰਸੀ 135 ਹੋਵੇ ਜਾਂ ਫਿਰ ਬੋਇੰਗ 747, ਇਹ ਜਹਾਜ਼ ਨਿਸ਼ਚਤ ਤੌਰ 'ਤੇ ਇੱਕ ਫੌਜੀ ਮਿਸ਼ਨ ਉੱਤੇ ਸੀ।"

ਇਸ ਤੋਂ ਬਾਅਦ ਸੋਵੀਅਤ ਯੂਨੀਅਨ ਨੇ ਕਦੇ ਵੀ ਬਾਹਰੀ ਦੁਨੀਆ ਨੂੰ ਇਹ ਨਹੀਂ ਦੱਸਿਆ ਕਿ ਉਸ ਨੂੰ ਜਹਾਜ਼ ਦਾ ਮਲਬਾ, ਫਲਾਈਟ ਡਾਟਾ ਰਿਕਾਰਡਰ ਜਾਂ ਮ੍ਰਿਤਕਾਂ ਦੀਆਂ ਲਾਸ਼ਾਂ ਮਿਲੀਆਂ ਜਾਂ ਨਹੀਂ।

ਜਹਾਜ਼ ਵਿੱਚ ਸਵਾਰ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤੇ ਬਿਨ੍ਹਾਂ ਹੀ ਉਨ੍ਹਾਂ ਦੀ ਮੌਤ ਦਾ ਸੋਗ ਮਨਾਉਣ ਲਈ ਮਜ਼ਬੂਰ ਹੋਣਾ ਪਿਆ। ਜਦੋਂ ਸ਼ੀਤ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਸੋਵੀਅਤ ਸੰਘ ਦੀ ਵੰਡ ਹੋਈ ਤਾਂ 007 ਨੂੰ ਤਬਾਹ ਕਰਨ ਦੇ ਕੁਝ ਵੇਰਵੇ ਸਾਹਮਣੇ ਆਏ ਸਨ।

ਸਾਲ 1992 'ਚ ਇੱਕ ਉੱਚ-ਪੱਧਰੀ ਬੈਠਕ ਤੋਂ ਬਾਅਦ ਰੂਸ ਨੇ ਕਾਕਪਿਟ ਵਾਇਸ ਰਿਕਾਰਡਰ ਦੀ ਗੱਲਬਾਤ ਦੇ ਵੇਰਵੇ ਜਾਰੀ ਕੀਤੇ ਸਨ। ਉਸ ਤੋਂ ਬਾਅਦ ਹੀ ਪਹਿਲੀ ਵਾਰ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਕੋਰੀਅਨ ਜਹਾਜ਼ ਹਵਾ 'ਚ ਹੀ ਤਬਾਹ ਨਹੀਂ ਹੋਇਆ ਸੀ।

ਟੋਕਿਓ ਦੇ ਸਮੇਂ ਅਨੁਸਾਰ ਸਵੇਰ ਦੇ 3:26 'ਤੇ ਓਸੀਪੋਵਿਚ ਨੇ ਦੋ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਏਏ-3 ਮਿਜ਼ਾਈਲਾਂ ਕੋਰੀਅਨ ਜਹਾਜ਼ 'ਤੇ ਦਾਗੀਆਂ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਸੋਵੀਅਤ ਮਿਜ਼ਾਈਲ ਦੇ ਕੁਝ ਟੁੱਕੜੇ ਜਹਾਜ਼ ਦੇ ਪਿਛਲੇ ਹਿੱਸੇ 'ਚ ਲੱਗੇ ਸਨ, ਜਿਸ ਨਾਲ ਜਹਾਜ਼ ਦੇ ਚਾਰ ਹਾਈਡ੍ਰੋਲਿਕ ਸਿਸਟਮ 'ਚੋਂ ਤਿੰਨ ਤਬਾਹ ਹੋ ਗਏ ਸਨ। ਇਸ ਦੇ ਬਾਵਜੂਦ ਕੈਬਿਨ 'ਚ ਦਬਾਅ ਘੱਟ ਨਹੀਂ ਹੋਇਆ ਸੀ ਅਤੇ ਜਹਾਜ਼ ਦੇ ਚਾਰੇ ਇੰਜਣਾਂ ਨੇ ਉਡਾਣ ਭਰਨੀ ਜਾਰੀ ਰੱਖੀ ਸੀ।

