ਨਿਹੰਗ ਪ੍ਰਦੀਪ ਸਿੰਘ ਕਤਲ: ਪੁਲਿਸ ਵਲੋਂ ਨਾਮਜ਼ਦ ਨੌਜਵਾਨ ਦਾ ਕੀ ਹੈ ਪਿਛੋਕੜ

ਨਿਹੰਗ ਪ੍ਰਦੀਪ ਸਿੰਘ ਮੌਤ ਮਾਮਲਾ

ਤਸਵੀਰ ਸਰੋਤ, Social Media

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਮਾਰੇ ਗਏ ਨਿਹੰਗ ਪ੍ਰਦੀਪ ਸਿੰਘ ਦੇ ਮਾਮਲੇ ਵਿੱਚ ਦਰਜ ਐੱਫ਼ਆਈ ਆਰ ਵਿੱਚ ਪੁਲਿਸ ਨੇ ਪਹਿਲਾਂ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਪਰ ਸਥਾਨਕ ਪੁਲਿਸ ਦੇ ਡੀਐੱਸਪੀ ਅਜੇ ਸਿੰਘ ਮੁਤਾਬਕ ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਸਤਬੀਰ ਸਿੰਘ ਲਾਡੀ , ਪੰਮਾ ਅਤੇ ਇੱਕ ਅਣਪਛਾਤੇ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਨਾਮਜ਼ ਕੀਤਾ ਹੈ।

ਪੁਲਿਸ ਮੁਤਾਬਕ ਕਥਿਤ ਮੁਲਜ਼ਮ ਸਤਬੀਰ ਸਿੰਘ ਜ਼ਿਲ੍ਹਾ ਰੋਪੜ ਦੇ ਪਿੰਡ ਨਲਹੋਟੀ ਦਾ ਵਸਨੀਕ ਹੈ, ਜੋ ਗੰਭੀਰ ਜ਼ਖ਼ਮੀ ਹਾਲਤ ਵਿੱਚ ਇਸ ਵੇਲੇ ਪੀਜੀਆਈ ਵਿੱਚ ਜੇਰੇ ਇਲਾਜ ਹੈ।

ਪੁਲਿਸ ਮੁਤਾਬਕ ਦੂਜੇ ਕਥਿਤ ਮੁਲਜ਼ਮ 'ਪੰਮਾ' ਦੀ ਭਾਲ਼ ਕੀਤੀ ਜਾ ਰਹੀ ਹੈ। ਉਹ ਫਰਾਰ ਦੱਸਿਆ ਗਿਆ ਹੈ।

7 ਮਾਰਚ ਨੂੰ ਹੋਲੀ ਮੌਕੇ ਮਨਾਏ ਜਾਣ ਵਾਲੇ ਸਿੱਖ ਤਿਓਹਾਰ ਹੋਲ਼ ਮਹੱਲਾ ਦੇ ਇਕੱਠ ਵਿੱਚ ਇੱਕ ਲੜਾਈ ਹੋਈ ਸੀ, ਜਿਸ ਵਿੱਚ ਕੈਨੇਡਾ ਦੇ ਪੀਆਰ ਨੌਜਵਾਨ ਪ੍ਰਦੀਪ ਸਿੰਘ ਦਾ ਕਤਲ ਹੋ ਗਿਆ ਸੀ।

ਮ੍ਰਿਤਕ ਪ੍ਰਦੀਪ ਦੇ ਪਿਤਾ ਗੁਰਬਖ਼ਸ਼ ਸਿੰਘ ਵਲੋਂ ਪੁਲਿਸ ਨੂੰ ਲ਼ਿਖਵਾਈ ਸ਼ਿਕਾਇਤ ਮੁਤਾਬਕ ਪ੍ਰਦੀਪ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਾਜ਼ੀਕੋਟ ਦਾ ਰਹਿਣ ਵਾਲਾ ਸੀ।

