ਫੌਜੀ ਪਿਤਾ ਛੁੱਟੀ ਆਏ ਸਨ, ਪਰ ਹੋਲੇ ਮਹੱਲੇ ਗਏ ਪੁੱਤਰ ਨੂੰ ਹੁਣ ਕਦੇ ਨਹੀਂ ਦੇਖ ਸਕਣਗੇ

ਤਸਵੀਰ ਸਰੋਤ, princesran_13
ਅਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਮੌਕੇ ਕੁਝ ਲੋਕਾਂ ਵੱਲੋਂ ਹੋਏ ਕਥਿਤ ਝਗੜੇ ਤੋਂ ਬਾਅਦ ਜ਼ਖਮੀ ਪ੍ਰਦੀਪ ਸਿੰਘ ਦੀ ਮੌਤ ਤੋਂ ਬਾਅਦ ਮਾਮਲਾ ਭਖਿਆ ਹੋਇਆ ਹੈ।
ਉਨ੍ਹਾਂ ਦੀ ਲਾਸ਼ ਰੋਪੜ ਹਸਪਤਾਲ ਵਿੱਚ ਰੱਖੀ ਗਈ ਹੈ, ਸਸਕਾਰ ਲਈ ਪ੍ਰਸ਼ਾਸਨ ਅਤੇ ਪਰਿਵਾਰ ਵਿਚਾਲੇ ਗੱਲਬਾਤ ਜਾਰੀ ਹੈ।
ਪ੍ਰਦੀਪ ਸਿੰਘ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਏ ਸਨ। ਇਸ ਘਟਨਾ ਚਰਚਾ ਲਗਾਤਾਰ ਹੋ ਰਹੀ ਹੈ।

ਤਸਵੀਰ ਸਰੋਤ, princesran_13
ਪ੍ਰਦਾਪ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਹਿਣ ਵਾਲੇ ਸਨ।
ਪ੍ਰਦੀਪ ਕੈਨੇਡਾ ਵਿੱਚ ਪੀਆਰ ਸਨ ਅਤੇ ਪੀਆਰ ਹੋਣ ਤੋਂ ਬਾਅਦ ਪਹਿਲੀ ਵਾਰ ਹੁਣ ਪੰਜਾਬ ਆਪਣੇ ਪਰਿਵਾਰ ਨੂੰ ਮਿਲਣ ਆਏ ਸਨ।
ਪ੍ਰਦੀਪ ਦੇ ਪਿਤਾ ਭਾਰਤੀ ਫੌਜ ਵਿੱਚ ਹਨ ਛੇਤੀ ਹੀ ਸੇਵਾਮੁਕਤ ਹੋਣ ਵਾਲੇ ਹਨ।
ਪ੍ਰਦੀਪ ਸਿੰਘ ਬਾਰੇ ਹੋ ਜਾਣਨ ਲਈ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਉਨ੍ਹਾਂ ਦੇ ਭੂਆ ਦੇ ਪੁੱਤਰ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ
7 ਸਾਲ ਪਹਿਲਾਂ ਗਏ ਸਨ ਕੈਨੇਡਾ