ਓਸੀਪੋਵਿਚ ਨੇ ਕੰਟਰੋਲ ਰੂਮ 'ਚ ਸੁਨੇਹਾ ਭੇਜਿਆ, 'ਦ ਟਾਰਗੇਟ ਇਜ਼ ਡਿਸਟ੍ਰੋਇਡ'।

ਹਾਲਾਂਕਿ ਉਦੋਂ ਤੱਕ ਇਹ ਜਹਾਜ਼ ਨਸ਼ਟ ਨਹੀਂ ਹੋਇਆ ਸੀ। ਫਟੱੜ ਜਹਾਜ਼ ਨੇ ਅਗਲੇ 12 ਮਿੰਟਾਂ ਤੱਕ ਉਡਾਣ ਭਰਨੀ ਜਾਰੀ ਰੱਖੀ ਸੀ।

ਜਹਾਜ਼ ਦੇ ਪਾਇਲਟਾਂ ਨੇ ਜਹਾਜ਼ ਨੂੰ ਕਾਬੂ 'ਚ ਰੱਖਣ ਦਾ ਪੂਰਾ ਯਤਨ ਕੀਤਾ, ਪਰ ਜਹਾਜ਼ ਸਖਾਲਿਨ ਦੇ ਪੱਛਮ 'ਚ ਮੋਨੇਰੌਨ ਟਾਪੂ ਦੇ ਕੋਲ ਸਮੁੰਦਰ 'ਚ ਕ੍ਰੈਸ਼ ਹੋ ਗਿਆ ਸੀ ਅਤੇ ਉਸ 'ਚ ਸਵਾਰ ਸਾਰੇ ਹੀ ਯਾਤਰੀਆਂ ਦੀਆਂ ਜਾਂ ਤਾਂ ਬੋਟੀਆਂ-ਬੋਟੀਆਂ ਹੋ ਗਈਆਂ ਜਾਂ ਫਿਰ ਉਹ ਸਮੁੰਦਰ ਦੀਆਂ ਲਹਿਰਾਂ 'ਚ ਡੁੱਬ ਗਏ ਸਨ।

ਜਹਾਜ਼ 1600 ਫੁੱਟ ਹੇਠਾਂ ਤੱਕ ਆਇਆ

ਕੋਈ 12 ਮਿੰਟ ਤੱਕ ਖ਼ਤਰਿਆਂ ਨਾਲ ਜੂਝਣ ਦੇ ਬਾਵਜੂਦ ਕੋਰੀਆਈ ਜਹਾਜ਼ ਨੇ ਕੋਈ 'ਮੇਅ ਡੇਅ' ਸੰਕੇਤ ਨਹੀਂ ਭੇਜਿਆ ਸੀ।

ਸੇਮਰ ਹਰਸ਼ ਆਪਣੀ ਕਿਤਾਬ 'ਦ ਟਾਰਗੇਟ ਇਜ਼ ਡਿਸਟ੍ਰੋਇਡ' 'ਚ ਲਿਖਦੇ ਹਨ" ਮਿਜ਼ਾਈਲ ਹਮਲੇ ਤੋਂ 40 ਸਕਿੰਟਾਂ ਬਾਅਦ, ਫਲਾਈਟ 007 ਨੇ ਟੋਕਿਓ ਏਅਰ ਟ੍ਰੈਫਿਕ ਕੰਟਰੋਲ ਨੂੰ ਸੁਨੇਹਾ ਭੇਜਿਆ ਸੀ, ਜਿਸ ਦੇ ਕੁਝ ਸ਼ਬਦ ਹੀ ਸਾਫ ਸੁਣਾਈ ਦੇ ਰਹੇ ਸਨ… ਰੈਪਿਡ ਕੰਪਰੈਸ਼ਨ…ਐਂਡ ਡਿਸੈਂਡਿੰਗ ਟੂ ਵਨ ਜ਼ੀਰੋ ਥਾਊਜ਼ੰਡ…ਮਤਲਬ ਕਿ ਅਸੀਂ ਜਹਾਜ਼ ਨੂੰ 1000 ਫੁੱਟ 'ਤੇ ਲਿਜਾ ਰਹੇ ਹਾਂ, ਜਿੱਥੇ ਯਾਤਰੀ ਦਬਾਅ ਵਾਲੀ ਹਵਾ 'ਚ ਸਾਹ ਲੈ ਸਕਣਗੇ।"

