You’re viewing a text-only version of this website that uses less data. View the main version of the website including all images and videos.
ਲੋਕ ਸਭਾ ਚੋਣਾਂ: ਪੰਜਾਬ ‘ਚ ਪਾਰਟੀ ਬਦਲਣ ਵਾਲੇ ਨੇਤਾ ਕਿਵੇਂ ਆਪਣੇ ਸਟੈਂਡ ਤੋਂ ਖਿਸਕੇ, ਲੋਕਤੰਤਰ ਲਈ ਕਿਉਂ ਇਹ ਖ਼ਤਰੇ ਵਾਲੀ ਗੱਲ ਹੈ
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
ਚੋਣਾਂ ਦਾ ਮੌਸਮ ਹੈ। ਪੰਜਾਬ ਸਣੇ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਆਗੂ ਪਾਰਟੀ ਬਦਲ ਚੁੱਕੇ ਹਨ। ਕਿਸੇ ਵੇਲੇ ਤਾਂ ਇਹ ਯਾਦ ਰੱਖਣਾ ਵੀ ਮੁਸ਼ਕਲ ਹੋ ਜਾਂਦਾ ਹੈ ਕਿ ਕੋਈ ਆਗੂ ਇਸ ਵੇਲੇ ਕਿਸ ਪਾਰਟੀ ’ਚ ਹੈ।
ਪਾਰਟੀ ਬਦਲਣ ਦੇ ਨਾਲ ਇਨ੍ਹਾਂ ਆਗੂਆਂ ਦੇ ਬਿਆਨ ਵੀ ਬਦਲ ਜਾਂਦੇ ਹਨ। ਜਿਹੜੇ ਆਗੂਆਂ ਦੀ ਤਿੱਖੀ ਆਲੋਚਨਾ ਕਰਦੇ ਸੀ, ਉਸੇ ਦੇ ਹੀ ਸੁਹੇਲੇ ਗਾਉਣੇ ਸ਼ੁਰੂ ਕਰ ਦਿੰਦੇ ਹਨ ਤੇ ਜਿਹੜੇ ਪਿਆਰੇ ਲੱਗਦੇ ਸੀ ਉਨ੍ਹਾਂ ਦੀਆਂ ਕਮੀਆਂ ਗਿਣਵਾਉਣ ਲਗਦੇ ਹਨ।
ਅਜਿਹੇ ’ਚ ਅੱਜ ਅਸੀਂ ਉਨ੍ਹਾਂ ਕੁਝ ਆਗੂਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਜਿਸ ਪਾਰਟੀ ਨੂੰ ਕਦੇ ਰੱਜ ਕੇ ਆਲੋਚਨਾ ਕੀਤੀ, ਹੁਣ ਉਹ ਉਸ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਵਿਚਾਰਧਾਰਾ ਅਤੇ ਬਿਆਨਾਂ ’ਚ ਜ਼ਮੀਨ-ਅਸਮਾਨ ਦਾ ਫ਼ਰਕ ਵੇਖਣ ਨੂੰ ਮਿਲ ਰਿਹਾ ਹੈ।
ਜਦੋਂ ਲੀਡਰਾਂ ਦੇ ਬਦਲੇ ਸੁਰ: ਰਵਨੀਤ ਸਿੰਘ ਬਿੱਟੂ
5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਪੰਜਾਬ ਦੇ ਫਿਰੋਜ਼ਪੁਰ ’ਚ ਕਿਸਾਨਾਂ ਵੱਲੋਂ ਰੋਕਿਆ ਗਿਆ। ਇਸ ’ਤੇ ਉਸ ਵੇਲੇ ਖ਼ੂਬ ਰੌਲਾ ਪਿਆ।
