ਪੀਐੱਮ ਮੋਦੀ ਨੂੰ 'ਮੁਸਲਮਾਨ ਵਿਰੋਧੀ' ਤੇ ਤਿੱਖੇ ਭਾਸ਼ਣਾਂ ਦੀ ਲੋੜ ਕਿਉਂ ਪਈ, ਚੋਣ ਕਮਿਸ਼ਨ ਦੀ ਭੂਮਿਕਾ ਨੂੰ ਲੈ ਕੇ ਉੱਠ ਰਹੇ ਇਹ ਸਵਾਲ

    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

ਸੱਤ ਗੇੜਾਂ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਜਿਵੇਂ-ਜਿਵੇਂ ਅੱਗੇ ਵੱਧ ਰਹੀਆਂ ਹਨ, ਚੋਣ ਭਾਸ਼ਣਾਂ ’ਚ ਵਰਤੀ ਜਾ ਰਹੀ ‘ਮੁਸਲਿਮ ਵਿਰੋਧੀ’ ਭਾਸ਼ਾ ਨੇ ਦੇਸ਼-ਵਿਦੇਸ਼ ਦੇ ਕਈ ਹਲਕਿਆਂ ’ਚ ਚਿੰਤਾਵਾਂ ਵਧਾ ਦਿੱਤੀਆ ਹਨ।

ਇਹ ਭਾਸ਼ਣ ਅਜਿਹੇ ਸਮੇਂ ’ਚ ਸਾਹਮਣੇ ਆ ਰਹੇ ਹਨ, ਜਦੋਂ ਕਈ ਮਾਹਰ ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ ਤੀਜੀ ਵਾਰ ਆਮ ਚੋਣਾਂ ਫਤਹਿ ਕਰਨ ਦੀ ਭਵਿੱਖਬਾਣੀ ਕਰ ਰਹੇ ਹਨ।

ਹਾਲ ਹੀ ਦੇ ਚੋਣ ਭਾਸ਼ਣਾਂ ’ਤੇ ਇੱਕ ਸਾਬਕਾ ਚੋਣ ਕਮਿਸ਼ਨਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, “ਮੈਂ ਕਦੇ ਵੀ ਚੋਣ ਭਾਸ਼ਣਾਂ ਦੇ ਇਸ ਪੱਧਰ ਨੂੰ ਨਹੀਂ ਵੇਖਿਆ ਹੈ। ਭਾਸ਼ਣ ਕਦੇ ਵੀ ਇੰਨੇ ਜ਼ਹਿਰੀਲੇ ਨਹੀਂ ਰਹੇ ਹਨ। ਇਹ ਸਥਿਤੀ ਕਲਪਨਾ ਤੋਂ ਵੀ ਪਰੇ ਹੈ।”

‘ਭਵਿੱਖ ਲਈ ਚੰਗੇ ਸੰਕੇਤ ਨਹੀਂ’

1993 ਦੇ ਮੁੰਬਈ ਦੰਗਿਆਂ ਤੋਂ ਬਾਅਦ ਸ਼ਾਂਤੀ ਨੂੰ ਵਧਾਵਾ ਦੇਣ ਦੇ ਮਕਸਦ ਨਾਲ ਸਥਾਪਿਤ ਹੋਏ ਮੁੰਬਈ ਦੇ ਸੈਂਟਰ ਫਾਰ ਸਟੱਡੀ ਆਫ਼ ਸੁਸਾਇਟੀ ਐਂਡ ਸੈਕੂਲਰਿਜ਼ਮ ਦੇ ਇਰਫ਼ਾਨ ਇੰਜੀਨੀਅਰ ਦੇ ਅਨੁਸਾਰ, ਭਾਸ਼ਣਾਂ ਨਾਲ ਧਰੁਵੀਕਰਨ ਦਾ ਵਿਕਾਸ ਹੋਵੇਗਾ ਅਤੇ ਇਹ ਭਵਿੱਖ ਲਈ ਚੰਗੇ ਸੰਕੇਤ ਨਹੀਂ ਹਨ।

ਉਨ੍ਹਾਂ ਦਾ ਕਹਿਣਾ ਹੈ, “ਸਾਲ 2014 ਅਤੇ 2019 ਦੀਆਂ ਚੋਣਾਂ ਜਿੱਥੇ ਭ੍ਰਿਸ਼ਟਾਚਾਰ, ਵਧੀਆ ਦਿਨ ਅਤੇ ਰਾਸ਼ਟਰਵਾਦ ਦੇ ਮੁੱਦੇ ’ਤੇ ਲੜੀਆਂ ਗਈਆਂ ਸਨ, ਉੱਥੇ ਹੀ 2024 ਦੀਆਂ ਚੋਣਾਂ ‘ਮੁਸਲਿਮ ਵਿਰੋਧ’ ’ਤੇ ਲੜੀਆਂ ਜਾ ਰਹੀਆਂ ਹਨ।”

ਅਮਰੀਕਾ ਦੇ ਵਿਲਸਨ ਸੈਂਟਰ ਦੇ ਸਾਊਥ ਏਸ਼ੀਆ ਇੰਸਟੀਚਿਊਟ ਦੇ ਡਾਇਰੈਕਟਰ ਮਾਈਕਲ ਕੁਗੇਲਮੈਨ ਦੇ ਅਨੁਸਾਰ 400 ਸੀਟਾਂ ਦਾ ਟੀਚਾ ਹਾਸਲ ਕਰਨ ਲਈ ਜੋ ਕੁਝ ਵੀ ਕੀਤਾ ਜਾ ਸਕਦਾ ਹੈ, ਸ਼ਾਇਦ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਉਹ ਸਭ ਕਰ ਰਹੇ ਹਨ।

ਪੀਐੱਮ ਮੋਦੀ ਵੱਲੋਂ ਰਾਜਸਥਾਨ ਦੇ ਬਾਂਸਵਾੜਾ ’ਚ ਦਿੱਤੇ ਗਏ ਭਾਸ਼ਣ ’ਤੇ ਅਖ਼ਬਾਰ ਇੰਡੀਅਨ ਐਕਸਪ੍ਰੈਸ ਨੇ ਇੱਕ ਸੰਪਾਦਕੀ ਲਿਖਿਆ ਸੀ, ਜਿਸ ਦੀ ਹੈੱਡਲਾਈਨ ਸੀ- ‘ਨਹੀਂ, ਪ੍ਰਧਾਨ ਮੰਤਰੀ’।

ਦਰਅਸਲ ਰਾਜਸਥਾਨ ਦੀ ਇੱਕ ਚੋਣ ਰੈਲੀ ’ਚ ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇੱਕ ਪੁਰਾਣੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਮੁਸਲਮਾਨਾਂ ’ਤੇ ਟਿੱਪਣੀ ਕੀਤੀ, ਜਿਸ ’ਚ ਉਨ੍ਹਾਂ ਨੇ ਮੁਸਲਮਾਨਾਂ ਨੂੰ ‘ਘੁਸਪੈਠ ਕਰਨ ਵਾਲੇ’ ਅਤੇ ‘ਜ਼ਿਆਦਾ ਬੱਚੇ ਪੈਦਾ ਕਰਨ ਵਾਲੇ’ ਕਿਹਾ ਸੀ।