ਪਰ ਉਸ ਸਮੇਂ ਵੀ ਇਸ ਗੱਲ ਦਾ ਕੋਈ ਸੰਕੇਤ ਨਹੀਂ ਸੀ ਕਿ ਪਾਇਲਟ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਉਸ ਦੇ ਜਹਾਜ਼ 'ਤੇ ਮਿਜ਼ਾਈਲ ਨਾਲ ਹਮਲਾ ਹੋਇਆ ਹੈ।

ਜਪਾਨ ਦੀ ਰਡਾਰ ਟਰੈਕਿੰਗ ਤੋਂ ਪਤਾ ਲੱਗਦਾ ਹੈ ਕਿ ਕੇਏਐਲ 007 ਅਗਲੇ ਚਾਰ ਮਿੰਟਾਂ 'ਚ 16000 ਫੁੱਟ ਹੇਠਾਂ ਆ ਗਿਆ ਸੀ।

ਉਸ ਸਮੇਂ ਸ਼ਾਇਦ ਪਾਇਲਟ ਨੇ ਜਹਾਜ਼ ਦੇ ਹੇਠਾਂ ਆਉਣ ਦੀ ਰਫ਼ਤਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਤੱਕ ਜਹਾਜ਼ ਉਸ ਦੇ ਕਾਬੂ ਤੋਂ ਬਾਹਰ ਹੋ ਗਿਆ ਸੀ।

ਆਪਣੇ ਆਖਰੀ ਪੜਾਅ ਵਿੱਚ ਜਹਾਜ਼ ਆਪਣੀ ਪਿੱਠ ਦੇ ਭਾਰ ਘੁੰਮਿਆ ਅਤੇ ਪਾਇਲਟ ਨੇ ਇੰਜਣ ਦੀ ਸ਼ਕਤੀ ਦੀ ਵਰਤੋਂ ਕਰਦਿਆਂ ਹਾਦਸੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ।

ਅਮਰੀਕਾ ਵੱਲੋਂ ਸਖ਼ਤ ਨਿਖੇਧੀ

ਜਦੋਂ ਜਹਾਜ਼ ਦੇ ਤਬਾਹ ਹੋਣ ਦੀ ਖ਼ਬਰ ਅਮਰੀਕਾ ਪਹੁੰਚੀ ਤਾਂ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਇਸ ਨੂੰ 'ਨਸਲਕੁਸ਼ੀ' ਅਤੇ ਮਨੁੱਤਾ ਦੇ ਵਿਰੁੱਧ ਅਪਰਾਧ ਦੱਸਿਆ।

ਅਮਰੀਕੀ ਵਿਦੇਸ਼ ਮੰਤਰੀ ਜਾਰਜ ਸ਼ੁਲਟਜ਼ ਨੇ ਇੱਕ ਪ੍ਰੈਸ ਕਾਨਫਰੰਸ 'ਚ ਸੋਵੀਅਤ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ।

ਤਤਕਾਲੀ ਰਾਸ਼ਟਰਪਤੀ ਰੀਗਨ ਨੇ ਕੌਮ ਦੇ ਨਾਮ ਇੱਕ ਸੁਨੇਹਾ ਪ੍ਰਸਾਰਿਤ ਕਰਦਿਆਂ ਸੋਵੀਅਤ ਪਾਇਲਟ ਓਸੀਪੋਵਿਚ ਦਾ ਆਡੀਓ ਟੇਪ ਸੁਣਾਇਆ, ਜਿਸ 'ਚ ਉਹ ਦੱਸ ਰਹੇ ਸਨ ਕਿ ਉਹ ਜਹਾਜ਼ ਦੀਆਂ ਜਗਦੀਆਂ-ਬੁਝਦੀਆਂ ਲਾਈਟਾਂ ਨੂੰ ਵੇਖ ਪਾ ਰਹੇ ਹਨ।