ਪਿਤਾ ਮੁਤਾਬਕ ਉਹ ਪਿਛਲੇ ਸਾਲ ਹੀ ਕੈਨੇਡਾ ਦੀ ਪੀਆਰ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਇਆ ਸੀ ਅਤੇ ਹੋਲ਼ੇ ਮਹੱਲੇ ਦੇ ਇਕੱਠ ਦੌਰਾਨ ਕੁਝ ਹੁੱਲੜਬਾਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਉਸ ਉੱਤੇ ਹਮਲਾ ਕਰ ਦਿੱਤਾ ਗਿਆ।

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਰ ਇਸ ਮਾਮਲੇ ਦੀਆਂ ਕੁਝ ਤਾਜ਼ਾ ਵੀਡੀਓਜ਼ ਸਾਹਮਣੇ ਆਈਆਂ ਹਨ। ਪੁਲਿਸ ਮੁਤਾਬਕ ਇਹ ਵੀਡੀਓਜ਼ ਭਾਵੇਂ ਉਸ ਘਟਨਾ ਨਾ ਸਬੰਧਤ ਹਨ, ਪਰ ਅਜਿਹੀਆਂ ਕਈ ਹੋਰ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਦੀ ਪੁਲਿਸ ਅਜੇ ਜਾਂਚ ਕਰ ਰਹੀ ਹੈ।

ਬੀਬੀਸੀ ਵੀ ਇਨ੍ਹਾਂ ਵੀਡੀਓਜ਼ ਦੀ ਸੁਤੰਤਰ ਤੌਰ ਉੱਤੇ ਪੁਸ਼ਟੀ ਨਹੀਂ ਕਰਦਾ।

ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਜਿਹੜੇ ਤਾਜ਼ਾ ਵੀਡੀਓ ਆਏ ਹਨ ਉਨ੍ਹਾਂ ਵਿਚ ਕੀ ਨਜ਼ਰ ਆਇਆ ਹੈ।

ਵਾਇਰਲ ਵੀਡੀਓ ਵਿੱਚ ਕੀ ਨਜ਼ਰ ਆਇਆ

ਨਿਹੰਗ ਪ੍ਰਦੀਪ ਸਿੰਘ ਮੌਤ ਮਾਮਲਾ

ਤਸਵੀਰ ਸਰੋਤ, Social Media

ਇਸ ਮਾਮਲੇ ਵਿੱਚ ਤਾਜ਼ਾ ਵਾਇਰਲ ਹੋਏ ਵੀਡੀਓ ਵਿੱਚ ਸੜਕ 'ਤੇ ਵੱਡੀ ਭੀੜ ਨਜ਼ਰ ਆ ਰਹੀ ਹੈ ਅਤੇ ਦੋ ਵਿਅਕਤੀ ਇੱਕ-ਦੂਜੇ 'ਤੇ ਤਲਵਾਰਾਂ ਨਾਲ ਹਮਲੇ ਕਰਦੇ ਦਿਖਾਈ ਦੇ ਰਹੇ ਹਨ।

ਇਨ੍ਹਾਂ ਵਿੱਚੋਂ ਇੱਕ ਨੇ ਨਿਹੰਗ ਸਿੰਘ ਵਾਲਾ ਚੋਲ਼ਾ ਪਾਇਆ ਹੈ ਤੇ ਦੂਜੇ ਨੇ ਸਧਾਰਨ ਕੱਪੜੇ ਤੇ ਨੀਲੀ ਪੱਗ ਬੰਨ੍ਹੀ ਹੈ। ਲੜਦੇ-ਲੜਦੇ ਉਹ ਇੱਕ-ਦੂਜੇ ਨੂੰ ਜੱਫਾ ਪਾ ਲੈਂਦੇ ਹਨ 'ਤੇ ਫਿਰ ਭੀੜ ਉਨ੍ਹਾਂ ਨੂੰ ਘੇਰ ਲੈਂਦੀ ਹੈ।

ਇਸ ਤੋਂ ਬਾਅਦ ਇੱਕ ਵਿਅਕਤੀ ਜ਼ਮੀਨ ਉੱਤੇ ਡਿੱਗ ਪੈਂਦਾ ਹੈ ਅਤੇ ਕੁਝ ਹੀ ਪਲਾਂ ਬਾਅਦ ਭੀੜ ਵਿੱਚੋਂ ਕੁਝ ਲੋਕ ਨਿਹੰਗ ਬਾਣੇ ਵਾਲੇ ਵਿਅਕਤੀ ਉੱਤੇ ਹਮਲਾ ਕਰਦੇ ਦਿਖਦੇ ਹਨ।