ਇੱਕ ਤੋਂ ਬਾਅਦ ਇੱਕ ਕਈ ਬਿਆਨ ਆਏ ਸਾਹਮਣੇ

ਪਰ ਗੱਲ ਇੱਥੋਂ ਤੱਕ ਹੀ ਸੀਮਤ ਨਾ ਰਹੀ।

ਰਾਖਵੇਂਕਰਨ ਨੂੰ ਲੈ ਕੇ ਕਰਨਾਟਕਾ ਭਾਜਪਾ ਵੱਲੋਂ ਕੀਤਾ ਗਿਆ ਇੱਕ ਟਵੀਟ ‘ਮੁਸਲਿਮ ਵਿਰੋਧੀ’ ਚੋਣ ਇਸ਼ਤਿਹਾਰ ਵਿਵਾਦਾਂ ’ਚ ਘਿਰਿਆ ਰਿਹਾ।

ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਅਧਾਰ ਬਣਾ ਕੇ ਭਾਜਪਾ ਆਗੂ ਜੋ ਦਾਅਵਾ ਕਰ ਰਹੇ ਹਨ, ਵਿਰੋਧੀ ਧਿਰ ਉਨ੍ਹਾਂ ਦਾਅਵਿਆਂ ਨੂੰ ਝੂਠਾ ਅਤੇ ਫੁੱਟ ਪਾਊ ਕਰਾਰ ਦੇ ਰਹੀ ਹੈ।

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ, “ਕਾਂਗਰਸ ਕਹਿੰਦੀ ਹੈ ਕਿ ਅਸੀਂ ਪਰਸਨਲ ਲਾਅ ਦੇ ਜ਼ਰੀਏ ਸ਼ਰੀਆ ਕਾਨੂੰਨ ਨੂੰ ਲਾਗੂ ਕਰਵਾ ਦੇਵਾਂਗੇ।”

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸਮਾਚਾਰ ਏਜੰਸੀ ਏਐਨਆਈ ਨੂੰ ਦੱਸਿਆ, “ਜਦੋਂ ਮੈਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਵੇਖਿਆ ਤਾਂ ਮੈਨੂੰ ਬਹੁਤ ਹੈਰਾਨੀ ਹੋਈ ਕਿ ਇਹ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਹੈ ਜਾਂ ਫਿਰ ਮੁਸਲਿਮ ਲੀਗ ਦਾ।”

ਭਾਜਪਾ ਦੇ ਸੋਸ਼ਲ ਮੀਡੀਆ ਦੇ ਇੰਚਾਰਜ ਅਮਿਤ ਮਾਲਵੀਆ ਨੇ ਪਲੇਟਫਾਰਮ ਐਕਸ ’ਤੇ ਲਿਖਿਆ ਹੈ, “ ਇਹ ਸਪੱਸ਼ਟ ਹੈ ਕਿ ਕਾਂਗਰਸ ਸਾਡੀ ਜਾਇਦਾਦ, ਛੋਟੀਆਂ ਬੱਚਤਾਂ ਨੂੰ ਆਪਣੇ ਕੰਟਰੋਲ ਹੇਠ ਲੈ ਲਵੇਗੀ ਅਤੇ ਫਿਰ ਉਨ੍ਹਾਂ ਨੂੰ ਮੁਸਲਮਾਨਾਂ ’ਚ ਮੁੜ ਵੰਡ ਦੇਵੇਗੀ।”

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਭਾਸ਼ਣ ’ਚ ਕਿਹਾ, “ਇਸ ਵਾਰ ਦੇ ਚੋਣ ਮਨੋਰਥ ਪੱਤਰ ’ਚ ਕਾਂਗਰਸ ਨੇ ਮੁੜ ਸਰਕਾਰੀ ਨੌਕਰੀਆਂ ’ਚ ਧਾਰਮਿਕ ਘੱਟ ਗਿਣਤੀਆਂ ਲਈ ਰਾਖਵੇਂਕਰਨ ਦਾ ਸੰਕੇਤ ਦਿੱਤਾ ਹੈ, ਜਿਸ ਨੂੰ ਜੇਕਰ ਲਾਗੂ ਕੀਤਾ ਗਿਆ ਤਾਂ ਉਸ ’ਚ ਹਥਿਆਰਬੰਦ ਬਲਾਂ ਨੂੰ ਵੀ ਇਸ ਦੇ ਦਾਇਰੇ ’ਚ ਲਿਆ ਜਾ ਸਕਦਾ ਹੈ।”

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇੱਕ ਰੈਲੀ ’ਚ ਕਿਹਾ, “ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਕਾਂਗਰਸ ਦੇ ਨਾਲ-ਨਾਲ ਵਿਦੇਸ਼ੀ ਤਾਕਤਾਂ ਦਾ ਵੀ ਹੱਥ ਨਜ਼ਰ ਆਉਂਦਾ ਹੈ। ਜੋ ਕਿ ਤੁਹਾਡੇ ਬੱਚਿਆਂ ਦੀ ਜਾਇਦਾਦ ਮੁਸਲਮਾਨਾਂ ਨੂੰ ਦੇਣਾ ਚਾਹੁੰਦੇ ਹਨ।”

ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ‘ਸ਼ਰੀਆ’, ‘ਤਾਲਿਬਾਨ’ ਵਰਗੇ ਸ਼ਬਦ ਕਿਤੇ ਵੀ ਨਹੀਂ ਹਨ।

ਪ੍ਰਧਾਨ ਮੰਤਰੀ ਮੋਦੀ ਦੇ ਬਾਂਸਵਾੜਾ ’ਚ ਦਿੱਤੇ ਗਏ ਭਾਸ਼ਣ ’ਤੇ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਸੀ, “ਜੋ ਕੋਈ ਵੀ ਭਾਰਤ ’ਚ ਗ਼ੈਰ-ਕਾਨੂੰਨੀ ਢੰਗ ਨਾਲ ਘੁਸਪੈਠ ਕਰਦੇ ਹਨ, ਉਹ ਇੰਡੀ ਗਠਜੋੜ ਦੇ ਲਈ ਦੇਸ਼ ਦੀ ਜਨਤਾ ਨਾਲੋਂ ਜ਼ਿਆਦਾ ਖ਼ਾਸ ਹਨ।”

ਵੱਖ-ਵੱਖ ਵਿਚਾਰਧਾਰਾ ਦੇ ਲੋਕਾਂ ਦਾ ਕੀ ਕਹਿਣਾ ਹੈ?