ਉਸ ਵੇਲੇ ਦੇ ਕਾਂਗਰਸ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਇਸ ’ਤੇ ਚੁਟਕੀ ਲਈ ਸੀ ਅਤੇ ਪੀਐੱਮ ਮੋਦੀ ਨੂੰ ਪੰਜਾਬ ’ਚ ਸੜਕ ਦੇ ਰਸਤਿਓਂ ਨਾ ਆਉਣ ਦੀ ਸਲਾਹ ਦਿੱਤੀ ਸੀ।
ਉਸ ਵੇਲੇ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਹਵਾਲਾ ਦਿੰਦਿਆਂ ਕਿਹਾ ਸੀ, “ਤੁਸੀਂ ਸਵਾ ਸਾਲ ਹਰ ਪੰਜਾਬੀ ਨੂੰ ਰਾਹ ֹ’ਤੇ ਬਿਠਾਈ ਰੱਖਿਆ ਹੈ, ਉਹ ਕਿਵੇਂ ਭੁੱਲਣਗੇ? ਸਾਡਾ 750 ਕਿਸਾਨ ਸ਼ਹੀਦ ਹੋ ਗਿਆ, ਕੋਰੋਨਾ ’ਚ ਉੱਥੇ ਬੈਠਿਆ ਰਿਹਾ।"
"ਜਦੋਂ ਮੋਦੀ ਜੀ ਦੀ ਗੱਡੀਆਂ ਧਮਕਦੀਆਂ ਜਾਣਗੀਆਂ, ਉਸ ਵੇਲੇ ਜਿਸ ਦੇ ਵੀ ਮਨ ’ਚ ਗੁੱਸਾ ਹੈ ਤਾਂ ਉਹ ਬਾਹਰ ਆ ਕੇ ਮੋਦੀ ਜੀ ਦਾ ਵਿਰੋਧ ਕਰ ਸਕਦਾ ਹੈ। ਇਸ ਲਈ ਪੀਐੱਮ ਮੋਦੀ ਸੜਕ ਦੇ ਰਸਤਿਓਂ ਪੰਜਾਬ ’ਚ ਨਾ ਆਉਣ, ਬਲਕਿ ਉਹ ਹੈਲੀਕਾਪਟਰ ਅਤੇ ਜਹਾਜ਼ ਦੀ ਹੀ ਵਰਤੋਂ ਕਰਨ।”
ਪਰ ਜਦੋਂ ਰਵਨੀਤ ਬਿੱਟੂ ਨੇ ਪਾਰਟੀ ਬਦਲੀ ਤਾਂ ਇੱਕ ਨਿਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਬਿੱਟੂ ਨੇ ਇਸ ਘਟਨਾ ਦਾ ਜ਼ਿੰਮੇਵਾਰ ਚਰਨਜੀਤ ਸਿੰਘ ਚੰਨੀ ਨੂੰ ਦੱਸਿਆ।
ਉਨ੍ਹਾਂ ਕਿਹਾ, “ਫਿਰੋਜ਼ਪੁਰ ਜਦੋਂ ਪ੍ਰਾਈਮ ਮਿਨੀਸਟਰ ਆਉਣ ਲੱਗੇ ਸੀ, ਤਾਂ ਚਰਨਜੀਤ ਸਿੰਘ ਚੰਨੀ ਨੇ 20 ਕੁ ਬੰਦੇ ਭੇਜ ਕੇ ਸ਼ਰਾਰਤ ਕੀਤੀ, ਉਨ੍ਹਾਂ ਨੂੰ ਰੋਕਿਆ। ਪੀਐੱਮ ਜਹਾਜ਼ ਦਾ ਸਫਰ ਛੱਡ ਕੇ, ਗੱਡੀ ’ਚ ਸਫਰ ਕਰ ਰਹੇ ਸੀ, ਉਦੋਂ ਉਨ੍ਹਾਂ ਕੋਲ ਪੰਜਾਬ ਨੂੰ ਦੇਣ ਲਈ ਇਨ੍ਹਾਂ ਕੁਝ ਸੀ ਕਿ ਪੰਜਾਬ ਨੂੰ ਕੋਈ ਹੋਰ ਲੋੜ ਨਾ ਪੈਂਦੀ।”