ਤਸਵੀਰ ਸਰੋਤ, princesran_13/Instagram
ਗੁਰਜੀਤ ਸਿੰਘ ਨੇ ਦੱਸਿਆ ਕਿ ਪ੍ਰਦੀਪ ਸਿੰਘ ਕਰੀਬ 7 ਸਾਲ ਪਹਿਲਾ ਸਟੱਡੀ ਵੀਜ਼ਾ ਉੱਤੇ ਕੈਨੇਡਾ ਗਏ ਸਨ।
ਪ੍ਰਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਨ੍ਹਾਂ ਦੀ ਇੱਕ ਛੋਟੀ ਭੈਣ ਵੀ ਹੈ ਅਤੇ ਉਹ ਵੀ ਕੈਨੇਡਾ ਵਿੱਚ ਹੀ ਰਹਿੰਦੀ ਹੈ।
ਗੁਰਜੀਤ ਮੁਤਾਬਕ, ''ਅਗਸਤ 2022 'ਚ ਪ੍ਰਦੀਪ ਸਿੰਘ ਨੂੰ ਕੈਨੇਡਾ ਦੀ ਪੀਆਰ ਮਿਲੀ ਸੀ ਅਤੇ ਉਸ ਤੋਂ ਬਾਅਦ ਉਹ 29 ਸਤੰਬਰ 2022 ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ ਪੰਜਾਬ ਵਾਪਿਸ ਆਏ ਸਨ।''
ਗੁਰਜੀਤ ਸਿੰਘ ਮੁਤਾਬਕ, ਉਹ ਹੁਣ ਸਤੰਬਰ 2022 ਤੋਂ ਇਥੇ ਹੀ ਸੀ ਅਤੇ ਜਦਕਿ 17 ਮਾਰਚ ਨੂੰ ਉਸ ਨੇ ਵਾਪਸ ਕੈਨੇਡਾ ਜਾਣਾ ਸੀ।

ਤਸਵੀਰ ਸਰੋਤ, princesran_13/Instagram
4 ਸਾਲ ਪਹਿਲਾਂ ਬਣੇ ਸਨ ਨਿਹੰਗ ਸਿੰਘ
ਪ੍ਰਦੀਪ ਸਿੰਘ ਦੇ ਪਰਿਵਾਰ ਦੇ ਮੁਤਾਬਿਕ ਕਰੀਬ 4 ਸਾਲ ਪਹਿਲਾ ਜਦੋਂ ਉਹ ਕੈਨੇਡਾ ਤੋਂ ਪੰਜਾਬ ਆਏ ਸਨ ਤਾਂ ਉਹ ਹਜ਼ੂਰ ਸਾਹਿਬ ਨਤਮਸਤਕ ਹੋਣ ਗਏ ਸਨ।
ਉਦੋਂ ਉੱਥੇ ਅੰਮ੍ਰਿਤ ਛੱਕ ਕੇ ਉਹ ਸਿੰਘ ਸਜ ਗਏ ਸਨ ਅਤੇ ਬਾਬਾ ਬੁੱਢਾ ਦਲ ਨਾਲ ਜੁੜ ਗਏ ਸਨ।
ਪਰਿਵਾਰ ਮੁਤਾਬਕ, ਪ੍ਰਦੀਪ ਸਿੰਘ ਜ਼ਿਆਦਾਤਰ ਨਿਹੰਗ ਬਾਣੇ 'ਚ ਹੀ ਰਹਿੰਦੇ ਸਨ। ਨਾਲ ਹੀ ਉਹ ਕੈਨੇਡਾ ਵਿੱਚ ਵੀ ਹਰ ਧਾਰਮਿਕ ਸਮਾਗਮ 'ਚ ਪਿਛਲੇ ਕੁਝ ਸਾਲਾਂ ਤੋਂ ਪੂਰੀ ਸ਼ਰਧਾ ਨਾਲ ਸੇਵਾ ਨਿਭਾ ਰਹੇ ਸਨ।

ਤਸਵੀਰ ਸਰੋਤ, princesran_13/Instagram

ਘਟਨਾ ਦੇ ਅਹਿਮ ਪਹਿਲੂ :
- ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਮੌਕੇ ਨੌਜਵਾਨਾਂ ਦੀ ਹੋਈ ਲੜਾਈ
- ਇਸ ਦੌਰਾਨ ਕੈਨੇਡਾ ਤੋਂ ਆਏ ਇੱਕ ਨੌਜਵਾਨ ਪ੍ਰਦੀਪ ਸਿੰਘ ਦੀ ਮੌਤ
- ਮ੍ਰਿਤਕ ਪ੍ਰਦੀਪ ਕੈਨੇਡਾ ਵਿੱਚ ਪੀਆਰ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਆਇਆ ਸੀ
- ਪ੍ਰਦੀਪ 5 ਮਾਰਚ ਨੂੰ ਘਰੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਿਆ ਸੀ
- ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ
- ਪੁਲਿਸ ਮੁਤਾਬਕ ਮ੍ਰਿਤਕ ਅਤੇ ਮੁਲਜ਼ਮਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਜਾਪਦੀ

ਤਸਵੀਰ ਸਰੋਤ, Getty Images
ਛੁੱਟੀ ਮਨਾਉਣ ਆਏ ਸਨ ਪਿਤਾ...
ਪ੍ਰਦੀਪ ਦੇ ਪਿਤਾ ਗੁਰਬਕਸ਼ ਸਿੰਘ ਭਾਰਤੀ ਫੌਜ ਵਿੱਚ ਹਨ ਅਤੇ ਕੁਝ ਦਿਨ ਪਹਿਲਾਂ ਹੀ ਘਰ ਛੁਟੀ 'ਤੇ ਆਏ ਸਨ।
ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਸ ਦੌਰਾਨ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਸਦਾ ਲਈ ਅਲਵਿਦਾ ਕਹਿ ਜਾਵੇਗਾ।
ਪ੍ਰਦੀਪ ਦਾ ਸਾਰਾ ਪਰਿਵਾਰ ਕੁਝ ਹੀ ਦਿਨ ਪਹਿਲਾਂ ਹੀ ਪਟਨਾ ਸਾਹਿਬ ਵੀ ਧਾਰਮਿਕ ਯਾਤਰਾ 'ਤੇ ਗਿਆ ਸੀ।
ਗੁਰਜੀਤ ਨੇ ਦੱਸਿਆ ਕਿ ਹੋਲਾ ਮਹੱਲਾ ਲਈ ਪ੍ਰਦੀਪ ਘਰ ਤੋਂ ਇਕੱਲਿਆਂ ਹੀ ਸ਼੍ਰੀ ਆਨੰਦਪੁਰ ਸਾਹਿਬ ਗਿਆ ਸੀ।
ਉਸ ਦਿਨ ਕੀ ਵਾਪਰਿਆ ਸੀ