ਭਾਸ਼ਣਾਂ ਦੀ ਆਲੋਚਨਾ ’ਤੇ ਸੱਜੇ ਪੱਖੀ ਸੁਵਰੋਕਮਲ ਦੱਤਾ ਦਾ ਕਹਿਣਾ ਹੈ, “ਇਸ ਦੇਸ਼ ’ਚ ਕੀ ਸਿਰ ਧੜ ਨਾਲੋਂ ਵੱਖ ਨਹੀਂ ਹੋਇਆ? ਇਸ ਦੇਸ਼ ’ਚ ਕੀ ਗਜ਼ਵਾ-ਏ-ਹਿੰਦ ਦੀ ਵਿਚਾਰਧਾਰਾ ਨਹੀਂ ਆਈ? ਇਸ ਦੇਸ਼ ’ਚ ਕੀ ਵੋਟ ਜਿਹਾਦ ਨਹੀਂ ਆ ਰਿਹਾ ਹੈ? ਇਹ ਸਾਰੀਆਂ ਗੱਲਾਂ ਸੱਚ ਹਨ।"

"ਇਨ੍ਹਾਂ ਸੱਚੀਆਂ ਗੱਲਾਂ ਨੂੰ ਜੇਕਰ ਪ੍ਰਧਾਨ ਮੰਤਰੀ ਮੋਦੀ ਉਜਾਗਰ ਕਰ ਰਹੇ ਹਨ ਤਾਂ ਉਹ ਕਿਹੜਾ ਕੋਈ ਗੁਨਾਹ ਕਰ ਰਹੇ ਹਨ?”

ਭਾਜਪਾ ਘੱਟ ਗਿਣਤੀ ਮੋਰਚਾ ਦੇ ਮੁਖੀ ਜਮਾਲ ਸਿੱਦੀਕੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ’ਤੇ ਹੋ ਰਹੀਆਂ ਆਲੋਚਨਾਵਾਂ ਨੂੰ ਰੱਦ ਕਰਦੇ ਹੋਏ ਕਿਹਾ, “ਮੋਦੀ ਜੀ ਨੇ ਹਮੇਸ਼ਾ ਮੁਸਲਮਾਨਾਂ ਦੀ ਭਲਾਈ ਬਾਰੇ ਹੀ ਸੋਚਿਆ ਹੈ।”

ਉਨ੍ਹਾਂ ਦਾ ਕਹਿਣਾ ਹੈ, “ਘੁਸਪੈਠੀਏ ਦਾ ਮਤਲਬ ਮੁਸਲਮਾਨ ਨਹੀਂ ਹੁੰਦਾ ਹੈ। ਅਸੀਂ ਇਸ ਨੂੰ ਕਿਉਂ ਮੁਸਲਮਾਨਾਂ ’ਤੇ ਥੋਪ ਰਹੇ ਹਾਂ? ਪਾਕਿਸਤਾਨ ਤੋਂ ਆਏ ਹੋਏ ਲੋਕ ਦੇਸ਼ ਨੂੰ ਤੋੜਨ ਦਾ ਯਤਨ ਕਰ ਰਹੇ ਹਨ।"

"ਬੰਗਲਾਦੇਸ਼ ਤੋਂ ਆਏ ਹੋਏ ਲੋਕ ਇੱਥੋਂ ਦੇ ਲੋਕਾਂ ਦੀ ਰੋਜ਼ੀ-ਰੋਟੀ ਤੇ ਰੁਜ਼ਗਾਰ ’ਤੇ ਡਾਕਾ ਮਾਰ ਰਹੇ ਹਨ। ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਹਿੰਦੂ ਵੀ ਹੁੰਦੇ ਹਨ ਅਤੇ ਮੁਸਲਮਾਨ ਵੀ ਹੁੰਦੇ ਹਨ।”

ਚੋਣ ਕਮਿਸ਼ਨ ਨੇ ਕਿਉਂ ਧਾਰੀ ਹੈ ਚੁੱਪ?

16 ਅਪ੍ਰੈਲ ਨੂੰ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਲਾਗੂ ਹੋਣ ਦਾ ਇੱਕ ਮਹੀਨਾ ਮੁਕੰਮਲ ਹੋਣ ’ਤੇ ਇੱਕ ਬਿਆਨ ਜਾਰੀ ਕੀਤਾ ਸੀ।

ਚੋਣ ਕਮਿਸ਼ਨ ਦੇ ਅਨੁਸਾਰ ਕਮਸ਼ਿਨ ਦੇ ਕੋਲ ਤਕਰੀਬਨ 200 ਸ਼ਿਕਾਇਤਾਂ ਆਈਆਂ ਹਨ।

ਇਨ੍ਹਾਂ ’ਚੋਂ 169 ’ਤੇ ਕਾਰਵਾਈ ਕੀਤੀ ਗਈ ਹੈ। 51 ਸ਼ਿਕਾਇਤਾਂ ਭਾਜਪਾ ਵੱਲੋਂ ਦਰਜ ਕਰਵਾਈਆਂ ਗਈਆਂ ਹਨ, ਜਿਨ੍ਹਾਂ ’ਚੋਂ 38 ਮਾਮਲਿਆਂ ’ਚ ਕਾਰਵਾਈ ਕੀਤੀ ਗਈ ਹੈ।

ਕਾਂਗਰਸ ਵੱਲੋਂ 59 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਜਿਨ੍ਹਾਂ ’ਚੋਂ 51 ਮਾਮਲਿਆਂ ਦਾ ਨਿਪਟਾਰਾ ਹੋ ਗਿਆ ਹੈ।

ਪਰ ‘ਜ਼ਹਿਰੀਲੇ’ ਚੋਣ ਭਾਸ਼ਣਾਂ ਦੇ ਇਸ ਦੌਰ ’ਚ ਚੋਣ ਕਮਿਸ਼ਨ ’ਤੇ ਲਗਾਤਾਰ ਇਲਜ਼ਾਮ ਲੱਗ ਰਹੇ ਹਨ ਕਿ ਉਹ ਜਿੰਨੀ ਸਖ਼ਤੀ ਵਿਰੋਧੀ ਧਿਰ ਦੇ ਆਗੂਆਂ ’ਤੇ ਕਰ ਰਿਹਾ ਹੈ, ਓਨੀ ਸਖ਼ਤੀ ਸੱਤਾ ਧਿਰ ਭਾਜਪਾ ਆਗੂਆਂ ’ਤੇ ਨਹੀਂ ਵਿਖਾ ਰਿਹਾ ਹੈ।

ਉਹ ਵੀ ਅਜਿਹੇ ਸਮੇਂ ਜਦੋਂ ਭਾਜਪਾ ਆਗੂ ਆਪਣੇ ਭਾਸ਼ਣਾਂ ’ਚ ਹਿੰਦੂ ਪ੍ਰਤੀਕ ਚਿੰਨ੍ਹਾਂ ਦੀ ਗੱਲ ਕਰ ਰਹੇ ਹਨ।

ਟੀਐੱਮਸੀ ਦੇ ਡੇਰੇਕ ਓਬ੍ਰਾਇਨ ਨੇ ਇਲਜ਼ਾਮ ਲਗਾਇਆ ਹੈ ਕਿ ਕੀ ਚੋਣ ਕਮਿਸ਼ਨ ‘ਪੱਖਪਾਤੀ ਅੰਪਾਇਰ’ ਦੀ ਤਰ੍ਹਾਂ ਵਿਵਹਾਰ ਕਰ ਰਿਹਾ ਹੈ।

ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਇਨ੍ਹਾਂ ਇਲਜ਼ਾਮਾਂ ’ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਪ੍ਰਧਾਨ ਮੰਤਰੀ ਦੇ ਭਾਸ਼ਣ ’ਤੇ ਮਦਰਾਸ ਹਾਈਕੋਰਟ ’ਚ ਗੁਹਾਰ ਲਗਾਉਣ ਵਾਲੇ ਤਾਮਿਲਨਾਡੂ ਦੇ ਕਾਂਗਰਸ ਆਗੂ ਸੇਲਵਾਪੇਰੁੰਥਗਾਈ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਪੁੱਛਿਆ ਕਿ ਜਾਤੀ, ਧਰਮ ਅਤੇ ਭਾਈਚਾਰੇ/ਫਿਰਕਿਆਂ ’ਤੇ ਹੋ ਰਹੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਚੁੱਪ ਕਿਉਂ ਹੈ।

ਇੱਕ ਸਾਬਕਾ ਚੋਣ ਕਮਿਸ਼ਨਰ ਦੇ ਅਨੁਸਾਰ ਜੇਕਰ ਚੋਣ ਕਮਿਸ਼ਨ ਨੇ ਬੀਤੇ ਸਮੇਂ ’ਚ ਦਿੱਤੇ ਗਏ ਭਾਸ਼ਣਾਂ ’ਤੇ ਸਖ਼ਤੀ ਵਰਤੀ ਹੁੰਦੀ ਤਾਂ ਅੱਜ ਇਹ ਨੌਬਤ ਹੀ ਨਾ ਆਉਂਦੀ।

ਚੋਣ ਕਮਿਸ਼ਨ ਵੱਲੋਂ ਲਾਗੂ ਆਦਰਸ਼ ਚੋਣ ਜ਼ਾਬਤੇ ਅਨੁਸਾਰ ਚੋਣ ਪ੍ਰਚਾਰ ਦੌਰਾਨ ਨਾ ਤਾਂ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਧਰਮ, ਭਾਈਚਾਰੇ ਅਤੇ ਜਾਤੀ ਦੇ ਆਧਾਰ ’ਤੇ ਵੋਟ ਦੇਣ ਦੀ ਅਪੀਲ ਕੀਤੀ ਜਾ ਸਕਦੀ ਹੈ।

ਚੋਣ ਜ਼ਾਬਤੇ ਅਨੁਸਾਰ ਕਿਸੇ ਵੀ ਧਾਰਮਿਕ ਜਾਂ ਨਸਲੀ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ਭਾਸ਼ਣ ਦੇਣ ਜਾਂ ਨਾਅਰੇ ਲਗਾਉਣ ’ਤੇ ਵੀ ਰੋਕ ਹੈ। ਇਨ੍ਹਾਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਵਿਰੋਧੀ ਧਿਰ ਪੀਐੱਮ ਮੋਦੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੀ ਹੈ।

ਸਵਾਲਾਂ ਦੀ ਤੀਬਰਤਾ ਉਦੋਂ ਹੋਰ ਵਧ ਗਈ ਜਦੋਂ ਪ੍ਰਧਾਨ ਮੰਤਰੀ ਮੋਦੀ ਦੇ ਬਾਂਸਵਾੜਾ ’ਚ ਦਿੱਤੇ ਭਾਸ਼ਣ ਦੇ ਲਈ ਪਾਰਟੀ ਪ੍ਰਧਾਨ ਜੇਪੀ ਨੱਡਾ ਨੂੰ ਨੋਟਿਸ ਭੇਜਿਆ ਗਿਆ ਨਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ।

ਇਸੇ ਤਰਜ ’ਤੇ ਰਾਹੁਲ ਗਾਂਧੀ ਦੇ ਇੱਕ ਭਾਸ਼ਣ ’ਤੇ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਨੋਟਿਸ ਭੇਜਿਆ ਗਿਆ, ਨਾ ਕਿ ਰਾਹੁਲ ਗਾਂਧੀ ਨੂੰ। ਅਜਿਹਾ ਪਹਿਲੀ ਵਾਰ ਹੋਇਆ ਸੀ।

ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਟਵੀਟ ਕੀਤਾ, "ਇਹ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਦੀ ਅਪਮਾਨਜਨਕ ਟਿੱਪਣੀ ਕਾਰਨ ਪੈਦਾ ਹੋਏ ਆਮ ਲੋਕਾਂ ਦੇ ਦਬਾਅ ਨੇ ਚੋਣ ਕਮਸ਼ਿਨ ਦੇ ਹੱਥ ਬੰਨ੍ਹ ਦਿੱਤੇ ਹਨ, ਪਰ ਬਰਾਬਰੀ ਦੇ ਵਿਵਹਾਰ ਦੇ ਤਹਿਤ ਕੀ ਚੋਣ ਕਮਿਸ਼ਨ ਦਾ ਰਾਹੁਲ ਗਾਂਧੀ ਦੀ ਟਿੱਪਣੀ ’ਤੇ ਨੋਟਿਸ ਭੇਜਣਾ ਜ਼ਰੂਰੀ ਸੀ?”

ਯਾਦ ਰਹੇ ਕਿ ਚੋਣ ਕਮਿਸ਼ਨ ਨੇ ਕਾਂਗਰਸ ਆਗੂ ਰਣਦੀਪ ਸੂਰਜੇਵਾਲਾ ਵੱਲੋਂ ਭਾਜਾਪ ਆਗੂ ਹੇਮਾ ਮਾਲਿਨੀ ’ਤੇ ਕੀਤੀ ਗਈ ਇੱਕ ਇਤਰਾਜ਼ਯੋਗ ਟਿੱਪਣੀ ’ਤੇ ਉਨ੍ਹਾਂ ਨੂੰ ਫਟਕਾਰ ਲਗਾਈ ਸੀ ਅਤੇ 48 ਘੰਟਿਆਂ ਤੱਕ ਉਨ੍ਹਾਂ ਦੀ ਰੈਲੀਆਂ ’ਤੇ ਪਾਬੰਦੀ ਲਗਾ ਦਿੱਤੀ ਸੀ।

ਇਸ ਤੋਂ ਇਲਾਵਾ ਭਾਜਪਾ ਉਮੀਦਵਾਰ ਕੰਗਨਾ ਰਣੌਤ ’ਤੇ ਸੋਸ਼ਲ ਮੀਡੀਆ ’ਤੇ ਕੀਤੀ ਗਈ ਟਿੱਪਣੀ ’ਤੇ ਚੋਣ ਕਮਿਸ਼ਨ ਨੇ ਕਾਂਗਰਸ ਦੀ ਤਰਜ਼ਮਾਨ ਸੁਪ੍ਰਿਆ ਸ਼੍ਰੀਨੇਤ ਦੀ ਨਿੰਦਾ ਕੀਤੀ ਸੀ।

ਭਾਸ਼ਣਾਂ ’ਚ ਇਸ ਤਿੱਖੇਪਣ ਦਾ ਕਾਰਨ ਕੀ ਹੈ?