“ਚੰਨੀ ਨੂੰ ਪਤਾ ਸੀ, ਸਰਕਾਰ ਦੀ ਇੰਟੈਲੀਜੈਂਸ ਹੁੰਦੀ ਹੈ, ਇਹ ਪਾਰਟੀ ਦਾ ਸੋਚਦੇ ਰਹੇ, ਪੰਜਾਬ ਦਾ ਨਹੀਂ ਸੋਚਿਆ।”
ਸੁਸ਼ੀਲ ਕੁਮਾਰ ਰਿੰਕੂ
“ਇਹ ਜੰਜੀਰਾਂ ‘ਕੇਂਦਰ ਸਰਕਾਰ ਦੀਆਂ ਗੁਲਾਮੀ ਦੀਆਂ ਜੰਜੀਰਾਂ’ ਹਨ। 2024 ਦੀਆਂ ਚੋਣਾਂ ਆ ਰਹੀਆਂ ਹਨ, ਪ੍ਰਧਾਨ ਮੰਤਰੀ ਦੇ ‘ਮਲਾਈਦਾਰ’ ਭਾਸ਼ਣ ਲੋਕਪੱਖੀ ਨਹੀਂ ਹਨ। 2024 ’ਚ ਮੋਦੀ ਸਰਕਾਰ ਨੂੰ ਚੱਲਦਾ ਕਰੋ ਅਤੇ ਲੋਕਤੰਤਰ ਬਹਾਲ ਕਰਨ ਵਾਲੀ ਸਰਕਾਰ ਲੈ ਕੇ ਆਓ।”
ਇਹ ਭਾਸ਼ਣ ਹੈ ਅਗਸਤ, 2023 ਦਾ, ਜੋ ਕਿ ਤਤਕਾਲੀ ਆਮ ਆਦਮੀ ਪਾਰਟੀ ਦੇ ਐੱਮਪੀ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਦਿੱਤਾ ਸੀ। ਇਸ ਵੇਲੇ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਦੀ ਹੀ ਟਿਕਟ ਤੋਂ ਜਲੰਧਰ ਤੋਂ ਚੋਣ ਲੜ ਰਹੇ ਹਨ।
ਤੁਹਾਨੂੰ ਸੁਸ਼ੀਲ ਕੁਮਾਰ ਰਿੰਕੂ ਦੀ ਉਹ ਤਸਵੀਰ ਵੀ ਸ਼ਾਇਦ ਯਾਦ ਹੋਵੇਗੀ ਜਦੋਂ ਸਰੀਰ ’ਤੇ ਜੰਜੀਰਾਂ ਪਾਏ ਪਾਰਲੀਮੈਂਟ ਦੇ ਖ਼ਿਲਾਫ਼ ਪ੍ਰਦਰਰਸ਼ਨ ਕਰ ਰਹੇ ਸੀ। ਰਿੰਕੂ ਉਸ ਵੇਲੇ ਭਾਜਪਾ ਨੂੰ ਹਟਾਉਣ ਦੀ ਗੱਲ ਕਰ ਰਹੇ ਸੀ ਅਤੇ ਇਸ ਵੇਲੇ ਭਾਜਪਾ ਨੂੰ ਲਿਆਉਣ ਦੀ ਗੱਲ ਕਰ ਰਹੇ ਹਨ।
ਭਾਜਪਾ ਨੇ ਟਿਕਟ ਦੇ ਦਿੱਤੀ ਤਾਂ ਹੁਣ ਕਹਿ ਰਹੇ ਹਨ, “ਮੈਨੂੰ ਪੀਐੱਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੰਮ ਕਰਨ ਦਾ ਸਟਾਈਲ ਬਹੁਤ ਪਸੰਦ ਹੈ। ਮੈਨੂੰ ਭਾਜਪਾ ਨਾਲ ਜੁੜ ਕੇ ਇੱਕ ‘ਆਸ’ ਨਜ਼ਰ ਆਈ ਹੈ।”
ਸੁਨੀਲ ਜਾਖੜ