ਉਸ ਤੋਂ ਤੁਰੰਤ ਬਾਅਦ ਇੱਕ ਸੋਵੀਅਤ ਕੂਟਨੀਤਕ ਨੇ ਅਮਰੀਕੀ ਵਿਦੇਸ਼ ਮੰਤਰਾਲੇ 'ਚ ਆ ਕੇ ਜਾਰਜ ਸ਼ੁਲਟਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਜਹਾਜ਼ ਨੂੰ ਸੋਵੀਅਤ ਖੇਤਰ 'ਚ ਦਾਖਲ ਹੋਣ 'ਤੇ ਚਿਤਾਵਨੀ ਦਿੱਤੀ ਸੀ।

ਇਹ ਵੀ ਪੜ੍ਹੋ:

ਉਸ ਤੋਂ ਬਾਅਦ ਸ਼ਾਇਦ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਸੋਵੀਅਤ ਆਗੂ ਯੂਰੀ ਐਂਡਰੋਪੋਵ ਨੇ ਪਲਟ ਵਾਰ ਕਰਦਿਆਂ ਅਮਰੀਕਾ 'ਤੇ ਜਾਸੂਸੀ ਕਰਨ ਲਈ ਕੋਰੀਆਈ ਜਹਾਜ਼ਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ। ਇਸ ਹਾਦਸੇ ਨੂੰ ਸ਼ੀਤ ਯੁੱਧ ਦੇ ਆਖਰੀ ਪੜਾਅ ਦੀ ਸਭ ਤੋਂ ਖ਼ਤਰਨਾਕ ਘਟਨਾ ਕਿਹਾ ਗਿਆ ਹੈ।

ਇੱਥੇ ਸਵਾਲ ਇਹ ਉੱਠਦਾ ਹੈ ਕਿ ਸੋਵੀਅਤ ਸੰਘ ਦੀਆਂ ਮਿਜ਼ਾਈਲਾਂ ਨੇ ਇਸ ਯਾਤਰੂ ਜਹਾਜ਼ ਨੂੰ ਨਿਸ਼ਾਨੇ 'ਤੇ ਕਿਉਂ ਲਿਆ?

ਪੀਟਰ ਗਰੀਅਰ ਆਪਣੇ ਲੇਖ 'ਚ ਲਿਖਦੇ ਹਨ, "ਰਾਸ਼ਟਰੀ ਸੁਰੱਖਿਆ ਏਜੰਸੀ ਦੇ ਇੰਟਰਸੈਪਟ ਤੋਂ ਪਤਾ ਲੱਗਦਾ ਹੈ ਕਿ ਸੋਵੀਅਤ ਸੰਘ ਨੇ ਅਸਲ 'ਚ ਇਸ ਜਹਾਜ਼ ਨੂੰ ਇੱਕ ਜਾਸੂਸੀ ਜਹਾਜ਼ ਆਰਸੀ 135 ਸਮਝਿਆ ਸੀ , ਜੋ ਕਿ ਉਨੀਂ ਦਿਨੀਂ ਸਖਾਲਿਨ ਦੇ ਤੱਟ ਨੇੜੇ ਲਗਾਤਾਰ ਚੱਕਰ ਕੱਟ ਰਿਹਾ ਸੀ।"

ਖ਼ੁਫੀਆ ਇਤਿਹਾਸਕਾਰ ਮੈਥਿਊ ਐਮ ਐਡ ਦਾ ਵੀ ਮੰਨਣਾ ਹੈ ਕਿ ਸੋਵੀਅਤ ਹਵਾਈ ਰੱਖਿਆ ਪ੍ਰਣਾਲੀ ਦਾ ਪੱਧਰ ਉਨੀਂ ਦਿਨੀਂ ਕਾਫ਼ੀ ਹੇਠਾਂ ਆ ਗਿਆ ਸੀ।