ਸਥਾਨਕ ਪੁਲਿਸ ਦੇ ਡੀਐੱਸਪੀ ਅਜੇ ਸਿੰਘ ਨੇ ਬਿਮਲ ਸੈਣੀ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਅਜੇ ਜਾਂਚ ਕਰ ਰਹੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਅਜਿਹੇ ਹੋਰ ਵੀ ਕਈ ਵੀਡੀਓਜ਼ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਨਿਹੰਗ ਪ੍ਰਦੀਪ ਸਿੰਘ ਮੌਤ ਮਾਮਲਾ

ਤਸਵੀਰ ਸਰੋਤ, Social Media

ਕਥਿਤ ਮੁਲਜ਼ਮ ਦਾ ਪਿਛੋਕੜ

ਕਥਿਤ ਮੁਲਜ਼ਮ ਸਤਬੀਰ ਸਿੰਘ ਦੇ ਪਿਤਾ ਨਿਰੰਜਨ ਸਿੰਘ ਨੇ ਦੱਸਿਆ, ''ਜਿਸ ਵੇਲੇ ਉਹ (ਹੋਲੇ ਮਹੱਲੇ ਲਈ) ਘਰੋਂ ਗਏ ਸਨ, ਉਸ ਵੇਲੇ ਉਹ ਆਪ (ਨਿਰੰਜਨ) ਘਰ 'ਚ ਮੌਜੂਦ ਨਹੀਂ ਸਨ।

ਉਹ ਕਹਿੰਦੇ ਹਨ ਕਿ ''ਉਸ ਦੇ ਨਾਲ ਵਾਲੇ ਬੰਦਿਆਂ ਨੇ ਸਾਡੀ ਵਹੁਟੀ (ਸਤਬੀਰ ਦੀ ਪਤਨੀ) ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਹੱਥ ਵੱਢਿਆ ਗਿਆ, ਇਹੀ ਕੁਝ ਸਤਬੀਰ ਦੀ ਪਤਨੀ ਨੇ ਮੈਨੂੰ ਦੱਸਿਆ।''

ਸਤਬੀਰ ਸਿੰਘ ਨੇ ਬਾਰਵੀਂ ਕਲਾਸ ਤਕ ਪੜ੍ਹਾਈ ਕੀਤੀ ਹੈ ਅਤੇ ਉਹ ਫੌਜ ਅਤੇ ਪੰਜਾਬ ਪੁਲਿਸ ਦੀਆਂ ਭਾਰਤੀਆਂ ਦੇਖ ਚੁੱਕਿਆ ਹੈ । ਉਹ ਕਬੱਡੀ ਦਾ ਵੀ ਚੰਗਾ ਖਿਡਾਰੀ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸਤਬੀਰ ਸਿੰਘ ਸਟੋਨ ਕਰੱਸ਼ਰਾਂ ਤੇ ਮਿਹਨਤ-ਮਜ਼ਦੂਰੀ ਕਰਦਾ ਸੀ।

ਸਤਬੀਰ ਸਿੰਘ ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ ਸਾਲ ਦਾ ਬੇਟਾ ਵੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸਤਬੀਰ ਸਿੰਘ 6 ਮਾਰਚ ਨੂੰ ਸ਼ਾਮ ਸਮੇਂ ਪਿੰਡੋਂ ਹੋਲੇ-ਮਹੱਲੇ ਨੂੰ ਗਿਆ ਸੀ । ਉਹ ਖੁਦ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ ਲੰਗਰ ਵਿਚ ਸੇਵਾ ਕਰਦੇ ਸਨ।

ਸਤਬੀਰ ਦੇ ਪਿਤਾ ਨੂੰ ਇਹ ਨਹੀਂ ਪਤਾ ਹੈ ਉਹ ਕਿਸ ਨਾਲ ਅਤੇ ਕਿਸ ਵਾਹਨ ਉੱਤੇ ਗਿਆ ਸੀ, ਇਹ ਵੀ ਉਹਨਾਂ ਨੂੰ ਨਹੀਂ ਪਤਾ ਹੈ।