ਪ੍ਰਧਾਨ ਮੰਤਰੀ ਮੋਦੀ ਦਾ ਬਾਂਸਵਾੜਾ ਵਾਲਾ ਭਾਸ਼ਣ ਦੂਜੇ ਗੇੜ੍ਹ ਤੋਂ ਪਹਿਲਾਂ ਆਇਆ ਸੀ।

ਦੂਜੇ ਗੇੜ੍ਹ ’ਚ ਕੇਰਲ, ਕਰਨਾਟਕ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਪੱਛਮੀ ਬੰਗਾਲ ਵਰਗੇ ਸੂਬਿਆਂ ਦੀਆਂ ਕਈ ਸੀਟਾਂ ’ਤੇ ਵੋਟਿੰਗ ਹੋਈ ਸੀ।

ਅਮਰੀਕਾ ਦੀ ਜਾਰਜਟਾਊਨ ਯੂਨੀਵਰਸਿਟੀ ’ਚ ਭਾਰਤੀ ਰਾਜਨੀਤੀ ਦੇ ਪ੍ਰੋਫੈਸਰ ਇਰਫ਼ਾਨ ਨੂਰੂਦੀਨ ਦੇ ਅਨੁਸਾਰ, “ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਦੇ ਕੋਰ ਬੇਸ (ਮੂਲ ਅਧਾਰ) ਨੂੰ ਲੁਭਾਉਣ ਦੇ ਲਈ ਕਈ ਵਾਰ ਇਸ਼ਾਰਿਆਂ ਦੀ ਵਰਤੋਂ ਕੀਤੀ ਹੈ ਅਤੇ ਟੇਢੀਆਂ, ਤਿੱਖੀਆਂ ਗੱਲਾਂ ਕਹਿਣ ਦਾ ਕੰਮ ਹੋਰਨਾਂ ਆਗੂਆਂ ’ਤੇ ਛੱਡ ਦਿੱਤਾ ਸੀ।"

"ਪਰ ਇਸ ਵਾਰ ਉਨ੍ਹਾਂ ਵੱਲੋਂ ਇਸ ਤਰ੍ਹਾਂ ਨਾਲ ਗੱਲ ਕਰਨਾ ਇੱਕ ਵੱਡਾ ਬਦਲਾਅ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਕਬਰਿਸਤਾਨ ਅਤੇ ਸ਼ਮਸ਼ਾਨਘਾਟ ਦਾ ਜ਼ਿਕਰ ਕਰਨ ਵਾਲਾ ਭਾਸ਼ਣ ਵਿਵਾਦਾਂ ’ਚ ਘਿਰਿਆ ਸੀ।”

ਉਹ ਅੱਗੇ ਕਹਿੰਦੇ ਹਨ, “ਇਹ ਇੱਕ ਇਸ਼ਾਰਾ ਹੈ ਕਿ ਭਾਜਪਾ ਨੂੰ ਲੱਗਦਾ ਹੈ ਕਿ ਅਰਥ ਵਿਵਸਥਾ ਨਾਲ ਜੁੜੀਆਂ ਗੱਲਾਂ ਵੋਟਰਾਂ ਨੂੰ ਅਪੀਲ ਨਹੀਂ ਕਰ ਰਹੀਆਂ ਹਨ, ਕਿਉਂਕਿ ਪਿੰਡਾਂ ਅਤੇ ਸ਼ਹਿਰਾਂ ’ਚ ਬੇਰੁਜ਼ਗਾਰੀ ਅਤੇ ਨੌਕਰੀਆਂ ਪੈਦਾ ਕਰਨ ਦੀ ਚੁਣੌਤੀ ਅਹਿਮ ਵਿਸ਼ੇ ਹਨ।''

ਪ੍ਰੋਫੈਸਰ ਇਰਫ਼ਾਨ ਨੂਰੂਦੀਨ ਦਾ ਕਹਿਣਾ ਹੈ ਕਿ ਭਾਜਪਾ ਨੂੰ ਇਹ ਵੀ ਲੱਗਦਾ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਹਿੱਟ ਵਿਕਟ’ ਜਾਂ ਆਪਣਾ ਹੀ ਨੁਕਸਾਨ ਕਰਨ ਵਰਗੀ ਸੀ।

ਉਸ ਕਦਮ ਨੇ ਹੱਥ-ਪੈਰ ਮਾਰ ਰਹੇ ਵਿਰੋਧੀ ਧਿਰ ਨੂੰ ਇਕਜੁੱਟ ਕਰ ਦਿੱਤਾ, ਜਿਸ ਕਾਰਨ ਉਹ ‘ਲੋਕਤੰਤਰ ਖ਼ਤਰੇ ’ਚ ਹੈ’ ਦੇ ਨਾਅਰੇ ਨੂੰ ਬੁਲੰਦ ਕਰਨ ਲੱਗੇ।

ਉਹ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਬੇਲੋੜੇ ਆਤਮਵਿਸ਼ਵਾਸ ਦਾ ਨਤੀਜਾ ਮੰਨਦੇ ਹਨ। ਉਨ੍ਹਾਂ ਦੇ ਅਨੁਸਾਰ ਭਾਜਪਾ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਚੋਣਾਵੀਂ ਲਾਭ ਉਮੀਦ ਮੁਤਾਬਕ ਨਹੀਂ ਹਾਸਲ ਹੋਇਆ ਹੈ।

ਪ੍ਰਧਾਨ ਮੰਤਰੀ ਦੇ ਹਾਲ ਹੀ ਦੇ ਚੋਣ ਭਾਸ਼ਣ ’ਚ ਰਾਹੁਲ ਗਾਂਧੀ ’ਤੇ ਹਮਲੇ ਦੇ ਲਈ ਅਡਾਨੀ ਅਤੇ ਅੰਬਾਨੀ ਦੇ ਜ਼ਿਕਰ ’ਤੇ ਉਹ ਪੁੱਛਦੇ ਹਨ ਕਿ ਜਿਨ੍ਹਾਂ ਲੋਕਾਂ ਦੇ ਬਾਰੇ ’ਚ ਮੰਨਿਆ ਜਾਂਦਾ ਹੈ ਕਿ ਉਹ ਭਾਜਪਾ ਦੇ ਨਜ਼ਦੀਕ ਹਨ, ਉਨ੍ਹਾਂ ਦਾ ਜ਼ਿਕਰ ਕਰਨ ਦਾ ਕੀ ਤਰਕ ਹੈ? ਉਹ ਅੱਗੇ ਪੁੱਛਦੇ ਹਨ, “ਕੌਣ ਇਸ ਗੱਲ ’ਤੇ ਭਰੋਸਾ ਕਰੇਗਾ?”