ਉਹ ਆਪਣੀ ਕਿਤਾਬ 'ਦ ਸੀਕਰੇਟ ਸੈਂਟਰੀ' 'ਚ ਲਿਖਦੇ ਹਨ , " ਕੇਏਐਲ ਜਹਾਜ਼ ਨੂੰ ਤਬਾਹ ਕਰਨ ਤੋਂ ਬਾਅਦ ਜੋ ਗੱਲ ਸਭ ਤੋਂ ਵੱਧ ਉਭਰ ਕੇ ਸਾਹਮਣੇ ਆਈ , ਉਹ ਇਹ ਸੀ ਕਿ ਸੋਵੀਅਤ ਹਵਾਈ ਸੁਰੱਖਿਆ ਪ੍ਰਣਾਲੀ ਦੀ ਕਾਰਗੁਜ਼ਾਰੀ ਬਹੁਤ ਹੀ ਮਾੜੀ ਸੀ।"

ਕਈ ਸਾਜਿਸ਼ੀ ਸਿਧਾਂਤ ਸਾਹਮਣੇ ਆਏ

ਇਸ ਘਟਨਾ ਦੇ ਤੀਹ ਸਾਲ ਬੀਤਣ ਤੋਂ ਬਾਅਦ ਇਸ ਘਟਨਾ ਨਾਲ ਜੁੜੇ ਲਗਭਗ ਸਾਰੇ ਹੀ ਸਵਾਲਾਂ ਦੇ ਜਵਾਬ ਮਿਲ ਗਏ ਹਨ, ਪਰ ਇੱਕ ਸਵਾਲ ਅਜੇ ਵੀ ਆਪਣੇ ਜਵਾਬ ਦੀ ਉਡੀਕ 'ਚ ਹੈ, ਕਿ ਉਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਮ੍ਰਿਤਕ ਦੇਹਾਂ ਦਾ ਕੀ ਹੋਇਆ ?

ਰੂਸੀ ਅੱਜ ਵੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਇੱਕ ਵੀ ਲਾਸ਼ ਨਹੀਂ ਮਿਲੀ ਸੀ। ਇਸ ਦੌਰਾਨ ਕੁਝ ਸਾਜਿਸ਼ੀ ਸਿਧਾਤਾਂ 'ਚ ਕਿਹਾ ਗਿਆ ਸੀ ਕਿ ਸੋਵੀਅਤ ਸੰਘ ਨੇ ਇਸ ਜਹਾਜ਼ 'ਚ ਸਵਾਰ ਲੋਕਾਂ ਨੂੰ ਬਚਾ ਲਿਆ ਸੀ ਅਤੇ ਸਾਲਾਂ ਤੱਕ ਉਨ੍ਹਾਂ ਨੂੰ ਕੈਦੀ ਬਣਾ ਕੇ ਰੱਖਿਆ ਸੀ।

ਸਾਲ 2001 'ਚ ਪ੍ਰਕਾਸ਼ਿਤ ਹੋਈ ਬਰਟ ਸ਼ਲੋਸਬਰਗ ਦੀ ਕਿਤਾਬ, 'ਰੈਸਕਿਊ 007' 'ਚ ਕੁਝ ਚਸ਼ਮਦੀਦਾਂ ਨੂੰ ਇਹ ਕਹਿੰਦਿਆਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਸਾਈਬੇਰੀਆ ਦੀ ਜੇਲ੍ਹ 'ਚ ਬੰਦ ਇੰਨ੍ਹਾਂ ਯਾਤਰੀਆਂ ਨੂੰ ਵੇਖਿਆ ਸੀ।

ਹਾਲਾਂਕਿ 007 ਜਹਾਜ਼ 'ਚ ਸਵਾਰ ਯਾਤਰੀਆਂ ਦੀ ਕਈ ਦਹਾਕਿਆਂ ਤੱਕ ਨੁਮਾਇੰਦਗੀ ਕਰਨ ਵਾਲੀ ਵਕੀਲ ਹੁਆਨੀਤਾ ਮਡੋਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਆਪਣੇ ਅਜ਼ੀਜ਼ਾਂ ਲਈ ਇੱਕ ਕਹਾਣੀ 'ਤੇ ਵਿਸ਼ਵਾਸ ਕਰਨਾ ਚਾਹੁੰਦੇ ਸਨ, ਪਰ ਇਸ ਗੱਲ ਦਾ ਕੋਈ ਹੋਰ ਸਬੂਤ ਨਾ ਹਾਸਲ ਹੋਇਆ।