ਮੁਲਜ਼ਮ ਦੇ ਪਿਤਾ ਨਿਰੰਜਨ ਸਿੰਘ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਮੁਲਜ਼ਮ ਦੇ ਪਿਤਾ ਨਿਰੰਜਨ ਸਿੰਘ

ਨਿਹੰਗ ਸਿੰਘ ਦੀ ਮੌਤ ਬਾਰੇ ਅਫਸੋਸ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ, ''ਨਿਹੰਗ ਸਿੰਘ ਦੀ ਮੌਤ ਦਾ ਵੀ ਸਾਨੂੰ ਬਹੁਤ ਦੁੱਖ ਹੈ, ਉਹ ਆਪਣੇ ਘਰ ਦਾ ਇਕੱਲਾ ਪੁੱਤ ਸੀ। ਇਹ ਮੰਦਭਾਗੀ ਘਟਨਾ ਕਿਵੇਂ ਹੋਈ, ਸਾਡੇ ਬੱਚਿਆਂ ਦੀ ਉਸ ਬੱਚੇ ਨਾਲ ਜਾਂ ਉਸ ਬੱਚੇ ਦੀ ਸਾਡੇ ਬੱਚਿਆਂ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਸੀ, ਨਾ ਆਪਸ 'ਚ ਕੋਈ ਜਾਣ-ਪਛਾਣ ਸੀ, ਇਹ ਸਭ ਘਟਨਾ ਕਿਵੇਂ ਵਾਪਰੀ ਸਾਨੂੰ ਕੋਈ ਪਤਾ ਨਹੀਂ।''

ਲਾਈਨ

ਕੌਣ ਸਨ ਨਿਹੰਗ ਪ੍ਰਦੀਪ ਸਿੰਘ

  • ਪ੍ਰਦੀਪ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਹਿਣ ਵਾਲੇ ਸਨ
  • ਪ੍ਰਦੀਪ ਕੈਨੇਡਾ ਵਿੱਚ ਪੀਆਰ ਸਨ ਅਤੇ ਪੀਆਰ ਹੋਣ ਤੋਂ ਬਾਅਦ ਪਹਿਲੀ ਵਾਰ ਹੁਣ ਪੰਜਾਬ ਆਪਣੇ ਪਰਿਵਾਰ ਨੂੰ ਮਿਲਣ ਆਏ ਸਨ
  • ਪ੍ਰਦੀਪ ਸਿੰਘ ਕਰੀਬ 7 ਸਾਲ ਪਹਿਲਾ ਸਟੱਡੀ ਵੀਜ਼ਾ ਉੱਤੇ ਕੈਨੇਡਾ ਗਏ ਸਨ ਅਤੇ ਇਸੇ 17 ਮਾਰਚ ਨੂੰ ਵਾਪਸ ਕੈਨੇਡਾ ਜਾਣਾ ਸੀ
  • ਪ੍ਰਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਨ੍ਹਾਂ ਦੀ ਇੱਕ ਛੋਟੀ ਭੈਣ ਵੀ ਹੈ ਤੇ ਉਹ ਵੀ ਕੈਨੇਡਾ ਵਿੱਚ ਹੀ ਰਹਿੰਦੀ ਹੈ
  • ਕਰੀਬ 4 ਸਾਲ ਪਹਿਲਾ ਜਦੋਂ ਉਹ ਕੈਨੇਡਾ ਤੋਂ ਪੰਜਾਬ ਆਏ ਸਨ ਤਾਂ ਉਹ ਹਜ਼ੂਰ ਸਾਹਿਬ ਨਤਮਸਤਕ ਹੋਣ ਗਏ ਸਨ
  • ਉਦੋਂ ਉੱਥੇ ਅੰਮ੍ਰਿਤ ਛੱਕ ਕੇ ਉਹ ਸਿੰਘ ਸਜ ਗਏ ਸਨ ਅਤੇ ਬਾਬਾ ਬੁੱਢਾ ਦਲ ਨਾਲ ਜੁੜ ਗਏ ਸਨ
  • ਪਰਿਵਾਰ ਮੁਤਾਬਕ, ਪ੍ਰਦੀਪ ਸਿੰਘ ਜ਼ਿਆਦਾਤਰ ਨਿਹੰਗ ਬਾਣੇ 'ਚ ਹੀ ਰਹਿੰਦੇ ਸਨ
  • ਉਹ ਕੈਨੇਡਾ ਵਿੱਚ ਵੀ ਹਰ ਧਾਰਮਿਕ ਸਮਾਗਮ 'ਚ ਪਿਛਲੇ ਕੁਝ ਸਾਲਾਂ ਤੋਂ ਪੂਰੀ ਸ਼ਰਧਾ ਨਾਲ ਸੇਵਾ ਨਿਭਾ ਰਹੇ ਸਨ
ਲਾਈਨ
ਨਿਹੰਗ ਪ੍ਰਦੀਪ ਸਿੰਘ ਮੌਤ ਮਾਮਲਾ