ਅਮਰੀਕਾ ਦੀ ਇੱਕ ਯੂਨੀਵਰਸਿਟੀ ’ਚ ਪੜ੍ਹਾ ਰਹੇ ਇੱਕ ਭਾਰਤੀ ਮੂਲ ਦੇ ਪ੍ਰੋਫੈਸਰ ਦੇ ਅਨੁਸਾਰ ਮਹਾਰਾਸ਼ਟਰ ’ਚ ਪਾਰਟੀਆਂ ਦੇ ਟੁੱਟਣ ਦੇ ਕਾਰਨ ਵੀ ਕਈ ਲੋਕਾਂ ਨੇ ਭਾਜਪਾ ਤੋਂ ਮੁੱਖ ਮੋੜਿਆ।

ਮਾਈਕਲ ਕੁਗੇਲਮੈਨ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਯਕੀਨ ਹੈ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਚੋਣਾਂ ’ਚ ਚੰਗਾ ਪ੍ਰਦਰਸ਼ਨ ਕਰਨਗੇ ਅਤੇ ਉਹ ਆਪਣੇ ਮੁੱਖ ਸਮਰਥਕਾਂ ਤੋਂ ਇਲਾਵਾ ਹੋਰ ਨਵੇਂ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।

ਮਾਈਕਲ ਦਾ ਕਹਿਣਾ ਹੈ, “ਜੇਕਰ ਅਜਿਹਾ ਹੈ ਤਾਂ ਇਹ ਇੱਕ ਸਮਾਰਟ ਨੀਤੀ ਨਹੀਂ ਹੈ। ਉਨ੍ਹਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਮੁਸਲਿਮ ਵੋਟਰਾਂ, ਆਜ਼ਾਦ ਸੋਚ ਵਾਲੇ ਵੋਟਰਾਂ, ਵੋਟਰ ਜੋ ਕਿ ਬਹੁਤ ਜ਼ਿਆਦਾ ਸਿਆਸਤ ’ਚ ਭਾਗੀਦਾਰ ਨਹੀਂ ਹਨ ਜਾਂ ਫਿਰ ਭਾਜਪਾ ਦੇ ਨਜ਼ਦੀਕ ਨਹੀਂ ਹਨ।"

"ਉਨ੍ਹਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨ, ਪਰ ਇਸ ਤੋਂ ਪਹਿਲਾਂ ਉਹ ਆਪਣੀ ਭਾਸ਼ਾ ਦੀ ਚੋਣ ’ਚ ਸੁਧਾਰ ਕਰਨ ਅਤੇ ਅਜਿਹੇ ਭਾਸ਼ਣਾਂ ਤੋਂ ਪਰਹੇਜ਼ ਕਰਨ।”

ਉਹ ਭਾਸ਼ਣਾਂ ਦੀ ਭਾਸ਼ਾ ਨੂੰ ‘ਮੰਦਭਾਗਾ’ ਮੰਨਦੇ ਹਨ।

ਭਾਜਪਾ ਦੀਆਂ ਨੀਤੀਆਂ ਦੇ ਸਮਰਥਕ ਡਾਕਟਰ ਸੁਵਰੋਕਮਲ ਦੱਤਾ ਦੇ ਅਨੁਸਾਰ, “ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਆਗੂਆਂ ਦੇ ਭਾਸ਼ਣ ਵੰਡ ਵਾਲੀ ਰਾਜਨੀਤੀ ਨਹੀਂ ਹਨ ਅਤੇ ਇਹ ਦੇਸ਼ ਦੀ ਪ੍ਰਭੂਸੱਤਾ, ਸੁਰੱਖਿਆ, ਅਖੰਡਤਾ ਅਤੇ ਰਣਨੀਤੀ ਨਾਲ ਜੁੜੀਆਂ ਗੱਲਾਂ ਹਨ।”

ਉਨ੍ਹਾਂ ਦਾ ਕਹਿਣਾ ਹੈ, “ਪ੍ਰਧਾਨ ਮੰਤਰੀ ਮੋਦੀ ਲਗਾਤਾਰ ਇਹ ਕਹਿ ਰਹੇ ਹਨ ਕਾਂਗਰਸ ਨੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਹਨ, ਇਸ ਤਰ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ, ਅਤੇ ਇਸ ਵੇਖ ਕੇ ਦੇਸ਼ ਨੂੰ ਅਤੇ ਸਮਾਜ ਨੂੰ ਚੌਕਸ ਰਹਿਣਾ ਚਾਹੀਦਾ ਹੈ।"

"ਪ੍ਰਧਾਨ ਮੰਤਰੀ ਨੂੰ ਇਹ ਸ਼ਬਦ ਮਜਬੂਰੀ ’ਚ ਕਹਿਣੇ ਪੈ ਰਹੇ ਹਨ। ਕੀ ਇਹ ਇਤਿਹਾਸਿਕ ਸੱਚਾਈ ਨਹੀਂ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਇਸ ਦੇਸ਼ ਦੇ ਰਾਸ਼ਟਰੀ ਸਰੋਤਾਂ ’ਤੇ ਪਹਿਲਾ ਹੱਕ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਦਾ ਹੈ।”

ਆਲੋਚਕਾਂ ਦੇ ਅਨੁਸਾਰ ਭਾਜਪਾ ਆਗੂ ਅਤੇ ਸਮਰਥਕ ਮਨਮੋਹਨ ਸਿੰਘ ਦੇ ਭਾਸ਼ਣ ਨੂੰ ਜਿਸ ਸੰਦਰਭ ’ਚ ਪੇਸ਼ ਕਰਦੇ ਹਨ, ਉਹ ਗ਼ਲਤ ਹੈ।

ਅਮਰੀਕਾ ਅਤੇ ਪੱਛਮੀ ਦੇਸ਼ ਕਿਵੇਂ ਵੇਖ ਰਹੇ ਹਨ ਇਸ ਪੂਰੇ ਦ੍ਰਿਸ਼ ਨੂੰ?

ਅਮਰੀਕਾ ਦੀ ਇੱਕ ਯੂਨੀਵਰਸਿਟੀ ’ਚ ਪੜ੍ਹਾ ਰਹੇ ਭਾਰਤੀ ਮੂਲ ਦੇ ਇੱਕ ਪ੍ਰੋਫੈਸਰ ਦੇ ਅਨੁਸਾਰ ਪੱਛਮੀ ਮੀਡੀਆ ’ਚ ਭਾਰਤ ਅਤੇ ਭਾਰਤੀ ਰਾਜਨੀਤੀ ਬਾਰੇ ਜੋ ਕੁਝ ਵੀ ਲਿਖਿਆ ਜਾ ਰਿਹਾ ਹੈ, ਉਹ ਠੀਕ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਲੋਕਤੰਤਰ, ਭਾਜਪਾ ਆਗੂਆਂ ਦੇ ਭਾਸ਼ਣਾਂ ਸਬੰਧੀ ਰਿਪੋਰਟਾਂ, ਨਿੱਝਰ ਕਤਲੇਆਮ ਦੇ ਭਾਰਤ ਨਾਲ ਕਥਿਤ ਸਬੰਧਾਂ ਨਾਲ ਜੁੜੀਆਂ ਰਿਪੋਰਟਾਂ ਆ ਰਹੀਆਂ ਹਨ ਅਤੇ ਜੇਕਰ ਇਨ੍ਹਾਂ ਦੋਵਾਂ ਨੂੰ ਜੋੜ ਦਿੱਤਾ ਜਾਵੇ ਤਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਮਰੀਕਾ ’ਚ ਇਸ ਨੂੰ ਲੈ ਕੇ ਚਿੰਤਾ ਦਾ ਮਾਹੌਲ ਹੈ।

