ਹੋਲਾ ਮਹੱਲਾ: ਕੈਨੇਡਾ ਤੋਂ ਪੰਜਾਬ ਪਰਤੇ ਨੌਜਵਾਨ ਦਾ ਕਤਲ, ਪੁਲਿਸ ਨੇ ਕੀ ਕਿਹਾ

ਪ੍ਰਦੀਪ ਸਿੰਘ

ਤਸਵੀਰ ਸਰੋਤ, Gurpreet Chawla

ਤਸਵੀਰ ਕੈਪਸ਼ਨ, ਪ੍ਰਦੀਪ ਸਿੰਘ ਕੈਨੇਡਾ ਦਾ ਪੀਆਰ ਸੀ
    • ਲੇਖਕ, ਬਿਮਲ ਸੈਣੀ ਅਤੇ ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਮੌਕੇ ਹੋਈ ਨੌਜਵਾਨਾਂ ਦੀ ਲੜਾਈ ਦੌਰਾਨ ਇੱਕ ਕੈਨੇਡਾ ਦੇ ਪੀਆਰ ਨੌਜਵਾਨ ਦੀ ਮੌਤ ਹੋਈ ਹੈ।

ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਦੀਪ ਸਿੰਘ ਵਾਸੀ ਪਿੰਡ ਗਾਜੀਕੋਟ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਇਹ ਨੌਜਵਾਨ ਕੈਨੇਡਾ ਦਾ ਪੀਆਰ ਹੈ ਅਤੇ ਪੀਆਰ ਮਿਲਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਇਆ ਸੀ।

ਪੁਲਿਸ ਮੁਤਾਬਕ ਕਤਲ ਹੋਇਆ ਨੌਜਵਾਨ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ ਪਰ ਉਸਦਾ ਕਿਸੇ ਨਿਹੰਗ ਸਿੰਘ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਸੀ।

ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਮੁਲਜ਼ਮ ਵਿਅਕਤੀ ਵੀ ਪੀਜੀਆਈ ਵਿੱਚ ਇਲਾਜ਼ ਅਧੀਨ ਹੈ।

ਪ੍ਰਦੀਪ ਸਿੰਘ

ਤਸਵੀਰ ਸਰੋਤ, Gurpreet Chawla

ਤਸਵੀਰ ਕੈਪਸ਼ਨ, ਮ੍ਰਿਤਕ ਦੀ ਮਾਤਾ ਬਲਵਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪ੍ਰਦੀਪ ਸਿੰਘ ਦੇ ਘਰ ਮਾਤਮ ਦਾ ਮਾਹੌਲ

ਮ੍ਰਿਤਕ ਨੌਜਵਾਨ ਪ੍ਰਦੀਪ ਸਿੰਘ (24) ਦਾ ਪੋਸਟਮਾਰਟਮ ਮੰਗਲਵਾਰ ਨੂੰ ਸਿਵਲ ਹਸਪਤਾਲ ਰੋਪੜ ਵਿੱਚ ਕਰਵਾਇਆ ਗਿਆ।

ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਪ੍ਰਦੀਪ ਸਿੰਘ ਪਿਛਲੇ ਲੰਬੇ ਸਮੇ ਤੋਂ ਕੈਨਡਾ ਵਿੱਚ ਰਹਿੰਦਾ ਸੀ ਅਤੇ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਪੀਆਰ ਮਿਲਣ ਤੋਂ ਬਾਅਦ ਆਪਣੇ ਪਰਿਵਾਰ ਕੋਲ ਪੰਜਾਬ ਆਇਆ ਸੀ।

ਉਹ ਆਪਣੇ ਕਿਸੇ ਦੋਸਤ ਨਾਲ ਹੋਲੇ ਮਹੱਲੇ ’ਤੇ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਲਈ ਘਰੋਂ ਗਿਆ ਸੀ।

ਪ੍ਰਦੀਪ ਸਿੰਘ

ਤਸਵੀਰ ਸਰੋਤ, Gurpreet Chawla

ਤਸਵੀਰ ਕੈਪਸ਼ਨ, ਪ੍ਰਦੀਪ ਸਿੰਘ

ਪ੍ਰਦੀਪ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਗਾਜ਼ੀਕੋਟ ਗੁਰਦਾਸਪੁਰ ਵਿੱਚ ਮਾਤਮ ਦਾ ਮਾਹੌਲ ਹੈ।

ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦੇ ਤਾਏ ਗੁਰਦਿਆਲ ਸਿੰਘ ਅਤੇ ਚਚੇਰੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ 5 ਮਾਰਚ ਨੂੰ ਘਰੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਿਆ ਸੀ।