ਪੰਜਾਬ ਕਾਂਗਰਸ ਦੇ ਕਦੇ ਪ੍ਰਧਾਨ ਰਹੇ ਸੁਨੀਲ ਜਾਖੜ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਹਨ। ਜ਼ਾਹਰ ਜਿਹੀ ਗੱਲ ਹੈ ਕਿ ਪਾਰਟੀ ਬਦਲਣ ਨਾਲ ਸਿਆਸੀ ਲਹਿਜ਼ਾ ਵੀ ਬਦਲਿਆ ਹੈ। ਫਿਰ ਮੁੱਦਾ ਭਾਵੇਂ ਪੁਲਵਾਮਾ ਹਮਲੇ ਦਾ ਹੋਵੇ ਜਾਂ ਕਿਸਾਨ ਅੰਦੋਲਨ ਦਾ, ਬਿਆਨਾਂ ’ਚ ਯੂ ਟਰਨ ਦਿਖਾਈ ਦਿੰਦਾ ਹੈ।
2020 ਦੇ ਕਿਸਾਨ ਅੰਦੋਲਨ ਵੇਲੇ ਸੁਨੀਲ ਜਾਖੜ ਖੁੱਲ੍ਹ ਕੇ ਨਾ ਕੇਵਲ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੀ ਪਰ ਕਿਸਾਨਾਂ ਦੇ ਹੱਕ ’ਚ ਵੀ ਨਿਤਰੇ ਸਨ।
ਉਸ ਵੇਲੇ ਦੇ ਇੱਕ ਇੰਟਰਵਿਊ ’ਚ ਸੁਨੀਲ ਜਾਖੜ ਕਹਿੰਦੇ ਹਨ, “ਮੌਜੂਦਾ ਹਕੁਮਤ (ਮੋਦੀ ਸਰਕਾਰ) ਕਾਲੇ ਅੰਗੇਰਜ਼ਾਂ ਵਾਂਗ ਵਤੀਰਾ ਕਰਦੇ ਨਜ਼ਰ ਆ ਰਹੀ ਹੈ। ਭਾਜਪਾ ਕਿਸਾਨ ਅੰਦੋਲਨ ਨੂੰ ਦੋਫਾੜ ਕਰਨ ਦੇ ਇਰਾਦੇ ਨਾਲ ਅੱਗ ਨਾਲ ਖੇਡ ਰਹੀ ਹੈ। ਪੰਜਾਬ ਨਾਲ ਮਤਰੇਈ ਮਾਂ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ। ਪੀਐੱਮ ਮੋਦੀ, ਆਪਣੇ ਲੀਡਰਾਂ ਨੂੰ ਨਕੇਲ ਪਾਉਣ, ਬਾਰੂਦ ਨਾਲ ਨਾ ਖੇਡਣ, ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਇਨ੍ਹਾਂ ਨੂੰ ਪੰਜਾਬ ਦੀ ਫਿਤਰਤ ਦਾ ਨਹੀਂ ਪਤਾ।”
ਪਰ ਹੁਣ ਤਾਂ ਸੁਨੀਲ ਜਾਖੜ ਦੇ ਸੁਰ ਹੀ ਬਦਲੇ ਹੋਏ ਹਨ। ਭਾਜਪਾ ਦੇ ਆਗੂਆਂ ਦਾ ਚੋਣ ਪ੍ਰਚਾਰ ਦੌਰਾਨ ਪਿੰਡਾਂ ’ਚ ਲਗਾਤਾਰ ਵਿਰੋਧ ਹੋ ਰਿਹਾ ਹੈ।
ਹਾਲ ਹੀ ’ਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਕਹਿ ਰਹੇ ਸਨ, ‘ਅੱਜਕੱਲ੍ਹ ਕੋਈ ਵੀ ਹਰਾ ਪਰਨਾ ਪਾ ਕੇ ਕਿਸਾਨ ਬਣ ਜਾਂਦਾ ਹੈ। ਕਿਸਾਨਾਂ ਨੂੰ ਮੋਹਰਾ ਬਣਾਇਆ ਜਾ ਰਿਹਾ, ਕਾਂਗਰਸ ਤੇ ਆਪ ਇੱਕ ਹੀ ਹੈ।”
ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਕੰਮਾਂ ਬਾਰੇ ਦੱਸਿਆ ਤੇ ਕਈ ਯੋਜਨਾਵਾਂ ਗਿਣਵਾਈਆਂ।
ਮਸਲਾ ਸਿਰਫ਼ ਕਿਸਾਨਾਂ ਦਾ ਹੀ ਨਹੀਂ ਰਿਹਾ, ਪੁਲਵਾਮਾ ਹਮਲੇ ਨੂੰ ਲੈ ਕੇ ਵੀ ਸੁਨੀਲ ਜਾਖੜ ਨੇ ਤੀਖ਼ੇ ਵਾਰ ਕੀਤੇ ਸਨ। ਰਾਹੁਲ ਗਾਂਧੀ ਦੀ ਮੌਜੂਦਗੀ ’ਚ ਹੋਈ ਇੱਕ ਰੈਲੀ ਦੌਰਾਨ ਸੁਨੀਲ ਜਾਖੜ ਨੇ ਮੰਚ ’ਤੇ ਕਿਹਾ ਸੀ, “ਜਦੋਂ ਸ਼ਹੀਦਾਂ ਦੇ ਪਰਿਵਾਰ ਆਪਣੇ ਬੱਚੇ ਦੀ ਲਾਸ਼ ਦੀ ਉਡੀਕ ਕਰ ਰਹੇ ਸੀ, ਉਦੋਂ ਸਾਰੀਆਂ ਮ੍ਰਿਤਕ ਦੇਹਾਂ ਦਿੱਲੀ ਮੰਗਵਾਈਆਂ ਗਈਆਂ ਸੀ ਕਿਉਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਸੀ। ਸਾਰੇ ਪਰਿਵਾਰ ਅੰਤਿਮ ਸੰਸਕਾਰ ਲਈ ਆਪਣੇ ਬੱਚੇ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰ ਰਹੇ ਸੀ, ਉਸ ਵੇਲੇ ਪ੍ਰਧਾਨ ਸੇਵਕ ਦੇਹਾਂ ਨੂੰ ਦਿੱਲੀ ਮੰਗਵਾ ਰਹੇ ਸੀ ਤਾਂਕਿ ਉਹ ਫੋਟੋ ਖਿੰਚਵਾ ਸਕਣ।”
ਹੁਣ ਇਹ ਹੀ ਸੁਨੀਲ ਜਾਖੜ ਹਨ ਜੋ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਉਂਦੇ ਹਨ।
ਪਵਨ ਕੁਮਾਰ ਟੀਨੂੰ
ਇਸੇ ਤਰ੍ਹਾਂ ਜਦੋਂ ਅਕਾਲੀ ਦਲ ਆਗੂ ਪਵਨ ਕੁਮਾਰ ਟੀਨੂੰ ਅਕਾਲੀ ਦਲ ’ਚ ਸੀ ਤਾਂ ਆਮ ਆਦਮੀ ਪਾਰਟੀ ਦੀ ਬਣੀ ਨਵੀਂ ਸਰਕਾਰ ’ਤੇ ਖ਼ੂਬ ਇਲਜ਼ਾਮ ਲਾਉਂਦੇ ਸੀ।
ਉਨ੍ਹਾਂ ਇੱਕ ਨਿਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਸੀ, ‘ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਪੁਲਿਸ ਨੂੰ ਗੁੰਡਿਆਂ ਵਾਂਗ ਵਰਤ ਰਹੀ ਹੈ। ਠੱਗੀਆਂ ਵੱਜ ਰਹੀਆਂ, ਕ੍ਰਾਈਮ ਵੱਧ ਰਿਹਾ ਹੈ। ਇਨ੍ਹਾਂ ’ਤੇ ਤਾਂ 420 ਦਾ ਪਰਚਾ ਦਰਜ ਕਰਾਓ।