ਭਾਵੇਂ ਨਿਊਜ਼ ਰਿਪੋਰਟ ਹੋਵੇ, ਲੇਖ ਜਾਂ ਫਿਰ ਕੁਝ ਹੋਰ ਪੱਛਮੀ ਮੀਡੀਆ ’ਚ ਲਗਾਤਾਰ ਲਿਖਿਆ ਜਾ ਰਿਹਾ ਹੈ ਕਿ ਭਾਰਤ ’ਚ ਲੋਕਤੰਤਰ ਕਲਜ਼ੋਰ ਹੋ ਰਿਹਾ ਹੈ ਅਤੇ ਘੱਟ ਗਿਣਤੀਆਂ ਦੀ ਸਥਿਤੀ ਖਸਤਾ ਹੋ ਰਹੀ ਹੈ।

ਯਾਦ ਰਹੇ ਕਿ ਚੀਨ ਅਤੇ ਪੱਛਮੀ ਦੇਸ਼ਾਂ ਦਰਮਿਆਨ ਵਧਦੇ ਤਣਾਅ ਦੇ ਮੱਦੇਨਜ਼ਰ ਹਾਲ ਹੀ ਦੇ ਸਾਲਾਂ ’ਚ ਆਲਮੀ ਸਿਆਸਤ ’ਚ ਭਾਰਤ ਦਾ ਮਹੱਤਵ ਵਧਿਆ ਹੈ।

ਪ੍ਰਫੈਸਰ ਇਰਫ਼ਾਨ ਨੂਰੂਦੀਨ ਦਾ ਕਹਿਣਾ ਹੈ, “ਇਸ ਸਮੇਂ ਦੁਨੀਆ ਦਾ ਧਿਆਨ ਭਾਰਤ ਅਤੇ ਭਾਰਤੀ ਲੋਕਤੰਤਰ ਦੇ ਨਕਾਰਾਤਮਕ ਪਹਿਲੂਆਂ ਵੱਲ ਹੈ।”

ਉਨ੍ਹਾਂ ਨੇ ਨਿੱਝਰ ਕਤਲਕਾਂਡ ਮਾਮਲੇ ’ਚ ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ’ਚ ਪ੍ਰਕਾਸ਼ਿਤ ਰਿਪੋਰਟ ਅਤੇ ਆਸਟ੍ਰੇਲੀਆ ’ਚ ਕਥਿਤ ਭਾਰਤੀ ਜਾਸੂਸਾਂ ਬਾਰੇ ਛਪੀ ਰਿਪੋਰਟ ਵੱਲ ਇਸ਼ਾਰਾ ਕੀਤਾ ਹੈ। ਭਾਰਤ ਨਿੱਝਰ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਮੁਨਕਰ ਹੁੰਦਾ ਰਿਹਾ ਹੈ।

ਪ੍ਰੋ. ਨੂਰੂਦੀਨ ਕਹਿੰਦੇ ਹਨ, “ਅਮਰੀਕਾ ਅਤੇ ਆਸਟ੍ਰੇਲੀਆ ਉਹ ਦੇਸ਼ ਹਨ, ਜੋ ਕਿ ਆਲਮੀ ਪੱਧਰ ’ਤੇ ਭਾਰਤ ਦੇ ਵੱਡੇ ਸਮਰਥਕ ਹਨ।”

ਉਹ ਪਿਊ ਰਿਸਰਚ ਦੀ ਪਿਛਲੇ ਸਾਲ ਅਗਸਤ ਦੀ ਸਰਵੇਖਣ ਰਿਪੋਰਟ ਵੱਲ ਵੀ ਇਸ਼ਾਰਾ ਕਰਦੇ ਹਨ, ਜਿਸ ਦੇ ਅਨੁਸਾਰ ਯੂਰਪ ’ਚ ਸਮੇਂ ਦੇ ਨਾਲ-ਨਾਲ ਭਾਰਤ ਪ੍ਰਤੀ ਨਕਾਰਾਤਮਕਤਾ ਵਧੀ ਹੈ।

ਮਾਈਕਲ ਕੁਗੇਲਮੈਨ ਦੇ ਅਨੁਸਾਰ, “ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੇ ਭਾਸ਼ਣ ਅਤੇ ਚੋਣ ਭਾਸ਼ਣ ਨੂੰ ਵੱਖਰੇ ਤੌਰ ’ਤੇ ਵੇਖਣ ਦੀ ਵੀ ਲੋੜ ਹੈ, ਪਰ ਜਿੱਥੇ ਕਈ ਮੁਸਲਮਾਨ ਭਾਜਪਾ ਦੀਆਂ ਨੀਤੀਆਂ ਤੋਂ ਪਰੇਸ਼ਾਨ ਅਤੇ ਚਿੰਤਤ ਹਨ।"

"ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਮੱਧ ਪੂਰਬ ਦੇ ਮੁਲਕਾਂ ਨਾਲ ਭਾਰਤ ਦੇ ਸਬੰਧਾਂ ’ਚ ਜਿੰਨੀ ਮਜ਼ਬੂਤੀ ਆਈ ਹੈ, ਉਹ ਕਿਸੇ ਵੀ ਸਾਬਕਾ ਭਾਰਤੀ ਆਗੂ ਦੇ ਦੌਰ ’ਚ ਨਹੀਂ ਆਈ ਹੈ।"

"ਇਹ ਦੇਸ਼ ਭਾਰਤੀ ਹਾਲਾਤਾਂ ’ਤੇ ਕੋਈ ਵੀ ਟਿੱਪਣੀ ਨਹੀਂ ਕਰਨਗੇ, ਕਿਉਂਕਿ ਭਾਰਤ ਉਨ੍ਹਾਂ ਦੇ ਲਈ ਮਹੱਤਵਪੂਰਨ ਵਪਾਰਕ ਭਾਈਵਾਲ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਰਤੀ ਮੱਧ ਪੂਰਬ ਦੇ ਦੇਸ਼ਾਂ ’ਚ ਕੰਮ ਕਰਦੇ ਹਨ।”