ਵੀਡੀਓ ਕੈਪਸ਼ਨ, ਹੋਲਾ ਮਹੱਲਾ: ਕੈਨੇਡਾ ਤੋਂ ਪੰਜਾਬ ਪਰਤੇ ਨੌਜਵਾਨ ਦਾ ਕਤਲ, ਪੁਲਿਸ ਨੇ ਕੀ ਕਿਹਾ

ਉਹਨਾਂ ਕਿਹਾ ਕਿ ਜਦੋਂ ਪ੍ਰਦੀਪ ਨੇ ਸੋਮਵਾਰ ਰਾਤ ਕੁਝ ਕਥਿਤ ਹੁੱਲੜਬਾਜ਼ਾਂ ਨੂੰ ਗੱਡੀ ਵਿੱਚ ਉੱਚੀ-ਉੱਚੀ ਅਸ਼ਲੀਲ ਗਾਣੇ ਚਲਾਉਂਦੇ ਹੋਏ ਦੇਖਿਆ ਤਾਂ ਸਮਝਾਉਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੁਲੜਬਾਜ਼ਾਂ ਨੇ ਪ੍ਰਦੀਪ ਸਿੰਘ ਉਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ਉਪਰ ਹੀ ਉਸ ਦੀ ਮੌਤ ਹੋ ਗਈ।

ਗੁਰਦਿਆਲ ਸਿੰਘ ਨੇ ਕਿਹਾ, “ਉਸ ਨੇ ਸ਼ਰਾਰਤੀ ਅਨਸਰਾਂ ਨੂੰ ਕਿਹਾ ਸੀ ਕਿ ਤੁਸੀਂ ਗੁਰੂ ਘਰ ਆਏ ਹੋ ਅਤੇ ਕਿਹੋ ਜਿਹੇ ਗਾਣੇ ਲਗਾ ਰਹੇ ਹੋ। ਪਰ ਉਹਨਾਂ ਨੇ ਮੇਰੇ ਭਤੀਜੇ ਨੂੰ ਕੋਹ-ਕੋਹ ਕੇ ਮਾਰਿਆ, ਉਸ ਦੇ ਕਿਰਪਾਨ ਨਾਲ ਹਮਲਾ ਕੀਤੀ। ਉਹ ਕਰੀਬ 15-20 ਲੋਕ ਸਨ।”

ਗੁਰਦਿਆਲ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਗੁਰਦਿਆਲ ਸਿੰਘ ਮ੍ਰਿਤਕ ਪ੍ਰਦੀਪ ਸਿੰਘ ਦਾ ਤਾਇਆ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਬਲਵਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇਕ ਭੈਣ ਵਿਦੇਸ਼ ਵਿੱਚ ਰਹਿੰਦੀ ਹੈ।

ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਹੁੱਲੜਬਾਜ਼ਾਂ ਦੇ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਜਦੋਂ ਤਕ ਸਾਰੇ ਮੁਲਜ਼ਮ ਫੜੇ ਨਹੀਂ ਜਾਂਦੇ ਉਦੋਂ ਤੱਕ ਪ੍ਰਦੀਪ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

ਗੁਰਜੀਤ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਗੁਰਜੀਤ ਸਿੰਘ ਮ੍ਰਿਤਕ ਪ੍ਰਦੀਪ ਸਿੰਘ ਦੇ ਚਾਚੇ ਦਾ ਪੁੱਤਰ

ਗੁਰਜੀਤ ਸਿੰਘ ਨੇ ਦੱਸਿਆ, “ਕਈ ਮੁੰਡੇ ਜੀਪ ਵਿੱਚ ਸਨ ਅਤੇ ਗਾਣੇ ਲਗਾ ਕੇ ਘੁੰਮ ਰਹੇ ਸਨ। ਜਦੋਂ ਉਸ ਨੇ ਉਹਨਾਂ ਨੂੰ ਟੋਕਿਆ ਤਾਂ ਹੱਥੋਪਾਈ ਹੋ ਗਈ। ਫਿਰ ਉਹਨਾਂ ਨੇ ਉਸ ਨੂੰ ਹੇਠਾ ਸੁੱਟ ਕੇ ਕੁੱਟ ਮਾਰ ਕੀਤੀ। ਉਸ ਦੇ ਸਰੀਰ ਦੇ ਪਿਛਲੇ ਪਾਸੇ ਕਿਰਪਾਨ ਵਰਗਾ ਕੁਝ ਵੱਜਿਆ ਹੋਇਆ ਸੀ। ਇਸੇ ਕਾਰਨ ਮੇਰੇ ਭਰਾ ਦੀ ਮੌਤ ਹੋ ਗਈ।”

ਗੁਰਜੀਤ ਸਿੰਘ ਨੇ ਕਿਹਾ, “ਉਹ ਇੱਟਾਂ-ਰੋੜੇ ਅਤੇ ਲੱਤਾਂ ਮਾਰਦੇ ਰਹੇ। ਪਤਾ ਲੱਗਾ ਹੈ ਕਿ ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਰੇਡ ਮਾਰ ਰਹੀ ਹੈ ਪਰ ਉਹ ਲੱਭੇ ਨਹੀਂ। ਉਹ ਆਸ ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਹੀ ਸਨ।”

ਪ੍ਰਦੀਪ ਸਿੰਘ

ਘਟਨਾ ਦੇ ਖਾਸ ਪਹਿਲੂ :

  • ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਮੌਕੇ ਨੌਜਵਾਨਾਂ ਦੀ ਹੋਈ ਲੜਾਈ
  • ਕੈਨੇਡਾ ਦੇ ਪੀਆਰ ਇੱਕ ਨੌਜਵਾਨ ਪ੍ਰਦੀਪ ਸਿੰਘ ਦੀ ਮੌਤ
  • ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
  • ਪੁਲਿਸ ਮੁਤਾਬਕ ਮ੍ਰਿਤਕ ਅਤੇ ਮੁਲਜ਼ਮਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਜਾਪਦੀ
ਪ੍ਰਦੀਪ ਸਿੰਘ

ਪੁਲਿਸ ਦਾ ਕੀ ਕਹਿਣਾ ਹੈ?