ਦੂਜੀ ਥਿਊਰੀ 'ਚ ਕਿਹਾ ਗਿਆ ਸੀ ਕਿ ਸੋਵੀਅਤ ਲੋਕਾਂ ਨੇ ਜਾਣਬੁੱਝ ਕੇ ਲੱਭੀਆਂ ਲਾਸ਼ਾਂ ਨੂੰ ਨਸ਼ਟ ਕਰ ਦਿੱਤਾ ਸੀ ਤਾਂ ਜੋ ਘਟਨਾ ਦਾ ਕੋਈ ਸਬੂਤ ਨਾ ਰਹੇ। ਪਰ ਮਡੋਲ ਨੇ ਕਿਹਾ ਕਿ ਇਹ ਮਹਿਜ਼ ਅਟਕਲਾਂ ਹਨ।

ਪਾਇਲਟ ਦੀ ਗਲਤੀ

ਸਿਵਲ ਹਵਾਬਾਜ਼ੀ ਸੰਗਠਨ ਦੀ ਰਿਪੋਰਟ 'ਚ ਇਸ ਘਟਨਾ ਲਈ ਕੋਰੀਅਨ ਏਅਰਲਾਈਨਜ਼ ਦੇ ਪਾਇਲਟ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਇਸ ਜਹਾਜ਼ ਦੇ ਪਾਇਲਟ ਚੁਨ ਬਯੁੰਗ ਇਨ ਇੱਕ ਤਜ਼ਰਬੇਕਾਰ ਪਾਇਲਟ ਸਨ ਅਤੇ 1972 ਤੋਂ ਕੋਰੀਅਨ ਏਅਰਲਾਈਨਜ਼ ਦੇ ਜਹਾਜ਼ ਉਡਾ ਰਹੇ ਸਨ।

ਪ੍ਰਸਿੱਧ ਪੱਤਰਕਾਰ ਸੇਮਰ ਐਮ ਹਰਸ਼ ਆਪਣੀ ਕਿਤਾਬ 'ਚ ਲਿਖਦੇ ਹਨ, " ਉਨ੍ਹਾਂ ਦਾ ਸੁਰੱਖਿਆ ਰਿਕਾਰਡ ਵਧੀਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਚੁਨ ਦੂ ਹਵਾਨ ਦੇ ਸਰਕਾਰੀ ਦੌਰੇ ਲਈ ਤਿੰਨ ਵਾਰ ਬੈਕ-ਅੱਪ ਪਾਇਲਟ ਵੱਜੋਂ ਚੁਣਿਆ ਗਿਆ ਸੀ।

ਹਰਸ਼ ਅੱਗੇ ਲਿਖਦੇ ਹਨ,"ਕੈਪਟਨ ਚੁਨ ਐਂਕੋਰੇਜ ਅਤੇ ਸਿਓਲ ਵਿਚਾਲੇ 83 ਵਾਰ ਉਡਾਣ ਭਰ ਚੁੱਕੇ ਸਨ। ਉਨ੍ਹਾਂ ਦੇ ਸਾਥੀ ਪਾਇਲਟ ਸਨ ਡੋਨ ਹਵਿਨ ਦੀ ਉਮਰ 47 ਸਾਲ ਦੀ ਸੀ ਅਤੇ ਪਿਛਲੇ ਚਾਰ ਸਾਲਾਂ ਤੋਂ ਉਹ ਕੋਰੀਅਨ ਏਅਰਲਾਈਨਜ਼ ਨਾਲ ਕੰਮ ਕਰ ਰਹੇ ਸਨ ਅਤੇ ਬੋਇੰਗ 747 ਜਹਾਜ਼ 'ਤੇ 3500 ਘੰਟੇ ਬਿਤਾ ਚੁੱਕੇ ਸਨ।"