ਤਸਵੀਰ ਸਰੋਤ, BBC/GURPREET CHAWLA

ਤਸਵੀਰ ਕੈਪਸ਼ਨ, ਮ੍ਰਿਤਕ ਨਿਹੰਗ ਪ੍ਰਦੀਪ ਸਿੰਘ

ਹੁਣ ਕਿਸ ਹਾਲਤ 'ਚ ਹੈ ਕਥਿਤ ਮੁਲਜ਼ਮ

ਮੁਲਜ਼ਮ ਦੀ ਹਾਲਤ ਬਾਰੇ ਉਨ੍ਹਾਂ ਦੇ ਪਿਤਾ ਦੱਸਦੇ ਹਨ ਕਿ ''ਸਾਡੇ ਬੱਚੇ ਦਾ ਹੱਥ ਵੱਢਿਆ ਗਿਆ ਹੈ, ਉਸ ਦੀ ਸੱਜੀ ਬਾਂਹ 'ਤੇ ਬਰਛਾ ਵੱਜਿਆ ਹੋਇਆ ਹੈ ਤੇ ਪੀਜੀਆਈ ਵਿੱਚ ਦਾਖ਼ਲ ਹੈ।''

ਉਨ੍ਹਾਂ ਕਿਹਾ ਕਿ ''ਉਸ ਦੇ ਖੱਬੇ ਹੱਥ ਦੀਆਂ ਚਾਰੇ ਉਂਗਲਾਂ ਅਤੇ ਅੱਧੀ ਹਥੇਲੀ ਵੀ ਕਟ ਕੇ ਵੱਖ ਹੋ ਗਈ ਹੈ।''

ਨਰਿੰਦਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਨੇ ਇੱਕ ਵਾਰ ਤਾਂ ਉਨ੍ਹਾਂ ਦੇ ਬੇਟੇ ਦਾ ਆਪਰੇਸ਼ਨ ਕਰ ਕੇ ਹੱਥ ਨਾਲ ਜੋੜ ਦਿੱਤਾ ਸੀ ਪਰ ਉਸ ਹੱਥ ਨੇ ਕੰਮ ਨਹੀਂ ਕੀਤਾ।

ਇਸ ਲਈ ਡਾਕਟਰਾਂ ਨੇ ਇੱਕ ਹੋਰ ਆਪਰੇਸ਼ਨ ਕਰ ਕੇ ਹੱਥ ਨੂੰ ਮੁੜ ਤੋਂ ਅਲੱਗ ਕਰ ਦਿੱਤਾ ਹੈ।

ਕਥਿਤ ਮੁਲਜ਼ਮ ਦੇ ਸਮਰਥਨ 'ਚ ਆਏ ਲੋਕ

ਨਿਹੰਗ ਪ੍ਰਦੀਪ ਸਿੰਘ ਮੌਤ ਮਾਮਲਾ

ਤਸਵੀਰ ਸਰੋਤ, Bimal Saini/BBC

ਜਮਹੂਰੀ ਕਿਸਾਨ ਸਭਾ, ਜ਼ਿਲ੍ਹਾ ਰੋਪੜ ਦੇ ਪ੍ਰਧਾਨ ਗੁਰਨੈਬ ਸਿੰਘ ਜੇਤੇਵਾਲ ਦੀ ਅਗਵਾਈ ਵਿੱਚ 11 ਮਾਰਚ ਨੂੰ ਵੱਡੀ ਗਿਣਤੀ 'ਚ ਲੋਕ ਸਤਬੀਰ ਦੇ ਪਿੰਡ ਨਹਲੋਟੀ 'ਚ ਇਕੱਠੇ ਹੋਏ।