ਮਾਈਕਲ ਕੁਗੇਲਮੈਨ ਦੇ ਅਨੁਸਾਰ ਜੇਕਰ ਪਾਕਿਸਤਾਨ ਅਤੇ ਚੀਨ ਨੂੰ ਛੱਡ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕਿਸੇ ਦੇਸ਼ ਦਾ ਮੁਖੀ ਭਾਰਤ ਦੇ ਚੋਣ ਭਾਸ਼ਣਾਂ ਆਦਿ ਮੁੱਦਿਆਂ ’ਤੇ ਕੋਈ ਆਲੋਚਨਾ ਕਰੇਗਾ, ਪਰ ਹਾਲਾਤ ਉਸ ਸਮੇਂ ਬਦਲਦੇ ਹਨ ਜਦੋਂ ਵਿਦੇਸ਼ੀ ਧਰਤੀ ’ਤੇ ਨਿੱਝਰ ਕਤਲਕਾਂਡ ’ਚ ਇਲਜ਼ਾਮਾਂ ਵਰਗੀਆਂ ਗੱਲਾਂ ਸਾਹਮਣੇ ਆਉਂਦੀਆ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਇਹ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਭਾਰਤ ਧਰਮ ਨਿਰਪੱਖਤਾ ਤੋਂ ਦੂਰ ਹੋ ਰਿਹਾ ਹੈ ਅਤੇ ਚੋਣ ਰੈਲੀਆਂ ’ਚ ਕੀਤੀਆਂ ਗੱਲਾਂ ਭਾਰਤ ਦੀ ਦਿਸ਼ਾ ਬਾਰੇ ਉਸ ਚਿੰਤਾ ਨੂੰ ਹੋਰ ਵਧਾਵਾ ਦੇਣਗੀਆਂ, ਕਿਉਂਕਿ ਭਾਸ਼ਣਾਂ ’ਚ ਕਹੀਆਂ ਗਈਆਂ ਗੱਲਾਂ ਨੂੰ ਆਸਾਨੀ ਨਾਲ ‘ਹੇਟ ਸਪੀਚ’ ਭਾਵ ਨਫ਼ਰਤ ਵਾਲਾ ਭਾਸ਼ਣ ਕਿਹਾ ਜਾ ਸਕਦਾ ਹੈ।

ਭਾਜਪਾ ਆਗੂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਹਨ

ਭਾਜਪਾ ਆਗੂ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਰਹੇ ਹਨ। ਅੰਤਰਰਾਸ਼ਟਰੀ ਮਾਮਲਿਆਂ ਦੇ ਸੱਜੇ ਪੱਖੀ ਮਾਹਰ ਸੁਵਰੋਕਮਲ ਦੱਤਾ ਦੇ ਅਨੁਸਾਰ ਕੌਮਾਂਤਰੀ ਦੇਸ਼ ਜਾਂ ਪੱਛਮੀ ਦੇਸ਼ ਭਾਰਤ ਬਾਰੇ ਕੀ ਸੋਚਦੇ ਜਾਂ ਕਹਿੰਦੇ ਹਨ, ਭਾਰਤ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ।

ਉਹ ਕਹਿੰਦੇ ਹਨ, “ਉਹ ਖੁਦ ਪਹਿਲਾਂ ਆਪਣੇ ਅੰਦਰ ਝਾਤ ਮਾਰਨ। ਸਵੀਡਨ, ਫਰਾਂਸ ’ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੇ ਦੰਗੇ ਕੀਤੇ ਹਨ, ਪੈਰਿਸ ਵੀ ਹੰਗਾਮਾ ਹੋਇਆ ਹੈ, ਜਿਸ ਤਰ੍ਹਾਂ ਨਾਲ ਲੰਡਨ ’ਚ ਬੰਬ ਧਮਾਕੇ ਹੋਏ ਹਨ, ਮਾਸਕੋ ਥਿਏਟਰ ’ਚ ਜਿਸ ਤਰ੍ਹਾਂ ਨਾਲ ਆਈਐੱਸ ਦੇ ਹਮਲੇ ’ਚ ਲੋਕ ਮਾਰੇ ਗਏ, ਅਮਰੀਕਾ ’ਚ ਕਾਲੇ, ਸਪੈਨਿਸ਼ ਲੋਕਾਂ ਨਾਲ ਜਿਸ ਤਰ੍ਹਾਂ ਨਾਲ ਪੱਖਪਾਤ ਹੁੰਦਾ ਹੈ। ਕਿੰਨੇ ਭਾਰਤੀਆਂ ਦਾ ਉੱਥੇ ਕਤਲ ਕੀਤਾ ਗਿਆ ਹੈ…।"

"ਅਮਰੀਕਾ ਕਿਹੜੇ ਮੂੰਹ ਨਾਲ ਇਹ ਸਾਰੀਆਂ ਗੱਲਾਂ ਕਹੇਗਾ। ਅਮਰੀਕਾ ਅਤੇ ਯੂਰਪ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਹੈ।”

ਭਾਜਪਾ ਘੱਟ ਗਿਣਤੀ ਮੋਰਚਾ ਦੇ ਮੁਖੀ ਜਮਾਲ ਸਿੱਦੀਕੀ ਦੇ ਅਨੁਸਾਰ, “ਜਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਸਵਾਲ ਆਉਂਦੇ ਹਨ, ਜਦੋਂ ਕਾਂਗਰਸ ਆਪਣਾ ਚੋਣ ਮਨੋਰਥ ਪੱਤਰ ਪੇਸ਼ ਕਰਦੀ ਹੈ, ਜਦੋਂ ਕਾਂਗਰਸ ਦੇ ਰਾਜਕੁਮਾਰ ਰਾਹੁਲ ਭਾਜੀ ਆਪਣੀ ਗੱਲ ਰੱਖਦੇ ਹਨ, ਜਦੋਂ ਉਹ ਮੋਦੀ ਜੀ ’ਤੇ ਹਮਲਾ ਕਰਦੇ ਹਨ ਤਾਂ ਅਜਿਹੇ ’ਚ ਮੋਦੀ ਜੀ ਨੂੰ ਆਪਣੀ ਗੱਲ ਰੱਖਣੀ ਪੈਂਦੀ ਹੈ।”

ਹਾਲ ਹੀ ’ਚ ਟਾਈਮਜ਼ ਨਾਓ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਮੁਸਲਮਾਨਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਆਤਮ ਨਿਰੀਖਣ ਕਰੋ ਅਤੇ ਸੋਚੋ, ਦੇਸ਼ ਇੰਨੀ ਤਰੱਕੀ ਕਰ ਰਿਹਾ ਹੈ।"

"ਜੇਕਰ ਕਮੀ ਤੁਹਾਡੇ ਸਮਾਜ ’ਚ ਮਹਿਸੂਸ ਹੁੰਦੀ ਹੈ ਤਾਂ ਕੀ ਕਾਰਨ ਹੈ? ਸਰਕਾਰ ਦੇ ਪ੍ਰਬੰਧਾਂ ਦਾ ਲਾਭ ਕਾਂਗਰਸ ਦੇ ਜ਼ਮਾਨੇ ’ਚ ਤੁਹਾਨੂੰ ਕਿਉਂ ਨਹੀਂ ਮਿਲਿਆ ?”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)