ਆਟੋਪਾਇਲਟ ਵਿੱਚ ਖਰਾਬੀ

ਕਾਕਪਿਟ ਸੂਚਨਾ ਪ੍ਰਣਾਲੀ ਦੇ ਨਾਸਾ ਦੇ ਸਾਬਕਾ ਮਾਹਰ ਆਸਫ਼ ਦੇਗਾਨੀ ਆਪਣੀ ਕਿਤਾਬ 'ਟੇਮਿੰਗ ਐਚਏਐਲ ਡਿਜ਼ਾਈਨਿੰਗ ਇੰਟਰਫੇਸੇਜ਼ ਬਿਓਂਡ 2001 ਵਿੱਚ ਲਿਖਦੇ ਹਨ, "ਆਟੋਪਾਇਲਟ ਸ਼ਾਇਦ: ਹੇਡਿੰਗ ਮੋਡ 'ਚ ਸੀ। ਇਹ ਸੈਟਿੰਗ ਹਵਾਈ ਜਹਾਜ਼ ਨੂੰ ਮੈਗਨੇਟਿਕ ਕੰਪਾਸ ਦੇ ਅਨੁਸਾਰ ਉਡਾਣ ਭਰਨ ਲਈ ਨਿਰਦੇਸ਼ ਦਿੰਦੀ ਹੈ, ਜਿਸ ਦੀ ਵਧੇਰੇ ਉਚਾਈ 'ਤੇ ਸ਼ੁੱਧਤਾ 15 ਡਿਗਰੀ ਤੱਕ ਬਦਲ ਸਕਦੀ ਹੈ।"

"ਇਹ ਮੰਨਿਆ ਜਾਂਦਾ ਹੈ ਕਿ ਇਸ ਆਟੋਪਾਇਲਟ ਮੋਡ ਦੇ ਕਾਰਨ ਹੀ ਜਹਾਜ਼ ਸੋਵੀਅਤ ਹਵਾਈ ਖੇਤਰ 'ਚ ਦਾਖਲ ਹੋਇਆ ਸੀ।"

"ਜੇਕਰ ਆਟੋਪਾਇਲਟ 'ਕੰਪਿਊਟਰਾਈਜ਼ਡ ਇਨੀਸ਼ੀਅਲ ਨੈਵੀਗੇਸ਼ਨ ਸਿਸਟਮ, ਆਈਐਨਐਸ' ਦੇ ਤਹਿਤ ਉਡਾਣ ਭਰ ਰਿਹਾ ਹੁੰਦਾ ਤਾਂ ਜਹਾਜ਼ ਨੇ ਦੂਜਾ ਰਸਤਾ ਲਿਆ ਹੁੰਦਾ। ਉਹ ਸੋਵੀਅਤ ਹਵਾਈ ਖੇਤਰ ਦੇ ਨੇੜੇ ਤਾਂ ਪਹੁੰਚਦਾ ਪਰ ਸਰਹੱਦ ਦੇ ਅੰਦਰ ਦਾਖਲ ਨਾ ਹੁੰਦਾ। ਸ਼ਾਇਦ ਕੋਰੀਅਨ ਏਅਰਲਾਈਨਜ਼ ਦੇ ਪਾਇਲਟਾਂ ਤੋਂ ਇਹ ਗਲਤੀ ਹੋਈ ਕਿ ਉਹ ਇਹ ਸਮਝਦੇ ਰਹੇ ਕਿ ਉਹ ਆਈਐਨਐਸ ਮੋਡ 'ਚ ਉੱਡ ਰਹੇ ਹਨ।"

ਬੋਇੰਗ 747 ਆਟੋਪਾਇਲਟ ਮੋਡ ਵਿੱਚ ਉਡਾਣ ਭਰਨ ਸਮੇਂ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਈ ਸੀ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਘੱਟ ਤੋਂ ਘੱਟ ਦਰਜਨ ਤੋਂ ਵੀ ਵੱਧ ਉਦਾਹਰਣਾਂ ਆ ਚੁੱਕੀਆਂ ਸਨ ਜਦੋਂ ਪਾਇਲਟ ਨੇ ਆਈਐਨਐਸ ਨੈਵੀਗੇਸ਼ਨ ਮੋਡ ਚੁਣਿਆ ਪਰ ਇਸ ਦੇ ਬਾਵਜੂਦ ਆਈਐਨਐਸ ਸਿਸਟਮ ਨੇ ਕੰਮ ਨਹੀਂ ਕੀਤਾ।