ਜੇਤੇਵਾਲ ਨੇ ਕਿਹਾ ਕਿ ਸਾਨੂੰ ਨਿਹੰਗ ਸਿੰਘ ਦੇ ਕਤਲ ਦਾ ਬਹੁਤ ਦੁੱਖ ਹੈ ਪਰ ਜਿਸ ਤਰ੍ਹਾਂ ਨਾਲ ਪ੍ਰਸ਼ਾਸਨ ਨੇ ਪੂਰੀ ਕਹਾਣੀ ਬਣਾਈ ਹੈ, ਉਹ ਠੀਕ ਨਹੀਂ।

ਦੂਜੇ ਪਾਸੇ ਪੁਲਿਸ ਐੱਫ਼ਆਈਆਰ ਵਿੱਚ ਦਰਜ ਪੁਲਿਸ ਦੇ ਬਿਆਨ ਮੁਤਾਬਕ ਉਹ ਹੋਲੇ ਮੁਹੱਲੇ ਦੇ ਮੱਦੇਨਜ਼ਰ ਆਪਣੀ ਸੁਰੱਖਿਆ ਡਿਊਟੀ ਲਈ ਜਾ ਰਹੇ ਸਨ ਜਦੋਂ ਉਨ੍ਹਾਂ ਨੂੰ ਝਗੜੇ ਬਾਰੇ ਪਤਾ ਲੱਗਿਆ।

ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸੰਗਤ ਦੀ ਕਾਫ਼ੀ ਭੀੜ ਸੀ ਜਿਸ ਵਿੱਚ ਨਿਹੰਗ ਬਾਣੇ ਵਿੱਚ ਇੱਕ ਵਿਅਕਤੀ ਹੇਠਾਂ ਲੰਬਾ ਪਿਆ ਹੋਇਆ ਸੀ।

ਉਸ ਦੇ ਕਾਫ਼ੀ ਸੱਟਾਂ ਵੱਜੀਆਂ ਸਨ। ਪੁਲਿਸ ਮੁਤਾਬਕ ਗੁਰਦਰਸ਼ਨ ਸਿੰਘ ਦੀ ਜਾਣਕਾਰੀ ਦੇ ਆਧਾਰ ਉੱਤੇ ਜਖ਼ਮੀ ਵਿਅਕਤੀ ਦੀ ਸ਼ਨਾਖ਼ਤ ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਵਜੋਂ ਹੋਈ ਸੀ।

ਬਿਆਨ ਮੁਤਾਬਕ ਪ੍ਰਦੀਪ ਸਿੰਘ ਨੂੰ ਸਿਵਲ ਹਸਪਤਾਲ ਰੂਪਨਗਰ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪਹਿਲਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਫਆਈਆਰ ਕੀਤੀ ਸੀ, ਬਾਅਦ ਵਿੱਚ ਦੋ ਵਿਅਕਤੀ ਬਾਕਇਦਾ ਨਾਂ ਨਾਲ ਨਾਮਜ਼ਦ ਕੀਤੇ ਗਏ।

ਨਿਰੰਜਨ ਸਿੰਘ ਮੁਤਾਬਕ ਇਸ ਮਾਮਲੇ ਵਿੱਚ ਭਾਵੇਂ ਨਾਮਜ਼ਦ ਸਤਬੀਰ ਸਿੰਘ ਹੈ, ਪਰ ਉਨ੍ਹਾਂ ਨੂੰ ਹਰ ਰੋਜ਼ 9-5 ਪੁਲਿਸ ਚੌਕੀ ਹਾਜ਼ਰੀ ਦੇਣ ਜਾਣਾ ਪੈਂਦਾ ਹੈ।