ਪਰ ਜਦੋਂ ਆਮ ਆਦਮੀ ਪਾਰਟੀ ਨੇ ਹੀ ਜਲੰਧਰ ਤੋਂ ਟਿਕਟ ਦਿੱਤੀ ਤਾਂ ਉਨ੍ਹਾਂ ਦੇ ਸੁਰ ਹੀ ਬਦਲ ਗਏ।
ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਬਾਰੇ ਦੱਸਦਿਆਂ ਟੀਨੂੰ ਕਹਿੰਦੇ ਨਜ਼ਰ ਆਏ ਕਿ, ‘ਆਮ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਦੇ ਕੰਮ ਕੀਤੇ ਹਨ। ਮੁਹੱਲਾ ਕਲੀਨਿਕ ’ਚ ਲੋਕਾਂ ਨੂੰ ਦਵਾਈਆਂ ਤੇ ਇਲਾਜ ਫ੍ਰੀ ਮਿਲ ਰਿਹਾ ਹੈ। ਕਰੀਬ 80 ਫ਼ੀਸਦ ਲੋਕਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ। ਬਿਨਾਂ ਸਿਫਾਰਿਸ਼ ਦੇ ਲੋਕਾਂ ਨੂੰ ਨੌਕਰੀ ਮਿਲ ਰਹੀ ਹੈ, ਲੋਕਾਂ ਦੀ ਸੁਣਵਾਈ ਹੋ ਰਹੀ ਹੈ।'
ਇਨ੍ਹਾਂ ਨਾਵਾਂ ਦੀ ਵੱਡੀ ਲਿਸਟ ਹੈ। ਦਲਬੀਰ ਗੋਲਡੀ ਜੋ ਕਿਸੇ ਵੇਲੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ ਚੋਣ ਲੜੇ ਸਨ, ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮਾਮਲਿਆਂ ’ਤੇ ਟਿੱਪਣੀ ਕਰਦੇ ਸਨ, ਅੱਜ ਉਹ ਭਗਵੰਤ ਮਾਨ ਨੂੰ ਆਪਣਾ ਵੱਡਾ ਭਰਾ ਕਹਿੰਦੇ ਹਨ।
ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਆਏ ਦਲਬੀਰ ਗੋਲਡੀ ਕਹਿੰਦੇ ਹਨ ਕਿ ਜਿੱਥੇ ਭਗਵੰਤ ਮਾਨ ਉਨ੍ਹਾਂ ਦੀ ਡਿਊਟੀ ਲਗਾਉਣਗੇ, ਉਹ ਉੱਥੇ ਹੀ ਲੱਗ ਜਾਣਗੇ।
ਇਹ ਸਭ ਸਿਰਫ਼ ਪੰਜਾਬ ’ਚ ਹੀ ਨਹੀਂ ਹੋ ਰਿਹਾ ਬਲਕਿ ਹੋਰ ਸੂਬਿਆਂ ’ਚ ਵੀ ਅਜਿਹੇ ਹਾਲਾਤ ਹਨ।
ਬਾਕਸਰ ਵਿਜੇਂਦਰ ਸਿੰਘ ਜੋ ਰਾਹੁਲ ਗਾਂਧੀ ਨਾਲ ਨਜ਼ਰ ਆਉਂਦੇ ਸਨ, ਉਨ੍ਹਾਂ ਨਾਲ ਤਸਵੀਰਾਂ ਪਾਉਂਦੇ ਸਨ। ਜਦੋਂ ਮਹਿਲਾ ਭਲਵਾਨਾਂ ਨੇ ਭਾਜਪਾ ਆਗੂ ਬ੍ਰਿਜ਼ ਭੂਸ਼ਣ ਖ਼ਿਲਾਫ਼ ਜਿਣਸੀ ਸ਼ੋਸ਼ਣ ਦਾ ਇਲਜ਼ਾਮ ਲਾਉਂਦਿਆਂ ਜੰਤਰ-ਮੰਤਰ ’ਤੇ ਧਰਨਾ ਦਿੱਤਾ ਤਾਂ ਉਨ੍ਹਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ।