ਇਹ ਵੀ ਪੜ੍ਹੋ:

ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ 'ਚ ਯਾਦਗਾਰ

ਇਸ ਘਟਨਾ ਦੇ ਪੰਜ ਸਾਲਾਂ ਬਾਅਦ, ਇਸ ਤਰ੍ਹਾਂ ਦੀ ਹੀ ਘਟਨਾ 'ਚ ਅਮਰੀਕਾ ਦੇ ਯੂਐਸਐਸ ਵਿੰਨਸੇਨੇਸ ਜਹਾਜ਼ ਨੇ ਤਹਿਰਾਨ ਤੋਂ ਦੁਬਈ ਜਾ ਰਹੇ ਇਰਾਨ ਏਅਰ ਦੇ ਏਅਰਬਸ ਏ 30 ਜਹਾਜ਼ ਨੂੰ ਮਾਰ ਸੁੱਟਿਆ ਸੀ।

ਅਮਰੀਕੀ ਜਲ ਸੈਨਾ ਨੇ ਗਲਤੀ ਨਾਲ ਇਸ ਜਹਾਜ਼ ਨੂੰ ਲੜਾਕੂ ਜੰਗੀ ਜਹਾਜ਼ ਸਮਝ ਕੇ ਇਸ 'ਤੇ ਗੋਲੀਬਾਰੀ ਕਰ ਦਿੱਤੀ ਸੀ। ਇਸ ਹਾਦਸੇ 'ਚ 290 ਮੁਸਾਫ਼ਰ ਅਤੇ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ।

ਕੇਏਐਲ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਸਨਮਾਨ 'ਚ ਰੂਸ ਦੇ ਸਖਾਲਿਨ ਟਾਪੂ 'ਤੇ ਇੱਕ ਛੋਟਾ ਜਿਹਾ ਯਾਦਗਰੀ ਸਮਾਰਕ ਬਣਾਇਆ ਗਿਆ ਸੀ।

ਇਸੇ ਤਰ੍ਹਾਂ ਜਪਾਨ ਦੇ ਵੱਕਾਨਾਈ 'ਚ ਵੀ ਉਨ੍ਹਾਂ ਦੀ ਯਾਦ 'ਚ 90 ਫੁੱਟ ਉੱਚੇ ਮੀਨਾਰ ਦੀ ਉਸਾਰੀ ਕੀਤੀ ਗਈ ਅਤੇ ਇੱਥੇ ਤੱਟ 'ਤੇ ਸਮੁੰਦਰੀ ਲਹਿਰਾਂ ਨਾਲ ਵਹਿ ਕੇ ਆ ਗਈਆਂ ਉਨ੍ਹਾਂ ਦੀਆਂ ਕੁਝ ਨਿੱਜੀ ਚੀਜ਼ਾਂ ਰੱਖੀਆਂ ਗਈਆਂ ਸਨ।

ਇਸ ਟਾਵਰ ਵਿੱਚ ਮਰਨ ਵਾਲੇ 269 ਲੋਕਾਂ ਦੀ ਯਾਦ 'ਚ ਚਿੱਟੇ ਪੱਥਰ ਅਤੇ ਕਾਲੇ ਸੰਗਮਰਮਰ ਦੇ 2 ਟੁੱਕੜੇ ਲਗਾਏ ਗਏ ਹਨ, ਜਿੰਨ੍ਹਾਂ 'ਤੇ ਉਨ੍ਹਾਂ ਸਾਰੇ ਯਾਤਰੀਆਂ ਦੇ ਨਾਮ ਉਕਾਰੇ ਗਏ ਸਨ।

ਕੋਰੀਆਈ ਜਹਾਜ਼ 007 ਦਾ ਮਲਬਾ ਅੱਜ ਵੀ ਸਖਾਲਿਨ ਨਜ਼ਦੀਕ ਸਮੁੰਦਰੀ ਪਾਣੀ ਦੀ ਡੂੰਗਾਈ 'ਚ ਦਫ਼ਨ ਪਿਆ ਹੈ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)