''ਡਰ ਕਾਰਨ ਸਾਡਾ ਪਰਿਵਾਰ ਇੱਧਰ ਉੱਧਰ ਰਹਿ ਰਿਹਾ ਹੈ, ਅਸੀਂ ਤਾਂ ਘਰ ਸੌਂ ਵੀ ਨਹੀਂ ਸਕਦੇ। ਇੱਥੋਂ ਤੱਕ ਕਿ ਇੱਕ ਸਾਲ ਦੇ ਬੱਚੇ ਨੂੰ ਰਿਸ਼ਤੇਦਾਰੀ ਵਿੱਚ ਭੇਜਣਾ ਪਿਆ ਹੈ।''

ਸੀਬੀਆਈ ਜਾਂਚ ਦੀ ਮੰਗ

ਮੁਲਜ਼ਮ ਦੇ ਪਿਤਾ ਨਿਰੰਜਨ ਸਿੰਘ

ਸਤਬੀਰ ਸਿੰਘ ਦੇ ਪਿਤਾ ਦਾ ਕਹਿਣ ਹੈ ਸੀ, ‘‘ਸਿੱਖ ਨੌਜਵਾਨ ਦੀ ਮੌਤ ਦਾ ਬਹੁਤ ਦੁੱਖ ਹੈ, ਜਿਸ ਤਰ੍ਹਾਂ ਉਨ੍ਹਾਂ ਦਾ ਪੁੱਤਰ ਸਤਬੀਰ ਹੈ, ਉਸੇ ਤਰ੍ਹਾਂ ਮਾਰੇ ਗਏ ਸਿੱਖ ਨੌਜਵਾਨ ਪ੍ਰਦੀਪ ਹੈ, ਅਸੀਂ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਦੋਸ਼ੀ ਹੈ, ਉਸ ਨੂੰ ਸਜ਼ਾ ਮਿਲ ਸਕੇ।’’

ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਤਬੀਰ ਸਿੰਘ ਜੇਰੇ ਇਲਾਜ ਹੈ, ਉਹ ਵੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਅਤੇ ਉਸ ਦਾ ਹੱਥ ਵੱਢਿਆ ਜਾ ਚੁੱਕਾ ਹੈ ਅਤੇ ਹੁਣ ਤਕ ਪੰਜ ਤੋਂ ਛੇ ਅਪਰੇਸ਼ਨ ਉਸ ਦੇ ਹੋ ਚੁੱਕੇ ਹਨl

ਪਰਮਿੰਦਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਪਹਿਲਾਂ ਸਤਬੀਰ ਸਿੰਘ ਦਾ ਪਿੰਡ ਵਿੱਚ ਕੋਈ ਲੜਾਈ-ਝਗੜਾ ਨਹੀਂ ਸੁਣਿਆ ਨਾ ਹੀ ਉਸ ਖ਼ਿਲਾਫ਼ ਕੋਈ ਕੇਸ ਦਰਜ ਹੋਇਆ ਹੈ।

ਸਰਪੰਚ ਨੇ ਇਲਜ਼ਾਮ ਲਾਇਆ ਕਿ ਪੁਲਿਸ ਸਤਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਾਰ-ਵਾਰ ਥਾਣੇ ਬੁਲਾ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ, ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।

ਮ੍ਰਿਤਕ ਦੇ ਮਾਪਿਆਂ ਤੇ ਪੁਲਿਸ ਨੇ ਕੀ ਕਿਹਾ ਸੀ

ਗੁਰਦਿਆਲ ਸਿੰਘ, ਮ੍ਰਿਤਕ ਪ੍ਰਦੀਪ ਸਿੰਘ ਦਾ ਤਾਇਆ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਗੁਰਦਿਆਲ ਸਿੰਘ, ਮ੍ਰਿਤਕ ਪ੍ਰਦੀਪ ਸਿੰਘ ਦਾ ਤਾਇਆ

ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦੇ ਤਾਏ ਗੁਰਦਿਆਲ ਸਿੰਘ ਅਤੇ ਭੂਆ ਦੇ ਪੁੱਤ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ 5 ਮਾਰਚ ਨੂੰ ਘਰੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਿਆ ਸੀ।