ਉਹ ਅਚਾਨਕ ਭਾਜਪਾ ’ਚ ਸ਼ਾਮਲ ਹੋ ਗਏ ਅਤੇ ਮੋਦੀ ਸਰਕਾਰ ਦੀਆਂ ਖੇਡ ਨੀਤੀਆਂ ਦੀ ਤਾਰੀਫ਼ ਕਰਨ ਲੱਗੇ। ਹਾਲਾਂਕਿ ਉਹ ਚੋਣ ਨਹੀਂ ਲੜ ਰਹੇ ਪਰ ਉਨ੍ਹਾਂ ਦੇ ਇੰਝ ਭਾਜਪਾ ’ਚ ਜਾਣਾ ਸਭ ਨੂੰ ਹੈਰਾਨ ਕਰ ਗਿਆ।
ਦਲ ਬਦਲੂਆਂ ਬਾਰੇ ਆਮ ਲੋਕ ਕੀ ਸੋਚਦੇ ਹਨ
ਜਿਸ ਪਾਰਟੀ ਦੇ ਖ਼ਿਲਾਫ਼ ਮੰਚਾਂ ਤੋਂ ਖੁੱਲ੍ਹ ਕੇ ਬੋਲਿਆ ਹੋਵੇ, ਫਿਰ ਉਸ ਦੇ ਹੀ ਪ੍ਰਸ਼ੰਸਾ ਦੇ ਪੁੱਲ੍ਹ ਬੰਨਣੇ, ਕੀ ਇਸ ਦਾ ਕੋਈ ਅਸਰ ਆਮ ਜਨਤਾ ’ਤੇ ਵੀ ਹੁੰਦਾ ਹੈ? ਇਸ ਬਾਬਤ ਅਸੀਂ ਗੱਲ ਕੀਤੀ ਸਿਆਸੀ ਮਾਮਲਿਆਂ ਦੇ ਮਾਹਰ ਪ੍ਰੋ. ਖ਼ਾਲਿਦ ਦੇ ਨਾਲ।
ਪ੍ਰੋ ਖ਼ਾਲਿਦ ਕਹਿੰਦੇ ਹਨ ਕਿ ਕਿਸੇ ਵੀ ਆਗੂ ਦੇ ਪਾਰਟੀ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ...
- ਉਹ ਇਹ ਸੋਚ ਕੇ ਪਾਰਟੀ ਬਦਲ ਲੈਂਦਾ ਹੈ ਕਿ ਅਗਲੇ 5 ਸਾਲ ਉਸ ਦੀ ਸਿਆਸਤ ਕਿੱਥੇ ਬਿਹਤਰ ਚੱਲੇਗੀ।
- ਉਹ ਖ਼ੁਦ ਨੂੰ ਜਾਂ ਆਪਣੇ ਪਰਿਵਾਰ ’ਚੋਂ ਕਿਸੀ ਨੂੰ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਵੀ ਪਾਰਟੀ ਬਦਲ ਸਕਦਾ ਹੈ।
- ਉਹ ਕਿਸ ਡਰੋਂ (ਈਡੀ ਆਦਿ ਦੇ ਡਰੋਂ ) ਵੀ ਪਾਰਟੀ ਬਦਲ ਸਕਦਾ ਹੈ। ਅਜਿਹੇ ਕਈ ਮਾਮਲਿਆਂ ’ਚ ਅਸੀਂ ਦੇਖਿਆ ਹੈ।
ਪ੍ਰੋ. ਖਾਲਿਦ ਕਹਿੰਦੇ ਹਨ ਕਿ ਵਿਚਾਰਧਾਰਾ ਦੀ ਪ੍ਰਤਿਬੱਧਤਾ ਬਹੁਤ ਘੱਟ ਵੇਖਣ ਨੂੰ ਮਿਲ ਰਹੀ ਹੈ। ਆਪਣੇ ਸਿਆਸੀ ਲਾਹੇ ਲਈ ਆਗੂ ਕਿਧਰੇ ਵੀ ਜਾ ਰਹੇ ਹਨ। ਇਸ ਵਾਰ ਪੰਜਾਬ ’ਚ ਕੀ ਵੱਡੇ ਲੀਡਰਾਂ ਨੇ ਦਲ ਬਦਲੇ ਹਨ।