ਪੰਜਾਬ ਪੁਲਿਸ

ਤਸਵੀਰ ਸਰੋਤ, Bimal Saini

ਤਸਵੀਰ ਕੈਪਸ਼ਨ, ਐੱਸਐੱਸਪੀ ਰੋਪੜ ਵਿਵੇਕਸ਼ੀਲ ਸ਼ੋਨੀ ਦਾ ਕਹਿਣਾ ਹੈ ਕਿ ਮ੍ਰਿਤਕ ਅਤੇ ਮੁਲਜ਼ਮਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਜਾਪਦੀ ।

ਐੱਸਐੱਸਪੀ ਰੋਪੜ ਵਿਵੇਕਸ਼ੀਲ ਸ਼ੋਨੀ ਦਾ ਕਹਿਣਾ ਹੈ ਕਿ ਮ੍ਰਿਤਕ ਅਤੇ ਮੁਲਜ਼ਮਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਜਾਪਦੀ ਅਤੇ ਇਹ ਮੌਕੇ 'ਤੇ ਹੋਈ ਵਾਰਦਾਤ ਲੱਗਦੀ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਮੁਲਜ਼ਮ ਨੂੰ ਸੱਟ ਵੱਜੀ ਅਤੇ ਜਿਸ ਕਾਰਨ ਉਹ ਵੀ ਜ਼ੇਰੇ ਇਲਾਜ ਹੈ। ਬਾਕੀ ਅਸੀਂ ਜਾਂਚ ਕਰ ਰਹੇ ਹਾਂ।"

ਐੱਸਐੱਸਪੀ ਮੁਤਾਬਕ, "ਇਹ ਘਟਨਾ ਰਾਤ ਸਾਢੇ 10 ਕੁ ਵਜੇ ਵਾਪਰੀ ਸੀ। ਜਦੋਂ ਐੱਸਐੱਚਓ ਅਨੰਦਪੁਰ ਸਾਹਿਬ ਨੂੰ ਪਤਾ ਲੱਗਾ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਫੱਟੜ ਪ੍ਰਦੀਪ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।"

ਉਨ੍ਹਾਂ ਨੇ ਦੱਸਿਆ, "ਹੁਣ ਤੱਕ ਤਫਤੀਸ਼ ਵਿੱਚ ਮੁਲਜ਼ਮ ਦੀ ਪਛਾਣ ਹੋ ਗਈ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਹੋਰ ਕੌਣ-ਕੌਣ ਇਸ ਲੜਾਈ ਵਿੱਚ ਸ਼ਮਿਲ ਸਨ।"

ਐੱਸਐੱਚਓ ਅਜੇ ਸਿੰਘ ਨੇ ਦੱਸਿਆ, "ਇਹ ਕੈਨੇਡਾ ਤੋਂ ਆਇਆ ਸੀ ਅਤੇ ਇਨ੍ਹਾਂ ਨਾਲ ਇੱਕ ਹੋਰ ਦੋਸਤ ਵੀ ਸੀ। ਇਨ੍ਹਾਂ ਦੀ ਰਾਤੀਂ ਲੜਾਈ ਹੋ ਗਈ ਸੀ, ਜਿਸ ਦੌਰਾਨ ਇਨ੍ਹਾਂ ਦੇ ਸੱਟ ਮਾਰੀ ਗਈ ਅਤੇ ਇਸੇ ਕਾਰਨ ਇਨ੍ਹਾਂ ਦੀ ਮੌਤ ਹੋ ਗਈ।"

ਉਹਨਾਂ ਕਿਹਾ, "ਇਸ ਵਿੱਚ ਹਾਲੇ ਕੋਈ ਗ੍ਰਿਫ਼ਤਾਰ ਨਹੀਂ ਹੋਇਆ ਹੈ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।"

ਐੱਸਐੱਚਓ ਮੁਤਾਬਕ ਪ੍ਰਦੀਪ ਸਿੰਘ ਨਿਹੰਗ ਨਹੀਂ ਸੀ, ਉਨ੍ਹਾਂ ਨੇ ਸਿਰਫ਼ ਨਿਹੰਗਾਂ ਦਾ ਬਾਣਾ ਪਾਇਆ ਹੋਇਆ ਸੀ, ਜੋ ਆਮ ਤੌਰ 'ਤੇ ਨੌਜਵਾਨ ਹੌਲੇ-ਮਹੱਲੇ ਮੌਕੇ ਪਾ ਲੈਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)