ਉਨ੍ਹਾਂ ਕਿਹਾ, ''ਜਦੋਂ ਪ੍ਰਦੀਪ ਨੇ ਸੋਮਵਾਰ ਰਾਤ ਕੁਝ ਕਥਿਤ ਹੁੱਲੜਬਾਜ਼ਾਂ ਨੂੰ ਗੱਡੀ ਵਿੱਚ ਉੱਚੀ-ਉੱਚੀ ਅਸ਼ਲੀਲ ਗਾਣੇ ਚਲਾਉਂਦੇ ਹੋਏ ਦੇਖਿਆ ਤਾਂ ਸਮਝਾਉਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੁਲੜਬਾਜ਼ਾਂ ਨੇ ਪ੍ਰਦੀਪ ਸਿੰਘ ਉਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ਉਪਰ ਹੀ ਉਸ ਦੀ ਮੌਤ ਹੋ ਗਈ।''

ਗੁਰਦਿਆਲ ਸਿੰਘ ਨੇ ਕਿਹਾ, “ਉਸ ਨੇ ਸ਼ਰਾਰਤੀ ਅਨਸਰਾਂ ਨੂੰ ਕਿਹਾ ਸੀ ਕਿ ਤੁਸੀਂ ਗੁਰੂ ਘਰ ਆਏ ਹੋ ਅਤੇ ਕਿਹੋ ਜਿਹੇ ਗਾਣੇ ਲਗਾ ਰਹੇ ਹੋ। ਪਰ ਉਨ੍ਹਾਂ ਨੇ ਮੇਰੇ ਭਤੀਜੇ ਨੂੰ ਕੋਹ-ਕੋਹ ਕੇ ਮਾਰਿਆ, ਉਸ 'ਤੇ ਕਿਰਪਾਨ ਨਾਲ ਹਮਲਾ ਕੀਤਾ। ਉਹ ਕਰੀਬ 15-20 ਲੋਕ ਸਨ।”

ਗੁਰਜੀਤ ਸਿੰਘ ਨੇ ਕਿਹਾ, “ਉਹ ਇੱਟਾਂ-ਰੋੜੇ ਅਤੇ ਲੱਤਾਂ ਮਾਰਦੇ ਰਹੇ। ਪਤਾ ਲੱਗਾ ਹੈ ਕਿ ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਰੇਡ ਮਾਰ ਰਹੀ ਹੈ ਪਰ ਉਹ ਲੱਭੇ ਨਹੀਂ। ਉਹ ਆਸ ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਹੀ ਸਨ।”

ਐੱਸਐੱਸਪੀ ਰੋਪੜ ਵਿਵੇਕਸ਼ੀਲ ਸ਼ੋਨੀ ਦਾ ਕਹਿਣਾ ਹੈ ਕਿ ਮ੍ਰਿਤਕ ਅਤੇ ਮੁਲਜ਼ਮਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਜਾਪਦੀ ਅਤੇ ਇਹ ਮੌਕੇ 'ਤੇ ਹੋਈ ਵਾਰਦਾਤ ਲੱਗਦੀ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਮੁਲਜ਼ਮ ਨੂੰ ਸੱਟ ਵੱਜੀ ਅਤੇ ਜਿਸ ਕਾਰਨ ਉਹ ਵੀ ਜ਼ੇਰੇ ਇਲਾਜ ਹੈ। ਬਾਕੀ ਅਸੀਂ ਜਾਂਚ ਕਰ ਰਹੇ ਹਾਂ। ਇਹ ਘਟਨਾ ਰਾਤ ਸਾਢੇ 10 ਕੁ ਵਜੇ ਵਾਪਰੀ ਸੀ।''

ਉਨ੍ਹਾਂ ਨੇ ਦੱਸਿਆ, "ਹੁਣ ਤੱਕ ਤਫਤੀਸ਼ ਵਿੱਚ ਮੁਲਜ਼ਮ ਦੀ ਪਛਾਣ ਹੋ ਗਈ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਹੋਰ ਕੌਣ-ਕੌਣ ਇਸ ਲੜਾਈ ਵਿੱਚ ਸ਼ਮਿਲ ਸਨ।"

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)