ਉਹ ਕਹਿੰਦੇ ਹਨ ਕਿ ਲੋਕਾਂ ਕੋਲ ਫਿਰ ਕੋਈ ਵਿਕਲਪ ਨਹੀਂ ਬੱਚਦਾ। ਉਹ ਨਿਰਾਸ਼ ਜ਼ਰੂਰ ਹੁੰਦੇ ਹਨ, ਪਰ ਫਿਰ ਉਹ ਇਸ ਆਧਾਰ ’ਤੇ ਵੋਟ ਕਈ ਵਾਰ ਪਾ ਦਿੰਦੇ ਹਨ ਕਿ ਕੌਣ ਘੱਟ ਬੇਇਮਾਨ ਹੈ। ਵੋਟਰ ਕਿਸੇ ਨਾ ਕਿਸੇ ਨੂੰ ਤਾਂ ਵੋਟ ਪਾਵੇਗਾ ਹੀ।
ਪਰ ਇੱਕ ਵੋਟਰ ਉਸ ਵੇਲੇ ਹੋਰ ਵੀ ਜ਼ਿਆਦਾ ਠੱਗਿਆ ਹੋਇਆ ਮਹਿਸੂਸ ਕਰਦਾ ਹੈ ਜਦੋਂ ਉਸ ਦਾ ਲੀਡਰ ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਬਦਲ ਲੈਂਦਾ ਹੈ ਜਾਂ ਉਸ ਦੀ ਪਾਰਟੀ ਕਿਸੇ ਗਠਜੋੜ ਦਾ ਹਿੱਸਾ ਬਣ ਜਾਂਦੀ ਹੈ।
ਜੋੜ-ਤੋੜ ਨਾਲ ਸਰਕਾਰਾਂ ਤਾਂ ਬਣ ਜਾਂਦੀਆਂ ਹਨ ਪਰ ਮਤਦਾਤਾ ਖ਼ੁੱਦ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਹੈ।
‘ਮਤਦਾਤਾ ਰੋਸ ’ਚ ਹੈ, ਇੱਕ ਕਮਜ਼ੋਰ ਲੋਕਤੰਤਰ ਹੈ’
ਪੰਜਾਬੀ ਯੂਨੀਵਿਰਸਿਟੀ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਮੁਖੀ ਜਗਰੂਪ ਕੌਰ ਕਹਿੰਦੇ ਹਨ ਕਿ ਲੀਡਰਾਂ ’ਚ ਵਿਚਾਰਾਧਾਰਾ ਦੀ ਲੜਾਈ ਤਾਂ ਹੁਣ ਰਹਿ ਹੀ ਨਹੀਂ ।ਇਸ ਤਰੀਕੇ ਨਾਲ ਲੋਕਤੰਤਰ ’ਤੇ ਵਿਸ਼ਵਾਸ ਲੋਕਾਂ ਦਾ ਵੀ ਘੱਟ ਰਿਹਾ ਹੈ।
ਉਹ ਕਹਿੰਦੇ ਹਨ ਕਿ ਵੋਟਰ ਕੋਲ ਕੋਈ ਵਿਕਲਪ ਨਹੀਂ ਬੱਚਦਾ ਪਰ ਹੁਣ ਵੋਟਰ ਪੜ੍ਹਿਆ-ਲਿਖਿਆ, ਸੁਚੇਤ ਅਤੇ ਸੂਝਵਾਨ ਹੈ।
ਜਗਰੂਪ ਕੌਰ ਕਹਿੰਦੇ ਹਨ ਕਿ ਹੁਣ ਮਤਦਾਤਾ ’ਚ ਰੋਸ ਹੈ। ਉਹ ਸਾਰੇ ਉਮੀਦਵਾਰਾਂ ’ਚ ਉਸ ਨੂੰ ਚੁਣਦੇ ਹਨ ਜੋ ਲੱਗਦਾ ਹੈ ਕਿ ‘ਘੱਟ ਮਾੜਾ’ ਹੈ।
“ਬਾਕੀ ਲੀਡਰਸ਼ਿਪ ਦਾ ਸੰਕਟ ਤਾਂ ਸਾਰੀਆਂ ਹੀ ਪਾਰਟੀਆਂ ਕੋਲ ਹੈ ਇਸ ਵੇਲੇ। ਪਾਰਟੀ ਕਾਰਕੁੰਨ ਵੀ ਸੋਚਦਾ ਹੈ ਕਿ ਕਿਸ ਲਈ ਲੜੀਏ, ਆਗੂ ਹੀ ਪਾਲਾ ਬਦਲ ਲੈਂਦੇ ਹਨ।”