ਤਸਵੀਰ ਸਰੋਤ, ANI
ਪ੍ਰਦੀਪ ਸਿੰਘ ਹੋਲਾ ਮਹੱਲਾ ਦੇ ਜਸ਼ਨਾਂ 'ਚ ਸ਼ਾਮਲ ਹੋਣ ਲਈ ਆਪਣੇ ਕਿਸੇ ਦੋਸਤ ਨਾਲ ਅਨੰਦਪੁਰ ਸਾਹਿਬ ਪਹੁੰਚੇ ਹੋਏ ਸਨ।
ਉਸੇ ਦੌਰਾਨ ਉੱਥੇ ਕੁਝ ਨੌਜਵਾਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਸੀ, ਜਿਸ ਦੌਰਾਨ ਪ੍ਰਦੀਪ ਦੀ ਮੌਤ ਹੋ ਗਈ।
ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦੇ ਤਾਏ ਗੁਰਦਿਆਲ ਸਿੰਘ ਅਤੇ ਭੂਆ ਦੇ ਪੁੱਤ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ 5 ਮਾਰਚ ਨੂੰ ਘਰੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਿਆ ਸੀ।
ਉਨ੍ਹਾਂ ਕਿਹਾ, ''ਜਦੋਂ ਪ੍ਰਦੀਪ ਨੇ ਸੋਮਵਾਰ ਰਾਤ ਕੁਝ ਕਥਿਤ ਹੁੱਲੜਬਾਜ਼ਾਂ ਨੂੰ ਗੱਡੀ ਵਿੱਚ ਉੱਚੀ-ਉੱਚੀ ਅਸ਼ਲੀਲ ਗਾਣੇ ਚਲਾਉਂਦੇ ਹੋਏ ਦੇਖਿਆ ਤਾਂ ਸਮਝਾਉਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੁਲੜਬਾਜ਼ਾਂ ਨੇ ਪ੍ਰਦੀਪ ਸਿੰਘ ਉਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ਉਪਰ ਹੀ ਉਸ ਦੀ ਮੌਤ ਹੋ ਗਈ।''
ਗੁਰਦਿਆਲ ਸਿੰਘ ਨੇ ਕਿਹਾ, “ਉਸ ਨੇ ਸ਼ਰਾਰਤੀ ਅਨਸਰਾਂ ਨੂੰ ਕਿਹਾ ਸੀ ਕਿ ਤੁਸੀਂ ਗੁਰੂ ਘਰ ਆਏ ਹੋ ਅਤੇ ਕਿਹੋ ਜਿਹੇ ਗਾਣੇ ਲਗਾ ਰਹੇ ਹੋ। ਪਰ ਉਨ੍ਹਾਂ ਨੇ ਮੇਰੇ ਭਤੀਜੇ ਨੂੰ ਕੋਹ-ਕੋਹ ਕੇ ਮਾਰਿਆ, ਉਸ 'ਤੇ ਕਿਰਪਾਨ ਨਾਲ ਹਮਲਾ ਕੀਤਾ। ਉਹ ਕਰੀਬ 15-20 ਲੋਕ ਸਨ।”
ਗੁਰਜੀਤ ਸਿੰਘ ਨੇ ਕਿਹਾ, “ਉਹ ਇੱਟਾਂ-ਰੋੜੇ ਅਤੇ ਲੱਤਾਂ ਮਾਰਦੇ ਰਹੇ। ਪਤਾ ਲੱਗਾ ਹੈ ਕਿ ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਰੇਡ ਮਾਰ ਰਹੀ ਹੈ ਪਰ ਉਹ ਲੱਭੇ ਨਹੀਂ। ਉਹ ਆਸ ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਹੀ ਸਨ।”

ਤਸਵੀਰ ਸਰੋਤ, GURPREET CHAWLA/BBC
ਪੁਲਿਸ ਦਾ ਕੀ ਕਹਿਣਾ ਹੈ?
ਐੱਸਐੱਸਪੀ ਰੋਪੜ ਵਿਵੇਕਸ਼ੀਲ ਸ਼ੋਨੀ ਦਾ ਕਹਿਣਾ ਹੈ ਕਿ ਮ੍ਰਿਤਕ ਅਤੇ ਮੁਲਜ਼ਮਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਜਾਪਦੀ ਅਤੇ ਇਹ ਮੌਕੇ 'ਤੇ ਹੋਈ ਵਾਰਦਾਤ ਲੱਗਦੀ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਮੁਲਜ਼ਮ ਨੂੰ ਸੱਟ ਵੱਜੀ ਅਤੇ ਜਿਸ ਕਾਰਨ ਉਹ ਵੀ ਜ਼ੇਰੇ ਇਲਾਜ ਹੈ। ਬਾਕੀ ਅਸੀਂ ਜਾਂਚ ਕਰ ਰਹੇ ਹਾਂ। ਇਹ ਘਟਨਾ ਰਾਤ ਸਾਢੇ 10 ਕੁ ਵਜੇ ਵਾਪਰੀ ਸੀ।''
ਉਨ੍ਹਾਂ ਨੇ ਦੱਸਿਆ, "ਹੁਣ ਤੱਕ ਤਫਤੀਸ਼ ਵਿੱਚ ਮੁਲਜ਼ਮ ਦੀ ਪਛਾਣ ਹੋ ਗਈ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਹੋਰ ਕੌਣ-ਕੌਣ ਇਸ ਲੜਾਈ ਵਿੱਚ ਸ਼ਮਿਲ ਸਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)












